ਟਰੰਪ 'ਤੇ ਹਮਲੇ ਦੀ ਕੋਸ਼ਿਸ਼: ਇੰਜੀਨੀਅਰ, ਟੀਚਰ ਅਤੇ ਗੇਮਰ ਰਹੇ ਇਸ ਸ਼ੱਕੀ ਬੰਦੂਕਧਾਰੀ ਬਾਰੇ ਪੁਲਿਸ ਨੇ ਕੀ ਦੱਸਿਆ

ਤਸਵੀਰ ਸਰੋਤ, Yuri Gripas/Abaca/Bloomberg via Getty Images/TruthSocial/@realDonaldTrump
- ਲੇਖਕ, ਜਾਰੋਸਲਾਵ ਲੁਕੀਵ, ਐਮਾ ਪੇਂਜ਼ੇਲੀ ਅਤੇ ਥਾਮਸ ਕੋਪਲੈਂਡ
- ਰੋਲ, ਬੀਬੀਸੀ ਵੈਰੀਫਾਈ
- ਪੜ੍ਹਨ ਦਾ ਸਮਾਂ: 5 ਮਿੰਟ
ਸ਼ਨੀਵਾਰ ਰਾਤ ਜਿਸ ਹੋਟਲ ਵਿੱਚ ਵ੍ਹਾਈਟ ਹਾਊਸ ਕੋਰਸਪਾਂਡੈਂਟਸ ਡਿਨਰ ਹੋ ਰਿਹਾ ਸੀ, ਉੱਥੇ ਗੋਲ਼ੀਆਂ ਚਲਣ ਤੋਂ ਬਾਅਦ ਗ੍ਰਿਫ਼ਤਾਰ ਕੀਤੇ ਗਏ ਵਿਅਕਤੀ ਦਾ ਨਾਮ ਲਾਅ ਇੰਫੋਰਸਮੈਂਟ ਅਧਿਕਾਰੀਆਂ ਨੇ ਕੋਲ ਥਾਮਸ ਐਲਨ ਦੱਸਿਆ ਹੈ।
31 ਸਾਲ ਦਾ ਇਹ ਸ਼ੱਕੀ ਬੰਦੂਕਧਾਰੀ ਕੈਲੀਫ਼ੋਰਨੀਆ ਦੇ ਲਾਸ ਐਂਜਲਿਸ ਇਲਾਕੇ ਦੇ ਟੋਰੈਂਸ ਦਾ ਰਹਿਣ ਵਾਲਾ ਹੈ।
ਬੀਬੀਸੀ ਦੇ ਅਮਰੀਕੀ ਨਿਊਜ਼ ਪਾਰਟਨਰ ਸੀਬੀਐਸ ਨੂੰ ਦੋ ਸਰੋਤਾਂ ਨੇ ਦੱਸਿਆ ਕਿ ਵਾਸ਼ਿੰਗਟਨ ਹਿਲਟਨ ਹੋਟਲ ਦੇ ਅੰਦਰ ਸੁਰੱਖਿਆ ਕਰਮਚਾਰੀਆਂ ਦੁਆਰਾ ਹਿਰਾਸਤ ਵਿੱਚ ਲਏ ਜਾਣ ਤੋਂ ਬਾਅਦ, ਉਸਨੇ ਲਾਅ ਇੰਫੋਰਸਮੈਂਟ ਅਧਿਕਾਰੀਆਂ ਨੂੰ ਕਿਹਾ ਕਿ ਉਹ ਟਰੰਪ ਪ੍ਰਸ਼ਾਸਨ ਦੇ ਅਧਿਕਾਰੀਆਂ ਨੂੰ ਗੋਲ਼ੀ ਮਾਰਨਾ ਚਾਹੁੰਦਾ ਸੀ।
ਐਤਵਾਰ ਨੂੰ ਐਨਬੀਸੀ ਦੇ 'ਮੀਟ ਦਿ ਪ੍ਰੈਸ' ਨਾਲ ਇਕ ਇੰਟਰਵਿਊ ਵਿੱਚ ਕਾਰਜਕਾਰੀ ਅਮਰੀਕੀ ਅਟਾਰਨੀ ਜਨਰਲ ਟੌਡ ਬਲੈਂਚ ਨੇ ਕਿਹਾ ਕਿ ਸ਼ੱਕੀ ਸ਼ੂਟਰ ਦੇ ਮਕਸਦ ਦੀ ਅਜੇ ਵੀ ਜਾਂਚ ਚੱਲ ਰਹੀ ਹੈ, ਪਰ "ਸ਼ੁਰੂਆਤੀ" ਜਾਂਚ ਦੱਸਦੀ ਹੈ ਕਿ ਉਹ ਪ੍ਰਸ਼ਾਸਨਿਕ ਅਧਿਕਾਰੀਆਂ ਨੂੰ ਨਿਸ਼ਾਨਾ ਬਣਾ ਰਿਹਾ ਸੀ, ਜਿਸ ਵਿੱਚ "ਸੰਭਵ ਤੌਰ 'ਤੇ" ਰਾਸ਼ਟਰਪਤੀ ਡੌਨਲਡ ਟਰੰਪ ਵੀ ਸ਼ਾਮਲ ਸਨ।
ਬਲੈਂਚ ਨੇ ਕਿਹਾ ਕਿ ਜਾਂਚਕਰਤਾ ਹੁਣ ਉਨ੍ਹਾਂ ਰਿਪੋਰਟਾਂ ਦੀ ਜਾਂਚ ਕਰ ਰਹੇ ਹਨ ਕਿ ਕਥਿਤ ਬੰਦੂਕਧਾਰੀ ਨੇ ਹੋਟਲ ਦੇ ਅੰਦਰ ਹੀ ਹਥਿਆਰ ਅਸੈਂਬਲ ਕੀਤਾ ਸੀ ਭਾਵ ਉਸਦੇ ਵੱਖ-ਵੱਖ ਹਿੱਸਿਆਂ ਨੂੰ ਜੋੜਿਆ ਸੀ। ਉਨ੍ਹਾਂ ਇਸ ਗੱਲ 'ਤੇ ਵੀ ਜ਼ੋਰ ਦਿੱਤਾ ਕਿ ਉਹ "ਬਹੁਤ ਅੱਗੇ ਤੱਕ ਨਹੀਂ ਪਹੁੰਚ ਸਕਿਆ"।
ਬਲੈਂਚ ਨੇ ਕਿਹਾ, "ਉਹ ਸੁਰੱਖਿਆ ਘੇਰੇ ਨੂੰ ਮੁਸ਼ਕਲ ਨਾਲ ਹੀ ਪਾਰ ਕਰ ਸਕਿਆ ਸੀ," ਅਤੇ ਇਹ ਵੀ ਕਿਹਾ ਕਿ ਸੰਭਵ ਹੈ ਕਿ ਸ਼ੱਕੀ ਵਿਅਕਤੀ ਲਾਸ ਐਂਜਲਿਸ ਤੋਂ ਸ਼ਿਕਾਗੋ ਅਤੇ ਫਿਰ ਵਾਸ਼ਿੰਗਟਨ ਡੀਸੀ ਤੱਕ ਰੇਲ ਰਾਹੀਂ ਆਇਆ ਸੀ।
ਡਿਨਰ ਵਾਲੇ ਹੋਟਲ ਵਿੱਚ ਮਹਿਮਾਨ ਵਜੋਂ ਰੁਕਿਆ ਸੀ ਸ਼ੱਕੀ ਬੰਦੂਕਧਾਰੀ

ਤਸਵੀਰ ਸਰੋਤ, Reuters
ਆਪਣੇ ਸਰੋਤਾਂ ਦਾ ਹਵਾਲਾ ਦਿੰਦਿਆਂ, ਸੀਬੀਐਸ ਨੇ ਕਿਹਾ ਕਿ ਇਸ ਘਟਨਾ ਦੌਰਾਨ ਘੱਟੋ-ਘੱਟ ਪੰਜ ਤੋਂ ਅੱਠ ਗੋਲੀਆਂ ਚਲਾਈਆਂ ਗਈਆਂ ਸਨ। ਟਰੰਪ ਵੱਲੋਂ ਪੋਸਟ ਕੀਤੀ ਗਈ ਸੀਸੀਟੀਵੀ ਫੁਟੇਜ ਵਿੱਚ ਇਕ ਵਿਅਕਤੀ ਨੂੰ ਸੁਰੱਖਿਆ ਅਧਿਕਾਰੀਆਂ ਕੋਲੋਂ ਤੇਜ਼ੀ ਨਾਲ ਲੰਘਦੇ ਹੋਏ ਵੇਖਿਆ ਗਿਆ ਹੈ, ਜਿਸ ਤੋਂ ਬਾਅਦ ਅਧਿਕਾਰੀ ਮੁੜਕੇ ਉਸਦਾ ਪਿੱਛਾ ਕਰਦੇ ਹਨ।
ਇਸ ਤੋਂ ਪਹਿਲਾਂ ਇਕ ਪ੍ਰੈਸ ਕਾਨਫਰੰਸ ਵਿੱਚ ਪੁਲਿਸ ਨੇ ਕਿਹਾ ਸੀ ਕਿ ਸੁਰੱਖਿਆ ਅਧਿਕਾਰੀਆਂ ਅਤੇ ਸ਼ੱਕੀ ਦੇ ਵਿਚਕਾਰ ਗੋਲੀਬਾਰੀ ਹੋਈ ਸੀ, ਹਾਲਾਂਕਿ ਉਨ੍ਹਾਂ ਨੇ ਇਹ ਨਹੀਂ ਦੱਸਿਆ ਕਿ ਕਿੰਨੀਆਂ ਗੋਲੀਆਂ ਚਲਾਈਆਂ ਗਈਆਂ।
ਵਾਸ਼ਿੰਗਟਨ ਦੇ ਅੰਤਰਿਮ ਪੁਲਿਸ ਮੁਖੀ ਜੈਫਰੀ ਕੈਰੋਲ ਨੇ ਕਿਹਾ ਕਿ ਸ਼ੱਕੀ ਨੂੰ ਗੋਲ਼ੀ ਨਹੀਂ ਲੱਗੀ ਸੀ, ਪਰ ਉਸਨੂੰ ਜਾਂਚ ਲਈ ਹਸਪਤਾਲ ਲਿਜਾਇਆ ਗਿਆ।
ਕੈਰੋਲ ਨੇ ਕਿਹਾ ਕਿ ਸ਼ੱਕੀ ਵਾਸ਼ਿੰਗਟਨ ਹਿਲਟਨ ਹੋਟਲ ਵਿੱਚ ਹੀ ਇੱਕ ਮਹਿਮਾਨ ਵਜੋਂ ਰੁਕਿਆ ਹੋਇਆ ਸੀ, ਜਿੱਥੇ ਕੋਰਸਪਾਂਡੈਂਟਸ ਡਿਨਰ ਹੋ ਰਿਹਾ ਸੀ। ਉਨ੍ਹਾਂ ਨੇ ਇਹ ਵੀ ਕਿਹਾ ਕਿ ਉਹ "ਇੱਕ ਸ਼ਾਟਗਨ, ਇੱਕ ਹੈਂਡਗਨ ਅਤੇ ਕਈ ਚਾਕੂਆਂ ਨਾਲ ਲੈਸ ਸੀ"।
ਪੁਲਿਸ ਮੁਖੀ ਨੇ ਕਿਹਾ, "ਇਸ ਸਮੇਂ, ਇੰਝ ਲੱਗਦਾ ਹੈ ਕਿ ਉਹ ਇਕੱਲਾ ਹੀ ਕੰਮ ਕਰ ਰਿਹਾ ਸੀ, ਇੱਕ ਇਕੱਲਾ ਬੰਦੂਕਧਾਰੀ।"
ਟਰੰਪ ਨੇ ਸ਼ੇਅਰ ਕੀਤੀ ਤਸਵੀਰ

ਤਸਵੀਰ ਸਰੋਤ, @REALDONALD TRUMP / TRUTHSOCIAL
ਬਾਅਦ ਵਿੱਚ ਟਰੰਪ ਨੇ ਇੱਕ ਕਲੋਜ਼-ਅੱਪ ਤਸਵੀਰ ਪੋਸਟ ਕੀਤੀ, ਜਿਸ ਵਿੱਚ ਇੱਕ ਵਿਅਕਤੀ ਬਿਨਾਂ ਕਮੀਜ਼ ਦੇ ਫਰਸ਼ 'ਤੇ ਪਿਆ ਸੀ ਅਤੇ ਉਸਦੇ ਹੱਥ ਉਸਦੀ ਪਿੱਠ ਦੇ ਪਿੱਛੇ ਹਥਕੜੀਆਂ ਨਾਲ ਬੰਨ੍ਹੇ ਹੋਏ ਸਨ ਤੇ ਸੀਕ੍ਰੇਟ ਸਰਵਿਸ ਦੇ ਅਧਿਕਾਰੀ ਉਸਦੇ ਆਲੇ-ਦੁਆਲੇ ਖੜ੍ਹੇ ਸਨ।
ਬਾਅਦ ਵਿੱਚ ਕੁਝ ਤਸਵੀਰਾਂ ਸਾਹਮਣੇ ਆਈਆਂ, ਜਿਨ੍ਹਾਂ ਵਿੱਚ ਐਫਬੀਆਈ ਏਜੰਟ ਅਤੇ ਪੁਲਿਸ ਕੈਲੀਫ਼ੋਰਨੀਆ ਦੇ ਇੱਕ ਪਤੇ 'ਤੇ ਤਲਾਸ਼ੀ ਲੈਂਦੇ ਨਜ਼ਰ ਆ ਰਹੇ ਸਨ।
ਮੰਨਿਆ ਜਾ ਰਿਹਾ ਹੈ ਕਿ ਇਹ ਪਤਾ ਕਥਿਤ ਬੰਦੂਕਧਾਰੀ ਨਾਲ ਸੰਬੰਧਿਤ ਸੀ। ਬੀਬੀਸੀ ਵੈਰਫਾਈ ਸ਼ੱਕੀ ਦੀ ਆਨਲਾਈਨ ਮੌਜੂਦਗੀ (ਸੋਸ਼ਲ ਮੀਡੀਆ 'ਤੇ ਐਕਟਿਵ ਆਦਿ ਹੋਣ) ਦੀ ਜਾਂਚ ਕਰ ਰਿਹਾ ਹੈ।
ਸ਼ੱਕੀ ਬਾਰੇ ਹੋਰ ਕੀ ਜਾਣਕਾਰੀ ਮਿਲੀ

ਲਾਸ ਐਂਜਲਿਸ ਕਾਉਂਟੀ ਦੇ ਵੋਟਰ ਰਜਿਸਟ੍ਰੇਸ਼ਨ ਰਿਕਾਰਡ ਦੱਸਦੇ ਹਨ ਕਿ ਉਸਨੇ ਕਿਸੇ ਵੀ ਪਾਰਟੀ ਨੂੰ ਆਪਣੀ ਪਸੰਦ ਵਜੋਂ ਰਜਿਸਟਰ ਨਹੀਂ ਕੀਤਾ ਸੀ।
ਬੀਬੀਸੀ ਵੈਰਫਾਈ ਵੱਲੋਂ ਦੇਖੇ ਗਏ ਫੈਡਰਲ ਇਲੈਕਸ਼ਨ ਕਮਿਸ਼ਨ ਦੇ ਇੱਕ ਰਿਕਾਰਡ ਮੁਤਾਬਕ, ਅਕਤੂਬਰ 2024 ਵਿੱਚ ਐਲਨ ਨੇ ਫੰਡਰੇਜ਼ਿੰਗ ਪਲੇਟਫਾਰਮ ਐਕਟਬਲੂ ਨੂੰ 25 ਡਾਲਰ ਦਾ ਦਾਨ ਦਿੱਤਾ ਸੀ। ਇਹ ਪੈਸਾ ਕਮਲਾ ਹੈਰਿਸ ਦੀ ਰਾਸ਼ਟਰਪਤੀ ਚੋਣ ਮੁਹਿੰਮ ਲਈ ਰੱਖਿਆ ਗਿਆ ਸੀ।
ਐਲਨ ਨੇ ਲਿੰਕਡਇਨ 'ਤੇ ਆਪਣੇ ਆਪ ਨੂੰ ਇੱਕ ਮਕੈਨਿਕਲ ਇੰਜੀਨੀਅਰ, ਗੇਮ ਡਿਵੈਲਪਰ ਅਤੇ ਅਧਿਆਪਕ ਦੱਸਿਆ ਹੋਇਆ ਹੈ।
ਉਸਦੀ ਪ੍ਰੋਫ਼ਾਈਲ ਮੁਤਾਬਕ, ਉਸਨੇ ਕੈਲੀਫ਼ੋਰਨੀਆ ਇੰਸਟੀਚਿਊਟ ਆਫ਼ ਟੈਕਨੋਲੋਜੀ ਤੋਂ ਮਕੈਨਿਕਲ ਇੰਜੀਨੀਅਰਿੰਗ ਦੀ ਪੜ੍ਹਾਈ ਕੀਤੀ ਹੈ, ਜਿੱਥੇ ਉਸਨੇ ਕ੍ਰਿਸਚੀਅਨ ਫੈਲੋਸ਼ਿਪ ਵਿੱਚ ਭਾਗ ਲਿਆ ਸੀ। ਇਸ ਯੂਨੀਵਰਸਿਟੀ ਦਾ ਚੰਗਾ ਨਾਮ ਹੈ।
ਉਸਨੇ ਸਾਲ 2025 ਵਿੱਚ ਕੈਲੀਫ਼ੋਰਨੀਆ ਸਟੇਟ ਯੂਨੀਵਰਸਿਟੀ, ਡੋਮਿੰਗੁਏਜ਼ ਹਿਲਜ਼ ਤੋਂ ਕੰਪਿਊਟਰ ਸਾਇੰਸ ਵਿੱਚ ਮਾਸਟਰਜ਼ ਦੀ ਡਿਗਰੀ ਹਾਸਲ ਕੀਤੀ। ਇਸ ਸਬੰਧੀ ਉਸਨੇ ਆਪਣੇ ਲਿੰਕਡਇਨ ਪ੍ਰੋਫ਼ਾਈਲ 'ਤੇ ਗ੍ਰੈਜੂਏਸ਼ਨ ਦੀ ਵਰਦੀ ਪਹਿਨੇ ਆਪਣੀ ਇੱਕ ਵੀ ਤਸਵੀਰ ਸਾਂਝਾ ਕੀਤੀ ਹੋਈ ਹੈ।
ਐਲਨ ਨੇ ਗੇਮਿੰਗ ਪਲੇਟਫਾਰਮ ਸਟੀਮ 'ਤੇ ''ਬੋਹਰਡਮ'' ਨਾਮ ਦਾ ਇੱਕ ਗੇਮ ਵੀ ਬਣਾਇਆ ਅਤੇ ਜਾਰੀ ਕੀਤਾ ਹੈ।
'ਟੀਚਰ ਆਫ਼ ਦ ਮੰਥ' ਰਿਹਾ ਹੈ ਸ਼ੱਕੀ ਬੰਦੂਕਧਾਰੀ

ਤਸਵੀਰ ਸਰੋਤ, LinkedIn / Cole Tomas Allen
ਫੇਸਬੁੱਕ 'ਤੇ ਐਲਨ ਦੀਆਂ ਕੁਝ ਤਸਵੀਰਾਂ ਹਨ - ਜਿਨ੍ਹਾਂ ਨੂੰ ਬੀਬੀਸੀ ਵੈਰੀਫਾਈ ਨੇ ਵਾਸ਼ਿੰਗਟਨ ਹਿਲਟਨ ਹੋਟਲ ਵਿੱਚ ਉਸਦੀ ਗ੍ਰਿਫ਼ਤਾਰੀ ਵੇਲੇ ਲਈਆਂ ਗਈਆਂ ਤਸਵੀਰਾਂ ਨਾਲ ਮਿਲਾਇਆ ਹੈ - ਇਨ੍ਹਾਂ ਤਸਵੀਰਾਂ ਵਿੱਚ ਉਹ ਕ੍ਰਿਸਮਸ ਅਤੇ ਗ੍ਰੈਜੂਏਸ਼ਨ ਸਮਾਗਮਾਂ ਵਿੱਚ ਆਪਣੇ ਪਰਿਵਾਰ ਨਾਲ ਮੁਸਕੁਰਾਉਂਦਾ ਹੋਇਆ ਨਜ਼ਰ ਆ ਰਿਹਾ ਹੈ।
ਸੀ2 ਐਜੂਕੇਸ਼ਨ ਸੰਗਠਨ ਦੀ ਫੇਸਬੁੱਕ ਪੋਸਟ ਮੁਤਾਬਕ, ਦਸੰਬਰ 2024 ਵਿੱਚ ਸੰਗਠਨ ਨੇ ਉਸਨੂੰ 'ਟੀਚਰ ਆਫ਼ ਦ ਮੰਥ' ਚੁਣਿਆ ਸੀ। ਇਹ ਸੰਗਠਨ ਵਿਦਿਆਰਥੀਆਂ ਨੂੰ ਟਿਊਸ਼ਨ ਅਤੇ ਕਾਲਜ ਟੈਸਟ ਦੀ ਤਿਆਰੀ ਕਰਵਾਉਂਦਾ ਹੈ।
ਉਸਦੀ ਲਿੰਕਡਇਨ ਪ੍ਰੋਫ਼ਾਈਲ ਮੁਤਾਬਕ, ਉਹ 2020 ਤੋਂ ਉੱਥੇ ਪਾਰਟ-ਟਾਈਮ ਅਧਿਆਪਕ ਵਜੋਂ ਕੰਮ ਕਰ ਰਿਹਾ ਹੈ।
ਵਾਸ਼ਿੰਗਟਨ ਦੇ ਯੂਐਸ ਅਟਾਰਨੀ, ਜੀਨਿਨ ਪਿਰੋ ਨੇ ਦੱਸਿਆ ਕਿ ਸ਼ੱਕੀ 'ਤੇ ਫਿਲਹਾਲ ਦੋ ਇਲਜ਼ਾਮ ਲਗਾਏ ਗਏ ਹਨ - ਹਿੰਸਾ ਨਾਲ ਜੁੜੇ ਕਿਸੇ ਅਪਰਾਧ ਦੌਰਾਨ ਹਥਿਆਰ ਦੀ ਵਰਤੋਂ ਕਰਨਾ, ਅਤੇ ਕਿਸੇ ਖ਼ਤਰਨਾਕ ਹਥਿਆਰ ਨਾਲ ਇੱਕ ਸੰਘੀ ਅਦਾਲਤ (ਫੈਡਰਲ ਅਫਸਰ) 'ਤੇ ਹਮਲਾ ਕਰਨਾ।
ਉਨ੍ਹਾਂ ਇਹ ਵੀ ਦੱਸਿਆ ਕਿ ਸੋਮਵਾਰ ਨੂੰ ਸੰਘੀ ਅਦਾਲਤ (ਫੈਡਰਲ ਕੋਰਟ ਵਿੱਚ ਉਸ 'ਤੇ ਰਸਮੀ ਤੌਰ 'ਤੇ ਦੋਸ਼ ਤੈਅ ਕੀਤੇ ਜਾਣਗੇ।
ਬੀਬੀਸੀ ਲਈ ਕਲੈਕਟਿਵ ਨਿਊਜ਼ਰੂਮ ਵੱਲੋਂ ਪ੍ਰਕਾਸ਼ਿਤ
































