ਇੱਕ ਰਹੱਸ ਜੋ 1000 ਸਾਲ ਪੁਰਾਣਾ ਹੈ, ਕਿਵੇਂ ਇੱਕ ਕੱਪੜੇ ਉੱਤੇ ਕੀਤੀ ਕੱਢਾਈ ਵਿੱਚ ਲੁਕਿਆ ਪਿਆ ਹੈ

ਬਿਯੂ ਟੇਪੈਸਟਰੀ

ਤਸਵੀਰ ਸਰੋਤ, Alamy

ਤਸਵੀਰ ਕੈਪਸ਼ਨ, ਬਿਯੂ ਟੇਪੈਸਟਰੀ ਮੱਧਕਾਲ ਬਾਰੇ ਖੂਨੀ ਤੇ ਅਸ਼ਲੀਲ ਸੱਚਾਈ ਉਜਾਗਰ ਕਰਦੀ ਹੈ
    • ਲੇਖਕ, ਡੈਬੋਰਾ ਨਿਕੋਲਸ-ਲੀ
  • ਪ੍ਰਕਾਸ਼ਿਤ
  • ਪੜ੍ਹਨ ਦਾ ਸਮਾਂ: 10 ਮਿੰਟ

11ਵੀਂ ਸਦੀ ਦੀ ਇਸ ਸ਼ਾਹਕਾਰ ਰਚਨਾ ਵਿੱਚ ਵਿਵਾਦਿਤ ਤਖ਼ਤ ਦੀ ਕਹਾਣੀ ਬਿਆਨ ਕੀਤੀ ਗਈ ਹੈ। ਹੁਣ ਇਹ ਰਚਨਾ ਯੂਕੇ ਵਿੱਚ ਪ੍ਰਦਰਸ਼ਿਤ ਹੋਣ ਜਾ ਰਹੀ ਹੈ।

ਇਸ ਵਿੱਚ ਮਰਦਾਨਗੀ ਨੂੰ ਤਾਕਤ ਦੇ ਬਰਾਬਰ ਮੰਨਿਆ ਗਿਆ ਹੈ ਅਤੇ ਸਭ ਤੋਂ ਵੱਡੇ ਤੇ ਸਭ ਤੋਂ ਵੱਧ ਮਾਣ ਨਾਲ ਦਿਖਾਏ ਗਏ ਅੰਗ ਨੂੰ ਵੀ ਤਾਕਤ ਦੀ ਨਿਸ਼ਾਨੀ ਵਜੋਂ ਪੇਸ਼ ਕੀਤਾ ਗਿਆ ਹੈ।

ਇਹ ਇੱਕ ਅਜਿਹੀ ਕਹਾਣੀ ਸੁਣਾਉਂਦੀ ਹੈ ਜੋ ਅੱਜ ਦੇ ਸਮੇਂ ਵਿੱਚ ਵੀ ਜਾਣੀ-ਪਛਾਣੀ ਮਹਿਸੂਸ ਹੁੰਦੀ ਹੈ।

ਬਿਯੂ ਟੇਪੈਸਟਰੀ ਇੰਗਲੈਂਡ 'ਤੇ ਨੌਰਮਨ ਕਬਜ਼ੇ ਦੀ ਇੱਕ ਖੂਨੀ ਅਤੇ ਕਦੇ-ਕਦੇ ਅਸ਼ਲੀਲ, ਕਹਾਣੀ ਬਿਆਨ ਕਰਦੀ ਹੈ।

ਇਹ ਬਾਰੀਕ ਕਾਰੀਗਰੀ ਵਾਲੀ ਸ਼ਾਹਕਾਰ ਰਚਨਾ 70 ਮੀਟਰ (77 ਗਜ਼) ਲੰਬੇ ਸਣ ਦੇ ਕੱਪੜੇ 'ਤੇ ਕੱਢਾਈ ਕਰਕੇ ਤਿਆਰ ਕੀਤੀ ਗਈ ਹੈ। ਇਸ ਵਿੱਚ ਟੁੱਟੇ ਵਾਅਦਿਆਂ, ਲਾਲਚ ਅਤੇ ਹਮਲਾਵਰਤਾ ਦੀ ਕਹਾਣੀ ਬੁਣੀ ਗਈ ਹੈ, ਜੋ ਆਖ਼ਿਰਕਾਰ ਹੇਸਟਿੰਗਜ਼ ਦੀ ਲੜਾਈ ਵਿੱਚ ਰਾਜਾ ਹੈਰਲਡ ਦੂਜੇ ਦੀ ਮੌਤ 'ਤੇ ਜਾ ਕੇ ਖ਼ਤਮ ਹੁੰਦੀ ਹੈ।

ਲਗਭਗ 1,000 ਸਾਲ ਬਾਅਦ ਇਹ ਪ੍ਰਸਿੱਧ ਕਲਾਕ੍ਰਿਤੀ ਫਰਾਂਸ ਦੇ ਨੌਰਮੰਡੀ ਤੋਂ ਵਾਪਸ ਇੰਗਲੈਂਡ ਆ ਰਹੀ ਹੈ। ਇਸ ਦੀ ਕਢਾਈ 1070 ਦੇ ਦਹਾਕੇ ਵਿੱਚ ਇੰਗਲੈਂਡ ਵਿੱਚ ਹੀ ਬੜੀ ਨਿਪੁੰਨਤਾ ਨਾਲ ਕੀਤੀ ਗਈ ਸੀ ਅਤੇ ਇਸ ਸਤੰਬਰ ਤੋਂ ਇਸ ਨੂੰ ਬ੍ਰਿਟਿਸ਼ ਮਿਊਜ਼ੀਅਮ ਵਿੱਚ ਪ੍ਰਦਰਸ਼ਿਤ ਕੀਤਾ ਜਾਣਾ ਹੈ।

ਇਹ ਇੱਕ ਅਜਿਹੀ ਕਲਾਕ੍ਰਿਤੀ ਹੈ ਜੋ ਅੱਜ ਦੇ ਡਿਜੀਟਲ 'ਮੈਨੋਸਫੀਅਰ' ਦੇ ਮੱਧਕਾਲੀ ਰੂਪ ਨੂੰ ਦਰਸਾਉਂਦੀ ਹੈ, ਇੱਕ ਅਜਿਹੀ ਵਿਚਾਰਧਾਰਾ ਅਤੇ ਦੁਨੀਆ ਹੈ, ਜਿਸ ਦਾ ਕੇਂਦਰ ਅਤਿ-ਮਰਦਾਨਗੀ ਅਤੇ ਮਰਦਾਂ ਦੇ ਤਜਰਬੇ ਹਨ ਅਤੇ ਇਹ ਇੱਕ ਅਜਿਹੀ ਦੁਨੀਆ ਹੈ ਜਿੱਥੇ ਆਕਾਰ ਮਾਇਨੇ ਰੱਖਦਾ ਹੈ।

11ਵੀਂ ਸਦੀ ਦੇ ਜਿਸ ਸਮਾਜ ਨੂੰ ਇਹ ਟੇਪੈਸਟਰੀ ਦਰਸਾਉਂਦੀ ਹੈ, ਉਸ ਵਿੱਚ ਧਿਆਨ ਦਾ ਕੇਂਦਰ ਮਰਦਾਂ ਦੇ ਯੋਗਦਾਨ ਹਨ। ਇਸ ਵਿੱਚ ਲਗਭਗ ਇੱਕ-ਤਿਹਾਈ ਮਰਦ ਹਥਿਆਰਬੰਦ ਹਨ, ਜਦਕਿ ਹੋਰ ਲੋਕ ਦਰੱਖਤ ਕੱਟਣ, ਕਿਸ਼ਤੀਆਂ ਬਣਾਉਣ ਅਤੇ ਨਿਰਮਾਣ ਦੇ ਕੰਮਾਂ ਵਿੱਚ ਪੂਰੇ ਜੋਸ਼ ਨਾਲ ਰੁੱਝੇ ਹੋਏ ਹਨ।

ਇੱਕ ਲੱਕੜਹਾਰਾ ਲੱਕੜ ਦੇ ਇੱਕ ਲੰਮੇ ਟੁਕੜੇ ਉੱਤੇ ਬੈਠ ਕੇ ਆਪਣੀ ਕੁਹਾੜੀ ਚਲਾਉਣ ਲਈ ਤਿਆਰ ਹੈ, ਜਦਕਿ ਸ਼ਿਕਾਰੀ ਆਪਣੇ ਸ਼ਿਕਾਰ ਦਾ ਪਿੱਛਾ ਕਰਦਿਆਂ ਵੱਡੇ ਡੰਡੇ ਆਪਣੇ ਸਿਰਾਂ ਉੱਪਰ ਘੁਮਾ ਰਹੇ ਹਨ।

ਇਹ ਸਾਰਾ ਦ੍ਰਿਸ਼ ਦੋ ਅਲਫ਼ਾ ਮਰਦਾਂ, ਨੌਰਮੰਡੀ ਦੇ ਡਿਊਕ ਵਿਲੀਅਮ ਅਤੇ ਹੈਰਲਡ ਗੌਡਵਿਨਸਨ ਵਿਚਕਾਰ ਹੋਣ ਵਾਲੇ ਆਗਾਮੀ ਟਕਰਾਅ ਦੇ ਤਣਾਅਪੂਰਨ ਮਾਹੌਲ ਨੂੰ ਦਰਸਾਉਣ ਵਿੱਚ ਮਦਦ ਕਰਦਾ ਹੈ।

ਮੱਧਕਾਲੀ ਇੰਗਲੈਂਡ ਦੇ ਸੱਭਿਆਚਾਰਕ ਇਤਿਹਾਸਕਾਰ ਡਾ. ਕ੍ਰਿਸਟੋਫਰ ਮੰਕ ਕਹਿੰਦੇ ਹਨ, "ਇਸ ਤੋਂ ਵੱਧ ਟੈਸਟੋਸਟੇਰੋਨ ਨਾਲ ਭਰਪੂਰ ਦ੍ਰਿਸ਼ ਲੱਭਣਾ ਔਖਾ ਹੈ।"

ਛਾਤੀ ਠੋਕਣ ਵਾਲੀ ਮਰਦਾਨਗੀ ਦਾ ਇਹ ਇਸ਼ਾਰਿਆਂ ਭਰਿਆ ਪ੍ਰਦਰਸ਼ਨ ਇੱਕ ਅਜਿਹੇ ਮੱਧਕਾਲੀ ਸਮਾਜ ਨੂੰ ਉਜਾਗਰ ਕਰਦਾ ਹੈ ਜੋ ਮਰਦਾਂ ਲਈ ਅਤੇ ਮਰਦਾਂ ਦੁਆਰਾ ਬਣਾਇਆ ਗਿਆ ਸੀ, ਜਿੱਥੇ ਝਗੜਿਆਂ ਦਾ ਨਿਪਟਾਰਾ ਹਿੰਸਾ ਨਾਲ ਹੁੰਦਾ ਸੀ ਤੇ ਨੌਜਵਾਨ ਮਰਦਾਂ ਵਾਲਾ ਹਾਸਾ-ਮਜ਼ਾਕ ਸਿਆਸੀ ਅੰਕ ਹਾਸਲ ਕਰਨ ਲਈ ਵਰਤਿਆ ਜਾਂਦਾ ਸੀ।

ਹਥਿਆਰਬੰਦ ਲੁਟੇਰੇ ਹੇਸਟਿੰਗਜ਼ ਵਿੱਚ ਹਾਹਾਕਾਰ ਮਚਾਉਂਦੇ ਹਨ ਅਤੇ ਹੇਠਲੇ ਕਿਨਾਰੇ ਵਿੱਚ ਪਏ ਮਾਰੇ ਗਏ ਸਿਪਾਹੀਆਂ ਨੂੰ ਉਨ੍ਹਾਂ ਦੇ ਕਵਚ ਉਤਾਰਨ ਲਈ ਨੰਗਾ ਕੀਤਾ ਗਿਆ ਹੈ, ਠੀਕ ਉਸੇ ਤਰ੍ਹਾਂ ਜਿਵੇਂ ਉਨ੍ਹਾਂ ਦੇ ਉੱਪਰ ਮਾਰੇ ਗਏ ਹੈਰਲਡ ਨੂੰ ਉਸਦੇ ਰਾਜ-ਅਧਿਕਾਰ ਤੋਂ ਵਾਂਝਾ ਕਰ ਦਿੱਤਾ ਗਿਆ ਹੈ।

ਵਾਰ-ਵਾਰ ਦਿਖਾਈ ਦੇਣ ਵਾਲਾ ਲਿੰਗ

ਬਿਯੂ ਟੇਪੈਸਟਰੀ

ਤਸਵੀਰ ਸਰੋਤ, Alamy

ਤਸਵੀਰ ਕੈਪਸ਼ਨ, ਬਿਯੂ ਟੇਪੈਸਟਰੀ ਵਿੱਚ 'ਅਲਫ਼ਾ ਪੁਰਸ਼' ਵਿਲੀਅਮ ਦਾ ਘੋੜਾ ਆਪਣੇ ਮਾਲਕ ਦੀ ਮਰਦਾਨਗੀ ਨੂੰ ਦਰਸਾਉਂਦਾ ਹੈ

ਜੇ ਇਸ ਪ੍ਰਸਿੱਧ ਕਲਾਕ੍ਰਿਤੀ ਵਿੱਚ ਕੋਈ ਮੁੜ-ਮੁੜ ਆਉਣ ਵਾਲਾ ਰੂਪ ਹੈ, ਤਾਂ ਉਹ ਲਿੰਗ ਹੈ।

2018 ਵਿੱਚ ਯੂਕੇ ਦੀ ਆਕਸਫੋਰਡ ਯੂਨੀਵਰਸਿਟੀ ਵਿੱਚ ਮੱਧਕਾਲੀ ਇਤਿਹਾਸ ਦੇ ਪ੍ਰੋਫੈਸਰ ਜੌਰਜ ਗਾਰਨੇਟ ਨੇ ਇਸ ਕਢਾਈ ਵਿੱਚ 93, ਜ਼ਿਆਦਾਤਰ ਤਣੇ ਹੋਏ ਲਿੰਗ ਗਿਣੇ ਸਨ। ਇਨ੍ਹਾਂ ਵਿੱਚੋਂ 88 ਘੋੜਿਆਂ ਦੇ ਸਨ ਅਤੇ ਹੋਰ ਪੰਜ ਮਰਦਾਂ ਦੇ।

ਇੱਕ ਲਟਕਦੀ ਮਿਆਨ, ਜਿਸ ਨੂੰ ਉਹ ਇਸ ਗਿਣਤੀ ਵਿੱਚ ਸ਼ਾਮਲ ਨਹੀਂ ਕਰਦੇ, ਨੇ ਅਕਾਦਮਿਕ ਹਲਕਿਆਂ ਵਿੱਚ ਕਾਫ਼ੀ ਚਰਚਾ ਛੇੜੀ।

ਜਨੀਨਾ ਰਮੀਰੇਜ਼ ਆਪਣੀ 2022 ਦੀ ਕਿਤਾਬ 'ਫੇਮੀਨਾ: ਏ ਨਿਊ ਹਿਸਟਰੀ ਆਫ ਦਿ ਮਿਡਲ ਏਜਿਜ਼, ਥਰੂ ਦਿ ਵੁਮੈਨ ਰਿਟਨ ਆਊਟ ਆਫ ਇਟ' ਵਿੱਚ ਕਹਿੰਦੀ ਹੈ, "ਬੇਯੂ ਟੇਪੈਸਟਰੀ ਵਿੱਚ ਆਕਾਰ ਮਾਇਨੇ ਰੱਖਦਾ ਹੈ।"

ਉਹ ਨੋਟ ਕਰਦੀ ਹੈ ਕਿ ਵਿਵਾਦਿਤ ਤਖ਼ਤ ਦੀ ਇਸ ਕਹਾਣੀ ਵਿੱਚ ਮਰਦਾਨਗੀ ਨੂੰ ਤਾਕਤ ਦੇ ਬਰਾਬਰ ਮੰਨਿਆ ਗਿਆ ਹੈ ਅਤੇ ਸਭ ਤੋਂ ਵੱਡਾ ਤੇ ਸਭ ਤੋਂ ਮਾਣ ਨਾਲ ਦਿਖਾਇਆ ਗਿਆ ਅੰਗ "ਉਸ ਸ਼ਾਨਦਾਰ ਨਰ ਘੋੜੇ ਦਾ ਹੈ, ਜੋ ਜੰਗ ਦੀ ਪਿਛਲੀ ਸ਼ਾਮ 'ਤੇ ਵਿਲੀਅਮ ਨੂੰ ਭੇਟ ਕੀਤਾ ਜਾਂਦਾ ਹੈ।"

ਦੂਜਾ ਸਥਾਨ ਰਾਜਾ ਹੈਰਲਡ ਦੇ ਘੋੜੇ ਨੂੰ ਮਿਲਦਾ ਹੈ, "ਜਿਸ ਤੋਂ ਇਹ ਸੰਕੇਤ ਮਿਲਦਾ ਹੈ ਕਿ ਉਹ ਇੱਕ ਯੋਗ ਵਿਰੋਧੀ ਹੈ।"

11ਵੀਂ ਸਦੀ ਦੀ ਕਲਾ ਦੀਆਂ ਪਰੰਪਰਾਵਾਂ ਵਿੱਚ ਸਪਸ਼ਟ ਨਗਨਤਾ ਆਮ ਗੱਲ ਸੀ ਅਤੇ ਇਹ ਪੂਰੀ ਤਰ੍ਹਾਂ ਸੰਭਵ ਹੈ ਕਿ ਇਨ੍ਹਾਂ ਲਿੰਗਾਂ ਦੀ ਕਢਾਈ ਨਨਾਂ ਨੇ ਕੀਤੀ ਹੋਵੇ।

ਮੌੰਕ ਬੀਬੀਸੀ ਨੂੰ ਦੱਸਦੇ ਹਨ, "ਇਹ ਉਸ ਗੱਲ ਨੂੰ ਦਰਸਾਉਂਦੇ ਹਨ ਜੋ ਮੱਧਕਾਲੀ ਉੱਚ ਵਰਗ ਦੇ ਸਮਾਜ ਵਿੱਚ ਵਿਆਪਕ ਤੌਰ 'ਤੇ ਸਪਸ਼ਟ ਸੀ ਕੁੱਲ ਮਿਲਾ ਕੇ, ਸਿਆਸੀ ਸਰਵਭੌਮਤਾ ਦੇ ਮੁੱਖ ਚਾਲਕ ਮਰਦ ਹੀ ਸਨ।"

ਉਹ ਕਹਿੰਦੇ ਹਨ ਕਿ "ਮਰਦਾਂ ਦੇ ਜਣਨ ਅੰਗਾਂ ਦੀ ਵਰਤੋਂ, ਭਾਵੇਂ ਉਹ ਮਨੁੱਖੀ ਹੋਣ ਜਾਂ ਘੋੜਿਆਂ ਦੇ," ਮੱਧਕਾਲੀ ਇੰਗਲੈਂਡ ਵਿੱਚ ਨਵੇਂ ਐਂਗਲੋ-ਨੌਰਮਨ ਸੰਸਾਰ ਵੱਲ ਬਦਲਾਅ ਦੇ ਸੰਦਰਭ ਵਿੱਚ ਮੌਜੂਦ ਸਿਆਸੀ ਮਰਦਾਨਗੀ ਨੂੰ ਸੰਖੇਪ ਰੂਪ ਵਿੱਚ ਦਰਸਾਉਣ ਦਾ ਇੱਕ ਤਰੀਕਾ ਹੈ।

ਯੂਕੇ ਦੀ ਐਡਿਨਬਰਾ ਯੂਨੀਵਰਸਿਟੀ ਵਿੱਚ ਮੱਧਕਾਲੀ ਇਤਿਹਾਸ ਦੀ ਲੈਕਚਰਾਰ ਡਾ. ਐਮਿਲੀ ਜੋਨ ਵਾਰਡ ਬੀਬੀਸੀ ਨੂੰ ਦੱਸਦੀ ਹੈ ਕਿ ਜੇ ਟੇਪੈਸਟਰੀ ਵਿੱਚ ਔਰਤਾਂ ਦੀ ਭੂਮਿਕਾ ਬਹੁਤ ਘੱਟ ਹੈ, ਤਾਂ ਇਸ ਦਾ ਮੁੱਖ ਕਾਰਨ ਇਹ ਹੈ ਕਿ "ਕਹਾਣੀ ਦਾ ਕੇਂਦਰ ਮਰਦਾਂ ਦੀਆਂ ਕਾਰਵਾਈਆਂ ਹਨ।"

"ਇਸ ਵਿੱਚ ਵੱਡੇ ਪੱਧਰ 'ਤੇ ਫੌਜੀ ਗਤੀਵਿਧੀਆਂ ਵਿੱਚ ਸਰਗਰਮ ਮਰਦਾਂ ਦੇ ਚਿੱਤਰ ਹਨ ਅਤੇ ਉਨ੍ਹਾਂ ਜੰਗੀ ਦ੍ਰਿਸ਼ਾਂ ਵਿੱਚ ਸਾਨੂੰ ਔਰਤਾਂ ਦੇ ਹੋਣ ਦੀ ਉਮੀਦ ਨਹੀਂ ਹੋਵੇਗੀ।"

ਜੇ 100 ਵਿੱਚੋਂ ਇੱਕ ਦਾ ਅਨੁਪਾਤ ਵੀ ਅਜੇ ਅਸੰਤੁਲਿਤ ਲੱਗਦਾ ਹੈ, ਤਾਂ ਇਸ ਗੱਲ ਵਿੱਚ ਇੱਕ ਸੰਕੇਤ ਮਿਲ ਸਕਦਾ ਹੈ ਕਿ ਇਹ ਕਲਾਕ੍ਰਿਤੀ ਕਿਸ ਲਈ ਬਣਾਈ ਗਈ ਸੀ।

ਇਤਿਹਾਸਕਾਰਾਂ ਦਾ ਮੰਨਣਾ ਹੈ ਕਿ ਟੇਪੈਸਟਰੀ ਦਾ ਸੰਭਾਵਿਤ ਸਰਪ੍ਰਸਤ ਵਿਲੀਅਮ ਦਾ ਸੌਤੇਲਾ ਭਰਾ, ਬੇਯੂ ਦਾ ਬਿਸ਼ਪ ਓਡੋ ਸੀ।

ਉਹ ਇਸ ਵਿੱਚ ਪ੍ਰਮੁੱਖ ਤੌਰ 'ਤੇ ਦਿਖਾਈ ਦਿੰਦਾ ਹੈ ਅਤੇ ਸੰਭਵ ਹੈ ਕਿ ਉਸ ਨੇ ਵਿਲੀਅਮ ਦੇ ਜਾਇਜ਼ ਰਾਜ-ਅਧਿਕਾਰ ਲਈ ਚਲਾਈ ਗਈ ਮੁਹਿੰਮ ਵਿੱਚ ਆਪਣੀ ਮਹੱਤਵਪੂਰਨ ਭੂਮਿਕਾ ਨੂੰ ਉਜਾਗਰ ਕਰਨ ਲਈ ਇਸ ਟੇਪੈਸਟਰੀ ਦੀ ਵਰਤੋਂ ਕੀਤੀ ਹੋਵੇ।

ਵਾਰਡ ਕਹਿੰਦੀ ਹੈ, "ਸੰਭਵ ਹੈ ਕਿ ਇਹ ਸਮੱਗਰੀ ਉਸ ਨਾਲ ਅਤੇ ਉਸ ਦੇ ਤੁਰੰਤ ਸਮਾਜਿਕ ਘੇਰੇ ਨਾਲ ਤਾਲਮੇਲ ਬਿਠਾਉਣ ਲਈ ਹੋਵੇ, ਜੋ ਵੱਡੇ ਪੱਧਰ 'ਤੇ ਮਰਦਾਂ ਦਾ ਹੀ ਇੱਕ ਸਮਲਿੰਗੀ ਸਮਾਜਿਕ ਘੇਰਾ ਹੋਵੇਗਾ।"

ਨੌਰਮਨ ਸਰਪ੍ਰਸਤ ਹੋਣ ਕਰਕੇ, ਸੰਦੇਸ਼ ਵੀ ਉਸੇ ਅਨੁਸਾਰ ਹੋਣਾ ਜ਼ਰੂਰੀ ਸੀ। ਉਹ ਅੱਗੇ ਕਹਿੰਦੀ ਹੈ, "ਕਹਾਣੀ ਵਿੱਚ ਬਹੁਤ ਜ਼ਿਆਦਾ ਔਰਤਾਂ ਨੂੰ ਸ਼ਾਮਲ ਕਰਨਾ ਅਸਲ ਵਿੱਚ ਥੋੜ੍ਹਾ ਜੋਖ਼ਮ ਭਰਿਆ ਸੀ।"

"ਵਿਲੀਅਮ ਵੱਲੋਂ ਔਰਤਾਂ ਦੀ ਵੰਸ਼ਾਵਲੀ ਰਾਹੀਂ ਤਖ਼ਤ 'ਤੇ ਆਪਣੇ ਹੱਕ ਨੂੰ ਜਾਇਜ਼ ਸਾਬਤ ਕਰਨ ਦੀਆਂ ਕੋਸ਼ਿਸ਼ਾਂ ਨੇ ਸ਼ਾਇਦ ਕਲਾਕਾਰ ਜਾਂ ਸਰਪ੍ਰਸਤ ਨੂੰ ਇਸ ਕਮਜ਼ੋਰ ਦਾਅਵੇ ਵੱਲ ਧਿਆਨ ਖਿੱਚਣ ਤੋਂ ਸਾਵਧਾਨ ਕੀਤਾ ਹੋਵੇ।"

ਕਲਾਕ੍ਰਿਤੀ

ਤਸਵੀਰ ਸਰੋਤ, Alamy

ਤਸਵੀਰ ਕੈਪਸ਼ਨ, ਨੌਰਮੰਡੀ ਦੇ ਡਿਊਕ ਵਿਲੀਅਮ ਜੰਗ ਲਈ ਜਹਾਜ਼ ਬਣਾਉਣ ਦਾ ਹੁਕਮ ਦਿੰਦੇ ਹਨ

ਟੇਪੈਸਟਰੀ ਵਿੱਚ ਛੇ ਔਰਤਾਂ

ਮੁੱਖ ਕਹਾਣੀ ਵਿੱਚ ਦਿਖਾਈ ਦੇਣ ਵਾਲੀਆਂ ਔਰਤਾਂ ਜ਼ਿਆਦਾਤਰ ਉਹ ਭੂਮਿਕਾ ਨਿਭਾਉਂਦੀਆਂ ਹਨ ਜਿਸ ਨੂੰ ਮੌਂਕ "ਭਾਵਨਾਤਮਕ ਵਿਰਾਮ-ਚਿੰਨ੍ਹ" ਕਹਿੰਦੇ ਹਨ।

ਰਾਣੀ ਐਡਿਥ, ਜੋ ਦਰਬਾਰੀ ਸਿਆਸਤ ਵਿੱਚ ਬਹੁਤ ਪ੍ਰਭਾਵਸ਼ਾਲੀ ਸ਼ਖ਼ਸੀਅਤ ਸੀ, ਆਪਣੇ ਪਤੀ ਐਡਵਰਡ ਦਿ ਕਨਫੈਸਰ ਦੇ ਆਖ਼ਰੀ ਸਾਹ ਲੈਂਦਿਆਂ ਆਪਣੇ ਰੁਮਾਲ ਨਾਲ ਹੰਝੂ ਪੂੰਝਦੀ ਹੈ ਅਤੇ ਇੱਕ ਔਰਤ ਤੇ ਉਸ ਦਾ ਬੱਚਾ ਉਸ ਵੇਲੇ ਭੱਜਦੇ ਹਨ ਜਦੋਂ ਵਿਸ਼ਾਲਕਾਇ ਨੌਰਮਨ ਸਿਪਾਹੀ ਬੇਫ਼ਿਕਰੀ ਨਾਲ ਉਨ੍ਹਾਂ ਦੇ ਘਰ ਨੂੰ ਅੱਗ ਲਗਾ ਦਿੰਦੇ ਹਨ।

ਵਾਰਡ ਕਹਿੰਦੀ ਹੈ ਕਿ ਅਜੀਬ ਹਾਵ-ਭਾਵ ਅਤੇ ਅਨੁਪਾਤਾਂ ਤੋਂ ਇਲਾਵਾ, ਇਹ ਦ੍ਰਿਸ਼ ਸਾਨੂੰ ਯਾਦ ਦਿਵਾਉਂਦਾ ਹੈ ਕਿ "ਜੰਗ ਸਿਰਫ਼ ਮਰਦਾਂ ਦੇ ਦਬਦਬੇ ਵਾਲੀ ਘਟਨਾ ਨਹੀਂ ਹੈ, ਇਹ ਸਿਰਫ਼ ਜੰਗ ਦੇ ਮੈਦਾਨ ਵਿੱਚ ਵਾਪਰਨ ਵਾਲੀ ਚੀਜ਼ ਨਹੀਂ ਹੈ।"

ਉਹ ਇਤਿਹਾਸਕਾਰ ਕੈਥਰੀਨ ਕਾਰਕੋਵ ਦਾ ਹਵਾਲਾ ਦਿੰਦੀ ਹੈ।

ਕਾਰਕੋਵ ਦਾ ਮੰਨਣਾ ਹੈ ਕਿ ਮੁੱਖ ਦ੍ਰਿਸ਼-ਪੱਟੀ ਵਿੱਚ ਦਿਖਾਈ ਦੇਣ ਵਾਲੀਆਂ ਔਰਤਾਂ ਸੱਤਾ ਦੇ ਬਦਲਦੇ ਸੰਬੰਧਾਂ ਦੇ ਅਹਿਮ ਪਲਾਂ 'ਤੇ ਨਜ਼ਰ ਆਉਂਦੀਆਂ ਹਨ। ਵਾਰਡ ਕਹਿੰਦੀ ਹੈ, "ਜੇ ਅਸੀਂ ਇਸ ਨੂੰ ਇਸ ਤਰੀਕੇ ਨਾਲ ਸਮਝੀਏ ਤਾਂ ਇਹ ਟੇਪੈਸਟਰੀ ਵਿੱਚ ਔਰਤਾਂ ਨੂੰ ਕਾਫ਼ੀ ਤਾਕਤਵਰ ਭੂਮਿਕਾ ਦਿੰਦਾ ਹੈ।"

ਟੇਪੈਸਟਰੀ ਦੇ ਉੱਪਰ ਅਤੇ ਹੇਠਾਂ ਬਣੀਆਂ ਸਜਾਵਟੀ ਹੱਦਾਂ ਸਾਨੂੰ ਇੱਕ ਅਜਿਹੀ ਦੁਨੀਆ ਵਿੱਚ ਲੈ ਜਾਂਦੀਆਂ ਹਨ, ਜੋ ਕੇਂਦਰੀ ਪਾਤਰਾਂ ਦੀ ਸੰਕੇਤਕ ਆਲੋਚਨਾ ਕਾਰਨ ਹੋਰ ਵੀ ਬਾਗ਼ੀ ਅਤੇ ਵਿਅੰਗਾਤਮਕ ਨਜ਼ਰ ਆਉਂਦੀ ਹੈ।

ਇਹ ਆਲੋਚਨਾ ਅਕਸਰ ਨੈਤਿਕ ਕਹਾਣੀਆਂ ਜਾਂ ਦੰਦਕਥਾਵਾਂ ਦੇ ਰੂਪ ਵਿੱਚ ਕੀਤੀ ਗਈ ਹੈ। ਇਨ੍ਹਾਂ ਹੀ ਹੱਦਾਂ ਵਿੱਚ ਤਿੰਨ ਔਰਤਾਂ ਨਜ਼ਰ ਆਉਂਦੀਆਂ ਹਨ।

ਕਲਾਕ੍ਰਿਤੀ

ਤਸਵੀਰ ਸਰੋਤ, Alamy

ਤਸਵੀਰ ਕੈਪਸ਼ਨ, ਨੌਰਮਨ ਸਿਪਾਹੀ ਘਰ ਸਾੜ ਰਹੇ ਹਨ, ਜਦੋਂ ਇੱਕ ਔਰਤ ਅਤੇ ਉਸ ਦਾ ਬੱਚਾ ਡਰੇ ਹੋਏ ਉੱਥੇ ਖੜ੍ਹੇ ਹਨ

ਹੇਠਲੀ ਹੱਦ ਵਿੱਚ ਇੱਕ ਔਰਤ ਇੱਕ ਜਿਨਸੀ ਹਮਲਾਵਰ ਤੋਂ ਪਿੱਛੇ ਹਟਦੀ ਦਿਖਾਈ ਦਿੰਦੀ ਹੈ। ਮੰਨਿਆ ਜਾਂਦਾ ਹੈ ਕਿ ਉਹ ਹਮਲਾਵਰ ਉਸ ਦਾ ਪਿਤਾ ਹੈ।

ਬਾਅਦ ਵਿੱਚ ਉੱਪਰਲੀ ਹੱਦ ਵਿੱਚ ਦੋ ਨੰਗੀਆਂ ਔਰਤਾਂ ਨੰਗੇ ਮਰਦਾਂ ਵੱਲ ਇਸ਼ਾਰੇ ਕਰਦੀਆਂ ਦਿਖਾਈ ਦਿੰਦੀਆਂ ਹਨ।

ਮੰਨਿਆ ਜਾਂਦਾ ਹੈ ਕਿ ਇਹ ਦ੍ਰਿਸ਼ ਇੱਕ ਅਜਿਹੀ ਭਰਮਾਉਣ ਵਾਲੀ ਔਰਤ ਅਤੇ ਇੱਕ ਵੇਸ਼ਵਾ ਦੀਆਂ ਕਹਾਣੀਆਂ ਨਾਲ ਜੁੜੇ ਹੋਏ ਹਨ, ਜਿਨ੍ਹਾਂ ਨੇ ਧੋਖਾ ਦੇਣ ਲਈ ਆਪਣੇ ਸਰੀਰ ਦੀ ਵਰਤੋਂ ਕੀਤੀ ਸੀ। ਇਹ ਸ਼ਾਇਦ ਹੈਰੋਲਡ ਵੱਲੋਂ ਤੋੜੀ ਗਈ ਸਹੁੰ ਵੱਲ ਸੰਕੇਤ ਕਰਦਾ ਹੈ।

ਪਰ ਸਾਨੂੰ ਵਿਲੀਅਮ ਦੀ ਧੀ ਅਗਾਥਾ ਆਫ਼ ਨਾਰਮੰਡੀ ਨਜ਼ਰ ਨਹੀਂ ਆਉਂਦੀ, ਜਿਸ ਨੂੰ ਤਾਜ ਦੇ ਬਦਲੇ ਦੇ ਸਮਝੌਤੇ ਦੇ ਇੱਕ ਹਿੱਸੇ ਵਜੋਂ ਹੈਰੋਲਡ ਨਾਲ ਵਿਆਹ ਲਈ ਪੇਸ਼ ਕੀਤਾ ਗਿਆ ਸੀ।

ਵਾਰਡ ਦੱਸਦੀ ਹੈ ਕਿ ਟੇਪੈਸਟਰੀ ਵਿੱਚ ਵਿਲੀਅਮ ਦਾ ਸ਼ਾਨਦਾਰ ਜੰਗੀ ਜਹਾਜ਼ ਦਿਖਾਇਆ ਗਿਆ ਹੈ। ਇਹ ਨਾਰਮਨ ਬੇੜੇ ਦਾ ਸਭ ਤੋਂ ਵੱਡਾ ਅਤੇ ਤੇਜ਼ ਜਹਾਜ਼ ਸੀ, ਜਿਸ ਦਾ ਨਾਮ ਮੋਰਾ ਸੀ।

ਪਰ ਵਿਲੀਅਮ ਦੀ ਤਾਕਤਵਰ ਪਤਨੀ ਮੈਟਿਲਡਾ ਆਫ਼ ਫ਼ਲੈਂਡਰਜ਼ ਨਜ਼ਰ ਨਹੀਂ ਆਉਂਦੀ।

ਮੈਟਿਲਡਾ ਨੇ ਇਸ ਜਹਾਜ਼ ਲਈ ਪੈਸੇ ਦਿੱਤੇ ਸਨ ਤਾਂ ਜੋ ਉਹ ਸੈਨਿਕ ਮੁਹਿੰਮ ਦੀ ਸਫ਼ਲਤਾ ਵਿੱਚ ਮਦਦ ਕਰ ਸਕੇ ਅਤੇ ਆਖ਼ਰਕਾਰ ਰਾਣੀ ਬਣ ਸਕੇ।

'ਮੱਧਕਾਲੀਨ #MeToo ਪਲ਼'

ਹਾਲਾਂਕਿ ਇੱਕ ਰਹੱਸਮਈ ਚਾਦਰ ਵਿੱਚ ਲਿਪਟੀ ਸ਼ਖ਼ਸੀਅਤ ਦਾ ਨਾਮ ਸਾਨੂੰ ਪਤਾ ਲੱਗਦਾ ਹੈ—ਏਲਫ਼ਗਿਵਾ

ਹਰੇ ਰੰਗ ਦੀ ਚਾਦਰ ਪਹਿਨਿਆ ਇੱਕ ਪੁਜਾਰੀ ਜਿਹਾ ਨਜ਼ਰ ਆਉਣ ਵਾਲਾ ਵਿਅਕਤੀ ਉਸ ਦੇ ਚਿਹਰੇ ਵੱਲ ਹੱਥ ਵਧਾਉਂਦਾ ਦਿਖਾਈ ਦਿੰਦਾ ਹੈ।

ਇਸੇ ਦੌਰਾਨ ਹੇਠਲੀ ਹੱਦ ਵਿੱਚ ਇੱਕ ਨੰਗਾ ਆਦਮੀ, ਜਿਸ ਦੇ ਜਣਨ ਅੰਗ ਅਸੰਭਵ ਤੌਰ 'ਤੇ ਵੱਡੇ ਦਿਖਾਏ ਗਏ ਹਨ, ਪੁਜਾਰੀ ਦੇ ਇਸੇ ਹਾਵ-ਭਾਵ ਦੀ ਨਕਲ ਕਰਦਾ ਨਜ਼ਰ ਆਉਂਦਾ ਹੈ।

ਏਲਫ਼ਗਿਵਾ ਕੌਣ ਸੀ ਅਤੇ ਉਸ ਨੂੰ ਇੱਥੇ ਕਿਉਂ ਦਿਖਾਇਆ ਗਿਆ ਹੈ—ਇਸ ਬਾਰੇ ਕਈ ਵੱਖ-ਵੱਖ ਵਿਚਾਰ ਹਨ। ਡਾ. ਡੇਵਿਡ ਮਸਗ੍ਰੋਵ, ਜੋ 2026 ਵਿੱਚ ਪ੍ਰਕਾਸ਼ਿਤ 'ਦਿ ਸਟੋਰੀ ਆਫ ਦਾ ਬਿਯੂ ਟੇਪੈਸਟਰੀ' ਦੇ ਸਹਿ-ਲੇਖਕ ਹਨ, ਦਾ ਸੁਝਾਅ ਹੈ ਕਿ ਪੁਜਾਰੀ ਵੱਲੋਂ ਕੀਤੀ ਜਾ ਰਹੀ ਜਿਨਸੀ ਪਰੇਸ਼ਾਨੀ ਨੂੰ ਇੱਥੇ ਉਜਾਗਰ ਕੀਤਾ ਗਿਆ ਹੈ।

ਉਹ ਇਸ ਨੂੰ "ਮੱਧਕਾਲੀਨ #MeToo ਪਲ਼" ਕਹਿੰਦੇ ਹਨ ਅਤੇ ਇਹ ਵਿਆਖਿਆ ਤਰਕਸੰਗਤ ਲੱਗਦੀ ਹੈ।

ਟੇਪੈਸਟਰੀ

ਤਸਵੀਰ ਸਰੋਤ, Getty Images

ਤਸਵੀਰ ਕੈਪਸ਼ਨ, ਹਰੇ ਚੋਲੇ ਵਾਲਾ ਇੱਕ ਪਾਦਰੀ ਐਲਫ਼ਗਿਵਾ ਦੇ ਚਿਹਰੇ ਵੱਲ ਹੱਥ ਵਧਾਉਂਦਾ ਹੈ, ਕਿਨਾਰੇ ਵਿੱਚ ਇੱਕ ਨੰਗਾ ਆਦਮੀ ਪਾਦਰੀ ਦੀ ਕਾਮੁਕ ਮੁਦਰਾ ਦੀ ਨਕਲ ਕਰਦਾ ਦਿਖਾਈ ਦਿੰਦਾ ਹੈ।

ਹਾਲਾਂਕਿ ਕੁਝ ਹੋਰ ਇਤਿਹਾਸਕਾਰਾਂ ਨੇ ਇਸ ਦ੍ਰਿਸ਼ ਨੂੰ ਇੰਨੀ ਅਹਿਮੀਅਤ ਨਹੀਂ ਦਿੱਤੀ।

20ਵੀਂ ਸਦੀ ਦੇ ਇੱਕ ਇਤਿਹਾਸਕਾਰ ਨੇ ਟਿੱਪਣੀ ਕੀਤੀ ਸੀ ਕਿ "ਕਿਉਂਕਿ ਇਹ ਕਹਾਣੀ ਵਿੱਚ ਕੋਈ ਯੋਗਦਾਨ ਨਹੀਂ ਪਾਉਂਦਾ, ਸਿਵਾਏ ਇੱਕ ਉਲਝਣ ਭਰੇ ਪਲ ਦੇ, ਇਸ ਲਈ ਅਸੀਂ ਇਸ ਨੂੰ ਛੱਡ ਦੇਣਾ ਠੀਕ ਸਮਝਿਆ ਹੈ।"

ਜਿਵੇਂ ਭਿਕਸ਼ੂ ਹੱਥ-ਲਿਖਤਾਂ ਦੇ ਹਾਸ਼ੀਏ ਵਿੱਚ ਤਸਵੀਰਾਂ ਬਣਾਉਂਦੇ ਸਨ, ਉਸੇ ਤਰ੍ਹਾਂ ਇਹ ਸੰਭਵ ਹੈ ਕਿ ਮਹਿਲਾ ਕਢਾਈਕਾਰਾਂ ਨੂੰ ਵੀ ਇਨ੍ਹਾਂ ਰਹੱਸਮਈ ਟਿੱਪਣੀਆਂ ਰਾਹੀਂ ਕੁਝ ਰਚਨਾਤਮਕ ਆਜ਼ਾਦੀ ਦਿੱਤੀ ਗਈ ਹੋਵੇ।

ਮੌਂਕ ਬੀਬੀ ਨੂੰ ਕਹਿੰਦੀ ਹੈ, "ਬਿਨਾਂ ਸ਼ੱਕ ਉਹ ਕਿਸੇ ਡਿਜ਼ਾਈਨ ਦੇ ਅਨੁਸਾਰ ਕੰਮ ਕਰ ਰਹੀਆਂ ਸਨ। ਪਰ ਇਸ ਦਾ ਇਹ ਮਤਲਬ ਨਹੀਂ ਕਿ ਉਹ ਸਿਰਫ਼ ਕਿਸੇ ਹੋਰ ਦੀ ਇੱਛਾ ਨੂੰ ਲਾਗੂ ਕਰਨ ਵਾਲੀਆਂ ਸਨ ਜਾਂ ਹਰ ਛੋਟੀ ਗੱਲ ਉਨ੍ਹਾਂ ਨੂੰ ਦੱਸ ਕੇ ਕਰਵਾਈ ਗਈ ਸੀ।"

ਸ਼ਾਇਦ ਟੇਪੈਸਟਰੀ ਦੀ ਹੱਦ ਵਿੱਚ ਕੰਮ ਕਰਨ ਵਾਲੀਆਂ ਉਹ ਅਦਿੱਖ ਔਰਤਾਂ ਹੀ ਆਖ਼ਰੀ ਹਾਸਾ ਹੱਸੀਆਂ ਹੋਣ।

ਮੌਂਕ ਪੁੱਛਦੀ ਹੈ, "ਕੀ ਇਹ ਜੰਗਪਸੰਦ ਮਰਦਾਂ ਪ੍ਰਤੀ ਨਿਰਾਸ਼ਾ ਜ਼ਾਹਰ ਕਰਨ ਦਾ ਤਰੀਕਾ ਸੀ ਜਾਂ ਆਪਣੇ ਆਪ ਨੂੰ ਅਧੀਨ ਬਣਾਈਆਂ ਗਈਆਂ ਅੰਗਰੇਜ਼ ਔਰਤਾਂ ਦੀ ਆਪਣੀ ਦੁਰਦਸ਼ਾ ਪ੍ਰਤੀ ਪ੍ਰਤੀਕਿਰਿਆ?"

"ਕੀ ਇਸ ਵਿੱਚ ਵਿਲੀਅਮ ਦਾ ਖ਼ਾਸ ਤੌਰ 'ਤੇ ਮਜ਼ਾਕ ਉਡਾਇਆ ਗਿਆ ਹੈ? ਜਾਂ ਕੀ ਉਹ ਸਮਾਂ ਬਿਤਾਉਣ ਲਈ ਖੁੱਲ੍ਹੇ-ਡੁੱਲ੍ਹੇ, ਮਜ਼ਾਕੀਆ ਅਤੇ ਧਰਤੀ ਨਾਲ ਜੁੜੇ ਹਾਸੇ ਦਾ ਆਨੰਦ ਲੈ ਰਹੀਆਂ ਸਨ?"

"ਸ਼ਾਇਦ ਇਨ੍ਹਾਂ ਸਵਾਲਾਂ ਦਾ ਜਵਾਬ ਦੇਣਾ ਅਸੰਭਵ ਹੈ। ਪਰ ਘੱਟੋ-ਘੱਟ ਇਹ ਗੱਲ ਸਾਨੂੰ ਜ਼ਰੂਰ ਸੋਚਣ ਲਈ ਮਜਬੂਰ ਕਰਨੀ ਚਾਹੀਦੀ ਹੈ ਕਿ ਬਿਯੂ ਟੇਪੈਸਟਰੀ ਸਿਰਫ਼ ਇਸ ਲਈ ਮੌਜੂਦ ਹੈ ਕਿਉਂਕਿ ਇਸ ਨੂੰ ਔਰਤਾਂ ਦੀ ਹੁਨਰ ਅਤੇ ਬੁੱਧੀਮਾਨ ਮਿਹਨਤ ਨੇ ਤਿਆਰ ਕੀਤਾ ਸੀ।"

ਬਾਅਦ ਵਿੱਚ ਵਿਕਟੋਰੀਆ ਦੌਰ ਦੀਆਂ ਸਮਾਜਿਕ ਸੰਵੇਦਨਸ਼ੀਲਤਾਵਾਂ ਨੇ ਟੇਪੈਸਟਰੀ ਵਿੱਚ ਮੌਜੂਦ ਕੁਝ ਅਸਲ ਮਰਦਾਨਾ ਰੁਝਾਨਾਂ ਨੂੰ ਵੀ ਦਬਾ ਦਿੱਤਾ।

ਅਸਲ ਟੇਪੈਸਟਰੀ

ਤਸਵੀਰ ਸਰੋਤ, Getty Images

ਤਸਵੀਰ ਕੈਪਸ਼ਨ, ਅਸਲ ਟੇਪੈਸਟਰੀ 1,000 ਸਾਲ ਬਾਅਦ ਇੰਗਲੈਂਡ ਪਰਤ ਰਹੀ ਹੈ ਅਤੇ ਸਤੰਬਰ ਤੋਂ ਲੰਡਨ ਵਿੱਚ ਪ੍ਰਦਰਸ਼ਿਤ ਕੀਤੀ ਜਾਵੇਗੀ

1885 ਵਿੱਚ ਲੀਕ ਐਮਬ੍ਰਾਇਡਰੀ ਸੁਸਾਇਟੀ ਨਾਲ ਸਬੰਧਤ 35 ਔਰਤਾਂ ਦੇ ਇੱਕ ਸਮੂਹ ਨੇ ਇਸ ਦੀ ਬੜੀ ਵਫ਼ਾਦਾਰੀ ਨਾਲ ਨਕਲ ਤਿਆਰ ਕੀਤੀ, ਜੋ ਇਸ ਵੇਲੇ ਰੀਡਿੰਗ ਮਿਊਜ਼ੀਅਮ ਵਿੱਚ ਪ੍ਰਦਰਸ਼ਿਤ ਹੈ।

ਇਸ ਨਵੀਂ ਨਕਲ ਵਿੱਚ ਅੱਗੇ ਵਧਦੀਆਂ ਫ਼ੌਜਾਂ ਅਜੇ ਵੀ ਮਰਦਾਂ ਨਾਲ ਭਰੀਆਂ ਹੋਈਆਂ ਹਨ, ਪਰ ਘੋੜਿਆਂ ਦੇ ਬਹੁਤ ਵੱਡੇ ਦਿਖਾਏ ਗਏ ਜਣਨ ਅੰਗ ਗਾਇਬ ਕਰ ਦਿੱਤੇ ਗਏ ਹਨ।

ਹੈਰਾਨੀ ਦੀ ਗੱਲ ਨਹੀਂ ਕਿ ਹੱਦ ਵਿੱਚ ਪੁਜਾਰੀ ਦੇ ਹਾਵ-ਭਾਵ ਦੀ ਨਕਲ ਕਰਦਾ ਉਹ ਨੰਗਾ ਆਦਮੀ, ਜਿਸ ਦੇ ਜਣਨ ਅੰਗ ਬੇਹੱਦ ਵੱਡੇ ਦਿਖਾਏ ਗਏ ਸਨ, ਨਵੀਂ ਨਕਲ ਵਿੱਚ ਨਿੱਕਰ ਪਹਿਨਿਆ ਹੋਇਆ ਦਿਖਾਈ ਦਿੰਦਾ ਹੈ।

ਸਭ ਤੋਂ ਮਹੱਤਵਪੂਰਨ ਗੱਲ ਇਹ ਹੈ ਕਿ 1885 ਦੇ ਇਸ ਰੂਪ ਵਿੱਚ ਇੱਕ ਵਾਧੂ ਹਾਸ਼ੀਆ ਜੋੜਿਆ ਗਿਆ, ਜਿਸ ਵਿੱਚ ਹਰ ਕਢਾਈਕਾਰ ਔਰਤ ਨੇ ਆਪਣਾ ਨਾਮ ਕੱਢਿਆ।

ਇਸ ਤਰ੍ਹਾਂ ਇਸ ਰੂਪ ਨੇ ਇਸ ਨੂੰ ਬਣਾਉਣ ਵਾਲੀਆਂ ਔਰਤਾਂ ਨੂੰ ਸਨਮਾਨ ਦਿੱਤਾ ਅਤੇ ਇਸ ਵਿੱਚ ਔਰਤਾਂ ਦੀ ਮੌਜੂਦਗੀ ਨੂੰ ਉਭਾਰਿਆ।

ਰਮੀਰੇਜ਼ ਦੱਸਦੀ ਹੈ, "ਜਦੋਂ ਵੀ ਸਟਾਰੀ ਨਾਈਟ ਦੀ ਗੱਲ ਹੁੰਦੀ ਹੈ ਤਾਂ ਕੋਈ ਵੀ ਵੈਨ ਗੌਖ ਦਾ ਜ਼ਿਕਰ ਕੀਤੇ ਬਿਨਾਂ ਇਸ ਬਾਰੇ ਨਹੀਂ ਸੋਚਦਾ... ਪਰ ਬਿਯੂ ਟੇਪੈਸਟਰੀ ਬਾਰੇ ਗੱਲਬਾਤ ਸ਼ੁਰੂ ਕਰਨ ਵਾਲੇ ਬਹੁਤ ਘੱਟ ਲੋਕ ਉਨ੍ਹਾਂ ਔਰਤਾਂ ਬਾਰੇ ਸੋਚਦੇ ਹਨ, ਜਿਨ੍ਹਾਂ ਨੇ ਇਸ ਨੂੰ ਬਣਾਇਆ ਸੀ।"

ਭਾਵੇਂ ਆਧੁਨਿਕ ਹੋਵੇ ਜਾਂ ਮੱਧਕਾਲੀਨ, ਮਰਦ-ਕੇਂਦਰਿਤ ਦੁਨੀਆ ਸ਼ਾਇਦ ਮਰਦਾਂ ਦੀ ਤਾਕਤ ਦੀਆਂ ਕਹਾਣੀਆਂ ਸੁਣਾਉਂਦੀ ਹੋਵੇ, ਪਰ ਇਸ ਦੀ ਹੋਂਦ ਉਨ੍ਹਾਂ ਔਰਤਾਂ 'ਤੇ ਨਿਰਭਰ ਹੋ ਸਕਦੀ ਹੈ, ਜਿਨ੍ਹਾਂ ਨੂੰ ਇਹ ਦੁਨੀਆ ਅਕਸਰ ਨਜ਼ਰਅੰਦਾਜ਼ ਕਰਨ ਦੀ ਕੋਸ਼ਿਸ਼ ਕਰਦੀ ਹੈ।

ਬਿਯੂ ਟੇਪੈਸਟਰੀ 10 ਸਤੰਬਰ ਤੋਂ 11 ਜੁਲਾਈ 2027 ਤੱਕ ਲੰਡਨ ਦੇ ਬ੍ਰਿਟਿਸ਼ ਮਿਊਜ਼ੀਅਮ ਵਿੱਚ ਪ੍ਰਦਰਸ਼ਿਤ ਕੀਤੀ ਜਾ ਰਹੀ ਹੈ। 1885 ਵਿੱਚ ਬਣਾਇਆ ਗਿਆ ਇਸ ਦਾ ਰੂਪ ਰੀਡਿੰਗ ਮਿਊਜ਼ੀਅਮ ਵਿੱਚ ਸਥਾਈ ਤੌਰ 'ਤੇ ਪ੍ਰਦਰਸ਼ਿਤ ਹੈ।

ਬੀਬੀਸੀ ਲਈ ਕਲੈਕਟਿਵ ਨਿਊਜ਼ਰੂਮ ਵੱਲੋਂ ਪ੍ਰਕਾਸ਼ਿਤ

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTER, WhatsApp ਅਤੇ YouTube 'ਤੇ ਜੁੜੋ।)