ਨੌਜਵਾਨਾਂ ਵਿੱਚ ਹਾਰਟ ਅਟੈਕ ਹੋਣ ਦੇ ਇਹ ਹਨ 3 ਸਭ ਤੋਂ ਵੱਡੇ ਕਾਰਨ, ਬਚਾਅ ਲਈ ਲਿਆਓ ਇਹ ਬਦਲਾਅ

ਤਸਵੀਰ ਸਰੋਤ, Getty Images
- ਲੇਖਕ, ਪ੍ਰਿਅੰਕਾ ਧੀਮਾਨ
- ਰੋਲ, ਬੀਬੀਸੀ ਪੱਤਰਕਾਰ
- ਪ੍ਰਕਾਸ਼ਿਤ
- ਪੜ੍ਹਨ ਦਾ ਸਮਾਂ: 9 ਮਿੰਟ
ਪਹਿਲਾਂ ਜਦੋਂ ਹਾਰਟ ਅਟੈਕ ਬਾਰੇ ਸੁਣਦੇ ਸੀ ਤਾਂ ਦਿਮਾਗ ਵਿੱਚ ਕਿਸੇ ਉਮਰਦਰਾਜ਼ ਸ਼ਖ਼ਸ ਦੀ ਤਸਵੀਰ ਹੁੰਦੀ ਸੀ ਪਰ ਅੱਜ-ਕੱਲ੍ਹ ਨੌਜਵਾਨ ਵੀ ਹਾਰਟ ਅਟੈਕ ਦਾ ਸ਼ਿਕਾਰ ਹੋ ਰਹੇ ਹਨ। ਕਈ ਵਾਰ ਕੋਈ ਸ਼ਖ਼ਸ ਬਾਹਰੋਂ ਬਹੁਤ ਫਿਟ ਅਤੇ ਤੰਦਰੁਸਤ ਦਿਖਦਾ ਹੈ ਪਰ ਉਹ ਵੀ ਦਿਲ ਦੀਆਂ ਬਿਮਾਰੀਆਂ ਨਾਲ ਜੂਝ ਰਿਹਾ ਹੁੰਦਾ ਹੈ।
ਬੀਬੀਸੀ ਪੰਜਾਬੀ ਦੇ ਹੈਲਥ ਪੌਡਕਾਸਟ ਸਿਹਤ ਸੀਕ੍ਰੇਟਸ ਵਿੱਚ ਅਸੀਂ ਸਮਝਾਂਗੇ ਕਿ ਨੌਜਵਾਨਾਂ ਵਿੱਚ ਹਾਰਟ ਅਟੈਕ ਦੇ ਮਾਮਲੇ ਵਧਣ ਦੇ ਕਾਰਨ ਕੀ ਹਨ ਅਤੇ ਆਪਣੇ ਦਿਲ ਨੂੰ ਤੰਦਰੁਸਤ ਰੱਖਣ ਲਈ ਸਾਨੂੰ ਕੀ ਕੁਝ ਕਰਨਾ ਚਾਹੀਦਾ ਹੈ ?
ਇਸ ਬਾਰੇ ਅਹਿਮ ਸਵਾਲਾਂ ਦੇ ਜਵਾਬ ਜਾਣਨ ਲਈ ਅਸੀਂ ਕਾਰਡੀਓਲੋਜਿਸਟ ਡਾ. ਕੇਵਲ ਕਿਸ਼ਨ ਤਲਵਾਰ ਨਾਲ ਗੱਲਬਾਤ ਕੀਤੀ, ਜੋ ਮੌਜੂਦਾ ਸਮੇਂ ਵਿੱਚ ਦਿੱਲੀ ਦੇ ਪੀਐੱਸਆਰਆਈ (PSRI) ਹਸਪਤਾਲ ਵਿੱਚ ਹਾਰਟ ਇੰਸਟੀਚਿਊਟ ਦੇ ਚੇਅਰਮੈਨ ਹਨ।
ਉਹ ਏਮਜ਼ ਵਿੱਚ ਕਾਰਡੀਓਲੋਜੀ ਵਿਭਾਗ ਦੇ ਮੁਖੀ ਵੀ ਰਹਿ ਚੁੱਕੇ ਹਨ ਅਤੇ ਪੀਜੀਆਈ ਚੰਡੀਗੜ੍ਹ ਵਿੱਚ ਵੀ ਡਾਇਰੈਕਟਰ ਦੇ ਤੌਰ 'ਤੇ ਸੇਵਾਵਾਂ ਨਿਭਾ ਚੁੱਕੇ ਹਨ।
ਡਾ. ਕੇਕੇ ਤਲਵਾਰ ਪਦਮ ਭੂਸ਼ਣ ਐਵਾਰਡ ਨਾਲ ਸਨਮਾਨਿਤ ਹਨ ਅਤੇ ਇਸ ਪੇਸ਼ੇ ਵਿੱਚ ਉਨ੍ਹਾਂ ਕੋਲ 4 ਦਹਾਕਿਆਂ ਤੋਂ ਵੱਧ ਦਾ ਤਜਰਬਾ ਹੈ।

ਸਵਾਲ: 20 ਜਾਂ 30 ਸਾਲ ਦੇ ਨੌਜਵਾਨ ਵੀ ਅੱਜ-ਕੱਲ੍ਹ ਹਾਰਟ ਅਟੈਕ ਦਾ ਸ਼ਿਕਾਰ ਹੋ ਰਹੇ ਹਨ, ਇਸਦਾ ਕਾਰਨ ਕੀ ਹੈ ?
ਜਵਾਬ: ਜਦੋਂ ਕਿਸੇ ਨੌਜਵਾਨ ਸ਼ਖ਼ਸ ਨੂੰ ਹਾਰਟ ਅਟੈਕ ਹੁੰਦਾ ਹੈ ਤਾਂ ਉਸ ਦਾ ਸਭ ਤੋਂ ਵੱਡਾ ਕਾਰਨ ਸਿਗਰੇਟ ਪੀਣਾ ਹੈ। ਦੂਜਾ ਵੱਡਾ ਕਾਰਨ ਹੈ ਅੰਸਤੁਲਿਤ ਖਾਣਾ ਯਾਨਿ ਕਿ ਫਾਸਟ ਫੂਡ ਅਤੇ ਬਾਹਰ ਦਾ ਖਾਣਾ। ਅਜਿਹੇ ਖਾਣੇ ਵਿੱਚ ਵਰਤੇ ਜਾਣ ਵਾਲੇ ਤੇਲ ਕਾਰਨ ਕੋਲੇਸਟ੍ਰੋਲ ਵਧਣ ਦੀ ਸਮੱਸਿਆ ਹੁੰਦੀ ਹੈ। ਇਸ ਤੋਂ ਇਲਾਵਾ ਸ਼ਰਾਬ ਜਾਂ ਕਿਸੇ ਹੋਰ ਨਸ਼ੇ ਦੀ ਵਰਤੋਂ ਵੀ ਹਾਰਟ ਅਟੈਕ ਦਾ ਇੱਕ ਕਾਰਨ ਹੈ। ਇੱਕ ਹੋਰ ਮੁੱਖ ਕਾਰਨ ਨੌਜਵਾਨਾਂ ਵੱਲੋਂ ਰੁਝੇਵਿਆਂ ਭਰੀ ਜ਼ਿੰਦਗੀ ਕਾਰਨ ਕਸਰਤ ਲਈ ਸਮਾਂ ਨਾ ਕੱਢ ਸਕਣਾ ਹੈ।

ਤਸਵੀਰ ਸਰੋਤ, Getty Images
ਹੁਣ ਇੱਕ ਹੋਰ ਵੱਡਾ ਕਾਰਨ ਜੋ ਸਾਹਮਣੇ ਆਉਂਦਾ ਹੈ, ਉਹ ਹੈ ਤਣਾਅ। ਅੱਜ-ਕੱਲ੍ਹ ਦੀ ਜੀਵਨਸ਼ੈਲੀ, ਲੰਬੀਆਂ ਸ਼ਿਫਟਾਂ ਅਤੇ ਕੰਮ ਦਾ ਬੋਝ ਨੌਜਵਾਨਾਂ ਵਿੱਚ ਤਣਾਅ ਵਧਾਉਂਦਾ ਹੈ ਜਿਸ ਕਾਰਨ ਹਾਰਟ ਅਟੈਕ ਦੇ ਮਾਮਲੇ ਵੱਧ ਰਹੇ ਹਨ।
ਪੀਜੀਆਈ ਚੰਡੀਗੜ੍ਹ ਸਾਡੇ ਕੋਲ 25 ਫ਼ੀਸਦ ਜੋ ਹਾਰਟ ਅਟੈਕ ਦੇ ਮਰੀਜ਼ ਆਉਂਦੇ ਸੀ, ਉਨ੍ਹਾਂ ਦੀ ਉਮਰ 40 ਸਾਲ ਤੋਂ ਘੱਟ ਹੁੰਦੀ ਸੀ।
ਸਵਾਲ: ਨੌਜਵਾਨਾਂ ਨੂੰ ਆਪਣੇ ਹਾਰਟ ਨੂੰ ਤੰਦਰੁਸਤ ਰੱਖਣ ਲਈ ਕਿਸ ਤਰੀਕੇ ਦੇ ਬਦਲਾਅ ਲਿਆਉਣੇ ਚਾਹੀਦੇ ਹਨ ?
ਜਵਾਬ: ਸਭ ਤੋਂ ਵੱਧ ਜ਼ਰੂਰੀ ਹੈ ਹਰ ਰੋਜ਼ ਕਸਰਤ ਕਰਨਾ। ਕੰਮ ਵਾਲੀ ਥਾਂ ਉੱਤੇ ਵੀ ਕੋਸ਼ਿਸ਼ ਕਰੋ ਕਿ ਲਿਫਟ ਦੀ ਥਾਂ ਪੌੜੀਆਂ ਦੀ ਵਰਤੋਂ ਕਰੋ ਅਤੇ ਸਰੀਰਕ ਗਤੀਵਿਧੀ ਕਰਦੇ ਰਹੋ। 30 ਤੋਂ 40 ਮਿੰਟ ਰੋਜ਼ਾਨਾ ਸੈਰ ਬਹੁਤ ਜ਼ਰੂਰੀ ਹੈ, ਕੋਸ਼ਿਸ਼ ਕਰੋ ਕਿ 10-12 ਮਿੰਟ ਵਿੱਚ ਇੱਕ ਕਿਲੋਮੀਟਰ ਕਵਰ ਕੀਤਾ ਜਾਵੇ।
ਖਾਣੇ ਦਾ ਬੇਹੱਦ ਧਿਆਨ ਰੱਖੋ। ਫਲ ਅਤੇ ਸਬਜ਼ੀਆਂ ਖਾਓ, ਅੰਡਾ ਖਾਣਾ ਵੀ ਚੰਗਾ ਹੈ, ਡਰਾਈ ਫਰੂਟਸ ਵੀ ਡਾਈਟ ਵਿੱਚ ਸ਼ਾਮਿਲ ਕਰੋ। ਜੋ ਲੋਕ ਮਾਸਾਹਾਰੀ ਖਾਣਾ ਖਾਂਦੇ ਹਨ ਉਹ ਚਿਕਨ ਅਤੇ ਮੱਛੀ ਨੂੰ ਰੋਸਟ ਕਰਕੇ ਖਾ ਸਕਦੇ ਹਨ। ਮਟਨ ਵਿੱਚ ਫੈਟ ਵਧੇਰੇ ਹੁੰਦਾ ਹੈ, ਇਸ ਲਈ ਅਸੀਂ ਇਸ ਨੂੰ ਖਾਣ ਦੀ ਸਲਾਹ ਘੱਟ ਦਿੰਦੇ ਹਾਂ।

ਤਸਵੀਰ ਸਰੋਤ, Getty Images
ਜੈਨੇਟਿਕਸ ਦਾ ਵੀ ਇਸ ਬਿਮਾਰੀ ਵਿੱਚ ਵੱਡਾ ਰੋਲ ਹੈ। ਇਸ ਲਈ ਜੇਕਰ ਕਿਸੇ ਦਾ ਕੋਲੇਸਟ੍ਰੋਲ ਵੱਧ ਹੋਵੇ ਤਾਂ ਉਸ ਨੂੰ ਦਵਾਈਆਂ ਵੀ ਲੈਣੀਆਂ ਚਾਹੀਦੀਆਂ ਹਨ।
ਹਾਲਾਂਕਿ ਮੈਂ ਇਹ ਨਹੀਂ ਕਹਿੰਦਾ ਕਿ ਸ਼ੁਰੂਆਤ ਵਿੱਚ ਹੀ ਦਵਾਈਆਂ ਖਾਣੀਆਂ ਸ਼ੁਰੂ ਕਰ ਦਿਓ। ਪਹਿਲੀ ਕੋਸ਼ਿਸ਼ ਇਹੀ ਹੋਣੀ ਚਾਹੀਦੀ ਹੈ ਕਿ ਖਾਣੇ ਅਤੇ ਕਸਰਤ ਨਾਲ ਠੀਕ ਹੋ ਜਾਵੇ। ਇਸ ਤੋਂ ਇਲਾਵਾ ਸਿਗਰੇਟ ਅਤੇ ਸ਼ਰਾਬ ਦੀ ਆਦਤ ਨੂੰ ਛੱਡਣਾ ਚਾਹੀਦਾ ਹੈ।
ਸਿਗਰੇਟ ਕਈ ਬਿਮਾਰੀਆਂ ਦੀ ਜੜ੍ਹ ਹੈ- ਹਾਰਟ ਅਟੈਕ, ਸਟ੍ਰੋਕ ਅਤੇ ਕੈਂਸਰ। ਨੌਜਵਾਨਾਂ ਨੂੰ ਪੈਸਿਵ ਸਮੌਕਿੰਗ ਦਾ ਵੀ ਧਿਆਨ ਰੱਖਣਾ ਚਾਹੀਦਾ ਹੈ- ਮਤਲਬ ਤੁਸੀਂ ਖੁਦ ਸਿਗਰੇਟ ਨਹੀਂ ਪੀ ਰਹੇ ਪਰ ਜੋ ਤੁਹਾਡੇ ਨਾਲ ਦਾ ਸ਼ਖ਼ਸ ਸਿਗਰੇਟ ਪੀ ਰਿਹਾ ਹੈ, ਉਹ ਵੀ ਤੁਹਾਡੇ ਉੱਤੇ ਓਨਾ ਹੀ ਅਸਰ ਪਾ ਰਿਹਾ ਹੈ।

ਸਵਾਲ: ਕਈ ਵਾਰ ਇਹ ਬਹੁਤ ਦੇਖਣ ਨੂੰ ਮਿਲਦਾ ਹੈ ਕਿ ਜਿਮ ਜਾਂ ਕਸਰਤ ਕਰਦੇ ਲੋਕਾਂ ਨੂੰ ਕਾਰਡੀਐਕ ਅਰੈਸਟ ਹੋ ਗਿਆ, ਕਸਰਤ ਸ਼ੁਰੂ ਕਰਨ ਤੋਂ ਪਹਿਲਾਂ ਕੀ ਕੋਈ ਖਾਸ ਟੈਸਟ ਕਰਵਾਉਣੇ ਜ਼ਰੂਰੀ ਹੁੰਦੇ ਹਨ ?
ਜਵਾਬ: ਕਸਰਤ ਤੁਹਾਡੇ ਸਰੀਰ ਲਈ ਚੰਗੀ ਹੈ ਅਤੇ ਤੁਹਾਨੂੰ ਕਈ ਬਿਮਾਰੀਆਂ ਤੋਂ ਬਚਾਉਂਦੀ ਹੈ। ਪਰ ਜੇਕਰ ਕਿਸੇ ਸ਼ਖ਼ਸ ਨੇ ਪਹਿਲਾਂ ਕਦੇ ਕਸਰਤ ਨਹੀਂ ਕੀਤੀ ਅਤੇ ਅਚਾਨਕ ਤੁਸੀਂ ਜ਼ਿਆਦਾ ਕਸਰਤ ਤੋਂ ਸ਼ੁਰੂਆਤ ਕਰ ਲਈ ਤਾਂ ਉਹ ਤੁਹਾਡੇ ਸਰੀਰ ਨੂੰ ਫਾਇਦਾ ਦੇਣ ਦੀ ਥਾਂ ਨੁਕਸਾਨ ਵੀ ਪਹੁੰਚਾ ਸਕਦੀ ਹੈ।
ਇਸ ਲਈ ਜਦੋਂ ਵੀ ਕਸਰਤ ਸ਼ੁਰੂ ਕਰੋ ਤਾਂ ਇਕਦਮ ਬਹੁਤ ਜ਼ਿਆਦਾ ਨਾ ਕਰੋ। ਆਪਣੇ ਸਰੀਰ ਨੂੰ ਹੌਲੀ-ਹੌਲੀ ਉਸ ਦੀ ਆਦਤ ਪਾਓ। ਉਂਝ ਕਸਰਤ ਸਰੀਰ ਲਈ ਬਹੁਤ ਜ਼ਰੂਰੀ ਹੈ ਅਤੇ ਉਹ ਤੁਹਾਡੇ ਦਿਲ ਦਾ ਵੀ ਖਿਆਲ ਰੱਖਦੀ ਹੈ। ਜਿਵੇਂ ਮਸ਼ੀਨ ਨੂੰ ਤੇਲ ਦੀ ਲੋੜ ਪੈਂਦੀ ਹੈ, ਉਸੇ ਤਰ੍ਹਾਂ ਸਰੀਰ ਲਈ ਕਸਰਤ ਜ਼ਰੂਰੀ ਹੈ।
ਪਰ ਜਦੋਂ ਤੁਸੀਂ ਕੋਈ ਵੀ ਕਸਰਤ ਸ਼ੁਰੂ ਕਰਦੇ ਹੋ ਤਾਂ ਕੁਝ ਰੈਗੂਲਰ ਟੈਸਟ ਕਰਵਾ ਲੈਣੇ ਚਾਹੀਦੇ ਹਨ। ਜਿਵੇਂ ਸ਼ੂਗਰ ਅਤੇ ਬੀਪੀ। ਇਸ ਤੋਂ ਇਲਾਵਾ ਅਸੀਂ ਇਹ ਸਲਾਹ ਦਿੰਦੇ ਹਾਂ ਕਿ ਸ਼ੁਰੂ ਕਰਨ ਤੋਂ ਪਹਿਲਾਂ ਥੋੜ੍ਹਾ ਟਰੈਡਮਿਲ ਕਰਕੇ ਵੇਖ ਲਵੋ। ਜੇਕਰ ਕੋਈ ਸਮੱਸਿਆ ਆਉਂਦੀ ਹੈ ਜਾਂ ਤਕਲੀਫ਼ ਹੁੰਦੀ ਹੈ ਤਾਂ ਸ਼ੁਰੂਆਤ ਵਿੱਚ ਹੀ ਪਤਾ ਲੱਗ ਜਾਂਦਾ ਹੈ।
ਅਚਾਨਕ ਸ਼ੁਰੂ ਕੀਤੀ ਵਾਧੂ ਕਸਰਤ ਨਾਲ ਕਈ ਵਾਰ ਪੋਟਾਸ਼ੀਅਮ ਅਤੇ ਇਲੈਕਟ੍ਰੋਲਾਈਟ ਘੱਟ ਸਕਦੇ ਹਨ, ਜੋ ਦਿਲ ਨਾਲ ਜੁੜੀ ਕਿਸੇ ਸਮੱਸਿਆ ਦਾ ਕਾਰਨ ਬਣ ਸਕਦੇ ਹਨ।

ਤਸਵੀਰ ਸਰੋਤ, Getty Images
ਸਵਾਲ: ਤੁਸੀਂ ਇੱਕ ਦਿਨ ਵਿੱਚ ਕਿੰਨੀ ਕਸਰਤ ਕਰਨ ਦੀ ਸਲਾਹ ਦਿੰਦੇ ਹੋ ?
ਜਵਾਬ: ਹਰ ਰੋਜ਼ 30 ਮਿੰਟ ਤੋਂ ਲੈ ਕੇ 45 ਮਿੰਟ ਤੱਕ ਕਸਰਤ ਜ਼ਰੂਰ ਕਰਨੀ ਚਾਹੀਦੀ ਹੈ। ਕੋਈ ਸ਼ਖ਼ਸ ਜੋ ਜਵਾਨ ਅਤੇ ਤੰਦਰੁਸਤ ਹੈ ਉਸ ਨੂੰ 10 ਮਿੰਟ ਵਿੱਚ ਇੱਕ ਕਿਲੋਮੀਟਰ ਤੱਕ ਚੱਲਣਾ ਚਾਹੀਦਾ ਹੈ।
ਜੇਕਰ ਤੁਸੀਂ ਬੈਡਮਿੰਟਨ, ਟੈਨਿਸ, ਫੁੱਟਬਾਲ ਵਰਗੀਆਂ ਗੇਮਜ਼ ਖੇਡ ਸਕੋ ਤਾਂ ਉਹ ਵੀ ਬਹੁਤ ਚੰਗਾ ਹੈ। ਇਸ ਨਾਲ ਤੁਹਾਡਾ ਸਰੀਰ ਵਧੇਰੇ ਰਿਲੈਕਸ ਮਹਿਸੂਸ ਕਰਦਾ ਹੈ। ਕਿਉਂਕਿ ਜਦੋਂ ਤੁਸੀਂ ਸੈਰ ਕਰਦੇ ਹੋ ਤਾਂ ਤੁਹਾਡਾ ਸਰੀਰ ਕੁਝ ਨਾ ਕੁਝ ਸੋਚਦਾ ਰਹਿੰਦਾ ਹੈ ਪਰ ਜਦੋਂ ਤੁਸੀਂ ਗੇਮਜ਼ ਖੇਡਦੇ ਹੋ ਤਾਂ ਤੁਹਾਡਾ ਪੂਰਾ ਧਿਆਨ ਉਸ ਵੱਲ ਹੁੰਦਾ ਹੈ।
ਉਂਝ ਅਸੀਂ ਹਫ਼ਤੇ ਵਿੱਚ 5 ਦਿਨ ਕਸਰਤ ਕਰਨ ਦੀ ਸਲਾਹ ਦਿੰਦੇ ਹਾਂ ਪਰ ਜੇਕਰ 7 ਦਿਨ ਹੋ ਸਕੇ ਤਾਂ ਬਹੁਤ ਵਧੀਆ ਹੈ।
ਸਵਾਲ: ਜਦੋਂ ਕਿਸੇ ਸ਼ਖ਼ਸ ਨੂੰ ਹਾਰਟ ਅਟੈਕ ਆਉਣ ਵਾਲਾ ਹੁੰਦਾ ਹੈ ਤਾਂ ਉਸ ਤੋਂ ਪਹਿਲਾਂ ਕੁਝ ਸ਼ੁਰੂਆਤੀ ਸੰਕੇਤ ਹੁੰਦੇ ਹਨ ?
ਜਵਾਬ: ਨੌਜਵਾਨਾਂ ਵਿੱਚ ਕਈ ਵਾਰ ਚੇਤਾਵਨੀ ਸੰਕੇਤ ਨਹੀਂ ਆਉਂਦੇ, ਉਨ੍ਹਾਂ ਨੂੰ ਅਚਾਨਕ ਹੀ ਹਾਰਟ ਅਟੈਕ ਆਉਂਦਾ ਹੈ। ਪਰ ਉਮਰਦਰਾਜ਼ ਲੋਕਾਂ ਵਿੱਚ ਹਾਰਟ ਅਟੈਕ ਤੋਂ ਪਹਿਲਾਂ ਕਈ ਵਾਰਨਿੰਗ ਸਾਈਨ (ਚੇਤਾਵਨੀ ਸੰਕੇਤ) ਹੁੰਦੇ ਹਨ ਜਿਵੇਂ ਚੱਲਣ 'ਤੇ ਸਾਹ ਚੜ੍ਹਨ ਲੱਗ ਜਾਣਾ, ਪੌੜੀਆਂ ਚੜ੍ਹਨ ਵੇਲੇ ਸਾਹ ਚੜ੍ਹਨਾ, ਛਾਤੀ 'ਤੇ ਭਾਰੀਪਣ ਮਹਿਸੂਸ ਹੋਣਾ।
ਪਰ ਜੇਕਰ ਮੈਂ ਨੌਜਵਾਨਾਂ ਦੀ ਗੱਲ ਕਰਾਂ ਤਾਂ ਉਨ੍ਹਾਂ ਵਿੱਚ ਇਹ ਲੱਛਣ ਨਹੀਂ ਦਿਖਦੇ, ਅਚਾਨਕ ਹੀ ਹਾਰਟ ਅਟੈਕ ਆਉਂਦਾ ਹੈ। ਜੇਕਰ ਕਿਸੇ ਨੂੰ ਚੱਲਣ ਵੇਲੇ ਸਾਹ ਚੜ੍ਹਨ ਤੇ ਛਾਤੀ 'ਤੇ ਭਾਰੀਪਣ ਮਹਿਸੂਸ ਹੋਵੇ ਤਾਂ ਡਾਕਟਰ ਨੂੰ ਦਿਖਾ ਲੈਣਾ ਚਾਹੀਦਾ ਹੈ ਕਿ ਕਿਤੇ ਇਸ ਤਰ੍ਹਾਂ ਦੀ ਸਮੱਸਿਆ ਤਾਂ ਨਹੀਂ ਉਭਰ ਰਹੀ।

ਤਸਵੀਰ ਸਰੋਤ, Getty Images
ਸਵਾਲ: ਹਾਰਟ ਅਟੈਕ ਦਾ ਦਰਦ ਕਿਸ ਪਾਸੇ ਹੁੰਦਾ ਹੈ ?
ਜਵਾਬ: ਹਾਰਟ ਦਾ ਦਰਦ ਸੈਂਟਰਲ ਬੋਨ ਯਾਨਿ ਕਿ ਵਿਚਕਾਰ ਦੀ ਹੱਡੀ, ਫਿਰ ਇਹ ਜਬੜੇ ਵਿੱਚ ਜਾ ਸਕਦੀ ਹੈ, ਸੱਜੀ ਅਤੇ ਖੱਬੀ ਬਾਂਹ ਵਿੱਚ ਵੀ ਜਾ ਸਕਦੀ ਹੈ, ਢਿੱਡ ਦੇ ਹੇਠਲੇ ਹਿੱਸੇ ਵਿੱਚ ਵੀ ਇਸ ਦੀ ਦਰਦ ਹੋ ਸਕਦੀ ਹੈ। ਕਈ ਵਾਰ ਲੋਕ ਸਿਰਫ਼ ਢਿੱਡ ਦੀ ਦਰਦ ਸਮਝ ਕੇ ਇਸ ਨੂੰ ਨਜ਼ਰਅੰਦਾਜ਼ ਵੀ ਕਰ ਦਿੰਦੇ ਹਨ, ਅਜਿਹਾ ਨਹੀਂ ਕਰਨਾ ਚਾਹੀਦਾ।
ਹਾਰਟ ਅਟੈਕ ਵਿੱਚ ਇੱਕ ਹੋਰ ਬਹੁਤ ਮਹੱਵਪੂਰਨ ਗੱਲ ਹੈ ਕਿ ਜਦੋਂ ਵੀ ਕਿਸੇ ਨੂੰ ਹਾਰਟ ਅਟੈਕ ਆ ਰਿਹਾ ਹੁੰਦਾ ਹੈ ਤਾਂ ਜਿੰਨੀ ਛੇਤੀ ਤੁਸੀਂ ਮੈਡੀਕਲ ਮਦਦ ਲੈਂਦੇ ਹੋ ਤਾਂ ਓਨੀ ਜਲਦੀ ਇਸ ਬਿਮਾਰੀ ਨੂੰ ਠੀਕ ਕੀਤਾ ਜਾ ਸਕਦਾ ਹੈ।
ਹਾਰਟ ਦੀਆਂ ਮੁੱਖ 3 ਨਾੜੀਆਂ ਹੁੰਦੀਆਂ ਹਨ। ਉਨ੍ਹਾਂ ਵਿੱਚੋਂ ਕਿਸੇ ਇੱਕ ਵਿੱਚ ਬਲੌਕੇਜ ਆ ਜਾਵੇ ਤਾਂ ਉਸ ਨੂੰ ਮੈਡੀਕਲ ਮਦਦ ਲੈ ਕੇ ਠੀਕ ਕਰਵਾ ਲਵੋ, ਓਨੀ ਹੀ ਛੇਤੀ ਮਰੀਜ਼ ਠੀਕ ਹੋ ਜਾਂਦਾ ਹੈ।
ਅੱਜ-ਕੱਲ੍ਹ ਪੀਸੀਆਈ ਨਾਮ ਦਾ ਪ੍ਰੋਸੀਜ਼ਰ ਮੌਜੂਦ ਹੈ, ਇਸ ਪ੍ਰੋਸੀਜ਼ਰ ਨਾਲ ਤੁਸੀਂ ਕਲੌਟ ਨੂੰ ਹਟਾ ਸਕਦੇ ਹੋ। ਜੇਕਰ ਨਾੜੀ ਦੀ ਬਲੌਕੇਜ ਨਾ ਹਟਾਈ ਜਾਵੇ ਤਾਂ ਹਾਰਟ ਦੀ ਮਾਸਪੇਸ਼ੀ ਨੁਕਸਾਨੀ ਜਾਂਦੀ ਹੈ।

ਤਸਵੀਰ ਸਰੋਤ, Getty Images
ਸਵਾਲ: ਹਾਰਟ ਅਟੈਕ ਆਉਣ 'ਤੇ ਪਹਿਲਾ ਕਦਮ ਕੀ ਹੋਣਾ ਚਾਹੀਦਾ ਹੈ ?
ਜਵਾਬ: ਸਭ ਤੋਂ ਪਹਿਲਾਂ ਤਾਂ ਹਸਪਤਾਲ ਜਾਣ ਦੀ ਕੋਸ਼ਿਸ਼ ਕਰੋ। ਕੁਝ ਦਵਾਈਆਂ ਆਪਣੇ ਕੋਲ ਰੱਖ ਸਕਦੇ ਹੋ ਜਿਵੇਂ ਐਸਪਰਿਨ ਜਾਂ ਡਿਸਪਰਿਨ, ਉਸ ਨੂੰ ਚੱਬ ਲਵੋ, ਇਸ ਨਾਲ ਵੀ ਇਕਦਮ ਫਰਕ ਪੈਂਦਾ ਹੈ। ਪਰ ਸਭ ਤੋਂ ਜ਼ਰੂਰੀ ਹੈ ਕਿ ਤੁਸੀਂ ਜਿੰਨੀ ਛੇਤੀ ਹੋ ਸਕਦੀ ਹੈ ਮੈਡੀਕਲ ਹੈਲਪ ਲਵੋ।
ਸਵਾਲ: ਕਿਸੇ ਵੀ ਸ਼ਖ਼ਸ ਨੇ ਜੇਕਰ ਆਪਣਾ ਹਾਰਟ ਤੰਦਰੁਸਤ ਰੱਖਣਾ ਹੈ ਤਾਂ ਉਸ ਲਈ ਕਿਹੜੇ ਰੈਗੂਲਰ ਟੈਸਟ ਕਰਵਾਉਂਦੇ ਰਹੇ ?
ਜਵਾਬ: ਸ਼ੂਗਰ, ਕੋਲੇਸਟ੍ਰੋਲ, ਬੀਪੀ ਅਤੇ ਯੂਰਿਕ ਐਸਿਡ। ਇਹ ਸਭ ਜ਼ਰੂਰੀ ਟੈਸਟ ਹਨ। ਇਸ ਤੋਂ ਇਲਾਵਾ ਅੱਜ-ਕੱਲ੍ਹ ਸੀਆਰਪੀ ਦਾ ਟੈਸਟ ਕਰਵਾਉਣ ਲਈ ਵੀ ਕਿਹਾ ਜਾਂਦਾ ਹੈ।
ਪਰ ਮੇਰੀ ਇਸ ਬਾਰੇ ਰਾਇ ਇਹ ਹੈ ਕਿ ਸੀਆਰਪੀ ਕਈ ਕਾਰਨਾਂ ਕਰਕੇ ਵਧ ਸਕਦੀ ਹੈ। ਹੋ ਸਕਦਾ ਹੈ ਕਿ ਪਹਿਲਾਂ ਕੋਈ ਇਨਫੈਕਸ਼ਨ ਹੋਈ ਹੋਵੇ ਤਾਂ ਉਸ ਕਾਰਨ ਵੀ ਸੀਆਰਪੀ ਵਧ ਸਕਦੀ ਹੈ ਅਤੇ ਇਸ ਨਾਲ ਲੋਕਾਂ ਦੇ ਦਿਮਾਗ ਵਿੱਚ ਉਲਝਣ ਹੋਣ ਲਗਦੀ ਹੈ।
ਇੱਕ ਹੋਰ ਬੜੀ ਜ਼ਰੂਰੀ ਗੱਲ ਹੈ ਕਿ ਨੌਜਵਾਨ ਗੂਗਲ ਉੱਤੇ ਸਰਚ ਕਰਕੇ ਜਾਂ ਫਿਰ ਏਆਈ ਦਾ ਸਹਾਰਾ ਲੈਂਦੇ ਹਨ। ਮੈਂ ਕਹਾਂਗਾ ਕਿ ਬਿਮਾਰੀ ਲਈ ਇਸ ਸਭ ਦੀ ਵਰਤੋਂ ਨਾ ਕਰੋ, ਇਸ ਨਾਲ ਉਲਝਣ ਹੀ ਵਧਦੀ ਹੈ। ਇਹ ਨੁਕਸਾਨ ਹੀ ਕਰਦੀ ਹੈ, ਫਾਇਦਾ ਨਹੀਂ।
ਕਈ ਲੋਕ ਡਾਕਟਰ ਕੋਲ ਜਾਣ ਦੀ ਬਜਾਇ ਗੂਗਲ ਜਾਂ ਏਆਈ ਦੀ ਮਦਦ ਨਾਲ ਦਵਾਈਆਂ ਲੈਂਦੇ ਹਨ ਪਰ ਉਹ ਕਿਸੇ ਤਕਲੀਫ਼ ਨੂੰ ਠੀਕ ਕਰਨ ਦੀ ਬਜਾਏ ਕਈ ਵਾਰ ਤਕਲੀਫ਼ ਹੋਰ ਵਧਾ ਦਿੰਦੀ ਹੈ।

ਤਸਵੀਰ ਸਰੋਤ, Getty Images
ਸਵਾਲ: ਹਾਰਟ ਅਟੈਕ ਦਾ ਮਰੀਜ਼ ਜਦੋਂ ਤੁਹਾਡੇ ਕੋਲ ਆਉਂਦਾ ਹੈ ਤਾਂ ਇਲਾਜ ਦਾ ਪਹਿਲਾ ਸਟੈੱਪ ਕੀ ਹੁੰਦਾ ਹੈ ?
ਜਵਾਬ: ਕੋਈ ਵੀ ਹਾਰਟ ਅਟੈਕ ਦਾ ਮਰੀਜ਼ ਜਦੋਂ ਹਸਪਤਾਲ ਆਉਂਦਾ ਹੈ ਤਾਂ ਉੱਥੇ ਪੂਰਾ ਕਾਰਡੀਐਕ ਸੈਟਅਪ ਹੁੰਦਾ ਹੈ। ਸਭ ਤੋਂ ਪਹਿਲਾਂ ਈਸੀਜੀ ਹੁੰਦਾ ਹੈ, ਜਿਸ ਵਿੱਚ ਹਾਰਟ ਅਟੈਕ ਬਾਰੇ ਪਤਾ ਲੱਗਦਾ ਹੈ। ਉਸ ਤੋਂ ਬਾਅਦ ਬਲੱਡ ਟੈਸਟ ਹੁੰਦੇ ਹਨ। ਫਿਰ ਪੂਰੇ ਵਿਭਾਗ ਨੂੰ ਅਲਰਟ ਉੱਤੇ ਕੀਤਾ ਜਾਂਦਾ ਹੈ, ਭਾਵੇਂ ਦਿਨ ਹੋਵੇ ਜਾਂ ਰਾਤ ਹੋਵੇ। ਡਾਕਟਰ, ਨਰਸਾਂ, ਟੈਕਨੀਸ਼ੀਅਨ ਹਰ ਕਿਸੇ ਨੂੰ ਮਰੀਜ਼ ਬਾਰੇ ਜਾਣਕਾਰੀ ਦਿੱਤੀ ਜਾਂਦੀ ਹੈ।
ਕਿਉਂਕਿ ਉਹ ਇੱਕ ਗੋਲਡਨ ਟਾਈਮ ਹੁੰਦਾ ਹੈ ਅਤੇ ਜਿੰਨੀ ਛੇਤੀ ਮਰੀਜ਼ ਨੂੰ ਦਾਖ਼ਲ ਕਰਕੇ ਉਸ ਦਾ ਇਲਾਜ ਸ਼ੁਰੂ ਕੀਤਾ ਜਾਂਦਾ ਹੈ, ਜਿੰਨੀ ਛੇਤੀ ਮਰੀਜ਼ ਦੀ ਐਂਜੀਓਪਲਾਸਟੀ ਕੀਤੀ ਜਾਂਦੀ ਹੈ, ਓਨੀ ਹੀ ਛੇਤੀ ਉਸ ਦੇ ਹਾਰਟ ਦੀ ਮਾਸਪੇਸ਼ੀ ਨੂੰ ਬਚਾਇਆ ਜਾ ਸਕਦਾ ਹੈ।

ਤਸਵੀਰ ਸਰੋਤ, Getty Images
ਮੰਨ ਲਵੋ ਜੇਕਰ ਨੇੜੇ ਅਜਿਹਾ ਕੋਈ ਹਸਪਤਾਲ ਮੌਜੂਦ ਨਹੀਂ ਹੈ ਜਿੱਥੇ ਅਜਿਹਾ ਸੈਟਅਪ ਮੌਜੂਦ ਹੈ ਤਾਂ ਅੱਜ-ਕੱਲ੍ਹ ਥ੍ਰੋਂਬੋਲਿਟਿਕ ਥੈਰੇਪੀ ਕਈ ਥਾਂਵਾਂ 'ਤੇ ਮੌਜੂਦ ਹੈ, ਇਕਦਮ ਉੱਥੇ ਜਾਓ ਅਤੇ ਥ੍ਰੋਂਬੋਲਿਟਿਕ ਥੈਰੇਪੀ ਲੈ ਲਵੋ। ਇਸ ਵਿੱਚ ਸਿਰਫ਼ ਇੱਕ ਟੀਕਾ ਹੀ ਲਗਾਉਣਾ ਹੁੰਦਾ ਹੈ, ਉਸ ਤੋਂ ਬਾਅਦ ਫਿਰ ਉਸ ਮਰੀਜ਼ ਨੂੰ ਅੱਗੇ ਰੈਫਰ ਕੀਤਾ ਜਾ ਸਕਦਾ ਹੈ।
ਇਸ ਤੋਂ ਇਲਾਵਾ ਸਾਨੂੰ ਆਪਣੇ ਸਮਾਜ ਨੂੰ ਸੀਪੀਆਰ ਬਾਰੇ ਜਾਗਰੂਕ ਕਰਨਾ ਬਹੁਤ ਜ਼ਰੂਰੀ ਹੈ। ਸੀਪੀਆਰ ਯਾਨਿ ਕਿ ਕਾਰਡੀਓਪਲਮਨਰੀ ਰਿਸਸੇਟੇਸ਼ਨ। ਮੰਨ ਲਵੋ ਕਿਸੇ ਨੂੰ ਅਟੈਕ ਹੋਇਆ ਤਾਂ ਉਹ ਇਕਦਮ ਬੇਹੋਸ਼ ਹੋ ਜਾਂਦਾ ਹੈ। ਜੇਕਰ ਇਕਦਮ ਉਸ ਦਾ ਕਾਰਡੀਓਪਲਮਨਰੀ ਰਿਸਸੇਟੇਸ਼ਨ ਹੋ ਜਾਵੇ ਅਤੇ ਉਸ ਤੋਂ ਬਾਅਦ ਉਸ ਨੂੰ ਹਸਪਤਾਲ ਦਾਖ਼ਲ ਕੀਤਾ ਜਾਵੇ ਤਾਂ ਬਹੁਤ ਸਾਰੇ ਲੋਕਾਂ ਦੀ ਜਾਨ ਬਚਾਈ ਜਾ ਸਕਦੀ ਹੈ।
ਸਿਹਤ ਸੀਕ੍ਰੇਟਸ ਬੀਬੀਸੀ ਪੰਜਾਬੀ ਵੱਲੋਂ ਚਲਾਇਆ ਜਾ ਰਿਹਾ ਇੱਕ ਅਜਿਹਾ ਹੈਲਥ ਪੌਡਕਾਸਟ ਹੈ, ਜਿੱਥੇ ਤੁਹਾਨੂੰ ਮਰਦਾਂ, ਔਰਤਾਂ ਅਤੇ ਬੱਚਿਆਂ ਦੀ ਸਿਹਤ ਨਾਲ ਜੁੜੀ ਅਹਿਮ ਜਾਣਕਾਰੀ ਮਿਲੇਗੀ।
ਬੀਬੀਸੀ ਲਈ ਕਲੈਕਟਿਵ ਨਿਊਜ਼ਰੂਮ ਵੱਲੋਂ ਪ੍ਰਕਾਸ਼ਿਤ






























