ਸੋਨੀਆ ਗਾਂਧੀ ਦੀ ਕਿਤਾਬ ਤੋਂ ਭਾਰਤ ਦੇ 'ਸਭ ਤੋਂ ਤਾਕਤਵਰ ਸਿਆਸੀ ਪਰਿਵਾਰ' ਬਾਰੇ ਕੀ ਪਤਾ ਲੱਗੇਗਾ?

ਸੋਨੀਆਂ ਗਾਂਧੀ

ਤਸਵੀਰ ਸਰੋਤ, AFP via Getty Images

ਤਸਵੀਰ ਕੈਪਸ਼ਨ, ਸੋਨੀਆ ਗਾਂਧੀ ਭਾਰਤ ਦੇ ਇਤਿਹਾਸ ਦੀਆਂ ਸਭ ਤੋਂ ਤਾਕਤਵਰ ਸਿਆਸੀ ਹਸਤੀਆਂ ਵਿੱਚੋਂ ਇੱਕ ਰਹੀ ਹਨ
    • ਲੇਖਕ, ਸੌਤਿਕ ਬਿਸਵਾਸ
    • ਰੋਲ, ਬੀਬੀਸੀ ਪੱਤਰਕਾਰ
  • ਪ੍ਰਕਾਸ਼ਿਤ
  • ਪੜ੍ਹਨ ਦਾ ਸਮਾਂ: 11 ਮਿੰਟ

1998 ਵਿੱਚ ਜਦੋਂ ਸੋਨੀਆ ਗਾਂਧੀ ਭਾਰਤ ਦੀ ਮੁੱਖ ਵਿਰੋਧੀ ਪਾਰਟੀ ਕਾਂਗਰਸ ਦੀ ਪ੍ਰਧਾਨ ਬਣੀ, ਤਾਂ ਉਸ ਵੇਲੇ ਉਨ੍ਹਾਂ ਬਾਰੇ ਅਤੇ ਉਨ੍ਹਾਂ ਦੀ ਸਿਆਸੀ ਇੱਛਾ ਬਾਰੇ ਬਹੁਤ ਘੱਟ ਜਾਣਕਾਰੀ ਸੀ। ਉਸ ਸਮੇਂ ਉਨ੍ਹਾਂ ਨੂੰ ਇੱਕ ਅਣਇੱਛੁਕ ਸਿਆਸਤਦਾਨ ਵਜੋਂ ਦੇਖਿਆ ਜਾ ਰਿਹਾ ਸੀ।

ਇਟਲੀ ਵਿੱਚ ਜੰਮੀ, ਸਾਬਕਾ ਪ੍ਰਧਾਨ ਮੰਤਰੀ ਰਾਜੀਵ ਗਾਂਧੀ ਦੀ ਪਤਨੀ ਸੋਨੀਆ ਗਾਂਧੀ ਨੇ ਇਸ ਤੋਂ ਪਹਿਲਾਂ ਕਈ ਸਾਲਾਂ ਤੱਕ ਸਿਆਸੀ ਸੁਰਖ਼ੀਆਂ ਤੋਂ ਦੂਰ ਰਹਿਣ ਦੀ ਕੋਸ਼ਿਸ਼ ਕੀਤੀ ਸੀ। ਇਸ ਤੋਂ ਬਾਅਦ ਉਨ੍ਹਾਂ ਨੇ ਉਸ ਪਾਰਟੀ ਦੀ ਕਮਾਨ ਸੰਭਾਲੀ, ਜਿਸ ਦਾ ਆਜ਼ਾਦ ਭਾਰਤ ਦੇ ਇਤਿਹਾਸ ਦੇ ਵੱਡੇ ਹਿੱਸੇ 'ਤੇ ਦਬਦਬਾ ਰਿਹਾ ਸੀ।

ਆਪਣੇ ਸ਼ੁਰੂਆਤੀ ਮਹੀਨਿਆਂ ਵਿੱਚ ਇੰਡੀਆ ਟੁਡੇ ਮੈਗਜ਼ੀਨ ਨੇ ਸੋਨੀਆ ਗਾਂਧੀ ਨੂੰ "ਆਪਣੀ ਪਾਰਟੀ ਦੇ ਆਗੂਆਂ ਲਈ ਕਾਫ਼ੀ ਰਹੱਸਮਈ" ਦੱਸਿਆ ਸੀ।

ਮੈਗਜ਼ੀਨ ਨੇ ਉਨ੍ਹਾਂ ਨੂੰ ਸੁਰੱਖਿਆ ਘੇਰੇ ਵਿੱਚ ਦੁਨੀਆ ਤੋਂ ਵੱਖ ਰਹਿਣ ਵਾਲੀ ਇੱਕ ਔਰਤ ਦੱਸਿਆ, ਜੋ "ਵਿਦੇਸ਼ੀ ਲਹਿਜ਼ੇ ਵਿੱਚ ਛੋਟੇ-ਛੋਟੇ ਜਵਾਬ" ਦਿੰਦੀ ਸੀ।

ਮੈਗਜ਼ੀਨ ਮੁਤਾਬਕ, ਹਾਲਾਂਕਿ, ਆਪਣੀ ਇਸ ਚੁੱਪੀ ਦੇ ਪਿੱਛੇ ਉਹ ਪਹਿਲਾਂ ਹੀ ਸੱਤਾ ਦੀ ਵਰਤੋਂ ਕਰਨਾ ਸਿੱਖ ਰਹੀ ਸੀ। ਉਹ ਵੱਖ-ਵੱਖ ਧਿਰਾਂ ਦੀਆਂ ਦਲੀਲਾਂ ਸੁਣਦੀ ਸੀ। ਜਾਣਕਾਰੀ ਇਕੱਠੀ ਕਰਦੀ ਸੀ। ਇਸ ਤੋਂ ਬਾਅਦ ਆਪਣਾ ਫ਼ੈਸਲਾ ਕਰਦੀ ਸੀ।

ਮੈਗਜ਼ੀਨ ਨੇ ਲਿਖਿਆ ਸੀ, "ਫ਼ੈਸਲਾ ਲੈਣ ਦੀ ਪ੍ਰਕਿਰਿਆ ਤੋਂ ਕਿਸੇ ਨੂੰ ਬਾਹਰ ਨਹੀਂ ਰੱਖਿਆ ਜਾਂਦਾ ਅਤੇ ਕਿਸੇ ਦੀ ਆਵਾਜ਼ ਨਹੀਂ ਦਬਾਈ ਜਾਂਦੀ। ਪਰ ਆਖ਼ਰੀ ਫ਼ੈਸਲਾ ਉਨ੍ਹਾਂ ਦਾ ਹੀ ਹੁੰਦਾ ਹੈ।"

ਕਰੀਬ ਤਿੰਨ ਦਹਾਕਿਆਂ ਬਾਅਦ, ਕਾਂਗਰਸ ਦੀ ਸਿਆਸਤ ਵਿੱਚ ਇੱਕ ਅਣਇੱਛੁਕ ਬਾਹਰੀ ਵਿਅਕਤੀ ਤੋਂ ਦੇਸ਼ ਦੀ ਸਭ ਤੋਂ ਪੁਰਾਣੀ ਸਿਆਸੀ ਪਾਰਟੀ ਦੀ ਸਭ ਤੋਂ ਤਾਕਤਵਰ ਆਗੂ ਬਣਨ ਤੱਕ ਦੇ ਸਫ਼ਰ ਤੋਂ ਬਾਅਦ, ਸੋਨੀਆ ਗਾਂਧੀ ਹੁਣ ਆਪਣੀ ਕਹਾਣੀ ਖ਼ੁਦ ਦੱਸ ਰਹੇ ਹਨ।

ਸੋਨੀਆ ਗਾਂਧੀ

ਤਸਵੀਰ ਸਰੋਤ, William Collins

ਤਸਵੀਰ ਕੈਪਸ਼ਨ, ਸੋਨੀਆ ਗਾਂਧੀ ਦੀ ਸਵੈ-ਜੀਵਨੀ ਨਵੰਬਰ ਵਿੱਚ ਪ੍ਰਕਾਸ਼ਿਤ ਹੋ ਰਹੀ ਹੈ

ਕਿਤਾਬ ਵਿੱਚ ਕੀ ਹੈ?

79 ਸਾਲਾ ਸੋਨੀਆ ਗਾਂਧੀ ਦੀ ਨਿੱਜੀ ਜ਼ਿੰਦਗੀ ਬੇਹੱਦ ਦੁੱਖ ਅਤੇ ਉਤਰਾਅ-ਚੜਾਅ ਨਾਲ ਭਰੀ ਰਹੀ ਹੈ। ਉਨ੍ਹਾਂ ਦੇ ਸੁਰੱਖਿਆ ਗਾਰਡਾਂ ਨੇ ਜਦੋਂ ਉਨ੍ਹਾਂ ਦੀ ਸੱਸ ਇੰਦਰਾ ਗਾਂਧੀ ਨੂੰ ਗੋਲੀ ਮਾਰੀ, ਤਾਂ ਸੋਨੀਆ ਗਾਂਧੀ ਉਨ੍ਹਾਂ ਨੂੰ ਹਸਪਤਾਲ ਲੈ ਕੇ ਗਏ ਸਨ।

ਸੱਤ ਸਾਲ ਬਾਅਦ, ਇੱਕ ਆਤਮਘਾਤੀ ਹਮਲਾਵਰ ਨੇ ਉਨ੍ਹਾਂ ਦੇ ਪਤੀ ਰਾਜੀਵ ਗਾਂਧੀ ਦਾ ਕਤਲ ਕਰ ਦਿੱਤਾ। ਇਸ ਤੋਂ ਬਾਅਦ ਸੋਨੀਆ ਗਾਂਧੀ ਉਨ੍ਹਾਂ ਦੀ ਮ੍ਰਿਤਕ ਦੇਹ ਨੂੰ ਘਰ ਲੈ ਕੇ ਆਏ ਸਨ।

ਉਨ੍ਹਾਂ ਦੀ ਸਵੈ-ਜੀਵਨੀ 'ਬਿਲੌਂਗਿੰਗ: ਏ ਜਰਨੀ ਆਫ਼ ਲਵ' ਨਵੰਬਰ ਵਿੱਚ ਪ੍ਰਕਾਸ਼ਿਤ ਹੋਵੇਗੀ।

ਇਸ ਨੂੰ ਅਮਰੀਕਾ ਵਿੱਚ ਅਲਫ਼੍ਰੇਡ ਏ. ਨੌਫ਼ ਅਤੇ ਬ੍ਰਿਟੇਨ ਵਿੱਚ ਵਿਲੀਅਮ ਕੌਲਿਨਜ਼ ਪ੍ਰਕਾਸ਼ਿਤ ਕਰਨਗੇ।

ਭਾਰਤ ਵਿੱਚ ਪ੍ਰਕਾਸ਼ਿਤ ਹੋਣ ਤੋਂ ਪਹਿਲਾਂ ਹੀ ਇਸ ਕਿਤਾਬ ਦੀ ਕਾਫ਼ੀ ਚਰਚਾ ਹੋ ਰਹੀ ਹੈ।

ਅਲਫ਼੍ਰੇਡ ਏ. ਨੌਫ਼ ਵੱਲੋਂ ਜਾਰੀ ਇੱਕ ਬਿਆਨ ਵਿੱਚ ਸੋਨੀਆ ਗਾਂਧੀ ਨੇ ਕਿਹਾ ਹੈ ਕਿ ਉਹ ਚਾਹੁੰਦੀ ਹਨ ਕਿ ਇਹ ਯਾਦਾਂ "ਮੇਰੇ ਦਿਲ ਦੇ ਉਸ ਸਫ਼ਰ ਦੀ ਗਵਾਹੀ ਬਣੇ, ਜਿਸ ਵਿੱਚ ਮੇਰੀ ਜ਼ਿੰਦਗੀ ਦੀਆਂ ਖ਼ੁਸ਼ੀਆਂ ਅਤੇ ਡੂੰਘੀ ਨਿਰਾਸ਼ਾ ਸ਼ਾਮਲ ਰਹੀ ਹੈ।"

ਵਿਲੀਅਮ ਕੌਲਿਨਜ਼ ਮੁਤਾਬਕ, ਕਿਤਾਬ ਦੀ ਸ਼ੁਰੂਆਤ 1965 ਵਿੱਚ ਕੈਂਬਰਿਜ ਤੋਂ ਹੁੰਦੀ ਹੈ। ਉਸ ਸਮੇਂ 19 ਸਾਲਾ ਇਤਾਲਵੀ ਵਿਦਿਆਰਥਣ ਸੋਨੀਆ ਮੈਨੋ ਰਾਜੀਵ ਗਾਂਧੀ ਦੇ ਪਿਆਰ ਵਿੱਚ ਪੈ ਜਾਂਦੀ ਹੈ। ਰਾਜੀਵ ਗਾਂਧੀ ਭਾਰਤ ਦੇ ਪਹਿਲੇ ਪ੍ਰਧਾਨ ਮੰਤਰੀ ਜਵਾਹਰਲਾਲ ਨਹਿਰੂ ਦੇ ਦੋਹਤੇ ਸਨ।

ਪ੍ਰਕਾਸ਼ਕਾਂ ਮੁਤਾਬਕ, ਕਿਤਾਬ ਦੇ ਇਸ ਹਿੱਸੇ ਵਿੱਚ ਸੋਨੀਆ ਗਾਂਧੀ ਆਪਣੀ ਜ਼ਿੰਦਗੀ ਨੂੰ ਵੱਡੀ ਗਰਮਜੋਸ਼ੀ ਅਤੇ ਬੇਬਾਕੀ ਦੇ ਅੰਦਾਜ਼ ਵਿੱਚ ਦੇਖਦੀ ਹਨ।

ਉਨ੍ਹਾਂ ਦੀ ਜ਼ਿੰਦਗੀ ਦੀ ਸ਼ੁਰੂਆਤ ਇਟਲੀ ਦੇ ਇੱਕ ਛੋਟੇ ਸ਼ਹਿਰ ਵਿੱਚ ਉਨ੍ਹਾਂ ਦੇ ਬਚਪਨ ਤੋਂ ਹੁੰਦੀ ਹੈ। ਇਸ ਤੋਂ ਬਾਅਦ ਉਹ ਅਚਾਨਕ ਭਾਰਤੀ ਸਿਆਸਤ ਦੇ ਕੇਂਦਰ ਤੱਕ ਪਹੁੰਚ ਗਏ।

ਸੋਨੀਆ ਗਾਂਧੀ ਅਤੇ ਰਾਜੀਵ ਗਾਂਧੀ

ਤਸਵੀਰ ਸਰੋਤ, Keystone/Getty Images

ਤਸਵੀਰ ਕੈਪਸ਼ਨ, ਸੋਨੀਆ (ਸੱਜੇ) ਦੀ ਰਾਜੀਵ ਗਾਂਧੀ ਨਾਲ ਮੁਲਾਕਾਤ ਕੈਂਬਰਿਜ ਵਿੱਚ ਹੋਈ ਸੀ, ਜਦੋਂ ਉਹ 19 ਸਾਲ ਦੀ ਸੀ

ਪਾਠਕ ਕੀ ਜਾਣਨਗੇ?

ਇਨ੍ਹਾਂ ਯਾਦਾਂ ਨੂੰ ਲੈ ਕੇ ਭਾਰਤ ਵਿੱਚ ਪਹਿਲਾਂ ਹੀ ਵਿਵਾਦ ਸ਼ੁਰੂ ਹੋ ਚੁੱਕਾ ਹੈ।

ਖ਼ਬਰਾਂ ਮੁਤਾਬਕ, ਪੇਂਗੁਇਨ ਰੈਂਡਮ ਹਾਊਸ ਇੰਡੀਆ ਨੇ ਪਾਂਡੁਲਿਪੀ ਦੇ ਕੁਝ ਹਿੱਸਿਆਂ ਵਿੱਚ ਬਦਲਾਅ ਕਰਨ ਲਈ ਕਿਹਾ ਸੀ। ਇਸ ਤੋਂ ਬਾਅਦ ਕਾਂਗਰਸ ਆਗੂਆਂ ਨੇ ਇਲਜ਼ਾਮ ਲਾਇਆ ਕਿ ਪ੍ਰਕਾਸ਼ਕ 'ਤੇ ਸਰਕਾਰ ਦੀ ਆਲੋਚਨਾ ਕਰਨ ਵਾਲੇ ਅੰਸ਼ਾਂ ਨੂੰ ਬਦਲਣ ਲਈ ਸਿਆਸੀ ਦਬਾਅ ਪਾਇਆ ਗਿਆ ਸੀ।

ਪੇਂਗੁਇਨ ਨੇ ਇਸ ਦਾਅਵੇ ਤੋਂ ਇਨਕਾਰ ਕੀਤਾ ਹੈ। ਉਸ ਦਾ ਕਹਿਣਾ ਹੈ ਕਿ ਉਹ "ਕਿਤਾਬ ਪ੍ਰਕਾਸ਼ਿਤ ਕਰਨ ਲਈ ਹਮੇਸ਼ਾ ਤਿਆਰ ਰਿਹਾ" ਅਤੇ ਇਸ ਨੂੰ ਲੈ ਕੇ ਗੱਲਬਾਤ ਚੱਲ ਰਹੀ ਸੀ।

ਪਰ ਪਾਠਕ ਸਿਰਫ਼ ਉਸ ਕਹਾਣੀ ਨੂੰ ਜਾਣਨ ਵਿੱਚ ਦਿਲਚਸਪੀ ਨਹੀਂ ਰੱਖਣਗੇ ਕਿ ਇੱਕ ਨੌਜਵਾਨ ਵਿਦੇਸ਼ੀ ਔਰਤ ਭਾਰਤ ਦੇ ਸਭ ਤੋਂ ਤਾਕਤਵਰ ਸਿਆਸੀ ਪਰਿਵਾਰ ਦਾ ਹਿੱਸਾ ਕਿਵੇਂ ਬਣੀ। ਉਹ ਆਧੁਨਿਕ ਭਾਰਤੀ ਸਿਆਸਤ ਦੇ ਕੁਝ ਸਭ ਤੋਂ ਵੱਡੇ ਅਣਸੁਲਝੇ ਸਵਾਲਾਂ ਦੇ ਜਵਾਬ ਵੀ ਲੱਭਣਗੇ।

ਆਖ਼ਿਰ ਉਹ ਕੀ ਚੀਜ਼ ਸੀ ਜੋ ਸੋਨੀਆ ਗਾਂਧੀ ਨੂੰ ਸਿਆਸਤ ਵਿੱਚ ਖਿੱਚ ਲਿਆਈ? ਅਤੇ 2004 ਵਿੱਚ ਜਦੋਂ ਕਾਂਗਰਸ ਅੱਠ ਸਾਲ ਤੱਕ ਸੱਤਾ ਤੋਂ ਬਾਹਰ ਰਹਿਣ ਤੋਂ ਬਾਅਦ ਮੁੜ ਸੱਤਾ ਵਿੱਚ ਆਏ, ਤਾਂ ਪਰਦੇ ਦੇ ਪਿੱਛੇ ਕੀ ਹੋਇਆ ਸੀ?

ਰਾਜੀਵ ਗਾਂਧੀ (ਖੱਬੇ ਤੋਂ ਦੂਜੇ, ਟੋਪੀ ਪਹਿਨੇ ਹੋਏ) ਆਪਣੀ ਧੀ ਪ੍ਰਿਅੰਕਾ ਅਤੇ ਪਤਨੀ ਸੋਨੀਆ ਦੇ ਨਾਲ

ਤਸਵੀਰ ਸਰੋਤ, Getty Images

ਤਸਵੀਰ ਕੈਪਸ਼ਨ, ਨਵੰਬਰ 1984 ਵਿੱਚ ਸਾਬਕਾ ਪ੍ਰਧਾਨ ਮੰਤਰੀ ਇੰਦਰਾ ਗਾਂਧੀ ਦੇ ਅੰਤਿਮ ਸੰਸਕਾਰ ਵਿੱਚ ਰਾਜੀਵ ਗਾਂਧੀ (ਖੱਬੇ ਤੋਂ ਦੂਜੇ, ਟੋਪੀ ਪਹਿਨੇ ਹੋਏ) ਆਪਣੀ ਧੀ ਪ੍ਰਿਅੰਕਾ ਅਤੇ ਪਤਨੀ ਸੋਨੀਆ ਦੇ ਨਾਲ

ਸਭ ਤੋਂ ਵੱਡਾ ਰਹੱਸ ਸ਼ਾਇਦ ਇਹੀ ਹੈ ਕਿ ਸੋਨੀਆ ਗਾਂਧੀ ਨੇ ਆਪਣੀ ਪਾਰਟੀ ਅਤੇ ਸਹਿਯੋਗੀਆਂ ਦਾ ਸਮਰਥਨ ਹੋਣ ਦੇ ਬਾਵਜੂਦ ਪ੍ਰਧਾਨ ਮੰਤਰੀ ਦੇ ਅਹੁਦੇ ਨੂੰ ਕਿਉਂ ਠੁਕਰਾ ਦਿੱਤਾ ਅਤੇ ਇਸ ਦੀ ਬਜਾਏ ਭਾਰਤ ਦੇ ਆਰਥਿਕ ਉਦਾਰੀਕਰਨ ਦੇ ਜਨਕ ਮਨਮੋਹਨ ਸਿੰਘ ਨੂੰ ਕਿਉਂ ਚੁਣਿਆ।

ਕੀ ਉਨ੍ਹਾਂ ਨੂੰ ਇਸ ਗੱਲ ਦਾ ਡਰ ਸੀ ਕਿ ਉਨ੍ਹਾਂ ਦੀ ਵਿਦੇਸ਼ੀ ਪਿਛੋਕੜ ਉਨ੍ਹਾਂ ਦੀ ਸਰਕਾਰ ਨੂੰ ਸਥਾਈ ਤੌਰ 'ਤੇ ਕਮਜ਼ੋਰ ਕਰ ਦੇਵੇਗੀ?

ਪੱਤਰਕਾਰ ਅਤੇ ਲੇਖਿਕਾ ਨੀਰਜਾ ਚੌਧਰੀ ਕਹਿੰਦੇ ਹਨ, "ਮੈਨੂੰ ਲੱਗਦਾ ਹੈ ਕਿ ਇਹੀ ਸਭ ਤੋਂ ਵੱਡਾ ਅਣਸੁਲਝਿਆ ਸਵਾਲ ਹੈ। ਉਹ ਆਸਾਨੀ ਨਾਲ ਪ੍ਰਧਾਨ ਮੰਤਰੀ ਬਣ ਸਕਦੀ ਸੀ।"

"ਉਨ੍ਹਾਂ ਨੂੰ ਆਪਣੀ ਪਾਰਟੀ ਅਤੇ ਸਹਿਯੋਗੀਆਂ ਦਾ ਪੂਰਾ ਸਮਰਥਨ ਹਾਸਲ ਸੀ ਅਤੇ ਰਾਸ਼ਟਰਪਤੀ ਦਫ਼ਤਰ ਨੇ ਉਨ੍ਹਾਂ ਨੂੰ ਸਰਕਾਰ ਬਣਾਉਣ ਲਈ ਸੱਦਾ ਦੇਣ ਵਾਲਾ ਪੱਤਰ ਤਿਆਰ ਰੱਖਿਆ ਸੀ।"

ਆਪਣੀਆਂ ਯਾਦਾਂ ਵਿੱਚ, ਕਾਂਗਰਸ ਦੇ ਸਾਬਕਾ ਆਗੂ ਅਤੇ ਵਿਦੇਸ਼ ਮੰਤਰੀ ਨਟਵਰ ਸਿੰਘ ਨੇ ਲਿਖਿਆ ਕਿ ਸੋਨੀਆ ਗਾਂਧੀ ਦੇ ਪੁੱਤਰ ਰਾਹੁਲ ਗਾਂਧੀ ਆਪਣੀ ਮਾਂ ਦੇ ਪ੍ਰਧਾਨ ਮੰਤਰੀ ਬਣਨ ਦੇ "ਸਖ਼ਤ" ਵਿਰੋਧੀ ਸਨ, ਕਿਉਂਕਿ ਉਨ੍ਹਾਂ ਨੂੰ ਡਰ ਸੀ ਕਿ ਉਨ੍ਹਾਂ ਦੀ ਮਾਂ ਦਾ ਵੀ ਉਹੀ ਹਸ਼ਰ ਹੋਵੇਗਾ ਜੋ ਉਨ੍ਹਾਂ ਦੀ ਦਾਦੀ ਅਤੇ ਪਿਤਾ ਦਾ ਹੋਇਆ ਸੀ।

ਨਟਵਰ ਸਿੰਘ ਨੇ ਲਿਖਿਆ ਹੈ ਕਿ ਮਾਮਲਾ ਉਦੋਂ ਸਿਖ਼ਰ 'ਤੇ ਪਹੁੰਚ ਗਿਆ ਜਦੋਂ ਰਾਹੁਲ ਨੇ ਕਿਹਾ ਕਿ ਉਹ ਉਨ੍ਹਾਂ ਨੂੰ ਰੋਕਣ ਲਈ "ਹਰ ਸੰਭਵ ਕਦਮ" ਚੁੱਕਣ ਲਈ ਤਿਆਰ ਹਨ।

ਕੀ ਸੋਨੀਆ ਦੀਆਂ ਯਾਦਾਂ ਉਸ ਅਸਾਧਾਰਣ ਫ਼ੈਸਲੇ 'ਤੇ ਨਵੀਂ ਰੌਸ਼ਨੀ ਪਾਉਣਗੀਆਂ ਜਾਂ ਪਰਦੇ ਦੇ ਪਿੱਛੇ ਜੋ ਕੁਝ ਹੋਇਆ ਸੀ, ਉਸ ਦਾ ਬਿਲਕੁਲ ਵੱਖਰਾ ਵੇਰਵਾ ਪੇਸ਼ ਕਰਨਗੀਆਂ?

ਤਤਕਾਲੀਨ ਅਮਰੀਕੀ ਰਾਸ਼ਟਰਪਤੀ ਰੋਨਾਲਡ ਰੀਗਨ ਅਤੇ ਫ਼ਰਸਟ ਲੇਡੀ ਨੈਂਸੀ ਰੀਗਨ, ਰਾਜੀਵ ਗਾਂਧੀ ਅਤੇ ਉਨ੍ਹਾਂ ਦੀ ਪਤਨੀ ਸੋਨੀਆ ਗਾਂਧੀ ਦੇ ਨਾਲ

ਤਸਵੀਰ ਸਰੋਤ, Universal Images Group via Getty Images

ਤਸਵੀਰ ਕੈਪਸ਼ਨ, 1985 ਵਿੱਚ ਵ੍ਹਾਈਟ ਹਾਊਸ ਵਿੱਚ ਆਯੋਜਿਤ ਸਰਕਾਰੀ ਦਾਅਵਤ ਵਿੱਚ ਤਤਕਾਲੀਨ ਅਮਰੀਕੀ ਰਾਸ਼ਟਰਪਤੀ ਰੋਨਾਲਡ ਰੀਗਨ ਅਤੇ ਫ਼ਰਸਟ ਲੇਡੀ ਨੈਂਸੀ ਰੀਗਨ, ਰਾਜੀਵ ਗਾਂਧੀ ਅਤੇ ਉਨ੍ਹਾਂ ਦੀ ਪਤਨੀ ਸੋਨੀਆ ਗਾਂਧੀ ਦੇ ਨਾਲ

ਵਿਰੋਧੀ ਸਿਆਸਤਦਾਨ ਜਤਾਉਂਦੇ ਰਹੇ ਹੈਰਾਨੀ

ਕਾਰਨ ਭਾਵੇਂ ਜੋ ਵੀ ਹੋਵੇ, ਉਨ੍ਹਾਂ ਦੇ ਇਸ ਫ਼ੈਸਲੇ ਨੇ ਭਾਰਤੀ ਸਿਆਸਤ ਨੂੰ ਬਦਲ ਦਿੱਤਾ। ਪਰ ਇਹ ਫ਼ੈਸਲਾ ਇੱਕ ਵੱਡੇ ਰਹੱਸ ਦਾ ਸਿਰਫ਼ ਇੱਕ ਹਿੱਸਾ ਹੈ, ਆਖ਼ਿਰ ਸੋਨੀਆ ਗਾਂਧੀ ਨੇ ਸਿਆਸਤ ਵਿੱਚ ਕਦਮ ਕਿਉਂ ਰੱਖਿਆ?

ਉਨ੍ਹਾਂ ਨੇ ਕਈ ਸਾਲਾਂ ਤੱਕ ਸਿਆਸੀ ਕਰੀਅਰ ਤੋਂ ਦੂਰੀ ਬਣਾ ਕੇ ਰੱਖੀ ਹੋਈ ਸੀ। 1991 ਵਿੱਚ ਰਾਜੀਵ ਗਾਂਧੀ ਦੇ ਕਤਲ ਤੋਂ ਬਾਅਦ, ਉਹ ਕਾਫ਼ੀ ਹੱਦ ਤੱਕ ਜਨਤਕ ਜੀਵਨ ਤੋਂ ਦੂਰ ਰਹੇ।

ਪਰ 1990 ਦੇ ਦਹਾਕੇ ਵਿੱਚ ਕਾਂਗਰਸ ਦੇ ਚੋਣਾਂ ਵਿੱਚ ਲਗਾਤਾਰ ਕਮਜ਼ੋਰ ਪ੍ਰਦਰਸ਼ਨ ਤੋਂ ਬਾਅਦ, ਉਹ 1997 ਵਿੱਚ ਪਾਰਟੀ ਵਿੱਚ ਸ਼ਾਮਲ ਹੋਏ ਅਤੇ ਇੱਕ ਸਾਲ ਤੋਂ ਵੀ ਘੱਟ ਸਮੇਂ ਵਿੱਚ ਇਸ ਦੀ ਪ੍ਰਧਾਨ ਬਣ ਗਏ।

ਉਸ ਸਮੇਂ ਉਨ੍ਹਾਂ ਦੇ ਵਿਰੋਧੀਆਂ ਨੇ ਉਨ੍ਹਾਂ ਨੂੰ ਵੱਡੇ ਪੱਧਰ 'ਤੇ ਖ਼ਾਰਜ ਕਰ ਦਿੱਤਾ ਸੀ। ਦਸੰਬਰ 1998 ਵਿੱਚ, ਇੰਡੀਆ ਟੁਡੇ ਨੇ ਰਿਪੋਰਟ ਕੀਤਾ ਕਿ ਸ਼ੁਰੂਆਤ ਵਿੱਚ ਪ੍ਰਮੁੱਖ ਵਿਰੋਧੀ ਸਿਆਸਤਦਾਨ ਉਨ੍ਹਾਂ ਨੂੰ "ਗ੍ਰਹਿਣੀ" ਜਾਂ "ਇਟਾਲੀਅਨ ਵੰਡਰ" ਤੋਂ ਵੱਧ ਕੁਝ ਨਹੀਂ ਕਹਿੰਦੇ ਸਨ।

ਫਿਰ ਵੀ, ਕੁਝ ਹੀ ਮਹੀਨਿਆਂ ਵਿੱਚ ਉਨ੍ਹਾਂ ਨੇ ਆਪਣੀ ਪਾਰਟੀ ਨੂੰ ਬਦਲਣਾ ਸ਼ੁਰੂ ਕਰ ਦਿੱਤਾ ਸੀ।

ਕਾਂਗਰਸ ਦੇ ਇੱਕ ਸੀਨੀਅਰ ਆਗੂ ਨੇ ਮੰਨਿਆ, "ਮੈਂ ਕਦੇ ਨਹੀਂ ਸੋਚਿਆ ਸੀ ਕਿ ਇਹ ਔਰਤ ਇੰਨਾ ਵੱਡਾ ਉਲਟਫੇਰ ਕਰ ਸਕਦੀ ਹੈ।"

ਮੈਗਜ਼ੀਨ ਨੇ ਉਨ੍ਹਾਂ ਨੂੰ ਬਾਹਰੋਂ ਨਰਮ ਦਿਖਾਈ ਦੇਣ ਵਾਲੀ ਇੱਕ ਸਖ਼ਤ ਔਰਤ ਦੱਸਿਆ ਅਤੇ ਕਿਹਾ ਕਿ ਉਹ ਜਾਣਦੀ ਹਨ ਕਿ "ਪਹਾੜ ਵਰਗੇ ਹੰਕਾਰ ਨੂੰ ਮਿੱਟੀ ਵਿੱਚ ਮਿਲਾਉਣਾ ਹੈ।"

ਫਿਰ ਉਹ ਦੁਖਦਾਈ ਘਟਨਾਵਾਂ ਵੀ ਹਨ, ਜਿਨ੍ਹਾਂ ਦੀ ਵਜ੍ਹਾ ਨਾਲ ਸਿਆਸਤ ਵਿੱਚ ਉਨ੍ਹਾਂ ਦਾ ਸਫ਼ਰ ਸ਼ੁਰੂ ਹੋਇਆ।

ਸੋਨੀਆ ਗਾਂਧੀ (ਵਿਚਕਾਰ) ਆਪਣੀ ਧੀ ਪ੍ਰਿਅੰਕਾ ਅਤੇ ਪੁੱਤਰ ਰਾਹੁਲ ਨਾਲ

ਤਸਵੀਰ ਸਰੋਤ, AFP via Getty Images

ਤਸਵੀਰ ਕੈਪਸ਼ਨ, ਸੋਨੀਆ ਗਾਂਧੀ (ਵਿਚਕਾਰ) ਆਪਣੀ ਧੀ ਪ੍ਰਿਅੰਕਾ ਅਤੇ ਪੁੱਤਰ ਰਾਹੁਲ ਨਾਲ 1991 ਵਿੱਚ ਆਪਣੇ ਪਤੀ, ਸਾਬਕਾ ਪ੍ਰਧਾਨ ਮੰਤਰੀ ਰਾਜੀਵ ਗਾਂਧੀ ਦੇ ਅੰਤਿਮ ਸੰਸਕਾਰ ਮੌਕੇ

ਸੋਨੀਆ ਨੇ 1984 ਵਿੱਚ ਇੰਦਰਾ ਗਾਂਧੀ ਦੇ ਕਤਲ ਤੋਂ ਬਾਅਦ ਆਪਣੇ ਪਰਿਵਾਰ ਵਿੱਚ ਆਏ ਬਦਲਾਅ ਦੇਖੇ।

ਸੱਤ ਸਾਲ ਬਾਅਦ, ਉਨ੍ਹਾਂ ਨੇ ਰਾਜੀਵ ਗਾਂਧੀ ਨੂੰ ਇੱਕ ਆਤਮਘਾਤੀ ਹਮਲਾਵਰ ਦੇ ਹੱਥੋਂ ਗੁਆ ਦਿੱਤਾ। ਇਨ੍ਹਾਂ ਮੌਤਾਂ ਨੇ ਭਾਰਤੀ ਸਿਆਸਤ ਅਤੇ ਉਨ੍ਹਾਂ ਦੀ ਆਪਣੀ ਜ਼ਿੰਦਗੀ ਦੀ ਦਿਸ਼ਾ ਬਦਲ ਦਿੱਤੀ।

ਉਨ੍ਹਾਂ ਸਾਲਾਂ ਬਾਰੇ ਉਹ ਕੀ ਕਹਿਣਗੇ? ਰਾਜੀਵ ਦੇ ਸਿਆਸੀ ਕਰੀਅਰ ਬਾਰੇ, ਜਿਸ ਦਾ ਉਨ੍ਹਾਂ ਨੇ ਪੁਰਜ਼ੋਰ ਵਿਰੋਧ ਕੀਤਾ ਸੀ? ਆਪਣੇ ਬੱਚਿਆਂ ਦੀ ਸੁਰੱਖਿਆ ਨੂੰ ਲੈ ਕੇ ਵਿਆਪਕ ਚਿੰਤਾਵਾਂ ਬਾਰੇ? ਅਤੇ ਉਸ ਪਲ ਬਾਰੇ ਜਦੋਂ ਉਨ੍ਹਾਂ ਨੇ ਇਹ ਫ਼ੈਸਲਾ ਕੀਤਾ ਕਿ ਗਾਂਧੀ ਪਰਿਵਾਰ ਦੀ ਸਿਆਸੀ ਵਿਰਾਸਤ ਨੂੰ ਇੰਝ ਹੀ ਨਹੀਂ ਛੱਡਿਆ ਜਾ ਸਕਦਾ?

ਕੁਝ ਅਸਹਿਜ ਸਵਾਲ ਵੀ ਹਨ।

ਕੀ ਉਹ ਬੋਫੋਰਸ ਕਾਂਡ 'ਤੇ ਚਰਚਾ ਕਰਨਗੇ, ਜਿਸ ਨੇ ਰਾਜੀਵ ਗਾਂਧੀ ਦੀ ਸਰਕਾਰ ਨੂੰ ਬੁਰੀ ਤਰ੍ਹਾਂ ਨੁਕਸਾਨ ਪਹੁੰਚਾਇਆ ਅਤੇ ਇਤਾਲਵੀ ਕਾਰੋਬਾਰੀ ਓਟਾਵਿਓ ਕਵਾਤਰੋਚੀ ਨਾਲ ਪਰਿਵਾਰ ਦੇ ਸਬੰਧਾਂ ਨੂੰ ਲੈ ਕੇ ਦਹਾਕਿਆਂ ਤੱਕ ਵਿਵਾਦ ਖੜ੍ਹਾ ਕੀਤਾ?

ਕੀ ਉਹ ਇਲਜ਼ਾਮਾਂ 'ਤੇ ਮੁੜ ਵਿਚਾਰ ਕਰਨਗੇ ਅਤੇ ਦੱਸਣਗੇ ਕਿ ਉਨ੍ਹਾਂ ਨੂੰ ਕੀ ਪਤਾ ਸੀ?

ਅਤੇ ਉਨ੍ਹਾਂ ਦੇ ਇਤਾਲਵੀ ਮੂਲ ਨੂੰ ਲੈ ਕੇ ਮਚੇ ਹੰਗਾਮੇ ਦਾ ਕੀ?

ਕਈ ਸਾਲਾਂ ਤੱਕ ਸੋਨੀਆ ਗਾਂਧੀ ਦੀ ਇਸ ਆਧਾਰ 'ਤੇ ਆਲੋਚਨਾ ਕੀਤੀ ਗਈ ਕਿ ਉਹ ਇੱਕ ਵਿਦੇਸ਼ੀ ਹਨ ਅਤੇ ਭਾਰਤ ਦੀ ਅਗਵਾਈ ਕਰਨ ਦੇ ਯੋਗ ਨਹੀਂ ਹਨ।

ਭਾਰਤੀ ਜਨਤਾ ਪਾਰਟੀ (ਭਾਜਪਾ) ਦੀ ਆਗੂ ਸੁਸ਼ਮਾ ਸਵਰਾਜ ਨੇ 2004 ਵਿੱਚ ਐਲਾਨ ਕੀਤਾ ਸੀ ਕਿ ਵਿਦੇਸ਼ੀ ਮੂਲ ਦੇ ਕਿਸੇ ਵਿਅਕਤੀ ਦਾ ਪ੍ਰਧਾਨ ਮੰਤਰੀ ਬਣਨਾ "ਰਾਸ਼ਟਰ ਦਾ ਅਪਮਾਨ ਹੋਵੇਗਾ।"

ਉਨ੍ਹਾਂ ਨੇ ਸੋਨੀਆ ਗਾਂਧੀ ਦੇ ਪ੍ਰਧਾਨ ਮੰਤਰੀ ਬਣਨ 'ਤੇ ਅਸਤੀਫ਼ਾ ਦੇਣ, ਸਿਰ ਮੁੰਡਵਾਉਣ, ਚਿੱਟੇ ਕੱਪੜੇ ਪਹਿਨਣ ਅਤੇ ਤਪੱਸਵੀ ਜੀਵਨ ਜਿਊਣ ਦੀ ਸਹੁੰ ਖਾਧੀ ਸੀ।

ਸੋਨੀਆ ਗਾਂਧੀ

ਤਸਵੀਰ ਸਰੋਤ, Universal Images Group via Getty Images)

ਤਸਵੀਰ ਕੈਪਸ਼ਨ, ਫਰਾਂਸੀਸੀ ਅਖ਼ਬਾਰ 'ਲਿਬਰੇਸ਼ਨ' ਦੇ ਪਹਿਲੇ ਸਫ਼ੇ 'ਤੇ ਛਪੀ ਖ਼ਬਰ ਕਿ ਸੋਨੀਆ ਗਾਂਧੀ ਨੇ 1991 ਵਿੱਚ ਆਪਣੇ ਪਤੀ ਦੇ ਕਤਲ ਮਗਰੋਂ ਕਾਂਗਰਸ ਆਗੂ ਵਜੋਂ ਅਹੁਦਾ ਸੰਭਾਲਣ ਤੋਂ ਇਨਕਾਰ ਕਰ ਦਿੱਤਾ ਸੀ

ਸਰਕਾਰ ਦਾ 'ਰਿਮੋਟ ਕੰਟ੍ਰੋਲ'?

ਪੱਤਰਕਾਰ ਅਤੇ ਲੇਖਕ ਰਸ਼ੀਦ ਕਿਦਵਈ ਕਹਿੰਦੇ ਹਨ, "1999 ਵਿੱਚ ਕਾਂਗਰਸ ਦੇ ਹੀ ਕੁਝ ਆਗੂਆਂ ਨੇ ਉਨ੍ਹਾਂ ਦੇ ਵਿਦੇਸ਼ੀ ਮੂਲ 'ਤੇ ਸਵਾਲ ਉਠਾਏ ਸਨ। ਕੀ ਉਨ੍ਹਾਂ ਨੇ ਕਦੇ ਦੇਸ਼ ਛੱਡਣ ਬਾਰੇ ਸੋਚਿਆ ਸੀ?"

ਸਿਆਸੀ ਨਿਗਰਾਨਾਂ ਨੂੰ ਇਹ ਵੀ ਹੈਰਾਨੀ ਹੁੰਦੀ ਹੈ ਕਿ ਕੀ ਇਹ ਕਿਤਾਬ 2004 ਅਤੇ 2014 ਦੇ ਵਿਚਕਾਰ ਕਾਂਗਰਸ ਦੀ ਅਗਵਾਈ ਵਾਲੀ ਸਰਕਾਰ ਦੇ ਵਿਰੋਧਾਭਾਸਾਂ 'ਤੇ ਰੌਸ਼ਨੀ ਪਾ ਸਕਦੀ ਹੈ।

ਸੋਨੀਆ ਗਾਂਧੀ ਦੀ ਅਗਵਾਈ ਹੇਠ ਕਾਂਗਰਸ ਨੇ ਲਗਾਤਾਰ ਦੋ ਕੌਮੀ ਚੋਣਾਂ ਜਿੱਤੀਆਂ ਅਤੇ ਸੂਚਨਾ ਦੇ ਅਧਿਕਾਰ ਕਾਨੂੰਨ ਅਤੇ ਪੇਂਡੂ ਰੁਜ਼ਗਾਰ ਗਾਰੰਟੀ ਪ੍ਰੋਗਰਾਮ ਸਮੇਤ ਕਈ ਮਹੱਤਵਪੂਰਨ ਉਪਾਵਾਂ ਦਾ ਸਮਰਥਨ ਕੀਤਾ।

ਫਿਰ ਵੀ, ਇਸ ਦਾ ਦੂਜਾ ਕਾਰਜਕਾਲ ਭ੍ਰਿਸ਼ਟਾਚਾਰ ਦੇ ਇਲਜ਼ਾਮਾਂ, ਨੀਤੀਗਤ ਖੜੋਤ ਅਤੇ ਇਸ ਸਵਾਲ ਨਾਲ ਘਿਰਿਆ ਰਿਹਾ ਕਿ ਪਾਰਟੀ ਆਪਣੇ ਹੀ ਲੀਡਰਸ਼ਿਪ ਦੀ ਗ਼ੁਲਾਮ ਬਣ ਗਈ ਹੈ।

ਸੋਨੀਆ ਦੇ ਆਲੋਚਕ ਉਨ੍ਹਾਂ ਨੂੰ ਸਰਕਾਰ ਦਾ "ਰਿਮੋਟ ਕੰਟ੍ਰੋਲ" ਕਹਿੰਦੇ ਸਨ। ਉਹ ਇਸ ਗੱਲ 'ਤੇ ਸ਼ੱਕ ਕਰਦੇ ਸਨ ਕਿ ਮਨਮੋਹਨ ਸਿੰਘ 'ਤੇ ਉਨ੍ਹਾਂ ਦਾ ਕਿੰਨਾ ਕੰਟ੍ਰੋਲ ਹੈ।

ਉਨ੍ਹਾਂ ਦੇ ਸਮਰਥਕ ਉਨ੍ਹਾਂ ਨੂੰ ਇੱਕ ਬੇਹੱਦ ਮੁਸ਼ਕਲ ਗਠਜੋੜ ਨੂੰ ਇਕਜੁੱਟ ਰੱਖਣ ਵਾਲੀ ਸਿਆਸੀ ਤਾਕਤ ਵਜੋਂ ਦੇਖਦੇ ਸਨ।

ਆਖ਼ਿਰਕਾਰ ਸੋਨੀਆ ਨੇ 2017 ਵਿੱਚ ਕਾਂਗਰਸ ਦੀ ਵਾਗਡੋਰ ਆਪਣੇ ਪੁੱਤਰ ਰਾਹੁਲ ਗਾਂਧੀ ਨੂੰ ਸੌਂਪ ਦਿੱਤੀ। ਕਈ ਲੋਕਾਂ ਦਾ ਮੰਨਣਾ ਹੈ ਕਿ ਪਾਰਟੀ ਨੂੰ ਮੁੜ ਸੁਰਜੀਤ ਕਰਨ ਵਿੱਚ ਉਨ੍ਹਾਂ ਦੀ ਅਸਫ਼ਲਤਾ ਗਾਂਧੀ ਪਰਿਵਾਰ ਦੇ ਪਤਨ ਦੀ ਕਹਾਣੀ ਦਾ ਕੇਂਦਰੀ ਬਿੰਦੂ ਹੈ।

ਮਨਮੋਹਨ ਸਿੰਘ ਅਤੇ ਸੋਨੀਆ ਗਾਂਧੀ

ਤਸਵੀਰ ਸਰੋਤ, Getty Images

ਤਸਵੀਰ ਕੈਪਸ਼ਨ, 2004 ਵਿੱਚ ਕਾਂਗਰਸ ਦੇ ਸੱਤਾ ਵਿੱਚ ਵਾਪਸ ਆਉਣ ਤੋਂ ਬਾਅਦ ਸੋਨੀਆ ਗਾਂਧੀ ਨੇ ਪ੍ਰਧਾਨ ਮੰਤਰੀ ਬਣਨ ਤੋਂ ਇਨਕਾਰ ਕਰ ਦਿੱਤਾ ਸੀ ਅਤੇ ਉਨ੍ਹਾਂ ਨੇ ਇਸ ਅਹੁਦੇ ਲਈ ਮਨਮੋਹਨ ਸਿੰਘ ਨੂੰ ਚੁਣਿਆ ਸੀ

1994 ਵਿੱਚ ਪ੍ਰਕਾਸ਼ਿਤ ਆਪਣੀ ਕਿਤਾਬ 'ਰਾਜੀਵ' ਵਿੱਚ ਸੋਨੀਆ ਨੇ ਲਿਖਿਆ ਸੀ ਕਿ ਉਨ੍ਹਾਂ ਨੇ ਰਾਜੀਵ ਨੂੰ ਸਿਆਸਤ ਵਿੱਚ ਆਉਣ ਤੋਂ ਰੋਕਣ ਲਈ "ਬਹੁਤ ਸੰਘਰਸ਼" ਕੀਤਾ ਸੀ। ਫਿਰ ਵੀ ਆਖ਼ਿਰਕਾਰ ਉਨ੍ਹਾਂ ਨੇ ਇਹ ਵਿਰਾਸਤ ਰਾਹੁਲ ਨੂੰ ਸੌਂਪ ਦਿੱਤੀ।

ਰਾਹੁਲ ਦਾ ਸਿਆਸੀ ਸਫ਼ਰ ਆਸਾਨ ਨਹੀਂ ਰਿਹਾ ਹੈ, ਉਨ੍ਹਾਂ ਨੂੰ ਇੱਕ ਸਮੇਂ ਅਣਇੱਛੁਕ ਸਿਆਸਤਦਾਨ ਕਹਿ ਕੇ ਖ਼ਾਰਜ ਕਰ ਦਿੱਤਾ ਗਿਆ ਸੀ ਅਤੇ ਵਿਰੋਧੀ ਅਕਸਰ ਉਨ੍ਹਾਂ ਦਾ ਇਹ ਕਹਿ ਕੇ ਮਜ਼ਾਕ ਉਡਾਉਂਦੇ ਸਨ ਕਿ ਉਹ ਇੱਕ ਅਜਿਹੇ ਆਗੂ ਹਨ ਜੋ ਅਹਿਮ ਮੌਕਿਆਂ 'ਤੇ ਗ਼ੈਰ-ਹਾਜ਼ਰ ਰਹਿੰਦੇ ਹਨ।

ਕਿਦਵਈ ਕਹਿੰਦੇ ਹਨ, "ਸੋਨੀਆ ਆਪਣੇ ਪੁੱਤਰ ਦੀ ਬਿਲਕੁਲ ਵੱਖਰੀ ਸਿਆਸੀ ਸ਼ੈਲੀ ਅਤੇ ਗਲੋਬਲ ਪਰਸਪੈਕਟਿਵ ਨੂੰ ਕਿਵੇਂ ਦੇਖਦੇ ਹਨ? ਅਤੇ ਉਹ ਉਨ੍ਹਾਂ ਦੀ ਸਿਆਸਤ ਦਾ ਕਿੰਨਾ ਸਮਰਥਨ ਕਰਦੇ ਹਨ? ਮੈਨੂੰ ਉਮੀਦ ਹੈ ਕਿ ਇਹ ਕਿਤਾਬ ਇਨ੍ਹਾਂ ਸਵਾਲਾਂ ਦੇ ਜਵਾਬ ਦੇਣਗੇ।"

ਇੱਕ ਹੋਰ ਸਵਾਲ ਇਹ ਹੈ ਕਿ ਸੋਨੀਆ ਨੇ ਪਰਿਵਾਰ ਦੀ ਸਿਆਸੀ ਵਿਰਾਸਤ ਨੂੰ ਅੱਗੇ ਵਧਾਉਣ ਲਈ ਰਾਹੁਲ ਗਾਂਧੀ ਨੂੰ ਕਿਉਂ ਚੁਣਿਆ, ਨਾ ਕਿ ਉਨ੍ਹਾਂ ਦੀ ਭੈਣ ਪ੍ਰਿਅੰਕਾ ਨੂੰ, ਜੋ ਸੁਭਾਵਿਕ ਤੌਰ 'ਤੇ ਵਧੇਰੇ ਕਰਿਸ਼ਮਾਈ ਹਨ।

ਅਤੇ ਪ੍ਰਿਅੰਕਾ ਨੇ, ਸਿਆਸੀ ਭੂਮਿਕਾ ਬਾਰੇ ਸਾਲਾਂ ਦੀਆਂ ਕਿਆਸਅਰਾਈਆਂ ਦੇ ਬਾਵਜੂਦ, ਰਸਮੀ ਤੌਰ 'ਤੇ 2019 ਵਿੱਚ ਹੀ ਚੋਣੀ ਸਿਆਸਤ ਵਿੱਚ ਦਾਖ਼ਲ ਕਿਉਂ ਹੋਏ।

ਕਿਦਵਈ ਕਹਿੰਦੇ ਹਨ, "ਸੋਨੀਆ ਦਾ ਹਮੇਸ਼ਾ ਇਹੀ ਜਵਾਬ ਹੁੰਦਾ ਸੀ ਕਿ ਸਿਆਸਤ ਵਿੱਚ ਸ਼ਾਮਲ ਹੋਣਾ ਹੈ ਜਾਂ ਨਹੀਂ, ਇਹ ਫ਼ੈਸਲਾ ਮੇਰੇ ਬੱਚਿਆਂ ਨੂੰ ਕਰਨਾ ਹੋਵੇਗਾ।"

ਇੱਕ ਵੱਡਾ ਸਵਾਲ ਇਹ ਵੀ ਹੈ ਕਿ ਸੋਨੀਆ ਗਾਂਧੀ ਉਸ ਭਾਰਤ ਬਾਰੇ ਕੀ ਸੋਚਦੇ ਹਨ, ਜਿਸ ਨੂੰ ਆਕਾਰ ਦੇਣ ਵਿੱਚ ਉਨ੍ਹਾਂ ਨੇ ਮਦਦ ਕੀਤੀ?

ਸੋਨੀਆ ਗਾਂਧੀ

ਤਸਵੀਰ ਸਰੋਤ, Sygma via Getty Images

ਤਸਵੀਰ ਕੈਪਸ਼ਨ, 1980 ਦੇ ਦਹਾਕੇ ਵਿੱਚ ਸੋਨੀਆ ਗਾਂਧੀ ਉੱਤਰ ਪ੍ਰਦੇਸ਼ ਵਿੱਚ ਆਪਣੇ ਪਤੀ ਰਾਜੀਵ ਗਾਂਧੀ ਲਈ ਚੋਣ ਪ੍ਰਚਾਰ ਕਰਦੇ ਹੋਏ

ਉਨ੍ਹਾਂ ਨੇ ਕਾਂਗਰਸ ਦੀ ਅਗਵਾਈ ਅਜਿਹੇ ਸਮੇਂ ਵਿੱਚ ਕੀਤੀ ਜਦੋਂ ਭਾਰਤੀ ਸਿਆਸਤ ਗੱਠਜੋੜ ਸਰਕਾਰਾਂ ਅਤੇ ਆਰਥਿਕ ਉਦਾਰੀਕਰਨ ਤੋਂ ਹਟ ਕੇ ਨਰਿੰਦਰ ਮੋਦੀ ਦੀ ਭਾਰਤੀ ਜਨਤਾ ਪਾਰਟੀ (ਭਾਜਪਾ) ਅਤੇ ਹਿੰਦੂ ਰਾਸ਼ਟਰਵਾਦ ਦੀ ਸਿਆਸਤ ਵੱਲ ਵਧ ਰਹੀ ਸੀ।

ਪਰ ਸ਼ਾਇਦ ਸਭ ਤੋਂ ਅਹਿਮ ਸਵਾਲ ਇਹ ਹੈ ਕਿ ਸੋਨੀਆ ਦੀ ਸਵੈ-ਜੀਵਨੀ ਵਿੱਚ ਕੀ ਕਿਹਾ ਜਾਵੇਗਾ ਅਤੇ ਕੀ ਅਣਕਿਹਾ ਰਹਿ ਜਾਵੇਗਾ। ਨੀਰਜਾ ਚੌਧਰੀ ਨੂੰ ਲੱਗਦਾ ਹੈ ਕਿ ਇਸ ਦਾ ਜਵਾਬ ਕਿਤਾਬ ਦੇ ਸਿਰਲੇਖ (ਬਿਲੌਂਗਿੰਗ) ਵਿੱਚ ਹੀ ਲੁਕਿਆ ਹੈ।

ਚੌਧਰੀ ਕਹਿੰਦੀ ਹਨ, "ਉਹ ਇਸ ਗੱਲ ਨੂੰ ਲੈ ਕੇ ਸੁਚੇਤ ਰਹੇ ਹਨ ਕਿ ਉਹ ਨਹਿਰੂ-ਗਾਂਧੀ ਪਰਿਵਾਰ ਦੀ ਵਿਰਾਸਤ ਦੀ ਉੱਤਰਾਧਿਕਾਰੀ ਹਨ। ਇਸ ਵਿਰਾਸਤ ਨੂੰ ਜ਼ਿੰਦਾ ਰੱਖਣਾ ਹੈ।"

ਉਨ੍ਹਾਂ ਨੂੰ ਉਮੀਦ ਹੈ ਕਿ ਇਹ ਯਾਦਾਂ ਪਰਿਵਾਰ ਅਤੇ ਇਸ ਦੇ ਇਤਿਹਾਸ ਵੱਲ ਮੁੜਣਗੀਆਂ। ਪਰ ਸਭ ਤੋਂ ਵੱਧ, ਇਸ ਵਿੱਚ ਸੋਨੀਆ ਗਾਂਧੀ ਦੇ ਇਸ ਅਹਿਸਾਸ ਬਾਰੇ ਗੱਲ ਹੋਵੇਗੀ ਕਿ ਉਹ ਇਸ ਸਿਆਸੀ ਪਰਿਵਾਰ ਦਾ ਹਿੱਸਾ ਹਨ।

ਇਸ ਦੇ ਨਾਲ ਹੀ, ਕਾਂਗਰਸ ਪ੍ਰਧਾਨ ਵਜੋਂ ਉਨ੍ਹਾਂ ਨੇ ਇਸ ਪਰਿਵਾਰ ਦੀ ਸਿਆਸੀ ਵਿਰਾਸਤ ਨੂੰ ਅੱਗੇ ਵਧਾਉਣ ਦੀ ਜ਼ਿੰਮੇਵਾਰੀ ਕਿਵੇਂ ਸੰਭਾਲੀ।

ਉਹ ਵਿਰਾਸਤ, ਬੇਸ਼ੱਕ, ਹੁਣ ਲਗਾਤਾਰ ਹਮਲਿਆਂ ਦੇ ਘੇਰੇ ਵਿੱਚ ਹੈ।

ਸੱਤਾਧਾਰੀ ਭਾਜਪਾ ਨੇ "ਕਾਂਗਰਸ-ਮੁਕਤ ਭਾਰਤ" ਲਈ ਮੁਹਿੰਮ ਚਲਾਈ ਹੈ।

ਹਾਲ ਦੇ ਕਈ ਸਾਲਾਂ ਵਿੱਚ ਕਾਂਗਰਸ ਨੂੰ ਲਗਾਤਾਰ ਚੁਣਾਵੀਂ ਹਾਰ ਦਾ ਸਾਹਮਣਾ ਕਰਨਾ ਪਿਆ ਹੈ ਅਤੇ ਇਸ ਦੇ ਕਈ ਆਗੂ ਵਿਰੋਧੀ ਪਾਰਟੀਆਂ ਵਿੱਚ ਸ਼ਾਮਲ ਹੋ ਗਏ ਹਨ।

ਅਜਿਹੇ ਵਿੱਚ ਸਵਾਲ ਸਿਰਫ਼ ਇਹ ਨਹੀਂ ਰਹਿ ਗਿਆ ਹੈ ਕਿ ਕੀ ਗਾਂਧੀ ਪਰਿਵਾਰ ਪਾਰਟੀ ਨੂੰ ਮੁੜ ਸੁਰਜੀਤ ਕਰ ਸਕਦਾ ਹੈ, ਬਲਕਿ ਇਹ ਵੀ ਹੈ ਕਿ ਕੀ ਉਹ ਇਸ ਨੂੰ ਇਕਜੁੱਟ ਰੱਖ ਸਕਦਾ ਹੈ।

ਇਹ ਇੱਕ ਅਜਿਹਾ ਸਵਾਲ ਹੈ ਜੋ ਉਸ ਗੱਲ ਦੀ ਜੜ੍ਹ ਤੱਕ ਜਾਂਦਾ ਹੈ, ਜਿਸ ਨੂੰ ਸੋਨੀਆ ਆਪਣੀਆਂ ਯਾਦਾਂ ਵਿੱਚ ਜਾਂਚਣ ਦੀ ਕੋਸ਼ਿਸ਼ ਕਰ ਰਹੇ ਹਨ।

ਸੋਨੀਆ ਗਾਂਧੀ ਨੇ ਇਸ ਕਿਤਾਬ ਵਿੱਚ ਕਿਹਾ ਹੈ, "ਮੇਰੇ ਪਰਿਵਾਰ ਬਾਰੇ ਬਹੁਤ ਕੁਝ ਲਿਖਿਆ ਗਿਆ ਹੈ। ਪਰ ਬਹੁਤ ਘੱਟ ਲੇਖ ਅਜਿਹੇ ਰਹੇ ਹਨ, ਜੋ ਉਨ੍ਹਾਂ ਦੀ ਸੋਚ, ਉਨ੍ਹਾਂ ਦੇ ਕੰਮ ਅਤੇ ਉਨ੍ਹਾਂ ਦੀਆਂ ਇਨਸਾਨੀ ਕਮਜ਼ੋਰੀਆਂ ਦੀ ਸੱਚਾਈ ਤੱਕ ਪਹੁੰਚ ਸਕੇ।"

"ਕਈ ਮਾਇਨਿਆਂ ਵਿੱਚ, ਇਹ ਕਿਤਾਬ ਉਨ੍ਹਾਂ ਦੀ ਇਨਸਾਨੀਅਤ ਨੂੰ ਸਨਮਾਨ ਦੇਣ ਦੀ ਕੋਸ਼ਿਸ਼ ਹੈ।"

ਇਸ ਲਈ ਉਨ੍ਹਾਂ ਦੀਆਂ ਯਾਦਾਂ ਸ਼ਾਇਦ ਸਿਆਸੀ ਹਿਸਾਬ-ਕਿਤਾਬ ਤੋਂ ਵੱਧ ਉਸ ਵਿਰਾਸਤ ਨਾਲ ਆਪਣੇ ਜੁੜਾਅ ਨੂੰ ਸਮਝਾਉਣ ਦੀ ਕੋਸ਼ਿਸ਼ ਹੋਣਗੀਆਂ।

ਉਹ ਦੱਸਣਾ ਚਾਹੁੰਦੇ ਹਨ ਕਿ ਨਹਿਰੂ-ਗਾਂਧੀ ਪਰਿਵਾਰ ਤੋਂ ਮਿਲੀ ਵਿਰਾਸਤ ਦਾ ਉਨ੍ਹਾਂ ਲਈ ਕੀ ਮਤਲਬ ਰਿਹਾ ਹੈ ਅਤੇ ਉਹ ਕਿਉਂ ਮੰਨਦੇ ਹਨ ਕਿ ਇਹ ਵਿਰਾਸਤ ਅੱਜ ਵੀ ਮਾਇਨੇ ਰੱਖਦੀ ਹੈ।

ਬੀਬੀਸੀ ਲਈ ਕਲੈਕਟਿਵ ਨਿਊਜ਼ਰੂਮ ਵੱਲੋਂ ਪ੍ਰਕਾਸ਼ਿਤ

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTER, WhatsApp ਅਤੇ YouTube 'ਤੇ ਜੁੜੋ।)