ਕੈਲਾਸ਼ ਮਾਨਸਰੋਵਰ ਕਿੱਥੇ ਸਥਿਤ ਹੈ? ਲੋਕ ਇੱਥੇ ਕਿਉਂ ਅਤੇ ਕਿਵੇਂ ਜਾਂਦੇ ਹਨ?

ਤਸਵੀਰ ਸਰੋਤ, Getty Images
- ਲੇਖਕ, ਕੇ. ਮਾਯਾਕ੍ਰਿਸ਼ਣਨ
- ਰੋਲ, ਬੀਬੀਸੀ ਨਿਊਜ਼ ਤਮਿਲ ਲਈ
- ਪ੍ਰਕਾਸ਼ਿਤ
- ਪੜ੍ਹਨ ਦਾ ਸਮਾਂ: 10 ਮਿੰਟ
ਨੇਪਾਲ ਵਿੱਚ ਕਈ ਪ੍ਰਸਿੱਧ ਹਿੰਦੂ ਧਾਰਮਿਕ ਸਥਾਨ ਹਨ। ਕੈਲਾਸ਼ ਮਾਨਸਰੋਵਰ ਦੇ ਤੀਰਥ ਯਾਤਰੀ ਵੀ ਨੇਪਾਲ ਤੋਂ ਹੋ ਕੇ ਲੰਘਦੇ ਹਨ।
ਨੇਪਾਲ ਕੁਦਰਤੀ ਸੁੰਦਰਤਾ ਨਾਲ ਭਰਪੂਰ ਦੇਸ਼ ਹੈ, ਜਿੱਥੇ ਨਦੀਆਂ, ਝੀਲਾਂ, ਵਾਦੀਆਂ ਅਤੇ ਵਿਸ਼ਾਲ ਪਹਾੜੀ ਚੋਟੀਆਂ ਹਨ।
ਹਾਲਾਂਕਿ, ਇਹ ਦੇਸ਼ ਕਦੇ-ਕਦਾਈਂ ਹੋਣ ਵਾਲੀ ਬਾਰਿਸ਼, ਹੜ੍ਹ ਅਤੇ ਜ਼ਮੀਨ ਖਿਸਕਣ ਵਰਗੀਆਂ ਕੁਦਰਤੀ ਆਫ਼ਤਾਂ ਨਾਲ ਪ੍ਰਭਾਵਿਤ ਰਹਿੰਦਾ ਹੈ।
26 ਅਗਸਤ ਦੀ ਸਵੇਰ ਨੇਪਾਲ ਦੇ ਰਸੂਵਾ ਜ਼ਿਲ੍ਹੇ ਵਿੱਚ ਭੋਟੇਕੋਸ਼ੀ ਨਦੀ ਦੇ ਕੰਢੇ ਅਚਾਨਕ ਹੜ੍ਹ ਆ ਗਿਆ, ਜਿਸ ਨਾਲ ਭਾਰੀ ਤਬਾਹੀ ਹੋਈ।
ਇਸ ਕੁਦਰਤੀ ਆਫ਼ਤ ਵਿੱਚ ਕਈ ਭਾਰਤੀ ਲਾਪਤਾ ਹਨ। ਭਾਰਤੀ ਵਿਦੇਸ਼ ਮੰਤਰਾਲੇ ਨੇ ਸ਼ੁੱਕਰਵਾਰ ਨੂੰ ਇੱਕ ਬਿਆਨ ਵਿੱਚ ਕਿਹਾ ਕਿ ਨੇਪਾਲ ਵਿੱਚ ਮੌਜੂਦ 320 ਭਾਰਤੀ ਨਾਗਰਿਕਾਂ ਨਾਲ ਅਜੇ ਤੱਕ ਸੰਪਰਕ ਨਹੀਂ ਹੋ ਸਕਿਆ ਹੈ।
ਮੰਤਰਾਲੇ ਨੇ ਦੱਸਿਆ ਕਿ ਤ੍ਰਿਸ਼ੂਲੀ-1 ਪਾਵਰ ਪ੍ਰੋਜੈਕਟ ਵਿੱਚ ਕੰਮ ਕਰਨ ਵਾਲੇ 63 ਭਾਰਤੀਆਂ ਨੂੰ ਸੁਰੱਖਿਅਤ ਬਚਾ ਲਿਆ ਗਿਆ ਹੈ।
ਇਸ ਤੋਂ ਪਹਿਲਾਂ ਵਿਦੇਸ਼ ਮੰਤਰਾਲੇ ਦੇ ਬੁਲਾਰੇ ਰਣਧੀਰ ਜੈਸਵਾਲ ਨੇ ਦੱਸਿਆ ਸੀ ਕਿ ਕੈਲਾਸ਼ ਮਾਨਸਰੋਵਰ ਯਾਤਰਾ ਦੌਰਾਨ ਨੇਪਾਲ ਦੇ ਹੜ੍ਹ ਵਿੱਚ ਫਸੇ 21 ਭਾਰਤੀਆਂ ਨੂੰ ਸੁਰੱਖਿਅਤ ਬਚਾ ਲਿਆ ਗਿਆ ਹੈ।
ਅਜਿਹੇ ਵਿੱਚ ਸਵਾਲ ਹੈ ਕਿ ਭਾਰਤ ਦੇ ਲੋਕ ਨੇਪਾਲ ਦੀ ਯਾਤਰਾ ਕਿਉਂ ਕਰਦੇ ਹਨ? ਅਧਿਆਤਮਿਕ ਵਿਚਾਰਾਂ ਵਾਲੇ ਲੋਕ, ਖ਼ਾਸ ਕਰਕੇ ਹਿੰਦੂ ਨੇਪਾਲ ਕਿਉਂ ਜਾਣਾ ਚਾਹੁੰਦੇ ਹਨ? ਉਹ ਉੱਥੇ ਕਿਵੇਂ ਪਹੁੰਚਦੇ ਹਨ ਅਤੇ ਇਸ ਲਈ ਕੀ ਕੁਝ ਕਰਨਾ ਪੈਂਦਾ ਹੈ?
ਕੈਲਾਸ਼ ਮਾਨਸਰੋਵਰ ਕਿੱਥੇ ਸਥਿਤ ਹੈ?

ਤਸਵੀਰ ਸਰੋਤ, Getty Images
ਕੈਲਾਸ਼ ਮਾਨਸਰੋਵਰ ਤਿੱਬਤ ਵਿੱਚ ਸਥਿਤ ਹੈ ਅਤੇ ਇਹ ਹਿੰਦੂਆਂ ਦਾ ਇੱਕ ਪ੍ਰਮੁੱਖ ਤੀਰਥ ਸਥਾਨ ਹੈ।
ਇੱਥੇ ਪਹੁੰਚਣ ਦੇ ਤਿੰਨ ਰਸਤੇ ਹਨ, ਜਿਨ੍ਹਾਂ ਵਿੱਚੋਂ ਦੋ ਭਾਰਤ ਤੋਂ ਹੋ ਕੇ ਅਤੇ ਇੱਕ ਨੇਪਾਲ ਤੋਂ ਹੋ ਕੇ ਜਾਂਦਾ ਹੈ।
ਭਾਰਤ ਵਿੱਚ ਕੈਲਾਸ਼ ਮਾਨਸਰੋਵਰ ਯਾਤਰਾ ਦੋ ਵੱਖ-ਵੱਖ ਰਸਤਿਆਂ ਰਾਹੀਂ ਕੀਤੀ ਜਾ ਸਕਦੀ ਹੈ, ਜਿਨ੍ਹਾਂ ਵਿੱਚ ਲਿਪੁਲੇਖ ਦੱਰਾ (ਉੱਤਰਾਖੰਡ) ਅਤੇ ਨਾਥੂ ਲਾ ਦੱਰਾ (ਸਿੱਕਿਮ) ਸ਼ਾਮਿਲ ਹਨ। ਇਸੇ ਤਰ੍ਹਾਂ, ਪੱਛਮੀ ਨੇਪਾਲ ਵਿੱਚ ਹੁਮਲਾ ਦੇ ਰਸਤੇ ਵੀ ਕੈਲਾਸ਼ ਮਾਨਸਰੋਵਰ ਦੀ ਯਾਤਰਾ ਕੀਤੀ ਜਾਂਦੀ ਹੈ।
ਨੇਪਾਲ ਵਿੱਚ ਯਾਤਰਾ ਕਿਵੇਂ ਕੀਤੀ ਜਾਂਦੀ ਹੈ?
ਨੇਪਾਲ ਵਿੱਚ ਹੁਮਲਾ ਦੇ ਰਸਤੇ ਮਾਨਸਰੋਵਰ ਜਾਣ ਦਾ ਸਭ ਤੋਂ ਵਧੀਆ ਸਮਾਂ ਅਪ੍ਰੈਲ ਤੋਂ ਅਕਤੂਬਰ ਦੇ ਵਿਚਕਾਰ ਮੰਨਿਆ ਜਾਂਦਾ ਹੈ। ਹਾਲਾਂਕਿ, ਲੋਕ ਅਕਤੂਬਰ ਦੇ ਅੰਤ ਤੱਕ ਮਾਨਸਰੋਵਰ ਘੁੰਮਣ ਆਉਂਦੇ ਹਨ।
ਮਾਨਸਰੋਵਰ ਜਾਣ ਵਾਲੇ ਜ਼ਿਆਦਾਤਰ ਤੀਰਥ ਯਾਤਰੀ ਭਾਰਤੀ ਹੁੰਦੇ ਹਨ। ਉਹ ਸਭ ਤੋਂ ਪਹਿਲਾਂ ਕਾਠਮਾਂਡੂ ਤੋਂ ਨੇਪਾਲਗੰਜ ਜਾਂਦੇ ਹਨ। ਉੱਥੇ ਉਹ ਇੱਕ ਰਾਤ ਰੁਕਦੇ ਹਨ। ਨੇਪਾਲਗੰਜ ਤੋਂ ਸਿਮੀਕੋਟ ਤੱਕ 45 ਮਿੰਟ ਦੀ ਡਰਾਈਵ ਰਾਹੀਂ ਪਹੁੰਚਿਆ ਜਾ ਸਕਦਾ ਹੈ।
ਸਿਮੀਕੋਟ ਤੋਂ ਹਿਲਸਾ ਤੱਕ ਇੱਕ ਛੋਟੇ ਜਹਾਜ਼ ਰਾਹੀਂ ਯਾਤਰਾ ਕੀਤੀ ਜਾ ਸਕਦੀ ਹੈ ਅਤੇ ਉੱਥੋਂ ਤਿੱਬਤ ਦੇ ਤਕਲਾਕੋਟ ਤੱਕ ਮੋਟਰ ਵਹੀਕਲ ਰਾਹੀਂ ਸਫ਼ਰ ਕੀਤਾ ਜਾ ਸਕਦਾ ਹੈ, ਜਿੱਥੋਂ ਮਾਨਸਰੋਵਰ ਦੀ ਯਾਤਰਾ ਸ਼ੁਰੂ ਹੁੰਦੀ ਹੈ।
ਭਾਰਤ ਦੇ ਰਸਤੇ ਕੈਲਾਸ਼ ਮਾਨਸਰੋਵਰ ਕਿਵੇਂ ਜਾਇਆ ਜਾਂਦਾ ਹੈ?

ਤਸਵੀਰ ਸਰੋਤ, Getty Images
ਭਾਰਤੀ ਵਿਦੇਸ਼ ਮੰਤਰਾਲਾ ਹਰ ਸਾਲ ਜੂਨ ਤੋਂ ਸਤੰਬਰ ਮਹੀਨੇ ਤੱਕ ਕੈਲਾਸ਼ ਮਾਨਸਰੋਵਰ ਯਾਤਰਾ ਦਾ ਪ੍ਰਬੰਧ ਦੋ ਵੱਖ-ਵੱਖ ਰਸਤਿਆਂ ਰਾਹੀਂ ਕਰਦਾ ਹੈ, ਲਿਪੁਲੇਖ ਦੱਰਾ (ਉੱਤਰਾਖੰਡ) ਅਤੇ ਨਾਥੂ ਲਾ ਦੱਰਾ (ਸਿੱਕਿਮ) ਰਾਹੀਂ।
ਇੱਕ ਟ੍ਰੈਵਲ ਵੈੱਬਸਾਈਟ ਦੇ ਅਨੁਸਾਰ, ਲਿਪੁਲੇਖ ਦੱਰੇ (ਉੱਤਰਾਖੰਡ) ਤੋਂ ਯਾਤਰਾ ਦੀ ਅੰਦਾਜ਼ਨ ਲਾਗਤ ਇੱਕ ਲੱਖ 70 ਹਜ਼ਾਰ ਰੁਪਏ ਹੈ। ਇਸ ਰਸਤੇ ਵਿੱਚ ਲਗਭਗ 200 ਕਿਲੋਮੀਟਰ ਦੀ ਪਹਾੜੀ ਯਾਤਰਾ ਸ਼ਾਮਲ ਹੈ। ਤੀਰਥ ਯਾਤਰੀਆਂ ਨੂੰ ਇਸ ਰਸਤੇ 'ਤੇ ਪੰਜ ਸਮੂਹਾਂ ਵਿੱਚ ਭੇਜਿਆ ਜਾਂਦਾ ਹੈ ਅਤੇ ਪੂਰੀ ਯਾਤਰਾ ਵਿੱਚ 22 ਦਿਨ ਲੱਗ ਸਕਦੇ ਹਨ।
ਨਾਥੂ ਲਾ ਦੱਰੇ ਰਾਹੀਂ ਯਾਤਰਾ ਦੀ ਅੰਦਾਜ਼ਨ ਲਾਗਤ ਵਧ ਕੇ 2 ਲੱਖ 83 ਹਜ਼ਾਰ ਰੁਪਏ ਹੋ ਜਾਂਦੀ ਹੈ। ਇਸ ਰਸਤੇ ਵਿੱਚ ਲਗਭਗ 36 ਕਿਲੋਮੀਟਰ ਦੀ ਪਹਾੜੀ ਸੜਕ 'ਤੇ ਯਾਤਰਾ ਕਰਨੀ ਪੈਂਦੀ ਹੈ। ਤੀਰਥ ਯਾਤਰੀ ਇਸ ਰਸਤੇ ਰਾਹੀਂ 10 ਸਮੂਹਾਂ ਵਿੱਚ ਯਾਤਰਾ ਕਰ ਸਕਦੇ ਹਨ। ਯਾਤਰਾ ਪੂਰੀ ਕਰਨ ਵਿੱਚ 21 ਦਿਨ ਲੱਗ ਸਕਦੇ ਹਨ।
ਸਮੁੰਦਰ ਤਲ ਤੋਂ 6,638 ਮੀਟਰ ਦੀ ਉਚਾਈ 'ਤੇ ਸਥਿਤ ਕੈਲਾਸ਼ ਪਰਬਤ ਅਤੇ ਮਾਨਸਰੋਵਰ ਝੀਲ ਦਾ ਬੌਧ ਧਰਮ ਅਤੇ ਜੈਨ ਧਰਮ ਵਿੱਚ ਵਿਸ਼ੇਸ਼ ਮਹੱਤਵ ਹੈ।
ਭਾਰਤੀ ਵਿਦੇਸ਼ ਮੰਤਰਾਲੇ ਵੱਲੋਂ 2025 ਵਿੱਚ ਦਿੱਤੀ ਗਈ ਜਾਣਕਾਰੀ ਅਨੁਸਾਰ, ਯਾਤਰਾ ਸ਼ੁਰੂ ਹੋਣ ਤੋਂ ਪਹਿਲਾਂ ਯਾਤਰੀਆਂ ਦੀ ਮੈਡੀਕਲ ਜਾਂਚ ਕੀਤੀ ਜਾਂਦੀ ਹੈ। ਵਿਦੇਸ਼ ਮੰਤਰਾਲੇ ਦੇ ਅਨੁਸਾਰ, ਸਾਰੇ ਯਾਤਰੀਆਂ ਲਈ ਇਕੱਠੇ ਯਾਤਰਾ ਕਰਨਾ ਅਤੇ ਇਕੱਠੇ ਵਾਪਸ ਆਉਣਾ ਲਾਜ਼ਮੀ ਹੈ। ਸਾਰੇ ਯਾਤਰੀਆਂ ਨੇ ਆਪਣੀ ਯਾਤਰਾ ਦਿੱਲੀ ਤੋਂ ਸ਼ੁਰੂ ਕਰਨੀ ਹੁੰਦੀ ਹੈ।
ਯਾਤਰਾ ਸ਼ੁਰੂ ਕਰਨ ਤੋਂ ਪਹਿਲਾਂ, ਇੱਕ ਵੈਧ ਪਾਸਪੋਰਟ, ਪਾਸਪੋਰਟ ਆਕਾਰ ਦੀਆਂ ਛੇ ਰੰਗੀਨ ਤਸਵੀਰਾਂ ਅਤੇ 100 ਰੁਪਏ ਮੁੱਲ ਦਾ ਨੋਟਰੀ ਕੀਤਾ ਹੋਇਆ ਇੰਡੈਮਨਿਟੀ ਬਾਂਡ ਮੰਤਰਾਲੇ ਦੇ ਅਧਿਕਾਰੀਆਂ ਕੋਲ ਜਮ੍ਹਾਂ ਕਰਾਉਣਾ ਹੁੰਦਾ ਹੈ।
ਇਨ੍ਹਾਂ ਦੇ ਨਾਲ-ਨਾਲ, ਐਮਰਜੈਂਸੀ ਵਿੱਚ ਹੈਲੀਕਾਪਟਰ ਰਾਹੀਂ ਨਿਕਾਸੀ ਲਈ ਇੱਕ ਹਲਫ਼ਨਾਮਾ ਅਤੇ ਚੀਨ ਵਿੱਚ ਮੌਤ ਹੋਣ 'ਤੇ ਮ੍ਰਿਤਕ ਦੇ ਅੰਤਿਮ ਸੰਸਕਾਰ ਲਈ ਸਹਿਮਤੀ ਪੱਤਰ ਵੀ ਦੇਣਾ ਜ਼ਰੂਰੀ ਹੈ। ਜੇਕਰ ਇਨ੍ਹਾਂ ਦਸਤਾਵੇਜ਼ਾਂ ਵਿੱਚ ਕੋਈ ਕਮੀ ਪਾਈ ਜਾਂਦੀ ਹੈ, ਤਾਂ ਯਾਤਰਾ ਦੀ ਇਜਾਜ਼ਤ ਨਹੀਂ ਮਿਲਦੀ।
ਕੌਣ ਅਰਜ਼ੀ ਦੇ ਸਕਦਾ ਹੈ?

ਤਸਵੀਰ ਸਰੋਤ, Getty Images
ਭਾਰਤੀ ਵਿਦੇਸ਼ ਮੰਤਰਾਲੇ ਨੇ ਕੈਲਾਸ਼ ਮਾਨਸਰੋਵਰ ਦੀ ਯਾਤਰਾ ਲਈ ਕੁਝ ਨਿਯਮ ਬਣਾਏ ਹਨ। ਪਹਿਲੀ ਸ਼ਰਤ ਇਹ ਹੈ ਕਿ ਤੀਰਥ ਯਾਤਰੀ ਦਾ ਭਾਰਤੀ ਨਾਗਰਿਕ ਹੋਣਾ ਲਾਜ਼ਮੀ ਹੈ।
ਤੀਰਥ ਯਾਤਰੀ ਕੋਲ ਘੱਟੋ-ਘੱਟ ਛੇ ਮਹੀਨਿਆਂ ਦੀ ਵੈਧਤਾ ਵਾਲਾ ਭਾਰਤੀ ਪਾਸਪੋਰਟ ਹੋਣਾ ਚਾਹੀਦਾ ਹੈ। ਮੌਜੂਦਾ ਸਾਲ ਦੀ 1 ਜਨਵਰੀ ਦੇ ਮੁਤਾਬਕ, ਯਾਤਰੀ ਦੀ ਉਮਰ 18 ਤੋਂ 70 ਸਾਲ ਦੇ ਵਿਚਕਾਰ ਹੋਣੀ ਚਾਹੀਦੀ ਹੈ।
ਤੀਰਥ ਯਾਤਰਾ ਲਈ ਸਭ ਤੋਂ ਮਹੱਤਵਪੂਰਨ ਚੀਜ਼ ਤੀਰਥ ਯਾਤਰੀ ਦਾ ਬਾਡੀ ਮਾਸ ਇੰਡੈਕਸ (ਬੀਐਮਆਈ) ਹੈ। ਮਤਲਬ, ਸਿਰਫ਼ ਉਨ੍ਹਾਂ ਲੋਕਾਂ ਨੂੰ ਯਾਤਰਾ ਦੀ ਇਜਾਜ਼ਤ ਦਿੱਤੀ ਜਾਂਦੀ ਹੈ ਜਿਨ੍ਹਾਂ ਦਾ ਬੀਐਮਆਈ 25 ਜਾਂ ਇਸ ਤੋਂ ਘੱਟ ਹੁੰਦਾ ਹੈ।
ਇਸ ਯਾਤਰਾ 'ਤੇ ਜਾਣ ਵਾਲੇ ਵਿਅਕਤੀ ਦਾ ਸਰੀਰਕ ਅਤੇ ਮੈਡੀਕਲ ਤੌਰ 'ਤੇ ਸਿਹਤਮੰਦ ਹੋਣਾ ਲਾਜ਼ਮੀ ਹੈ। ਵਿਦੇਸ਼ੀ ਨਾਗਰਿਕ ਇਸ ਯਾਤਰਾ ਲਈ ਅਰਜ਼ੀ ਨਹੀਂ ਦੇ ਸਕਦੇ। ਇਸੇ ਤਰ੍ਹਾਂ ਓਵਰਸੀਜ਼ ਸਿਟੀਜ਼ਨ ਆਫ਼ ਇੰਡੀਆ (ਓਸੀਆਈ) ਕਾਰਡ ਧਾਰਕ ਵੀ ਇਸ ਯਾਤਰਾ ਲਈ ਅਰਜ਼ੀ ਦੇਣ ਦੇ ਯੋਗ ਨਹੀਂ ਹਨ।
'ਨੇਪਾਲ ਨੂੰ ਭਗਵਾਨ ਸ਼ਿਵ ਦਾ ਨਿਵਾਸ ਸਥਾਨ ਮੰਨਿਆ ਜਾਂਦਾ ਹੈ'

ਤਸਵੀਰ ਸਰੋਤ, Subaas Shrestha/NurPhoto via Getty Images
ਤਿਰੁਵੰਨਾਮਲਾਈ ਦੇ ਬੋਲੂਰ ਨਿਵਾਸੀ ਗੋਕੁਲਕ੍ਰਿਸ਼ਣਨ ਮਹਾਰਾਜ ਦਾ ਕਹਿਣਾ ਹੈ ਕਿ ਨੇਪਾਲ ਦੇ ਅਧਿਆਤਮਿਕ ਯਾਤਰਾ ਸਥਾਨ ਹੋਣ ਦਾ ਕਾਰਨ ਇਹ ਹੈ ਕਿ ਇਸ ਨੂੰ ਸ਼ਿਵ ਦਾ ਨਿਵਾਸ ਸਥਾਨ ਮੰਨਿਆ ਜਾਂਦਾ ਹੈ, ਜਿਨ੍ਹਾਂ ਨੂੰ ਹਿੰਦੂਆਂ ਦਾ ਪਹਿਲਾ ਦੇਵਤਾ ਮੰਨਿਆ ਜਾਂਦਾ ਹੈ।
ਬੀਬੀਸੀ ਤਮਿਲ ਨਾਲ ਗੱਲ ਕਰਦੇ ਹੋਏ ਉਨ੍ਹਾਂ ਨੇ ਕਿਹਾ, "ਨੇਪਾਲ ਇੱਕ ਸਵਰਗ ਵਰਗੀ ਧਰਤੀ ਹੈ, ਜਿਸ ਵਿੱਚ ਕੁਦਰਤੀ ਸੁੰਦਰਤਾ ਅਤੇ ਅਧਿਆਤਮਿਕਤਾ ਦੋਵੇਂ ਹਨ। ਹਿੰਦੂਆਂ ਦਾ ਸੁਪਨਾ ਹੁੰਦਾ ਹੈ ਕਿ ਉਹ ਜੀਵਨ ਵਿੱਚ ਘੱਟੋ-ਘੱਟ ਇੱਕ ਵਾਰ ਇਸ ਧਰਤੀ 'ਤੇ ਕਦਮ ਰੱਖਣ ਅਤੇ ਕੈਲਾਸ਼ ਪਰਬਤ ਦੇ ਦਰਸ਼ਨ ਕਰਨ। ਇਸੇ ਤਹਿਤ ਮੈਨੂੰ ਦੋ ਸਾਲ ਪਹਿਲਾਂ ਉੱਥੇ ਜਾਣ ਦਾ ਮੌਕਾ ਮਿਲਿਆ।"
ਗੋਕੁਲਕ੍ਰਿਸ਼ਣਨ ਨੇ ਦੱਸਿਆ ਕਿ ਨੇਪਾਲ ਦੀ ਰਾਜਧਾਨੀ ਕਾਠਮਾਂਡੂ ਵਿੱਚ ਸਥਿਤ ਪਸ਼ੁਪਤੀ ਨਾਥ ਮੰਦਰ ਨੂੰ ਕਾਸ਼ੀ ਦੇ ਬਰਾਬਰ ਮੰਨਿਆ ਜਾਂਦਾ ਹੈ।
ਉਨ੍ਹਾਂ ਕਿਹਾ, "ਜਿਸ ਤਰ੍ਹਾਂ ਕਾਸ਼ੀ ਵਿੱਚ ਇਹ ਮਾਨਤਾ ਹੈ ਕਿ ਦਾਹ ਸੰਸਕਾਰ ਕਰਨ 'ਤੇ ਆਤਮਾ ਸਵਰਗ ਜਾਂਦੀ ਹੈ, ਉਸੇ ਤਰ੍ਹਾਂ ਨੇਪਾਲ ਵਿੱਚ ਪਸ਼ੁਪਤੀ ਨਾਥ ਮੰਦਰ ਨੂੰ ਲੈਕੇ ਇਹ ਮਾਨਤਾ ਹੈ। ਕਾਸ਼ੀ ਵਿੱਚ ਵਗਦੀ ਗੰਗਾ ਨਦੀ ਦੀ ਤਰ੍ਹਾਂ ਹੀ ਇਸ ਮੰਦਰ ਦੇ ਨੇੜਿਓਂ ਵੀ ਬਾਗਮਤੀ ਨਦੀ ਵਗਦੀ ਹੈ।"
ਉੱਥੋਂ ਦੀ ਪੂਜਾ ਪੱਧਤੀ ਬਾਰੇ ਦੱਸਦੇ ਹੋਏ ਉਹ ਕਹਿੰਦੇ ਹਨ, "ਇੱਥੇ ਇੱਕ ਵਿਸ਼ੇਸ਼ ਭਾਈਚਾਰੇ ਦੀ ਦੋ ਤੋਂ ਪੰਜ ਸਾਲ ਦੀ ਉਮਰ ਦੀ ਇੱਕ ਬੱਚੀ ਨੂੰ ਚੁਣ ਕੇ ਉਸ ਦੀ 'ਲਿਵਿੰਗ ਗੌਡਸ' (ਜ਼ਿੰਦਾ ਦੇਵੀ) ਦੇ ਰੂਪ ਵਿੱਚ ਪੂਜਾ ਕੀਤੀ ਜਾਂਦੀ ਹੈ, ਜੋ ਸਿਰਫ਼ ਤਿਉਹਾਰਾਂ ਦੌਰਾਨ ਪ੍ਰਗਟ ਹੁੰਦੀ ਹੈ ਅਤੇ ਦੁਨੀਆ ਭਰ ਤੋਂ ਕਈ ਲੋਕ ਉਸ ਨੂੰ ਦੇਖਣ ਆਉਂਦੇ ਹਨ। ਦੈਵੀ ਸ਼ਕਤੀਆਂ ਨਾਲ ਸੰਪੰਨ ਮੰਨੀ ਜਾਣ ਵਾਲੀ ਇਹ ਦੇਵੀ, ਜਦੋਂ ਤੱਕ ਵੱਡੀ ਨਹੀਂ ਹੋ ਜਾਂਦੀ, ਉਦੋਂ ਤੱਕ ਦੇਵੀ ਦੇ ਰੂਪ ਵਿੱਚ ਉੱਥੇ ਹੀ ਰਹਿੰਦੀ ਹੈ।"
ਗੋਕੁਲਕ੍ਰਿਸ਼ਣਨ ਦੇ ਅਨੁਸਾਰ, "ਜਦੋਂ ਕੁੜੀ ਜਵਾਨੀ ਦੀ ਅਵਸਥਾ ਵਿੱਚ ਪਹੁੰਚ ਜਾਂਦੀ ਹੈ, ਤਾਂ ਦੂਜੀ ਕੁੜੀ ਨੂੰ ਦੇਵੀ ਦੇ ਰੂਪ ਵਿੱਚ ਚੁਣਿਆ ਜਾਂਦਾ ਹੈ। ਇਹ ਰਸਮ ਅੱਜ ਵੀ ਨੇਪਾਲ ਵਿੱਚ ਪ੍ਰਚਲਿਤ ਹੈ। ਇਸ ਨੂੰ ਮਹਿਲਾਵਾਂ ਨੂੰ ਦੇਵੀ ਦੇ ਰੂਪ ਵਿੱਚ ਪੂਜਣ ਦਾ ਪ੍ਰਤੀਕ ਮੰਨਿਆ ਜਾਂਦਾ ਹੈ। ਇਸ ਤੋਂ ਇਲਾਵਾ ਦੇਵੀ ਭਗਵਤੀ ਦਾ ਮੰਦਰ ਮਨਕਾਮਨਾ ਵੀ ਇੱਕ ਪ੍ਰਸਿੱਧ ਪੂਜਾ ਸਥਾਨ ਹੈ।"
ਗੋਕੁਲਕ੍ਰਿਸ਼ਣਨ ਨੇ ਇਹ ਵੀ ਦੱਸਿਆ ਕਿ ਕਾਠਮਾਂਡੂ ਦੇ ਨੇੜੇ ਨਾਗਰਕੋਟ, ਚੰਦਰਗਿਰੀ ਹਿੱਲ ਅਤੇ ਸਿਸਪਾਨੀ ਵਰਗੀਆਂ ਕਈ ਥਾਵਾਂ ਹਨ, ਪਰ ਸਭ ਤੋਂ ਖੂਬਸੂਰਤ ਸਨਰਾਈਜ਼ (ਚੜ੍ਹਦਾ ਸੂਰਜ) ਦੇਖਣ ਲਈ ਨਾਗਰਕੋਟ ਸਭ ਤੋਂ ਵਧੀਆ ਜਗ੍ਹਾ ਹੈ।
ਇਸੇ ਤਰ੍ਹਾਂ ਬੁੱਧ ਦੀ ਪਵਿੱਤਰ ਜਨਮਭੂਮੀ ਲੁੰਬਿਨੀ, ਵਿਸ਼ਣੂ ਨੂੰ ਸਮਰਪਿਤ ਵੈਸ਼ਣਵ ਤੀਰਥ ਸਥਾਨ ਮੁਕਤਿਨਾਥ ਮੰਦਰ ਅਤੇ ਦੇਵੀ ਸੀਤਾ ਦਾ ਜਨਮ ਸਥਾਨ ਮੰਨਿਆ ਜਾਣ ਵਾਲਾ ਜਨਕਪੁਰ ਸੀਤਾ ਮੰਦਰ, ਨੇਪਾਲ ਵਿੱਚ ਹਿੰਦੂਆਂ ਲਈ ਪ੍ਰਸਿੱਧ ਸਥਾਨ ਹਨ।
ਕੈਲਾਸ਼ ਪਰਬਤ

ਤਸਵੀਰ ਸਰੋਤ, BSIP/Universal Images Group via Getty Images
ਕੈਲਾਸ਼ ਪਰਬਤ ਬਾਰੇ ਗੋਕੁਲਕ੍ਰਿਸ਼ਣਨ ਕਹਿੰਦੇ ਹਨ, "ਕੈਲਾਸ਼ ਇੱਕ ਅਜਿਹਾ ਸਥਾਨ ਹੈ ਜਿੱਥੇ ਹਰ ਕੋਈ, ਖ਼ਾਸ ਕਰਕੇ ਸਾਧੂ ਅਤੇ ਹਿੰਦੂ, ਜਾਣਾ ਚਾਹੁੰਦੇ ਹਨ। ਅਜਿਹਾ ਮੰਨਿਆ ਜਾਂਦਾ ਹੈ ਕਿ ਉੱਥੇ ਜਾ ਕੇ ਪੂਜਾ-ਪਾਠ ਕਰਨ ਨਾਲ ਅਧਿਆਤਮਿਕ ਬਦਲਾਅ ਆਉਂਦਾ ਹੈ। ਇੰਨਾ ਹੀ ਨਹੀਂ, ਕੈਲਾਸ਼ ਦੀ ਪਰਿਕਰਮਾ ਅਤੇ ਪੂਜਾ ਦੁਨੀਆ ਦੀਆਂ ਸਭ ਤੋਂ ਪ੍ਰਸਿੱਧ ਤੀਰਥ ਯਾਤਰਾਵਾਂ ਵਿੱਚੋਂ ਇੱਕ ਹੈ। ਇਸ ਪਹਾੜ ਨੂੰ ਅੰਦਰੂਨੀ ਸ਼ਾਂਤੀ ਅਤੇ ਸਦਭਾਵਨਾ ਦੇ ਸ਼ਕਤੀਸ਼ਾਲੀ ਪ੍ਰਤੀਕ ਵਜੋਂ ਪੂਜਿਆ ਜਾਂਦਾ ਹੈ।"
ਹਿੰਦੂ ਮਾਨਤਾ ਦੇ ਅਨੁਸਾਰ, ਭਗਵਾਨ ਸ਼ਿਵ ਆਪਣੇ ਪਰਿਵਾਰ ਨਾਲ ਇੱਥੇ ਨਿਵਾਸ ਕਰਦੇ ਹਨ। ਜੈਨ ਧਰਮ ਵਿੱਚ ਇਸ ਪਹਾੜ ਨੂੰ ਅਸ਼ਟਪਦ ਕਿਹਾ ਜਾਂਦਾ ਹੈ। ਇੱਥੇ ਹੀ 24 ਤੀਰਥੰਕਰਾਂ ਵਿੱਚੋਂ ਪਹਿਲੇ ਰਿਸ਼ਭ ਨੂੰ ਗਿਆਨ ਪ੍ਰਾਪਤ ਹੋਇਆ ਸੀ।
ਤਿੱਬਤੀ ਬੌਧ ਧਰਮ ਅਤੇ ਸ਼ਮਨਵਾਦੀ ਬੋਧ ਧਰਮ ਦੇ ਪੈਰੋਕਾਰ ਇਸ ਪਹਾੜ ਨੂੰ 'ਤਾਈਸੇ' ਕਹਿੰਦੇ ਹਨ, ਜੋ ਦੇਵੀ ਸਿਪਾਮੇਨ ਦਾ ਨਿਵਾਸ ਸਥਾਨ ਹੈ। ਤਿੱਬਤੀ ਬੌਧ ਇਸ ਚੋਟੀ ਨੂੰ ਡੇਮਚੋਕ ਅਤੇ ਉਨ੍ਹਾਂ ਦੀ ਪਤਨੀ ਤੋਰਜੇ ਬਾਗਮੋ ਦਾ ਨਿਵਾਸ ਸਥਾਨ ਮੰਨਦੇ ਹਨ।
ਗੋਕੁਲਕ੍ਰਿਸ਼ਣਨ ਦੱਸਦੇ ਹਨ, "ਏਸ਼ੀਆ ਦੀਆਂ ਚਾਰ ਮਹਾਨ ਨਦੀਆਂ ਅਤੇ ਉਨ੍ਹਾਂ ਦੇ ਉਦਗਮ ਸਥਾਨ ਨਾਲ ਜੁੜੇ ਗਲੇਸ਼ੀਅਰ ਮਿਲ ਕੇ ਪਹਾੜ ਦੀ ਚੋਟੀ 'ਤੇ ਸਥਿਤ ਹਿੰਦੂ ਪ੍ਰਤੀਕ ਸਵਾਸਤਿਕ ਦਾ ਨਿਰਮਾਣ ਕਰਦੇ ਹਨ। ਉੱਤਰ ਤੋਂ ਵਗਣ ਵਾਲੀ ਸਿੰਧੂ ਨਦੀ, ਦੱਖਣ ਤੋਂ ਵਗਣ ਵਾਲੀ ਕਰਣਬੀ (ਗੰਗਾ ਦੀ ਇੱਕ ਸਹਾਇਕ ਨਦੀ), ਪੱਛਮ ਤੋਂ ਵਗਣ ਵਾਲੀ ਸਤਲੁਜ ਨਦੀ ਅਤੇ ਪੂਰਬ ਤੋਂ ਵਗਣ ਵਾਲੀ ਬ੍ਰਹਮਪੁੱਤਰ ਨਦੀ ਏਸ਼ੀਆਈ ਮਹਾਂਦੀਪ ਦੀ ਜੀਵਨਰੇਖਾ ਹਨ। ਉੱਥੇ ਹੀ, ਕੈਲਾਸ਼ ਪਰਬਤ ਦੇ ਨੇੜੇ ਸਥਿੱਤ ਮਾਨਸਰੋਵਰ ਝੀਲ ਨੂੰ ਪਵਿੱਤਰ ਮੰਨਿਆ ਜਾਂਦਾ ਹੈ।"
'ਮਾਨਸਰੋਵਰ ਝੀਲ ਦੀ ਰਚਨਾ ਬ੍ਰਹਮਾ ਦੇ ਮਨ ਵਿੱਚ ਹੋਈ ਸੀ'

ਗੋਕੁਲਕ੍ਰਿਸ਼ਣਨ ਕਹਿੰਦੇ ਹਨ, "ਹਿੰਦੂ ਮਾਨਤਾ ਦੇ ਅਨੁਸਾਰ, ਅਜਿਹਾ ਮੰਨਿਆ ਜਾਂਦਾ ਹੈ ਕਿ ਮਾਨਸਰੋਵਰ ਝੀਲ ਬ੍ਰਹਮਾ ਦੇ ਮਨ ਵਿੱਚ ਉਤਪੰਨ ਹੋਈ ਸੀ। ਇਸੇ ਲਈ ਇਸ ਨੂੰ ਮਾਨਸਰੋਵਰ ਕਿਹਾ ਜਾਂਦਾ ਹੈ। 'ਮਾਨਸਰੋਵਰ' ਨਾਮ ਦੋ ਸੰਸਕ੍ਰਿਤ ਸ਼ਬਦਾਂ ਤੋਂ ਮਿਲ ਕੇ ਬਣਿਆ ਹੈ। ਇੱਥੇ 'ਮਾਨਸ' ਦਾ ਅਰਥ ਹੈ 'ਮਨ' ਜਾਂ 'ਗਿਆਨ' ਅਤੇ 'ਸਰੋਵਰ' ਦਾ ਅਰਥ ਹੈ 'ਝੀਲ'।"
ਉਨ੍ਹਾਂ ਨੇ ਦੱਸਿਆ ਕਿ ਅਜਿਹੀ ਮਾਨਤਾ ਹੈ ਕਿ ਕੈਲਾਸ਼-ਮਾਨਸਰੋਵਰ ਵਿੱਚ ਦੇਵਤੇ ਨਿਵਾਸ ਕਰਦੇ ਹਨ ਅਤੇ ਧਿਆਨ ਕਰਦੇ ਹਨ।
ਉਨ੍ਹਾਂ ਨੇ ਅੱਗੇ ਕਿਹਾ ਕਿ ਸਿਰਫ਼ ਹਿੰਦੂ ਹੀ ਨਹੀਂ, ਸਗੋਂ ਕਈ ਧਰਮਾਂ ਨਾਲ ਜੁੜੇ ਅਧਿਆਤਮਿਕ ਰੁਝਾਨ ਵਾਲੇ ਲੋਕ ਵੀ ਉੱਥੇ ਦਰਸ਼ਨ ਕਰਨ ਆਉਂਦੇ ਹਨ।
ਤਿਰੁਵੰਨਾਮਲਾਈ ਦੇ ਗੋਕੁਲਕ੍ਰਿਸ਼ਣਨ ਮਹਾਰਾਜ ਨੇ ਨੇਪਾਲ ਘੁੰਮਣ ਲਈ ਅਕਤੂਬਰ ਅਤੇ ਨਵੰਬਰ ਦੇ ਮਹੀਨਿਆਂ ਨੂੰ ਸਭ ਤੋਂ ਵਧੀਆ ਸਮਾਂ ਦੱਸਿਆ।
ਨੇਪਾਲ ਕਿਵੇਂ ਜਾਇਆ ਜਾ ਸਕਦਾ ਹੈ?

ਤਸਵੀਰ ਸਰੋਤ, Getty Images
ਕੁੰਭਕੋਣਮ ਵਿੱਚ ਸੁਪਰ ਯਾਤਰਾ ਏਜੰਸੀ 50 ਤੋਂ ਜ਼ਿਆਦਾ ਸਾਲਾਂ ਤੋਂ ਚੱਲ ਰਹੀ ਹੈ। ਇਸ ਦੇ ਮਾਲਕ ਸਈਦ ਸਾਦਿਕ ਨੇ ਬੀਬੀਸੀ ਤਮਿਲ ਨੂੰ ਦੱਸਿਆ ਕਿ ਹਿੰਦੂ, ਖ਼ਾਸ ਕਰਕੇ ਤਮਿਲਨਾਡੂ ਤੋਂ ਹਰ ਸਾਲ ਨੇਪਾਲ ਦੀ ਅਧਿਆਤਮਿਕ ਧਰਤੀ ਦੀ ਯਾਤਰਾ ਕਰਨ ਲਈ ਉਤਸੁਕ ਰਹਿੰਦੇ ਹਨ।
ਸਈਦ ਸਾਦਿਕ ਦੱਸਦੇ ਹਨ, "ਅਸੀਂ ਆਪਣੀ ਏਜੰਸੀ ਰਾਹੀਂ ਹਰ ਸਾਲ ਇੱਕ ਸਮੂਹ ਨੂੰ ਅਧਿਆਤਮਿਕ ਯਾਤਰਾ ਲਈ ਨੇਪਾਲ ਭੇਜਦੇ ਹਾਂ। ਕਦੇ-ਕਦੇ ਮੈਂ ਵੀ ਉਨ੍ਹਾਂ ਦੇ ਨਾਲ ਜਾਂਦਾ ਹਾਂ।"
ਉਹ ਦੱਸਦੇ ਹਨ, "ਸਾਡੀ ਏਜੰਸੀ ਰਾਹੀਂ ਯਾਤਰਾ ਕਰ ਚੁੱਕੇ ਲੋਕਾਂ ਦੀਆਂ ਤਰਜੀਹਾਂ ਨੂੰ ਅਸੀਂ ਤੈਅ ਕਰਦੇ ਹਾਂ। ਅਸੀਂ ਉਨ੍ਹਾਂ ਦੀ ਸਿਹਤ ਦੀ ਵੀ ਜਾਂਚ ਕਰਦੇ ਹਾਂ ਅਤੇ ਉਨ੍ਹਾਂ ਨੂੰ ਉਦੋਂ ਹੀ ਲੈਕੇ ਜਾਂਦੇ ਹਾਂ ਜਦੋਂ ਉਹ ਸਰੀਰਕ ਤੌਰ 'ਤੇ ਸਿਹਤਮੰਦ ਹੁੰਦੇ ਹਨ।"
ਸਈਦ ਸਾਦਿਕ ਨੇ ਕਿਹਾ ਕਿ ਯਾਤਰਾ ਤੋਂ ਪਹਿਲਾਂ ਉਹ ਯਾਤਰੀਆਂ ਨੂੰ ਇਸ ਬਾਰੇ ਟ੍ਰੇਨਿੰਗ ਦਿੰਦੇ ਹਨ ਕਿ ਯਾਤਰਾ ਦੌਰਾਨ ਕਿਹੜੀਆਂ ਚੀਜ਼ਾਂ ਕਰਨੀਆਂ ਚਾਹੀਦੀਆਂ ਹਨ ਅਤੇ ਕਿਹੜੀਆਂ ਨਹੀਂ।
ਨੇਪਾਲ ਜਾਣ ਦੇ ਰਸਤੇ ਬਾਰੇ ਦੱਸਦੇ ਹੋਏ ਸਈਦ ਸਾਦਿਕ ਕਹਿੰਦੇ ਹਨ, "ਅਸੀਂ ਜ਼ਿਆਦਾਤਰ ਲੋਕਾਂ ਨੂੰ ਇੱਥੋਂ ਕਾਠਮਾਂਡੂ ਤੱਕ ਜਹਾਜ਼ ਰਾਹੀਂ ਲੈਕੇ ਜਾਵਾਂਗੇ। ਉੱਥੋਂ, ਅਸੀਂ ਉਨ੍ਹਾਂ ਨੂੰ ਵੱਖ-ਵੱਖ ਮਿੰਨੀ ਬੱਸਾਂ ਵਿੱਚ 25 ਲੋਕਾਂ ਦੇ ਸਮੂਹ ਵਿੱਚ ਮਾਨਸਰੋਵਰ ਕੈਲਾਸ਼ ਖੇਤਰ ਤੱਕ ਲੈਕੇ ਜਾਂਦੇ ਹਾਂ।"
ਚਾਰ ਦਿਨਾਂ ਦੀ ਯਾਤਰਾ

ਉਹ ਦੱਸਦੇ ਹਨ, "ਅਸੀਂ ਕਾਠਮਾਂਡੂ ਤੋਂ ਚਾਰ ਦਿਨ ਬੱਸ ਰਾਹੀਂ ਯਾਤਰਾ ਕਰਨ ਤੋਂ ਬਾਅਦ ਕੈਲਾਸ਼ ਖੇਤਰ ਪਹੁੰਚਦੇ ਹਾਂ। ਉੱਥੇ ਜਾਂਦੇ ਸਮੇਂ ਅਸੀਂ ਬਹੁਤ ਧੀਰਜ ਨਾਲ ਬੱਸ ਯਾਤਰਾ ਕਰਦੇ ਹਾਂ। ਅਸੀਂ ਇਹ ਯਕੀਨੀ ਬਣਾਉਂਦੇ ਹਾਂ ਕਿ ਬੱਸ ਯਾਤਰਾ ਲੋਕਾਂ ਲਈ ਠੀਕ ਰਹੇ। ਰਸਤੇ ਵਿੱਚ ਕਿਸੇ ਵੀ ਸਿਹਤ ਸਮੱਸਿਆ ਦੀ ਸਥਿਤੀ ਵਿੱਚ ਉਨ੍ਹਾਂ ਲਈ ਡਾਕਟਰੀ ਇਲਾਜ ਦੀ ਸਹੂਲਤ ਵੀ ਉਪਲੱਬਧ ਹੈ। ਜੇਕਰ ਕੋਈ ਗੰਭੀਰ ਸਿਹਤ ਸਮੱਸਿਆ ਹੁੰਦੀ ਹੈ, ਤਾਂ ਅਸੀਂ ਉਨ੍ਹਾਂ ਨੂੰ ਵਿਕਲਪਿਕ ਵਾਹਨ ਰਾਹੀਂ ਸ਼ੈਲਟਰ ਤੱਕ ਪਹੁੰਚਾ ਦਿੰਦੇ ਹਾਂ।"
ਸਈਦ ਸਾਦਿਕ ਕਹਿੰਦੇ ਹਨ, "ਚਾਰ ਦਿਨਾਂ ਦੀ ਯਾਤਰਾ ਤੋਂ ਬਾਅਦ ਕੈਲਾਸ਼ ਪਹੁੰਚਣ 'ਤੇ ਉੱਥੇ ਦਰਸ਼ਨ ਕਰਨ ਤੋਂ ਬਾਅਦ ਕੁਝ ਲੋਕ ਪਰਬਤ ਦੀ ਪਰਿਕਰਮਾ ਕਰਦੇ ਹਨ। ਇਸ ਵਿੱਚ ਦੋ ਦਿਨ ਲੱਗਦੇ ਹਨ ਅਤੇ ਪ੍ਰੋਗਰਾਮ ਸਮੇਂ-ਸਮੇਂ 'ਤੇ ਬਦਲਦਾ ਰਹਿੰਦਾ ਹੈ। ਨਾਲ ਹੀ, ਕਿਉਂਕਿ ਇਹ ਇੱਕ ਠੰਡਾ ਇਲਾਕਾ ਹੈ, ਅਸੀਂ ਉਨ੍ਹਾਂ ਨੂੰ ਸਹੀ ਕੱਪੜੇ ਪਹਿਨਾ ਕੇ ਆਪਣੇ ਨਾਲ ਲੈਕੇ ਜਾਂਦੇ ਹਾਂ ਅਤੇ ਜੇਕਰ ਜ਼ਰੂਰੀ ਹੋਵੇ ਤਾਂ ਅਸੀਂ ਉਨ੍ਹਾਂ ਲਈ ਕੱਪੜੇ ਖਰੀਦਦੇ ਹਾਂ।"
ਬੀਬੀਸੀ ਲਈ ਕਲੈਕਟਿਵ ਨਿਊਜ਼ਰੂਮ ਵੱਲੋਂ ਪ੍ਰਕਾਸ਼ਿਤ




























