'ਅੱਜ ਤਾਂ ਰੋਟੀ ਮਿਲ ਗਈ, ਕੱਲ੍ਹ ਪਤਾ ਨਹੀਂ ਮਿਲੇਗੀ ਜਾਂ ਨਹੀਂ ਮਿਲੇਗੀ'- ਪਾਕਿਸਤਾਨ 'ਚ ਖਾਣੇ ਅਤੇ ਮਹਿੰਗਾਈ ਬਾਰੇ ਮੁਹੰਮਦ ਹਨੀਫ਼ ਦੀ ਟਿੱਪਣੀ

ਤਸਵੀਰ ਸਰੋਤ, BBC/AFP via Getty Images
- ਲੇਖਕ, ਮੁਹੰਮਦ ਹਨੀਫ਼
- ਰੋਲ, ਸੀਨੀਅਰ ਪੱਤਰਕਾਰ ਅਤੇ ਲੇਖਕ
- ਪ੍ਰਕਾਸ਼ਿਤ
- ਪੜ੍ਹਨ ਦਾ ਸਮਾਂ: 4 ਮਿੰਟ
ਪਾਕਿਸਤਾਨ ਬਾਰੇ ਇੱਕ ਗੱਲ ਹਮੇਸ਼ਾ ਕਿਤਾਬਾਂ ਵਿੱਚ ਪੜ੍ਹੀ ਹੈ ਤੇ ਸੁਣੀ ਵੀ ਹੈ। ਤੁਸੀਂ ਵੀ ਸੁਣੀ ਹੋਏਗੀ ਕਿ ਮੁਲਕ ਚੰਗਾ, ਭੈੜਾ, ਜਿਸ ਤਰ੍ਹਾਂ ਦਾ ਵੀ ਹੈ, ਇੱਥੇ ਭੁੱਖਾ ਕੋਈ ਨਹੀਂ ਸੌਂਦਾ।
ਜ਼ਮੀਨਾਂ ਜ਼ਰਖੇਜ਼ ਹਨ, ਸਿੰਧੂ ਇੱਥੇ ਵਗਦਾ ਹੈ। ਕਿਸਾਨ ਮਿਹਨਤੀ ਹਨ ਅਤੇ ਇੱਥੇ ਗਰੀਬ ਤੋਂ ਗਰੀਬ ਆਦਮੀ ਵੀ, ਜਿਸ ਦੇ ਸਿਰ 'ਤੇ ਭਾਵੇਂ ਛੱਤ ਨਾ ਹੋਵੇ, ਉਸ ਦੇ ਪੈਰਾਂ ਨੇ ਭਾਵੇਂ ਜੁੱਤੀ ਕਦੀ ਨਾ ਵੇਖੀ ਹੋਵੇ, ਕੱਪੜੇ ਉਸ ਦੇ ਲੀਰੋ-ਲੀਰ ਹੋਣ, ਲੇਕਿਨ ਰਾਤ ਨੂੰ ਰੱਜ ਕੇ ਖਾ ਕੇ ਸੌਂਦਾ ਹੈ। ਇਸ ਲਈ ਰੱਬ ਦਾ ਸ਼ੁਕਰ ਅਦਾ ਕਰਿਆ ਕਰੋ।
ਹੁਣ ਹਕੂਮਤ ਦਾ ਆਪਣਾ ਇੱਕ ਅਦਾਰਾ ਹੈ, ਨੈਸ਼ਨਲ ਬਿਓਰੋ ਆਫ ਸਟੇਟਿਸਟਿਕਸ। ਉਹ ਬਾਕੀ ਗਿਣਤੀਆਂ ਕਰਨ ਦੇ ਨਾਲ-ਨਾਲ ਇਹ ਹਿਸਾਬ ਵੀ ਰੱਖਦਾ ਹੈ ਕਿ ਰੋਟੀਆਂ ਲੋਕ ਕਿੰਨੀਆਂ ਖਾਂਦੇ ਹਨ, ਦਾਲ ਕਿੱਥੇ ਪੱਕੀ ਹੈ ਤੇ ਦੁੱਧ-ਗੋਸ਼ਤ ਕਿਸ ਦੇ ਨਸੀਬ ਵਿੱਚ ਹੈ।
ਉਸ ਨੇ ਇੱਕ ਨਵਾਂ ਸਰਵੇ ਕੀਤਾ ਹੈ ਤੇ ਪਤਾ ਲੱਗਾ ਹੈ ਕਿ ਮੁਲਕ ਵਿੱਚ ਪੱਚੀ ਫੀਸਦ ਘਰ, ਭਾਵ ਚਾਰ ਵਿੱਚੋਂ ਇੱਕ ਟੱਬਰ, ਫੂਡ ਇਨਸਿਕਿਓਰ ਹੈ।
ਇਹ ਤਕਨੀਕੀ ਜਿਹੀ ਟਰਮ ਹੈ। ਇਹਦਾ ਇਹ ਮਤਲਬ ਨਹੀਂ ਕਿ ਪੱਚੀ ਫੀਸਦ ਲੋਕ ਭੁੱਖੇ ਸੌਂਦੇ ਹਨ। ਇਸ ਦਾ ਮਤਲਬ ਇਹ ਹੈ ਕਿ ਅੱਜ ਤੇ ਰੋਟੀ ਪੱਕੀ ਹੈ, ਲੇਕਿਨ ਕੱਲ੍ਹ ਦਾ ਕੋਈ ਪਤਾ ਨਹੀਂ ਅਤੇ ਅਗਲੇ ਮਹੀਨੇ ਦਾ ਸੋਚ ਕੇ ਤਾਂ ਡਰ ਹੀ ਲੱਗਦਾ ਹੈ।
ਸਰਵੇ ਵਿੱਚ ਕੀ-ਕੀ ਪਤਾ ਲੱਗਾ
ਸਰਵੇ ਤੋਂ ਇਹ ਵੀ ਪਤਾ ਲੱਗਾ ਹੈ ਕਿ ਗੋਸ਼ਤ ਪਹਿਲਾਂ ਵੀ ਗਰੀਬਾਂ ਦੇ ਨਸੀਬ ਵਿੱਚ ਘੱਟ ਹੀ ਹੁੰਦਾ ਸੀ, ਹੁਣ ਮੁਰਗੇ ਦਾ ਮਾਸ ਵੀ ਉਨ੍ਹਾਂ ਦੇ ਵੱਸੋਂ ਬਾਹਰ ਹੋ ਗਿਆ ਹੈ।
ਦਾਲ ਦੇ ਬਾਰੇ ਵਿੱਚ ਹਮੇਸ਼ਾ ਕਹਿੰਦੇ ਰਹੇ ਹਨ ਕਿ ਦਾਲ ਜਿਹੜੀ ਨਿਬੇ ਨਾਲ, ਹੁਣ ਲੋਕੀ ਦਾਲ ਵੀ ਘੱਟ ਖਰੀਦਣ ਲੱਗ ਪਏ ਹਨ।
ਜਿਸ ਘਰ ਵਿੱਚ ਬੱਚੇ ਹੋਣ, ਉੱਥੇ ਦੁੱਧ ਦੀ ਲੋੜ ਤਾਂ ਹਮੇਸ਼ਾ ਰਹਿੰਦੀ ਹੈ। ਹੁਣ ਦੁੱਧ ਵੀ ਲੋਕੀ ਘੱਟ ਖਰੀਦਣ ਲੱਗ ਪਏ ਹਨ ਤੇ ਇਸ ਤੋਂ ਵੱਡੀ ਖੁਰਾਕੀ ਅਸੁਰੱਖਿਆ ਕੀ ਹੋਣੀ ਹੈ ਕਿ ਲੋਕਾਂ ਨੇ ਕਣਕ ਵੀ ਘੱਟ ਖਰੀਦਣੀ ਸ਼ੁਰੂ ਕਰ ਦਿੱਤੀ ਹੈ। ਰੋਟੀਆਂ ਵੀ ਘੱਟ ਖਾਧੀਆਂ ਜਾ ਰਹੀਆਂ ਹਨ।
ਰੋਟੀ ਦਾ ਤਾਂ ਇਹ ਹਿਸਾਬ ਸੀ ਕਿ ਜਿਹੜਾ ਦਾਲ-ਸਬਜ਼ੀ ਵੀ ਖਰੀਦ ਨਹੀਂ ਸਕਦਾ, ਉਹ ਵੀ ਅਚਾਰ ਨਾਲ ਜਾਂ ਮਿਰਚਾਂ ਨਾਲ ਰੋਟੀ ਖਾ ਲੈਂਦਾ ਸੀ।
ਇਸ ਤੋਂ ਬਾਅਦ ਗਰੀਬ ਦੀ ਸਭ ਤੋਂ ਵੱਡੀ ਇੱਕੋ ਆਯਾਸ਼ੀ ਸੀ, ਉਹ ਸੀ ਚਾਹ ਦਾ ਕੱਪ। ਸਰਵੇ ਕਹਿੰਦੇ ਹਨ, ਹੁਣ ਲੋਕਾਂ ਚਾਹ ਪੀਣੀ ਵੀ ਘੱਟ ਕਰਤੀ ਹੈ।
ਜਿਸ ਨੂੰ ਕੱਲ੍ਹ ਦੀ ਰੋਟੀ ਦੀ ਫਿਕਰ ਹੈ, ਉਸ ਨੇ ਚਾਹ ਕਿੱਥੋਂ ਪੀਣੀ ਹੈ। ਜੇ ਉਸ ਦੇ ਕੋਲ ਦੋ ਘੁੱਟ ਦੁੱਧ ਦੇ ਆ ਵੀ ਗਏ ਤਾਂ ਆਪਣੀ ਚਾਹ ਵਿੱਚ ਪਾਵੇ ਜਾਂ ਦੁੱਧ ਪੀਣ ਆਲੇ ਬੱਚੇ ਨੂੰ ਪਿਆਵੇ।
'ਜਿਹੜਾ ਮਿੱਟੀ 'ਚੋਂ ਅਨਾਜ ਉਗਾਉਂਦਾ ਹੈ, ਉਹ ਦੁਕਾਨ ਤੋਂ ਉਹੀ ਅਨਾਜ ਖਰੀਦ ਨਹੀਂ ਸਕਦਾ'

ਤਸਵੀਰ ਸਰੋਤ, AFP via Getty Images
ਅੱਛਾ, ਇਹ ਨਹੀਂ ਹੋਇਆ ਕਿ ਖੁਰਾਕ ਦਾ ਕੋਈ ਕਾਲ ਹੈ। ਜ਼ਮੀਨਾਂ ਅਜੇ ਵੀ ਜ਼ਰਖੇਜ਼ ਹਨ। ਦੁੱਧ-ਗੋਸ਼ਤ ਪੈਦਾ ਕਰਨ ਆਲਿਆਂ ਮੁਲਕਾਂ 'ਚੋਂ ਪਾਕਿਸਤਾਨ ਇੱਕ ਵੱਡਾ ਮੁਲਕ ਹੈ।
ਮੰਡੀਆਂ, ਮਾਰਕਿਟਾਂ, ਗੁਦਾਮ ਸੁੱਕੇ ਰਾਸ਼ਨ ਨਾਲ ਭਰੇ ਪਏ ਹਨ। ਆਹ ਵੱਡੇ ਸ਼ਹਿਰਾਂ ਵਿੱਚ ਹਰ ਤੀਸਰੇ ਦਿਨ ਇੱਕ ਨਵੀਂ ਕੌਫ਼ੀ ਦੀ ਦੁਕਾਨ ਵੀ ਖੁੱਲ੍ਹ ਰਹੀ ਹੈ।
ਲੇਕਿਨ ਮਹਿੰਗਾਈ ਕੋਈ ਇਸ ਤਰ੍ਹਾਂ ਦੀ ਕਰ ਦਿੱਤੀ ਹੈ ਕਿ ਜਿਹੜਾ ਮਿੱਟੀ ਵਿੱਚੋਂ ਅਨਾਜ ਉਗਾਉਂਦਾ ਹੈ, ਉਹ ਦੁਕਾਨ 'ਤੇ ਜਾ ਕੇ ਉਹੀ ਅਨਾਜ ਖਰੀਦ ਨਹੀਂ ਸਕਦਾ।
ਜਿਹੜਾ ਬਾਰਾਂ ਘੰਟੇ ਦਫ਼ਤਰ ਦੇ ਬਾਹਰ ਗਾਰਡ ਦੀ ਨੌਕਰੀ ਦਿੰਦਾ ਹੈ, ਉਸ ਚਾਹ ਦਾ ਕੱਪ ਲੈਣ ਤੋਂ ਪਹਿਲਾਂ ਸੋਚਦਾ ਹੈ ਕਿ ਇਹ ਫ਼ਜ਼ੂਲ ਖਰਚੀ ਮੈਂ ਆਪਣੇ ਆਪ 'ਤੇ ਕਰਾਂ ਜਾਂ ਪੈਸੇ ਘਰ ਭੇਜ ਦਿਆਂ ਤਾਂ ਕਿ ਬੱਚੇ ਰੱਜ ਕੇ ਰੋਟੀ ਖਾ ਲੈਣ।
ਦਿਲਾਂ ਨੂੰ ਤਸੱਲੀ ਦਿੰਦੇ ਰਹੋ। ਕਹੀ ਜਾਓ ਕਿ ਪਾਕਿਸਤਾਨ 'ਚ ਰਾਤ ਨੂੰ ਕੋਈ ਭੁੱਖਾ ਨਹੀਂ ਸੌਂਦਾ।
ਲੇਕਿਨ ਲੱਖਾਂ ਜਿਹੜੇ ਨੇ, ਉਹ ਢਿੱਡ ਭਰ ਕੇ ਨਹੀਂ ਖਾ ਰਹੇ। ਬਾਕੀਆਂ ਨੂੰ ਇਸ ਫਿਕਰ ਵਿੱਚ ਨੀਂਦਰ ਨਹੀਂ ਆਉਂਦੀ ਕਿ ਅੱਜ ਤਾਂ ਰੋਟੀ ਮਿਲ ਗਈ ਸੀ, ਕੱਲ੍ਹ ਪਤਾ ਨਹੀਂ ਮਿਲੇਗੀ ਜਾਂ ਨਹੀਂ ਮਿਲੇਗੀ।
ਰੱਬ ਰਾਖਾ!
(ਨੋਟ - ਇਹ ਲੇਖਕ ਦੇ ਨਿੱਜੀ ਵਿਚਾਰ ਹਨ।)
ਬੀਬੀਸੀ ਲਈ ਕਲੈਕਟਿਵ ਨਿਊਜ਼ਰੂਮ ਵੱਲੋਂ ਪ੍ਰਕਾਸ਼ਿਤ






























