ਰਿਟਾਇਰਮੈਂਟ ਤੋਂ ਬਾਅਦ ਪੀਐਫ ਦੀ 'ਮਾਸਿਕ ਪੈਨਸ਼ਨ ਯੋਜਨਾ': ਇਸ ਦੇ ਫ਼ਾਇਦੇ ਅਤੇ ਨੁਕਸਾਨ ਜਾਣੋ

ਤਸਵੀਰ ਸਰੋਤ, Getty Images
ਨੌਕਰੀ ਕਰਦਿਆਂ ਤੁਹਾਡੀ ਤਨਖਾਹ ਦਾ ਇੱਕ ਹਿੱਸਾ ਹਰ ਮਹੀਨੇ ਈਪੀਐਫ ਵਿੱਚ ਜਮ੍ਹਾਂ ਹੁੰਦਾ ਹੈ। ਇਸ 'ਤੇ ਵਿਆਜ ਵੀ ਮਿਲਦਾ ਹੈ ਅਤੇ ਸੇਵਾ ਮੁਕਤੀ ਤੱਕ ਇੱਕ ਵੱਡੀ ਰਾਸ਼ੀ ਜਮ੍ਹਾ ਹੋ ਜਾਂਦੀ ਹੈ।
ਕੀ ਸੇਵਾ ਮੁਕਤੀ ਤੋਂ ਬਾਅਦ ਇਸ ਸਾਰੀ ਰਕਮ ਨੂੰ ਇਕੱਠਿਆਂ ਕੱਢ ਲੈਣਾ ਬਿਹਤਰ ਹੈ ਜਾਂ ਇਸ ਨੂੰ ਖਾਤੇ ਵਿੱਚ ਰੱਖਣਾ ਅਤੇ ਹਰ ਮਹੀਨੇ ਥੋੜ੍ਹੀ ਥੋੜ੍ਹੀ ਰਕਮ ਕੱਢਣਾ ਬਿਹਤਰ ਹੈ ?
ਇਸੇ ਗੱਲ ਨੂੰ ਧਿਆਨ ਵਿੱਚ ਰੱਖਦਿਆਂ ਕਰਮਚਾਰੀ ਭਵਿੱਖ ਨਿਧੀ ਸੰਗਠਨ (ਈਪੀਐਫਓ) ਨੇ ਇੱਕ ਨਵੀਂ ਸਹੂਲਤ ਨੂੰ ਮਨਜ਼ੂਰੀ ਦੇ ਦਿੱਤੀ ਹੈ। ਇਸ ਸਹੂਲਤ ਦਾ ਨਾਮ ਵਿਵਸਥਿਤ ਨਿਕਾਸੀ ਯੋਜਨਾ ਜਾਂ ਐਸਡਬਲਿਊਪੀ ਹੈ।
ਇਸ ਸਹੂਲਤ ਨਾਲ ਕਰਮਚਾਰੀਆਂ ਨੂੰ ਸੇਵਾ ਮੁਕਤੀ ਤੋਂ ਬਾਅਦ ਆਪਣੀ ਪੂਰੀ ਪੀਐਫ ਰਾਸ਼ੀ ਇਕੱਠੀ ਕਢਾਉਣ ਦੀ ਬਜਾਏ ਕਿਸ਼ਤਾਂ ਵਿੱਚ ਕਢਵਾਉਣ ਦੀ ਇਜਾਜ਼ਤ ਮਿਲੇਗੀ।
ਤਾਂ ਆਓ ਜਾਣਦੇ ਹਾਂ ਕਿ ਇਹ ਐਸਡਬਲਿਊਪੀ ਆਖਿਰ ਕੀ ਹੈ, ਇਹ ਕਿਵੇਂ ਕੰਮ ਕਰਦਾ ਹੈ ਅਤੇ ਈਪੀਐਫਓ ਦਾ ਇਹ ਨਵਾਂ ਵਿਕਲਪ ਹੋਰ ਵਿਕਲਪਾਂ ਤੋਂ ਕਿਵੇਂ ਵੱਖ ਹੈ।
ਇਸ ਦੇ ਨਾਲ ਹੀ ਅਸੀਂ ਇਹ ਵੀ ਸਮਝਾਂਗੇ ਕਿ ਐਸਡਬਲਿਊਪੀ ਜ਼ਰੀਏ ਕਢਵਾਈ ਗਈ ਰਾਸ਼ੀ 'ਤੇ ਟੈਕਸ ਦੇ ਨਿਯਮ ਕੀ ਹਨ।
ਆਓ ਦੇਖਦੇ ਹਾਂ ਕਿ ਈਪੀਐਫਓ ਨੂੰ ਇਹ ਐਸਡਬਲਿਊਪੀ ਯੋਜਨਾ ਲਾਭਕਾਰੀ ਹੈ ਜਾਂ ਇਸ ਦੇ ਨੁਕਸਾਨ ਵੀ ਹੋ ਸਕਦੇ ਹਨ।
ਐਸਡਬਲਿਊਪੀ ਕੀ ਹੈ ?

ਤਸਵੀਰ ਸਰੋਤ, Getty Images
SWP ਦਾ ਮਤਲਬ 'ਸਿਸਟਮੈਟਿਕ ਵਿਡਰਾਲ ਪਲਾਨ' ਹੈ। ਇਸ ਦਾ ਮਤਲਬ ਹੈ ਕਿ ਤੁਸੀਂ ਆਪਣੇ ਨਿਵੇਸ਼ ਵਿੱਚੋਂ ਨਿਯਮਿਤ ਵਕਫ਼ੇ 'ਤੇ ਇੱਕ ਨਿਸ਼ਚਿਤ ਰਾਸ਼ੀ ਕਢਵਾਉਂਦੇ ਹੋ।
ਤੁਸੀਂ ਇਸ ਨੂੰ ਸਿਸਟਮੈਟਿਕ ਇਨਵੈਸਟਮੈਂਟ ਪਲਾਨ ਜਾਂ ਐਸਆਈਪੀ ਦੀ ਉਲਟ ਪ੍ਰਕਿਰਿਆ ਵਜੋਂ ਸਮਝ ਸਕਦੇ ਹੋ।
ਐਸਆਈਪੀ ਮਿਉਚਅਲ ਫੰਡ ਵਿਚ ਨਿਵੇਸ਼ ਕਰਨ ਦਾ ਇੱਕ ਬਹੁਤ ਹੀ ਹਰਮਨ ਪਿਆਰਾ ਬਦਲ ਹੈ।
ਸਿਸਟਮੈਟਿਕ ਇਨਵੈਸਟਮੈਂਟ ਪਲਾਨ ਵਿੱਚ ਤੁਸੀਂ ਹਰ ਮਹੀਨੇ ਪੈਸਾ ਨਿਵੇਸ਼ ਕਰਦੇ ਹੋ ਜਦਕਿ ਐਸਡਬਲਿਊਪੀ ਵਿੱਚ ਤੁਸੀਂ ਆਪਣੇ ਪਿਛਲੇ ਨਿਵੇਸ਼ਾਂ ਵਿਚੋਂ ਹਰ ਮਹੀਨੇ ਪੈਸਾ ਕਢਵਾਉਂਦੇ ਹੋ।
ਉਦਾਹਰਨ ਵਜੋਂ, ਮੰਨ ਲਓ ਕਿ ਕਿਸੇ ਵਿਅਕਤੀ ਕੋਲ ਸੇਵਾ ਮੁਕਤੀ ਸਮੇਂ ਵੀਹ ਲੱਖ ਰੁਪਏ ਦੀ ਬਚਤ ਹੈ। ਉਹ ਇਸ ਪੂਰੀ ਰਕਮ ਨੂੰ ਇਕੱਠਿਆਂ ਕਢਵਾਉਣ ਦੀ ਬਜਾਏ ਹਰ ਮਹੀਨੇ ਦਸ ਹਜ਼ਾਰ ਰੁਪਏ ਕਢਵਾਉਣਾ ਚਾਹੁੰਦਾ ਹੈ।
ਅਜਿਹੇ ਮਾਮਲੇ ਵਿਚ, ਵਿਅਕਤੀ ਐਸਡਬਲਿਊਪੀ ਦਾ ਬਦਲ ਚੁਣ ਸਕਦਾ ਹੈ।
ਹਰ ਮਹੀਨੇ ਦਸ ਹਜ਼ਾਰ ਰੁਪਏ ਕਢਵਾਉਣ ਤੋਂ ਬਾਅਦ ਬਾਕੀ ਰਾਸ਼ੀ ਨਿਵੇਸ਼ ਵਿੱਚ ਬਚੀ ਰਹਿੰਦੀ ਹੈ ਅਤੇ ਉਸ 'ਤੇ ਵਿਆਜ ਲਗਾਤਾਰ ਮਿਲਦਾ ਰਹਿੰਦਾ ਹੈ।
ਹਾਲਾਂਕਿ, ਜੇ ਤੁਸੀਂ ਜੋ ਰਾਸ਼ੀ ਕਢਵਾਉਂਦੇ ਹੋ ਉਹ ਨਿਵੇਸ਼ 'ਤੇ ਪ੍ਰਾਪਤ ਹੋਣ ਵਾਲੇ ਵਿਆਜ ਤੋਂ ਜ਼ਿਆਦਾ ਹੈ ਤਾਂ ਤੁਹਾਡੀ ਮੂਲ ਰਾਸ਼ੀ ਹੌਲੀ ਹੌਲੀ ਘੱਟ ਹੋ ਜਾਏਗੀ।
ਈਪੀਐਫਓ ਦੀ ਐਸਡਬਲਿਊਪੀ ਯੋਜਨਾ ਕਿਵੇਂ ਕੰਮ ਕਰੇਗੀ ?

ਤਸਵੀਰ ਸਰੋਤ, Avishek Das/SOPA Images/LightRocket via Getty Images
ਕਿਰਤ ਅਤੇ ਰੋਜ਼ਗਾਰ ਮੰਤਰਾਲੇ ਮੁਤਾਬਕ ਇਸ ਸਹੂਲਤ ਤਹਿਤ ਸੇਵਾ ਮੁਕਤ ਹੋਣ ਵਾਲੇ ਕਰਮਚਾਰੀ ਆਪਣੇ ਪੀਐਫ ਵਿੱਚ ਜਮ੍ਹਾ ਰਾਸ਼ੀ ਨੂੰ ਹਰ ਮਹੀਨੇ, ਹਰ ਤਿੰਨ ਮਹੀਨੇ ਜਾਂ ਹਰ ਛੇ ਮਹੀਨੇ ਵਿੱਚ ਕਿਸ਼ਤਾਂ ਵਿੱਚ ਕੱਢ ਸਕਣਗੇ।
ਇਸ ਦੀ ਸਭ ਤੋਂ ਵੱਡੀ ਖਾਸੀਅਤ ਇਹ ਹੈ ਕਿ ਕਰਮਚਾਰੀ ਆਪਣੇ ਖਾਤੇ ਵਿਚੋਂ ਜੋ ਪੈਸਾ ਨਹੀਂ ਕਢਵਾਉਂਦੇ ਉਹ ਉਨ੍ਹਾਂ ਦੇ ਈਪੀਐਫ ਖਾਤੇ ਵਿੱਚ ਹੀ ਰਹੇਗਾ ਅਤੇ ਨਿਯਮਾਂ ਮੁਤਾਬਕ ਉਸ 'ਤੇ ਵਿਆਜ ਮਿਲਦਾ ਰਹੇਗਾ।
ਇਹ ਸਹੂਲਤ ਪੂਰੀ ਤਰ੍ਹਾਂ ਸਵੈ ਇੱਛਾ ਨਾਲ ਹੋਏਗੀ। ਯਾਨੀ, ਕਰਮਚਾਰੀ ਚਾਹੁਣ ਤਾਂ ਇਸ ਵਿਕਲਪ ਦੀ ਚੋਣ ਕਰ ਸਕਦੇ ਹਨ ਜਾਂ ਚਾਹੁਣ ਤਾਂ ਪਹਿਲਾਂ ਵਾਂਗ ਆਪਣੀ ਯੋਗਤਾ ਮੁਤਾਬਕ ਪੂਰੀ ਰਾਸ਼ੀ ਕਢਵਾ ਸਕਦੇ ਹਨ।
ਮੰਤਰਾਲੇ ਵੱਲੋਂ ਦਿੱਤੀ ਜਾਣਕਾਰੀ ਮੁਤਾਬਕ ਪਹਿਲੇ ਪੜਾਅ ਵਿੱਚ 55 ਸਾਲਾਂ ਤੋਂ ਵੱਧ ਉਮਰ ਦੇ ਲਗਭਗ 6 ਲੱਖ 32 ਹਜ਼ਾਰ ਈਪੀਐਫ ਮੈਂਬਰਾਂ ਨੂੰ ਇਸ ਤੋਂ ਲਾਭ ਮਿਲਣ ਦੀ ਸੰਭਾਵਨਾ ਹੈ।
ਇਨ੍ਹਾਂ ਮੈਂਬਰਾਂ ਦੇ ਈਪੀਐਫ ਖਾਤਿਆਂ ਵਿੱਚ ਪੰਜ ਲੱਖ ਰੁਪਏ ਤੋਂ ਜ਼ਿਆਦਾ ਦੀ ਰਾਸ਼ੀ ਜਮ੍ਹਾ ਹੈ।
ਜੇ ਕਰਮਚਾਰੀ ਦੀ ਮੌਤ ਐਸਡਬਲਿਊਪੀ ਦੌਰਾਨ ਹੋ ਜਾਂਦੀ ਹੈ ਤਾਂ ਨਾਮਜ਼ਦ ਵਿਅਕਤੀ ਜਾਂ ਆਸ਼ਰਿਤ ਕੋਲ ਬਾਕੀ ਰਕਮ ਨੂੰ ਇੱਕਮੁਸ਼ਤ ਕਢਵਾਉਣ ਜਾਂ ਕਿਸ਼ਤਾਂ ਵਿੱਚ ਪ੍ਰਾਪਤ ਕਰਨਾ ਜਾਰੀ ਰੱਖਣ ਦਾ ਬਦਲ ਹੋਵੇਗਾ।
ਈਪੀਐਫਓ ਨੇ ਪੀਐਫ ਖਾਤੇ ਵਿੱਚ ਜ਼ਰੂਰੀ ਘੱਟੋ ਘੱਟ ਰਾਸ਼ੀ ਨੂੰ ਵੀ 25 ਫ਼ੀਸਦੀ ਤੋਂ ਘਟਾ ਕੇ 10 ਫੀਸਦੀ ਕਰ ਦਿੱਤਾ ਹੈ।
ਇਸ ਦੇ ਨਾਲ ਹੀ ਪੀਐਫ ਦੀ ਅੰਤਿਮ ਨਿਕਾਸੀ ਦਾ ਇੰਤਜ਼ਾਰ ਸਮਾਂ 12 ਮਹੀਨੇ ਤੋਂ ਘਟਾ ਕੇ 2 ਮਹੀਨੇ ਕਰ ਦਿੱਤਾ ਗਿਆ ਹੈ। ਇਸ ਦਾ ਮਤਲਬ ਇਹ ਹੈ ਕਿ ਜੇ ਕਿਸੇ ਵਿਅਕਤੀ ਦੀ ਨੌਕਰੀ ਚਲੀ ਜਾਂਦੀ ਹੈ ਤਾਂ ਉਹ ਦੋ ਮਹੀਨੇ ਬਾਅਦ ਆਪਣੇ ਪੀਐਫ ਦੀ 90 ਫ਼ੀਸਦੀ ਰਾਸ਼ੀ ਕਢਵਾ ਸਕੇਗਾ।
ਹਾਲਾਂਕਿ, ਇਸ ਯੋਜਨਾ ਦੇ ਵਿਸਥਾਰਿਤ ਨਿਯਮਾਂ, ਨਿਕਾਸੀ ਸੀਮਾ ਅਤੇ ਅਰਜ਼ੀ ਦੇ ਤਰੀਕੇ ਬਾਰੇ ਸਪਸ਼ਟਤਾ ਲਈ ਈਪੀਐਫ ਯੋਜਨਾ ਵਿੱਚ ਜ਼ਰੂਰੀ ਬਦਲਾਅ ਅਤੇ ਅਧਿਕਾਰਕ ਨੋਟੀਫ਼ਿਕੇਸ਼ਨ ਦਾ ਇੰਤਜ਼ਾਰ ਕਰਨਾ ਹੋਵੇਗਾ।
ਟੈਕਸਾਂ ਦੇ ਸਬੰਧ ਵਿੱਚ ਸਟੀਕ ਸਥਿਤੀ ਕੀ ਹੈ ?

ਤਸਵੀਰ ਸਰੋਤ, Getty Images
ਟੈਕਸ ਨਿਯਮਾਂ ਨੂੰ ਲੈ ਕੇ ਹਾਲੇ ਵੀ ਸਪਸ਼ਟਤਾ ਨਹੀਂ ਹੈ। ਨੌਕਰੀ ਕਰਦਿਆਂ ਈਪੀਐਫ 'ਤੇ ਕਮਾਇਆ ਵਿਆਜ ਆਮ ਤੌਰ 'ਤੇ ਟੈਕਸ ਮੁਕਤ ਹੁੰਦਾ ਹੈ ਪਰ ਸੇਵਾਮੁਕਤੀ ਤੋਂ ਬਾਅਦ ਕਮਾਏ ਵਿਆਜ 'ਤੇ ਹੋਰ ਆਮਦਨ ਵਾਂਗ ਹੀ ਟੈਕਸ ਲਗਦਾ ਹੈ।
ਜੇ ਕੋਈ ਵਿਅਕਤੀ ਨਵੀਂ ਟੈਕਸ ਵਿਵਸਥਾ ਨੂੰ ਚੁਣਦਾ ਹੈ ਤਾਂ ਭਾਰਤ ਵਿਚ ਰਹਿਣ ਵਾਲੇ ਵਿਅਕਤੀਆਂ ਲਈ 12 ਲੱਖ ਰੁਪਏ ਤੱਕ ਦੀ ਸਲਾਨਾ ਆਮਦਨ 'ਤੇ ਕੋਈ ਆਮਦਨ ਟੈਕਸ ਨਹੀਂ ਲਗਦਾ ਹੈ।
ਬਿਆਨ ਵਿੱਚ ਇਹ ਵੀ ਕਿਹਾ ਗਿਆ ਹੈ ਕਿ ਇਸ ਸਬੰਧ ਵਿੱਚ ਆਮਦਨ ਕਰ ਐਕਟ ਵਿੱਚ ਸੋਧ ਦੇ ਪ੍ਰਸਤਾਅ 'ਤੇ ਵਿੱਤ ਮੰਤਰਾਲੇ ਨਾਲ ਗੱਲਬਾਤ ਚੱਲ ਰਹੀ ਹੈ। ਹਾਲਾਂਕਿ ਇਸ ਵਿੱਚ ਇਹ ਸਪਸ਼ਟ ਨਹੀਂ ਕੀਤਾ ਗਿਆ ਕਿ ਕੀ ਬਦਲਾਅ ਕੀਤੇ ਜਾਣਗੇ।
ਜੇ ਆਮਦਨ ਕਰ ਵਿੱਚ ਕੋਈ ਛੋਟ ਮਿਲਦੀ ਹੈ ਤਾਂ ਇਸ ਨੂੰ ਵਾਧੂ ਲਾਭ ਮੰਨਿਆ ਜਾ ਸਕਦਾ ਹੈ।
ਇਹ ਪੈਸਾ ਕਿੰਨੇ ਸਮੇਂ ਤੱਕ ਚੱਲੇਗਾ ?

ਤਸਵੀਰ ਸਰੋਤ, Getty Images
ਜੇ ਤੁਸੀਂ ਸਿਰਫ਼ ਵਿਆਜ ਦੀ ਰਾਸ਼ੀ ਕਢਵਾਉਂਦੇ ਹੋ ਤਾਂ ਤੁਹਾਡੇ ਖਾਤੇ ਵਿਚ ਜਮ੍ਹਾਂ ਮੂਲਧਨ ਸੁਰੱਖਿਅਤ ਰਹਿੰਦਾ ਹੈ। ਮੰਨ ਲਓ ਕਿ ਤੁਹਾਡੀ ਪੀਐਫ ਰਾਸ਼ੀ 50 ਲੱਖ ਰੁਪਏ ਹੈ ਤਾਂ 8.25 ਫ਼ੀਸਦੀ ਦੀ ਮੌਜੂਦਾ ਵਿਆਜ ਦਰ 'ਤੇ ਤੁਹਾਨੂੰ ਹਰ ਸਾਲ ਲਗਭਗ 4 ਲੱਖ 10 ਹਜ਼ਾਰ ਰੁਪਏ ਦਾ ਵਿਆਜ ਮਿਲੇਗਾ। ਯਾਨੀ ਲਗਭਗ 34,000 ਰੁਪਏ ਪ੍ਰਤੀ ਮਹੀਨਾ।
ਹਾਲਾਂਕਿ ਇਸ ਆਮਦਨ ਵਿੱਚ ਕੋਈ ਵਾਧਾ ਨਹੀਂ ਹੋਵੇਗਾ ਜਦਕਿ ਦੂਜੇ ਪਾਸੇ ਮਹਿੰਗਾਈ ਕਾਰਨ ਸਮੇਂ ਦੇ ਨਾਲ ਤੁਹਾਡੇ ਖ਼ਰਚਿਆਂ ਵਿੱਚ ਵਾਧਾ ਹੋਵੇਗਾ।
ਇਸ ਲਈ ਖਾਤੇ ਤੋਂ ਕੱਢੀ ਜਾਣ ਵਾਲੀ ਰਾਸ਼ੀ ਨੂੰ ਹਰ ਸਾਲ ਥੋੜ੍ਹਾ ਥੋੜ੍ਹਾ ਕਰਕੇ ਵਧਾਉਣਾ ਜ਼ਿਆਦਾ ਸੁਵਿਧਾਜਨਕ ਤਰੀਕਾ ਹੋ ਸਕਦਾ ਹੈ।
ਮੰਨ ਲਓ ਕਿ ਤੁਸੀਂ ਪਹਿਲੇ ਸਾਲ ਵਿੱਚ ਆਪਣੀ ਕੁੱਲ ਬਚਤ 50 ਲੱਖ ਰੁਪਏ ਦਾ 5 ਫ਼ੀਸਦੀ ਕਢਵਾਉਂਦੇ ਹੋ। ਇਹ ਪ੍ਰਤੀ ਸਾਲ 2.5 ਲੱਖ ਰੁਪਏ ਜਾਂ ਲਗਭਗ 20,800 ਰੁਪਏ ਪ੍ਰਤੀ ਮਹੀਨਾ ਹੁੰਦਾ ਹੈ।
ਜੇ ਤੁਸੀਂ ਹਰ ਸਾਲ ਕੱਢੀ ਜਾਣ ਵਾਲੀ ਰਾਸ਼ੀ ਵਿੱਚ ਲਗਭਗ ਪੰਜ ਫ਼ੀਸਦੀ ਦਾ ਵਾਧਾ ਕਰਦੇ ਹੋ ਤਾਂ ਇਹ ਪੈਸਾ ਤੀਹ ਸਾਲ ਤੋਂ ਜ਼ਿਆਦਾ ਸਮੇਂ ਤੱਕ ਚੱਲ ਸਕਦਾ ਹੈ।
ਹਾਲਾਂਕਿ ਜੇ ਕਮਾਏ ਗਏ ਵਿਆਜ 'ਤੇ 30 ਫ਼ੀਸਦੀ ਟੈਕਸ ਲਗਦਾ ਹੈ ਅਤੇ ਟੈਕਸ ਦੀ ਰਕਮ ਵੀ ਉਸੇ ਫੰਡ ਵਿਚੋਂ ਅਦਾ ਕੀਤੀ ਜਾਂਦੀ ਹੈ ਤਾਂ ਇਹ ਪੈਸਾ ਹੋਰ ਵੀ ਤੇਜ਼ੀ ਨਾਲ ਖਤਮ ਹੋ ਜਾਵੇਗਾ।
ਸੇਵਾ ਮੁਕਤੀ ਤੋਂ ਬਾਅਦ ਕਿਹੜਾ ਬਦਲ ਬਿਹਤਰ ਹੈ ?

ਤਸਵੀਰ ਸਰੋਤ, Getty Images
ਹੁਣ ਤੱਕ ਉਪਲਬਧ ਜਾਣਕਾਰੀ ਦੇ ਅਧਾਰ 'ਤੇ ਨਿਯਮਤ ਆਮਦਨ ਲਈ 'ਹੋਰ ਨਿਸ਼ਚਿਤ ਆਮਦਨ' ਬਦਲਾਂ ਦੀ ਤੁਲਨਾ ਵਿੱਚ ਇਹ ਈਪੀਐਫ ਐਸਡਬਲਿਊਪੀ ਇੱਕ ਮਜ਼ਬੂਤ ਬਦਲ ਹੋ ਸਕਦਾ ਹੈ।
ਇਸ ਦਾ ਪ੍ਰਬੰਧ ਇੱਕ ਸਰਕਾਰੀ ਏਜੰਸੀ ਵੱਲੋਂ ਕੀਤਾ ਜਾਂਦਾ ਹੈ ਅਤੇ ਇਸ 'ਤੇ ਮਿਲਣ ਵਾਲਾ ਰਿਟਰਨ ਲਗਭਗ ਸਥਿਰ ਰਿਹਾ ਹੈ। ਉਪਲਬਧ ਨਿਸ਼ਚਿਤ ਆਮਦਨ ਵਿਕਲਪਾਂ ਵਿੱਚ ਇਹ ਸਭ ਤੋਂ ਚੰਗਾ ਰਿਟਰਨ ਦੇਣ ਵਾਲਾ ਵਿਕਲਪ ਰਿਹਾ ਹੈ।
ਇਸ ਤੋਂ ਇਲਾਵਾ, ਬੈਂਕਾਂ ਵਿੱਚ ਫ਼ਿਕਸਡ ਡਿਪਾਜ਼ਿਟ ਦਾ ਬਦਲ ਵੀ ਉਪਲਬਧ ਹੈ। ਸੀਨੀਅਰ ਨਾਗਰਿਕਾਂ ਲਈ ਕੁਝ ਵਿਸ਼ੇਸ਼ ਯੋਜਨਾਵਾਂ ਵੀ ਮੌਜੂਦ ਹਨ।
ਹਾਲਾਂਕਿ, ਕਈ ਮਾਹਿਰਾਂ ਦਾ ਮੰਨਣਾ ਹੈ ਕਿ ਮਹਿੰਗਾਈ ਅਤੇ ਵਧਦੀਆਂ ਲਾਗਤਾਂ ਨਾਲ ਨਜਿੱਠਣ ਲਈ ਨਿਵੇਸ਼ ਪੋਰਟਫੋਲੀਓ ਦਾ ਘੱਟੋ ਘੱਟ ਕੁਝ ਹਿੱਸਾ ਇਕੁਇਟੀ, ਯਾਨੀ ਸ਼ੇਅਰ ਬਜ਼ਾਰ ਵਿਚ ਹੋਣਾ ਜ਼ਰੂਰੀ ਹੈ।
ਬੀਬੀਸੀ ਲਈ ਕਲੈਕਟਿਵ ਨਿਊਜ਼ਰੂਮ ਵੱਲੋਂ ਪ੍ਰਕਾਸ਼ਿਤ































