ਜਲਗਾਂਓ ਵਿੱਚ ਵਿਆਹ ਨਾ ਹੋ ਸਕਣ ਕਾਰਨ 6 ਮਹੀਨਿਆਂ ਵਿੱਚ 29 ਪੁਰਸ਼ਾਂ ਨੇ ਕੀਤੀ ਖ਼ੁਦਕੁਸ਼ੀ, ਸ਼ਿਕਾਇਤ ਹੈ ਕਿ 'ਮਹਿਲਾਵਾਂ ਦੀਆਂ ਉਮੀਦਾਂ ਵਧ ਗਈਆਂ ਹਨ'

ਤਸਵੀਰ ਸਰੋਤ, Getty Images
- ਲੇਖਕ, ਆਸ਼ਯ ਯੇਡਗੇ
- ਰੋਲ, ਬੀਬੀਸੀ ਮਰਾਠੀ ਪੱਤਰਕਾਰ
- ਪ੍ਰਕਾਸ਼ਿਤ
- ਪੜ੍ਹਨ ਦਾ ਸਮਾਂ: 10 ਮਿੰਟ
ਪੁਲਿਸ ਦੇ ਅੰਕੜਿਆਂ ਤੋਂ ਪਤਾ ਲੱਗਦਾ ਹੈ ਕਿ 1 ਜਨਵਰੀ ਤੋਂ 30 ਜੂਨ, 2026 ਦੇ ਵਿਚਕਾਰ ਛੇ ਮਹੀਨਿਆਂ ਵਿੱਚ ਮਹਾਰਾਸ਼ਟਰ ਦੇ ਜਲਗਾਂਓ ਜ਼ਿਲ੍ਹੇ ਵਿੱਚ 383 ਪੁਰਸ਼ਾਂ ਨੇ ਖ਼ੁਦਕੁਸ਼ੀ ਕੀਤੀ।
ਇਨ੍ਹਾਂ ਖ਼ੁਦਕੁਸ਼ੀਆਂ ਦੇ ਕਾਰਨਾਂ ਬਾਰੇ ਪੁਲਿਸ ਦੇ ਵਿਸ਼ਲੇਸ਼ਣ ਤੋਂ ਕਈ ਕਾਰਨ ਸਾਹਮਣੇ ਆਏ - ਜਿਵੇਂ ਨਸ਼ਾ, ਤਣਾਅ, ਪਰਿਵਾਰਕ ਸਮੱਸਿਆਵਾਂ ਅਤੇ ਕਰਜ਼ਾ। ਇਸ ਦੇ ਨਾਲ ਹੀ ਵਿਆਹ ਲਈ ਜੀਵਨਸਾਥੀ ਨਾ ਮਿਲ ਸਕਣਾ ਵੀ ਇੱਕ ਕਾਰਨ ਸੀ।
ਪੁਲਿਸ ਦੇ ਅਨੁਸਾਰ, ਵਿਆਹ ਲਈ ਰਿਸ਼ਤਾ ਪੱਕਾ ਨਾ ਹੋ ਪਾਉਣਾ ਇਨ੍ਹਾਂ ਵਿੱਚੋਂ 29 ਮਾਮਲਿਆਂ ਵਿੱਚ ਇੱਕ ਕਾਰਨ ਸੀ।
ਇਨ੍ਹਾਂ ਅੰਕੜਿਆਂ ਦੇ ਸਾਹਮਣੇ ਆਉਣ ਤੋਂ ਬਾਅਦ, ਜਲਗਾਓਂ ਵਿੱਚ ਇੱਕ ਗੱਲ ਆਮ ਹੋ ਗਈ ਹੈ ਕਿ "ਅੱਜਕੱਲ੍ਹ ਦੇ ਨੌਜਵਾਨਾਂ ਨੂੰ ਲਾੜੀ ਨਹੀਂ ਮਿਲ ਰਹੀ।"
ਹਾਲਾਂਕਿ, ਜਲਗਾਂਓ ਦੇ ਪਿੰਡਾਂ ਵਿੱਚ ਜਾਕੇ ਦੇਖਣ 'ਤੇ ਇਸ ਤੋਂ ਕਿਤੇ ਜ਼ਿਆਦਾ ਗੁੰਝਲਦਾਰ ਤਸਵੀਰ ਸਾਹਮਣੇ ਆਈ।
ਵਿਆਹ ਦੀ ਇੱਛਾ ਰੱਖਣ ਵਾਲੇ ਨੌਜਵਾਨਾਂ, ਉਨ੍ਹਾਂ ਦੇ ਪਰਿਵਾਰਾਂ, ਮਹਿਲਾਵਾਂ ਅਤੇ ਇਸ ਵਿਸ਼ੇ 'ਤੇ ਰਿਸਰਚ ਕਰਨ ਵਾਲਿਆਂ ਨਾਲ ਗੱਲਬਾਤ ਤੋਂ ਇਹ ਸਾਫ਼ ਹੋ ਜਾਂਦਾ ਹੈ ਕਿ ਇਹ ਮਾਮਲਾ ਕੋਈ ਸਧਾਰਨ ਮਾਮਲਾ ਨਹੀਂ ਹੈ।
ਜਲਗਾਂਓ ਵਿੱਚ, ਵਿਆਹ ਹੁਣ ਸਿਰਫ਼ ਦੋ ਲੋਕਾਂ ਦੇ ਵਿਚਕਾਰ ਦਾ ਫ਼ੈਸਲਾ ਨਹੀਂ ਰਹਿ ਗਿਆ ਹੈ - ਇਹ ਰੋਜ਼ਗਾਰ, ਜ਼ਮੀਨ ਦੀ ਮਾਲਕੀ, ਜਾਤ, ਪਰਿਵਾਰਕ ਜ਼ਿੰਮੇਵਾਰੀਆਂ, ਪਲਾਇਨ, ਮਹਿਲਾਵਾਂ ਦੀਆਂ ਬਦਲਦੀਆਂ ਉਮੀਦਾਂ ਅਤੇ ਪੁਰਸ਼ਾਂ 'ਤੇ ਸਮਾਜਿਕ ਦਬਾਅ ਨਾਲ ਜੁੜਿਆ ਇੱਕ ਗੁੰਝਲਦਾਰ ਜਾਲ ਬਣ ਗਿਆ ਹੈ।
'ਵਿਆਹ ਸਹੀ ਉਮਰ ਵਿੱਚ ਹੋਣਾ ਚਾਹੀਦਾ ਹੈ'

ਜਲਗਾਂਓ ਵਿੱਚ ਮੇਰੀ ਮੁਲਾਕਾਤ 30 ਸਾਲ ਦੇ ਪ੍ਰੋਫ਼ੈਸਰ ਵਿਸ਼ਾਲ ਪਾਟਿਲ ਨਾਲ ਹੋਈ, ਜਿਨ੍ਹਾਂ ਨੇ ਵਿਆਹ ਬਾਰੇ ਅਜਿਹੀ ਗੱਲ ਕਹੀ ਜੋ ਕਈ ਹੋਰ ਨੌਜਵਾਨਾਂ ਦੇ ਤਜਰਬਿਆਂ ਨਾਲ ਮੇਲ ਖਾਂਦੀ ਹੈ।
ਉਹ ਕਹਿੰਦੇ ਹਨ, "ਮੇਰੇ ਮਾਤਾ-ਪਿਤਾ ਵੀ ਚਾਹੁੰਦੇ ਸਨ ਕਿ ਮੈਂ ਵਿਆਹ ਕਰ ਲਵਾਂ। ਹਾਲਾਂਕਿ, ਮੈਂ ਇਸ ਨੂੰ ਥੋੜ੍ਹਾ ਟਾਲ ਰਿਹਾ ਹਾਂ। ਮੈਂ ਆਪਣੇ ਕਰੀਅਰ 'ਤੇ ਧਿਆਨ ਦੇਣਾ ਚਾਹੁੰਦਾ ਹਾਂ ਅਤੇ ਆਰਥਿਕ ਤੌਰ 'ਤੇ ਆਤਮਨਿਰਭਰ ਬਣਨਾ ਚਾਹੁੰਦਾ ਹਾਂ। ਮੈਂ ਉਦੋਂ ਹੀ ਵਿਆਹ ਕਰਾਂਗਾ ਜਦੋਂ ਮੈਨੂੰ ਅਜਿਹੀ ਮਹਿਲਾ ਮਿਲੇਗੀ ਜੋ ਮੈਨੂੰ ਸਮਝੇ ਅਤੇ ਮੇਰੇ ਲਈ ਸਹੀ ਹੋਵੇ।"
ਫਿਰ ਵੀ, ਸਮਾਜ ਨੇ ਵਿਆਹ ਲਈ ਇੱਕ ਖ਼ਾਸ ਉਮਰ ਤੈਅ ਕਰ ਰੱਖੀ ਹੈ। ਵਿਸ਼ਾਲ ਦੇ ਸ਼ਬਦਾਂ ਵਿੱਚ, "ਭਾਰਤੀ ਸਮਾਜ ਵਿੱਚ ਇਹ ਉਮੀਦ ਕੀਤੀ ਜਾਂਦੀ ਹੈ ਕਿ ਵਿਆਹ 24-26 ਸਾਲ ਦੀ ਉਮਰ ਤੱਕ, ਜਾਂ ਘੱਟੋ-ਘੱਟ 28-29 ਸਾਲ ਤੱਕ ਹੋ ਜਾਣਾ ਚਾਹੀਦਾ ਹੈ। ਇੱਕ ਵਾਰ ਜਦੋਂ ਕੋਈ 30 ਸਾਲ ਦੀ ਉਮਰ ਪਾਰ ਕਰ ਲੈਂਦਾ ਹੈ, ਤਾਂ ਲੋਕ ਉਸ ਨੂੰ ਵੱਖਰੀ ਨਜ਼ਰ ਨਾਲ ਦੇਖਣ ਲੱਗਦੇ ਹਨ। ਇਹ ਦਬਾਅ ਸਿਰਫ਼ ਵਿਆਹ ਨਾ ਹੋਣ ਦਾ ਨਹੀਂ ਹੈ। ਹੌਲੀ-ਹੌਲੀ ਇਹ ਭਾਵਨਾ ਵੀ ਪੈਦਾ ਹੋ ਸਕਦੀ ਹੈ ਕਿ ਉਸ ਵਿਅਕਤੀ ਵਿੱਚ ਕੋਈ ਕਮੀ ਹੈ ਕਿਉਂਕਿ ਉਸ ਨੇ ਵਿਆਹ ਨਹੀਂ ਕੀਤਾ।"
ਮੈਂਟਲ ਹੈਲਥ ਕਾਊਂਸਲਰ ਮੁਕੇਸ਼ ਦੇ ਅਨੁਸਾਰ, ਜਦੋਂ ਵਿਆਹ ਨੂੰ ਸਟੇਟਸ ਅਤੇ ਸਫ਼ਲਤਾ ਨਾਲ ਜੋੜਿਆ ਜਾਂਦਾ ਹੈ, ਤਾਂ ਕੁਝ ਨੌਜਵਾਨਾਂ ਨੂੰ ਕੁਆਰੇ ਰਹਿਣ 'ਤੇ ਆਪਣੀ ਨਿੱਜੀ ਅਸਫ਼ਲਤਾ ਵਰਗਾ ਮਹਿਸੂਸ ਹੋ ਸਕਦਾ ਹੈ।
ਜਲਗਾਓਂ ਪੁਲਿਸ ਦੇ ਅੰਕੜਿਆਂ ਨੂੰ ਦੇਖਦੇ ਸਮੇਂ ਇਸ ਸੰਦਰਭ ਨੂੰ ਧਿਆਨ ਵਿੱਚ ਰੱਖਣਾ ਜ਼ਰੂਰੀ ਹੈ।
ਹਾਲਾਂਕਿ, ਖ਼ੁਦਕੁਸ਼ੀ ਦੇ 29 ਮਾਮਲਿਆਂ ਵਿੱਚ ਵਿਆਹ ਨਾ ਹੋਣ ਨੂੰ ਇੱਕ ਕਾਰਨ ਦੱਸਿਆ ਗਿਆ ਹੈ, ਪਰ ਪੁਲਿਸ ਇਨ੍ਹਾਂ ਘਟਨਾਵਾਂ ਪਿੱਛੇ ਸਿਰਫ਼ ਇਸ ਨੂੰ ਹੀ ਇਕੱਲਾ ਕਾਰਨ ਨਹੀਂ ਮੰਨਦੀ ਹੈ।
ਨਸ਼ਾ, ਤਣਾਅ, ਪਰਿਵਾਰਕ ਕਲੇਸ਼ ਅਤੇ ਕਰਜ਼ੇ ਵਰਗੇ ਹੋਰ ਕਾਰਨ ਵੀ ਇਸ ਵਿੱਚ ਅਹਿਮ ਭੂਮਿਕਾ ਨਿਭਾਉਂਦੇ ਹਨ।
ਹਾਲਾਂਕਿ, ਜੇਕਰ ਕੁਆਰੇ ਰਹਿਣ ਦੇ ਅਸਲ ਕਾਰਨਾਂ ਨੂੰ ਸਮਝਿਆ ਜਾਵੇ, ਤਾਂ ਇਨ੍ਹਾਂ ਅੰਕੜਿਆਂ ਦਾ ਇੱਕ ਹੋਰ ਪਹਿਲੂ ਸਾਹਮਣੇ ਆਉਂਦਾ ਹੈ।
'ਮਹਾਰਾਸ਼ਟਰ ਵਿੱਚ ਅਣਵਿਆਹੀਆਂ ਮਹਿਲਾਵਾਂ ਨਾਲੋਂ ਜ਼ਿਆਦਾ ਹਨ ਅਣਵਿਆਹੇ ਪੁਰਸ਼'

ਮਹਾਰਾਸ਼ਟਰ ਦੇ ਅੰਕੜੇ ਇਸ ਮੁੱਦੇ 'ਤੇ ਇੱਕ ਵੱਖਰੇ ਨਜ਼ਰੀਏ ਤੋਂ ਜਾਣਕਾਰੀ ਦਿੰਦੇ ਹਨ। 2019-21 ਦੇ ਨੈਸ਼ਨਲ ਫ਼ੈਮਿਲੀ ਹੈਲਥ ਸਰਵੇ (ਐੱਨਐੱਫ਼ਐੱਚ-5) ਦੇ ਡੇਟਾ ਦੇ ਅਨੁਸਾਰ, ਮਹਾਰਾਸ਼ਟਰ ਵਿੱਚ 20 ਤੋਂ 49 ਸਾਲ ਦੀ ਉਮਰ ਦੀਆਂ ਲਗਭਗ 11 ਪ੍ਰਤੀਸ਼ਤ ਮਹਿਲਾਵਾਂ ਅਣਵਿਆਹੀਆਂ ਸਨ, ਜਦਕਿ ਪੁਰਸ਼ਾਂ ਦੇ ਮਾਮਲੇ ਵਿੱਚ ਇਹ ਅੰਕੜਾ ਲਗਭਗ 30 ਪ੍ਰਤੀਸ਼ਤ ਸਨ।
ਇਸ ਤੋਂ ਪਤਾ ਲੱਗਦਾ ਹੈ ਕਿ ਸੂਬੇ ਵਿੱਚ ਮਹਿਲਾਵਾਂ ਦੇ ਮੁਕਾਬਲੇ ਅਣਵਿਆਹੇ ਪੁਰਸ਼ਾਂ ਦਾ ਅਨੁਪਾਤ ਕਾਫ਼ੀ ਜ਼ਿਆਦਾ ਹੈ। ਪਰ ਕੀ ਮਹਿਲਾਵਾਂ ਦੀ ਘੱਟ ਗਿਣਤੀ ਹੀ ਇਸ ਫ਼ਰਕ ਦਾ ਇੱਕੋ-ਇੱਕ ਕਾਰਨ ਹੈ?
ਜਲਗਾਓਂ ਦੇ ਕੌਸਤੁਭ ਪੋਤਦਾਰ ਦਾ ਮਾਮਲਾ ਇਸ ਸਮੱਸਿਆ ਦੀ ਗੰਭੀਰਤਾ ਨੂੰ ਦਰਸਾਉਂਦਾ ਹੈ।
ਬੀ. ਫ਼ਾਰਮਾ ਦੀ ਡਿਗਰੀ ਪੂਰੀ ਕਰਨ ਤੋਂ ਬਾਅਦ, ਉਹ ਨਾਸਿਕ ਦੀ ਇੱਕ ਨਿੱਜੀ ਕੰਪਨੀ ਵਿੱਚ ਕੰਮ ਕਰ ਰਹੇ ਸਨ। ਮਾਂ ਦੇ ਦੇਹਾਂਤ ਤੋਂ ਬਾਅਦ ਪਰਿਵਾਰ ਉਨ੍ਹਾਂ ਦੇ ਵਿਆਹ ਲਈ ਸਹੀ ਕੁੜੀ ਦੀ ਭਾਲ ਕਰਨ ਲੱਗਾ।
ਉਨ੍ਹਾਂ ਦੇ ਪਰਿਵਾਰ ਦੇ ਅਨੁਸਾਰ, ਉਨ੍ਹਾਂ ਨੂੰ ਕਈ ਥਾਵਾਂ ਤੋਂ ਇਸ ਲਈ ਇਨਕਾਰ ਦਾ ਸਾਹਮਣਾ ਕਰਨਾ ਪਿਆ ਕਿਉਂਕਿ ਉਨ੍ਹਾਂ ਕੋਲ ਸਰਕਾਰੀ ਨੌਕਰੀ ਨਹੀਂ ਸੀ, ਆਪਣਾ ਘਰ ਨਹੀਂ ਸੀ ਅਤੇ ਸ਼ਰਤ ਇਹ ਸੀ ਕਿ ਉਨ੍ਹਾਂ ਦੇ ਬਜ਼ੁਰਗ ਪਿਤਾ ਉਨ੍ਹਾਂ ਦੇ ਨਾਲ ਨਹੀਂ ਰਹਿਣਗੇ। ਫ਼ਰਵਰੀ 2026 ਵਿੱਚ ਉਨ੍ਹਾਂ ਨੇ ਖ਼ੁਦਕੁਸ਼ੀ ਕਰ ਲਈ।
ਕੌਸਤੁਭ ਦਾ ਤਜਰਬਾ ਇਹ ਨਤੀਜਾ ਕੱਢਣ ਲਈ ਕਾਫ਼ੀ ਨਹੀਂ ਹੈ ਕਿ ਹਰ ਵਾਰ ਇਨਕਾਰ ਇਨ੍ਹਾਂ ਹੀ ਕਾਰਨਾਂ ਕਰਕੇ ਹੁੰਦਾ ਹੈ। ਹਾਲਾਂਕਿ, ਇਹ ਵਿਆਹ ਦੇ ਬਾਜ਼ਾਰ ਵਿੱਚ ਆਰਥਿਕ ਸਥਿਰਤਾ ਅਤੇ ਪਰਿਵਾਰਕ ਢਾਂਚੇ ਦੀ ਮਹੱਤਤਾ ਵੱਲ ਜ਼ਰੂਰ ਧਿਆਨ ਖਿੱਚਦਾ ਹੈ।
ਮਹੱਤਵਪੂਰਨ ਸੂਚਨਾ
ਨੋਟ: ਦਵਾਈ ਅਤੇ ਥੈਰਿਪੀ ਦੇ ਰਾਹੀਂ ਮਾਨਸਿਕ ਬੀਮਾਰੀਆ ਦਾ ਇਲਾਜ ਸੰਭਵ ਹੈ। ਇਸ ਲਈ ਤੁਹਾਨੂੰ ਕਿਸੇ ਮਨੋਚਕਿਤਸਕ ਦੀ ਮਦਦ ਲੈਣੀ ਚਾਹੀਦੀ ਹੈ। ਜੇ ਤੁਹਾਡੇ ਵਿੱਚ ਜਾਂ ਤੁਹਾਡੇ ਕਿਸੇ ਨਜ਼ਦੀਕੀ ਵਿੱਚ ਕਿਸੇ ਤਰ੍ਹਾਂ ਦੀ ਮਾਨਸਿਕ ਤਕਲੀਫ਼ ਦੇ ਲੱਛਣ ਹਨ ਤਾਂ ਇਨ੍ਹਾਂ ਹੈਲਪਲਾਈਨ ਨੰਬਰਾਂ ਉੱਪਰ ਫ਼ੋਨ ਕਰ ਕੇ ਮਦਦ ਹਾਸਲ ਕੀਤੀ ਜਾ ਸਕਦੀ ਹੈ।
ਸਮਾਜਿਕ ਨਿਆਂ ਅਤੇ ਸਸ਼ਕਤੀਕਰਨ ਮੰਤਰਾਲਾ-1800-599-0019
ਇੰਸਟੀਚਿਊਟ ਆਫ਼ ਹਿਊਮਨ ਬਿਹੇਰਵੀਅਰ ਐਂਡ ਅਲਾਈਡ ਸਾਇੰਸਿਜ਼-9868396824, 9868396841, 011-22574820
ਨੈਸ਼ਨਲ ਇੰਸਟੀਚਿਊਟ ਆਫ਼ ਮੈਂਟਲ ਹੈਲਥ ਐਂਡ ਨਿਊਰੋ ਸਾਇੰਸਿਜ਼-080 - 26995000
ਵਿਦਿਆਸਾਗਰ ਇੰਸਟੀਚਿਊਟ ਆਫ਼ ਮੈਂਟਲ ਹੈਲਥ ਐਂਡ ਅਲਾਈਡ ਸਾਇੰਸਿਜ਼-011 2980 2980
ਜਲਗਾਂਓ ਵਿੱਚ ਮਿਲੀ ਇੱਕ ਬਜ਼ੁਰਗ ਮਹਿਲਾ ਨੇ ਮੈਨੂੰ ਦੱਸਿਆ ਕਿ ਉਨ੍ਹਾਂ ਦਾ ਪੁੱਤਰ ਹੁਣ 40 ਸਾਲ ਦਾ ਹੋ ਚੁੱਕਾ ਹੈ। ਉਹ ਕਈ ਸਾਲਾਂ ਤੋਂ ਉਸ ਲਈ ਲਾੜੀ ਲੱਭ ਰਹੇ ਸਨ। ਸੰਭਾਵਿਤ ਲਾੜੀਆਂ ਵੱਲੋਂ ਵਾਰ-ਵਾਰ ਇਨਕਾਰ ਦਾ ਸਾਹਮਣਾ ਕਰਨ ਤੋਂ ਬਾਅਦ, ਹੁਣ ਉਹ ਬਜ਼ੁਰਗ ਮਹਿਲਾ ਖੁਦ ਇੱਕ ਪੱਕਾ ਘਰ ਬਣਵਾ ਰਹੇ ਹਨ। ਉਨ੍ਹਾਂ ਨੂੰ ਉਮੀਦ ਹੈ ਕਿ 'ਇੱਕ ਵਾਰ ਘਰ ਬਣ ਜਾਵੇਗਾ, ਤਾਂ ਉਸ ਨੂੰ ਲਾੜੀ ਮਿਲ ਜਾਵੇਗੀ।'
ਇਹ ਗੱਲ ਦੱਸਦੇ ਹੋਏ ਉਹ ਚਿੰਤਤ ਲੱਗ ਰਹੇ ਸਨ। ਉਨ੍ਹਾਂ ਦੀਆਂ ਗੱਲਾਂ ਵਿੱਚ ਪੁੱਤਰ ਦੇ ਅਣਵਿਆਹੇ ਰਹਿਣ ਦੀ ਚਿੰਤਾ ਤਾਂ ਸੀ ਹੀ, ਪਰ ਇਸ ਤੋਂ ਵੀ ਜ਼ਿਆਦਾ ਲਾਚਾਰੀ ਦਾ ਭਾਵ ਸੀ, ਕਿਉਂਕਿ ਸਾਲਾਂ ਦੀਆਂ ਕੋਸ਼ਿਸ਼ਾਂ ਦੇ ਬਾਵਜੂਦ ਕੁਝ ਨਹੀਂ ਬਦਲਿਆ ਸੀ।
ਮਹਾਰਾਸ਼ਟਰ ਦੇ ਪੇਂਡੂ ਖੇਤਰ ਨੂੰ ਲੈਕੇ ਮਯੂਰ ਕੁਡੁਪਲੇ ਅਤੇ ਜੋਏਲ ਕੈਬਾਲੀਅਨ ਦੀ ਰਿਸਰਚ ਵਿੱਚ ਵੀ ਇਹ ਬਦਲਾਅ ਸਾਫ਼ ਦਿਖਾਈ ਦਿੰਦਾ ਹੈ। ਉਨ੍ਹਾਂ ਦੇ ਅਧਿਐਨ ਦੇ ਅਨੁਸਾਰ, ਜ਼ਮੀਨ, ਸਿੱਖਿਆ, ਜਾਤ ਅਤੇ ਉਮਰ ਪੇਂਡੂ ਵਿਆਹ-ਸ਼ਾਦੀ ਦੀ ਵਿਵਸਥਾ ਵਿੱਚ ਜੀਵਨਸਾਥੀ ਚੁਣਨ 'ਤੇ ਅਸਰ ਪਾਉਣ ਵਾਲੇ ਮੁੱਖ ਕਾਰਕ ਹਨ।
ਮਯੂਰ ਕੁਡੁਪਲੇ ਕਹਿੰਦੇ ਹਨ, "ਇੱਕ ਸਮਾਂ ਸੀ ਜਦੋਂ ਕੁੜੀ ਦੇ ਪਿਤਾ ਇਹ ਦੇਖਦੇ ਸਨ ਕਿ ਲਾੜੇ ਕੋਲ ਕਿੰਨੀ ਜ਼ਮੀਨ ਹੈ। ਹੁਣ, ਜ਼ਮੀਨ ਹੋਣ ਨਾਲੋਂ ਜ਼ਿਆਦਾ ਜ਼ਰੂਰੀ ਇਹ ਗੱਲ ਹੋ ਗਈ ਹੈ ਕਿ ਉਸ ਕੋਲ ਨੌਕਰੀ ਹੈ ਜਾਂ ਨਹੀਂ।"
ਉਨ੍ਹਾਂ ਦੇ ਨਜ਼ਰੀਏ ਤੋਂ, "ਪੇਂਡੂ ਅਰਥਵਿਵਸਥਾ ਬਦਲੀ ਹੈ, ਪਰ ਇਨ੍ਹਾਂ ਬਦਲਾਵਾਂ ਦੇ ਨਾਲ ਵਿਆਹ ਨੂੰ ਲੈਕੇ ਲੋਕਾਂ ਦੀਆਂ ਉਮੀਦਾਂ ਉਸੇ ਤਰ੍ਹਾਂ ਨਹੀਂ ਬਦਲੀਆਂ ਹਨ। ਜ਼ਮੀਨ ਦਾ ਹੋਣਾ ਸਮਾਜਿਕ ਅਤੇ ਆਰਥਿਕ ਸਥਿਰਤਾ ਦੀ ਨਿਸ਼ਾਨੀ ਹੋਇਆ ਕਰਦਾ ਸੀ, ਹੁਣ ਇਸ ਦੀ ਥਾਂ ਨਿਯਮਿਤ ਆਮਦਨ, ਰੋਜ਼ਗਾਰ, ਸ਼ਹਿਰ ਵਿੱਚ ਰਹਿਣ ਦੀ ਸੰਭਾਵਨਾ ਅਤੇ ਆਪਣਾ ਘਰ ਹੋਣ ਵਰਗੀਆਂ ਚੀਜ਼ਾਂ ਨੇ ਲੈ ਲਈ ਹੈ।"
ਜਾਤੀ ਖ਼ਤਮ ਨਹੀਂ ਹੋਈ ਹੈ, ਸਿਰਫ਼ ਵਿਆਹ ਨੂੰ ਲੈ ਕੇ ਉਮੀਦਾਂ ਬਦਲ ਗਈਆਂ ਹਨ

ਇਨ੍ਹਾਂ ਸਭ ਦੇ ਵਿਚਕਾਰ, 'ਜਾਤੀ' ਅਜੇ ਵੀ ਇੱਕ ਵੱਡੀ ਰੁਕਾਵਟ ਬਣੀ ਹੋਈ ਹੈ।
ਮਯੂਰ ਕੁਡੁਪਲੇ ਦੇ ਅਨੁਸਾਰ, "ਜਾਤੀ ਅਤੇ ਉਪ-ਜਾਤੀ ਵਿਆਹ ਦੇ ਬਾਜ਼ਾਰ ਵਿੱਚ ਲੋਕਾਂ ਦੀ ਪਸੰਦ ਅਤੇ ਦਾਇਰੇ ਨੂੰ ਸੀਮਤ ਕਰਦੀਆਂ ਹਨ। ਜਦੋਂ ਅਸੀਂ ਹੋਣ ਵਾਲੀ ਲਾੜੀ ਜਾਂ ਲਾੜੇ ਦੀ ਭਾਲ ਕਰਦੇ ਹਾਂ, ਤਾਂ ਅਸੀਂ ਅਕਸਰ ਆਪਣੀ ਹੀ ਜਾਤੀ ਅਤੇ ਉਪ-ਜਾਤੀ ਦੇ ਦਾਇਰੇ ਵਿੱਚ ਹੀ ਖੋਜ ਕਰਦੇ ਹਾਂ।"
ਜੈਂਡਰ ਇਕੁਐਲਿਟੀ ਟ੍ਰੇਨਰ ਦਰਸ਼ਨਾ ਪਵਾਰ ਜਾਤੀ-ਅਧਾਰਿਤ ਇਸ ਢਾਂਚੇ ਨਾਲ ਜੁੜੀ ਇੱਕ ਹੋਰ ਵਿਰੋਧਾਭਾਸੀ ਗੱਲ ਦੱਸਦੇ ਹਨ।
ਉਹ ਕਹਿੰਦੇ ਹਨ ਕਿ ਇੱਕ ਅਹਿਮ ਸਵਾਲ ਇਹ ਹੈ ਕਿ "ਜੇਕਰ ਕਿਸੇ ਪੁਰਸ਼ ਨੂੰ ਲੋੜ ਮਹਿਸੂਸ ਹੋਵੇ, ਤਾਂ ਉਹ ਕਿਸੇ ਵੀ ਜਾਤੀ ਦੀ ਮਹਿਲਾ ਨਾਲ ਵਿਆਹ ਕਰਨ ਲਈ ਤਿਆਰ ਹੋ ਸਕਦਾ ਹੈ। ਪਰ, ਉਸ ਦੇ ਘਰ ਆਉਣ ਤੋਂ ਬਾਅਦ, ਕੀ ਉਸ ਦੀ ਜਾਤੀ, ਉਸ ਦੇ ਮਾਤਾ-ਪਿਤਾ ਅਤੇ ਰਿਸ਼ਤੇਦਾਰਾਂ ਨੂੰ ਸੱਚਮੁੱਚ ਅਪਣਾਇਆ ਜਾਵੇਗਾ?"
ਦਰਸ਼ਨਾ ਕਹਿੰਦੇ ਹਨ, "ਇੱਕ ਪੁਰਸ਼ ਲਈ ਆਪਣੀ ਜਾਤੀ ਤੋਂ ਸਮਾਜਿਕ ਤੌਰ 'ਤੇ 'ਨੀਵੀਂ' ਮੰਨੀ ਜਾਣ ਵਾਲੀ ਜਾਤੀ ਦੀ ਮਹਿਲਾ ਨੂੰ ਅਪਣਾਉਣਾ ਆਸਾਨ ਹੋ ਸਕਦਾ ਹੈ ਪਰ ਜਦੋਂ 'ਉੱਚੀ' ਮੰਨੀ ਜਾਣ ਵਾਲੀ ਜਾਤੀ ਦੀ ਮਹਿਲਾ ਨੂੰ ਅਪਣਾਉਣ ਦੀ ਗੱਲ ਆਉਂਦੀ ਹੈ - ਖ਼ਾਸ ਕਰਕੇ ਜੇਕਰ ਉਹ ਗਰੀਬ ਪਰਿਵਾਰ ਤੋਂ ਹੋਵੇ - ਤਾਂ ਅਕਸਰ ਉਹ ਇੱਛਾ ਨਜ਼ਰ ਨਹੀਂ ਆਉਂਦੀ।"
ਅਸਲ ਵਿੱਚ, ਵਿਆਹ ਦੇ ਬਾਜ਼ਾਰ ਤੋਂ ਜਾਤੀ ਖ਼ਤਮ ਨਹੀਂ ਹੋਈ ਹੈ, ਸਿਰਫ਼ ਇਸ ਦਾ ਸਰੂਪ ਬਦਲ ਗਿਆ ਹੈ।
ਆਖ਼ਿਰ ਮਹਿਲਾਵਾਂ ਦੀਆਂ ਉਮੀਦਾਂ ਕੀ ਹਨ?

ਜਲਗਾਂਓ ਵਿੱਚ ਪੁਰਸ਼ਾਂ ਨਾਲ ਗੱਲ ਕਰਦੇ ਸਮੇਂ ਇੱਕ ਆਮ ਸ਼ਿਕਾਇਤ ਇਹ ਸੁਣਨ ਨੂੰ ਮਿਲੀ ਕਿ 'ਮਹਿਲਾਵਾਂ ਦੀਆਂ ਉਮੀਦਾਂ ਵਧ ਗਈਆਂ ਹਨ।'
ਬਹੁਤ ਸਾਰੇ ਲੋਕਾਂ ਦਾ ਮੰਨਣਾ ਹੈ ਕਿ ਮਹਿਲਾਵਾਂ ਅਜਿਹਾ ਸਾਥੀ ਚਾਹੁੰਦੀਆਂ ਹਨ ਜੋ ਨੌਕਰੀ ਕਰਦਾ ਹੋਵੇ, ਜਿਸ ਦਾ ਸ਼ਹਿਰ ਵਿੱਚ ਆਪਣਾ ਘਰ ਹੋਵੇ ਅਤੇ ਜੋ ਆਰਥਿਕ ਤੌਰ 'ਤੇ ਸਥਿਰ ਹੋਵੇ।
ਹਾਲਾਂਕਿ, ਮਹਿਲਾਵਾਂ ਨਾਲ ਗੱਲਬਾਤ ਕਰਨ 'ਤੇ ਕੁਝ ਵੱਖਰੀ ਹੀ ਤਸਵੀਰ ਸਾਹਮਣੇ ਆਉਂਦੀ ਹੈ। ਅਸੀਂ 20-22 ਸਾਲ ਦੀ ਇੱਕ ਨੌਜਵਾਨ ਕੁੜੀ ਨਾਲ ਵਿਆਹ ਅਤੇ ਉਸ ਦੀਆਂ ਨਿੱਜੀ ਉਮੀਦਾਂ ਬਾਰੇ ਗੱਲ ਕੀਤੀ। ਉਹ ਸਿਰਫ਼ ਅਜਿਹਾ ਸਾਥੀ ਚਾਹੁੰਦੀ ਸੀ ਜੋ ਆਰਥਿਕ ਤੌਰ 'ਤੇ ਆਤਮਨਿਰਭਰ ਹੋਵੇ - ਮਤਲਬ ਇੰਨਾ ਕਮਾਉਂਦਾ ਹੋਵੇ ਕਿ ਘੱਟੋ-ਘੱਟ ਆਪਣਾ ਖ਼ਰਚਾ ਖੁਦ ਚੁੱਕ ਸਕੇ।
ਪਰ, ਅਗਲੇ ਹੀ ਦਿਨ ਉਸ ਦੇ ਪਰਿਵਾਰ ਨੇ ਇੰਟਰਵਿਊ ਵਾਪਸ ਲੈਣ ਦੀ ਬੇਨਤੀ ਕੀਤੀ। ਆਖ਼ਿਰਕਾਰ, ਸਾਨੂੰ ਉਸ ਨੂੰ ਹਟਾਉਣਾ ਪਿਆ।
ਮਹਿਲਾਵਾਂ ਦੀਆਂ ਉਮੀਦਾਂ ਵਾਕਈ ਬਦਲੀਆਂ ਹਨ, ਪਰ ਹਰ ਕਿਸੇ ਕੋਲ ਉਨ੍ਹਾਂ ਨੂੰ ਖੁੱਲ੍ਹ ਕੇ ਜ਼ਾਹਿਰ ਕਰਨ ਦੀ ਆਜ਼ਾਦੀ ਨਹੀਂ ਹੈ।
ਦਰਸ਼ਨਾ ਪਵਾਰ ਕਹਿੰਦੇ ਹਨ, "ਆਪਣੇ ਪਤੀ ਨਾਲ ਗੱਲ ਕਰ ਸਕਣਾ, ਉਨ੍ਹਾਂ ਦੇ ਨਾਲ ਬਾਹਰ ਜਾ ਸਕਣਾ ਅਤੇ ਇਕੱਠੇ ਸਮਾਂ ਬਿਤਾ ਸਕਣਾ - ਅਜਿਹੀਆਂ ਉਮੀਦਾਂ ਰੱਖਣਾ ਗਲਤ ਨਹੀਂ ਹੈ। ਇਹ ਕੋਈ 'ਵਧੀਆਂ-ਚੜ੍ਹੀਆਂ' ਉਮੀਦਾਂ ਨਹੀਂ, ਸਗੋਂ ਬੁਨਿਆਦੀ ਅਤੇ ਵਾਜਬ ਇੱਛਾਵਾਂ ਹਨ। ਬਸ ਹੁਣ ਇਸ ਬਾਰੇ ਜਾਗਰੂਕਤਾ ਵਧ ਰਹੀ ਹੈ।"
ਜਲਗਾਂਓ ਦੀ ਯਾਤਰਾ ਦੌਰਾਨ ਇੱਕ ਗੱਲ ਵਾਰ-ਵਾਰ ਸਾਹਮਣੇ ਆਈ ਕਿ ਜਦੋਂ ਵਿਆਹ ਨਾ ਹੋ ਸਕਣ ਦੇ ਮੁੱਦੇ 'ਤੇ ਗੱਲ ਹੁੰਦੀ ਸੀ, ਤਾਂ ਕਈ ਪੁਰਸ਼ ਇਸਦੇ ਲਈ ਸਿਰਫ਼ ਮਹਿਲਾਵਾਂ ਨੂੰ ਹੀ ਜ਼ਿੰਮੇਵਾਰ ਮੰਨਦੇ ਸਨ।
ਮਯੂਰ ਕੁਡੁਪਲੇ ਦੇ ਅਧਿਐਨ ਵਿੱਚ ਵੀ ਪੇਂਡੂ ਪੁਰਸ਼ਾਂ ਵੱਲੋਂ ਮਹਿਲਾਵਾਂ ਦੀ ਬਦਲਦੀ ਪਸੰਦ ਨੂੰ ਲੈ ਕੇ ਅਜਿਹੀਆਂ ਹੀ ਸ਼ਿਕਾਇਤਾਂ ਸਾਹਮਣੇ ਆਈਆਂ ਹਨ।
ਹਾਲਾਂਕਿ, ਖੋਜ ਤੋਂ ਪਤਾ ਲੱਗਦਾ ਹੈ ਕਿ ਇਨ੍ਹਾਂ ਬਦਲਾਵਾਂ ਨੂੰ ਸਿਰਫ਼ ਮਹਿਲਾਵਾਂ ਦੀਆਂ ਉਮੀਦਾਂ ਵਿੱਚ ਬਦਲਾਅ ਦੇ ਤੌਰ 'ਤੇ ਨਹੀਂ ਦੇਖਿਆ ਜਾ ਸਕਦਾ। ਇਨ੍ਹਾਂ ਦੇ ਪਿੱਛੇ ਖੇਤੀ ਵਿੱਚ ਗਿਰਾਵਟ, ਬੇਰੋਜ਼ਗਾਰੀ, ਸਿੱਖਿਆ, ਜਾਤੀ ਅਤੇ ਸਮਾਜਿਕ ਰੁਤਬੇ ਬਾਰੇ ਬਦਲਦੀ ਸੋਚ ਵਰਗੇ ਕਾਰਨ ਵੀ ਹਨ।
ਇਸ ਸਭ ਵਿੱਚ ਪੁਰਸ਼ਾਂ ਦੀ ਕੀ ਸਥਿਤੀ ਹੈ?

ਜਲਗਾਂਓ ਦੇ ਪਿੰਡਾਂ ਵਿੱਚ ਘੁੰਮਦੇ ਹੋਏ, ਜਦੋਂ ਵੀ ਵਿਆਹ ਦੀ ਗੱਲ ਆਉਂਦੀ ਤਾਂ ਕਈ ਨੌਜਵਾਨ ਪੁਰਸ਼ਾਂ ਦਾ ਲਹਿਜ਼ਾ ਬਦਲ ਜਾਂਦਾ ਸੀ। ਕੁਝ ਤਾਂ ਕੈਮਰੇ 'ਤੇ ਗੱਲ ਕਰਨ ਲਈ ਬਿਲਕੁਲ ਤਿਆਰ ਨਹੀਂ ਸਨ। ਇੱਕ ਨੌਜਵਾਨ ਨੇ ਮੈਨੂੰ ਸਾਫ਼-ਸਾਫ਼ ਕਿਹਾ, "ਜੇ ਮੈਂ ਕੈਮਰੇ 'ਤੇ ਆਪਣੇ ਬਾਰੇ ਗੱਲ ਕਰਾਂਗਾ, ਤਾਂ ਮੇਰੇ ਨਾਲ ਵਿਆਹ ਕੌਣ ਕਰੇਗਾ?"
ਕਈ ਪਰਿਵਾਰਾਂ ਨੇ ਹੁਣ ਆਪਣੇ ਪੁੱਤਰਾਂ 'ਤੇ ਵਿਆਹ ਕਰਨ ਦਾ ਦਬਾਅ ਪਾਉਣਾ ਬੰਦ ਕਰ ਦਿੱਤਾ ਹੈ, ਕਿਉਂਕਿ ਸਾਲਾਂ ਦੀਆਂ ਨਾਕਾਮ ਕੋਸ਼ਿਸ਼ਾਂ ਤੋਂ ਬਾਅਦ ਉਨ੍ਹਾਂ ਨੇ ਸ਼ਾਇਦ ਉਮੀਦ ਛੱਡ ਦਿੱਤੀ ਹੈ।
ਹਾਲਾਂਕਿ, ਕੁਝ ਪਰਿਵਾਰ ਅਜੇ ਵੀ ਘਰ ਬਣਵਾ ਰਹੇ ਹਨ, ਜ਼ਮੀਨ ਖਰੀਦ ਰਹੇ ਹਨ ਜਾਂ ਆਪਣੀ ਆਰਥਿਕ ਸਥਿਤੀ ਸੁਧਾਰਨ ਦੀ ਕੋਸ਼ਿਸ਼ ਕਰ ਰਹੇ ਹਨ, ਤਾਂ ਜੋ ਉਨ੍ਹਾਂ ਦੇ ਪੁੱਤਰਾਂ ਲਈ ਰਿਸ਼ਤਾ ਮਿਲ ਸਕੇ।
ਕਈ ਪਰਿਵਾਰ ਹੁਣ ਮਦਦ ਲਈ ਵਿਚੋਲਿਆਂ ਅਤੇ ਵਿਆਹ ਕਰਵਾਉਣ ਵਾਲੇ ਦਲਾਲਾਂ ਦਾ ਸਹਾਰਾ ਲੈ ਰਹੇ ਹਨ। ਕੁਝ ਮਾਪਿਆਂ ਦੇ ਅਨੁਸਾਰ, ਵਿਆਹ ਤੈਅ ਕਰਵਾਉਣ ਦੇ ਨਾਮ 'ਤੇ ਧੋਖਾਧੜੀ ਦੀਆਂ ਘਟਨਾਵਾਂ ਵੀ ਵਧੀਆਂ ਹਨ।
ਕੁਝ ਪੁਰਸ਼ ਜੀਵਨਸਾਥੀ ਦੀ ਭਾਲ ਵਿੱਚ ਮਹਾਰਾਸ਼ਟਰ ਦੇ ਵੱਖ-ਵੱਖ ਹਿੱਸਿਆਂ ਵਿੱਚ ਜਾਂਦੇ ਹਨ, ਜਦਕਿ ਕੁਝ ਪਰਿਵਾਰ ਲਾੜੀ ਲਈ ਪੈਸੇ ਦੇਣ ਲਈ ਵੀ ਤਿਆਰ ਰਹਿੰਦੇ ਹਨ।
ਜੀਵਨਸਾਥੀ ਦੀ ਭਾਲ ਹੁਣ ਰਿਸ਼ਤੇਦਾਰਾਂ ਦੇ ਰਵਾਇਤੀ ਦਾਇਰੇ ਤੋਂ ਅੱਗੇ ਵਧ ਕੇ ਵਿਚੋਲਿਆਂ, ਪੈਸਿਆਂ ਦੇ ਲੈਣ-ਦੇਣ ਅਤੇ ਦੂਰ-ਦੁਰਾਡੇ ਦੇ ਜ਼ਿਲ੍ਹਿਆਂ ਤੱਕ ਪਹੁੰਚ ਗਈ ਹੈ।
ਕੰਨਿਆ ਭਰੂਣ ਹੱਤਿਆ ਤੋਂ ਲੈ ਕੇ ਵਿਆਹ ਦੀ ਬਦਲਦੀ ਵਿਵਸਥਾ ਤੱਕ

ਤਸਵੀਰ ਸਰੋਤ, RAVEENDRAN/AFP via Getty Images
ਦਰਸ਼ਨਾ ਪਵਾਰ ਦੇ ਅਨੁਸਾਰ, "ਪਿਛਲੇ ਕੁਝ ਦਹਾਕਿਆਂ ਵਿੱਚ ਵੱਡੇ ਪੱਧਰ 'ਤੇ ਹੋਈ ਕੰਨਿਆ ਭਰੂਣ ਹੱਤਿਆ ਦਾ ਅਸਰ ਅੱਜ ਉਨ੍ਹਾਂ ਪੁਰਸ਼ਾਂ ਦੀ ਪੀੜ੍ਹੀ ਵਿੱਚ ਦਿਖਾਈ ਦੇ ਰਿਹਾ ਹੈ, ਜੋ ਵਿਆਹ ਦੀ ਉਮਰ ਵਾਲੇ ਹਨ।"
ਉਹ ਕਹਿੰਦੇ ਹਨ, "30-35 ਸਾਲ ਦੇ ਜੋ ਮਰਦ ਅਜੇ ਜੀਵਨਸਾਥੀ ਨਹੀਂ ਲੱਭ ਪਾ ਰਹੇ ਹਨ, ਉਨ੍ਹਾਂ ਦਾ ਜਨਮ ਉਸ ਸਮੇਂ ਹੋਇਆ ਸੀ ਜਦੋਂ ਵੱਡੀ ਗਿਣਤੀ ਵਿੱਚ ਕੰਨਿਆ ਭਰੂਣਾਂ ਨੂੰ ਨਸ਼ਟ ਕੀਤਾ ਜਾ ਰਿਹਾ ਸੀ। ਹਾਲਾਂਕਿ, ਕੁੜੀਆਂ ਦੀ ਗਿਣਤੀ ਵਿੱਚ ਕਮੀ ਦਾ ਮਤਲਬ ਇਹ ਨਹੀਂ ਹੈ ਕਿ ਵਿਆਹ ਬਾਰੇ ਅੰਤਿਮ ਫ਼ੈਸਲਾ ਲੈਣ ਦਾ ਅਧਿਕਾਰ ਹੁਣ ਮਹਿਲਾਵਾਂ ਕੋਲ ਹੈ।"
ਮਯੂਰ ਕੁਡੁਪਲੇ ਅਤੇ ਜੋਏਲ ਕੈਬਾਲੀਅਨ ਵੱਲੋਂ ਕੀਤੇ ਅਧਿਐਨ ਦੇ ਅਨੁਸਾਰ, ਹਾਲਾਂਕਿ ਮਹਿਲਾਵਾਂ ਦੀ ਫ਼ੈਸਲੇ ਲੈਣ ਦੀ ਸਮਰੱਥਾ ਕੁਝ ਹੱਦ ਤੱਕ ਵਧੀ ਹੈ, ਫਿਰ ਵੀ ਇਹ ਪਰਿਵਾਰ, ਜਾਤੀ ਅਤੇ ਸਮਾਜਿਕ ਦਬਾਅ ਦੇ ਦਾਇਰੇ ਵਿੱਚ ਹੀ ਕੰਮ ਕਰਦੀ ਹੈ।
ਰੋਜ਼ਗਾਰ, ਆਮਦਨ, ਜਾਤੀ, ਪਰਿਵਾਰ ਦੀਆਂ ਉਮੀਦਾਂ ਅਤੇ ਵਿਆਹ ਦੀ ਬਦਲਦੀ ਵਿਵਸਥਾ ਵਰਗੇ ਕਾਰਕਾਂ ਵਿਚਕਾਰ, ਪੁਰਸ਼ ਵੀ ਆਪਣੀ ਜਗ੍ਹਾ ਬਣਾਉਣ ਦੀ ਕੋਸ਼ਿਸ਼ ਕਰ ਰਹੇ ਹਨ।
ਵਿਸ਼ਾਲ ਪਾਟਿਲ ਕਹਿੰਦੇ ਹਨ, "ਵਿਆਹ ਹੀ ਜ਼ਿੰਦਗੀ ਵਿੱਚ ਸਭ ਕੁਝ ਨਹੀਂ ਹੈ।"
ਸ਼ਾਇਦ ਜਲਗਾਂਓ ਵਿੱਚ ਹੋਈਆਂ ਇਨ੍ਹਾਂ 29 ਖ਼ੁਦਕੁਸ਼ੀਆਂ ਨੂੰ ਦੇਖਦੇ ਸਮੇਂ ਸਭ ਤੋਂ ਪਹਿਲਾਂ ਇਸੇ ਗੱਲ 'ਤੇ ਗੌਰ ਕਰਨਾ ਚਾਹੀਦਾ ਹੈ।
ਕਿਉਂਕਿ ਵਿਆਹ ਲਈ ਜੀਵਨਸਾਥੀ ਨਾ ਮਿਲ ਸਕਣਾ ਵੀ ਇਨ੍ਹਾਂ 29 ਮਾਮਲਿਆਂ ਵਿੱਚ ਦੱਸੇ ਗਏ ਕਾਰਨਾਂ ਵਿੱਚੋਂ ਇੱਕ ਹੈ। ਫਿਰ ਵੀ, ਜਲਗਾਂਓ ਦੀ ਕਹਾਣੀ ਤੋਂ ਪਤਾ ਲੱਗਦਾ ਹੈ ਕਿ ਇਹ ਸਮੱਸਿਆ ਸਿਰਫ਼ ਮਹਿਲਾਵਾਂ ਤੱਕ ਹੀ ਸੀਮਤ ਨਹੀਂ ਹੈ। ਇਹ ਇੱਕ ਗੁੰਝਲਦਾਰ ਮਾਮਲਾ ਹੈ, ਜਿਸ ਵਿੱਚ ਬਦਲਦੀ ਅਰਥਵਿਵਸਥਾ, ਜਾਤੀ ਵਿਵਸਥਾ, ਮਹਿਲਾਵਾਂ ਦੀਆਂ ਬਦਲਦੀਆਂ ਉਮੀਦਾਂ ਅਤੇ ਮਰਦਾਂ ਨਾਲ ਜੁੜੀਆਂ ਸਮਾਜਿਕ ਉਮੀਦਾਂ ਸ਼ਾਮਿਲ ਹਨ।
ਬੀਬੀਸੀ ਲਈ ਕਲੈਕਟਿਵ ਨਿਊਜ਼ਰੂਮ ਵੱਲੋਂ ਪ੍ਰਕਾਸ਼ਿਤ





























