ਏਸ਼ੀਅਨ ਖੇਡਾਂ ਵਿੱਚ ਕਿੰਨੇ ਪੰਜਾਬੀ ਲੈ ਰਹੇ ਹਨ ਹਿੱਸਾ ਅਤੇ ਕਿਹੜੀਆਂ ਖੇਡਾਂ 'ਚੋਂ ਭਾਰਤ ਨੂੰ ਤਗਮੇ ਜਿੱਤਣ ਦੀ ਉਮੀਦ

ਤੇਜਿੰਦਰਪਾਲ ਤੂਰ ਅਤੇ ਗੁਰਵਿੰਦਰਵੀਰ ਸਿੰਘ

ਤਸਵੀਰ ਸਰੋਤ, Getty Images

ਤਸਵੀਰ ਕੈਪਸ਼ਨ, ਪੰਜਾਬ ਦੇ ਤੇਜਿੰਦਰਪਾਲ ਤੂਰ ਅਤੇ ਗੁਰਵਿੰਦਰਵੀਰ ਸਿੰਘ ਮੈਡਲ ਜਿੱਤਣ ਦੇ ਦਾਅਵੇਦਾਰਾਂ ਵਿੱਚ ਸ਼ਾਮਲ ਹਨ
    • ਲੇਖਕ, ਹਰਪਿੰਦਰ ਸਿੰਘ ਟੌਹੜਾ
    • ਰੋਲ, ਬੀਬੀਸੀ ਪੱਤਰਕਾਰ
  • ਪ੍ਰਕਾਸ਼ਿਤ
  • ਪੜ੍ਹਨ ਦਾ ਸਮਾਂ: 6 ਮਿੰਟ

ਜਪਾਨ ਦੇ ਆਈਚੀ-ਨਾਗੋਯਾ ਵਿਖੇ 20ਵੀਆਂ ਏਸ਼ੀਅਨ ਖੇਡਾਂ 2026 ਦਾ ਆਗਾਜ਼ ਹੋਣ ਜਾ ਰਿਹਾ ਹੈ। ਇਨ੍ਹਾਂ ਖੇਡਾਂ ਦਾ ਆਯੋਜਨ 19 ਸਤੰਬਰ ਤੋਂ 4 ਅਕਤੂਬਰ ਤੱਕ ਕੀਤਾ ਜਾਵੇਗਾ।

ਏਸ਼ੀਅਨ ਖੇਡਾਂ 2026 ਵਿੱਚ 45 ਦੇਸ਼ ਹਿੱਸਾ ਲੈ ਰਹੇ ਹਨ। ਇਨ੍ਹਾਂ ਖੇਡਾਂ ਵਿੱਚ ਹਿੱਸਾ ਲੈਣ ਲਈ ਭਾਰਤ ਵੀ ਪੂਰੀ ਤਰ੍ਹਾਂ ਤਿਆਰ ਹੈ।

ਇਸ ਰਿਪੋਰਟ ਵਿੱਚ ਗੱਲ ਕਰਾਂਗੇ ਕਿ ਕਿੰਨੇ ਖਿਡਾਰੀ ਹਿੱਸਾ ਲੈਣਗੇ, ਕਿਹੜੇ ਖਿਡਾਰੀਆਂ ਤੋਂ ਤਗਮੇ ਦੀਆਂ ਉਮੀਦਾਂ ਹਨ ਅਤੇ ਪੰਜਾਬ ਤੋਂ ਕਿੰਨੇ ਖਿਡਾਰੀ ਇਨ੍ਹਾਂ ਏਸ਼ੀਅਨ ਖੇਡਾਂ ਵਿੱਚ ਹਿੱਸਾ ਲੈਣ ਲਈ ਤਿਆਰ ਹਨ।

ਭਾਰਤ ਦੇ ਕੁੱਲ ਕਿੰਨੇ ਐਥਲੀਟ ਹਿੱਸਾ ਲੈ ਰਹੇ ਹਨ

ਭਾਰਤ ਦੇ ਖੇਡ ਮੰਤਰਾਲੇ ਵੱਲੋਂ ਦਿੱਤੀ ਗਈ ਜਾਣਕਾਰੀ ਮੁਤਾਬਕ 501 ਐਥਲੀਟ ਵੱਖ ਵੱਖ 36 ਖੇਡਾਂ ਵਿੱਚ ਹਿੱਸਾ ਲੈਣਗੇ।

ਇਨ੍ਹਾਂ ਵਿੱਚ 267 ਪੁਰਸ਼ ਤੇ 234 ਮਹਿਲਾ ਖਿਡਾਰੀ ਹਿੱਸਾ ਲੈਣਗੇ। ਇਨ੍ਹਾਂ 'ਚੋਂ 259 ਈਵੈਂਟ ਵਿੱਚ 356 ਮੈਡਲਾਂ ਲਈ ਭਾਰਤ ਦੇ ਐਥਲੀਟ ਜੱਦੋ-ਜਹਿਦ ਕਰਨਗੇ।

ਇਸ ਵਾਰ 310 ਐਥਲੀਟ ਅਜਿਹੇ ਹਨ ਜੋ ਪਹਿਲੀ ਵਾਰ ਏਸ਼ੀਅਨ ਖੇਡਾਂ ਵਿੱਚ ਭਾਗ ਲੈਣਗੇ। ਸਭ ਤੋਂ ਵੱਧ ਐਥਲੈਟਿਕਸ ਵਿੱਚ ਭਾਰਤ ਦੇ 78 ਐਥਲੀਟ ਹਿੱਸਾ ਲੈਣਗੇ।

ਖੇਡ ਮੰਤਰਾਲੇ ਵੱਲੋਂ ਦਿੱਤੀ ਗਈ ਜਾਣਕਾਰੀ ਮੁਤਾਬਕ ਭਾਰਤ ਨੇ ਇਸ ਵਾਰ ਏਸ਼ੀਅਨ ਖੇਡਾਂ ਦੀ ਤਿਆਰੀ ਲਈ 702.86 ਕਰੋੜ ਰੁਪਏ ਖਰਚ ਕੀਤੇ ਹਨ।

ਕਿਹੜਾ ਖਿਡਾਰੀ ਸਭ ਤੋਂ ਛੋਟੀ ਉਮਰ ਦਾ

ਸੂਰਿਆਵੰਸ਼ੀ

ਤਸਵੀਰ ਸਰੋਤ, Getty Images

ਤਸਵੀਰ ਕੈਪਸ਼ਨ, ਸੂਰਿਆਵੰਸ਼ੀ ਦਾ ਜਨਮ 27 ਮਾਰਚ 2011 ਨੂੰ ਹੋਇਆ ਸੀ

ਜਪਾਨ ਵਿੱਚ ਖੇਡੀਆਂ ਜਾਣ ਵਾਲੀਆਂ ਏਸ਼ੀਅਨ ਖੇਡਾਂ ਦੀ ਜੇਕਰ ਗੱਲ ਕਰੀਏ ਤਾਂ ਭਾਰਤ ਦੇ ਉਭਰਦੇ ਕ੍ਰਿਕਟਰ ਵੈਭਵ ਸੂਰਿਆਵੰਸ਼ੀ ਸਭ ਤੋਂ ਛੋਟੀ ਉਮਰ ਦੇ ਖਿਡਾਰੀ ਹੋਣਗੇ, ਜੋ ਇਨ੍ਹਾਂ ਖੇਡਾਂ ਵਿੱਚ ਹਿੱਸਾ ਲੈਣਗੇ।

ਸੂਰਿਆਵੰਸ਼ੀ ਦਾ ਜਨਮ 27 ਮਾਰਚ 2011 ਨੂੰ ਹੋਇਆ ਸੀ। ਉਸ ਹਿਸਾਬ ਨਾਲ ਉਨ੍ਹਾਂ ਦੀ ਉਮਰ ਕਰੀਬ 15 ਸਾਲ ਹੈ।

ਜੇਕਰ ਸਭ ਤੋਂ ਵੱਡੀ ਉਮਰ ਦੇ ਐਥਲੀਟ ਦੀ ਗੱਲ ਕਰੀਏ ਤਾਂ ਉਹ ਸ਼ਰੂਤੀ ਵੋਰਾ ਹਨ। ਖੇਡ ਮੰਤਰਾਲੇ ਵੱਲੋਂ ਦਿੱਤੀ ਗਈ ਜਾਣਕਾਰੀ ਮੁਤਾਬਕ ਸ਼ਰੂਤੀ ਦਾ ਜਨਮ 16-01-1971 ਨੂੰ ਹੋਇਆ ਸੀ। ਸ਼ਰੂਤੀ ਘੁੜਸਵਾਰ ਹਨ।

ਆਖਰੀ ਏਸ਼ੀਅਨ ਖੇਡਾਂ ਵਿੱਚ ਭਾਰਤ ਦਾ ਪ੍ਰਦਰਸ਼ਨ

ਖਿਡਾਰੀ

ਤਸਵੀਰ ਸਰੋਤ, Indian Olympic association

ਤਸਵੀਰ ਕੈਪਸ਼ਨ, ਜਾਪਾਨ ਵਿੱਚ ਹੋਣ ਜਾ ਰਹੀਆਂ ਏਸ਼ੀਆਈ ਖੇਡਾਂ ਵਿੱਚ ਹਿੱਸਾ ਲੈਣ ਵਾਲੇ ਖਿਡਾਰੀਆਂ ਦੀ ਤਸਵੀਰ

ਆਖਰੀ ਏਸ਼ੀਅਨ ਖੇਡਾਂ ਚੀਨ ਦੇ ਹੋਂਗਜੋਊ ਵਿੱਚ 2023 ਵਿੱਚ ਹੋਈਆਂ ਸਨ। ਹਾਲਾਂਕਿ ਇਨ੍ਹਾਂ ਖੇਡਾਂ ਦਾ ਆਯੋਜਨ 2022 ਵਿੱਚ ਹੋਣਾ ਸੀ, ਪਰ ਕੋਵਿਡ ਕਾਰਨ ਇਹ ਖੇਡਾਂ 2023 ਵਿੱਚ ਕਰਵਾਈਆਂ ਗਈਆਂ।

ਇਨ੍ਹਾਂ ਖੇਡਾਂ ਵਿੱਚ ਭਾਰਤ ਨੇ ਰਿਕਾਰਡ ਤੋੜ ਪ੍ਰਦਰਸ਼ਨ ਕੀਤਾ ਸੀ। ਭਾਰਤ ਨੇ ਕੁੱਲ 106 ਮੈਡਲ ਜਿੱਤ ਕੇ ਏਸ਼ੀਅਨ ਖੇਡਾਂ ਦੇ ਇਤਿਹਾਸ ਵਿੱਚ ਸਭ ਤੋਂ ਵੱਧ ਤਗਮੇ ਜਿੱਤੇ ਸਨ।

ਭਾਰਤ ਨੇ 28 ਗੋਲਡ, 38 ਚਾਂਦੀ ਅਤੇ 40 ਕਾਂਸੇ ਦੇ ਤਗਮੇ ਹਾਸਿਲ ਕੀਤੇ ਸਨ ਅਤੇ ਭਾਰਤ ਚੌਥੇ ਸਥਾਨ 'ਤੇ ਰਿਹਾ ਸੀ। ਇਸ ਵਾਰ ਭਾਰਤੀ ਖਿਡਾਰੀਆਂ ਦੀ ਕੋਸ਼ਿਸ਼ ਇਸ ਪ੍ਰਦਰਸ਼ਨ ਨੂੰ ਹੋਰ ਸੁਧਾਰਨ ਦੀ ਰਹੇਗੀ।

ਭਾਰਤ ਨੂੰ ਕਿਹੜੇ ਖਿਡਾਰੀਆਂ ਤੋਂ ਉਮੀਦਾਂ

ਪੀਵੀ ਸਿੰਧੂ ਅਤੇ ਮਨੂ ਭਾਕਰ

ਤਸਵੀਰ ਸਰੋਤ, Getty Images

ਤਸਵੀਰ ਕੈਪਸ਼ਨ, ਏਸ਼ੀਆਈ ਖੇਡਾਂ ਵਿੱਚ ਪੀਵੀ ਸਿੰਧੂ ਅਤੇ ਮਨੂ ਭਾਕਰ ਕੋਲੋਂ ਤਗਮੇ ਦੀ ਆਸ ਕੀਤੀ ਜਾ ਰਹੀ ਹੈ

ਏਸ਼ੀਅਨ ਖੇਡਾਂ ਦੀ ਸ਼ੁਰੂਆਤ ਹੋਣ ਤੋਂ ਪਹਿਲਾਂ ਹੀ ਭਾਰਤ ਨੂੰ ਵੱਡਾ ਝਟਕਾ ਵੀ ਲੱਗਿਆ ਹੈ, ਕਿਉਂਕਿ ਭਾਰਤ ਦੇ ਜੈਵਲਿਨ ਥ੍ਰੋਅਰ ਨੀਰਜ ਚੋਪੜਾ ਏਸ਼ੀਅਨ ਖੇਡਾਂ ਦਾ ਹਿੱਸਾ ਨਹੀਂ ਹੋਣਗੇ।

ਉਨ੍ਹਾਂ ਨੇ ਸੱਟ ਕਾਰਨ ਹਿੱਸਾ ਨਾ ਲੈਣ ਦੀ ਜਾਣਕਾਰੀ ਸਾਂਝੀ ਕੀਤੀ ਸੀ। ਨੀਰਜ ਚੋਪੜਾ 2018 ਅਤੇ 2022 ਦੀਆਂ ਏਸ਼ੀਅਨ ਖੇਡਾਂ ਵਿੱਚ ਗੋਲਡ ਮੈਡਲ ਜੇਤੂ ਹਨ।

ਜੇਕਰ ਭਾਰਤ ਦੇ ਹੋਰਨਾਂ ਖਿਡਾਰੀਆਂ ਦੀ ਗੱਲ ਕਰੀਏ ਤਾਂ ਭਾਰਤ ਨੂੰ ਸ਼ੂਟਿੰਗ, ਬੈਡਮਿੰਟਨ, ਕ੍ਰਿਕਟ, ਹਾਕੀ, ਐਥਲੈਟਿਕਸ, ਵੇਟਲਿਫਟਿੰਗ ਅਤੇ ਬੌਕਸਿੰਗ ਵਿੱਚੋਂ ਮੈਡਲ ਜਿੱਤਣ ਦੀਆਂ ਉਮੀਦਾਂ ਹਨ।

ਭਾਰਤ ਦੀ ਸਟਾਰ ਸ਼ੂਟਰ ਮਨੂ ਭਾਕਰ, ਈਸ਼ਾ ਸਿੰਘ, ਐਥਲੈਟਿਕਸ ਵਿੱਚ ਤੇਜਿੰਦਰਪਾਲ ਸਿੰਘ ਤੂਰ (ਸ਼ਾਟ ਪੁੱਟ), ਗੁਰਿੰਦਰਵੀਰ ਸਿੰਘ (100 ਮੀਟਰ ਦੌੜ), ਅਨੀਮੇਸ਼ ਕੁਜੁਰ (200 ਮੀਟਰ), ਗੁਲਵੀਰ ਸਿੰਘ (5000 ਅਤੇ 10000 ਮੀਟਰ ਦੌੜ), ਬੈਡਮਿੰਟਨ ਵਿੱਚ ਪੀਵੀ ਸਿੰਧੂ, ਲਕਸ਼ਿਆ ਸੇਨ, ਤਨਵੀ ਸ਼ਰਮਾ, ਪੁਰਸ਼ ਅਤੇ ਮਹਿਲਾ ਹਾਕੀ ਟੀਮਾਂ, ਪੁਰਸ਼ ਅਤੇ ਮਹਿਲਾ ਕ੍ਰਿਕਟ ਟੀਮਾਂ, ਵੇਟਲਿਫਟਿੰਗ ਅਤੇ ਬੌਕਸਿੰਗ ਵਿੱਚ ਭਾਰਤ ਨੂੰ ਮੈਡਲ ਆਉਣ ਦੀ ਉਮੀਦ ਹੈ।

ਜੇਕਰ ਹਾਕੀ ਦੀ ਗੱਲ ਕਰੀਏ ਤਾਂ ਭਾਰਤ ਦੀ ਪੁਰਸ਼ ਅਤੇ ਮਹਿਲਾ ਟੀਮ ਡਿਫੈਂਡਿੰਗ ਚੈਂਪੀਅਨ ਹਨ।

ਜੇਕਰ ਇਸ ਵਾਰ ਏਸ਼ੀਅਨ ਖੇਡਾਂ ਵਿੱਚ ਗੋਲਡ ਜਿੱਤਦੀਆਂ ਹਨ ਤਾਂ 2028 ਵਿੱਚ ਹੋਣ ਵਾਲੀਆਂ ਲਾਸ ਏਂਜਲਸ ਓਲੰਪਿਕ ਖੇਡਾਂ ਲਈ ਸਿੱਧਾ ਕੁਆਲੀਫਾਈ ਕਰ ਲੈਣਗੀਆਂ।

ਕ੍ਰਿਕਟ ਦੀਆਂ ਵੀ ਦੋਵੇਂ ਟੀਮਾਂ ਨੇ ਲੰਘੀਆਂ ਏਸ਼ੀਅਨ ਖੇਡਾਂ ਵਿੱਚ ਗੋਲਡ ਮੈਡਲ ਜਿੱਤੇ ਸਨ। ਤੇਜਿੰਦਰਪਾਲ ਸਿੰਘ ਤੂਰ ਵੀ ਲਗਾਤਾਰ ਦੋ ਵਾਰ ਦੇ ਗੋਲਡ ਮੈਡਲਿਸਟ ਹਨ।

ਪੰਜਾਬ ਦੇ ਕਿਹੜੇ-ਕਿਹੜੇ ਖਿਡਾਰੀ ਹਿੱਸਾ ਲੈ ਰਹੇ ਹਨ

ਭਾਰਤੀ ਹਾਕੀ ਟੀਮ

ਤਸਵੀਰ ਸਰੋਤ, Hockey India

ਤਸਵੀਰ ਕੈਪਸ਼ਨ, ਭਾਰਤੀ ਹਾਕੀ ਟੀਮ ਵਿੱਚ 8 ਪੰਜਾਬੀ ਖਿਡਾਰੀ ਹਨ

ਏਸ਼ੀਅਨ ਖੇਡਾਂ ਵਿੱਚ ਹਿੱਸਾ ਲੈਣ ਵਾਲੇ ਪੰਜਾਬ ਦੇ ਖਿਡਾਰੀਆਂ ਦੀ ਸੂਚੀ

  • ਤੇਜਿੰਦਰਪਾਲ ਸਿੰਘ ਤੂਰ- ਸ਼ਾਟ ਪੁੱਟ
  • ਕਰਨਵੀਰ ਸਿੰਘ- ਸ਼ਾਟ ਪੁੱਟ
  • ਦਮਨੀਤ ਸਿੰਘ- ਹੈਮਰ ਥ੍ਰੋਅ
  • ਗੁਰਿੰਦਰਵੀਰ ਸਿੰਘ- 100 ਮੀਟਰ ਦੌੜ ਤੇ 4x100 ਮੀਟਰ ਰੀਲੇਅ
  • ਰਸ਼ਦੀਪ ਕੌਰ- 4x400 ਮੀਟਰ ਰੀਲੇਅ, ਮਿਕਸਡ 4x400 ਮੀਟਰ ਰੀਲੇਅ
  • ਮੰਜੂ ਰਾਣੀ- ਐਥਲੀਟ (ਰੇਸ ਵਾਕਰ)
  • ਨਿਹਾਰਿਕਾ ਵਸ਼ਿਸ਼ਟ- ਟ੍ਰਿਪਲ ਜੰਪ
  • ਸਤਨਾਮ ਸਿੰਘ ਘੁਰਦੇ – ਰੋਇੰਗ
  • ਜਸਵਿੰਦਰ ਸਿੰਘ- ਰੋਇੰਗ
  • ਕੁਲਵਿੰਦਰ ਸਿੰਘ- ਰੋਇੰਗ
  • ਜਰਮਨਪ੍ਰੀਤ ਸਿੰਘ- ਹਾਕੀ
  • ਹਰਮਨਪ੍ਰੀਤ ਸਿੰਘ – ਹਾਕੀ
  • ਜੁਗਰਾਜ ਸਿੰਘ- ਹਾਕੀ
  • ਹਾਰਦਿਕ ਸਿੰਘ- ਹਾਕੀ
  • ਮਨਪ੍ਰੀਤ ਸਿੰਘ- ਹਾਕੀ
  • ਸੁਖਜੀਤ ਸਿੰਘ- ਹਾਕੀ
  • ਮਨਦੀਪ ਸਿੰਘ- ਹਾਕੀ
  • ਦਿਲਪ੍ਰੀਤ ਸਿੰਘ – ਹਾਕੀ
  • ਬਲਜੀਤ ਕੌਰ- ਹਾਕੀ
  • ਹਰਜਿੰਦਰ ਕੌਰ – ਵੇਟਲਿਫਟਿੰਗ
  • ਅਰਸ਼ਦੀਪ ਸਿੰਘ- ਕ੍ਰਿਕਟ
  • ਅਭਿਸ਼ੇਕ ਸ਼ਰਮਾ- ਕ੍ਰਿਕਟ
  • ਹਰਮਨਪ੍ਰੀਤ ਕੌਰ- ਕ੍ਰਿਕਟ
  • ਤਨਵੀ ਸ਼ਰਮਾ- ਬੈਡਮਿੰਟਨ
  • ਪਰੀਨਾਜ਼ ਧਾਲੀਵਾਲ- ਸਕੀਟ ਸ਼ੂਟਿੰਗ
  • ਭਵਤੇਗ ਸਿੰਘ ਗਿੱਲ- ਸਕੀਟ ਸ਼ੂਟਿੰਗ-
  • ਹਰਸ਼ਵੀਰ ਸਿੰਘ ਸੇਖੋਂ- ਸਾਇਕਲਿੰਗ
  • ਵਿਸ਼ਵਜੀਤ ਸਿੰਘ - ਸਾਇਕਲਿੰਗ
  • ਅਮਨਦੀਪ ਕੌਰ- ਰਗਬੀ

ਏਸ਼ੀਅਨ ਖੇਡਾਂ ਦੀ ਸ਼ੁਰੂਆਤ ਕਦੋਂ ਹੋਈ

ਏਸ਼ੀਆਈ ਖੇਡਾਂ

ਤਸਵੀਰ ਸਰੋਤ, OLYMPIC COUNCIL OF INDIA ARCHIVES

ਤਸਵੀਰ ਕੈਪਸ਼ਨ, ਪਹਿਲੀ ਵਾਰ ਏਸ਼ੀਅਨ ਖੇਡਾਂ ਦਾ ਆਗਾਜ਼ 1951 ਵਿੱਚ ਭਾਰਤ ਵਿਖੇ ਹੋਇਆ ਸੀ

ਏਸ਼ੀਅਨ ਖੇਡਾਂ ਤੋਂ ਭਾਵ ਏਸ਼ੀਆਈ ਮੁਲਕਾਂ ਦੇ ਆਪਸ ਵਿੱਚ ਮੁਕਾਬਲੇ ਹਨ। ਏਸ਼ੀਅਨ ਖੇਡਾਂ ਦੀ ਸ਼ੁਰੂਆਤ ਵੀ ਇਸੇ ਲਈ ਹੋਈ ਸੀ ਕਿ ਏਸ਼ੀਆ ਦੇ ਮੁਲਕ ਇਕੱਠੇ ਹੋ ਸਕਣ।

ਪਹਿਲੀ ਵਾਰ ਏਸ਼ੀਅਨ ਖੇਡਾਂ ਦਾ ਆਗਾਜ਼ 1951 ਵਿੱਚ ਭਾਰਤ ਵਿਖੇ ਹੋਇਆ ਸੀ। ਇਹ ਖੇਡਾਂ ਹਰ ਚਾਰ ਸਾਲਾਂ ਬਾਅਦ ਕਰਵਾਈਆਂ ਜਾਂਦੀਆਂ ਹਨ। 1982 ਵਿੱਚ ਭਾਰਤ ਨੂੰ ਦੂਜੀ ਵਾਰ ਏਸ਼ੀਅਨ ਖੇਡਾਂ ਦੀ ਮੇਜ਼ਬਾਨੀ ਕਰਨ ਦਾ ਮੌਕਾ ਮਿਲਿਆ ਸੀ।

ਭਾਰਤ ਦੇ ਕੁੱਲ ਤਗਮੇ

ਭਾਰਤ ਨੇ ਹੁਣ ਤੱਕ ਏਸ਼ੀਅਨ ਖੇਡਾਂ ਵਿੱਚੋਂ ਕੁੱਲ 778 ਤਗਮੇ ਜਿੱਤੇ ਹਨ, ਜਿਨ੍ਹਾਂ ਵਿੱਚੋਂ 183 ਗੋਲਡ, 238 ਚਾਂਦੀ ਅਤੇ 357 ਕਾਂਸੇ ਦੇ ਤਗਮੇ ਸ਼ਾਮਿਲ ਹਨ। ਭਾਰਤ ਨੇ ਸਭ ਤੋਂ ਵੱਧ ਮੈਡਲ ਐਥਲੈਟਿਕਸ ਵਿੱਚੋਂ ਜਿੱਤੇ ਹਨ, ਜਿਨ੍ਹਾਂ ਦੀ ਗਿਣਤੀ 85 ਸੋਨੇ ਦੇ ਤਗਮਿਆਂ ਸਮੇਤ 283 ਹੈ।

ਦੂਜੇ ਨੰਬਰ 'ਤੇ ਸ਼ੂਟਿੰਗ ਹੈ, ਜਿਸ ਵਿੱਚੋਂ ਕੁੱਲ 80 ਤਗਮੇ ਹਾਸਿਲ ਕੀਤੇ। ਤੀਜੇ ਨੰਬਰ 'ਤੇ ਰੈਸਲਿੰਗ ਹੈ, ਜਿਸ ਵਿੱਚੋਂ 65 ਤਗਮੇ ਭਾਰਤ ਨੇ ਝੋਲੀ ਪਾਏ ਹਨ।

ਬੀਬੀਸੀ ਲਈ ਕਲੈਕਟਿਵ ਨਿਊਜ਼ਰੂਮ ਵੱਲੋਂ ਪ੍ਰਕਾਸ਼ਿਤ

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTER, WhatsApp ਅਤੇ YouTube 'ਤੇ ਜੁੜੋ।)