'ਇਹ ਚਿੜੀਆਂ ਨਹੀਂ, ਮੇਰੀਆਂ ਧੀਆਂ ਹਨ', ਮੋਗਾ ਦੀ ਹਰਪ੍ਰੀਤ ਕੌਰ ਨੇ ਸੈਂਕੜੇ ਚਿੜੀਆਂ ਨੂੰ ਦਿੱਤਾ ਆਪਣਾ ਘਰ

- ਲੇਖਕ, ਨਵਜੋਤ ਕੌਰ
- ਰੋਲ, ਬੀਬੀਸੀ ਪੱਤਰਕਾਰ
- ਪ੍ਰਕਾਸ਼ਿਤ
- ਪੜ੍ਹਨ ਦਾ ਸਮਾਂ: 7 ਮਿੰਟ
"ਇਹ ਚਿੜੀਆਂ ਨਹੀਂ, ਮੇਰੀਆਂ ਧੀਆਂ ਹਨ। ਮੈਂ ਆਪਣੇ ਸਾਰੇ ਦੁੱਖ ਇਹਨਾਂ ਕੋਲ ਫਰੋਲਦੀ ਹਾਂ। ਇਹ ਮੈਨੂੰ ਕਦੇ ਇਕੱਲਾ ਨਹੀਂ ਮਹਿਸੂਸ ਹੋਣ ਦਿੰਦੀਆਂ।"
ਇਹ ਸ਼ਬਦ ਮੋਗਾ ਦੇ ਪਿੰਡ ਨਿਧਾਂ ਵਾਲਾ ਦੇ ਰਹਿਣ ਵਾਲੇ ਹਰਪ੍ਰੀਤ ਕੌਰ ਦੇ ਹਨ। ਹਰਪ੍ਰੀਤ ਕੌਰ ਨੇ ਆਪਣੇ ਘਰ ਵਿੱਚ ਸੈਂਕੜੇ ਘਰੇਲੂ ਚਿੜੀਆਂ ਦੇ ਰਹਿਣ ਲਈ ਲੱਕੜ ਅਤੇ ਮਿੱਟੀ ਦੇ ਆਲ੍ਹਣੇ ਲਗਾਏ ਹੋਏ ਹਨ।
ਇਨ੍ਹਾਂ ਆਲ੍ਹਣਿਆਂ ਵਿੱਚ ਡੱਕਿਆਂ ਅਤੇ ਘਾਹ ਦੀ ਮਦਦ ਨਾਲ ਚਿੜੀਆਂ ਆਪਣੇ ਘਰ ਆਪ ਬਣਾਉਂਦੀਆਂ ਹਨ। ਪੂਰੇ ਘਰ ਦੇ ਵੱਖ-ਵੱਖ ਕੋਨਿਆਂ ਵਿੱਚ ਲੱਗੇ ਹਰੇ, ਲਾਲ ਅਤੇ ਪੀਲੇ ਰੰਗ ਦੇ ਆਲ੍ਹਣਿਆਂ ਵਿੱਚ ਚਿੜੀਆਂ ਕਦੇ ਅੰਦਰ ਜਾਂਦੀਆਂ ਹਨ ਅਤੇ ਕਦੇ ਬਾਹਰ ਨਿਕਲਦੀਆਂ ਹਨ।
ਸਾਰਾ ਦਿਨ ਹਰਪ੍ਰੀਤ ਕੌਰ ਦਾ ਘਰ ਚਿੜੀਆਂ ਦੀ ਚੀਂ-ਚੀਂ ਨਾਲ ਗੂੰਜਦਾ ਰਹਿੰਦਾ ਹੈ।
ਉਹ ਕਹਿੰਦੇ ਹਨ, "ਸਵੇਰੇ ਚਾਰ ਵਜੇ ਤੋਂ ਚਿੜੀਆਂ ਦੀ ਚੀਂ-ਚੀਂ ਸ਼ੁਰੂ ਹੋ ਜਾਂਦੀ ਹੈ ਅਤੇ ਸਾਰਾ ਦਿਨ ਇਹ ਇਸੇ ਘਰ ਵਿੱਚ ਰਹਿੰਦੀਆਂ ਹਨ। ਇਨ੍ਹਾਂ ਨੂੰ ਸਮੇਂ ਸਿਰ ਖਾਣਾ, ਪਾਣੀ ਮੈਂ ਦਿੰਦੀ ਰਹਿੰਦੀ ਹਾਂ।"
13 ਸਾਲ ਪਹਿਲਾਂ ਚਿੜੀਆਂ ਨੂੰ ਇਓਂ ਪਾਲਣਾ ਸ਼ੁਰੂ ਕੀਤਾ ਸੀ

ਹਰਪ੍ਰੀਤ ਕੌਰ ਮੁਤਾਬਕ ਸਾਲ 2013 ਤੋਂ ਘਰੇਲੂ ਚਿੜੀਆਂ ਦੇ ਰਹਿਣ ਲਈ ਉਹ ਆਪਣੇ ਘਰ ਵਿੱਚ ਆਲ੍ਹਣੇ ਲਗਵਾ ਰਹੇ ਹਨ।
ਉਹ ਦੱਸਦੇ ਹਨ ਕਿ ਪਹਿਲੀ ਵਾਰ ਉਨ੍ਹਾਂ ਨੇ ਚਿੜੀਆਂ ਦੇ ਰਹਿਣ ਲਈ ਗੱਤੇ ਦਾ ਘਰ ਬਣਾਇਆ ਸੀ।
"ਅਸੀਂ ਜਦੋਂ ਪੱਕਾ ਘਰ ਬਣਾਇਆ ਤਾਂ ਇੱਕ ਦਰਵਾਜ਼ੇ ਵਿੱਚ ਬਣਿਆ ਚਿੜੀਆਂ ਦਾ ਆਲ੍ਹਣਾ ਟੁੱਟ ਗਿਆ। ਮੇਰੀਆਂ ਅੱਖਾਂ ਸਾਹਮਣੇ ਚਿੜੀਆਂ ਦਾ ਜੋੜਾ ਬੇਘਰ ਹੋ ਗਿਆ। ਉਦੋਂ ਮੈਂ ਉਨ੍ਹਾਂ ਦੇ ਰਹਿਣ ਲਈ ਇੱਕ ਗੱਤੇ ਦਾ ਘਰ ਬਣਾਇਆ ਸੀ। ਜਿਸ ਵਿੱਚ ਫੇਰ ਉਹ ਜੋੜਾ ਰਹਿਣ ਲੱਗ ਗਿਆ।"
ਉਹ ਦੱਸਦੇ ਹਨ, "ਉਸ ਵੇਲੇ ਮੈਂ ਬਿਮਾਰ ਸੀ। ਬਿਮਾਰੀ ਕਾਰਨ ਮੰਜੇ 'ਤੇ ਪਏ ਰਹਿਣ ਕਾਰਨ ਮੈਂ ਪਰੇਸ਼ਾਨ ਵੀ ਰਹਿੰਦੀ ਸੀ। ਪਰ ਚਿੜੀਆਂ ਨੂੰ ਦੇਖਣਾ ਮੈਨੂੰ ਬੜਾ ਚੰਗਾ ਲੱਗਣਾ। ਇਸ ਲਈ ਮੈਂ ਹੌਲੀ-ਹੌਲੀ ਚਿੜੀਆਂ ਲਈ ਮਿੱਟੀ ਦੇ ਘਰ ਬਣਾਉਣੇ ਸ਼ੁਰੂ ਕਰ ਦਿੱਤੇ।"
"ਘਰਾਂ 'ਚ ਪਈਆਂ ਗੁੱਲਕਾਂ ਨੂੰ ਚਿੜੀਆਂ ਦੇ ਆਲ੍ਹਣੇ ਬਣਾ ਦੇਣਾ। ਹੌਲੀ-ਹੌਲੀ ਚਿੜੀਆਂ ਦੀ ਆਮਦ ਵਧਣ ਲੱਗ ਗਈ।"
ਬਿਮਾਰੀ ਕਾਰਨ ਉਦਾਸ ਰਹਿਣ ਕਾਰਨ ਹਰਪ੍ਰੀਤ ਕੌਰ ਲਈ ਹੁਣ ਇਹ ਚਿੜੀਆਂ ਹੁਣ ਜ਼ਿੰਦਗੀ ਜਿਊਣ ਦਾ ਇੱਕ ਮਕਸਦ ਬਣ ਗਈਆਂ ਹਨ।

ਹਰਪ੍ਰੀਤ ਕਹਿੰਦੇ ਹਨ, "ਹਰ ਸਾਲ ਮੈਂ ਚਿੜੀਆਂ ਲਈ ਨਵੇਂ ਰਹਿਣ ਬਸੇਰੇ ਬਣਾਉਣੇ। ਫਿਰ ਸਾਲ 2022 ਵਿੱਚ ਮੈਂ ਪੰਛੀ ਪ੍ਰੇਮੀ ਬੇਅੰਤ ਸਿੰਘ ਧੌਲਾ ਨਾਲ ਸੰਪਰਕ ਕੀਤਾ ਤਾਂ ਉਨ੍ਹਾਂ ਨੇ ਮੈਨੂੰ ਪੱਕੇ ਲੱਕੜ ਦੇ ਆਲ੍ਹਣੇ ਬਣਾ ਕੇ ਦਿੱਤੇ।"
"ਉਨ੍ਹਾਂ ਖਾਸ ਤੌਰ 'ਤੇ ਪੰਛੀਆਂ ਲਈ ਆਲ੍ਹਣੇ ਤਿਆਰ ਕਰਦੇ ਹਨ। ਹੁਣ ਵੀ ਉਨ੍ਹਾਂ ਵੱਲੋਂ ਬਣਾਏ ਗਏ ਆਲ੍ਹਣੇ ਹੀ ਮੈਂ ਆਪਣੇ ਘਰ ਵਿੱਚ ਲਾਏ ਹੋਏ ਹਨ।"
ਇਸ ਤਰ੍ਹਾਂ ਹੁਣ ਮੇਰੇ ਕੋਲ ਸੈਂਕੜੇ ਚਿੜੀਆਂ ਪੱਕੀਆਂ ਹੀ ਆ ਕੇ ਰਹਿਣ ਲੱਗ ਗਈਆਂ।
ਹਰਪ੍ਰੀਤ ਚਿੜੀਆਂ ਨੂੰ ਬੁਲਾਉਣ ਲਈ ਵੀ ਇੱਕ ਖ਼ਾਸ ਤਰੀਕਾ ਵਰਤਦੇ ਹਨ। ਜਿਵੇਂ ਹੀ ਉਹ ਘਰ ਵਿੱਚ ਇੱਕ ਸੀਟੀ ਮਾਰਦੇ ਹਨ ਤਾਂ ਚਿੜੀਆਂ ਇਕੱਠੀਆਂ ਹੋ ਕੇ ਉਨ੍ਹਾਂ ਕੋਲ ਖਾਣਾ ਲੈਣ ਲਈ ਆ ਜਾਂਦੀਆਂ ਹਨ।
ਹਰਪ੍ਰੀਤ ਕਹਿੰਦੇ ਹਨ ਕਿ ਚਿੜੀਆਂ ਸੀਟੀ ਦੀ ਆਵਾਜ਼ ਨੂੰ ਸਮਝਦੀਆਂ ਹਨ ਅਤੇ ਉਨ੍ਹਾਂ ਨੂੰ ਪਤਾ ਲੱਗ ਜਾਂਦਾ ਹੈ ਕਿ ਹੁਣ ਉਨ੍ਹਾਂ ਨੂੰ ਕੁਝ ਖਾਣ ਲਈ ਮਿਲਣ ਵਾਲਾ ਹੈ।
ਹਰਪ੍ਰੀਤ ਕੌਰ ਨੇ ਆਪਣੇ ਘਰ ਤੋਂ ਇਲਾਵਾ ਪਿੰਡ ਵਿੱਚ ਵੀ ਵੱਖ-ਵੱਖ ਥਾਵਾਂ 'ਤੇ ਆਲ੍ਹਣੇ ਲਗਾਏ ਹਨ। ਉਨ੍ਹਾਂ ਆਲ੍ਹਣਿਆਂ ਵਿੱਚ ਵੀ ਚਿੜੀਆਂ ਆ ਕੇ ਰਹਿੰਦੀਆਂ ਹਨ।
'ਇਕੱਲਾਪਣ ਦੂਰ ਕਰਦੀਆਂ ਚਿੜੀਆਂ'

ਹਰਪ੍ਰੀਤ ਇਨ੍ਹਾਂ ਚਿੜੀਆਂ ਨੂੰ ਆਪਣੀਆਂ ਧੀਆਂ ਮੰਨਦੇ ਹਨ। ਉਹ ਦੱਸਦੇ ਹਨ ਕਿ ਉਨ੍ਹਾਂ ਦਾ ਇੱਕ ਪੁੱਤਰ ਹੀ ਹੈ, ਜਦੋਂ ਕਦੇ ਉਨ੍ਹਾਂ ਨੂੰ ਧੀ ਦੀ ਕਮੀ ਮਹਿਸੂਸ ਹੁੰਦੀ ਤਾਂ ਇਹ ਚਿੜੀਆਂ ਉਸ ਕਮੀ ਨੂੰ ਪੂਰਾ ਕਰ ਦਿੰਦੀਆਂ ਹਨ।
ਉਹ ਕਹਿੰਦੇ ਹਨ, "ਮੈਂ ਤਾਂ ਆਪਣਾ ਸਾਰਾ ਦੁੱਖ ਇਨ੍ਹਾਂ ਨੂੰ ਦੱਸ ਦਿੰਦੀ ਹਾਂ, ਇਹ ਮੇਰੇ ਔਖੇ ਸਮੇਂ ਮੇਰੇ ਨਾਲ ਸਨ। ਮਨੁੱਖਾਂ ਨੂੰ ਦੁੱਖ ਦੱਸਣਾ ਔਖਾ ਪਰ ਇਨ੍ਹਾਂ ਚਿੜੀਆਂ ਨੂੰ ਆਪਣਾ ਦੁੱਖ ਦੱਸ ਕੇ ਮਨ ਹੌਲਾ ਕਰ ਲੈਂਦੀ ਹਾਂ। ਇਹ ਪੰਛੀ ਨਹੀਂ, ਮੇਰਾ ਪਰਿਵਾਰ ਹਨ।"
ਹਰਪ੍ਰੀਤ ਕਹਿੰਦੇ ਹਨ ਕਈ ਸਰੀਰਕ ਸਮੱਸਿਆਵਾਂ ਕਰਕੇ ਉਨ੍ਹਾਂ ਨੂੰ ਕਈ ਵਾਰ ਸਰਜਰੀ ਕਰਵਾਉਣੀ ਪਈ। ਇਸ ਦੌਰਾਨ ਜਦੋਂ ਵੀ ਉਹ ਘਰ ਵਿੱਚ ਅਰਾਮ ਕਰਦੇ ਤਾਂ ਉਨ੍ਹਾਂ ਦੇ ਘਰ 'ਚ ਰਹਿੰਦੀਆਂ ਚਿੜੀਆਂ ਹੀ ਉਨ੍ਹਾਂ ਦਾ ਇਕੱਲਾਪਣ ਦੂਰ ਕਰਦੀਆਂ।
ਜਦੋਂ ਕੋਈ ਚਿੜੀ ਜਾਂ ਚਿੜੀ ਦਾ ਬੱਚਾ ਬਿਮਾਰ ਹੁੰਦਾ ਹੈ ਤਾਂ ਹਰਪ੍ਰੀਤ ਆਪਣੇ ਹੱਥ ਨਾਲ ਉਨ੍ਹਾਂ ਨੂੰ ਦਵਾਈ ਲਗਾਉਂਦੇ ਅਤੇ ਖਾਣਾ ਖਵਾਉਂਦੇ ਹਨ। ਨਵ-ਜੰਮੇ ਚਿੜੀ ਦੇ ਬੱਚਿਆਂ ਨੂੰ ਜਦੋਂ ਪੂਰਾ ਖਾਣਾ ਨਹੀਂ ਮਿਲਦਾ ਤਾਂ ਸਰਿੰਜ ਦੀ ਮਦਦ ਨਾਲ ਹਰਪ੍ਰੀਤ ਹੀ ਉਨ੍ਹਾਂ ਨੂੰ ਖਾਣਾ ਖਵਾਉਂਦੇ ਹਨ।
ਹਰਪ੍ਰੀਤ ਮੁਤਾਬਕ ਚਿੜੀਆਂ ਦੇ ਬੱਚੇ ਉਨ੍ਹਾਂ ਦੇ ਹੱਥ 'ਤੇ ਬੈਠ ਕੇ ਅਰਾਮ ਨਾਲ ਖਾਣਾ ਖਾ ਲੈਂਦੇ ਹਨ।
'ਭਾਰਤ ਵਿੱਚੋਂ ਅਲੋਪ ਹੋ ਰਹੀ ਚਿੜੀ'

ਕੇਂਦਰੀ ਵਾਤਾਵਰਣ, ਜੰਗਲਾਤ ਅਤੇ ਜਲਵਾਯੂ ਪਰਿਵਰਤਨ ਮੰਤਰਾਲੇ ਦੀ ਸਾਲ 2025 ਦੀ ਰਿਪੋਰਟ ਮੁਤਾਬਕ ਭਾਰਤ ਵਿੱਚ ਚਿੜੀਆਂ ਚਿੰਤਾਜਨਕ ਦਰ ਨਾਲ ਅਲੋਪ ਹੋ ਰਹੀਆਂ ਹਨ।
ਜਿਸਦੇ ਕਈ ਕਾਰਨ ਹਨ ਜਿਵੇਂ ਕਿ ਸ਼ਹਿਰੀਕਰਨ, ਆਧੁਨਿਕ ਇਮਾਰਤਾਂ ਵਿੱਚ ਚਿੜੀਆਂ ਨੂੰ ਆਲ੍ਹਣੇ ਬਣਾਉਣ ਲਈ ਲੋੜੀਂਦੀਆਂ ਥਾਵਾਂ ਦੀ ਘਾਟ, ਅਨਲੀਡ ਪੈਟ੍ਰੋਲ ਦੀ ਜ਼ਿਆਦਾ ਵਰਤੋਂ ਨਾਲ ਕੀੜੇ ਮਕੌੜਿਆਂ ਘੱਟਦੀ ਗਿਣਤੀ, ਖੇਤੀਬਾੜੀ ਵਿੱਚ ਕੀਟਨਾਸ਼ਕਾਂ ਦੀ ਵਰਤੋਂ ਜਿਸ ਨਾਲ ਚਿੜੀਆਂ ਦੀ ਭੋਜਨ ਸਪਲਾਈ ਅਤੇ ਰਹਿਣ ਬਸੇਰੇ ਪ੍ਰਭਾਵਿਤ ਹੋਏ ਹਨ।
ਪੰਜਾਬ ਸਮੇਤ ਭਾਰਤ ਵਿਚ ਘਰੇਲੂ ਚਿੜੀਆਂ ਦੀ ਗਿਣਤੀ ਤੇਜ਼ੀ ਨਾਲ ਘੱਟ ਰਹੀ ਹੈ। ਇਸ ਦੇ ਕਈ ਕਾਰਨ ਹਨ।
- ਅਣਲੀਡ ਪੈਟ੍ਰੋਲ: ਅਣਲੀਡ ਪੈਟ੍ਰੋਲ ਜਲਣ ਨਾਲ ਮਿਥਾਇਲ ਨਾਈਟ੍ਰਾਈਟ ਵਰਗੇ ਕੰਪਾਊਂਡ ਬਣਦੇ ਹਨ, ਜੋ ਛੋਟੇ ਕੀੜੇ ਮਕੌੜਿਆਂ ਲਈ ਬਹੁਤ ਜ਼ਹਿਰੀਲਾ ਪਦਾਰਥ ਹੁੰਦਾ ਹੈ। ਕੀੜੇ ਮਕੌੜੇਹੀ ਘਰੇਲੂ ਚਿੜੀਆਂ ਦੇ ਬੱਚਿਆਂ ਲਈ ਭੋਜਨ ਦਾ ਮੁੱਖ ਹਿੱਸਾ ਹੁੰਦੇ ਹਨ।
- ਕੀਟਨਾਸ਼ਕਾਂ ਦੀ ਵਰਤੋਂ: ਖੇਤਾਂ ਵਿਚ ਵੱਧ ਰਸਾਇਣਕ ਛਿੜਕਾਅ ਕਰਨ ਨਾਲ ਕੀੜੇ ਖ਼ਤਮ ਹੋ ਰਹੇ ਹਨ, ਜਿਸ ਕਰਕੇ ਚਿੜੀਆਂ ਨੂੰ ਭੋਜਨ ਘੱਟ ਮਿਲਦਾ ਹੈ।
- ਆਧੁਨਿਕ ਇਮਾਰਤਾਂ: ਚਿੜੀਆਂ ਨੂੰ ਨਵੀਆਂ ਕੰਕਰੀਟ ਇਮਾਰਤਾਂ ਵਿਚ ਆਲ੍ਹਣੇ ਬਣਾਉਣ ਲਈ ਥਾਂ ਨਹੀਂ ਮਿਲ ਰਹੀ। ਘਰਾਂ ਵਿੱਚ ਬਾਗ, ਦਰੱਖਤ ਵੀ ਘੱਟ ਰਹੇ ਹਨ।
- ਹਮਲਾਵਰ ਪੰਛੀ: ਸ਼ਿਕਾਰੀ ਪੰਛੀਆਂ, ਕਾਵਾਂ ਅਤੇ ਬਿੱਲੀਆਂ ਦੀ ਗਿਣਤੀ ਵਧਣ ਕਾਰਨ ਚਿੜੀਆਂ ਉਤੇ ਵੱਧ ਹਮਲੇ ਹੋ ਰਹੇ ਹਨ।
- ਭੋਜਨ ਅਤੇ ਆਲ੍ਹਣੇ ਦੀ ਘਾਟ: ਰਸੋਈ ਬਾਗ਼ ਖਤਮ ਹੋਣ ਅਤੇ ਖੁਲ੍ਹੀਆਂ ਥਾਵਾਂ ਘਟਣ ਨਾਲ ਚਿੜੀਆਂ ਲਈ ਰਹਿਣ ਅਤੇ ਖਾਣ ਦਾ ਮੌਕਾ ਘੱਟ ਗਿਆ ਹੈ।
ਭਾਰਤ ਸਰਕਾਰ ਦੇ ਵਾਤਾਵਰਣ, ਜੰਗਲ ਤੇ ਜਲਵਾਯੂ ਮੰਤਰਾਲਾ ਰਾਹੀਂ ਸਾਂਝੀ ਕੀਤੀ ਜਾਣਕਾਰੀ ਮੁਤਾਬਕ ਮੰਨਿਆ ਜਾਂਦਾ ਹੈ ਕਿ ਇਨ੍ਹਾਂ ਚਿੜੀਆਂ ਦੀ ਉਤਪੱਤੀ ਭੂਮੱਧ ਸਾਗਰੀ ਖੇਤਰ ਵਿੱਚ ਹੋਈ ਸੀ। ਮਨੁੱਖੀ ਸਭਿਅਤਾ ਦੇ ਫੈਲਾਅ ਨਾਲ ਇਹ ਯੂਰਪ ਅਤੇ ਬਾਅਦ ਵਿੱਚ ਅਮਰੀਕਾ, ਆਸਟ੍ਰੇਲੀਆ ਅਤੇ ਅਫਰੀਕਾ ਤੱਕ ਪਹੁੰਚ ਗਈ। ਇਹ ਬੀਜ, ਅਨਾਜ, ਕੀੜੇ-ਮਕੌੜੇ ਅਤੇ ਮਨੁੱਖੀ ਖਾਣੇ ਦੇ ਬਚੇ ਹੋਏ ਟੁਕੜੇ ਖਾਂਦੀ ਹੈ। ਇਸ ਦਾ ਆਕਾਰ ਲਗਭਗ 14 ਤੋਂ 16 ਸੈਂਟੀਮੀਟਰ ਹੁੰਦਾ ਹੈ ਅਤੇ ਇਹ ਜ਼ਿਆਦਾਤਰ ਘਰਾਂ, ਬਗੀਚਿਆਂ ਅਤੇ ਮਨੁੱਖੀ ਵਸੇਬਿਆਂ ਦੇ ਨੇੜੇ ਰਹਿੰਦੀ ਹੈ।
ਇੰਡੀਅਨ ਕ੍ਰੇਨਜ਼ ਐਂਡ ਵੈਟਲੈਂਡਸ ਵਰਕਿੰਗ ਗਰੁੱਪ ਦੇ ਕੇ.ਐੱਸ. ਗੋਪੀ ਸੁੰਦਰ ਕਹਿੰਦੇ ਹਨ ਕਿ ਭਾਵੇਂ ਇਸ ਬਾਰੇ ਕੋਈ ਪੱਕਾ ਸਬੂਤ ਜਾਂ ਵੱਡਾ ਅਧਿਐਨ ਉਪਲਬਧ ਨਹੀਂ ਹੈ, ਪਰ ਇਹ ਸਾਫ਼ ਹੈ ਕਿ ਪਿਛਲੇ ਕੁਝ ਸਾਲਾਂ ਤੋਂ ਹਾਊਸ ਸਪੈਰੋ ਭਾਵ ਚਿੜੀਆਂ ਦੀ ਗਿਣਤੀ ਬਹੁਤ ਘੱਟ ਗਈ ਹੈ।
ਉਨ੍ਹਾਂ ਅਨੁਸਾਰ ਇਸ ਦੇ ਕਈ ਕਾਰਨ ਹਨ। ਖੇਤਾਂ ਵਿੱਚ ਰਸਾਇਣਕ ਕੀਟਨਾਸ਼ਕਾਂ ਦੀ ਭਰਪੂਰ ਵਰਤੋਂ ਕਰਨ ਨਾਲ ਉਹ ਛੋਟੇ ਕੀੜੇ ਮਰ ਰਹੇ ਹਨ ਜਿਨ੍ਹਾਂ ਉੱਤੇ ਚਿੜੀਆਂ ਨਿਰਭਰ ਸਨ।
ਕੋਇੰਬਟੂਰ ਸਥਿਤ ਸਲੀਮ ਅਲੀ ਸੈਂਟਰ ਫਾਰ ਆਰਨੀਥਾਲੋਜੀ ਐਂਡ ਨੈਚੁਰਲ ਹਿਸਟਰੀ ਦੇ ਡਾ. ਵੀ.ਐੱਸ. ਵਿਜਯਨ ਕਹਿੰਦੇ ਹਨ ਕਿ ਭਾਵੇਂ ਚਿੜੀਆਂ ਅਜੇ ਵੀ ਦੁਨੀਆਂ ਦੇ ਦੋ ਤਿਹਾਈ ਇਲਾਕਿਆਂ ਵਿੱਚ ਦਿਖਾਈ ਦਿੰਦੀਆਂ ਹਨ, ਫਿਰ ਵੀ ਇਹ ਬਹੁਤ ਤੇਜ਼ੀ ਨਾਲ ਘੱਟ ਰਹੀਆਂ ਹਨ। ਬਦਲਦੀ ਜੀਵਨਸ਼ੈਲੀ ਅਤੇ ਨਵੀਆਂ ਇਮਾਰਤਾਂ ਨੇ ਇਨ੍ਹਾਂ ਲਈ ਰਿਹਾਇਸ਼ ਅਤੇ ਭੋਜਨ ਦਾ ਸਾਧਨ ਖਤਮ ਕਰ ਦਿੱਤਾ ਹੈ।
ਸਾਫ ਪਾਣੀ ਅਤੇ ਭੋਜਨ ਹੀ ਚਿੜੀਆਂ ਦੀ ਖੁਰਾਕ

ਕੇਂਦਰ ਸਰਕਾਰ ਦੀ ਰਿਪੋਰਟ ਮੁਤਾਬਕ ਖੇਤੀਬਾੜੀ ਵਿੱਚ ਵਰਤੇ ਜਾਂਦੇ ਰਸਾਇਣ ਚਿੜੀਆਂ ਦੇ ਬੱਚਿਆਂ ਲਈ ਭੋਜਨ ਨੂੰ ਖ਼ਤਮ ਕਰ ਰਹੇ ਹਨ। ਇਹ ਗੱਲ ਹਰਪ੍ਰੀਤ ਕੌਰ ਵੀ ਦੁਹਰਾਉਂਦੇ ਹਨ।
ਉਹ ਦੱਸਦੇ ਹਨ, "ਮੈਂ ਹਰ ਦੋ ਤੋਂ ਤਿੰਨ ਘੰਟੇ ਬਾਅਦ ਚਿੜੀਆਂ ਦੇ ਪੀਣ ਵਾਲਾ ਪਾਣੀ ਬਦਲਦੀ ਹਾਂ। ਧੁੱਪ ਕਾਰਨ ਪਾਣੀ ਗਰਮ ਹੋ ਜਾਵੇ ਤਾਂ ਠੰਢਾ ਪਾਣੀ ਭਾਂਡਿਆਂ ਵਿੱਚ ਪਾਇਆ ਜਾਂਦਾ ਤਾਂ ਜੋ ਭਿਆਨਕ ਗਰਮੀ ਵਿੱਚ ਚਿੜੀਆਂ ਨੂੰ ਠੰਢਕ ਮਿਲਦੀ ਰਹੇ।"
ਹਰਪ੍ਰੀਤ ਕੌਰ ਮੁਤਾਬਕ ਚਿੜੀਆਂ ਦੇ ਖਾਣ ਲਈ ਬਾਜਰਾ, ਬਾਸਮਤੀ ਚੌਲ, ਕੰਗਣੀ, ਵਰਗੇ ਅਨਾਜ ਸਾਫ਼ ਕਰਕੇ ਉਨ੍ਹਾਂ ਨੂੰ ਖਾਣ ਲਈ ਦਿੱਤੇ ਜਾਂਦੇ ਹਨ।
ਉਹ ਕਹਿੰਦੇ ਹਨ, "ਕੀੜੇ ਮਕੌੜੇ ਹੀ ਚਿੜੀਆਂ ਦੇ ਬੱਚਿਆਂ ਦੀ ਸ਼ੁਰੂਆਤੀ ਖੁਰਾਕ ਹੁੰਦੇ ਹਨ। ਖੇਤਾਂ ਵਿੱਚ ਹਰੀ ਸੁੰਢੀ ਖ਼ਤਮ ਹੋ ਗਈ ਹੈ, ਇਸ ਲਈ ਬੱਚਿਆਂ ਨੂੰ ਭੋਜਨ ਮਿਲ ਹੀ ਨਹੀਂ ਰਿਹਾ।"
"ਇੱਥੋਂ ਤੱਕ ਕੇ ਚਿੜੀਆਂ ਦੇ ਪੀਣ ਵਾਲਾ ਪਾਣੀ ਵੀ ਹਾਨੀਕਾਰਕ ਹੈ, ਉਸ ਵਿੱਚ ਵੀ ਜ਼ਹਿਰੀਲੇ ਪਦਾਰਥ ਮਿਲੇ ਹਨ। ਚਿੜੀਆਂ ਕਿਵੇਂ ਇਹ ਪਾਣੀ ਪੀ ਕੇ ਜਿਊਂਦੀਆਂ ਰਹਿ ਸਕਦੀਆਂ ਹਨ।"
ਹਰਪ੍ਰੀਤ ਕਹਿੰਦੇ ਹਨ, "ਘਰੇਲੂ ਚਿੜੀਆਂ ਨੂੰ ਬਚਾਉਣ ਲਈ ਮੈਂ ਇੱਕ ਛੋਟਾ ਜਿਹੀ ਕੋਸ਼ਿਸ਼ ਕਰ ਰਹੀ ਹਾਂ, ਹੋਰ ਔਰਤਾਂ ਵੀ ਮੈਨੂੰ ਦੇਖ ਕੇ ਜੇਕਰ ਘਰਾਂ ਵਿੱਚ ਚਿੜੀਆਂ ਦੇ ਰਹਿਣ ਅਤੇ ਖਾਣ ਪੀਣ ਲਈ ਯਤਨ ਕਰਨ ਤਾ ਯਕੀਨਨ ਘਰੇਲੂ ਚਿੜੀ ਅਲੋਪ ਹੋਣੋਂ ਬੱਚ ਜਾਵੇਗੀ।"
ਬੀਬੀਸੀ ਲਈ ਕਲੈਕਟਿਵ ਨਿਊਜ਼ਰੂਮ ਵੱਲੋਂ ਪ੍ਰਕਾਸ਼ਿਤ


















