ਰਾਜਪੁਰਾ ਕੋਲ ਰੇਲਵੇ ਟ੍ਰੈਕ 'ਤੇ ਹੋਏ ਧਮਾਕੇ ਬਾਰੇ ਪੁਲਿਸ ਨੇ ਕੀ ਦੱਸਿਆ, ਪੰਜਾਬ ਵਿੱਚ ਸੋਮਵਾਰ ਰਾਤ ਨੂੰ ਕਿਹੜੀਆਂ ਤਿੰਨ ਅਪਰਾਧਿਕ ਘਟਨਾਵਾਂ ਵਾਪਰੀਆਂ

ਘਰ ਵਿੱਚ ਵਿਛੇ ਸੱਥਰ 'ਤੇ ਵਿਰਲਾਪ ਕਰਦੀਆਂ ਮਹਿਲਾਵਾਂ

ਤਸਵੀਰ ਸਰੋਤ, Gurpreet Chawla/BBC

ਤਸਵੀਰ ਕੈਪਸ਼ਨ, ਗੁਰਦਾਸਪੁਰ ਵਿੱਚ ਵਿਰਲਾਪ ਕਰਦੇ ਹੋਏ ਮ੍ਰਿਤਕ ਨੌਜਵਾਨਾਂ ਦੇ ਪਰਿਵਾਰਕ ਮੈਂਬਰ
ਪੜ੍ਹਨ ਦਾ ਸਮਾਂ: 7 ਮਿੰਟ

ਬੀਤੀ ਰਾਤ ਪੰਜਾਬ ਦੇ ਪਟਿਆਲਾ ਅਤੇ ਗੁਰਦਾਸਪੁਰ ਵਿੱਚ ਵਾਪਰੀਆਂ ਤਿੰਨ ਵੱਖ-ਵੱਖ ਘਟਨਾਵਾਂ ਨੇ ਪੰਜਾਬ ਦੀ ਕਾਨੂੰਨ ਵਿਵਸਥਾ ਵੱਲ ਮੁੜ ਧਿਆਨ ਦਵਾਇਆ ਹੈ।

ਇੱਥੇ ਪਟਿਆਲ਼ਾ ਵਿੱਚ ਪੈਂਦੇ ਰਾਜਪੁਰਾ ਅਤੇ ਸ਼ੰਭੂ ਵਿਚਕਾਰ ਰੇਲਵੇ ਟ੍ਰੈਕ 'ਤੇ ਧਮਾਕਾ ਹੋਣ, ਗੁਰਦਾਸਪੁਰ ਦੇ ਮੁੱਖ ਬਜ਼ਾਰ ਵਿੱਚ ਗਰਨੇਡ ਨੁਮਾ ਵਸਤੂ ਮਿਲਣ ਅਤੇ ਗੁਰਦਾਸਪੁਰ ਦੇ ਇੱਕ ਪਿੰਡ ਵਿੱਚ ਹੋਈ ਫਾਇਰਿੰਗ ਨਾਲ ਦੋ ਨੌਜਵਾਨਾਂ ਦੀ ਮੌਤ ਦੀ ਖ਼ਬਰ ਹੈ।

2027 ਦੀਆਂ ਚੋਣਾਂ ਤੋਂ ਪਹਿਲਾਂ ਅਜਿਹੀਆਂ ਘਟਨਾਵਾਂ ਨੂੰ ਲੈ ਕੇ ਵਿਰੋਧੀ ਸੂਬੇ ਦੀ ਸਰਕਾਰ ਨੂੰ ਕਟਿਹਰੇ ਵਿੱਚ ਖੜ੍ਹਾ ਕਰ ਰਹੇ ਹਨ।

ਰਾਜਪੁਰਾ ਕੋਲ ਰੇਲਵੇ ਟ੍ਰੈਕ 'ਤੇ ਧਮਾਕਾ

ਧਮਾਕੇ ਤੋਂ ਬਾਅਦ ਰੇਲਵੇ ਟ੍ਰੈਕ ਦਾ ਮੁਆਇਨਾ ਕਰਦੀ ਪੰਜਾਬ ਪੁਲਿਸ

ਤਸਵੀਰ ਸਰੋਤ, Gurminder Singh Grewal/BBC

ਤਸਵੀਰ ਕੈਪਸ਼ਨ, ਰਾਜਪੁਰਾ ਅਤੇ ਸ਼ੰਭੂ ਵਿਚਕਾਰ ਰੇਲਵੇ ਟ੍ਰੈਕ 'ਤੇ ਹੋਏ ਧਮਾਕੇ ਦਾ ਮੁਆਇਨਾ ਕਰਦੇ ਪੁਲਿਸ ਅਧਿਕਾਰੀ

ਰਾਜਪੁਰਾ ਅਤੇ ਸ਼ੰਭੂ ਵਿਚਕਾਰ ਰੇਲਵੇ ਟ੍ਰੈਕ 'ਤੇ ਸ਼ੰਭੂ ਨੇੜੇ ਰੇਲ ਮਾਰਗ 'ਤੇ ਸੋਮਵਾਰ ਰਾਤ ਇੱਕ ਧਮਾਕਾ ਹੋਣ ਦੀ ਖਬਰ ਮਿਲੀ ਹੈ।

ਬੀਬੀਸੀ ਸਹਿਯੋਗੀ ਗੁਰਮਿੰਦਰ ਗਰੇਵਾਲ ਵੱਲੋਂ ਸਾਂਝੀ ਕੀਤੀ ਗਈ ਜਾਣਕਾਰੀ ਮੁਤਾਬਕ ਇਹ ਘਟਨਾ ਸੋਮਵਾਰ ਰਾਤ ਤਕਰੀਬਨ 10 ਵਜੇ ਦੇ ਕਰੀਬ ਵਾਪਰੀ। ਜਾਣਕਾਰੀ ਮੁਤਾਬਕ, ਧਮਾਕੇ ਦੀ ਗੂੰਜ ਕਾਫ਼ੀ ਦੂਰ ਤੱਕ ਸੁਣਾਈ ਦਿੱਤੀ।

ਜਾਣਕਾਰੀ ਮੁਤਾਬਕ, ਧਮਾਕੇ ਮੌਕੇ ਕੋਈ ਰੇਲ ਗੱਡੀ ਉਸ ਟਰੈਕ ਤੋਂ ਨਹੀਂ ਲੰਘ ਰਹੀ ਸੀ। ਪੁਲਿਸ ਮੁਤਾਬਕ ਇਸ ਦੌਰਾਨ ਜਗਰੂਪ ਸਿੰਘ ਨਾਮ ਦੇ ਵਿਅਕਤੀ ਦੀ ਮੌਤ ਹੋ ਗਈ ਹੈ।

ਪੁਲਿਸ ਦਾ ਕਹਿਣਾ ਹੈ ਕਿ ਰੇਲਵੇ ਲਾਈਨਾਂ ਦੇ ਨੇੜੇ ਸੁਰੱਖਿਆ ਘੇਰਾ ਸਖ਼ਤ ਕਰ ਦਿੱਤਾ ਗਿਆ ਹੈ ਅਤੇ ਨੇੜਲੇ ਪਿੰਡਾਂ ਵਿੱਚ ਸਰਚ ਆਪ੍ਰੇਸ਼ਨ ਚਲਾਇਆ ਜਾ ਰਿਹਾ ਹੈ।

ਇਸ ਬਾਰੇ ਵਧੇਰੇ ਜਾਣਕਾਰੀ ਦਿੰਦਿਆਂ ਪਟਿਆਲਾ ਰੇਂਜ ਦੇ ਡੀਆਈਜੀ ਕੁਲਦੀਪ ਸਿੰਘ ਚਾਹਲ ਅਤੇ ਜ਼ਿਲ੍ਹਾ ਪੁਲਿਸ ਮੁਖੀ ਵਰੁਣ ਸ਼ਰਮਾ ਨੇ ਪਟਿਆਲਾ ਵਿਖੇ ਪੱਤਰਕਾਰਾਂ ਨਾਲ ਗੱਲਬਾਤ ਕੀਤੀ।

ਡੀਆਈਜੀ ਕੁਲਦੀਪ ਸਿੰਘ ਚਾਹਲ ਨੇ ਦੱਸਿਆ, "ਸਾਡੀ ਜਾਂਚ ਵਿੱਚ ਸਾਹਮਣੇ ਆਇਆ ਹੈ ਕਿ ਇਹ ਮਡਿਊਲ ਆਈਐੱਸਆਈ 'ਤੇ ਆਧਾਰਿਤ ਹੈ ਅਤੇ ਮਲੇਸ਼ੀਆ ਤੋਂ ਚਲਾਇਆ ਜਾ ਰਿਹਾ ਸੀ। ਇਸ ਨੂੰ ਖ਼ਾਲਿਸਤਾਨੀ ਪੱਖੀਆਂ ਵੱਲੋਂ ਚਲਾਇਆ ਜਾ ਰਿਹਾ ਸੀ। ਇਸ ਵਿੱਚ ਅਸੀਂ ਚਾਰ ਮੁਲਜ਼ਮ ਗ੍ਰਿਫ਼ਤਾਰ ਕੀਤੇ ਹਨ, ਜਿਨ੍ਹਾਂ ਵਿੱਚ ਪ੍ਰਦੀਪ ਸਿੰਘ ਖਾਲਸਾ, ਕੁਲਵਿੰਦਰ ਸਿੰਘ, ਸਤਨਾਮ ਸਿੰਘ ਅਤੇ ਗੁਰਪ੍ਰੀਤ ਸਿੰਘ ਸ਼ਾਮਲ ਹਨ।"

"ਉਨ੍ਹਾਂ ਕੋਲੋਂ ਇੱਕ ਹੈਂਡ ਗ੍ਰੇਨੇਡ, ਦੋ 32 ਬੋਕ ਪਿਸਤੌਲ, ਆਈਡੀ ਡੇਟੋਨੇਟਰ ਅਤੇ ਟੈਕਨੀਕਲ ਸਮਾਨ ਬਰਾਮਦ ਕੀਤਾ। ਫਿਲਹਾਲ ਅਗਲੇਰੀ ਜਾਂਚ ਚੱਲੇਗੀ ਅਤੇ ਜੋ ਵੀ ਸਾਹਮਣੇ ਆਵੇਗਾ ਉਹ ਸਾਂਝਾ ਕੀਤਾ ਜਾਵੇਗਾ।"

"ਜਗਰੂਪ ਸਿੰਘ ਇਸ ਮਡਿਊਲ ਦਾ ਹਿੱਸਾ ਸੀ ਅਤੇ ਧਮਾਕਾ ਸਮੱਗਰੀ ਉੱਥੇ ਰੱਖਣ ਦੌਰਾਨ ਜਦੋਂ ਧਮਾਕਾ ਹੋਇਆ ਤਾਂ ਉਸ ਦੀ ਮੌਤ ਹੋ ਗਈ। ਜਾਂਚ ਦੌਰਾਨ ਪਤਾ ਲੱਗਾ ਕਿ ਜਗਰੂਪ ਖਾਲਿਸਤਾਨੀ ਪੱਖੀਆਂ ਦੇ ਨਾਲ ਜੁੜਿਆ ਹੋਇਆ ਸੀ ਅਤੇ 2019 ਵਿੱਚ ਮਲੇਸ਼ੀਆ ਵੀ ਜਾ ਕੇ ਆਇਆ ਸੀ। ਸਤਨਾਮ ਸਿੰਘ, ਜਗਰੂਪ ਸਿੰਘ ਦਾ ਭਰਾ ਹੈ। ਜਗਰੂਪ ਸਿੰਘ ਉੱਤੇ 2024 ਵਿੱਚ ਇੱਕ ਐੱਫਆਈਆਰ ਦਰਜ ਹੋਈ ਸੀ।"

ਪੰਜਾਬ ਪੁਲਿਸ

ਤਸਵੀਰ ਸਰੋਤ, Gurminder Singh Grewal/BBC

ਤਸਵੀਰ ਕੈਪਸ਼ਨ, ਪਟਿਆਲਾ ਰੇਂਜ ਦੇ ਡੀਆਈਜੀ ਕੁਲਦੀਪ ਸਿੰਘ ਚਾਹਲ ਅਤੇ ਜ਼ਿਲ੍ਹਾ ਪੁਲਿਸ ਮੁਖੀ ਵਰੁਣ ਸ਼ਰਮਾ ਨੇ ਪਟਿਆਲਾ ਵਿਖੇ ਪੱਤਰਕਾਰਾਂ ਨਾਲ ਗੱਲਬਾਤ ਕੀਤੀ

ਇਸ ਤੋਂ ਪਹਿਲਾਂ ਪਟਿਆਲਾ ਦੇ ਐੱਸਐੱਸਪੀ ਵਰੁਣ ਸ਼ਰਮਾ ਨੇ ਜਾਣਕਾਰੀ ਦਿੱਤੀ ਸੀ, "ਸ਼ੰਭੂ ਹਰਿਆਣਾ ਬਾਰਡਰ ਦੇ ਇੱਕ ਰੇਲਵੇ ਟਰੈਕ ਦੇ ਉੱਪਰ ਕੱਲ ਦੇਰ ਰਾਤ ਪਟਿਆਲਾ ਪੁਲਿਸ ਨੂੰ ਇੱਕ ਲੋਅ ਇੰਟੈਂਸਿਟੀ ਐਕਸਪਲੋਜ਼ਨ ਦੀ ਜਾਣਕਾਰੀ ਮਿਲੀ ਸੀ। ਤੁਰੰਤ ਮੈਂ, ਡੀਆਈਜੀ ਪਟਿਆਲਾ ਰੇਂਜ ਅਤੇ ਹੋਰ ਸੀਨੀਅਰ ਅਫਸਰ ਮੌਕੇ 'ਤੇ ਗਏ ਅਤੇ ਜਾਇਜ਼ਾ ਲਿਆ।"

"ਉੱਥੇ ਪਤਾ ਲੱਗਿਆ ਕਿ ਇਹ ਇੱਕ ਲੋਅ ਇੰਟੈਨਸਿਟੀ ਐਕਸਪਲੋਜ਼ਨ ਨਹੀਂ ਸੀ ਪਰੰਤੂ ਇੱਕ 'ਅਟੈਂਪਟਿਡ ਡੈਟੋਨੇਸ਼ਨ' (ਧਮਾਕਾ ਕਰਨ ਦੀ ਕੋਸ਼ਿਸ਼) ਸੀ । ਜੋ ਵਿਅਕਤੀ ਡੈਟੋਨੇਟ ਕਰਨ ਦੀ ਕੋਸ਼ਿਸ਼ ਕਰ ਰਿਹਾ ਸੀ ਉਸ ਦੀ ਮੌਤ ਹੋ ਗਈ ਉਸ ਦੀ ਮ੍ਰਿਤਕ ਦੇਹ ਵੀ ਉੱਥੇ ਮਿਲੀ ਹੈ।"

ਉਨ੍ਹਾਂ ਨੇ ਦੱਸਿਆ ਕਿ ਹੋਰ ਕਿਸੇ ਵੀ ਪ੍ਰਕਾਰ ਦਾ ਕੋਈ ਜਾਨੀ ਜਾਂ ਮਾਲੀ ਨੁਕਸਾਨ ਨਹੀਂ ਹੋਇਆ। ਜਾਂਚ ਟੀਮ ਨੇ ਮੌਕੇ ਤੋਂ ਬਰਾਮਦ ਇੱਕ ਸਿਮ ਕਾਰਡ ਅਤੇ ਹੋਰ ਸਬੂਤਾਂ ਨੂੰ ਕਬਜ਼ੇ ਵਿੱਚ ਲੈ ਕੇ ਜਾਂਚ ਸ਼ੁਰੂ ਕਰ ਦਿੱਤੀ ਹੈ।

ਐੱਸਐੱਸਪੀ ਨੇ ਉਮੀਦ ਜਤਾਈ ਹੈ ਕਿ ਬਹੁਤ ਛੇਤੀ ਉਹ ਪੂਰੀ ਸਾਜਿਸ਼ ਨੂੰ ਸਾਹਮਣੇ ਲਿਆਉਣਗੇ। ਜੀਆਰਪੀ, ਆਰਪੀਐੱਫ ਅਤੇ ਹੋਰ ਏਜੰਸੀ ਨੂੰ ਨਾਲ ਲੈ ਕੇ ਅਸੀਂ ਇਸਦੀ ਜਾਂਚ ਕੀਤੀ ਜਾ ਰਹੀ ਹੈ।

ਬੀਬੀਸੀ ਸਹਿਯੋਗੀ ਗੁਰਮਿੰਦਰ ਗਰੇਵਾਲ ਮੁਤਾਬਕ ਇਸ ਧਮਾਕੇ ਕਾਰਨ ਰੇਲਵੇ ਲਾਈਨ ਨੂੰ ਨੁਕਸਾਨ ਪਹੁੰਚਿਆ ਹੈ, ਜਿਸ ਕਾਰਨ ਰੇਲਵੇ ਵਿਭਾਗ ਨੇ ਇਸ ਮਾਰਗ 'ਤੇ ਮਾਲ ਗੱਡੀਆਂ ਆਵਾਜਾਈ ਰੋਕ ਦਿੱਤੀ ਹੈ।

ਗੁਰਦਾਸਪੁਰ 'ਚ ਮਿਲਿਆ ਗ੍ਰੇਨੇਡ ਨੁਮਾ ਸ਼ੱਕੀ ਜੰਤਰ

ਰਾਤ ਨੂੰ ਦੁਕਾਨ ਬਾਹਰ ਜਾਂਚ ਕਰ ਰਹੇ ਸੁਰੱਖਿਆ ਬਲ

ਤਸਵੀਰ ਸਰੋਤ, Gurpreet Chawla/BBC

ਤਸਵੀਰ ਕੈਪਸ਼ਨ, ਗੁਰਦਾਸਪੁਰ ਦੇ ਗੀਤਾ ਬਜ਼ਾਰ ਵਿੱਚ ਗਰਨੇਡ ਨੁਮਾ ਯੰਤਰ ਦੀ ਸੂਚਨਾ ਬਾਅਦ ਜਾਂਚ ਕਰਦੇ ਸੁਰੱਖਿਆ ਬਲ

ਬੀਬੀਸੀ ਸਹਿਯੋਗੀ ਗੁਰਪ੍ਰੀਤ ਚਾਵਲਾ ਮੁਤਾਬਕ ਸੋਮਵਾਰ ਰਾਤ ਗੁਰਦਾਸਪੁਰ ਦੇ ਗੀਤਾ ਭਵਨ ਮੁੱਖ ਬਾਜ਼ਾਰ ਵਿੱਚ ਇੱਕ ਗ੍ਰੇਨੇਡ ਨੁਮਾ ਸ਼ੱਕੀ ਯੰਤਰ ਮਿਲਿਆ।

ਬਜ਼ਾਰ ਦੇ ਦੁਕਾਨਦਾਰਾਂ ਦਾ ਕਹਿਣਾ ਕਿ ਮੋਟਰਸਾਈਕਲ ਸਵਾਰ ਅਣਪਛਾਤੇ ਵਿਅਕਤੀਆਂ ਵੱਲੋਂ ਇਹ ਵਸਤੂ ਇੱਕ ਦੁਕਾਨ ਦੇ ਬਾਹਰ ਸੁੱਟੀ ਗਈ।

ਜਿਸ ਤੋਂ ਬਾਅਦ ਦੁਕਾਨਦਾਰਾਂ ਨੇ ਪੁਲਿਸ ਨੂੰ ਸੂਚਿਤ ਕੀਤਾ। ਫਿਲਹਾਲ ਕਿਸੇ ਵੀ ਤਰ੍ਹਾਂ ਦਾ ਨੁਕਸਾਨ ਹੋਣ ਤੋਂ ਬਚਾਅ ਹੈ।

ਜਿਸ ਦੁਕਾਨ ਦੇ ਬਾਹਰ ਇਹ ਸ਼ੱਕੀ ਜੰਤਰ ਮਿਲਿਆ ਹੈ, ਉੱਥੋਂ ਦੇ ਦੁਕਾਨ ਮਾਲਕ ਅਟਲ ਸ਼ਰਮਾ ਨੇ ਦੱਸਿਆ ਕਿ ਦੁਕਾਨ ਦੇ ਬਾਹਰ ਸਫ਼ਾਈ ਕਰਨ ਵਾਲੇ ਲੜਕਿਆਂ ਨੇ ਉਹਨਾਂ ਦੇ ਕਾਮੇ ਨੂੰ ਦੱਸਿਆ ਕਿ ਬਾਹਰ ਕੋਈ ਚੀਜ਼ ਡਿੱਗੀ ਹੈ।

ਦੁਕਾਨਦੁਾਰ ਨੇ ਦੱਸਿਆ, "ਜਦੋਂ ਸਾਡੇ ਲੜਕੇ ਨੇ ਉਸਨੂੰ ਚੁੱਕਿਆ ਤਾਂ ਉਹ ਗ੍ਰੇਨੇਡ ਸੀ। ਸਾਨੂੰ ਪਤਾ ਨਹੀਂ ਸੀ ਕਿ ਇਹ ਅਸਲੀ ਹੈ ਜਾਂ ਨਕਲੀ। ਅਸੀਂ ਉਸਨੂੰ ਖਾਲੀ ਥਾਂ 'ਤੇ ਰੱਖਵਾ ਦਿੱਤਾ। ਜਦੋਂ ਅਸੀਂ ਪੁਲਿਸ ਨੂੰ ਸੂਚਿਤ ਕੀਤਾ ਤਾਂ ਪਤਾ ਲੱਗਿਆ ਕਿ ਇਹ ਅਸਲੀ ਗ੍ਰੇਨੇਡ ਹੈ।"

"ਅਸੀਂ ਸੀਸੀਟੀਵੀ ਚੈੱਕ ਕੀਤੀ ਤਾਂ ਪਤਾ ਲੱਗਿਆ ਕਿ ਕਾਲੇ ਕੱਪੜਿਆਂ ਵਿੱਚ ਆਏ ਕੁਝ ਨੌਜਵਾਨ ਮੋਟਰਸਾਈਕਲ 'ਤੇ ਗੇੜੇ ਮਾਰ ਰਹੇ ਸਨ। ਉਹਨਾਂ ਨੇ ਹੀ ਇਹ ਦੁਕਾਨ ਦੇ ਬਾਹਰ ਸੁੱਟਿਆ।"

ਦੇਰ ਰਾਤ ਮੌਕੇ 'ਤੇ ਪਹੁੰਚੇ ਗੁਰਦਾਸਪੁਰ ਦੇ ਐੱਸਪੀ ਡੀਕੇ ਚੌਧਰੀ ਨੇ ਦੱਸਿਆ, "ਸਾਨੂੰ ਰਾਤ 8-8:30 ਵਜੇ ਦੇ ਕਰੀਬ ਸੂਚਨਾ ਮਿਲੀ ਸੀ। ਜਿਸ ਤੋਂ ਬਾਅਦ ਉਨ੍ਹਾਂ ਨੇ ਮੌਕੇ 'ਤੇ ਪਹੁੰਚੇ ਤਾਂ ਜਾਂਚ ਸ਼ੁਰੂ ਕਰ ਦਿੱਤੀ ਤੇ ਬੰਬ ਸਕੁਐਡ ਟੀਮ ਨੂੰ ਬੁਲਾਇਆ।"

ਬੀਬੀਸੀ ਸਹਿਯੋਗੀ ਗੁਰਪ੍ਰੀਤ ਚਾਵਲਾ ਮੁਤਾਬਕ ਦੇਰ ਰਾਤ ਬੰਬ ਸਕੁਐਡ ਟੀਮ ਵੱਲੋਂ ਗ੍ਰੇਨੇਡ ਨੁਮਾ ਯੰਤਰ ਨੂੰ ਕਬਜ਼ੇ 'ਚ ਲੈ ਲਿਆ ਗਿਆ ਹੈ।

ਗੁਰਦਾਸਪੁਰ 'ਚ ਗੋਲੀਆਂ ਮਾਰ ਕੇ ਦੋ ਨੌਜਵਾਨਾਂ ਦਾ ਕਤਲ

ਮ੍ਰਿਤਕ ਨੌਜਵਾਨਾਂ ਦੀਆਂ ਫ਼ਾਈਲ ਤਸਵੀਰਾਂ

ਤਸਵੀਰ ਸਰੋਤ, Gurpreet Chawla/BBC

ਤਸਵੀਰ ਕੈਪਸ਼ਨ, ਘਟਨਾ ਵਿੱਚ ਮਾਰੇ ਗਏ ਨੌਜਵਾਨਾਂ ਕਸ਼ਮੀਰ ਸਿੰਘ ਅਤੇ ਜੁਗਰਾਜ ਸਿੰਘ ਦੀਆਂ ਫ਼ਾਈਲ ਤਸਵੀਰਾਂ

ਬੀਬੀਸੀ ਸਹਿਯੋਗੀ ਗੁਰਪ੍ਰੀਤ ਚਾਵਲਾ ਵੱਲੋਂ ਸਾਂਝੀ ਕੀਤੀ ਗਈ ਜਾਣਕਾਰੀ ਮੁਤਾਬਕ ਸੋਮਵਾਰ ਰਾਤ ਗੁਰਦਾਸਪੁਰ 'ਚ ਬਟਾਲਾ ਨੇੜੇ ਪਿੰਡ ਭੋਮਾ 'ਚ ਪਿੰਡ ਦੀ ਗਰਾਊਂਡ ਵਿੱਚ ਸੈਰ ਕਰਦੇ ਤਿੰਨ ਵਿਅਕਤੀਆਂ 'ਤੇ ਅਣਪਛਾਤੇ ਮੋਟਰਸਾਈਕਲ ਸਵਾਰ ਨੌਜਵਾਨਾਂ ਵੱਲੋਂ ਫਾਇਰਿੰਗ ਕੀਤੀ ਗਈ।

ਫਾਇਰਿੰਗ ਦੌਰਾਨ ਗੋਲੀਆਂ ਲੱਗਣ ਨਾਲ ਦੋ ਨੌਜਵਾਨਾਂ ਦੀ ਮੌਕੇ 'ਤੇ ਹੀ ਮੌਤ ਹੋ ਗਈ, ਜਦਕਿ ਇਕ ਨੌਜਵਾਨ ਗੰਭੀਰ ਰੂਪ ਵਿੱਚ ਜ਼ਖ਼ਮੀ ਹੋ ਗਿਆ, ਜੋ ਹਸਪਤਾਲ 'ਚ ਇਲਾਜ ਅਧੀਨ ਹੈ ।

ਪੁਲਿਸ ਮੁਤਾਬਕ, ਜਾਨ ਗਵਾਉਣ ਵਾਲੇ ਨੌਜਵਾਨਾਂ ਵਿੱਚੋਂ ਇੱਕ ਕਸ਼ਮੀਰ ਸਿੰਘ, ਸਾਬਕਾ ਸਰਪੰਚ ਦਾ ਬੇਟਾ ਸੀ ਅਤੇ ਇਕ 18 ਸਾਲ ਦਾ ਕਬੱਡੀ ਖਿਡਾਰੀ ਜੁਗਰਾਜ ਸਿੰਘ ਸੀ।

ਮ੍ਰਿਤਕ ਕਬੱਡੀ ਖਿਡਾਰੀ ਜੁਗਰਾਜ ਸਿੰਘ ਦੀ ਮਾਂ ਕੰਵਲਜੀਤ ਕੌਰ ਨੇ ਰੋਂਦੇ ਹੋਏ ਇਨਸਾਫ਼ ਦੀ ਮੰਗ ਕੀਤੀ।

ਉਹਨਾਂ ਨੇ ਕਿਹਾ, "ਜੁਗਰਾਜ ਸੈਰ ਕਰਨ ਲਈ ਗਿਆ। ਉਹ ਕਬੱਡੀ ਖੇਡਦਾ ਸੀ, ਉਸਦੀ ਉਮਰ 18 ਸਾਲ ਸੀ। 8 ਕੁ ਵਜੇ ਉਹ ਸੈਰ ਕਰਨ ਗਿਆ ਸੀ।"

ਜੁਗਰਾਜ ਦੇ ਚਾਚਾ ਅੰਗਰੇਜ਼ ਸਿੰਘ ਨੇ ਦੱਸਿਆ, "ਮੈਂ ਘਰੇ ਨਹੀਂ ਸੀ। ਪਤਾ ਲੱਗਿਆ ਹੈ ਕਿ ਜੁਗਰਾਜ ਸਮੇਤ ਤਿੰਨ ਜਣੇ ਸੈਰ ਕਰਨ ਗਏ ਸੀ। ਦੋ ਜਣਿਆਂ ਦੀ ਮੌਤ ਹੋ ਗਈ ਹੈ ਤੇ ਇੱਕ ਜ਼ਖਮੀ ਹੈ। ਗੋਲੀਆਂ ਚਲਾਉਣ ਵਾਲੇ ਮੋਟਰਸਾਈਕਲਾਂ 'ਤੇ ਆਏ ਸਨ। ਅਸੀਂ ਚਾਹੁੰਦੇ ਹਾਂ ਕਿ ਹਮਲਾਵਰਾਂ ਨੂੰ ਫੜ੍ਹਿਆ ਜਾਵੇ।"

ਇਸ ਮਾਮਲੇ ਵਿੱਚ ਐੱਸਐੱਸਪੀ ਬਟਾਲਾ ਡਾ. ਮਹਿਤਾਬ ਸਿੰਘ ਨੇ ਜਾਣਕਾਰੀ ਦਿੱਤੀ ਕਿ ਹਰਗੋਬਿੰਦਪੁਰਾ ਸਬ ਡਵੀਜ਼ਨ ਅਧੀਨ ਪੈਂਦੇ ਪਿੰਡ ਭੋਮਾ ਵਿੱਚ ਤਿੰਨ ਵਿਅਕਤੀ ਸੈਰ ਕਰ ਰਹੇ ਸਨ ਜਿਹਨਾਂ ਉੱਤੇ ਅਣਪਛਾਤੇ ਵਿਅਕਤੀਆਂ ਨੇ ਗੋਲੀਆਂ ਚਲਾਈਆਂ ਹਨ। ਜਿਹਨਾਂ ਵਿੱਚੋਂ ਕਸ਼ਮੀਰ ਸਿੰਘ ਅਤੇ ਜੁਗਰਾਜ ਸਿੰਘ ਦੀ ਮੌਤ ਹੋ ਗਈ ਹੈ ਤੇ ਇੱਕ ਵਿਅਕਤੀ ਜ਼ਖਮੀ ਹੈ।

ਡਾ. ਮਹਿਤਾਬ ਸਿੰਘ ਮੁਤਾਬਕ ਮੁੱਢਲੀ ਜਾਂਚ ਤੋਂ ਪਤਾ ਲੱਗਿਆ ਹੈ ਕਿ ਇਹ ਕੋਈ ਧਮਕੀ ਜਾਂ ਫਿਰੌਤੀ ਵਾਲਾ ਮਾਮਲਾ ਨਹੀਂ ਹੈ। ਪੁਲਿਸ ਦੀਆਂ ਟੀਮਾਂ ਮਾਮਲੇ ਦੀ ਜਾਂਚ ਕਰ ਰਹੀਆਂ ਹਨ।

ਵਿਰੋਧੀਆਂ ਦੇ ਨਿਸ਼ਾਨੇ 'ਤੇ ਪੰਜਾਬ ਸਰਕਾਰ

ਪੰਜਾਬ ਵਿੱਚ ਵਾਪਰੀਆਂ ਇਹਨਾਂ ਵੱਖ-ਵੱਖ ਅਪਰਾਧਿਕ ਘਟਨਾਵਾਂ 'ਤੇ ਪੰਜਾਬ ਕਾਂਗਰਸ ਦੇ ਪ੍ਰਧਾਨ ਰਾਜਾ ਵੜਿੰਗ ਪੰਜਾਬ ਸਰਕਾਰ 'ਤੇ ਸਵਾਲ ਚੁੱਕੇ।

ਉਹਨਾਂ ਨੇ ਐਕਸ 'ਤੇ ਲਿਖਿਆ, "ਬਟਾਲਾ ਵਿੱਚ ਦੋ ਵਿਅਕਤੀਆਂ ਦੀ ਹੱਤਿਆ ਅਤੇ ਪਟਿਆਲਾ ਜ਼ਿਲ੍ਹੇ ਦੇ ਰਾਜਪੁਰਾ ਅਤੇ ਸ਼ੰਭੂ ਵਿਚਕਾਰ ਰੇਲਵੇ ਟਰੈਕ 'ਤੇ ਬੰਬ ਧਮਾਕੇ ਦੀਆਂ ਦੋ ਪਰੇਸ਼ਾਨ ਕਰਨ ਵਾਲੀਆਂ ਘਟਨਾਵਾਂ ਨਾਲ ਪੰਜਾਬ ਜਾਗ ਪਿਆ ਹੈ।"

"ਅਪਰਾਧੀਆਂ ਅਤੇ ਭੰਨਤੋੜ ਕਰਨ ਵਾਲਿਆਂ 'ਤੇ ਨਜ਼ਰ ਰੱਖਣ ਦੀ ਬਜਾਏ, 'ਆਪ' ਸਰਕਾਰ ਸਪੱਸ਼ਟ ਕਾਰਨਾਂ ਕਰਕੇ ਆਪਣੇ ਹੀ ਵਿਧਾਇਕਾਂ 'ਤੇ ਨਜ਼ਰ ਰੱਖਣ ਵਿੱਚ ਰੁੱਝੀ ਹੋਈ ਜਾਪਦੀ ਹੈ।"

ਅਕਾਲੀ ਆਗੂ ਬਿਕਰਮ ਸਿੰਘ ਮਜੀਠੀਆ ਨੇ ਲਿਖਿਆ, "ਮੁੱਖ ਮੰਤਰੀ ਮਾਨ ਨੇ ਅੱਜ ਤੱਕ ਕਾਨੂੰਨ-ਵਿਵਸਥਾ 'ਤੇ ਕੋਈ ਗੰਭੀਰ ਬੈਠਕ ਕਿਉਂ ਨਹੀਂ ਕੀਤੀ, ਪੰਜਾਬ ਦੇ ਲੋਕ ਡਰ 'ਚ ਜੀਅ ਰਹੇ ਹਨ। ਰੇਲਵੇ ਟਰੈਕ ਤੱਕ ਸੁਰੱਖਿਅਤ ਨਹੀਂ ਰਹੇ। ਇਹਨਾਂ ਹਾਦਸਿਆਂ ਦੀ ਜ਼ਿੰਮੇਵਾਰੀ ਕੌਣ ਲਵੇਗਾ।"

ਗੁਰਦਾਸਪੁਰ ਤੋਂ ਕਾਂਗਰਸ ਦੇ ਐੱਮਪੀ ਸੁਖਜਿੰਦਰ ਰੰਧਾਵਾ ਨੇ ਰਾਜਪੁਰਾ ਨੇੜੇ ਹੋਏ ਧਮਾਕੇ 'ਤੇ ਪੰਜਾਬ ਸਰਕਾਰ ਨੂੰ ਸਵਾਲ ਕੀਤੇ।

ਉਹਨਾਂ ਸੋਸ਼ਲ ਮੀਡੀਆ 'ਤੇ ਪੋਸਟ ਕਰਕੇ ਲਿਖਿਆ, "ਸ਼ੰਭੂ ਨੇੜੇ ਦਿੱਲੀ-ਪੰਜਾਬ ਰੇਲਵੇ ਟਰੈਕ ਨੂੰ ਨਿਸ਼ਾਨਾ ਬਣਾਉਣ ਦੀ ਕੱਲ੍ਹ ਰਾਤ ਦੀ ਕਾਇਰਤਾਪੂਰਨ ਕੋਸ਼ਿਸ਼ ਪਿੱਛੇ ਗੰਭੀਰ ਖੁਫੀਆ ਅਸਫਲਤਾ ਦੀ ਸਖ਼ਤ ਨਿੰਦਾ ਕਰਦਾ ਹਾਂ। ਇਹ ਬਹੁਤ ਹੀ ਪਰੇਸ਼ਾਨ ਕਰਨ ਵਾਲੀ ਗੱਲ ਹੈ ਕਿ ਪਹਿਲਾਂ ਤੋਂ ਧਮਕੀ ਦੀ ਚੇਤਾਵਨੀ ਦੇ ਬਾਵਜੂਦ, ਕੋਈ ਰੋਕਥਾਮ ਉਪਾਅ ਨਹੀਂ ਕੀਤੇ ਗਏ। ਅਜਿਹੀਆਂ ਗਲਤੀਆਂ ਅਸਵੀਕਾਰਨਯੋਗ ਹਨ। ਜਵਾਬਦੇਹੀ ਤੈਅ ਕੀਤੀ ਜਾਣੀ ਚਾਹੀਦੀ ਹੈ।"

ਬੀਬੀਸੀ ਲਈ ਕਲੈਕਟਿਵ ਨਿਊਜ਼ਰੂਮ ਵੱਲੋਂ ਪ੍ਰਕਾਸ਼ਿਤ

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTER, WhatsApp ਅਤੇ YouTube 'ਤੇ ਜੁੜੋ।)