ਫੈਟੀ ਲਿਵਰ ਵਾਲਿਆਂ ਨੂੰ ਕੀ ਸ਼ਰਾਬ ਛੱਡ ਦੇਣੀ ਚਾਹੀਦੀ ਹੈ? ਜੇਕਰ ਲਿਵਰ ਬਚਾਉਣਾ ਹੈ ਤਾਂ ਇਹ ਸਭ ਜਾਣਨਾ ਜ਼ਰੂਰੀ

ਤਸਵੀਰ ਸਰੋਤ, Getty Images
- ਲੇਖਕ, ਪ੍ਰਿਅੰਕਾ ਧੀਮਾਨ
- ਰੋਲ, ਬੀਬੀਸੀ ਪੱਤਰਕਾਰ
- ਪ੍ਰਕਾਸ਼ਿਤ
- ਪੜ੍ਹਨ ਦਾ ਸਮਾਂ: 9 ਮਿੰਟ
ਸਾਡੇ ਵਿੱਚੋਂ ਬਹੁਤ ਸਾਰੇ ਲੋਕਾਂ ਨੂੰ ਲਿਵਰ ਯਾਨਿ ਕਿ ਕਲੇਜੇ ਬਾਰੇ ਬਹੁਤ ਘੱਟ ਪਤਾ ਹੈ, ਪਰ ਇਹ ਸਰੀਰ ਦਾ ਅਜਿਹਾ ਹਿੱਸਾ ਹੈ, ਜੋ ਸਾਡੀ ਸਿਹਤ ਨੂੰ ਤੰਦਰੁਸਤ ਰੱਖਣ ਵਿੱਚ ਅਹਿਮ ਭੂਮਿਕਾ ਨਿਭਾਉਂਦਾ ਹੈ।
ਪਰ ਅਕਸਰ ਅਸੀਂ ਇਸਦੀ ਸੰਭਾਲ ਉਦੋਂ ਹੀ ਕਰਦੇ ਹਾਂ ਜਦੋਂ ਇਸ ਵਿੱਚ ਕੋਈ ਸਮੱਸਿਆ ਆ ਜਾਵੇ।
ਬੀਬੀਸੀ ਪੰਜਾਬੀ ਦੇ ਹੈਲਥ ਪੌਡਕਾਸਟ 'ਸਿਹਤ ਸੀਕ੍ਰੇਟਸ' ਵਿੱਚ ਅੱਜ ਅਸੀਂ ਲਿਵਰ ਨਾਲ ਜੁੜੀਆਂ ਬਿਮਾਰੀਆਂ, ਉਨ੍ਹਾਂ ਦੇ ਲੱਛਣਾਂ ਅਤੇ ਬਚਾਅ ਦੇ ਤਰੀਕਿਆਂ ਬਾਰੇ ਗੱਲ ਕਰਾਂਗੇ।
ਇਸ ਬਾਰੇ ਅਸੀਂ ਡਾ. ਅਜੇ ਕੁਮਾਰ ਨਾਲ ਗੱਲਬਾਤ ਕੀਤੀ ਹੈ, ਜੋ ਇੱਕ ਮੰਨੇ-ਪ੍ਰਮੰਨੇ ਗੈਸਟ੍ਰੋਐਂਟਰੋਲੋਜਿਸਟ ਤੇ ਹੈਪੇਟੋਲੋਜਿਸਟ ਹਨ। ਉਹ ਦਿੱਲੀ ਦੇ ਬੀਐੱਲਕੇ ਮੈਕਸ ਇੰਸਟੀਚਿਊਟ ਆਫ ਲਿਵਰ ਡਿਜ਼ੀਜ਼ ਵਿੱਚ ਚੇਅਰਮੈਨ ਤੇ ਐੱਚਓਡੀ ਦੇ ਤੌਰ 'ਤੇ ਤਾਇਨਾਤ ਹਨ।
ਸਵਾਲ- ਲੋਕਾਂ ਨੂੰ ਫੈਟੀ ਲਿਵਰ ਦੀ ਅੱਜਕੱਲ੍ਹ ਬਹੁਤ ਸਮੱਸਿਆ ਆ ਰਹੀ ਹੈ, ਇਸਦਾ ਕਾਰਨ ਕੀ ਹੈ?
ਜਵਾਬ- ਫੈਟੀ ਲਿਵਰ ਦਾ ਮਤਲਬ ਹੈ ਕਿ ਲਿਵਰ ਦੇ ਵਿੱਚ ਫੈਟ ਜ਼ਿਆਦਾ ਹੋ ਜਾਣਾ। ਭਾਰਤ ਵਿੱਚ ਇਹ ਸਮੱਸਿਆ ਲਗਾਤਾਰ ਵਧਦੀ ਜਾ ਰਹੀ ਹੈ। 1980 ਤੱਕ ਜਦੋਂ ਅਸੀਂ ਫੈਟੀ ਲਿਵਰ ਦੀ ਗੱਲ ਕਰਦੇ ਸੀ ਤਾਂ ਅਸੀਂ ਸਿਰਫ਼ ਇੱਕ ਹੀ ਗੱਲ ਜਾਣਦੇ ਸੀ ਕਿ ਸ਼ਰਾਬ ਕਰਕੇ ਲਿਵਰ ਫੈਟੀ ਹੋ ਗਿਆ। ਪਰ ਉਸ ਤੋਂ ਬਾਅਦ ਦੁਨੀਆਂ ਭਰ ਵਿੱਚ ਇਹ ਦੇਖਿਆ ਗਿਆ ਕਿ ਲਿਵਰ ਵਿੱਚ ਫੈਟ ਬਿਨ੍ਹਾਂ ਸ਼ਰਾਬ ਦੇ ਵੀ ਆਉਂਦੀ ਹੈ ਜੋ ਲਿਵਰ ਦੇ ਸੈੱਲਾਂ ਵਿੱਚ ਆ ਕੇ ਨੁਕਸਾਨ ਪਹੁੰਚਾਉਂਦੀ ਹੈ। ਜਿਸ ਨਾਲ ਲਿਵਰ ਵਿੱਚ ਸੋਜ ਤੇ ਕੈਂਸਰ ਵਰਗੀਆਂ ਦਿੱਕਤਾਂ ਵੀ ਆ ਸਕਦੀਆਂ ਹਨ।
ਬਦਕਿਸਮਤੀ ਨਾਲ ਪਿਛਲੇ 10 ਸਾਲਾਂ ਵਿੱਚ ਇਹ ਸਮੱਸਿਆ ਬਹੁਤ ਵਧ ਗਈ ਹੈ। ਅਸੀਂ ਪਹਿਲਾਂ ਕਹਿੰਦੇ ਸੀ ਕਿ ਭਾਰਤ ਸ਼ੂਗਰ ਦੀ ਬਿਮਾਰੀ ਦਾ ਸੈਂਟਰ ਹੈ ਪਰ ਹੁਣ ਫੈਟੀ ਲਿਵਰ ਦੀ ਸਮੱਸਿਆ ਉਸ ਤੋਂ ਵੀ ਵੱਧ ਹੈ। ਜੇਕਰ ਅੱਜ ਦੇ ਅੰਦਾਜ਼ੇ ਦੀ ਗੱਲ ਕਰੀਏ ਤਾਂ ਭਾਰਤ ਵਿੱਚ ਕਰੀਬ 120 ਮਿਲੀਅਨ ਯਾਨਿ ਕਿ 12 ਕਰੋੜ ਫੈਟੀ ਲਿਵਰ ਦੇ ਮਰੀਜ਼ ਹਨ।
ਡਾਇਬਟੀਜ਼, ਹਾਈ ਕੋਲੇਸਟ੍ਰੋਲ, ਟ੍ਰਾਈ ਗਲਿਸਰਾਈਡ ਤੇ ਮੋਟਾਪੇ ਵਰਗੀਆਂ ਸਮੱਸਿਆਵਾਂ ਵੀ ਫੈਟੀ ਲਿਵਰ ਲਈ ਜ਼ਿੰਮੇਵਾਰ ਹਨ।
ਸਵਾਲ- ਸ਼ਰਾਬ ਪੀਣ ਵਾਲੇ ਲੋਕਾਂ ਨੂੰ ਫੈਟੀ ਲਿਵਰ ਦੀ ਸਮੱਸਿਆ ਵਧੇਰੇ ਆਉਂਦੀ ਹੈ, ਇਸ ਵਿੱਚ ਕਿੰਨਾ ਸੱਚ ਹੈ?
ਜਵਾਬ- ਸ਼ਰਾਬ ਦੇ ਕਾਰਨ ਲਿਵਰ ਨੂੰ ਨੁਕਸਾਨ ਹੁੰਦਾ ਹੈ, ਇਹ ਇੱਕ ਫੈਕਟ ਹੈ। ਹਾਲੇ ਸ਼ਰਾਬ ਦੀ ਸਮੱਸਿਆ ਤਾਂ ਹੱਲ ਹੋ ਨਹੀਂ ਰਹੀ ਸੀ, ਪਰ ਦੂਜੀ ਸਮੱਸਿਆ ਆ ਕੇ ਖੜ੍ਹੀ ਹੋ ਗਈ। ਵੱਡੀ ਗਿਣਤੀ ਵਿੱਚ ਨੌਜਵਾਨਾਂ ਨੂੰ ਫੈਟੀ ਲਿਵਰ ਦੀ ਸਮੱਸਿਆ ਰਹੀ ਹੈ, ਜੋ ਅੱਗੇ ਆ ਜਾ ਕੇ ਲਿਵਰ ਨਾਲ ਜੁੜੀਆਂ ਹੋਰ ਗੰਭੀਰ ਬਿਮਾਰੀਆਂ ਦਾ ਕਾਰਨ ਬਣਦੀ ਹੈ। ਕਈ ਕੇਸਾਂ ਵਿੱਚ ਲਿਵਰ ਟਰਾਂਸਪਲਾਂਟ ਤੱਕ ਕਰਨ ਦੀ ਵੀ ਨੌਬਤ ਆ ਜਾਂਦੀ ਹੈ।
ਇਹ ਇੱਕ ਬਹੁਤ ਹੀ ਅਹਿਮ ਸਿਹਤ ਸਮੱਸਿਆ ਹੈ, ਜਿਸ ਬਾਰੇ ਸਮਾਜ ਨੂੰ ਵੀ ਸੁਚੇਤ ਹੋਣਾ ਪਵੇਗਾ ਤੇ ਸਰਕਾਰ ਨੂੰ ਵੀ ਆਪਣੀਆਂ ਨੀਤੀਆਂ ਬਣਾਉਣੀਆਂ ਪੈਣਗੀਆਂ।

ਸਵਾਲ- ਇੱਕ ਸ਼ਖ਼ਸ ਨੂੰ ਕਿਵੇਂ ਪਤਾ ਲਗਦਾ ਹੈ ਕਿ ਉਸਦਾ ਲਿਵਰ ਫੈਟੀ ਹੋ ਰਿਹਾ ਹੈ?
ਜਵਾਬ- ਸ਼ੁਰੂਆਤੀ ਸਟੇਜ ਵਿੱਚ ਇਸਦੇ ਲੱਛਣ ਪਤਾ ਨਹੀਂ ਲਗਦੇ, ਐਡਵਾਂਸ ਸਟੇਜ ਵਿੱਚ ਜਾ ਕੇ ਸਮੱਸਿਆ ਦਾ ਪਤਾ ਲਗਦਾ ਹੈ। ਪਰ ਜੇਕਰ ਅਸੀਂ ਸ਼ੁਰੂਆਤੀ ਸਟੇਜ ਵਿੱਚ ਹੀ ਪਤਾ ਕਰ ਲਈਏ ਜਿਸਦੇ ਲਈ ਸਾਨੂੰ ਰੈਗੂਲਰ ਸਕ੍ਰੀਨਿੰਗ ਕਰਨੀ ਪੈਂਦੀ ਹੈ, ਸਕ੍ਰੀਨਿੰਗ ਕੁਝ ਬਲੱਡ ਟੈਸਟ ਦੇ ਵਿੱਚ ਹੁੰਦੀ ਹੈ। ਕੁਝ ਹੋਰ ਟੈਸਟ ਹੁੰਦੇ ਹਨ ਜਿਵੇਂ ਫਾਈਬਰੋ ਸਕੈਨ, ਇਲਾਸਟੋਗ੍ਰਾਫ਼ੀ। ਜੋ ਸਾਨੂੰ ਦੱਸ ਸਕਦੇ ਹਨ ਕਿ ਲਿਵਰ ਵਿੱਚ ਫੈਟ ਜ਼ਿਆਦਾ ਹੈ ਜਾਂ ਫਾਇਬਰੋਸਿਸ ਹੈ।
ਕੁਝ ਲਿਵਰ ਫੰਕਸ਼ਨ ਟੈਸਟ ਹਨ- ਜਿਸ ਵਿੱਚ ਐੱਸਜੀਓਟੀ, ਐੱਸਜੀਪੀਟੀ ਕਈ ਵਾਰ ਹਾਈ ਹੁੰਦੇ ਹਨ। ਇੱਕ ਹੋਰ ਬੜਾ ਚੰਗਾ ਗਾਈਡੈਂਸ ਹੈ- ਜਿਸ ਨੂੰ ਫਿਬ-ਫੌਰ ਕਿਹਾ ਜਾਂਦਾ ਹੈ। ਉਸ ਲਈ ਕੋਈ ਵੱਖਰਾ ਟੈਸਟ ਨਹੀਂ ਕਰਨਾ ਪੈਂਦਾ, ਉਸ ਵਿੱਚ ਉਮਰ, ਐੱਸਜੀਓਟੀ, ਐੱਸਜੀਪੀਟੀ ਤੇ ਪਲੇਟਲੇਟਸ ਨੂੰ ਕੈਲਕੁਲੇਟ ਕੀਤਾ ਜਾਂਦਾ ਹੈ। ਜੇ ਸਾਨੂੰ ਉੱਥੇ ਸ਼ੱਕ ਪੈ ਜਾਵੇ ਕਿ ਇਹ ਸਕੋਰ ਤੋਂ ਵੱਧ ਹੈ ਤਾਂ ਫਿਰ ਬਾਕੀ ਟੈਸਟ ਕਰਵਾਏ ਜਾਂਦੇ ਹਨ।
ਸਵਾਲ- ਫੈਟੀ ਲਿਵਰ ਨੂੰ ਠੀਕ ਕਰਨ ਦਾ ਸਭ ਤੋਂ ਚੰਗਾ ਤਰੀਕਾ ਕੀ ਹੈ?
ਜਵਾਬ- ਸਭ ਤੋਂ ਪਹਿਲਾਂ ਤਾਂ ਇਹ ਦੇਖੋ ਕਿ ਇਸ ਤੋਂ ਬਚਿਆ ਕਿਵੇਂ ਜਾਵੇ, ਫੈਟੀ ਲਿਵਰ ਤੋਂ ਬਚਣ ਦਾ ਸਭ ਤੋਂ ਚੰਗਾ ਤਰੀਕਾ ਹੈ ਆਪਣੀ ਜੀਵਨ-ਸ਼ੈਲੀ ਵਿੱਚ ਸੁਧਾਰ ਕਰਨਾ। ਜਿਸ ਵਿੱਚ ਡਾਈਟ ਤੇ ਕਸਰਤ ਅਹਿਮ ਰੋਲ ਅਦਾ ਕਰਦੀਆਂਲ ਹਨ। ਇਸ ਤੋਂ ਇਲਾਵਾ ਸ਼ਰਾਬ ਇਸਦੇ ਲਈ ਬੇਹੱਦ ਨੁਕਸਾਨਦਾਇਕ ਹੈ।
ਜੇਕਰ ਕਿਸੇ ਨੂੰ ਫੈਟੀ ਲਿਵਰ ਹੋ ਜਾਵੇ ਤਾਂ ਉਸ ਨੂੰ ਠੀਕ ਕਰਨ ਲਈ ਕਸਰਤ ਬਹੁਤ ਜ਼ਰੂਰੀ ਹੈ। ਦੂਜਾ ਖਾਣ-ਪੀਣ ਦੀਆਂ ਆਦਤਾਂ ਵਿੱਚ ਸੁਧਾਰ ਕਰਨਾ ਬਹੁਤ ਅਹਿਮ ਹੈ। ਖਾਣੇ ਵਿੱਚ ਬਹੁਤ ਜ਼ਿਆਦਾ ਸੈਚੂਰੇਟਡ ਫੈਟ ਨਹੀਂ ਲੈਣਾ ਚਾਹੀਦਾ, ਪ੍ਰੋਟੀਨ ਨੂੰ ਵਧਾਉਣਾ ਚਾਹੀਦਾ ਹੈ ਤੇ ਕਾਰਬੋਹਾਈਡ੍ਰੇਟਸ ਘੱਟ ਹੋਣੇ ਚਾਹੀਦੇ ਹਨ।
ਖਾਣੇ ਵਿੱਚ ਮਿੱਠੀਆਂ ਚੀਜ਼ਾਂ, ਮਿੱਠੀਆਂ ਡ੍ਰਿੰਕਸ ਜਿਵੇਂ ਕੋਲਡਰਿੰਕ ਵਗੈਰਾ ਨਹੀਂ ਲੈਣੀ ਚਾਹੀਦੀ। ਚਾਕਲੇਟ ਵੀ ਵਧੇਰੇ ਖਾਣਾ ਨਾਲ ਨੁਕਸਾਨ ਹੁੰਦਾ ਹੈ। ਖਾਣੇ ਵਿੱਚ ਰੋਜ਼ਾਨਾ ਹਰੀਆਂ ਸਬਜ਼ੀਆਂ ਤੇ ਫਲ ਸ਼ਾਮਲ ਕਰਨੇ ਚਾਹੀਦੇ ਹਨ। ਇਸ ਤੋਂ ਇਲਾਵਾ ਇੱਕ ਵਾਰ ਜੇਕਰ ਫੈਟੀ ਲਿਵਰ ਹੋ ਜਾਵੇ ਤਾਂ ਥੋੜ੍ਹੀ ਜਿਹੀ ਸ਼ਰਾਬ ਵੀ ਸਰੀਰ ਨੂੰ ਵੱਡਾ ਨੁਕਸਾਨ ਕਰ ਸਕਦੀ ਹੈ।
ਮੈਂ ਬੜੇ ਜ਼ੋਰ ਨਾਲ ਕਹਾਂਗਾ ਕਿ ਜੇਕਰ ਕਿਸੇ ਨੂੰ ਫੈਟੀ ਲਿਵਰ ਹੋ ਜਾਵੇ ਤਾਂ ਉਸ ਨੂੰ ਬਿਲਕੁਲ ਵੀ ਸ਼ਰਾਬ ਨਹੀਂ ਪੀਣੀ ਚਾਹੀਦੀ।

ਤਸਵੀਰ ਸਰੋਤ, Getty Images
ਸਵਾਲ- ਫੈਟੀ ਲਿਵਰ ਵਾਲੇ ਸ਼ਖ਼ਸ ਨੂੰ ਡਾਕਟਰ ਕੋਲ ਜਾ ਕੇ ਇਲਾਜ ਕਰਵਾਉਣ ਦੀ ਲੋੜ ਪੈਂਦੀ ਹੈ ਜਾਂ ਘਰ ਵਿੱਚ ਵੀ ਇਲਾਜ ਕੀਤਾ ਜਾ ਸਕਦਾ ਹੈ?
ਜਵਾਬ- ਡਾਕਟਰ ਨਾਲ ਸੰਪਰਕ ਕਰਨਾ ਇਸ ਲਈ ਜ਼ਰੂਰੀ ਹੈ ਕਿ ਇਹ ਪਤਾ ਕੀਤਾ ਜਾਵੇ ਕਿ ਲਿਵਰ ਵਿੱਚ ਕਿੰਨਾ ਡੈਮੇਜ ਹੈ। ਫਿਰ ਉਸ ਹਿਸਾਬ ਨਾਲ ਉਸਦਾ ਇਲਾਜ ਕੀਤਾ ਜਾਵੇ। ਕਈ ਵਾਰ ਸਟਿਫਨੈੱਸ ਜਾਂ ਫਾਇਬਰੋਸਿਸ ਦੀ ਸਮੱਸਿਆ ਹੁੰਦੀ ਹੈ ਤਾਂ ਉਸ ਵਿੱਚ ਪਰਮਾਨੈਂਟ ਲਿਵਰ ਡੈਮੇਜ ਦਾ ਵੀ ਖਦਸ਼ਾ ਹੁੰਦਾ ਹੈ।
ਪਰ ਜੇਕਰ ਕੋਈ ਅਜਿਹੀ ਸਮੱਸਿਆ ਨਹੀਂ, ਸਿਰਫ਼ ਲਿਵਰ ਵਿੱਚ ਫੈਟ ਹੈ। ਤਾਂ ਜੀਵਨਸ਼ੈਲੀ ਵਿੱਚ ਬਦਲਾਅ ਕਰਕੇ ਵੀ ਇਸ ਨੂੰ ਠੀਕ ਕੀਤਾ ਜਾ ਸਕਦਾ ਹੈ। ਉਸਦੇ ਲਈ ਰੋਜ਼ਾਨਾ ਕਸਰਤ, ਸ਼ਰਾਬ ਦਾ ਸੇਵਨ ਬਿਲਕੁਲ ਵੀ ਨਾ ਕਰਨਾ ਤੇ ਡਾਈਟ ਵਿੱਚ ਕੰਟਰੋਲ ਕਰਨਾ ਸ਼ਾਮਲ ਹਨ।
ਹਫ਼ਤੇ ਦੇ ਵਿੱਚ 5 ਦਿਨ 45 ਮਿੰਟ ਤੋਂ 1 ਘੰਟੇ ਤੱਕ ਕਸਰਤ ਕਰਨੀ ਚੰਗੀ ਹੁੰਦੀ ਹੈ। ਇਸ ਲਈ ਤੁਸੀਂ ਬ੍ਰਿਸਕ ਵਾਕ ਕਰ ਸਕਦੇ ਹੋ ਤੇ ਇਸਦਾ ਸਭ ਤੋਂ ਸਹੀ ਤਰੀਕਾ ਹੈ ਕਿ ਤੁਸੀਂ 10 ਮਿੰਟ ਦੇ ਵਿੱਚ 1 ਕਿਲੋਮੀਟਰ ਸੈਰ ਕਰੋ। ਜੇਕਰ ਤੁਸੀਂ ਰੋਜ਼ਾਨਾ 6 ਕਿਲੋਮੀਟਰ ਤੱਕ ਸੈਰ ਕਰਦੇ ਹੋ ਤਾਂ ਇਹ ਤੁਹਾਡੇ ਲਈ ਬਹੁਤ ਹੀ ਵਧੀਆ ਹੈ।

ਸਵਾਲ- ਡਾਇਬਟੀਜ਼ ਤੇ ਫੈਟੀ ਲਿਵਰ ਦਾ ਆਪਸ ਵਿੱਚ ਕਿੰਨਾ ਲਿੰਕ ਹੈ?
ਜਵਾਬ- ਦੋਵਾਂ ਦਾ ਆਪਸ ਦੇ ਵਿੱਚ ਬਹੁਤ ਵੱਡਾ ਲਿੰਕ ਹੈ। ਡਾਇਬਟੀਜ਼ ਦੇ ਮਰੀਜ਼ ਨੂੰ ਫੈਟੀ ਲਿਵਰ ਹੋਣ ਦਾ ਖ਼ਤਰਾ ਬਹੁਤ ਜ਼ਿਆਦਾ ਹੈ। ਜੇਕਰ ਕਿਸੇ ਡਾਇਬਟੀਜ਼ ਦੇ ਮਰੀਜ਼ ਨੂੰ ਫੈਟੀ ਲਿਵਰ ਹੁੰਦਾ ਤਾਂ ਸਭ ਤੋਂ ਪਹਿਲਾਂ ਉਸਦੀ ਡਾਇਬਟੀਜ਼ ਨੂੰ ਕੰਟਰੋਲ ਵਿੱਚ ਕਰਨਾ ਜ਼ਰੂਰੀ ਹੈ।
ਅਸੀਂ ਜਦੋਂ ਇਹ ਕਹਿੰਦੇ ਹਾਂ ਕਿ ਹਿੰਦੁਸਤਾਨ ਡਾਇਬਟੀਜ਼ ਦੀ ਵਰਲਡ ਕੈਪੀਟਲ ਹੈ, ਹੁਣ ਅਸੀਂ ਕਹਿੰਦੇ ਹਾਂ ਕਿ ਫੈਟੀ ਲਿਵਰ ਦੀ ਵਰਲਡ ਕੈਪੀਟਲ ਹੈ। ਹਾਲ ਹੀ ਵਿੱਚ ਲੈਂਸੇਟ ਜਨਰਲ ਵਿੱਚ ਇੱਕ ਸਟੱਡੀ ਛਪੀ ਸੀ ਜਿਸ ਵਿੱਚ ਡਾਇਬਟੀਜ਼ ਮਰੀਜ਼ਾਂ ਦਾ ਫਾਈਬਰੋ ਸਕੈਨ ਕੀਤਾ ਗਿਆ ਸੀ। ਉਸ ਵਿੱਚ ਬਹੁਤ ਡਰਾਉਣ ਵਾਲੇ ਅੰਕੜੇ ਸਾਹਮਣੇ ਆਏ ਸਨ ਕਿ ਡਾਇਬਟੀਜ਼ ਦੇ 60 ਤੋਂ 70 ਫ਼ੀਸਦ ਮਰੀਜ਼ ਫੈਟੀ ਲਿਵਰ ਨਾਲ ਵੀ ਪੀੜਤ ਹਨ।

ਤਸਵੀਰ ਸਰੋਤ, Getty Images
ਸਵਾਲ- ਕੀ ਬਲੈਕ ਕੌਫੀ ਫੈਟੀ ਲਿਵਰ ਨੂੰ ਘੱਟ ਕਰਦੀ ਹੈ, ਇਸ ਬਾਰੇ ਦੱਸੋ?
ਜਵਾਬ- ਇਸ ਗੱਲ ਦੇ ਕਈ ਸਬੂਤ ਹਨ ਕਿ ਬਲੈਕ ਕੌਫ਼ੀ ਪੀਣ ਦੇ ਕਈ ਫਾਇਦੇ ਹਨ ਤੇ ਨਾਲ ਹੀ ਇਹ ਫੈਟੀ ਲਿਵਰ ਨੂੰ ਠੀਕ ਕਰਨ ਵਿੱਚ ਵੀ ਮਦਦ ਕਰਦੀ ਹੈ। ਪਰ ਦਿਨ ਵਿੱਚ ਵੱਧ ਤੋਂ ਵੱਧ 2 ਕੱਪ ਲੈਣਾ ਹੀ ਸਹੀ ਹੈ, ਨਹੀਂ ਤਾਂ ਵਾਧੂ ਕੌਫੀ ਸਰੀਰ ਨੂੰ ਨੁਕਸਾਨ ਵੀ ਕਰ ਸਕਦੀ ਹੈ।
ਮੰਨੇ-ਪ੍ਰਮੰਨੇ ਹੈਪੇਟੋਲੋਜਿਸਟ ਡਾ. ਸੰਜੀਵ ਚੋਪੜਾ ਨੇ ਇਸ ਬਾਰੇ ਕਿਤਾਬ ਵੀ ਲਿਖੀ ਹੈ, ਜਿਸ ਵਿੱਚ ਕੌਫੀ ਦੇ ਲਿਵਰ ਲਈ ਫਾਇਦਿਆਂ ਉੱਤੇ ਕਾਫ਼ੀ ਜ਼ੋਰ ਵੀ ਦਿੱਤਾ ਗਿਆ ਹੈ।
ਸਵਾਲ- ਜੇਕਰ ਕਿਸੇ ਦਾ ਫੈਟੀ ਲਿਵਰ ਹੈ, ਤਾਂ ਉਸਦਾ ਹਾਰਟ ਉੱਤੇ ਕੀ ਅਸਰ ਹੁੰਦਾ ਹੈ, ਕੀ ਹਾਰਟ ਅਟੈਕ ਦਾ ਖ਼ਤਰਾ ਵਧ ਜਾਂਦਾ ਹੈ?
ਜਵਾਬ- ਕਿਉਂਕਿ ਇਹ ਮੈਟਾਬੋਲਿਕ ਸਿਡਰੋਮ ਦਾ ਹਿੱਸਾ ਹੈ, ਇਸ ਨਾਲ ਬਲੱਡ ਪ੍ਰੈਸ਼ਰ, ਕੋਲੇਸਟ੍ਰੋਲ, ਲਿਪਿਡਸ ਤੇ ਫੈਟੀ ਲਿਵਰ ਜੁੜੇ ਹਨ। ਇਨ੍ਹਾਂ ਬਿਮਾਰੀਆਂ ਵਾਲੇ ਮਰੀਜ਼ਾਂ ਵਿੱਚ ਮੌਤ ਦਾ ਕਾਰਨ ਸਭ ਤੋਂ ਵੱਧ ਹਾਰਟ ਡਿਜ਼ੀਜ਼ ਹੈ। ਅਜਿਹੇ ਮਰੀਜ਼ਾਂ ਨੂੰ ਕੈਂਸਰ ਵੀ ਵਧੇਰੇ ਹੁੰਦਾ ਹੈ।
ਜਿਨ੍ਹਾਂ ਨੂੰ ਅਸੀਂ ਫੈਟੀ ਲਿਵਰ ਅਜਿਹੀ ਸਟੇਜ 'ਤੇ ਲੱਭਦੇ ਹਾਂ, ਜਿਸ ਵਿੱਚ ਲਿਵਰ ਡਿਜ਼ੀਜ਼ ਵੱਧ ਚੁਕੀ ਹੁੰਦੀ ਹੈ ਉਨ੍ਹਾਂ ਵਿੱਚ ਅਸੀਂ ਸੋਚਦੇ ਹਾਂ ਕਿ ਮੋਰਟੈਲਿਟੀ ਲਿਵਰ ਕਰਕੇ ਜ਼ਿਆਦਾ ਹੁੰਦੀ ਹੈ, ਪਰ ਕੁੱਲ ਮਿਲਾ ਕੇ ਕਾਰਡੀਐਕ ਰਿਸਕ ਵੀ ਵਧਦਾ ਹੈ।
ਇਸੇ ਲਈ ਅਸੀਂ ਬੜੇ ਜ਼ੋਰ ਨਾਲ ਕਹਿੰਦੇ ਹਾਂ ਕਿ ਜਿਸ ਲਿਵਰ ਵਾਲੇ ਮਰੀਜ਼ ਨੂੰ ਡਾਇਬਟੀਜ਼ ਵੀ ਹੁੰਦੀ ਹੈ, ਉਸਦੇ ਹਰ ਤਰ੍ਹਾਂ ਦੇ ਟੈਸਟ ਕਰਨੇ ਲਾਜ਼ਮੀ ਹੁੰਦੇ ਹਨ, ਜਿਸ ਵਿੱਚ ਹਾਰਟ ਦਾ ਟੈਸਟ ਵੀ ਹੁੰਦਾ ਹੈ।

ਤਸਵੀਰ ਸਰੋਤ, Getty Images
ਸਵਾਲ- ਲਿਵਰ ਦਾ ਕੈਂਸਰ ਕਿਉਂ ਹੁੰਦਾ ਹੈ ਤੇ ਉਸਦਾ ਇਲਾਜ ਕੀ ਹੈ?
ਜਵਾਬ- ਲਿਵਰ ਦੇ ਕੈਂਸਰ ਦੇ ਜੋ ਮੁੱਖ ਕਾਰਨ ਹਨ- ਉਨ੍ਹਾਂ ਵਿੱਚ ਹੈਪੇਟਾਈਟਸ ਬੀ ਅਤੇ ਸੀ ਵਾਇਰਸ ਹਨ, ਜੋ ਲਿਵਰ ਸੀਰੋਸਿਸ ਕਰਦੇ ਹਨ। ਹਾਲਾਂਕਿ ਜਿਨ੍ਹਾਂ ਵਿੱਚ ਲੰਬੇ ਅਰਸੇ ਤੋਂ ਵਾਇਰਸ ਚੱਲ ਰਿਹਾ ਹੋਵੇ ਉਨ੍ਹਾਂ ਨੰ ਬਿਨ੍ਹਾਂ ਸੀਰੋਸਿਸ ਤੋਂ ਵੀ ਕੈਂਸਰ ਹੋ ਜਾਂਦਾ ਹੈ ਪਰ ਮੁੱਖ ਕਾਰਨ ਲਿਵਰ ਸਿਰੋਸਿਸ ਹੈ ਭਾਵੇਂ ਉਹ ਕਿਸੇ ਵੀ ਕਾਰਨ ਹੋਵੇ- ਹੈਪੇਟਾਈਟਸ ਬੀ, ਸੀ ਜਾਂ ਫਿਰ ਫੈਟੀ ਲਿਵਰ।
ਪਿਛਲੇ 10 ਸਾਲਾਂ ਵਿੱਚ ਲਿਵਰ ਕੈਂਸਰ ਦਾ ਇਲਾਜ ਬਹੁਤ ਐਡਵਾਂਸ ਹੋ ਗਿਆ ਹੈ, ਇਸ ਵਿੱਚ 2 ਮੁੱਖ ਫੈਕਟਰ ਦੇਖੇ ਜਾਂਦੇ ਹਨ ਕਿ ਅੰਡਰਲਾਈਂਗ ਸਿਰੋਸਿਸ ਹੈ ਜਾਂ ਨਹੀਂ, ਜੋ ਕਿ ਬਹੁਤੇ ਲੋਕਾਂ ਵਿੱਚ ਹੁੰਦਾ ਹੈ। ਦੂਜਾ ਇਹ ਕਿ ਕੈਂਸਰ ਦੀ ਸਟੇਜ ਕੀ ਹੈ?
ਜੇਕਰ ਉਹ ਲਿਵਰ ਦੇ ਵਿੱਚ ਹੀ ਹੈ, ਬਾਹਰ ਕਿਤੇ ਫੈਲਿਆ ਨਹੀਂ ਹੋਇਆ ਤੇ ਅਸੀਂ ਉਸਦੇ ਸਾਈਜ਼ ਦੇ ਹਿਸਾਬ ਨਾਲ ਉਸਦਾ ਮੁਆਇਨਾ ਕਰਦੇ ਹਾਂ। ਨਾਲ ਹੀ ਇਹ ਦੇਖਦੇ ਹਾਂ ਕਿ ਖੂਨ ਦੀਆਂ ਨਾਲੀਆਂ ਨਾਲ ਉਸਦਾ ਜੁੜਾਅ ਤਾਂ ਨਹੀਂ ਹੈ।
ਤਾਂ ਲਿਵਰ ਟਰਾਂਸਪਲਾਂਟ ਸਭ ਤੋਂ ਚੰਗਾ ਇਲਾਜ ਹੈ। ਕੁਝ ਮਰੀਜ਼ ਅਜਿਹੇ ਹੁੰਦੇ ਹਨ, ਜਿਨ੍ਹਾਂ ਦਾ ਅਸੀਂ ਸਿਰਫ਼ ਪ੍ਰਭਾਵਿਤ ਹਿੱਸਾ ਸਰਜਰੀ ਕਰਕੇ ਕੱਢ ਸਕਦੇ ਹਾਂ ਪਰ ਜੇਕਰ ਸਿਰੋਟਿਕ ਫੰਕਸ਼ਨ ਜ਼ਿਆਦਾ ਖ਼ਰਾਬ ਹੋਵੇ ਤਾਂ ਲਿਵਰ ਟਰਾਂਸਪਲਾਂਟ ਸਭ ਤੋਂ ਚੰਗਾ ਇਲਾਜ ਹੈ ਤੇ ਇਸਦੇ ਨਤੀਜੇ ਵੀ ਬਹੁਤ ਚੰਗੇ ਆਉਂਦੇ ਹਨ। ਪਰ ਸਮੱਸਿਆ ਇਹ ਹੈ ਕਿ ਲਿਵਰ ਕੈਂਸਰ ਦੇ ਜ਼ਿਆਦਾਤਰ ਮਰੀਜ਼ ਉਦੋਂ ਹੀ ਆਉਂਦੇ ਹਨ ਜਦੋਂ ਸਟੇਜ ਐਡਵਾਂਸ ਹੋ ਜਾਵੇ, ਆਲੇ-ਦੁਆਲੇ ਦੀਆਂ ਖ਼ੂਨ ਦੀਆਂ ਨਾਲੀਆਂ ਵਿੱਚ ਆ ਗਿਆ ਹੋਵੇ ਜਾਂ ਫਿਰ ਸਰੀਰ ਦੇ ਕਿਸੇ ਹੋਰ ਹਿੱਸੇ ਵਿੱਚ। ਉੱਥੇ ਸਮੱਸਿਆ ਆਉਂਦੀ ਹੈ।
ਸਵਾਲ- ਲਿਵਰ ਕੈਂਸਰ ਦੇ ਇਲਾਜ ਉੱਤੇ ਖਰਚਾ ਕਿੰਨਾ ਆਉਂਦਾ ਹੈ?
ਜਵਾਬ- ਲਿਵਰ ਕੈਂਸਰ ਦੇ ਇਲਾਜ ਦਾ ਖਰਚਾ ਲਿਵਰ ਕੈਂਸਰ ਦੀ ਸਟੇਜ ਉੱਤੇ ਨਿਰਭਰ ਕਰਦਾ ਹੈ। ਪਰ ਲਿਵਰ ਟਰਾਂਸਪਲਾਂਟ ਜੇਕਰ ਕਿਸੇ ਦਾ ਕਰਨਾ ਪਵੇ, ਤਾਂ ਉਸ ਉੱਤੇ ਵੱਡਾ ਖਰਚਾ ਆਉਂਦਾ ਹੈ। 18-20 ਲੱਖ ਤੋਂ ਲੈ ਕੇ 30-40 ਲੱਖ ਤੱਕ ਖਰਚਾ ਆਉਂਦਾ ਹੈ।
ਸਵਾਲ- ਕਿਹੜੇ ਕਾਰਨਾਂ ਕਰਕੇ ਕਿਸੇ ਸ਼ਖ਼ਸ ਦਾ ਲਿਵਰ ਡੈਮੇਜ ਹੁੰਦਾ ਹੈ?
ਜਵਾਬ- ਲਿਵਰ ਡੈਮੇਜ ਦਾ ਮੁੱਖ ਕਾਰਨ ਸ਼ਰਾਬ ਹੈ, 4 ਮੁੱਖ ਵਾਇਰਸ ਹਨ, ਏ,ਬੀ,ਸੀ ਤੇ ਈ। ਏ ਅਤੇ ਈ ਲੰਬੇ ਅਰਸੇ ਲਈ ਲਿਵਰ ਨੂੰ ਡੈਮੇਜ ਨਹੀਂ ਕਰਦੇ ਪਰ ਹੈਪੇਟਾਈਟਸ ਬੀ ਤੇ ਸੀ ਲੰਬੇ ਸਮੇਂ ਤੱਕ ਸਰੀਰ ਨੂੰ ਨੁਕਸਾਨ ਕਰਦੇ ਹਨ।
ਕਿਸਮਤ ਨਾਲ 10 ਸਾਲ ਪਹਿਲਾਂ ਸਾਡੇ ਕੋਲ ਅਜਿਹੀਆਂ ਦਵਾਈਆਂ ਆ ਗਈਆਂ, ਜੋ ਅਸੀਂ ਮਰੀਜ਼ਾਂ ਨੂੰ 3 ਮਹੀਨੇ ਤੱਕ ਦਿੰਦੇ ਹਾਂ ਜਿਸ ਨਾਲ 90 ਫੀਸਦ ਤੋਂ ਵੱਧ ਮਰੀਜ਼ਾਂ ਦੇ ਸਰੀਰ ਵਿੱਚੋਂ ਹੈਪੇਟਾਈਟਸ-ਸੀ ਬਿਲਕੁਲ ਖ਼ਤਮ ਹੋ ਜਾਂਦਾ ਹੈ। ਅਸੀਂ ਖ਼ੁਦ ਵੀ ਬਦਲਾਅ ਦੇਖੀਏ ਤਾਂ ਸੀ-ਵਾਇਰਸ ਦੇ ਮਾਮਲੇ ਬਹੁਤ ਘੱਟ ਗਏ ਹਨ। ਬੀ-ਵਾਇਰਸ ਦੀ ਵੈਕਸੀਨ ਬਹੁਤ ਚੰਗੀ ਹੈ ਇਸ ਲਈ ਸਰਕਾਰ ਵੀ ਸੁਝਾਅ ਦਿੰਦੀ ਹੈ ਕਿ ਸਾਰੇ ਨਵਜੰਮੇ ਬੱਚਿਆਂ ਨੂੰ ਵੈਕਸੀਨ ਦਿੱਤੀ ਜਾਵੇ। ਤੇ ਜਿਨ੍ਹਾਂ ਨੂੰ ਬੀ-ਵਾਇਰਸ ਹੋ ਗਿਆ ਹੈ ਉਨ੍ਹਾਂ ਲਈ ਵੀ ਦਵਾਈਆਂ ਬਹੁਤ ਚੰਗੀਆਂ ਹਨ।

ਤਸਵੀਰ ਸਰੋਤ, Getty Images
ਸਵਾਲ- ਲਿਵਰ ਸਾਡੇ ਸਰੀਰ ਵਿੱਚ ਕੰਮ ਕੀ ਕਰਦਾ ਹੈ?
ਜਵਾਬ- ਲਿਵਰ ਸਾਡੇ ਸਰੀਰ ਦਾ ਇਕਲੌਤਾ ਅੰਗ ਹੈ, ਜਿਵੇਂ ਸਾਡੇ ਕੋਲ ਗੁਰਦੇ ਦੋ ਹਨ, ਫੇਫੜੇ ਦੋ ਹਨ। ਇੱਕ ਖ਼ਰਾਬ ਵੀ ਹੋ ਜਾਵੇ ਤਾਂ ਕੰਮ ਚੱਲ ਜਾਂਦਾ ਹੈ ਪਰ ਜੇਕਰ ਲਿਵਰ ਖਰਾਬ ਹੋ ਜਾਵੇ ਤਾਂ ਕਈ ਸਰੀਰਕ ਦਿੱਕਤਾਂ ਆਉਣਗੀਆਂ।
ਲਿਵਰ ਸਰੀਰ ਵਿੱਚ ਕਈ ਕੰਮ ਕਰਦਾ ਹੈ- ਇਹ ਸਰੀਰ ਦੀ ਊਰਜਾ ਦਾ ਬਹੁਤ ਵੱਡਾ ਸਟੋਰੇਜ ਹਾਊਸ ਹੈ। ਸਾਡੀ ਗਲੂਕੋਜ਼ ਸਟੋਰੇਜ ਲਿਵਰ ਦੇ ਵਿੱਚ ਹੁੰਦੀ ਹੈ। ਲਿਵਰ ਸਰੀਰ ਦੇ ਵਿੱਚ ਇੱਕ ਫੈਕਟਰੀ ਵਾਂਗ ਕੰਮ ਕਰਦਾ ਹੈ ਜੋ ਬਹੁਤ ਸਾਰੀਆਂ ਚੀਜ਼ਾਂ ਦੀ ਮੈਨੁਫੈਕਚਰਿੰਗ ਕਰਦਾ ਹੈ। ਇੱਥੋਂ ਤੱਕ ਕਿ ਸਾਡੇ ਸਰੀਰ ਦੇ ਵੇਸਟ ਨੂੰ ਵੀ ਬਾਹਰ ਕੱਢਣ ਵਿੱਚ ਮਦਦ ਕਰਦਾ ਹੈ।
ਸਵਾਲ- ਜੇਕਰ ਲੋਕਾਂ ਨੇ ਆਪਣਾ ਲਿਵਰ ਠੀਕ ਰੱਖਣਾ ਹੈ, ਤਾਂ ਜੀਵਨਸ਼ੈਲੀ ਵਿੱਚ ਕਿਸ ਤਰ੍ਹਾਂ ਦੇ ਬਦਲਾਅ ਕਰਨ ਦੀ ਲੋੜ ਹੈ?
ਜਵਾਬ- ਲਿਵਰ ਨਾਲ ਜੁੜੀਆਂ ਬਿਮਾਰੀਆਂ ਤੋਂ ਬਚਣ ਲਈ ਸਭ ਤੋਂ ਜ਼ਰੂਰੀ ਹੈ ਲਾਈਫਸਟਾਈਲ। ਇਸ ਲਈ ਜ਼ਰੂਰੀ ਹੈ ਕਸਰਤ ਕਰਨਾ, ਸ਼ਰਾਬ ਤੋਂ ਦੂਰ ਰਹਿਣਾ, ਕਿਸੇ ਵੀ ਨਸ਼ੇ ਤੋਂ ਦੂਰ ਰਹਿਣਾ ਕਿਉਂਕਿ ਇਹ ਦੇਖਿਆ ਗਿਆ ਹੈ ਕਿ ਨਸ਼ਾ ਕਰਨ ਵਾਲਿਆਂ ਵਿੱਚ ਹੈਪੇਟਾਈਟਸ ਵਾਇਰਸ ਛੇਤੀ ਦਾਖ਼ਲ ਹੁੰਦੇ ਹਨ।
ਫ੍ਰਾਈਡ ਤੇ ਜੰਕ ਫੂਡ ਨਹੀਂ ਖਾਣਾ ਚਾਹੀਦਾ, ਸੰਤੁਲਿਤ ਭੋਜਨ ਤੇ ਸਮੇਂ ਸਿਰ ਖਾਣਾ ਬੇਹੱਦ ਜ਼ਰੂਰੀ ਹੈ।
ਸਿਹਤ ਸੀਕ੍ਰੇਟਸ ਬੀਬੀਸੀ ਪੰਜਾਬੀ ਵੱਲੋਂ ਚਲਾਇਆ ਜਾ ਰਿਹਾ ਇੱਕ ਅਜਿਹਾ ਹੈਲਥ ਪੌਡਕਾਸਟ ਹੈ, ਜਿੱਥੇ ਤੁਹਾਨੂੰ ਮਰਦਾਂ, ਔਰਤਾਂ ਤੇ ਬੱਚਿਆਂ ਦੀ ਸਿਹਤ ਨਾਲ ਜੁੜੀ ਅਹਿਮ ਜਾਣਕਾਰੀ ਮਿਲੇਗੀ।
ਬੀਬੀਸੀ ਲਈ ਕਲੈਕਟਿਵ ਨਿਊਜ਼ਰੂਮ ਵੱਲੋਂ ਪ੍ਰਕਾਸ਼ਿਤ





















