ਨੇਪਾਲ ਵਿੱਚ ਆਉਂਦੇ ਹੜ੍ਹ ਭਾਰਤ ਲਈ ਖ਼ਤਰਾ ਕਿਵੇਂ ਬਣ ਜਾਂਦੇ ਹਨ, ਕੀ ਭਾਰਤ ਇਨ੍ਹਾਂ ਨੂੰ ਰੋਕਣ ਲਈ ਕੁਝ ਕਰ ਸਕਦਾ ਹੈ

ਤਸਵੀਰ ਸਰੋਤ, AFP via Getty Image
- ਲੇਖਕ, ਸੌਤਿਕ ਬਿਸਵਾਸ
- ਰੋਲ, ਬੀਬੀਸੀ ਪੱਤਰਕਾਰ
- ਪ੍ਰਕਾਸ਼ਿਤ
- ਪੜ੍ਹਨ ਦਾ ਸਮਾਂ: 11 ਮਿੰਟ
ਨੇਪਾਲ ਵਿੱਚ ਆਏ ਵਿਨਾਸ਼ਕਾਰੀ ਹੜ੍ਹਾਂ ਨੇ ਇੱਕ ਅਜਿਹੇ ਖ਼ਤਰੇ ਨੂੰ ਉਜਾਗਰ ਕੀਤਾ ਹੈ, ਜੋ ਸਿਰਫ਼ ਨੇਪਾਲ ਦੀਆਂ ਸਰਹੱਦਾਂ ਤੱਕ ਹੀ ਸੀਮਿਤ ਨਹੀਂ ਰਹਿੰਦਾ।
ਭਾਰਤ ਅਤੇ ਨੇਪਾਲ ਹਿਮਾਲਿਆ ਤੋਂ ਨਿਕਲਣ ਵਾਲੀਆਂ ਨਦੀਆਂ ਨੂੰ ਸਾਂਝਾ ਕਰਦੇ ਹਨ, ਪਰ ਮਾਹਿਰਾਂ ਦਾ ਕਹਿਣਾ ਹੈ ਕਿ ਨੇਪਾਲ ਵਿੱਚ ਹੜ੍ਹ ਅਤੇ ਭਾਰਤ ਵਿੱਚ ਆਉਣ ਵਾਲੀ ਆਫ਼ਤ ਵਿਚਕਾਰ ਸਬੰਧ ਸਿਰਫ਼ ਪਾਣੀ ਦੇ ਹੇਠਾਂ ਵੱਲ ਵਗਣ ਦੀ ਇੱਕ ਸਧਾਰਣ ਕਹਾਣੀ ਨਹੀਂ, ਸਗੋਂ ਕਿਤੇ ਵੱਧ ਗੁੰਝਲਦਾਰ ਹੈ।
ਕਈ ਵਾਰ ਹੜ੍ਹ ਪਹਾੜਾਂ ਤੋਂ ਵੱਡੀ ਮਾਤਰਾ ਵਿੱਚ ਮਿੱਟੀ, ਚੱਟਾਨਾਂ ਅਤੇ ਮਲਬੇ ਦੇ ਨਾਲ ਤੇਜ਼ੀ ਨਾਲ ਹੇਠਾਂ ਆ ਸਕਦੇ ਹਨ। ਜਦਕਿ, ਕਈ ਵਾਰ ਹੜ੍ਹ ਮੈਦਾਨੀ ਇਲਾਕਿਆਂ ਤੱਕ ਪਹੁੰਚਦੇ-ਪਹੁੰਚਦੇ ਆਪਣੀ ਕਾਫ਼ੀ ਤਾਕਤ ਗੁਆ ਦਿੰਦੇ ਹਨ ਅਤੇ ਆਮ ਜਿਹੇ ਹੜ੍ਹ ਦਾ ਰੂਪ ਲੈ ਲੈਂਦੇ ਹਨ।
ਅਤੇ ਕੀ ਉਹ ਪਾਣੀ ਭਾਰਤ ਵਿੱਚ ਵੀ ਆਫ਼ਤ ਬਣ ਕੇ ਆਵੇਗਾ, ਇਹ ਸਿਰਫ਼ ਇਸ ਗੱਲ 'ਤੇ ਨਿਰਭਰ ਨਹੀਂ ਕਰਦਾ ਕਿ ਨੇਪਾਲ ਵਿੱਚ ਕਿੰਨਾ ਮੀਂਹ ਪਿਆ ਹੈ, ਸਗੋਂ ਭਾਰਤ ਵਾਲੇ ਪਾਸੇ ਮੀਂਹ, ਨਦੀ ਦੇ ਪਾਣੀ ਦਾ ਪੱਧਰ, ਬੰਨ੍ਹ, ਪਾਣੀ ਦੀ ਨਿਕਾਸੀ ਅਤੇ ਵਿਕਾਸ ਕਾਰਜਾਂ 'ਤੇ ਵੀ ਨਿਰਭਰ ਕਰਦਾ ਹੈ।
ਨੇਪਾਲ ਦੇ ਹੜ੍ਹ ਭਾਰਤ ਲਈ ਇੱਕ ਚੇਤਾਵਨੀ ਹਨ - ਸਿਰਫ਼ ਇਸ ਲਈ ਨਹੀਂ ਕਿ ਪਾਣੀ ਸਰਹੱਦ ਪਾਰ ਕਰਕੇ ਦੱਖਣ ਵੱਲ ਨੂੰ ਵਗਦਾ ਹੈ, ਸਗੋਂ ਇਸ ਲਈ ਵੀ ਕਿ ਦੋਵੇਂ ਦੇਸ਼ ਹਿਮਾਲਿਆਈ ਨਦੀ ਪ੍ਰਣਾਲੀ ਦੇ ਇੱਕ ਵਿਸ਼ਾਲ ਅਤੇ ਤੇਜ਼ੀ ਨਾਲ ਅਸਥਿਰ ਹੋ ਰਹੇ ਤੰਤਰ ਨੂੰ ਸਾਂਝਾ ਕਰਦੇ ਹਨ।
ਨੇਪਾਲ ਦੀਆਂ ਕਿੰਨੀਆਂ ਨਦੀਆਂ ਭਾਰਤ ਵਿੱਚ ਵਗਦੀਆਂ ਹਨ?

ਤਸਵੀਰ ਸਰੋਤ, Universal Images Group via Getty Images
ਨੇਪਾਲ ਵਿੱਚ 6,000 ਤੋਂ ਵੱਧ ਨਦੀਆਂ ਅਤੇ ਜਲਧਾਰਾਵਾਂ ਹਨ, ਜਿਨ੍ਹਾਂ ਵਿੱਚੋਂ ਜ਼ਿਆਦਾਤਰ ਦੱਖਣ ਵੱਲ ਭਾਰਤ ਅਤੇ ਗੰਗਾ ਨਦੀ ਵਿੱਚ ਮਿਲ ਜਾਂਦੀਆਂ ਹਨ।
ਇੱਥੇ ਤਿੰਨ ਪ੍ਰਮੁੱਖ ਪ੍ਰਣਾਲੀਆਂ ਹਨ: ਪੂਰਬ ਵਿੱਚ ਕੋਸੀ, ਵਿਚਕਾਰ ਗੰਡਕੀ (ਭਾਰਤ ਵਿੱਚ ਗੰਡਕ) ਅਤੇ ਪੱਛਮ ਵਿੱਚ ਕਰਨਾਲੀ (ਭਾਰਤ ਵਿੱਚ ਘਾਘਰਾ), ਇਸ ਦੇ ਨਾਲ ਹੀ ਪੱਛਮੀ ਸਰਹੱਦ 'ਤੇ ਮਹਾਕਾਲੀ (ਸ਼ਾਰਦਾ) ਨਦੀ ਹੈ।
ਸ਼ਿਵਾਲਿਕ ਅਤੇ ਚੂਰੇ ਪਹਾੜੀਆਂ ਤੋਂ ਨਿਕਲਣ ਵਾਲੀਆਂ ਇੱਕ ਦਰਜਨ ਛੋਟੀਆਂ ਨਦੀਆਂ - ਜਿਨ੍ਹਾਂ ਵਿੱਚ ਬਾਗਮਤੀ, ਕਮਲਾ, ਰਾਪਤੀ ਅਤੇ ਬਬਈ ਸ਼ਾਮਿਲ ਹਨ - ਘੱਟ ਮਸ਼ਹੂਰ ਹਨ, ਪਰ ਇਹ ਤੇਜ਼ੀ ਨਾਲ ਅਤੇ ਅਣਪਛਾਤੇ ਢੰਗ ਨਾਲ ਹੜ੍ਹ ਲਿਆ ਸਕਦੀਆਂ ਹਨ ਕਿਉਂਕਿ ਇਨ੍ਹਾਂ ਦੇ ਕੈਚਮੈਂਟ ਏਰੀਆ ਛੋਟੇ ਅਤੇ ਢਲਾਣ ਵਾਲੇ ਹੁੰਦੇ ਹਨ।
ਇੰਟਰਨੈਸ਼ਨਲ ਸੈਂਟਰ ਫਾਰ ਇੰਟੀਗ੍ਰੇਟਿਡ ਮਾਊਂਟੇਨ ਡਿਵੈਲਪਮੈਂਟ (ਆਈਸੀਆਈਐੱਮਓਡੀ) ਦੇ ਜਲਵਿਗਿਆਨੀ (ਹਾਈਡ੍ਰੋਲਾਜਿਸਟ) ਮਨੀਸ਼ ਸ਼੍ਰੇਸ਼ਠ ਦੇ ਅਨੁਸਾਰ, ਨੇਪਾਲ ਤੋਂ ਭਾਰਤ ਦੇ ਮੈਦਾਨੀ ਇਲਾਕਿਆਂ ਵਿੱਚ ਸੱਤ ਤੋਂ ਨੌਂ ਪ੍ਰਮੁੱਖ ਨਦੀਆਂ ਵਗਦੀਆਂ ਹਨ ਅਤੇ ਭਾਰਤ ਵਿੱਚ ਹੜ੍ਹਾਂ ਲਈ ਇਹੀ ਜ਼ਿੰਮੇਵਾਰ ਹਨ।
ਭਾਰਤ ਦਾ ਕੇਂਦਰੀ ਜਲ ਕਮਿਸ਼ਨ ਕੋਸੀ, ਗੰਡਕ, ਬਾਗਮਤੀ ਅਤੇ ਘਾਘਰਾ ਨੂੰ ਸਰਹੱਦ ਪਾਰ ਕਰਨ ਵਾਲੀਆਂ ਪ੍ਰਮੁੱਖ ਨਦੀਆਂ ਵਜੋਂ ਚਿੰਨ੍ਹਿਤ ਕਰਦਾ ਹੈ।
ਭਾਰਤ ਦੇ ਕਿਹੜੇ ਸੂਬੇ ਸਭ ਤੋਂ ਜ਼ਿਆਦਾ ਪ੍ਰਭਾਵਿਤ ਹੁੰਦੇ ਹਨ?

ਤਸਵੀਰ ਸਰੋਤ, AFP via Getty Images
ਬਿਹਾਰ ਭਾਰਤ ਦਾ ਸਭ ਤੋਂ ਜ਼ਿਆਦਾ ਪ੍ਰਭਾਵਿਤ ਸੂਬਾ ਹੈ। ਅਧਿਕਾਰਤ ਤੌਰ 'ਤੇ ਉੱਤਰੀ ਬਿਹਾਰ ਦਾ ਲਗਭਗ ਤਿੰਨ-ਚੌਥਾਈ ਹਿੱਸਾ ਹੜ੍ਹ-ਸੰਭਾਵਿਤ ਖੇਤਰ ਵਜੋਂ ਸ਼੍ਰੇਣੀਬੱਧ ਹੈ।
ਸੂਬੇ ਵਿੱਚ ਹੜ੍ਹ ਲਿਆਉਣ ਵਾਲੀਆਂ ਲਗਭਗ ਸਾਰੀਆਂ ਵੱਡੀਆਂ ਨਦੀਆਂ ਨੇਪਾਲ ਤੋਂ ਨਿਕਲਦੀਆਂ ਹਨ।
ਇਨ੍ਹਾਂ ਵਿੱਚ ਕੋਸੀ - ਜਿਸ ਨੂੰ "ਬਿਹਾਰ ਦਾ ਸੋਗ" ਕਿਹਾ ਜਾਂਦਾ ਹੈ - ਸਭ ਤੋਂ ਜ਼ਿਆਦਾ ਤਬਾਹੀ ਮਚਾਉਣ ਵਾਲੀ ਨਦੀ ਹੈ। ਇਸ ਤੋਂ ਬਾਅਦ ਗੰਡਕ, ਬਾਗਮਤੀ ਅਤੇ ਕਮਲਾ ਨਦੀਆਂ ਆਉਂਦੀਆਂ ਹਨ।
ਪਰ ਇਹ ਖ਼ਤਰਾ ਸਿਰਫ਼ ਬਿਹਾਰ ਤੱਕ ਹੀ ਸੀਮਿਤ ਨਹੀਂ ਹੈ।
ਪੂਰਬੀ ਉੱਤਰ ਪ੍ਰਦੇਸ਼ 'ਤੇ ਘਾਘਰਾ, ਰਾਪਤੀ ਅਤੇ ਗੰਡਕ ਨਦੀਆਂ ਦਾ ਖ਼ਤਰਾ ਬਣਿਆ ਰਹਿੰਦਾ ਹੈ। ਗੋਰਖਪੁਰ, ਬਹਿਰਾਈਚ, ਲਖੀਮਪੁਰ ਖੀਰੀ ਅਤੇ ਸ਼੍ਰਾਵਸਤੀ ਵਰਗੇ ਜ਼ਿਲ੍ਹੇ ਅਕਸਰ ਇਨ੍ਹਾਂ ਨਾਲ ਪ੍ਰਭਾਵਿਤ ਹੁੰਦੇ ਹਨ।
ਉੱਤਰਾਖੰਡ ਸੂਬੇ ਵਿੱਚ ਮਹਾਕਾਲੀ-ਸ਼ਾਰਦਾ ਨਦੀਆਂ ਵਹਿੰਦੀਆਂ ਹਨ। ਉੱਤਰੀ ਬੰਗਾਲ ਵਿੱਚ ਮੇਚੀ ਅਤੇ ਮਹਾਨੰਦਾ ਨਦੀਆਂ ਆਉਂਦੀਆਂ ਹਨ।
ਆਈਸੀਆਈਐੱਮਓਡੀ ਦੇ ਹਾਈਡ੍ਰੋਲਾਜਿਸਟ ਪ੍ਰਦੀਪ ਮਾਨ ਡੰਗੋਲ ਕਹਿੰਦੇ ਹਨ, "ਪੈਮਾਨੇ ਦੇ ਹਿਸਾਬ ਨਾਲ ਬਿਹਾਰ ਸਭ ਤੋਂ ਜ਼ਿਆਦਾ ਪ੍ਰਭਾਵਿਤ ਹੁੰਦਾ ਹੈ। ਉੱਤਰ ਪ੍ਰਦੇਸ਼ ਦੂਜੇ ਨੰਬਰ 'ਤੇ ਹੈ, ਪਰ ਅਕਸਰ ਉੱਥੋਂ ਦੇ ਹਾਲਾਤ ਦੀ ਪੂਰੀ ਜਾਣਕਾਰੀ ਸਾਹਮਣੇ ਨਹੀਂ ਆਉਂਦੀ।"
ਸਭ ਤੋਂ ਜ਼ਿਆਦਾ ਮਾਰ ਬਿਹਾਰ ਝੱਲਦਾ ਹੈ, ਪਰ ਉੱਤਰ ਪ੍ਰਦੇਸ਼ ਵੀ ਖ਼ਤਰੇ ਵਿੱਚ ਰਹਿੰਦਾ ਹੈ, ਜਿਸ ਨੂੰ ਅਕਸਰ ਨਜ਼ਰਅੰਦਾਜ਼ ਕਰ ਦਿੱਤਾ ਜਾਂਦਾ ਹੈ।
ਜਦੋਂ ਨੇਪਾਲ ਵਿੱਚ ਹੜ੍ਹ ਆਉਂਦੇ ਹਨ, ਤਾਂ ਭਾਰਤ ਦਾ ਭਵਿੱਖ ਕਿਵੇਂ ਤੈਅ ਹੁੰਦਾ ਹੈ?

ਤਸਵੀਰ ਸਰੋਤ, AFP via Getty Images
ਹਾਈਡ੍ਰੋਲਾਜਿਸਟ ਇਸ ਨੂੰ ਤਿੰਨ ਹਿੱਸਿਆਂ ਵਾਲੀ ਇੱਕ ਚੇਨ ਵਜੋਂ ਦੇਖਦੇ ਹਨ।
ਪਹਿਲਾ - ਮੀਂਹ: ਇਹ ਕਿੱਥੇ ਅਤੇ ਕਿੰਨੀ ਤੇਜ਼ੀ ਨਾਲ ਪੈਂਦਾ ਹੈ।
ਭਾਰਤ ਪਹੁੰਚਣ ਵਾਲੇ ਹੜ੍ਹ ਦਾ ਸਭ ਤੋਂ ਤੇਜ਼ ਵਹਾਅ ਅਕਸਰ ਉੱਚੇ ਹਿਮਾਲਿਆ ਪਰਬਤ ਤੋਂ ਨਹੀਂ, ਸਗੋਂ ਹੇਠਲੇ ਇਲਾਕਿਆਂ - ਜਿਵੇਂ ਸ਼ਿਵਾਲਿਕ, ਚੂਰੇ ਅਤੇ ਤਰਾਈ - ਤੋਂ ਸ਼ੁਰੂ ਹੁੰਦਾ ਹੈ, ਜਿੱਥੇ ਖੜ੍ਹੀਆਂ ਢਲਾਣਾਂ ਵਾਲੇ ਛੋਟੇ ਕੈਚਮੈਂਟ ਏਰੀਆ ਵਿੱਚ ਮਾਨਸੂਨ ਦਾ ਜ਼ਬਰਦਸਤ ਮੀਂਹ ਪੈ ਸਕਦਾ ਹੈ।
ਦੂਜਾ - ਨਦੀ।
ਨੇਪਾਲ ਦੀਆਂ ਨਦੀਆਂ ਪਹਾੜਾਂ 'ਚ ਤੇਜ਼ੀ ਨਾਲ ਵਗਦੀਆਂ ਹਨ ਅਤੇ ਆਪਣੇ ਨਾਲ ਲਿਆਂਦੇ ਗਾਰੇ, ਮਲਬੇ ਆਦਿ ਨੂੰ ਛੱਡਦੀਆਂ ਜਾਂਦੀਆਂ ਹਨ। ਮੈਦਾਨੀ ਇਲਾਕਿਆਂ ਵਿੱਚ ਇਹ ਕਈ ਧਾਰਾਵਾਂ ਵਿੱਚ ਵੰਡੀਆਂ ਜਾਂਦੀਆਂ ਹਨ ਅਤੇ ਆਪਣਾ ਰਸਤਾ ਬਦਲਦੇ ਹੋਏ ਫੈਲ ਜਾਂਦੀਆਂ ਹਨ। ਮਤਲਬ ਇਨ੍ਹਾਂ ਦਾ ਵਹਾਅ ਘੱਟ ਹੋ ਜਾਂਦਾ ਹੈ।
ਤੀਜਾ - ਜਦੋਂ ਪਾਣੀ ਭਾਰਤ ਵਿੱਚ ਪਹੁੰਚਦਾ ਹੈ।
ਹੜ੍ਹ ਕਿੰਨਾ ਭਿਆਨਕ ਹੋਵੇਗਾ, ਇਹ ਇਸ ਗੱਲ 'ਤੇ ਨਿਰਭਰ ਕਰਦਾ ਹੈ ਕਿ ਪਾਣੀ ਨੂੰ ਕਿਹੜੀਆਂ ਚੀਜ਼ਾਂ ਦਾ ਸਾਹਮਣਾ ਕਰਨਾ ਪੈਂਦਾ ਹੈ - ਜਿਵੇਂ ਭਾਰਤੀ ਹਿੱਸੇ ਵਿੱਚ ਮੀਂਹ ਦੀ ਮਾਤਰਾ, ਗੰਗਾ ਨਦੀ ਦੇ ਪਾਣੀ ਦਾ ਪੱਧਰ, ਬੰਨ੍ਹ (ਐਂਬੈਂਕਮੈਂਟ) ਅਤੇ ਬੈਰਾਜ, ਅਤੇ ਹੜ੍ਹ ਵਾਲੇ ਇਲਾਕਿਆਂ ਵਿੱਚ ਸੜਕਾਂ, ਰੇਲਵੇ ਅਤੇ ਬਸਤੀਆਂ ਕਾਰਨ ਪਾਣੀ ਦੀ ਨਿਕਾਸੀ ਵਿੱਚ ਪੈਦਾ ਹੋਣ ਵਾਲੀ ਰੁਕਾਵਟ।
ਇਸ ਲਈ, ਸਰਹੱਦ 'ਤੇ ਪਾਣੀ ਦਾ ਸਭ ਤੋਂ ਤੇਜ਼ ਵਹਾਅ ਮੁੱਖ ਤੌਰ 'ਤੇ ਨੇਪਾਲ ਵਿੱਚ ਪੈਣ ਵਾਲੇ ਮੀਂਹ ਨਾਲ ਤੈਅ ਹੁੰਦਾ ਹੈ। ਪਰ ਹੜ੍ਹਾਂ ਦੀ ਗੰਭੀਰਤਾ ਘੱਟੋ-ਘੱਟ ਓਨੀ ਹੀ ਭਾਰਤ ਦੇ ਹਾਲਾਤਾਂ 'ਤੇ ਵੀ ਨਿਰਭਰ ਕਰਦੀ ਹੈ।
ਸਾਲ 2008 ਦੀ ਕੋਸੀ ਤ੍ਰਾਸਦੀ ਤੋਂ ਇਹ ਗੱਲ ਸਮਝੀ ਜਾ ਸਕਦੀ ਹੈ - ਨਦੀ ਵਿੱਚ ਪਾਣੀ ਦੀ ਮਾਤਰਾ ਓਨੀ ਨਹੀਂ ਸੀ ਜਿੰਨੀ ਸਮਰੱਥਾ ਦੇ ਹਿਸਾਬ ਨਾਲ ਬੰਨ੍ਹ ਬਣਾਇਆ ਗਿਆ ਸੀ। ਇਹ ਤਬਾਹੀ ਬੰਨ੍ਹ ਟੁੱਟਣ ਕਾਰਨ ਹੋਈ ਸੀ, ਨਾ ਕਿ ਕਿਸੇ ਅਸਾਧਾਰਣ ਹੜ੍ਹ ਕਾਰਨ।
ਤਾਂ, ਨੇਪਾਲ ਅਤੇ ਭਾਰਤ ਵਿੱਚੋਂ ਕੌਣ ਕਿਸ 'ਤੇ ਕਿੰਨਾ ਨਿਰਭਰ ਕਰਦਾ ਹੈ?
ਆਈਸੀਆਈਐੱਮਓਡੀ ਵਿੱਚ ਆਫ਼ਤ ਦੇ ਖ਼ਤਰੇ ਨੂੰ ਘਟਾਉਣ ਸਬੰਧੀ ਇੰਟਰਵੇਂਸ਼ਨ ਮੈਨੇਜਰ, ਸ਼ਾਸ਼ਵਤ ਸਾਨਿਆਲ ਕਹਿੰਦੇ ਹਨ, "ਸਰਹੱਦ 'ਤੇ ਪਹੁੰਚਣ ਵਾਲੇ ਪਾਣੀ ਦੇ ਸਭ ਤੋਂ ਵੱਧ ਵਹਾਅ (ਪੀਕ ਫ਼ਲੋਅ) ਲਈ ਕਾਫ਼ੀ ਹੱਦ ਤੱਕ ਨੇਪਾਲ ਵਿੱਚ ਹੋਣ ਵਾਲਾ ਮੀਂਹ ਜ਼ਿੰਮੇਵਾਰ ਹੈ, ਪਰ ਜਦੋਂ ਇਹ ਪਾਣੀ ਪਹੁੰਚਦਾ ਹੈ, ਤਾਂ ਹੜ੍ਹ ਕਿੰਨਾ ਗੰਭੀਰ ਹੋਵੇਗਾ, ਇਹ ਘੱਟੋ-ਘੱਟ ਭਾਰਤੀ ਹਾਲਾਤ 'ਤੇ ਵੀ ਓਨਾ ਹੀ ਨਿਰਭਰ ਕਰਦਾ ਹੈ।"
ਨੇਪਾਲ ਦਾ ਮੀਂਹ ਭਾਰਤ ਲਈ ਹੜ੍ਹ ਦਾ ਖ਼ਤਰਾ ਕਿਵੇਂ ਬਣਦਾ ਹੈ?
ਸਾਲ 2008 ਦੀ ਕੋਸੀ ਆਪਦਾ ਇਸ ਦੀ ਇੱਕ ਵੱਡੀ ਉਦਾਹਰਨ ਹੈ।
ਨੇਪਾਲ ਵਿੱਚ ਕੋਸੀ ਨਦੀ ਦੇ ਬੰਨ੍ਹ (ਐਂਬੈਂਕਮੈਂਟ) ਦੇ ਟੁੱਟਣ ਤੋਂ ਬਾਅਦ ਬਿਹਾਰ ਵਿੱਚ ਲਗਭਗ 400 ਲੋਕਾਂ ਦੀ ਮੌਤ ਹੋ ਗਈ ਸੀ। ਪਰ ਹੈਰਾਨੀ ਦੀ ਗੱਲ ਇਹ ਹੈ ਕਿ ਨਦੀ ਵਿੱਚ ਪਾਣੀ ਦਾ ਵਹਾਅ ਬਹੁਤ ਜ਼ਿਆਦਾ ਨਹੀਂ ਸੀ।
ਆਈਆਈਟੀ ਕਾਨਪੁਰ ਵਿੱਚ ਅਰਥ ਸਾਇੰਸਿਜ਼ ਦੇ ਪ੍ਰੋਫੈਸਰ ਰਾਜੀਵ ਸਿਨ੍ਹਾ ਦੇ ਅਨੁਸਾਰ, ਵਹਾਅ ਨਦੀ ਦੀ ਸਮਰੱਥਾ ਦਾ ਸਿਰਫ਼ ਦਸਵਾਂ ਹਿੱਸਾ ਸੀ। ਇਹ ਤਬਾਹੀ ਉਸ ਬੰਨ੍ਹ ਦੇ ਟੁੱਟਣ ਕਾਰਨ ਹੋਈ ਸੀ, ਜੋ ਦਹਾਕਿਆਂ ਪਹਿਲਾਂ ਬਣਿਆ ਸੀ ਅਤੇ ਜਿਸ ਦੀ ਠੀਕ ਤਰ੍ਹਾਂ ਦੇਖ-ਰੇਖ ਨਹੀਂ ਕੀਤੀ ਗਈ ਸੀ।
ਉਨ੍ਹਾਂ ਕਿਹਾ, "1950 ਅਤੇ 1960 ਦੇ ਦਹਾਕਿਆਂ ਵਿੱਚ ਬਣਾਏ ਗਏ ਬੰਨ੍ਹਾਂ ਦੀ ਠੀਕ ਤਰ੍ਹਾਂ ਸਾਂਭ-ਸੰਭਾਲ ਨਹੀਂ ਕੀਤੀ ਗਈ ਸੀ। ਉਹ ਟੁੱਟ-ਫੁੱਟ ਗਏ ਸਨ ਅਤੇ ਉਨ੍ਹਾਂ ਵਿੱਚ ਕਮਜ਼ੋਰ ਥਾਵਾਂ ਬਣ ਗਈਆਂ ਸਨ। ਨਦੀ ਨੇ ਇਨ੍ਹਾਂ ਹੀ ਕਮਜ਼ੋਰ ਥਾਵਾਂ ਤੋਂ ਬੰਨ੍ਹ ਨੂੰ ਤੋੜ ਦਿੱਤਾ ਅਤੇ ਭਾਰਤ ਦੇ ਉਨ੍ਹਾਂ ਇਲਾਕਿਆਂ ਵਿੱਚ ਦਾਖ਼ਲ ਹੋ ਗਈ, ਜਿੱਥੇ ਸ਼ਾਇਦ 100 ਸਾਲਾਂ ਤੋਂ ਹੜ੍ਹ ਨਹੀਂ ਆਇਆ ਸੀ।"
ਭਾਰਤ ਨੂੰ ਨੇਪਾਲ ਤੋਂ ਕਿੰਨੀ ਦੇਰ ਪਹਿਲਾਂ ਚੇਤਾਵਨੀ ਮਿਲ ਸਕਦੀ ਹੈ?
ਆਈਸੀਆਈਐੱਮਓਡੀ ਵਿੱਚ ਆਫ਼ਤ ਦੇ ਖ਼ਤਰੇ ਨੂੰ ਘਟਾਉਣ ਸਬੰਧੀ ਇੰਟਰਵੇਂਸ਼ਨ ਮੈਨੇਜਰ, ਸ਼ਾਸ਼ਵਤ ਸਾਨਿਆਲ ਦੇ ਮੁਤਾਬਕ, ਮਾਨਸੂਨ ਦੌਰਾਨ ਆਉਣ ਵਾਲੇ ਆਮ ਹੜ੍ਹ ਦੇ ਮਾਮਲੇ ਵਿੱਚ ਭਾਰਤ ਨੂੰ "ਲਗਭਗ 12 ਘੰਟੇ ਤੋਂ ਦੋ ਦਿਨ ਪਹਿਲਾਂ ਚੇਤਾਵਨੀ" ਮਿਲ ਸਕਦੀ ਹੈ। ਇਹ ਇਸ ਗੱਲ 'ਤੇ ਨਿਰਭਰ ਕਰਦਾ ਹੈ ਕਿ ਪਾਣੀ ਕਿੰਨੀ ਤੇਜ਼ੀ ਨਾਲ ਹੇਠਾਂ ਵੱਲ ਵਗਦਾ ਹੈ।
ਕੋਸੀ ਅਤੇ ਗੰਡਕ ਨਦੀਆਂ ਦੇ ਰਸਤੇ ਨੇਪਾਲ ਦੇ ਪਹਾੜੀ ਇਲਾਕਿਆਂ ਤੋਂ ਬਿਹਾਰ ਦੇ ਮੈਦਾਨੀ ਇਲਾਕਿਆਂ ਤੱਕ ਪਾਣੀ ਪਹੁੰਚਣ ਵਿੱਚ ਲਗਭਗ ਇੱਕ ਦਿਨ ਲੱਗ ਸਕਦਾ ਹੈ, ਜਦਕਿ ਘਾਘਰਾ ਨਦੀ ਦੇ ਰਸਤੇ ਇਸ ਵਿੱਚ ਥੋੜ੍ਹਾ ਜ਼ਿਆਦਾ ਸਮਾਂ ਲੱਗ ਸਕਦਾ ਹੈ।
ਚੂਰੇ ਨਦੀਆਂ ਤੋਂ ਆਉਣ ਅਚਾਨਕ ਹੜ੍ਹ (ਫ਼ਲੈਸ਼ ਫ਼ਲੱਡ) ਕੁਝ ਹੀ ਘੰਟਿਆਂ ਵਿੱਚ ਪਹੁੰਚ ਸਕਦੇ ਹਨ।
ਜ਼ਮੀਨ ਖਿਸਕਣ, ਬੰਨ੍ਹ ਟੁੱਟਣ ਜਾਂ ਮਲਬੇ ਵਾਲੇ ਪਾਣੀ ਦੀ ਰਫ਼ਤਾਰ ਹੋਰ ਵੀ ਤੇਜ਼ ਹੋ ਸਕਦੀ ਹੈ। ਹਾਲ ਹੀ 'ਚ ਆਏ ਹੜ੍ਹ ਦੌਰਾਨ ਵੀ ਰਸੂਵਾ ਤੋਂ ਪਾਣੀ ਦਾ ਤੇਜ਼ ਵਹਾਅ ਲਗਭਗ ਸਾਢੇ ਸੱਤ ਘੰਟਿਆਂ ਵਿੱਚ ਭਾਰਤੀ ਸਰਹੱਦ ਦੇ ਨੇੜੇ ਤ੍ਰਿਵੇਣੀ ਤੱਕ ਪਹੁੰਚ ਗਿਆ ਸੀ।
ਭਾਰਤ ਅਤੇ ਨੇਪਾਲ, ਸਟੇਸ਼ਨਾਂ ਦੇ ਇੱਕ ਨੈੱਟਵਰਕ ਰਾਹੀਂ ਮੀਂਹ ਅਤੇ ਨਦੀ ਦੇ ਪਾਣੀ ਦੇ ਪੱਧਰ ਦਾ ਰੀਅਲ-ਟਾਈਮ ਡੇਟਾ ਸਾਂਝਾ ਕਰਦੇ ਹਨ। ਨੇਪਾਲ ਦਾ ਜਲ (ਹਾਈਡ੍ਰੋਲਾਜੀ) ਅਤੇ ਮੌਸਮ ਵਿਭਾਗ ਮੀਂਹ ਅਤੇ ਨਦੀ ਦੇ ਪਾਣੀ ਦੇ ਪੱਧਰ ਦੀ ਜਾਣਕਾਰੀ ਭਾਰਤ ਦੇ ਕੇਂਦਰੀ ਜਲ ਕਮਿਸ਼ਨ ਨੂੰ ਭੇਜਦਾ ਹੈ, ਜੋ ਹੜ੍ਹਾਂ ਦੀ ਭਵਿੱਖਬਾਣੀ ਲਈ ਇਸ ਜਾਣਕਾਰੀ ਦੀ ਵਰਤੋਂ ਕਰਦਾ ਹੈ।
ਪਰ ਸਾਨਿਆਲ ਦਾ ਕਹਿਣਾ ਹੈ ਕਿ ਅਜੇ ਵੀ ਕੁਝ ਅਹਿਮ ਕਮੀਆਂ ਹਨ।
ਇਨ੍ਹਾਂ ਕਮੀਆਂ ਵਿੱਚੋਂ ਇੱਕ ਕਮੀ ਹੈ - ਸਭ ਤੋਂ ਤੇਜ਼ੀ ਨਾਲ ਵਗਣ ਵਾਲੀਆਂ ਚੂਰੇ ਨਦੀ ਘਾਟੀਆਂ ਵਿੱਚ ਬਹੁਤ ਘੱਟ ਰੀਅਲ-ਟਾਈਮ ਮਾਨੀਟਰਿੰਗ ਸਟੇਸ਼ਨ ਹੋਣਾ। ਦੋਵੇਂ ਦੇਸ਼ਾਂ ਵਿਚਕਾਰ ਕੋਈ ਸਾਂਝਾ ਪੂਰਵ-ਅਨੁਮਾਨ ਮਾਡਲ ਵੀ ਨਹੀਂ ਹੈ ਅਤੇ ਬਿਨ੍ਹਾਂ ਦੀ ਸਥਿਤੀ, ਨਦੀ ਦੇ ਰਸਤੇ ਵਿੱਚ ਬਦਲਾਅ ਅਤੇ ਤਲਛਟ (ਸੈਡੀਮੈਂਟ) ਬਾਰੇ ਨਿਯਮਿਤ ਜਾਣਕਾਰੀ ਦਾ ਆਦਾਨ-ਪ੍ਰਦਾਨ ਵੀ ਸੀਮਿਤ ਹੈ।
ਅਤੇ ਸਭ ਤੋਂ ਅਹਿਮ ਗੱਲ ਹੈ - 'ਲਾਸਟ ਮਾਈਲ', ਭਾਵ ਚੇਤਾਵਨੀ ਦਾ ਆਖ਼ਰੀ ਵਿਅਕਤੀ ਤੱਕ ਪਹੁੰਚਣਾ।
ਜ਼ਿਲ੍ਹਾ ਦਫ਼ਤਰ ਤੱਕ ਚੇਤਾਵਨੀ ਪਹੁੰਚਣਾ ਅਤੇ ਖ਼ਤਰੇ ਵਿੱਚ ਫਸੇ ਪਰਿਵਾਰ ਤੱਕ ਚੇਤਾਵਨੀ ਪਹੁੰਚਣਾ, ਇੱਕੋ ਗੱਲ ਨਹੀਂ ਹੈ।
ਸਰਹੱਦ ਪਾਰ ਤੋਂ ਵਗਣ ਵਾਲੀਆਂ ਇਨ੍ਹਾਂ ਨਦੀਆਂ ਦੇ ਮਾਮਲੇ ਵਿੱਚ ਸਿਨ੍ਹਾ ਕਹਿੰਦੇ ਹਨ, "ਜਾਣਕਾਰੀ ਸਾਂਝੀ ਕਰਨ ਅਤੇ ਸ਼ੁਰੂਆਤੀ ਚੇਤਾਵਨੀ ਪ੍ਰਣਾਲੀਆਂ ਬਾਰੇ ਸਹਿਯੋਗ ਬਹੁਤ ਜ਼ਰੂਰੀ ਹੈ। ਸਾਨੂੰ ਗਲੇਸ਼ੀਅਰ ਝੀਲਾਂ, ਉਨ੍ਹਾਂ ਵਿੱਚੋਂ ਨਿੱਕਲਣ ਵਾਲੇ ਪਾਣੀ ਅਤੇ ਸਮੇਂ ਦੇ ਨਾਲ ਉਨ੍ਹਾਂ ਵਿੱਚ ਹੋ ਰਹੀਆਂ ਰਬਦਿਲੀਆਂ ਦੀ ਤੇਜ਼ੀ ਨਾਲ ਅਤੇ ਲਗਾਤਾਰ ਨਿਗਰਾਨੀ ਕਰਨ ਦੀ ਲੋੜ ਹੈ।"
ਨੇਪਾਲ ਅਤੇ ਭਾਰਤ ਵਿੱਚ ਹੜ੍ਹਾਂ ਨੂੰ ਲੈ ਕੇ ਸਭ ਤੋਂ ਵੱਡੀ ਗਲਤਫ਼ਹਿਮੀ ਕੀ ਹੈ?

ਤਸਵੀਰ ਸਰੋਤ, AFP via Getty Images
ਵਿਗਿਆਨੀਆਂ ਦਾ ਕਹਿਣਾ ਹੈ ਕਿ ਇੱਕ ਆਮ ਗਲਤਫ਼ਹਿਮੀ ਇਹ ਹੈ ਕਿ ਨੇਪਾਲ ਭਾਰਤ ਵੱਲ ਪਾਣੀ "ਛੱਡਦਾ" ਹੈ।
ਨੇਪਾਲ ਕੋਲ ਅਜਿਹਾ ਕਰਨ ਦੀ ਸਮਰੱਥਾ ਵਾਲਾ ਕੋਈ ਵੱਡਾ ਜਲ ਭੰਡਾਰ ਨਹੀਂ ਹੈ। ਇਸ ਦੇ ਮੁੱਖ ਸਟੋਰੇਜ ਬੰਨ੍ਹ, ਕੁਲੇਖਾਨੀ ਵਿੱਚ ਇੱਕ ਕਿਊਬਿਕ ਕਿਲੋਮੀਟਰ ਦੇ ਦਸਵੇਂ ਹਿੱਸੇ ਤੋਂ ਵੀ ਘੱਟ ਪਾਣੀ ਜਮ੍ਹਾਂ ਹੁੰਦਾ ਹੈ, ਇਸ ਲਈ ਸਾਨਿਆਲ ਕਹਿੰਦੇ ਹਨ ਕਿ "ਛੱਡਣ ਲਈ ਕੁਝ ਹੈ ਹੀ ਨਹੀਂ।"
ਕੋਸੀ ਅਤੇ ਗੰਡਕ ਬੈਰਾਜ ਦਾ ਸੰਚਾਲਨ ਭਾਰਤ ਕਰਦਾ ਹੈ। ਜਦੋਂ ਹੜ੍ਹ ਦਾ ਪਾਣੀ ਸਰਹੱਦ ਤੱਕ ਪਹੁੰਚਦਾ ਹੈ, ਤਾਂ ਅਜਿਹਾ ਮੁੱਖ ਤੌਰ 'ਤੇ ਇਸ ਲਈ ਹੁੰਦਾ ਹੈ ਕਿਉਂਕਿ ਉੱਪਰਲੇ ਇਲਾਕਿਆਂ ਵਿੱਚ ਬਾਰਿਸ਼ ਹੋਈ ਹੁੰਦੀ ਹੈ - ਨਾ ਕਿ ਇਸ ਲਈ ਕਿ ਨੇਪਾਲ ਨੇ ਕੋਈ ਗੇਟ ਖੋਲ੍ਹ ਦਿੱਤਾ ਹੈ।
ਪਰ ਇਸ ਦਾਅਵੇ ਪਿੱਛੇ ਇੱਕ ਜ਼ਰੂਰੀ ਸੱਚਾਈ ਹੈ- ਉੱਤਰੀ ਬਿਹਾਰ ਅਤੇ ਪੂਰਬੀ ਯੂਪੀ ਵਿੱਚ ਹੜ੍ਹ ਲਿਆਉਣ ਵਾਲਾ ਜ਼ਿਆਦਾਤਰ ਪਾਣੀ ਨੇਪਾਲ ਵਿੱਚ ਮੀਂਹ ਦੇ ਰੂਪ ਵਿੱਚ ਪੈਂਦਾ ਹੈ, ਇਸ ਲਈ ਨੇਪਾਲ ਵਿੱਚ ਹੋਣ ਵਾਲਾ ਮੀਂਹ ਹੀ ਤੈਅ ਕਰਦਾ ਹੈ ਕਿ ਭਾਰਤ ਵਿੱਚ ਹੜ੍ਹ ਦਾ ਪਾਣੀ ਕਦੋਂ ਅਤੇ ਕਿੰਨੀ ਮਾਤਰਾ ਵਿੱਚ ਪਹੁੰਚੇਗਾ।
ਗੰਗਾ ਦੇ ਔਸਤ ਸਾਲਾਨਾ ਵਹਾਅ ਦਾ ਲਗਭਗ 40% ਹਿੱਸਾ ਨੇਪਾਲ ਤੋਂ ਆਉਂਦਾ ਹੈ - ਅਤੇ ਸੁੱਕੇ ਮੌਸਮ ਵਿੱਚ ਤਾਂ ਇਹ ਹਿੱਸਾ ਹੋਰ ਵੀ ਜ਼ਿਆਦਾ ਹੁੰਦਾ ਹੈ - ਇਸ ਲਈ ਭਾਰਤ ਲਈ ਨੇਪਾਲ ਦੀ ਹਾਈਡ੍ਰੋਲਾਜੀ ਬਹੁਤ ਅਹਿਮ ਹੈ।
ਸਾਨਿਆਲ ਕਹਿੰਦੇ ਹਨ, "ਇਸ ਨੂੰ ਸਿਰਫ਼ - ਕਿਸ ਕਰਕੇ ਹੋਇਆ ਜਾਂ ਕੌਣ ਦੋਸ਼ੀ ਹੈ - ਵਾਂਗ ਮੰਨਣਾ ਠੀਕ ਨਹੀਂ। ਮੀਂਹ ਕਿਸੇ ਦੇ ਕਿਹਾਂ ਥੋੜ੍ਹੇ ਪੈਂਦੇ ਹਨ।''
ਕਿਸ ਵੇਲੇ ਪਾਣੀ ਵਹਾਅ ਨਾਲ ਤਬਾਹੀ ਮਚੇਗੀ ਜਾਂ ਨਹੀਂ, ਇਹ ਨੇਪਾਲ ਦੇ ਨਾਲ-ਨਾਲ ਭਾਰਤ ਦੀਆਂ ਸਥਿਤੀਆਂ 'ਤੇ ਵੀ ਨਿਰਭਰ ਕਰਦਾ ਹੈ - ਜਿਵੇਂ ਗੰਗਾ ਦੇ ਪਾਣੀ ਦਾ ਪੱਧਰ, ਭਾਰਤ ਵਿੱਚ ਮੀਂਹ, ਬੰਨ੍ਹਾਂ ਦੀ ਮਜ਼ਬੂਤੀ, ਪਾਣੀ ਦੀ ਨਿਕਾਸੀ ਅਤੇ ਗਾਦ (ਸੈਡੀਮੈਂਟ)।
ਸਾਨਿਆਲ ਕਹਿੰਦੇ ਹਨ, "ਅਤੇ ਇਸ ਦਾ ਅਸਰ ਦੋਵੇਂ ਪਾਸੇ ਹੁੰਦਾ ਹੈ: ਭਾਰਤ ਦੀ ਸੁਰੱਖਿਆ ਲਈ ਬਣਾਏ ਗਏ ਬੰਨ੍ਹਾਂ ਅਤੇ ਬੈਰਾਜਾਂ ਕਾਰਨ ਪਾਣੀ ਦਾ ਪੱਧਰ ਵਧਿਆ ਹੈ ਅਤੇ ਨੇਪਾਲ ਦੇ ਤਰਾਈ ਇਲਾਕੇ ਵਿੱਚ 'ਬੈਕਵਾਟਰ' ਕਾਰਨ ਹੜ੍ਹ ਆਇਆ ਹੈ, ਜੋ ਨੇਪਾਲ ਲਈ ਲੰਬੇ ਸਮੇਂ ਤੋਂ ਚਿੰਤਾ ਦਾ ਵਿਸ਼ਾ ਰਿਹਾ ਹੈ।"
ਨੇਪਾਲ ਅਤੇ ਭਾਰਤ ਇੱਕੋ ਨਦੀ ਪ੍ਰਣਾਲੀ ਨੂੰ ਸਾਂਝਾ ਕਰਦੇ ਹਨ, ਜਿਸ ਵਿੱਚ ਇੱਕ ਦੇਸ਼ ਨਦੀ ਦੇ ਉੱਪਰਲੇ ਹਿੱਸੇ (ਅਪਸਟ੍ਰੀਮ) ਵਿੱਚ ਹੈ ਅਤੇ ਦੂਜਾ ਹੇਠਲੇ ਹਿੱਸੇ (ਡਾਊਨਸਟ੍ਰੀਮ) ਵਿੱਚ।
ਇਸ ਲਈ ਇਸ ਦਾ ਹੱਲ ਇੱਕ-ਦੂਜੇ 'ਤੇ ਦੋਸ਼ ਮੜ੍ਹਨਾ ਨਹੀਂ, ਸਗੋਂ ਬਿਹਤਰ ਸਾਂਝਾ ਡੇਟਾ, ਪੂਰਵ-ਅਨੁਮਾਨ ਅਤੇ ਨਦੀ ਪ੍ਰਬੰਧਨ ਹੈ।
ਤਾਂ ਭਾਰਤ ਨੂੰ ਸਭ ਤੋਂ ਜ਼ਿਆਦਾ ਕਿਸ ਗੱਲ ਦੀ ਚਿੰਤਾ ਹੋਣੀ ਚਾਹੀਦੀ ਹੈ?

ਤਸਵੀਰ ਸਰੋਤ, Anadolu via Getty Images
ਰਾਜੀਵ ਸਿਨ੍ਹਾ ਕਹਿੰਦੇ ਹਨ, "ਭਾਰਤ ਨੂੰ ਚਿੰਤਾ ਹੋਣੀ ਚਾਹੀਦੀ ਹੈ।ਪਰ ਜ਼ਰੂਰੀ ਨਹੀਂ ਕਿ ਅਜਿਹਾ ਨੇਪਾਲ ਦੀ ਕੋਸੀ ਨਦੀ ਕਾਰਨ ਹੀ ਹੋਵੇ।''
ਦੂਜੇ ਸ਼ਬਦਾਂ ਵਿੱਚ, ਜਾਣਕਾਰਾਂ ਦਾ ਕਹਿਣਾ ਹੈ ਕਿ ਅਸਲ ਚੇਤਾਵਨੀ ਹਿਮਾਲਿਆ ਵਿੱਚ ਹੋ ਰਹੀਆਂ ਘਟਨਾਵਾਂ ਬਾਰੇ ਹੈ - ਅਤੇ ਉਸ ਵੇਲੇ ਕੀ ਹੁੰਦਾ ਹੈ ਜਦੋਂ ਪਾਣੀ, ਚੱਟਾਨ, ਬਰਫ਼ ਅਤੇ ਭਾਰੀ ਮਾਤਰਾ ਵਿੱਚ ਗਾਦ (ਸੈਡੀਮੈਂਟ) ਅਚਾਨਕ ਇਕੱਠੇ ਹੋ ਜਾਂਦੇ ਹਨ।
ਸਿਨ੍ਹਾ ਦਾ ਕਹਿਣਾ ਹੈ ਕਿ ਨੇਪਾਲ ਵਿੱਚ ਹੋਈ ਹਾਲੀਆ ਤਬਾਹੀ, ਭਾਰਤ ਵਿੱਚ ਹਾਲ ਦੇ ਸਾਲਾਂ ਵਿੱਚ ਹੋਈਆਂ ਵਿਨਾਸ਼ਕਾਰੀ ਘਟਨਾਵਾਂ ਵਰਗੀ ਹੀ ਹੈ, ਜਿਨ੍ਹਾਂ ਵਿੱਚ ਉੱਤਰਾਖੰਡ ਵਿੱਚ 2021 ਦੀ ਚਮੋਲੀ ਆਪਦਾ ਅਤੇ 2025 ਦੀ ਧਰਾਲੀ ਆਪਦਾ ਸ਼ਾਮਿਲ ਹਨ। ਉਹ ਕਹਿੰਦੇ ਹਨ ਕਿ ਨੇਪਾਲ ਦੀ ਘਟਨਾ "ਸ਼ਾਇਦ 5 ਤੋਂ 10 ਗੁਣਾ ਵੱਡੀ" ਸੀ।
ਸਿਨ੍ਹਾ ਕਹਿੰਦੇ ਹਨ, "ਮੁੱਖ ਗੱਲ ਇਹ ਹੈ ਕਿ ਇਹ ਆਮ ਹਾਈਡ੍ਰੋਲਾਜੀਕਲ ਹੜ੍ਹ (ਪਾਣੀ ਨਾਲ ਸਬੰਧਤ ਹੜ੍ਹ) ਨਹੀਂ ਹਨ।"
ਆਮ ਤੌਰ 'ਤੇ ਹੜ੍ਹ ਦਾ ਮਤਲਬ ਜ਼ਿਆਦਾਤਰ ਪਾਣੀ ਦਾ ਵਹਾਅ ਹੁੰਦਾ ਹੈ। ਪਰ ਜਦੋਂ ਭਾਰੀ ਮੀਂਹ, ਪਿਘਲਦੀ ਬਰਫ਼ ਜਾਂ ਅਚਾਨਕ ਪਾਣੀ ਦੇ ਵਹਾਅ ਦੇ ਨਾਲ ਭਾਰੀ ਮਾਤਰਾ ਵਿੱਚ ਗਾਦ ਮਿਲ ਜਾਂਦੀ ਹੈ, ਤਾਂ ਨਤੀਜਾ ਇੱਕ ਗਾੜ੍ਹਾ, ਬਹੁਤ ਜ਼ਿਆਦਾ ਸ਼ਕਤੀਸ਼ਾਲੀ ਮਿਸ਼ਰਣ ਬਣ ਸਕਦਾ ਹੈ, ਜਿਸ ਵਿੱਚ ਇੰਨੀ ਤਾਕਤ ਹੁੰਦੀ ਹੈ ਕਿ ਉਹ ਆਪਣੇ ਰਸਤੇ ਵਿੱਚ ਆਉਣ ਵਾਲੀ ਲਗਭਗ ਹਰ ਚੀਜ਼ ਨੂੰ ਤਬਾਹ ਕਰ ਸਕਦਾ ਹੈ।
2021 ਦੀ ਚਮੋਲੀ ਆਪਦਾ ਤੋਂ ਇਹੀ ਸਬਕ ਮਿਲਿਆ ਸੀ, ਜਦੋਂ ਉੱਤਰੀ ਭਾਰਤ ਦੀ ਚਮੋਲੀ ਘਾਟੀ ਵਿੱਚ ਹਿਮਾਲਿਆਈ ਗਲੇਸ਼ੀਅਰ ਦਾ ਇੱਕ ਵੱਡਾ ਹਿੱਸਾ ਟੁੱਟ ਕੇ ਡਿੱਗ ਗਿਆ ਸੀ। ਇਸਦੇ ਨਾਲ ਮਲਬੇ ਅਤੇ ਪਾਣੀ ਦਾ ਤੇਜ਼ ਵਹਾਅ ਹੇਠਾਂ ਵੱਲ ਆਇਆ, ਜਿਸ ਵਿੱਚ 200 ਲੋਕਾਂ ਦੀ ਮੌਤ ਹੋ ਗਈ ਅਤੇ ਪਣਬਿਜਲੀ (ਹਾਈਡ੍ਰੋਪਾਵਰ) ਦੇ ਬੁਨਿਆਦੀ ਢਾਂਚੇ ਨੂੰ ਨੁਕਸਾਨ ਪਹੁੰਚਿਆ।
2025 ਵਿੱਚ ਉੱਤਰਾਖੰਡ ਦੇ ਧਰਾਲੀ ਵਿੱਚ ਵੀ ਅਜਿਹਾ ਹੀ ਦੇਖਣ ਨੂੰ ਮਿਲਿਆ, ਜਦੋਂ ਭਾਰੀ ਮੀਂਹ ਕਾਰਨ ਅਚਾਨਕ ਹੜ੍ਹ (ਫ਼ਲੈਸ਼ ਫ਼ਲੱਡ) ਆ ਗਿਆ ਅਤੇ ਮਲਬੇ ਦੇ ਵਹਾਅ ਨੇ ਪਿੰਡ ਦੇ ਕੁਝ ਹਿੱਸਿਆਂ ਨੂੰ ਕਈ ਮੀਟਰ ਮਲਬੇ ਹੇਠਾਂ ਦੱਬ ਦਿੱਤਾ।
ਫਿਰ ਜਲਵਾਯੂ ਪਰਿਵਰਤਨ ਦਾ ਮੁੱਦਾ ਵੀ ਅਹਿਮ ਹੈ।
ਮਾਹਿਰਾਂ ਦਾ ਕਹਿਣਾ ਹੈ ਕਿ ਬਾਰਿਸ਼ ਹੁਣ ਹੋਰ ਤੇਜ਼ ਹੋ ਰਹੀ ਹੈ, ਇਹ ਖੇਤਰ ਦੁਨੀਆ ਦੇ ਔਸਤ ਮੁਕਾਬਲੇ ਨਾਲ ਤੇਜ਼ੀ ਨਾਲ ਗਰਮ ਹੋ ਰਿਹਾ ਹੈ, ਗਰਮ ਵਾਤਾਵਰਣ ਵਿੱਚ ਜ਼ਿਆਦਾ ਨਮੀ ਹੁੰਦੀ ਹੈ ਅਤੇ ਮਾਨਸੂਨ ਹੁਣ ਘੱਟ ਪਰ ਜ਼ਿਆਦਾ ਤੇਜ਼ ਅਤੇ ਭਾਰੀ ਮੀਂਹ ਲਿਆ ਰਿਹਾ ਹੈ।
ਉੱਚੇ ਪਹਾੜੀ ਇਲਾਕਿਆਂ ਵਿੱਚ ਵੀ ਖ਼ਤਰੇ ਵਧ ਰਹੇ ਹਨ। ਜਿਵੇਂ-ਜਿਵੇਂ ਪਰਮਾਫ਼ਰਾਸਟ (ਹਮੇਸ਼ਾ ਜੰਮੀ ਰਹਿਣ ਵਾਲੀ ਜ਼ਮੀਨ) ਪਿਘਲ ਰਿਹਾ ਹੈ, ਗਲੇਸ਼ੀਅਰ ਝੀਲਾਂ ਦੇ ਫਟਣ, ਚੱਟਾਨਾਂ ਤੇ ਬਰਫ਼ ਦੇ ਅਚਾਨਕ ਡਿੱਗਣ ਦੀਆਂ ਘਟਨਾਵਾਂ ਵਧਣ ਦੀ ਉਮੀਦ ਹੈ। ਇਸਦੇ ਨਾਲ ਹੋਰ ਤੇਜ਼, ਮਲਬੇ ਵਾਲੇ ਹੜ੍ਹ ਆ ਸਕਦੇ ਹਨ, ਜਿਨ੍ਹਾਂ ਦੀ ਭਵਿੱਖਬਾਣੀ ਕਰਨਾ ਵੀ ਹੋਰ ਮੁਸ਼ਕਿਲ ਹੁੰਦਾ ਹੈ।
ਅਤੇ ਜ਼ਿਆਦਾ ਗੰਭੀਰ ਮੌਸਮੀ ਘਟਨਾਵਾਂ ਦਾ ਮਤਲਬ ਹੈ ਕਿ ਜ਼ਮੀਨ ਖਿਸਕਣ ਦੀਆਂ ਹੋਰ ਘਟਨਾਵਾਂ ਹੋਣਗੀਆਂ ਅਤੇ ਨਦੀਆਂ ਵਿੱਚ ਹੋਰ ਗਾਦ ਜਮ੍ਹਾਂ ਹੋਵੇਗੀ। ਇਸ ਨਾਲ ਸਰਹੱਦ ਦੇ ਦੋਵੇਂ ਪਾਸਿਆਂ 'ਤੇ ਨਦੀ ਦੀ ਤਲਹੱਟੀ ਉੱਪਰ ਉੱਠੇਗੀ ਅਤੇ ਨਦੀ ਦੇ ਪਾਣੀ ਨੂੰ ਸੰਭਾਲਣ ਦੀ ਸਮਰੱਥਾ ਘਟੇਗੀ।
ਇਹ ਸਾਰੀਆਂ ਘਟਨਾਵਾਂ ਵਿਸ਼ਾਲ ਹਿਮਾਲਿਆਈ ਖ਼ਤਰੇ ਦੀ ਉਸੇ ਪ੍ਰਣਾਲੀ ਦਾ ਹਿੱਸਾ ਹਨ ਅਤੇ ਭਾਰਤ 'ਤੇ ਇਨ੍ਹਾਂ ਦਾ ਖਾਸਾ ਪ੍ਰਭਾਵ ਪੈਣ ਦੇ ਖਦਸ਼ੇ ਹਨ।
ਬੀਬੀਸੀ ਲਈ ਕਲੈਕਟਿਵ ਨਿਊਜ਼ਰੂਮ ਵੱਲੋਂ ਪ੍ਰਕਾਸ਼ਿਤ





























