ਹੁਸ਼ਿਆਰਪੁਰ 'ਚ ਹੈਡ ਮਾਸਟਰ 'ਤੇ ਲੱਗੇ ਸਕੂਲੀ ਬੱਚੀ ਨਾਲ ਜਿਨਸੀ ਸੋਸ਼ਣ ਕਰਨ ਦੇ ਇਲਜ਼ਾਮ

ਤਸਵੀਰ ਸਰੋਤ, Getty Images
ਹੁਸ਼ਿਆਰਪੁਰ ਜ਼ਿਲ੍ਹੇ ਵਿੱਚ ਇੱਕ ਸਕੂਲੀ ਬੱਚੀ ਨਾਲ ਕਥਿਤ ਰੇਪ ਦਾ ਮਾਮਲਾ ਸਾਹਮਣੇ ਆਇਆ ਹੈ। ਬੱਚੀ ਦੇ ਸੋਸ਼ਣ ਅਤੇ ਰੇਪ ਦੇ ਇਲਜ਼ਾਮ ਉਸੇ ਸਕੂਲ ਦੇ ਹੀ ਹੈਡ ਮਾਸਟਰ 'ਤੇ ਲੱਗੇ ਹਨ ਜਿੱਥੇ ਉਹ ਪੜ੍ਹਦੀ ਸੀ।
ਕੌਮੀ ਮਹਿਲਾ ਕਮਿਸ਼ਨ ਨੇ ਇਸ ਬਾਰੇ ਸੋ ਮੋਟੋ ਨੋਟਿਸ ਲੈਂਦਿਆਂ ਸੱਤ ਦਿਨਾਂ ਅੰਦਰ ਕਾਰਵਾਈ ਦੀ ਰਿਪੋਰਟ ਮੰਗੀ ਹੈ।
ਬੀਬੀਸੀ ਸਹਿਯੋਗੀ ਪ੍ਰਦੀਪ ਸ਼ਰਮਾ ਦੀ ਜਾਣਕਾਰੀ ਮੁਤਾਬਕ, ਇਲਜ਼ਾਮ ਹਨ ਕਿ ਹੁਸ਼ਿਆਰਪੁਰ ਜ਼ਿਲ੍ਹੇ ਦੇ ਇੱਕ ਸਰਕਾਰੀ ਸਕੂਲ ਵਿੱਚ ਪੜ੍ਹਦੀ ਬੱਚੀ ਨਾਲ ਸਕੂਲ ਦੇ ਹੈਡ ਮਾਸਟਰ ਵੱਲੋਂ ਕਥਿਤ ਤੌਰ 'ਤੇ ਰੇਪ ਕੀਤਾ ਗਿਆ ਹੈ। ਪੀੜਤ ਬੱਚੀ ਦੀ ਉਮਰ ਤਕਰੀਬਨ ਗਿਆਰਾਂ ਸਾਲ ਦੱਸੀ ਜਾ ਰਹੀ ਹੈ। ਮੁਲਜ਼ਮ ਦੀ ਉਮਰ ਤਕਰੀਬਨ 52 ਸਾਲ ਦੱਸੀ ਜਾ ਰਹੀ ਹੈ।
ਮੁਲਜ਼ਮ ਨੂੰ ਅਦਾਲਤ ਵਿੱਚ ਪੇਸ਼ ਕੀਤਾ ਗਿਆ ਅਤੇ 14 ਦਿਨ ਦੀ ਨਿਆਇਕ ਹਿਰਾਸਤ ਵਿੱਚ ਭੇਜ ਦਿੱਤਾ ਗਿਆ ਹੈ।
ਕੀ ਹੈ ਮਾਮਲਾ ?
ਮਾਮਲੇ ਵਿੱਚ ਦਰਜ ਐਫਆਈਆਰ ਮੁਤਾਬਕ ਲੜਕੀ ਦੇ ਪਿਤਾ ਨੇ ਸ਼ਿਕਾਇਤ ਦਰਜ ਕਰਵਾਈ ਹੈ। ਜਿਸ ਵਿੱਚ ਉਨ੍ਹਾਂ ਇਲਜ਼ਾਮ ਲਗਾਇਆ ਹੈ ਕਿ 11 ਅਗਸਤ 2026 ਨੂੰ ਉਨ੍ਹਾਂ ਦੀ ਨਬਾਲਗ ਧੀ ਨਾਲ ਨਾਮਜ਼ਦ ਮੁਲਜ਼ਮ ਵੱਲੋਂ ਜਿਨਸੀ ਸੋਸ਼ਣ ਕੀਤਾ ਗਿਆ।
ਸ਼ਿਕਾਇਤ ਕਰਤਾ ਮੁਤਾਬਕ ਉਨ੍ਹਾਂ ਨੂੰ ਇਸ ਘਟਨਾ ਬਾਰੇ ਬਾਅਦ ਵਿੱਚ ਜਾਣਕਾਰੀ ਮਿਲੀ, ਜਿਸ ਤੋਂ ਬਾਅਦ 27 ਅਗਸਤ 2026 ਨੂੰ ਪੁਲਿਸ ਕੋਲ ਰਿਪੋਰਟ ਦਰਜ ਕਰਵਾਈ ਗਈ।
ਇਸ ਆਧਾਰ 'ਤੇ ਭਾਰਤੀ ਨਿਆਂ ਸੰਹਿਤਾ (BNS), 2023 ਦੀ ਧਾਰਾ 65(2), ਬੱਚਿਆਂ ਨੂੰ ਜਿਨਸੀ ਅਪਰਾਧਾਂ ਤੋਂ ਸੁਰੱਖਿਆ ਐਕਟ (POCSO), 2012 ਦੀ ਧਾਰਾ 6 ਹੇਠ ਮਾਮਲਾ ਦਰਜ ਕਰਕੇ ਜਾਂਚ ਸ਼ੁਰੂ ਕੀਤੀ ਗਈ ਹੈ ਅਤੇ ਮੁਲਜ਼ਮ ਪੁਲਿਸ ਦੀ ਹਿਰਾਸਤ ਵਿੱਚ ਹੈ।
ਸਥਾਨਕ ਸਿਵਲ ਹਸਪਤਾਲ ਵਿੱਚ ਗਾਇਨਿਕਲੋਜਿਸਟ ਡਾਕਟਰ ਨੇ ਦੱਸਿਆ ਕਿ 27 ਅਗਸਤ ਦੀ ਰਾਤ ਨੂੰ ਹਸਪਤਾਲ ਵਿੱਚ ਨਬਾਲਗ ਬੱਚੀ ਨੂੰ ਲਿਆਂਦਾ ਗਿਆ ਸੀ ਜਿਸ ਦੇ ਗੁਪਤ ਅੰਗ ਤੋਂ ਕਾਫ਼ੀ ਖੂਨ ਵਹਿ ਰਿਹਾ ਸੀ। ਡਾਕਟਰ ਮੁਤਾਬਕ ਉਸੇ ਵੇਲੇ ਬੱਚੀ ਦਾ ਇਲਾਜ ਸ਼ੁਰੂ ਕਰ ਦਿੱਤਾ ਗਿਆ ਸੀ ਅਤੇ ਹੁਣ ਉਸ ਦੀ ਹਾਲਤ ਸਥਿਰ ਹੈ। ਡਾਕਟਰ ਨੇ ਦੱਸਿਆ ਕਿ ਉਨ੍ਹਾਂ ਨੇ ਬੱਚੀ ਦੀ ਮੈਡੀਕਲ ਜਾਂਚ ਰਿਪੋਰਟ ਪੁਲਿਸ ਨੂੰ ਸੌਂਪ ਦਿੱਤੀ ਹੈ।
ਬੱਚੀ ਦੇ ਪਿਤਾ ਅਤੇ ਜ਼ਿਲ੍ਹਾ ਸਿੱਖਿਆ ਅਫ਼ਸਰ ਨੇ ਕੀ ਦੱਸਿਆ ?

ਤਸਵੀਰ ਸਰੋਤ, Getty Images
ਪੀੜਤ ਬੱਚੀ ਦੇ ਪਿਤਾ ਨੇ ਮੀਡੀਆ ਨਾਲ ਗੱਲ ਬਾਤ ਕਰਦਿਆਂ ਕਿਹਾ ਕਿ ਸਕੂਲ ਦੇ ਹੈਡ ਟੀਚਰ ਨੇ ਉਨ੍ਹਾਂ ਦੀ ਬੱਚੀ ਦਾ ਸੋਸ਼ਣ ਕੀਤਾ ਅਤੇ ਡਰਾਇਆ ਧਮਕਾਇਆ ਕਿ ਉਹ ਕਿਸੇ ਨੂੰ ਵੀ ਇਸ ਬਾਰੇ ਨਾ ਦੱਸੇ।
ਪਿਤਾ ਮੁਤਾਬਕ, ਮੁਲਜ਼ਮ ਬੱਚੀ ਨੂੰ ਸਕੂਲ ਤੋਂ ਕੱਢ ਦੇਣ ਦੀਆਂ ਧਮਕੀਆਂ ਦਿੰਦਾ ਸੀ। ਉਨ੍ਹਾਂ ਕਿਹਾ ਕਿ ਸਰੀਰਕ ਸੋਸ਼ਣ ਦੇ ਨਾਲ ਨਾਲ ਮਾਨਸਿਕ ਤੌਰ 'ਤੇ ਵੀ ਉਨ੍ਹਾਂ ਦੀ ਬੱਚੀ ਨੂੰ ਪਰੇਸ਼ਾਨ ਕੀਤਾ ਗਿਆ।
ਉਨ੍ਹਾਂ ਮੁਲਜ਼ਮ ਲਈ ਸਖ਼ਤ ਸਜ਼ਾ ਦੀ ਮੰਗ ਕੀਤੀ ਹੈ।
ਉਧਰ ਜ਼ਿਲ੍ਹਾ ਸਿੱਖਿਆ ਅਫਸਰ ਹਰਜਿੰਦਰ ਕੌਰ ਨੇ ਕਿਹਾ ਕਿ ਉਨ੍ਹਾਂ ਦੇ ਧਿਆਨ ਵਿੱਚ ਆਉਣ ਬਾਅਦ ਜਾਂਚ ਕਰਵਾਈ ਗਈ ਅਤੇ ਰਿਪੋਰਟ ਹੈਡ ਦਫ਼ਤਰ ਵਿੱਚ ਭੇਜ ਦਿੱਤੀ ਗਈ ਹੈ। ਉਨ੍ਹਾਂ ਕਿਹਾ ਕਿ ਜਿਸ ਦਿਨ (11 ਅਗਸਤ) ਘਟਨਾ ਹੋਣ ਦੀ ਗੱਲ ਕਹੀ ਗਈ ਹੈ, ਉਸ ਦਿਨ ਬੱਚੀ ਸਕੂਲ ਵਿੱਚ ਹਾਜ਼ਰ ਨਹੀਂ ਸੀ।
ਕੌਮੀ ਮਹਿਲਾ ਕਮਿਸ਼ਨ ਨੇ ਲਿਆ ਨੋਟਿਸ
ਮਾਮਲਾ ਧਿਆਨ ਵਿੱਚ ਆਉਣ ਬਾਅਦ ਕੌਮੀ ਮਹਿਲਾ ਕਮਿਸ਼ਨ ਨੇ ਸਵੈ-ਨੋਟਿਸ ਲਿਆ ਅਤੇ ਮਾਮਲੇ ਵਿੱਚ ਸੱਤ ਦਿਨਾਂ ਦੇ ਅੰਦਰ ਅੰਦਰ ਕਾਰਵਾਈ ਬਾਰੇ ਰਿਪੋਰਟ ਮੰਗੀ ਹੈ।
ਐਕਸ ਪੋਸਟ ਵਿੱਚ ਜਾਣਕਾਰੀ ਸਾਂਝੀ ਕਰਦਿਆਂ ਕੌਮੀ ਮਹਿਲਾ ਕਮਿਸ਼ਨ ਨੇ ਕਿਹਾ ਕਿ ਬੱਚਿਆਂ ਦੀ ਸੁਰੱਖਿਆ ਅਤੇ ਭਲਾਈ ਲਈ ਜ਼ਿੰਮੇਵਾਰ ਇੱਕ ਸਿੱਖਿਅਕ ਵੱਲੋਂ ਕੀਤਾ ਗਿਆ ਕਥਿਤ ਅਪਰਾਧ ਬਹੁਤ ਹੀ ਪਰੇਸ਼ਾਨ ਕਰਨ ਵਾਲਾ ਹੈ ਅਤੇ ਸਖ਼ਤ ਤੋਂ ਸਖ਼ਤ ਕਾਨੂੰਨੀ ਅਤੇ ਪ੍ਰਸ਼ਾਸਕੀ ਕਾਰਵਾਈ ਦੀ ਮੰਗ ਕਰਦਾ ਹੈ।
ਨੈਸ਼ਨਲ ਕਮਿਸ਼ਨ ਫਾਰ ਵੂਮਨ ਦੀ ਚੇਅਰਪਰਸਨ ਸ੍ਰੀਮਤੀ ਵਿਜਯ ਰਾਹਤਕਰ ਨੇ ਸਬੰਧਤ ਅਧਿਕਾਰੀਆਂ ਨੂੰ ਚਿੱਠੀ ਲਿਖ ਕੇ ਜਲਦੀ ਜਾਂਚ, ਪੋਕਸੋ ਐਕਟ ਨੂੰ ਸਖਤੀ ਨਾਲ ਲਾਗੂ ਕਰਨ ਅਤੇ ਮੁਲਜ਼ਮਾਂ ਖ਼ਿਲਾਫ਼ ਪਿਛਲੀਆਂ ਕੋਈ ਵੀ ਸ਼ਿਕਾਇਤਾਂ ਦੀ ਬੀਐਨਐਸ ਤਹਿਤ ਜਾਂਚ ਅਤੇ ਸੰਸਥਾਗਤ ਤੇ ਪ੍ਰਸ਼ਾਸਕੀ ਖ਼ਾਮੀਆਂ ਦੀ ਜਾਂਚ ਦੀ ਮੰਗ ਕੀਤੀ ਹੈ।
ਕਮਿਸ਼ਨ ਨੇ ਵਿਸ਼ੇਸ਼ ਡਾਕਟਰੀ ਤੇ ਮਨੋਵਿਗਿਆਨਕ ਸਹਾਇਤਾ, ਕਾਨੂੰਨੀ ਮਦਦ, ਨਾਬਾਲਗ ਦੀ ਪਛਾਣ ਅਤੇ ਨਿੱਜਤਾ ਦੀ ਸੁਰੱਖਿਅਤਾ ਅਤੇ ਪੀੜਤ ਨੂੰ ਤੁਰੰਤ ਮੁਆਵਜ਼ਾ ਦੇਣ ਦੀ ਮੰਗ ਕੀਤੀ ਹੈ।
ਕਮਿਸ਼ਨ ਨੇ ਕਿਹਾ ਕਿ ਹਰ ਬੱਚੇ ਦੀ ਸੁਰੱਖਿਆ, ਮਾਣ ਅਤੇ ਅਧਿਕਾਰ ਬਿਨ੍ਹਾਂ ਕਿਸੇ ਸ਼ਰਤ ਦੇ ਸੁਰੱਖਿਅਤ ਹੋਣੇ ਚਾਹੀਦੇ ਹਨ।
ਬੀਬੀਸੀ ਲਈ ਕਲੈਕਟਿਵ ਨਿਊਜ਼ਰੂਮ ਵੱਲੋਂ ਪ੍ਰਕਾਸ਼ਿਤ





























