'ਮੈਨੂੰ ਕਿਹਾ ਗਿਆ ਕਿ ਮੈਂ ਮਾਂ ਬਣਨ ਦੇ ਕਾਬਲ ਨਹੀਂ ਸੀ, ਫਿਰ ਮੇਰਾ ਬੱਚਾ ਖੋਹ ਲਿਆ', ਉਨ੍ਹਾਂ ਮਾਵਾਂ ਦੀ ਕਹਾਣੀ ਜੋ ਬੱਚਿਆਂ ਤੋਂ ਦੂਰ ਕੀਤੀਆਂ ਗਈਆਂ

ਮੈਰੀਅਨ ਦੀ ਆਪਣੇ ਬੱਚੇ ਨਾਲ ਪੁਰਾਣੀ ਤਸਵੀਰ

ਤਸਵੀਰ ਸਰੋਤ, Marion McMillan c/o Finestripe Productions

ਤਸਵੀਰ ਕੈਪਸ਼ਨ, ਮੈਰੀਅਨ ਕੋਲ ਆਪਣੇ ਬੱਚੇ ਨੂੰ ਜਾਣਨ ਲਈ ਸਿਰਫ਼ ਕੁਝ ਮਹੀਨੇ ਸਨ ਅਤੇ ਫਿਰ ਬੱਚੇ ਨੂੰ ਉਨ੍ਹਾਂ ਤੋਂ ਵੱਖ ਕਰ ਦਿੱਤਾ ਗਿਆ
    • ਲੇਖਕ, ਨਿਕੋਲਾ ਰੁਦਰਫੋਰਡ
    • ਰੋਲ, ਬੀਬੀਸੀ ਪੱਤਰਕਾਰ
  • ਪ੍ਰਕਾਸ਼ਿਤ
  • ਪੜ੍ਹਨ ਦਾ ਸਮਾਂ: 11 ਮਿੰਟ

ਚੇਤਾਵਨੀ: ਇਸ ਕਹਾਣੀ ਵਿੱਚ ਨਸਲੀ ਭੇਦਭਾਵ ਵਾਲੀ ਭਾਸ਼ਾ ਅਤੇ ਜਿਨਸੀ ਸ਼ੋਸ਼ਣ ਅਤੇ ਹਿੰਸਾ ਦੇ ਵੇਰਵੇ ਹਨ।

ਮੈਰੀਅਨ ਮੈਕਮਿਲਨ 17 ਸਾਲ ਦੇ ਸਨ ਜਦੋਂ ਬਿਨਾਂ ਵਿਆਹ ਦੇ ਉਹ ਗਰਭਵਤੀ ਹੋਏ ਅਤੇ ਉਨ੍ਹਾਂ ਨੇ ਪਹਿਲੀ ਵਾਰ ਦੱਖਣ-ਪੱਛਮ ਸਕਾਟਲੈਂਡ ਵਿੱਚ ਸਥਿਤ ਆਪਣੇ ਘਰ ਤੋਂ ਇੰਗਲੈਂਡ ਦਾ ਸਫ਼ਰ ਕੀਤਾ।

ਸਾਲ 1966 ਵਿੱਚ ਮੈਰੀਅਨ ਦੇ ਪਰਿਵਾਰ ਨੇ ਉਨ੍ਹਾਂ ਨੂੰ ਨਿਊਕੈਸਲ ਅਪਾਨ ਟਾਈਨ ਸਥਿਤ ਸੈਲਵੇਸ਼ਨ ਆਰਮੀ ਵੱਲੋਂ ਚਲਾਏ ਜਾਂਦੇ ਇੱਕ ਮੈਟਰਨਿਟੀ ਹੋਮ ਵਿੱਚ ਭੇਜ ਦਿੱਤਾ, ਜੋ ਕਰੀਬ 150 ਮੀਲ ਤੋਂ ਵੀ ਵੱਧ ਦੀ ਦੂਰੀ 'ਤੇ ਸਥਿਤ ਸੀ।

ਇਸ ਨੌਜਵਾਨ ਮਾਂ ਨੇ ਆਪਣੇ ਬੱਚੇ ਨਾਲ ਉੱਥੇ ਨੌਂ ਮਹੀਨੇ ਬਿਤਾਏ, ਜੋ ਬਹੁਤ ਹੀ ਸੋਹਣਾ ਸੀ ਅਤੇ ਉਸ ਦੇ "ਬਹੁਤ ਸੋਹਣੇ ਛੋਟੇ-ਛੋਟੇ ਕਾਲੇ ਵਾਲ" ਸਨ ਪਰ ਫਿਰ ਉਸ ਨੂੰ ਆਪਣੀ ਮਾਂ ਤੋਂ ਵੱਖ ਕਰ ਦਿੱਤਾ ਗਿਆ।

ਮੈਰੀਅਨ ਨੇ ਸਟਾਫ਼ ਅੱਗੇ ਬੇਨਤੀ ਕੀਤੀ ਕਿ ਉਨ੍ਹਾਂ ਨੂੰ ਆਪਣਾ ਬੱਚਾ ਆਪਣੇ ਕੋਲ ਰੱਖਣ ਦਿੱਤਾ ਜਾਵੇ।

ਉਨ੍ਹਾਂ ਨੇ ਬੀਬੀਸੀ ਦੀ ਨਵੀਂ ਡਾਕੂਮੈਂਟਰੀ 'ਸਟੋਲਨ ਬੇਬੀਜ਼' ਵਿੱਚ ਦੱਸਿਆ, "ਮੈਂ ਕਿਹਾ, 'ਪਲੀਜ਼ ਮੇਰਾ ਬੱਚਾ ਮੇਰੇ ਕੋਲ ਰੱਖਣ ਵਿੱਚ ਮੇਰੀ ਮਦਦ ਕਰੋ। ਉਨ੍ਹਾਂ ਨੂੰ ਮੇਰਾ ਬੱਚਾ ਨਾ ਲੈ ਕੇ ਜਾਣ ਦਿਓ, ਪਲੀਜ਼' ਪਰ ਉਹ ਚਲਾ ਗਿਆ।"

ਇਹ ਡਾਕੂਮੈਂਟਰੀ ਉਨ੍ਹਾਂ ਲਗਭਗ 2.5 ਲੱਖ ਔਰਤਾਂ ਦੀਆਂ ਕਹਾਣੀਆਂ ਦੱਸਦੀ ਹੈ, ਜਿਨ੍ਹਾਂ ਨੂੰ 1949 ਤੋਂ 1976 ਦਰਮਿਆਨ ਆਪਣੇ ਨਵਜੰਮੇ ਬੱਚੇ ਗੋਦ ਦੇਣ ਲਈ ਮਜਬੂਰ ਕੀਤਾ ਗਿਆ ਸੀ।

ਉਹ ਸੂਬੇ, ਸਮਾਜਿਕ ਕਾਰਕੁੰਨ ਅਤੇ ਧਾਰਮਿਕ ਸੰਸਥਾਵਾਂ ਅਤੇ ਉਸ ਸਿਸਟਮ ਅੱਗੇ ਬੇਵੱਸ ਸਨ, ਜਿਸ ਰਾਹੀਂ ਨਵਜੰਮੇ ਬੱਚਿਆਂ ਨੂੰ ਗੋਦ ਲੈਣ ਵਾਲੇ ਪਰਿਵਾਰਾਂ ਤੱਕ ਪਹੁੰਚਾਇਆ ਜਾਂਦਾ ਸੀ।

ਇੱਕ ਹੋਰ ਪੀੜਤ ਐਨ ਕੀਨ ਨੇ ਪ੍ਰੋਗਰਾਮ ਵਿੱਚ ਕਿਹਾ, "ਸੱਚਾਈ ਇਹ ਹੈ ਕਿ ਅਸੀਂ ਮਜ਼ਦੂਰ ਵਰਗ ਨਾਲ ਸਬੰਧਤ, ਅਣਵਿਆਹੀਆਂ ਕੁੜੀਆਂ ਸੀ, ਜਿਨ੍ਹਾਂ ਦੇ ਬੱਚਿਆਂ ਨੂੰ ਮੱਧ ਵਰਗੀ ਔਰਤਾਂ ਗੋਦ ਲੈ ਰਹੀਆਂ ਸਨ।"

ਕਈ ਸਾਲਾਂ ਤੱਕ ਇਨ੍ਹਾਂ ਵਿੱਚੋਂ ਬਹੁਤ ਸਾਰੀਆਂ ਔਰਤਾਂ ਨੇ ਆਪਣੇ ਨਾਲ ਵਾਪਰੀ ਇਸ ਤ੍ਰਾਸਦੀ ਅਤੇ ਇਸ ਨਾਲ ਜੁੜੀ ਸ਼ਰਮ ਨੂੰ ਆਪਣੇ ਅੰਦਰ ਹੀ ਦੱਬ ਕੇ ਰੱਖਿਆ।

ਜੁਲਾਈ ਵਿੱਚ ਅਹੁਦਾ ਛੱਡ ਚੁੱਕੇ ਪ੍ਰਧਾਨ ਮੰਤਰੀ ਸਰ ਕੀਅਰ ਸਟਾਰਮਰ ਨੇ ਇਨ੍ਹਾਂ ਮਾਵਾਂ ਤੋਂ ਰਸਮੀ ਤੌਰ 'ਤੇ ਮੁਆਫ਼ੀ ਮੰਗੀ ਸੀ। ਉਨ੍ਹਾਂ ਨੇ ਕਿਹਾ, "ਤੁਹਾਨੂੰ ਸ਼ਰਮਸਾਰ ਹੋਣ ਦੀ ਲੋੜ ਨਹੀਂ...ਸ਼ਰਮਸਾਰ ਅਸੀਂ ਹਾਂ।"

ਉਹ ਮੇਰਾ ਬੱਚਾ ਮੇਰੇ ਤੋਂ ਨਹੀਂ ਖੋਹ ਸਕਦੇ: ਮੈਰੀਅਨ

ਮੈਰੀਅਨ ਦੀ ਪੁਰਾਣੀ ਤਸਵੀਰ

ਤਸਵੀਰ ਸਰੋਤ, Marion McMillan

ਤਸਵੀਰ ਕੈਪਸ਼ਨ, ਮੈਰੀਅਨ ਜਦੋਂ 17 ਸਾਲ ਦੇ ਸਨ ਤਾਂ ਉਨ੍ਹਾਂ ਨੂੰ ਪਾਕਿਸਤਾਨ ਤੋਂ ਆਏ ਇੱਕ ਸ਼ਰਨਾਰਥੀ ਨਾਲ ਪਿਆਰ ਹੋ ਗਿਆ ਸੀ

ਮੈਰੀਅਨ 1960 ਦੇ ਦਹਾਕੇ ਵਿੱਚ ਸਟ੍ਰੈਨਰਾਰ ਵਿੱਚ ਵੱਡੇ ਹੋਏ। ਉੱਥੇ ਉਨ੍ਹਾਂ ਨੂੰ ਆਪਣੇ ਤੋਂ ਵੱਡੀ ਉਮਰ ਦੇ ਅਜਿਹੇ ਸ਼ਖਸ ਨਾਲ ਪਿਆਰ ਹੋ ਗਿਆ ਜੋ ਪਾਕਿਸਤਾਨ ਤੋਂ ਆਇਆ ਸੀ।

ਮੈਰੀਅਨ ਨੇ ਕਿਹਾ, "ਉਸ ਸਮੇਂ ਮੈਂ ਪਿਆਰ ਵਿੱਚ ਸੀ ਅਤੇ ਸਭ ਕੁਝ ਇੰਨਾ ਚੰਗਾ ਲੱਗਦਾ ਸੀ ਕਿ ਮੈਂ ਇਸ ਬਾਰੇ ਇੱਕ ਵਾਰ ਵੀ ਨਹੀਂ ਸੋਚਿਆ।"

"ਅਸੀਂ ਸਿਰਫ਼ ਥੋੜ੍ਹੇ ਸਮੇਂ ਲਈ ਹੀ ਇਕੱਠੇ ਰਹੇ ਅਤੇ ਮੈਂ ਆਪਣੇ ਪਰਿਵਾਰ ਨੂੰ ਇਸ ਬਾਰੇ ਕਦੇ ਨਹੀਂ ਦੱਸਿਆ ਪਰ 17 ਸਾਲ ਦੀ ਉਮਰ ਵਿੱਚ ਮੈਂ ਵਿਆਹ ਤੋਂ ਬਿਨਾਂ ਗਰਭਵਤੀ ਹੋ ਗਈ।"

ਮੈਰੀਅਨ ਨੂੰ ਉਮੀਦ ਸੀ ਕਿ ਉਹ ਦੋਵੇਂ ਵਿਆਹ ਕਰ ਲੈਣਗੇ ਪਰ ਉਨ੍ਹਾਂ ਦੇ ਪ੍ਰੇਮੀ ਨੂੰ ਪਤਾ ਸੀ ਕਿ ਉਨ੍ਹਾਂ ਦਾ ਰਿਸ਼ਤਾ ਸਵੀਕਾਰ ਨਹੀਂ ਕੀਤਾ ਜਾਵੇਗਾ।

ਉਨ੍ਹਾਂ ਨੇ ਮੈਰੀਅਨ ਨੂੰ ਕਿਹਾ ਸੀ, "ਕੋਈ ਨਹੀਂ ਚਾਹੇਗਾ ਕਿ ਤੁਸੀਂ ਕਿਸੇ ਬਲੈਕ ਮੈਨ ਨਾਲ ਰਹੋ, ਮੈਰੀਅਨ।"

ਆਖਰੀ ਗੱਲਬਾਤ ਵਿੱਚ ਉਨ੍ਹਾਂ ਦੇ ਪ੍ਰੇਮੀ ਨੇ ਹਵਾਈ ਜਾਣ ਦਾ ਸੁਝਾਅ ਦਿੱਤਾ ਸੀ, ਜਿੱਥੇ ਉਸ ਦਾ ਮੰਨਣਾ ਸੀ ਕਿ ਵੱਖ-ਵੱਖ ਨਸਲਾਂ ਦੇ ਲੋਕਾਂ ਦੇ ਵਿਆਹ ਵਧੇਰੇ ਸਵੀਕਾਰ ਕੀਤੇ ਜਾਂਦੇ ਹਨ।

ਮੈਰੀਅਨ ਨੇ ਕਿਹਾ, "ਉਸ ਤੋਂ ਬਾਅਦ ਮੈਂ ਉਸ ਨੂੰ ਕਦੇ ਨਹੀਂ ਦੇਖਿਆ। ਮੈਨੂੰ ਨਹੀਂ ਪਤਾ ਸੀ ਕਿ ਅੱਗੇ ਕੀ ਹੋਣ ਵਾਲਾ ਸੀ। 'ਅਣਵਿਆਹੀ ਮਾਂ' ਬਣਨ ਦਾ ਇਹ ਪੂਰਾ ਸਿਲਸਿਲਾ ਮੇਰੇ ਉੱਪਰ ਹਾਵੀ ਹੋ ਗਿਆ ਅਤੇ ਉਸ ਸਮੇਂ ਮੇਰਾ ਆਪਣੀ ਜ਼ਿੰਦਗੀ ਉੱਤੇ ਕੰਟਰੋਲ ਖ਼ਤਮ ਹੋ ਗਿਆ।"

ਮੈਰੀਅਨ ਦੀ ਆਪਣੇ ਬੱਚੇ ਨਾਲ ਪੁਰਾਣੀ ਤਸਵੀਰ

ਤਸਵੀਰ ਸਰੋਤ, Marion McMillan

ਤਸਵੀਰ ਕੈਪਸ਼ਨ, ਮੈਰੀਅਨ ਨੇ ਦੱਸਿਆ ਕਿ ਜਨਮ ਦੌਰਾਨ ਉਨ੍ਹਾਂ ਦੇ ਪੁੱਤਰ ਦੇ ਸਿਰ 'ਤੇ ਕਾਲੇ ਰੰਗ ਦੇ ਵਾਲ ਸਨ

ਮੈਰੀਅਨ ਨੇ ਹੋਪਡੀਨ ਵਿੱਚ ਬੱਚੇ ਨੂੰ ਜਨਮ ਦਿੱਤਾ। ਇਹ ਅਣਵਿਆਹੀਆਂ ਮਾਵਾਂ ਲਈ ਬਣਾਇਆ ਗਿਆ ਇੱਕ ਮੈਟਰਨਿਟੀ ਹੋਮ ਸੀ, ਜਿੱਥੇ ਹਾਲਾਤ ਬਹੁਤ ਸਖ਼ਤ ਸਨ ਅਤੇ ਔਰਤਾਂ ਨਾਲ ਵਿਵਹਾਰ ਕਈ ਵਾਰ ਬੇਰਹਿਮੀ ਭਰਿਆ ਹੁੰਦਾ ਸੀ।

ਮੈਰੀਅਨ ਨੇ ਕਿਹਾ, "ਜਿਸ ਪਲ ਤੁਸੀਂ ਉਨ੍ਹਾਂ ਦੀ ਦਹਿਲੀਜ਼ ਪਾਰ ਕਰਦੇ ਸੀ, ਉਸੇ ਪਲ ਤੋਂ ਤੁਹਾਨੂੰ ਇਹ ਅਹਿਸਾਸ ਕਰਵਾਇਆ ਜਾਂਦਾ ਸੀ ਕਿ ਤੁਸੀਂ ਮਾਂ ਬਣਨ ਦੇ ਕਾਬਲ ਨਹੀਂ ਹੋ ਅਤੇ ਉਹ ਤੁਹਾਡਾ ਬੱਚਾ ਤੁਹਾਡੇ ਤੋਂ ਲੈ ਰਹੇ ਹਨ।"

"ਤੁਹਾਡੇ ਬੱਚੇ ਨੂੰ ਗੋਦ ਦੇ ਦਿੱਤਾ ਜਾਣਾ ਹੈ। ਇਸ ਲਈ ਤੁਸੀਂ ਇਸ ਦੀ ਆਦਤ ਪਾ ਲਵੋ, ਕਿਉਂਕਿ ਤੁਹਾਡੇ ਕੋਲ ਨਾ ਪੈਸੇ ਹਨ, ਨਾ ਰਹਿਣ ਲਈ ਕੋਈ ਥਾਂ ਅਤੇ ਨਾ ਹੀ ਤੁਹਾਡਾ ਸਾਥ ਦੇਣ ਵਾਲਾ ਕੋਈ ਵਿਅਕਤੀ ਹੈ।"

ਬੱਚੇ ਨੂੰ ਜਨਮ ਦਿੰਦੇ ਸਮੇਂ ਮੈਰੀਅਨ ਨੂੰ ਮੈਟਰਨ ਨੇ ਮੂੰਹ 'ਤੇ ਥੱਪੜ ਮਾਰਿਆ ਸੀ, ਕਿਉਂਕਿ ਉਨ੍ਹਾਂ ਨੇ ਬਿਸਤਰੇ ਤੋਂ ਉੱਠਣ ਦੀ ਕੋਸ਼ਿਸ਼ ਕੀਤੀ ਸੀ।

ਮੈਰੀਅਨ ਨੇ ਕਿਹਾ, "ਮੈਨੂੰ ਨਹੀਂ ਪਤਾ ਕਿ ਉਸ ਵੱਲੋਂ ਮੈਨੂੰ ਥੱਪੜ ਮਾਰਨ ਦਾ ਸਦਮਾ ਜ਼ਿਆਦਾ ਬੁਰਾ ਸੀ ਜਾਂ ਫਿਰ ਜਣੇਪੇ ਦੀ ਭਿਆਨਕ ਪੀੜ ਅਤੇ ਫਿਰ ਅਗਲੇ ਹੀ ਪਲ ਮੇਰਾ ਪੁੱਤਰ ਪੈਦਾ ਹੋ ਗਿਆ।"

ਮੈਰੀਅਨ ਨੂੰ ਆਪਣੇ ਬੱਚੇ ਨੂੰ ਅਗਲੇ ਦਿਨ ਤੱਕ ਗੋਦ ਵਿੱਚ ਚੁੱਕਣ ਦੀ ਇਜਾਜ਼ਤ ਨਹੀਂ ਦਿੱਤੀ ਗਈ।

ਮੈਰੀਅਨ ਨੇ ਕਿਹਾ, "ਮੈਂ ਬਿਲਕੁੱਲ ਡਰ ਗਈ ਸੀ। ਮੈਨੂੰ ਡਰ ਸੀ ਕਿ ਉਹ ਮੇਰਾ ਬੱਚਾ ਮੇਰੇ ਤੋਂ ਖੋਹ ਲੈਣਗੇ। ਉਹ ਮੇਰਾ ਬੱਚਾ ਮੇਰੇ ਤੋਂ ਨਹੀਂ ਖੋਹ ਸਕਦੇ।"

ਮੈਰੀਅਨ ਦੇ ਪੁੱਤਰ ਦੀ ਪੁਰਾਣੀ ਤਸਵੀਰ

ਤਸਵੀਰ ਸਰੋਤ, Marion McMillan

ਤਸਵੀਰ ਕੈਪਸ਼ਨ, ਮੈਰੀਅਨ ਤੋਂ ਉਨ੍ਹਾਂ ਦਾ ਪੁੱਤਰ ਉਦੋਂ ਖੋਹ ਲਿਆ ਗਿਆ ਸੀ ਜਦੋਂ ਉਹ ਮਹਿਜ਼ 9 ਮਹੀਨਿਆਂ ਦਾ ਸੀ

ਪਰ ਮੈਰੀਅਨ ਨੂੰ ਬ੍ਰਿਟੇਨ ਦੇ ਹੋਰਨਾਂ ਮੈਟਰਨਿਟੀ ਹੋਮਜ਼ ਵਿੱਚ ਮੌਜੂਦ ਹੋਰਨਾਂ ਮਾਂਵਾਂ ਦੇ ਮੁਕਾਬਲੇ ਆਪਣੇ ਬੱਚੇ ਨਾਲ ਜ਼ਿਆਦਾ ਸਮਾਂ ਬਿਤਾਉਣ ਦਾ ਮੌਕਾ ਮਿਲਿਆ।

ਮੈਰੀਅਨ ਨੇ ਕਿਹਾ, "ਮੈਂ ਸਕਾਟਲੈਂਡ ਦੀ ਕੁੜੀ ਸੀ, ਜਿਸ ਦਾ ਬੱਚਾ ਹਾਫ ਕਾਸਟ ਦਾ ਸੀ, ਸੈਲਵੇਸ਼ਨ ਆਰਮੀ ਮੈਨੂੰ ਇਸੇ ਨਜ਼ਰੀਏ ਨਾਲ ਦੇਖਦੀ ਸੀ।"

"ਅਤੇ ਤੁਹਾਨੂੰ ਇਹ ਕਿਹਾ ਜਾਂਦਾ ਸੀ ਕਿ ਅਜਿਹੇ ਬੱਚਿਆਂ ਨੂੰ ਗੋਦ ਦਿੱਤੇ ਜਾਣ ਦੇ ਮਾਮਲੇ ਵਿੱਚ ਸਫ਼ਲਤਾ ਦੀ ਸੰਭਾਵਨਾ ਬਹੁਤ ਘੱਟ ਹੁੰਦੀ ਹੈ।"

ਉਹ ਉਦੋਂ 9 ਮਹੀਨਿਆਂ ਦਾ ਸੀ ਜਦੋਂ ਇੱਕ ਗੋਦ ਲੈਣ ਵਾਲੇ ਜੋੜੇ ਨੇ ਉਸ ਨੂੰ ਚੁਣ ਲਿਆ। ਮੈਰੀਅਨ ਨੇ ਆਪਣੇ ਬੱਚੇ ਨੂੰ ਕਿਸੇ ਹੋਰ ਨੂੰ ਸੌਂਪਣ ਨੂੰ ਮੌਤ ਦੀ ਸਜ਼ਾ ਬਰਾਬਰ ਦੱਸਿਆ।

"ਮੈਟਰਨ ਨੇ ਉਸ ਨੂੰ ਗੋਦ ਚੁੱਕਿਆ ਅਤੇ ਫਿਰ ਉਹ ਮੇਰੇ ਨਾਲ ਰੋਣ ਲੱਗ ਗਈ। ਬਾਅਦ ਵਿੱਚ ਸ਼ਾਇਦ ਕਿਸੇ ਹੋਰ ਸਟਾਫ ਮੈਂਬਰ ਨੇ ਮੇਰਾ ਬੱਚਾ ਲੈ ਲਿਆ ਹੋਵੇਗਾ ਅਤੇ ਉਸ ਨੇ ਹਾਲੇ ਵੀ ਮੈਨੂੰ ਫੜ੍ਹਿਆ ਹੋਇਆ ਸੀ।"

ਬੱਚੇ ਨੂੰ ਆਪਣੇ ਕੋਲ ਰੱਖਣ ਲਈ ਮੈਰੀਅਨ ਦੀਆਂ ਬੇਤਾਬ ਅਪੀਲਾਂ ਨੂੰ ਅਣਸੁਣਿਆ ਕਰ ਦਿੱਤਾ ਗਿਆ।

ਮੈਰੀਅਨ ਦੀ ਤਸਵੀਰ

ਤਸਵੀਰ ਸਰੋਤ, Finestripe Productions

ਤਸਵੀਰ ਕੈਪਸ਼ਨ, ਸਾਲ 2004 ਵਿੱਚ ਮੈਰੀਅਨ ਦੁਬਾਰਾ ਆਪਣੇ ਪੁੱਤਰ ਨੂੰ ਮਿਲ ਸਕੇ

ਸਟ੍ਰੈਨਰਾਰ ਸਥਿਤ ਆਪਣੇ ਘਰ ਵਾਪਸ ਮੁੜਨ 'ਤੇ ਪਰਿਵਾਰ ਨੇ ਅਪਣਾਇਆ ਨਹੀਂ ਜਿਸ ਕਾਰਨ ਮੈਰੀਅਨ ਗਲਾਸਗੋ ਵਿੱਚ ਔਰਤਾਂ ਲਈ ਬਣੇ ਇੱਕ ਹੋਸਟਲ ਵਿੱਚ ਰਹਿਣ ਲੱਗੇ।

ਉਨ੍ਹਾਂ ਨੇ ਬੀਬੀਸੀ ਸਕਾਟਲੈਂਡ ਨਿਊਜ਼ ਨੂੰ ਦੱਸਿਆ, "ਅਚਾਨਕ ਮੈਨੂੰ ਉਸ ਥਾਂ ਤੋਂ ਕੱਢ ਦਿੱਤਾ ਗਿਆ ਜਿੱਥੇ ਮੇਰਾ ਜਨਮ ਹੋਇਆ ਅਤੇ ਜਿੱਥੇ ਮੈਂ ਪਲੀ ਅਤੇ ਵੱਡੀ ਹੋਈ ਸੀ। ਅਤੇ ਇੱਕ ਵਾਰ ਫਿਰ ਮੈਂ ਪੂਰੀ ਤਰ੍ਹਾਂ ਇਕੱਲੀ ਸੀ।"

ਸਾਲ 2004 ਵਿੱਚ ਆਖ਼ਰਕਾਰ ਮੈਰੀਅਨ ਆਪਣੇ ਪੁੱਤਰ ਨਾਲ ਮੁੜ ਮਿਲੇ। ਪਰ ਇੱਕ ਛੋਟੀ ਉਮਰ ਵਿੱਚ ਅਣਵਿਆਹੀ ਮਾਂ ਬਣਨ ਕਾਰਨ ਉਨ੍ਹਾਂ ਨਾਲ ਜੋ ਕੁਝ ਵਾਪਰਿਆ, ਉਸ ਦਾ ਅਸਰ ਅੱਜ ਵੀ ਉਨ੍ਹਾਂ ਦੀ ਜ਼ਿੰਦਗੀ 'ਤੇ ਹੈ।

"ਇਹ ਉਸ ਲਈ ਵੀ ਦਰਦਨਾਕ ਰਿਹਾ, ਮੇਰੇ ਲਈ ਵੀ, ਉਸ ਦੇ [ਗੋਦ ਲੈਣ ਵਾਲੇ] ਮਾਪਿਆਂ ਲਈ ਵੀ, ਹਰ ਕਿਸੇ ਲਈ ਇਹ ਦਰਦਨਾਕ ਰਿਹਾ। ਪਰ ਜੇ ਤੁਸੀਂ ਇਸ ਦਰਦ ਨੂੰ ਪਾਸੇ ਕਰ ਦਿਓ ਤਾਂ ਇਹ ਰੱਬ ਵੱਲੋਂ ਮਿਲਿਆ ਇੱਕ ਤੋਹਫ਼ਾ ਵੀ ਹੈ, ਕਿਉਂਕਿ ਇੰਨੇ ਸਾਲ ਮੈਂ ਉਸ ਨੂੰ ਯਾਦ ਕਰਦੀ ਅਤੇ ਉਸ ਦੀ ਕਮੀ ਮਹਿਸੂਸ ਕਰਦੀ ਰਹੀ।"

ਮੈਨੂੰ ਕਿਹਾ ਗਿਆ ਸੀ ਕਿ ਮੈਂ ਉਸ ਨੂੰ ਮੁੜ ਕਦੇ ਨਹੀਂ ਦੇਖਾਂਗੀ: ਐਨ ਕੀਨ

ਐਨ ਕੀਨ ਦੀ ਪੁਰਾਣੀ ਤਸਵੀਰ

ਤਸਵੀਰ ਸਰੋਤ, Ann Keen

ਤਸਵੀਰ ਕੈਪਸ਼ਨ, ਐਨ ਕੀਨ ਨੂੰ ਜਣੇਪੇ ਦੌਰਾਨ ਦਰਦ ਘਟਾਉਣ ਲਈ ਦਵਾਈ ਦੇਣ ਤੋਂ ਇਨਕਾਰ ਕਰ ਦਿੱਤਾ ਗਿਆ ਸੀ ਜੋ "ਇੱਕ ਬੇਹੱਦ ਦਰਦਨਾਕ ਤਜਰਬਾ" ਸੀ

ਐਨ ਕੀਨ 17 ਸਾਲ ਦੇ ਸਨ ਅਤੇ ਫਲਿੰਟਸ਼ਾਇਰ ਦੇ ਐਵਲੋ ਵਿੱਚ ਇੱਕ ਟਾਇਲਟ ਰੋਲ ਬਣਾਉਣ ਵਾਲੀ ਫੈਕਟਰੀ ਵਿੱਚ ਕੰਮ ਕਰਦੇ ਸਨ, ਜਦੋਂ ਇੱਕ ਹੈਂਡਸਮ ਸੇਲਜ਼ਮੈਨ ਨੇ ਉਨ੍ਹਾਂ ਨੂੰ ਬਾਹਰ ਘੁੰਮਣ ਲਈ ਪੁੱਛਿਆ ਸੀ।

ਐਨ ਨੇ ਕਿਹਾ, "ਉਦੋਂ ਇਹ ਸਭ ਹੋਇਆ। ਅੱਜ ਦੀ ਭਾਸ਼ਾ ਵਿੱਚ ਕਹੀਏ ਤਾਂ ਇਹ ਮੇਰੀ ਸਹਿਮਤੀ ਤੋਂ ਬਿਨਾਂ ਹੋਇਆ ਸੀ ਪਰ 1960 ਦੇ ਦਹਾਕੇ ਵਿੱਚ ਤੁਸੀਂ ਇਸ ਨੂੰ ਅਜਿਹਾ ਨਹੀਂ ਕਹਿੰਦੇ ਸੀ।"

ਮੈਰੀਅਨ ਵਾਂਗ, ਐਨ ਨੂੰ ਵੀ ਘਰ ਤੋਂ ਦੂਰ ਭੇਜ ਦਿੱਤਾ ਗਿਆ ਤਾਂ ਜੋ ਇਸ 'ਸਮੱਸਿਆ' ਦਾ "ਹੱਲ" ਕੀਤਾ ਜਾ ਸਕੇ।

ਉਨ੍ਹਾਂ ਨੇ ਸਵਾਨਸੀ ਸਥਿਤ ਐੱਨਐੱਚਐੱਸ ਹਸਪਤਾਲ ਵਿੱਚ ਬੱਚੇ ਨੂੰ ਜਨਮ ਦਿੱਤਾ, ਜਿੱਥੇ ਉਨ੍ਹਾਂ ਨੂੰ ਦਰਦ ਘਟਾਉਣ ਲਈ ਦਵਾਈ ਦੇਣ ਤੋਂ ਇਨਕਾਰ ਕਰ ਦਿੱਤਾ ਗਿਆ।

ਉਨ੍ਹਾਂ ਨੇ ਕਿਹਾ, "ਮੈਨੂੰ ਕਿਹਾ ਗਿਆ ਸੀ ਕਿ ਮੈਨੂੰ ਦਰਦ ਲਈ ਕੁਝ ਨਹੀਂ ਦਿੱਤਾ ਜਾਵੇਗਾ, ਕਿਉਂਕਿ ਫਿਰ ਮੈਨੂੰ ਇਹ ਸਭ ਯਾਦ ਰਹੇਗਾ ਅਤੇ ਮੈਂ ਮੁੜ 'ਬੈਡ ਗਰਲ' ਨਹੀਂ ਬਣਾਂਗੀ।"

"ਉਹ ਮੈਨੂੰ ਅਜਿਹੀ ਔਰਤ ਸਮਝਦੇ ਸਨ ਜਿਸ ਵਿੱਚ ਕੋਈ ਨੈਤਿਕਤਾ ਨਹੀਂ ਸੀ ਅਤੇ ਇਸ ਲਈ ਮੈਂ ਕਿਸੇ ਮਦਦ ਦੀ ਹੱਕਦਾਰ ਨਹੀਂ ਸੀ ਅਤੇ ਮੈਨੂੰ ਨਹੀਂ ਲੱਗਦਾ ਕਿ ਜੇ ਮੈਂ ਵਿਆਹੀ ਹੋਈ ਹੁੰਦੀ ਤਾਂ ਮੇਰੇ ਨਾਲ ਅਜਿਹਾ ਹੁੰਦਾ।"

ਐਨ ਕੀਨ ਦੇ ਪੁੱਤਰ ਦੀ ਪੁਰਾਣੀ ਤਸਵੀਰ

ਤਸਵੀਰ ਸਰੋਤ, Ann Keen

ਤਸਵੀਰ ਕੈਪਸ਼ਨ, ਐਨ ਤੋਂ ਉਨ੍ਹਾਂ ਦਾ ਪੁੱਤਰ ਮਹਿਜ਼ 8 ਦਿਨਾਂ ਬਾਅਦ ਹੀ ਵੱਖ ਕਰ ਦਿੱਤਾ ਗਿਆ ਸੀ

ਐਨ ਨੂੰ ਕਿਹਾ ਗਿਆ ਸੀ ਕਿ ਉਹ ਆਪਣੇ ਬੱਚੇ ਨਾਲ 10 ਦਿਨ ਬਿਤਾ ਸਕਦੇ ਹਨ। ਪਰ ਅੱਠਵੇਂ ਦਿਨ ਜਦੋਂ ਉਹ ਬੱਚਿਆਂ ਦੇ ਕਮਰੇ ਵਿੱਚ ਗਈ ਤਾਂ ਉਨ੍ਹਾਂ ਦਾ ਬੱਚਾ ਉੱਥੇ ਨਹੀਂ ਸੀ।

ਇੱਕ "ਬੇਰਹਿਮ" ਦਾਈ ਨੇ ਐਨ ਨੂੰ ਕਿਹਾ, "ਉਹ ਆਪਣੀ ਨਵੀਂ ਮਾਂ ਦੀ ਉਡੀਕ ਕਰ ਰਿਹਾ ਹੈ। ਤੁਸੀਂ ਉਸ ਨੂੰ ਮੁੜ ਕਦੇ ਨਹੀਂ ਦੇਖੋਗੇ।"

ਉਹ ਐਨ ਨੂੰ ਵਿਕਟੋਰੀਅਨ ਬਾਥਰੂਮ ਵਿੱਚ ਲੈ ਗਈ, ਉਸ ਨੂੰ ਬਾਥਟਬ ਵਿੱਚ ਬਿਠਾਇਆ ਅਤੇ ਉਸ ਦੀ ਛਾਤੀ ਨੂੰ ਫੜ ਲਿਆ।

ਦਾਈ ਨੇ ਐਨ ਨੂੰ ਕਿਹਾ, "ਮੈਂ ਇਹ ਦੁੱਧ ਕੱਢ ਕਰ ਰਹੀ ਹਾਂ, ਹੁਣ ਤੁਹਾਨੂੰ ਇਸ ਦੀ ਲੋੜ ਨਹੀਂ ਪਵੇਗੀ।"

ਐਨ ਨੇ ਕਿਹਾ, "ਅਤੇ ਉਸ ਪਲ ਮੈਨੂੰ ਅਹਿਸਾਸ ਹੋਇਆ ਕਿ ਮੈਂ ਸਭ ਕੁਝ ਗੁਆ ਚੁੱਕੀ ਸੀ।"

ਅਧਿਆਪਕਾਂ 'ਤੇ ਭਰੋਸਾ ਕੀਤਾ ਜਾਂਦਾ ਹੈ: ਜੋਨ ਚੈਂਬਰਜ਼

ਜੋਨ ਚੈਂਬਰਜ਼ ਦੀ ਪੁਰਾਣੀ ਤਸਵੀਰ

ਤਸਵੀਰ ਸਰੋਤ, Joan Chambers

ਤਸਵੀਰ ਕੈਪਸ਼ਨ, ਜੋਨ 14 ਸਾਲਾਂ ਦੇ ਸਨ ਜਦੋਂ ਉਹ ਗਰਭਵਤੀ ਹੋਏ

ਜੋਨ ਚੈਂਬਰਜ਼ ਸੰਡਰਲੈਂਡ ਦੇ ਰਹਿਣ ਵਾਲੇ ਸਨ, ਉਹ ਇੱਕ 14 ਸਾਲਾ ਸਕੂਲੀ ਵਿਦਿਆਰਥਣ ਸਨ, ਜਦੋਂ ਉਨ੍ਹਾਂ ਨੂੰ ਪਤਾ ਲੱਗਾ ਕਿ ਉਹ ਗਰਭਵਤੀ ਹਨ।

ਇੱਕ ਅਧਿਆਪਕ ਨੇ ਉਨ੍ਹਾਂ ਨੂੰ ਸ਼ਹਿਰ ਤੋਂ ਦੂਰ ਸੈਰ ਕਰਨ ਲਈ ਨਾਲ ਚੱਲਣ ਵਾਸਤੇ ਕਹਿਣਾ ਸ਼ੁਰੂ ਕੀਤਾ।

ਜੋਨ ਨੇ ਕਿਹਾ, "ਮੈਨੂੰ ਇਸ ਵਿੱਚ ਕੁਝ ਗਲਤ ਨਹੀਂ ਲੱਗਿਆ, ਕਿਉਂਕਿ ਉਹ ਅਧਿਆਪਕ ਸੀ ਅਤੇ ਅਧਿਆਪਕਾਂ 'ਤੇ ਭਰੋਸਾ ਕੀਤਾ ਜਾਂਦਾ ਹੈ। ਮੈਂ ਉਸ 'ਤੇ ਸੱਚਮੁੱਚ ਭਰੋਸਾ ਕਰਦੀ ਸੀ।"

ਇੱਕ ਦਿਨ ਉਸ ਅਧਿਆਪਕ ਨੇ ਉਸ ਨਾਲ ਬਲਾਤਕਾਰ ਕੀਤਾ।

ਉਸ ਨੇ ਕਿਹਾ, "ਮੈਨੂੰ ਸਿਰਫ਼ ਦਰਦ ਯਾਦ ਹੈ। ਮੈਨੂੰ ਸਮਝ ਹੀ ਨਹੀਂ ਆ ਰਿਹਾ ਸੀ ਕਿ ਕੀ ਹੋ ਰਿਹਾ ਹੈ।"

ਬੱਚੇ ਨੂੰ ਜਨਮ ਦੇਣ ਤੋਂ ਪੰਜ ਹਫ਼ਤੇ ਪਹਿਲਾਂ ਜੋਨ ਨੂੰ ਅਦਾਲਤ ਵਿੱਚ ਉਸ ਵਿਅਕਤੀ ਖ਼ਿਲਾਫ਼ ਗਵਾਹੀ ਦੇਣੀ ਪਈ।

ਕਈ ਸਾਲਾਂ ਬਾਅਦ ਉਨ੍ਹਾਂ ਨੂੰ ਕੁਝ ਪੁਰਾਣੇ ਦਸਤਾਵੇਜ਼ ਮਿਲੇ, ਜਿਨ੍ਹਾਂ ਤੋਂ ਪਤਾ ਲੱਗਿਆ ਕਿ ਜੱਜ ਨੇ ਜਿਊਰੀ ਨੂੰ ਉਸ ਦੀ ਗਵਾਹੀ 'ਤੇ ਵਿਸ਼ਵਾਸ ਨਾ ਕਰਨ ਲਈ ਕਿਹਾ ਸੀ।

ਜੋਨ ਨੇ ਡਾਕੂਮੈਂਟਰੀ ਵਿੱਚ ਦੱਸਿਆ ਕਿ ਜੱਜ ਨੇ ਕਿਹਾ ਸੀ, "ਭਵਿੱਖ ਵਿੱਚ ਇਸ ਸ਼ਖਸ ਦਾ ਚੰਗਾ ਕਰੀਅਰ ਹੋ ਸਕਦਾ ਹੈ, ਇਸ ਲਈ ਕੁੜੀ ਦੇ ਗਰਭਵਤੀ ਹੋਣ ਦੀ ਗੱਲ ਨੂੰ ਉਸ ਦੇ ਖ਼ਿਲਾਫ਼ ਨਾ ਜਾਣ ਦਿਓ।"

ਜੋਨ ਨੇ ਅੱਗੇ ਕਿਹਾ, "ਇਹ ਪੜ੍ਹ ਕੇ ਮੈਨੂੰ ਬਹੁਤ ਦੁੱਖ ਹੋਇਆ। ਸੱਚਮੁੱਚ ਬਹੁਤ ਦੁੱਖ ਹੋਇਆ। ਇੱਕ ਜੱਜ ਅਜਿਹਾ ਕਹਿ ਸਕਦਾ ਸੀ।"

ਉਸ ਵਿਅਕਤੀ ਨੂੰ ਅਦਾਲਤ ਨੇ ਬਰੀ ਕਰ ਦਿੱਤਾ।

ਜੋਨ ਚੈਂਬਰਜ਼

ਤਸਵੀਰ ਸਰੋਤ, Finestripe Productions

ਤਸਵੀਰ ਕੈਪਸ਼ਨ, ਸਾਲਾਂ ਬਾਅਦ ਜੋਨ ਨੂੰ ਪਤਾ ਲੱਗਾ ਕਿ ਜਿਊਰੀ ਨੂੰ ਉਨ੍ਹਾਂ ਦੀ ਗਵਾਹੀ 'ਤੇ ਵਿਸ਼ਵਾਸ ਨਾ ਕਰਨ ਲਈ ਕਿਹਾ ਗਿਆ ਸੀ

ਜੋਨ ਨੇ ਆਪਣੀ ਗਰਭ ਅਵਸਥਾ ਦੇ ਆਖ਼ਰੀ ਕੁਝ ਹਫ਼ਤੇ ਇੱਕ ਮੈਟਰਨਿਟੀ ਹੋਮ ਵਿੱਚ ਬਿਤਾਏ ਪਰ ਉਹ ਕਹਿੰਦੇ ਹਨ ਕਿ ਉਨ੍ਹਾਂ ਨੇ ਆਪਣੇ ਬੱਚੇ ਨੂੰ ਜਨਮ ਦੇਣ ਦੇ ਘਟਨਾਕ੍ਰਮ ਨੂੰ "ਦਿਮਾਗ ਵਿੱਚੋਂ ਮਿਟਾ ਦਿੱਤਾ ਸੀ।"

ਉਨ੍ਹਾਂ ਨੇ ਕਿਹਾ, "ਇਹ ਬਹੁਤ ਦਰਦਨਾਕ ਰਿਹਾ ਹੋਵੇਗਾ। ਮੈਨੂੰ ਦਰਦ ਦੀ ਦਵਾਈ ਜਾਂ ਅਜਿਹੀ ਕੋਈ ਚੀਜ਼ ਨਹੀਂ ਦਿੱਤੀ ਗਈ ਸੀ।"

"ਅਗਲੀ ਗੱਲ ਜੋ ਮੈਨੂੰ ਯਾਦ ਹੈ, ਉਹ ਇਹ ਹੈ ਕਿ ਮੇਰੀਆਂ ਲੱਤਾਂ ਜਿਵੇਂ ਸ਼ਿਕੰਜੇ ਵਿੱਚ ਸਨ, ਉਨ੍ਹਾਂ ਉੱਤੇ ਹਰਾ ਕੱਪੜਾ ਪਿਆ ਹੋਇਆ ਸੀ ਅਤੇ ਮੈਂ ਡਾਕਟਰ ਦੀ ਉਡੀਕ ਕਰ ਰਹੀ ਸੀ ਕਿ ਉਹ ਆ ਕੇ ਮੇਰੇ ਟਾਂਕੇ ਲਗਾਵੇ। ਮੇਰਾ ਸਰੀਰ ਬੁਰੀ ਤਰ੍ਹਾਂ ਫਟ ਗਿਆ ਸੀ, ਬਿਲਕੁਲ ਬੁਰੀ ਤਰ੍ਹਾਂ।"

ਉਨ੍ਹਾਂ ਦਾ ਬੱਚਾ ਤਿੰਨ ਹਫ਼ਤਿਆਂ ਦਾ ਸੀ, ਜਦੋਂ ਉਸ ਨੂੰ ਉਨ੍ਹਾਂ ਤੋਂ ਵੱਖ ਕਰ ਦਿੱਤਾ ਗਿਆ। ਇਹ ਕ੍ਰਿਸਮਸ ਤੋਂ ਇੱਕ ਹਫ਼ਤਾ ਪਹਿਲਾਂ ਦੀ ਗੱਲ ਸੀ।

ਜੋਨ ਨੇ ਕਿਹਾ, "ਉਹ ਮੇਰਾ ਬੱਚਾ ਮੇਰੇ ਤੋਂ ਲੈ ਗਏ ਅਤੇ ਫਿਰ ਮੈਨੂੰ ਕਿਹਾ ਕਿ ਮੈਂ ਮੁੜ ਬੱਚਿਆਂ ਦੇ ਕਮਰੇ ਵਿੱਚ ਜਾਵਾਂ, ਉਸ ਦੇ ਪੰਘੂੜੇ ਵਿੱਚੋਂ ਬਿਸਤਰਾ ਕੱਢਾਂ ਅਤੇ ਅਗਲੇ ਬੱਚੇ ਲਈ ਉਸ ਨੂੰ ਤਿਆਰ ਕਰਾਂ।"

ਜੋਨ 66 ਸਾਲ ਦੇ ਸਨ ਜਦੋਂ ਉਹ ਮੁੜ ਆਪਣੇ ਬੱਚੇ ਨੂੰ ਮਿਲ ਸਕੇ।

ਉਨ੍ਹਾਂ ਨੇ ਕਿਹਾ, "ਇਹ ਬਹੁਤ ਅਦਭੁੱਤ ਸੀ ਪਰ ਬਹੁਤ ਦੁਖਦਾਈ ਵੀ। ਉਸ ਨੇ ਕਦੇ ਮੈਨੂੰ ਲੱਭਣ ਦੀ ਕੋਸ਼ਿਸ਼ ਨਹੀਂ ਕੀਤੀ, ਕਿਉਂਕਿ ਉਸ ਨੂੰ ਗੋਦ ਲੈਣ ਵਾਲੇ ਪਰਿਵਾਰ ਵਿੱਚ ਖੁਸ਼ਹਾਲ ਜ਼ਿੰਦਗੀ ਮਿਲੀ ਸੀ।"

'ਮੁਆਫ਼ੀਆਂ ਸਾਬਤ ਕਰਦੀਆਂ ਹਨ ਕਿ ਸਾਡੀ ਕੋਈ ਗਲਤੀ ਨਹੀਂ ਸੀ'

ਐਨ ਆਪਣੇ ਪੁੱਤਰ ਮਾਰਕ ਨਾਲ

ਤਸਵੀਰ ਸਰੋਤ, Finestripe Productions

ਤਸਵੀਰ ਕੈਪਸ਼ਨ, ਜ਼ਿੰਦਗੀ ਦੇ ਬਾਅਦ ਦੇ ਪੜਾਅ ਵਿੱਚ ਐਨ ਦੀ ਮੁਲਾਕਾਤ ਆਪਣੇ ਪੁੱਤਰ ਮਾਰਕ ਲਲੋਇਡ ਫੌਕਸ ਨਾਲ ਹੋਈ

2023 ਵਿੱਚ ਨਿਕੋਲਾ ਸਟਰਜਨ ਨੇ ਮੈਰੀਅਨ ਮੈਕਮਿਲਨ ਨੂੰ "ਸਭ ਤੋਂ ਵੱਧ ਸਰਗਰਮ ਮੁਹਿੰਮ ਚਲਾਉਣ ਵਾਲੀਆਂ ਔਰਤਾਂ ਵਿੱਚੋਂ ਇੱਕ" ਦੱਸਿਆ, ਜਦੋਂ ਉਨ੍ਹਾਂ ਨੇ ਜ਼ਬਰਦਸਤੀ ਗੋਦ ਦਿੱਤੇ ਜਾਣ ਵਾਲੇ ਬੱਚਿਆਂ ਦੇ ਮਾਮਲਿਆਂ ਵਿੱਚ ਸਰਕਾਰ ਦੀ ਭੂਮਿਕਾ ਲਈ ਰਸਮੀ ਤੌਰ 'ਤੇ ਮੁਆਫ਼ੀ ਮੰਗੀ।

ਸਕਾਟਲੈਂਡ ਦੀ ਫਰਸਟ ਮਨਿਸਟਰ ਨੇ ਕਿਹਾ,"ਇਹ ਹਮੇਸ਼ਾ ਬੇਰਹਿਮ, ਬੇਇਨਸਾਫ਼ੀ ਭਰਿਆ ਅਤੇ ਪੂਰੀ ਤਰ੍ਹਾਂ ਗਲਤ ਸੀ।"

ਸ਼ੁੱਕਰਵਾਰ ਨੂੰ ਜਾਰੀ ਕੀਤੀ ਗਈ ਆਪਣੀ ਨਵੀਂ ਮੁਆਫ਼ੀ ਵਿੱਚ ਸੈਲਵੇਸ਼ਨ ਆਰਮੀ ਨੇ ਕਿਹਾ ਕਿ ਉਸ ਨੂੰ ਇਸ ਗੱਲ ਦਾ "ਬਹੁਤ ਡੂੰਘਾ ਅਫ਼ਸੋਸ ਅਤੇ ਗਹਿਰੀ ਸ਼ਰਮ" ਹੈ ਕਿ ਮਾਂ ਅਤੇ ਬੱਚੇ ਲਈ ਬਣਾਏ ਗਏ ਘਰਾਂ ਵਿੱਚ ਰਹਿਣ ਵਾਲੀਆਂ ਕਮਜ਼ੋਰ ਸਥਿਤੀ ਵਾਲੀਆਂ ਨੌਜਵਾਨ ਔਰਤਾਂ ਨੂੰ ਲੋੜੀਂਦੀ ਮਦਦ ਨਹੀਂ ਮਿਲੀ।

ਸੈਲਵੇਸ਼ਨ ਆਰਮੀ ਦੇ ਖੇਤਰੀ ਆਗੂਆਂ, ਕਮਿਸ਼ਨਰ ਪੌਲ ਅਤੇ ਜੇਨੀਨ ਮੇਨ ਨੇ ਕਿਹਾ, "ਅਸੀਂ ਜਾਣਦੇ ਹਾਂ ਕਿ ਜਿਨ੍ਹਾਂ ਲੋਕਾਂ ਨੂੰ ਅਸੀਂ ਨਿਰਾਸ਼ ਕੀਤਾ, ਉਨ੍ਹਾਂ ਪ੍ਰਤੀ ਸਾਨੂੰ ਜਵਾਬਦੇਹ ਠਹਿਰਾਇਆ ਜਾਣਾ ਚਾਹੀਦਾ ਹੈ ਅਤੇ ਸਾਨੂੰ ਉਸ ਸਮਾਜ ਵਿੱਚ ਆਪਣੀ ਭੂਮਿਕਾ ਬਾਰੇ ਵਿਚਾਰ ਕਰਨਾ ਚਾਹੀਦਾ ਹੈ, ਜਿਸ ਨੇ ਗਰਭਵਤੀ ਅਣਵਿਆਹੀਆਂ ਔਰਤਾਂ ਦੇ ਵਿਰੁੱਧ ਕੰਮ ਕੀਤਾ।"

ਮੈਰੀਅਨ ਦਾ ਕਹਿਣਾ ਹੈ ਕਿ ਹਾਲੇ ਹੋਰ ਵੀ ਬਹੁਤ ਕੁਝ ਕੀਤਾ ਜਾ ਸਕਦਾ ਹੈ। ਉਹ ਜ਼ਬਰਦਸਤੀ ਗੋਦ ਦੇਣ ਦੀ ਪ੍ਰਕਿਰਿਆ ਤੋਂ ਪ੍ਰਭਾਵਿਤ ਲੋਕਾਂ, ਜਿਵੇਂ ਕਿ ਮਾਵਾਂ, ਬੱਚਿਆਂ ਅਤੇ ਗੋਦ ਲੈਣ ਵਾਲੇ ਮਾਪਿਆਂ ਲਈ ਹੋਰ ਸਹਾਇਤਾ ਚਾਹੁੰਦੀ ਹੈ।

ਉਹ ਸਕਾਟਲੈਂਡ ਵਿੱਚ ਗੋਦ ਲੈਣ ਸਬੰਧੀ ਇੱਕ ਵਿਸ਼ੇਸ਼ ਕੇਂਦਰ ਵੀ ਬਣਿਆ ਦੇਖਣਾ ਚਾਹੁੰਦੇ ਹਨ, ਜਿੱਥੇ ਗੋਦ ਲੈਣ ਦੀ ਪ੍ਰਕਿਰਿਆ ਨਾਲ ਜੁੜੇ ਹਰ ਵਿਅਕਤੀ ਨੂੰ ਵਿਆਪਕ ਸਿਖਲਾਈ ਅਤੇ ਸਹਾਇਤਾ ਮਿਲ ਸਕੇ।

ਐਨ ਕੀਨ ਉਨ੍ਹਾਂ ਕੁਝ ਮਾਵਾਂ ਵਿੱਚ ਸ਼ਾਮਲ ਸੀ, ਜਿਨ੍ਹਾਂ ਨੂੰ ਬ੍ਰਿਟੇਨ ਦੇ ਪ੍ਰਧਾਨ ਮੰਤਰੀ ਦੇ ਦਫ਼ਤਰ 10 ਡਾਊਨਿੰਗ ਸਟ੍ਰੀਟ ਵਿੱਚ ਸਰ ਕੀਰ ਸਟਾਰਮਰ ਵੱਲੋਂ ਯੂਕੇ ਸਰਕਾਰ ਦੀ ਤਰਫ਼ੋਂ ਮੁਆਫ਼ੀ ਮੰਗਣ ਤੋਂ ਪਹਿਲਾਂ ਸੱਦਾ ਦਿੱਤਾ ਗਿਆ ਸੀ।

ਐਨ ਨੇ ਕਿਹਾ, "ਮੇਰੇ ਲਈ ਇਸ ਮੁਆਫ਼ੀ ਦਾ ਮਤਲਬ ਇਹ ਹੈ ਕਿ ਹੁਣ ਮੈਨੂੰ ਉਸ ਗੱਲ ਲਈ ਦੋਸ਼ੀ ਨਹੀਂ ਸਮਝਿਆ ਜਾਵੇਗਾ ਜੋ ਮੈਂ ਕੀਤੀ ਹੀ ਨਹੀਂ ਸੀ, ਕਿਉਂਕਿ ਮੈਂ ਉਸ ਨੂੰ ਕਿਸੇ ਨੂੰ ਨਹੀਂ ਦਿੱਤਾ ਸੀ। ਉਸ ਨੂੰ ਮੇਰੇ ਤੋਂ ਖੋਹ ਲਿਆ ਗਿਆ ਸੀ।"

"ਇਹ ਦੁਨੀਆ ਸਾਹਮਣੇ ਸਾਬਤ ਕਰੇਗਾ ਕਿ ਇਸ ਵਿੱਚ ਸਾਡੀ ਕੋਈ ਗਲਤੀ ਨਹੀਂ ਸੀ। ਅਸੀਂ ਦੋਸ਼ੀ ਨਹੀਂ ਸੀ। ਦੋਸ਼ ਸਰਕਾਰ ਦਾ ਸੀ, ਚਰਚਾਂ ਦਾ ਸੀ ਅਤੇ ਹੁਣ ਅਸੀਂ ਆਜ਼ਾਦ ਹੋਵਾਂਗੇ।"

ਜੇ ਤੁਸੀਂ ਜਾਂ ਤੁਹਾਡਾ ਕੋਈ ਜਾਣਕਾਰ ਜਿਨਸੀ ਸ਼ੋਸ਼ਣ ਜਾਂ ਹਿੰਸਾ ਤੋਂ ਪ੍ਰਭਾਵਿਤ ਹੋਇਆ ਹੈ, ਤਾਂ ਮਦਦ ਕਰਨ ਵਾਲੀਆਂ ਸੰਸਥਾਵਾਂ ਬਾਰੇ ਜਾਣਕਾਰੀ BBC Action Line 'ਤੇ ਮਿਲ ਸਕਦੀ ਹੈ।

ਬੀਬੀਸੀ ਲਈ ਕਲੈਕਟਿਵ ਨਿਊਜ਼ਰੂਮ ਵੱਲੋਂ ਪ੍ਰਕਾਸ਼ਿਤ

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTER, WhatsApp ਅਤੇ YouTube 'ਤੇ ਜੁੜੋ।)