ਜਗਰੂਪ ਸਿੰਘ ਕੌਣ ਸੀ, ਜਿਸ ਦੀ ਮੌਤ ਪਟਿਆਲਾ ਵਿੱਚ ਰੇਲਵੇ ਟਰੈਕ ਉੱਤੇ ਧਮਾਕੇ ਦੀ ਕੋਸ਼ਿਸ਼ ਦੌਰਾਨ ਹੋਈ ਦੱਸੀ ਜਾ ਰਹੀ ਹੈ

ਤਸਵੀਰ ਸਰੋਤ, sourced by Gurminder Grewal/BBC
- ਲੇਖਕ, ਰਵਿੰਦਰ ਸਿੰਘ ਰੌਬਿਨ
- ਰੋਲ, ਬੀਬੀਸੀ ਸਹਿਯੋਗੀ
- ਪੜ੍ਹਨ ਦਾ ਸਮਾਂ: 6 ਮਿੰਟ
ਪਟਿਆਲਾ ਵਿੱਚ ਸ਼ੰਭੂ ਨੇੜੇ ਰੇਲਵੇ ਟਰੈਕ ਉੱਤੇ 27 ਅਪ੍ਰੈਲ ਦੀ ਰਾਤ ਨੂੰ ਧਮਾਕੇ ਦੀ ਕੋਸ਼ਿਸ਼ ਹੋਈ। ਇਹ ਘਟਨਾ ਰਾਤ ਕਰੀਬ 10 ਵਜੇ ਵਾਪਰੀ ਦੱਸੀ ਜਾ ਰਹੀ ਹੈ। ਧਮਾਕੇ ਦੀ ਆਵਾਜ਼ ਕਾਫ਼ੀ ਦੂਰ ਤੱਕ ਸੁਣੀ ਗਈ।
ਪੁਲਿਸ ਮੁਤਾਬਕ ਇਸ ਦੌਰਾਨ ਇੱਕ ਵਿਅਕਤੀ ਦੀ ਮੌਤ ਹੋ ਗਈ, ਜਿਸ ਦਾ ਨਾਮ ਜਗਰੂਪ ਸਿੰਘ ਦੱਸਿਆ ਜਾ ਰਿਹਾ ਹੈ।
ਇਸ ਬਾਰੇ ਵਧੇਰੇ ਜਾਣਕਾਰੀ ਦਿੰਦਿਆਂ ਪਟਿਆਲਾ ਰੇਂਜ ਦੇ ਡੀਆਈਜੀ ਕੁਲਦੀਪ ਸਿੰਘ ਚਾਹਲ ਅਤੇ ਜ਼ਿਲ੍ਹਾ ਪੁਲਿਸ ਮੁਖੀ ਵਰੁਣ ਸ਼ਰਮਾ ਨੇ ਦੱਸਿਆ ਕਿ ਪੁਲਿਸ ਨੇ ਇਸ਼ ਮਾਮਲੇ ਵਿੱਚ ਚਾਰ ਮੁਲਜ਼ਮਾਂ ਨੂੰ ਗ੍ਰਿਫ਼ਤਾਰ ਕੀਤਾ ਹੈ।

ਤਸਵੀਰ ਸਰੋਤ, Gurminder Singh Grewal/BBC
ਪੁਲਿਸ ਨੇ ਦੱਸਿਆ ਹੈ ਕਿ 4 ਮੁਲਜ਼ਮਾਂ ਦੇ ਨਾਂ ਪ੍ਰਦੀਪ ਸਿੰਘ ਖਾਲਸਾ, ਕੁਲਵਿੰਦਰ ਸਿੰਘ, ਸਤਨਾਮ ਸਿੰਘ ਅਤੇ ਗੁਰਪ੍ਰੀਤ ਸਿੰਘ ਹਨ। ਸਤਨਾਮ ਸਿੰਘ ਮ੍ਰਿਤਕ ਜਗਰੂਪ ਸਿੰਘ ਦਾ ਛੋਟਾ ਭਰਾ ਹੈ।
ਡੀਆਈਜੀ ਕੁਲਦੀਪ ਸਿੰਘ ਚਾਹਲ ਨੇ ਦੱਸਿਆ, "ਸਾਡੀ ਜਾਂਚ ਵਿੱਚ ਸਾਹਮਣੇ ਆਇਆ ਹੈ ਕਿ ਇਸ ਮਡਿਊਲ ਨੂੰ ਆਈਐੱਸਆਈ ਦੀ ਹਮਾਇਤ ਹੈ ਅਤੇ ਮਲੇਸ਼ੀਆ ਤੋਂ ਚਲਾਇਆ ਜਾ ਰਿਹਾ ਸੀ। ਇਸ ਨੂੰ ਖ਼ਾਲਿਸਤਾਨੀ ਪੱਖੀਆਂ ਵੱਲੋਂ ਚਲਾਇਆ ਜਾ ਰਿਹਾ ਸੀ।
"ਉਨ੍ਹਾਂ ਕੋਲੋਂ ਇੱਕ ਹੈਂਡ ਗ੍ਰੇਨੇਡ, ਦੋ 32 ਬੋਕ ਪਿਸਤੌਲ, ਆਈਡੀ ਡੇਟੋਨੇਟਰ ਅਤੇ ਟੈਕਨੀਕਲ ਸਮਾਨ ਬਰਾਮਦ ਕੀਤਾ। ਫਿਲਹਾਲ ਅਗਲੇਰੀ ਜਾਂਚ ਚੱਲੇਗੀ ਅਤੇ ਜੋ ਵੀ ਸਾਹਮਣੇ ਆਵੇਗਾ ਉਹ ਸਾਂਝਾ ਕੀਤਾ ਜਾਵੇਗਾ।"
ਜਗਰੂਪ ਸਿੰਘ ਕੌਣ ਸੀ
ਧਮਾਕੇ ਵਿੱਚ ਮਾਰੇ ਗਏ ਵਿਅਕਤੀ ਦੀ ਪਛਾਣ ਤਰਨ ਤਾਰਨ ਜ਼ਿਲ੍ਹੇ ਦੇ ਪਿੰਡ ਪੰਜਵੜ ਦੇ ਜਗਰੂਪ ਸਿੰਘ ਵਜੋਂ ਹੋਈ ਹੈ। ਉਨ੍ਹਾਂ ਦੇ ਪਿਤਾ ਦਾ ਨਾਮ ਲਖਵਿੰਦਰ ਸੀ।
ਪਿੰਡ ਦੇ ਲੋਕਾਂ ਮੁਤਾਬਕ ਜਗਰੂਪ ਸਿੰਘ ਨਿਹੰਗ ਜਥੇਬੰਦੀਆਂ ਨਾਲ ਜੁੜਿਆ ਹੋਇਆ ਸੀ ਅਤੇ ਘੋੜਿਆਂ ਦੀ ਸੇਵਾ ਕਰਦਾ ਸੀ। ਉਸ ਨੇ ਖਡੂਰ ਸਾਹਿਬ ਤੋਂ ਸੰਸਦ ਮੈਂਬਰ ਅਮ੍ਰਿਤਪਾਲ ਸਿੰਘ ਦੀ ਚੋਣ ਮੁਹਿੰਮ ਦੌਰਾਨ ਵੀ ਕੰਮ ਕੀਤਾ ਸੀ।
ਜਗਰੂਪ ਸਿੰਘ ਦੀ ਮਾਤਾ ਬਲਵਿੰਦਰ ਕੌਰ ਨੇ ਦੱਸਿਆ ਕਿ ਪਰਿਵਾਰ ਸਵੇਰੇ ਉਸ ਵੇਲੇ ਪਰੇਸ਼ਾਨ ਹੋਇਆ ਜਦੋਂ ਪੁਲਿਸ ਉਨ੍ਹਾਂ ਦੇ ਛੋਟੇ ਪੁੱਤਰ ਨੂੰ ਆਪਣੇ ਨਾਲ ਲੈ ਗਈ ਅਤੇ ਪਰਿਵਾਰ ਨੂੰ ਉਸ ਬਾਰੇ ਕੋਈ ਜਾਣਕਾਰੀ ਨਹੀਂ ਦਿੱਤੀ ਗਈ।
ਉਨ੍ਹਾਂ ਨੇ ਕਿਹਾ, "ਅੱਜ ਤੱਕ ਉਸ ਦਾ ਲਾਂਬਾ ਨਹੀਂ ਆਇਆ ਸੀ। ਮੇਰੇ ਨਿੱਕੇ ਪੁੱਤ ਸਤਨਾਮ ਸਿੰਘ ਨੂੰ ਸਵੇਰੇ ਸਾਢੇ ਪੰਜ ਵਜੇ ਆ ਕੇ ਉਠਾ ਕੇ ਲੈ ਗਏ ਹਨ ਅਤੇ ਅਜੇ ਤੱਕ ਉਸ ਦਾ ਕੋਈ ਪਤਾ ਨਹੀਂ ਦੱਸ ਰਹੇ ਕਿ ਕਿੱਥੇ ਹੈ ਉਹ ਤੇ ਕਿੱਥੇ ਨਹੀਂ।"
"ਜਗਰੂਪ ਸਿੰਘ ਦਾ ਕੋਈ ਅਪਰਾਧਿਕ ਪਿਛੋਕੜ ਨਹੀਂ ਸੀ ਅਤੇ ਉਹ ਮਿਹਨਤ ਕਰਕੇ ਰੋਜ਼ੀ ਕਮਾਉਂਦਾ ਸੀ।"
ਬਲਵਿੰਦਰ ਕੌਰ ਨੇ ਇਹ ਵੀ ਦੱਸਿਆ ਕਿ ਉਹ ਆਪਣੇ ਛੋਟੇ ਪੁੱਤਰ ਸਤਨਾਮ ਸਿੰਘ ਨਾਲ ਮਿਲ ਕੇ ਪਿੰਡ ਵਿੱਚ ਆਟਾ ਚੱਕੀ ਚਲਾਉਂਦੇ ਹਨ।

ਤਸਵੀਰ ਸਰੋਤ, Getty Images
ਇੱਕ ਗੁਆਂਢੀ ਤਲਵੀਰ ਸਿੰਘ ਨੇ ਕਿਹਾ, "ਅਸੀਂ ਅਜੇ ਵੀ ਇਸ ਗੱਲ 'ਤੇ ਯਕੀਨ ਨਹੀਂ ਕਰ ਸਕਦੇ। ਉਹ ਹਮੇਸ਼ਾ ਖੁਸ਼ਮਿਜਾਜ਼ ਰਹਿੰਦਾ ਸੀ ਅਤੇ ਸਭ ਨਾਲ ਪਿਆਰ ਨਾਲ ਮਿਲਦਾ ਸੀ। ਉਸ ਦਾ ਕਿਸੇ ਨਾਲ ਕੋਈ ਝਗੜਾ ਨਹੀਂ ਸੀ।"
ਸਰਪੰਚ ਮਨਜੀਤ ਸਿੰਘ ਨੇ ਕਿਹਾ, "ਸਾਨੂੰ ਇਸ ਮਾਮਲੇ ਬਾਰੇ ਟੀਵੀ ਚੈਨਲਾਂ ਰਾਹੀਂ ਪਤਾ ਲੱਗਾ। ਪੁਲਿਸ ਸਵੇਰੇ ਕਰੀਬ 5:30 ਵਜੇ ਉਸ ਦੇ ਘਰ ਪਹੁੰਚੀ ਅਤੇ ਉਸ ਦੇ ਛੋਟੇ ਭਰਾ ਨੂੰ ਆਪਣੇ ਨਾਲ ਲੈ ਗਈ।"
"ਉਸ ਉੱਤੇ ਪਹਿਲਾਂ ਇੱਕ ਕੇਸ ਦਰਜ ਸੀ, ਪਰ ਉਹ ਗੰਭੀਰ ਨਹੀਂ ਸੀ। ਜਗਰੂਪ ਸਿੰਘ ਨਿਹੰਗ ਸੀ ਅਤੇ ਦਲ ਪੰਥ ਨਾਲ ਜੁੜਿਆ ਹੋਇਆ ਸੀ, ਪਰ ਪਿੰਡ ਨਾਲ ਉਸ ਦੇ ਰਿਸ਼ਤੇ ਚੰਗੇ ਸਨ। ਜੇ ਉਹ ਇਸ ਵਿੱਚ ਸ਼ਾਮਲ ਹੈ ਤਾਂ ਇਹ ਗ਼ਲਤ ਹੈ ਅਤੇ ਅਸੀਂ ਇਸ ਦਾ ਸਮਰਥਨ ਨਹੀਂ ਕਰਾਂਗੇ।"
ਇੱਕ ਹੋਰ ਪਿੰਡ ਵਾਸੀ ਬਲਕਾਰ ਸਿੰਘ ਨੇ ਕਿਹਾ, "ਸਾਨੂੰ ਇਸ ਬਾਰੇ ਉਸ ਵੇਲੇ ਪਤਾ ਲੱਗਾ ਜਦੋਂ ਪੁਲਿਸ ਉਸ ਦੇ ਛੋਟੇ ਭਰਾ ਨੂੰ ਲੈ ਗਈ। ਉਹ ਨਿਹੰਗ ਬਾਣਾ ਪਹਿਨਦਾ ਸੀ ਅਤੇ ਘੋੜੇ ਰੱਖਦਾ ਸੀ, ਪਰ ਇਸ ਘਟਨਾ ਬਾਰੇ ਸਾਨੂੰ ਕੋਈ ਜਾਣਕਾਰੀ ਨਹੀਂ ਹੈ।"

ਤਸਵੀਰ ਸਰੋਤ, Ravinder Singh Robin/BBC
ਜਗਰੂਪ ਸਿੰਘ ਬਾਰੇ ਪੁਲਿਸ ਨੇ ਕੀ ਦੱਸਿਆ
ਬੀਬੀਸੀ ਸਹਿਯੋਗੀ ਗੁਰਮਿੰਦਰ ਸਿੰਘ ਗਰੇਵਾਲ ਦੀ ਰਿਪੋਰਟ ਮੁਤਾਬਕ, ਪੁਲਿਸ ਨੇ ਦੱਸਿਆ, "ਜਗਰੂਪ ਸਿੰਘ ਇਸ ਮਡਿਊਲ ਦਾ ਹਿੱਸਾ ਸੀ ਅਤੇ ਧਮਾਕਾ ਸਮੱਗਰੀ ਰੱਖਣ ਦੌਰਾਨ ਧਮਾਕਾ ਹੋਣ ਨਾਲ ਉਸ ਦੀ ਮੌਤ ਹੋ ਗਈ। ਪ੍ਰਦੀਪ ਸਿੰਘ ਖਾਲਸਾ ਇਸ ਮਡਿਊਲ ਦਾ ਮੁੱਖ ਸਿਰਗਣਾ ਸੀ ਅਤੇ ਉਹ ਨੌਜਵਾਨਾਂ ਨੂੰ ਮਲੇਸ਼ੀਆ ਭੇਜ ਕੇ ਟ੍ਰੇਨਿੰਗ ਦਿਵਾਉਂਦਾ ਸੀ।"
ਪੁਲਿਸ ਨੇ ਇਹ ਵੀ ਦੱਸਿਆ, "ਜਗਰੂਪ ਸਿੰਘ ਉੱਤੇ 2024 ਵਿੱਚ ਇੱਕ ਮੁਕੱਦਮਾ ਦਰਜ ਹੋਇਆ ਸੀ ਅਤੇ ਉਹ ਇਸ ਮਡਿਊਲ ਦੇ ਸੰਪਰਕ ਵਿੱਚ ਆਇਆ ਹੋਇਆ ਸੀ।"

ਤਸਵੀਰ ਸਰੋਤ, Manoj Sharma/BBC
ਮੁਲਜ਼ਮ ਪ੍ਰਦੀਪ ਸਿੰਘ ਖਾਲਸਾ ਬਾਰੇ ਕੀ ਪਤਾ ਹੈ
ਬੀਬੀਸੀ ਸਹਿਯੋਗੀ ਮਨੋਜ ਸ਼ਰਮਾ ਮੁਤਾਬਕ ਪਟਿਆਲਾ ਪੁਲਿਸ ਵੱਲੋਂ ਸੰਭੂ-ਅੰਬਾਲਾ ਰੇਲਵੇ ਟਰੈਕ 'ਤੇ ਹੋਏ ਬੰਬ ਧਮਾਕੇ ਦੇ ਮਾਮਲੇ ਵਿੱਚ ਮਾਨਸਾ ਦੇ ਰਹਿਣ ਵਾਲੇ ਦੋ ਮੁਲਜ਼ਮ ਪ੍ਰਦੀਪ ਸਿੰਘ ਖਾਲਸਾ ਅਤੇ ਕੁਲਵਿੰਦਰ ਸਿੰਘ ਬੱਗਾ ਨੂੰ ਗ੍ਰਿਫ਼ਤਾਰ ਕੀਤਾ ਹੈ।
ਪਰ ਮਾਨਸਾ ਪੁਲਿਸ ਨੇ ਇਸ ਮਾਮਲੇ ਵਿੱਚ ਚੁੱਪੀ ਧਾਰੀ ਹੋਈ ਅਤੇ ਇਸ ਸਬੰਧੀ ਕੁਝ ਦੱਸਣ ਤੋਂ ਇਨਕਾਰੀ ਹੈ।
ਮਾਨਸਾ ਪੁਲਿਸ ਨੇ ਪੁੱਛਣ 'ਤੇ ਸਿਰਫ਼ ਇਹੀ ਦੱਸਿਆ ਕਿ ਇਹ ਪਟਿਆਲਾ ਪੁਲਿਸ ਦੀ ਕਾਰਵਾਈ ਹੈ। ਮਾਨਸਾ ਪੁਲਿਸ ਦਾ ਇਸ ਨਾਲ ਕੋਈ ਲੈਣਾ-ਦੇਣਾ ਨਹੀਂ ਹੈ।
ਮਾਨਸਾ ਦੇ ਐੱਸਐੱਸਪੀ ਭਾਗੀਰਥ ਸਿੰਘ ਮੀਨਾ ਨੇ ਕਿਹਾ ਕਿ ਪਟਿਆਲਾ ਪੁਲਿਸ ਇਸ 'ਤੇ ਕਾਰਵਾਈ ਕਰ ਰਹੀ ਹੈ, ਜਿਸ ਨੇ ਇੱਕ ਮਾਮਲੇ ਵਿੱਚ ਚਾਰ ਵਿਅਕਤੀਆਂ ਵਿੱਚ ਮਾਨਸਾ ਜ਼ਿਲ੍ਹੇ ਦੇ ਦੋ ਨੌਜਵਾਨਾਂ ਨੂੰ ਗ੍ਰਿਫ਼ਤਾਰ ਕੀਤਾ ਹੈ। ਉਨ੍ਹਾਂ ਕਿਹਾ ਕਿ ਮਾਨਸਾ ਪੁਲਿਸ ਵੱਲੋਂ ਪਟਿਆਲਾ ਪੁਲਿਸ ਨੂੰ ਬਣਦਾ ਸਹਿਯੋਗ ਦਿੱਤਾ ਜਾ ਰਿਹਾ ਹੈ।
ਇਹ ਵੀ ਪਤਾ ਲੱਗਿਆ ਹੈ ਕਿ ਕੁਲਵਿੰਦਰ ਸਿੰਘ ਅਤੇ ਪ੍ਰਦੀਪ ਸਿੰਘ ਆਪਸ ਵਿੱਚ ਦੋਸਤ ਹਨ।
ਉਧਰ ਮਾਨਸਾ ਦੇ ਗ੍ਰਿਫ਼ਤਾਰ ਕੀਤੇ ਗਏ ਪ੍ਰਦੀਪ ਸਿੰਘ ਖਾਲਸਾ ਦੀ ਮਾਤਾ ਗੁਣਜੀਤ ਕੌਰ ਦਾ ਕਹਿਣਾ ਹੈ ਕਿ ਉਨ੍ਹਾਂ ਨੂੰ ਇਸ ਗੱਲ ਦਾ ਕੋਈ ਪਤਾ ਨਹੀਂ ਸਵੇਰੇ ਪੁਲਿਸ ਕਿਉਂ ਆਈ ਅਤੇ ਕਿਵੇਂ ਨਹੀਂ।
ਉਨ੍ਹਾਂ ਦੱਸਿਆ, "ਉਸ ਸਮੇਂ ਸਵੇਰੇ ਉਨ੍ਹਾਂ ਦਾ ਪੁੱਤਰ ਪ੍ਰਦੀਪ ਸਿੰਘ ਖਾਲਸਾ ਘਰ ਸੀ ਅਤੇ ਜੇਕਰ ਕੋਈ ਅਜਿਹੀ ਗੱਲ ਹੁੰਦੀ ਤਾਂ ਉਨ੍ਹਾਂ ਦਾ ਪੁੱਤਰ ਘਰ ਨਹੀਂ ਆਉਂਦਾ। ਉਸ ਦੀ 24 ਕੁ ਸਾਲ ਦੀ ਉਮਰ ਹੈ।"
"ਪੁਲਿਸ ਇਹ ਪੁੱਛਗਿਛ ਕਰ ਰਹੀ ਸੀ ਕਿ ਪ੍ਰਦੀਪ ਕਿੱਥੇ ਹੈ ਅਤੇ ਅਸੀਂ ਪੁੱਛਿਆ ਕੀ ਗੱਲ ਹੈ। ਉਨ੍ਹਾਂ ਕਿਹਾ ਕਿ ਪੁੱਛਗਿਛ ਹੀ ਕਰਨੀ ਹੈ। ਪ੍ਰਦੀਪ ਸਿੰਘ ਖਾਲਸਾ ਬਾਥਰੂਮ ਵਿੱਚ ਸੀ। ਪੁਲਿਸ ਨੇ ਬਾਹਰ ਨਿਕਲਣ ਲਈ ਕਿਹਾ ਤੇ ਉਸ ਨੂੰ ਸਿਰ ਵੀ ਵਾਹੁਣ ਨਹੀਂ ਦਿੱਤਾ।"

ਤਸਵੀਰ ਸਰੋਤ, Gurpreet Chawla/BBC
ਪੰਜਾਬ ਇਸੇ ਦਿਨ ਵਾਪਰੀਆਂ ਦੋ ਹੋਰ ਘਟਨਾਵਾਂ
ਪਟਿਆਲਾ ਤੋਂ ਇਲਾਵਾ ਗੁਰਦਾਸਪੁਰ ਵਿੱਚ ਦੋ ਹੋਰ ਵੱਖ-ਵੱਖ ਘਟਨਾਵਾਂ ਸਾਹਮਣੇ ਆਈਆਂ।
ਪਹਿਲੀ ਘਟਨਾ ਮੁੱਖ ਬਜ਼ਾਰ ਵਿੱਚ ਗ੍ਰੇਨੇਡ ਨੁਮਾ ਸ਼ੱਕੀ ਜੰਤਰ ਮਿਲਣ ਦੀ ਹੈ, ਜਿਸ ਨੂੰ ਅਣਪਛਾਤੇ ਮੋਟਰਸਾਈਕਲ ਸਵਾਰਾਂ ਵੱਲੋਂ ਇਕ ਦੁਕਾਨ ਬਾਹਰ ਸੁੱਟਿਆ ਗਿਆ ਦੱਸਿਆ ਜਾ ਰਿਹਾ ਹੈ। ਸਮੇਂ ਸਿਰ ਪੁਲਿਸ ਨੂੰ ਸੂਚਨਾ ਮਿਲਣ ਕਾਰਨ ਕੋਈ ਨੁਕਸਾਨ ਨਹੀਂ ਹੋਇਆ ਅਤੇ ਬੰਬ ਸਕੁਐਡ ਨੇ ਇਸ ਨੂੰ ਕਬਜ਼ੇ ਵਿੱਚ ਲੈ ਲਿਆ।
ਦੂਜੀ ਘਟਨਾ ਗੁਰਦਾਸਪੁਰ ਦੇ ਪਿੰਡ ਭੋਮਾ ਵਿੱਚ ਫਾਇਰਿੰਗ ਦੀ ਹੈ, ਜਿੱਥੇ ਸੈਰ ਕਰ ਰਹੇ ਤਿੰਨ ਨੌਜਵਾਨਾਂ ਉੱਤੇ ਅਣਪਛਾਤੇ ਹਮਲਾਵਰਾਂ ਨੇ ਗੋਲੀਆਂ ਚਲਾਈਆਂ। ਇਸ ਦੌਰਾਨ ਦੋ ਨੌਜਵਾਨਾਂ ਦੀ ਮੌਕੇ 'ਤੇ ਹੀ ਮੌਤ ਹੋ ਗਈ, ਜਦਕਿ ਇੱਕ ਗੰਭੀਰ ਜ਼ਖਮੀ ਹੋਇਆ ਹੈ। ਪੁਲਿਸ ਮਾਮਲੇ ਦੀ ਜਾਂਚ ਕਰ ਰਹੀ ਹੈ।
ਇਹ ਦੋਵੇਂ ਘਟਨਾਵਾਂ ਨੇ ਇਲਾਕੇ ਵਿੱਚ ਸੁਰੱਖਿਆ ਨੂੰ ਲੈ ਕੇ ਚਿੰਤਾ ਵਧਾਈ ਹੈ।
ਬੀਬੀਸੀ ਲਈ ਕਲੈਕਟਿਵ ਨਿਊਜ਼ਰੂਮ ਵੱਲੋਂ ਪ੍ਰਕਾਸ਼ਿਤ
































