ਸੋਨੇ ਦੀਆਂ ਇੱਟਾਂ, ਆਲੀਸ਼ਾਨ ਕਾਰਾਂ, ਮਹਿੰਗੀਆਂ ਘੜੀਆਂ, ਇੱਕ ਅਮਰੀਕੀ ਜਾਸੂਸ ਨੇ ‘ਕਿਵੇਂ ਅਰਬਾਂ ਰੁਪਏ ਦੀ ਧੋਖਾਧੜੀ ਕੀਤੀ’, ਕੀ-ਕੀ ਕਬੂਲਿਆ

ਡੇਵਿਡ ਰਸ਼
ਤਸਵੀਰ ਕੈਪਸ਼ਨ, ਵਕੀਲਾਂ ਮੁਤਾਬਕ ਡੇਵਿਡ ਰਸ਼ ਨੇ ਇੱਕ ਵਿਦੇਸ਼ੀ ਸਰਕਾਰ ਨੂੰ ਗੁਪਤ ਜਾਣਕਾਰੀ ਦੇਣ ਦੀ ਗੱਲ ਵੀ ਕਬੂਲ ਕੀਤੀ ਹੈ
    • ਲੇਖਕ, ਮੈਕਸ ਮਾਤਜ਼ਾ
  • ਪ੍ਰਕਾਸ਼ਿਤ
  • ਪੜ੍ਹਨ ਦਾ ਸਮਾਂ: 6 ਮਿੰਟ

ਇੱਕ ਸਾਬਕਾ ਸੀਆਈਏ ਅਧਿਕਾਰੀ, ਜਿਨ੍ਹਾਂ ਨੂੰ ਘਰ ਵਿੱਚ ਸੋਨੇ ਦੀਆਂ ਸੈਂਕੜੇ ਇੱਟਾਂ ਲੁਕਾ ਕੇ ਰੱਖਣ ਤੋਂ ਬਾਅਦ ਗ੍ਰਿਫ਼ਤਾਰ ਕੀਤਾ ਗਿਆ ਸੀ, ਨੇ ਹੁਣ ਅਮਰੀਕੀ ਸਰਕਾਰ ਨਾਲ ਕਰੀਬ 20 ਕਰੋੜ ਡਾਲਰ ਭਾਵ ਲਗਭਗ 1900 ਕਰੋੜ ਰੁਪਏ ਦੀ ਧੋਖਾਧੜੀ ਕਰਨ ਦੀ ਗੱਲ ਕਬੂਲ ਕੀਤੀ ਹੈ।

ਇਸ ਵੱਡੇ ਘੁਟਾਲੇ ਲਈ ਜਾਅਲੀ ਕਾਂਟ੍ਰੈਕਟ ਅਤੇ ਰੀਅਲ ਅਸਟੇਟ ਸੌਦਿਆਂ ਦੀ ਵਰਤੋਂ ਕੀਤੀ ਗਈ ਸੀ।

49 ਸਾਲਾ ਡੇਵਿਡ ਰਸ਼ ਨੂੰ ਸਮਝੌਤੇ ਤਹਿਤ ਅਮਰੀਕੀ ਸਰਕਾਰ ਨੂੰ ਹਰਜਾਨਾ ਦੇਣਾ ਪਵੇਗਾ। ਇਸ ਦੇ ਨਾਲ ਹੀ, ਅਪਰਾਧ ਨਾਲ ਜੁੜੇ ਆਲੀਸ਼ਾਨ ਮਕਾਨ, ਕਾਰਾਂ, ਘੜੀਆਂ ਅਤੇ ਹੋਰ ਜਾਇਦਾਦਾਂ ਵੀ ਸਰਕਾਰ ਨੂੰ ਸੌਂਪਣੀਆਂ ਪੈਣਗੀਆਂ।

ਰਸ਼ ਨੇ ਇੱਕ ਵਿਦੇਸ਼ੀ ਸਰਕਾਰ ਨੂੰ ਗੁਪਤ ਜਾਣਕਾਰੀ ਦੇਣ ਦੀ ਗੱਲ ਵੀ ਕਬੂਲ ਕੀਤੀ ਹੈ। ਸਰਕਾਰੀ ਵਕੀਲਾਂ ਮੁਤਾਬਕ, ਇਸ ਨਾਲ ਰਾਸ਼ਟਰੀ ਸੁਰੱਖਿਆ ਨੂੰ "ਗੰਭੀਰ ਨੁਕਸਾਨ" ਹੋ ਸਕਦਾ ਸੀ।

ਸਰਕਾਰੀ ਵਕੀਲਾਂ ਨੇ ਅਦਾਲਤ ਵਿੱਚ ਦਾਖ਼ਲ ਕੀਤੇ ਦਸਤਾਵੇਜ਼ ਵਿੱਚ ਸਮਝੌਤੇ ਦੀਆਂ ਸ਼ਰਤਾਂ ਦਾ ਜ਼ਿਕਰ ਕਰਦਿਆਂ ਕਿਹਾ, "ਮੁਲਜ਼ਮ ਦੋਸ਼ੀ ਹੋਣ ਕਾਰਨ ਆਪਣਾ ਅਪਰਾਧ ਕਬੂਲ ਕਰੇਗਾ।"

ਬੀਬੀਸੀ ਨੇ ਰਸ਼ ਦੇ ਵਕੀਲ ਨਾਲ ਸੰਪਰਕ ਕੀਤਾ, ਪਰ ਉਨ੍ਹਾਂ ਨੇ ਟਿੱਪਣੀ ਕਰਨ ਤੋਂ ਇਨਕਾਰ ਕਰ ਦਿੱਤਾ।

ਰਸ਼ 'ਤੇ ਸ਼ੁਰੂ ਵਿੱਚ ਸਰਕਾਰੀ ਧਨ ਦੀ ਚੋਰੀ ਦਾ ਦੋਸ਼ ਲਗਾਇਆ ਗਿਆ ਸੀ, ਪਰ ਹੁਣ ਉਨ੍ਹਾਂ ਨੇ ਵਾਇਰ ਫਰੌਡ ਯਾਨੀ ਇਲੈਕਟ੍ਰਾਨਿਕ ਮਾਧਿਅਮ ਰਾਹੀਂ ਧੋਖਾਧੜੀ ਦੇ ਦੋਸ਼ ਵਿੱਚ ਆਪਣਾ ਅਪਰਾਧ ਕਬੂਲ ਕਰ ਲਿਆ ਹੈ।

ਗ੍ਰਿਫ਼ਤਾਰੀ ਦੇ ਸਮੇਂ ਉਨ੍ਹਾਂ ਦੇ ਘਰ 'ਤੇ ਛਾਪੇਮਾਰੀ ਦੌਰਾਨ ਸੋਨੇ ਦੀਆਂ 298 ਇੱਟਾਂ ਮਿਲੀਆਂ ਸਨ। ਰਸ਼ ਦਾ ਕਹਿਣਾ ਸੀ ਕਿ ਇਹ ਉਨ੍ਹਾਂ ਨੂੰ "ਕੰਮ ਨਾਲ ਜੁੜੇ ਖਰਚਿਆਂ" ਲਈ ਮਿਲੀਆਂ ਸਨ।

ਇਸ ਸਮਝੌਤੇ ਨਾਲ ਜੁੜੇ ਅਦਾਲਤੀ ਦਸਤਾਵੇਜ਼ਾਂ ਵਿੱਚ ਮਾਮਲੇ ਬਾਰੇ ਕੁਝ ਨਵੀਆਂ ਜਾਣਕਾਰੀਆਂ ਸਾਹਮਣੇ ਆਈਆਂ ਹਨ। ਇਨ੍ਹਾਂ ਵਿੱਚ ਦੱਸਿਆ ਗਿਆ ਹੈ ਕਿ ਰਸ਼ ਨੇ ਇੱਕ ਵਿਦੇਸ਼ੀ ਅਧਿਕਾਰੀ ਨੂੰ ਇੱਕ 'ਸੀਕ੍ਰੇਟ ਹਿਊਮਨ ਸੋਰਸ' ਦੀ ਮੌਜੂਦਗੀ ਅਤੇ ਉਸ ਦੀ ਪਛਾਣ ਨਾਲ ਜੁੜੀ ਜਾਣਕਾਰੀ ਦਿੱਤੀ ਸੀ।

ਸਰਕਾਰੀ ਵਕੀਲਾਂ ਨੇ ਦਸਤਾਵੇਜ਼ ਵਿੱਚ ਕਿਹਾ, "ਇਸ ਤਰ੍ਹਾਂ ਦੀ ਜਾਣਕਾਰੀ ਸਾਹਮਣੇ ਆਉਣ ਨਾਲ ਉਸ ਮਨੁੱਖੀ ਸਰੋਤ ਅਤੇ ਉਸ ਨਾਲ ਕੰਮ ਕਰ ਰਹੇ ਅਮਰੀਕੀ ਸਰਕਾਰ ਦੇ ਅਧਿਕਾਰੀਆਂ ਦੀ ਸੁਰੱਖਿਆ ਅਤੇ ਜਾਨ ਨੂੰ ਖ਼ਤਰਾ ਹੋ ਸਕਦਾ ਹੈ। ਇਸ ਨਾਲ ਅਮਰੀਕੀ ਸਰਕਾਰ ਦੀ ਅਜਿਹੇ ਮਨੁੱਖੀ ਸਰੋਤਾਂ ਦੀ ਭਰਤੀ ਕਰਨ ਦੀ ਸਮਰੱਥਾ ਵੀ ਪ੍ਰਭਾਵਿਤ ਹੋ ਸਕਦੀ ਹੈ।"

ਇੱਕ ਪ੍ਰੈੱਸ ਬਿਆਨ ਵਿੱਚ ਸੀਆਈਏ ਦੇ ਡਾਇਰੈਕਟਰ ਜੌਨ ਰੈਟਕਲਿਫ ਨੇ ਕਿਹਾ ਕਿ ਰਸ਼ ਨੇ "ਆਪਣੇ ਅਹੁਦੇ ਦੀ ਦੁਰਵਰਤੋਂ ਕੀਤੀ ਅਤੇ ਲੋਕਾਂ ਦੇ ਭਰੋਸੇ ਨਾਲ ਧੋਖਾ ਕੀਤਾ। ਉਸ ਨੂੰ ਆਪਣੇ ਕੀਤੇ ਲਈ ਪੂਰੀ ਤਰ੍ਹਾਂ ਜਵਾਬਦੇਹ ਠਹਿਰਾਇਆ ਜਾਣਾ ਚਾਹੀਦਾ ਹੈ।"

ਐੱਫਬੀਆਈ ਦੇ ਜਾਂਚ ਕਰਨ ਵਾਲਿਆਂ ਅਫਸਰਾਂ ਮੁਤਾਬਕ, ਨਵੰਬਰ 2025 ਤੋਂ ਮਾਰਚ 2026 ਦੇ ਵਿਚਕਾਰ ਰਸ਼ ਨੇ "ਕੰਮ ਨਾਲ ਜੁੜੇ ਖਰਚਿਆਂ" ਲਈ ਵੱਡੀ ਮਾਤਰਾ ਵਿੱਚ ਵਿਦੇਸ਼ੀ ਮੁਦਰਾ ਅਤੇ ਕਰੋੜਾਂ ਡਾਲਰ ਦੀਆਂ ਸੋਨੇ ਦੀਆਂ ਇੱਟਾਂ ਵਾਰ-ਵਾਰ ਮੰਗੀਆਂ।

ਸਮਝੌਤੇ ਬਾਰੇ ਜਾਣਕਾਰੀ ਦੇਣ ਵਾਲੇ ਅਦਾਲਤ ਵਿੱਚ ਦਾਖ਼ਲ ਕੀਤੇ ਦਸਤਾਵੇਜ਼ ਮੁਤਾਬਕ, ਰਸ਼ ਨੇ ਦੱਖਣੀ ਫਲੋਰੀਡਾ ਵਿੱਚ ਆਲੀਸ਼ਾਨ ਮਕਾਨ ਖਰੀਦਣ ਲਈ ਇੱਕ ਬੇਹੱਦ ਗੁਪਤ ਪ੍ਰੋਗਰਾਮ ਦੀ ਕਹਾਣੀ ਘੜੀ। ਉਨ੍ਹਾਂ ਦਾ ਇਰਾਦਾ ਇਨ੍ਹਾਂ ਜਾਇਦਾਦਾਂ ਨੂੰ ਬਾਅਦ ਵਿੱਚ ਨਿੱਜੀ ਮੁਨਾਫ਼ੇ ਲਈ ਵੇਚਣ ਦਾ ਸੀ।

ਦਸਤਾਵੇਜ਼ ਵਿੱਚ ਕਿਹਾ ਗਿਆ ਹੈ ਕਿ ਰਸ਼ "ਅਮਲ ਵਿੱਚ ਖੁਦ ਹੀ ਮਨਜ਼ੂਰੀ ਦੇਣ ਵਾਲੇ ਅਧਿਕਾਰੀ ਦੀ ਭੂਮਿਕਾ ਨਿਭਾ ਰਹੇ ਸਨ", ਜਿਸ ਕਾਰਨ ਉਨ੍ਹਾਂ ਨੂੰ ਬਿਨਾਂ ਕਿਸੇ ਪ੍ਰਭਾਵਸ਼ਾਲੀ ਨਿਗਰਾਨੀ ਦੇ ਅਮਰੀਕੀ ਸਰਕਾਰ ਦੀ ਵੱਡੀ ਰਕਮ ਖਰਚ ਕਰਨ ਦਾ ਮੌਕਾ ਮਿਲ ਗਿਆ।

ਇਸ ਤੋਂ ਬਾਅਦ ਉਨ੍ਹਾਂ ਨੇ "ਧੋਖਾਧੜੀ ਨਾਲ ਹਾਸਲ ਕੀਤੇ" ਸਰਕਾਰੀ ਧਨ ਦੀ ਵਰਤੋਂ ਦੱਖਣੀ ਫਲੋਰੀਡਾ ਵਿੱਚ ਆਲੀਸ਼ਾਨ ਪ੍ਰਾਪਰਟੀ ਖਰੀਦਣ ਲਈ ਕੀਤੀ। ਅਦਾਲਤੀ ਦਸਤਾਵੇਜ਼ ਮੁਤਾਬਕ, ਇਸ ਘੁਟਾਲੇ ਵਿੱਚ ਇੱਕ ਪ੍ਰਾਪਰਟੀ ਲਈ ਇੰਟੀਰੀਅਰ ਡਿਜ਼ਾਈਨਰ ਨੂੰ ਕੰਮ 'ਤੇ ਰੱਖਣਾ ਅਤੇ 40,000 ਡਾਲਰ ਦੇ ਰਸੋਈ ਦੇ ਉਪਕਰਣ ਖਰੀਦਣਾ ਵੀ ਸ਼ਾਮਲ ਸੀ।

ਵਾਇਰ ਫਰੌਡ ਦਾ ਦੋਸ਼ ਜਨਵਰੀ 2026 ਵਿੱਚ ਉਨ੍ਹਾਂ ਵੱਲੋਂ ਕੀਤੇ ਗਏ 4.5 ਕਰੋੜ ਡਾਲਰ ਦੇ ਇੱਕ ਟ੍ਰਾਂਸਫਰ ਨਾਲ ਜੁੜਿਆ ਸੀ।

ਸਮਝੌਤੇ ਵਿੱਚ ਇਹ ਵੀ ਕਿਹਾ ਗਿਆ ਹੈ ਕਿ ਰਸ਼ ਨੇ "ਇੱਕ ਵਿਦੇਸ਼ੀ ਸਰਕਾਰ ਦੇ ਅਜਿਹੇ ਅਧਿਕਾਰੀ ਨੂੰ ਟੌਪ ਸੀਕ੍ਰੇਟ ਜਾਣਕਾਰੀ ਦਿੱਤੀ, ਜਿਸ ਨੂੰ ਇਹ ਜਾਣਕਾਰੀ ਪ੍ਰਾਪਤ ਕਰਨ ਦੀ ਇਜਾਜ਼ਤ ਨਹੀਂ ਸੀ ਅਤੇ ਜਿਸ ਨੂੰ ਇਸ ਜਾਣਕਾਰੀ ਦੀ ਲੋੜ ਵੀ ਨਹੀਂ ਸੀ।"

ਸੋਨੇ ਦੀਆਂ ਇੱਟਾਂ ਤੋਂ ਇਲਾਵਾ ਰਸ਼ ਕੋਲੋਂ 20 ਲੱਖ ਡਾਲਰ ਨਕਦ ਅਤੇ 35 ਲਗਜ਼ਰੀ ਘੜੀਆਂ ਵੀ ਮਿਲੀਆਂ ਸਨ।

ਸਰਕਾਰੀ ਵਕੀਲਾਂ ਨੇ ਕਿਹਾ ਕਿ ਰਸ਼ ਪੈਸੇ ਨੂੰ ਅਜਿਹੀਆਂ ਕਮੋਡਿਟੀਜ਼ ਵਿੱਚ ਬਦਲ ਰਿਹਾ ਸੀ, ਜਿਨ੍ਹਾਂ ਨੂੰ ਆਸਾਨੀ ਨਾਲ ਖਰੀਦਿਆ-ਵੇਚਿਆ ਜਾ ਸਕਦਾ ਹੈ। ਉਨ੍ਹਾਂ ਕਿਹਾ ਕਿ ਇਸ ਗੱਲ ਦੇ "ਮਜ਼ਬੂਤ ਸਬੂਤ" ਹਨ ਕਿ ਉਹ ਪੈਸਾ ਲੁਕਾਉਣ ਦੀ ਕੋਸ਼ਿਸ਼ ਕਰ ਰਿਹਾ ਸੀ।

ਸਮਝੌਤੇ ਤਹਿਤ ਰਸ਼ ਨੂੰ ਇਹ ਘੜੀਆਂ ਅਤੇ ਦੋ ਬੀਐੱਮਡਬਲਯੂ ਕਾਰਾਂ ਵੀ ਸਰਕਾਰ ਨੂੰ ਸੌਂਪਣੀਆਂ ਪੈਣਗੀਆਂ। ਇਸ ਤੋਂ ਇਲਾਵਾ, 20 ਲੱਖ ਡਾਲਰ ਨਕਦ ਅਤੇ ਉਨ੍ਹਾਂ ਦੇ ਬੈਂਕ ਖਾਤੇ ਵਿੱਚੋਂ ਜ਼ਬਤ ਕੀਤੇ ਗਏ ਕਰੀਬ 3.9 ਕਰੋੜ ਡਾਲਰ ਵੀ ਸਰਕਾਰ ਦੇ ਹਵਾਲੇ ਕਰਨੇ ਪੈਣਗੇ।

ਫੈਡਰਲ ਅਦਾਲਤ ਦੇ ਜੱਜ ਬਾਅਦ ਵਿੱਚ ਉਨ੍ਹਾਂ ਦੀ ਸਜ਼ਾ ਤੈਅ ਕਰਨਗੇ। ਇਸ ਮਾਮਲੇ ਵਿੱਚ ਵੱਧ ਤੋਂ ਵੱਧ 20 ਸਾਲ ਦੀ ਜੇਲ੍ਹ ਦੀ ਸਜ਼ਾ ਹੋ ਸਕਦੀ ਹੈ। ਹਾਲਾਂਕਿ, ਸਰਕਾਰੀ ਵਕੀਲਾਂ ਨੇ ਕਿਹਾ ਕਿ ਫੈਡਰਲ ਕਾਨੂੰਨ ਤਹਿਤ ਇਹ ਸਜ਼ਾ ਹੋਰ ਵੀ ਵੱਧ ਸਕਦੀ ਹੈ।

ਜੂਨ ਵਿੱਚ ਅਮਰੀਕੀ ਮੈਜਿਸਟ੍ਰੇਟ ਜੱਜ ਵਿਲੀਅਮ ਫਿਟਜ਼ਪੈਟ੍ਰਿਕ ਨੇ ਰਸ਼ ਦੇ ਪੇਸ਼ੇਵਰ ਕਰੀਅਰ ਨੂੰ ਦੇਖਦੇ ਹੋਏ ਕਿਹਾ ਸੀ ਕਿ ਉਨ੍ਹਾਂ ਦੇ ਫਰਾਰ ਹੋਣ ਦਾ ਖ਼ਤਰਾ ਹੈ ਅਤੇ ਮੁਕੱਦਮੇ ਦੀ ਸੁਣਵਾਈ ਤੱਕ ਉਨ੍ਹਾਂ ਨੂੰ ਜੇਲ੍ਹ ਵਿੱਚ ਰੱਖਣ ਦਾ ਹੁਕਮ ਦਿੱਤਾ ਸੀ।

ਉਨ੍ਹਾਂ ਕਿਹਾ, "ਉਹ ਕਾਨੂੰਨ ਲਾਗੂ ਕਰਨ ਵਾਲੀਆਂ ਏਜੰਸੀਆਂ ਦੀ ਪਕੜ ਤੋਂ ਬਚ ਕੇ ਆਸਾਨੀ ਨਾਲ ਫਰਾਰ ਹੋ ਸਕਦੇ ਹਨ।"

ਅਦਾਲਤੀ ਰਿਕਾਰਡ ਵਿੱਚ ਰਸ਼ ਵੱਲੋਂ ਸੀਆਈਏ ਲਈ ਕੀਤੇ ਗਏ ਕੰਮ ਬਾਰੇ ਜ਼ਿਆਦਾ ਜਾਣਕਾਰੀ ਨਹੀਂ ਦਿੱਤੀ ਗਈ ਹੈ। ਇਨ੍ਹਾਂ ਵਿੱਚ ਉਨ੍ਹਾਂ ਨੂੰ ਵਰਜੀਨੀਆ ਸਥਿਤ ਇੱਕ ਅਮਰੀਕੀ ਸਰਕਾਰੀ ਏਜੰਸੀ ਦਾ ਸਾਬਕਾ ਸੀਨੀਅਰ ਅਧਿਕਾਰੀ ਦੱਸਿਆ ਗਿਆ ਹੈ, ਜਿਨ੍ਹਾਂ ਕੋਲ ਟੌਪ ਸੀਕ੍ਰੇਟ ਸੁਰੱਖਿਆ ਮਨਜ਼ੂਰੀ ਅਤੇ ਗੁਪਤ ਜਾਣਕਾਰੀ ਤੱਕ ਪਹੁੰਚ ਸ਼ਾਮਲ ਸੀ।

ਅਮਰੀਕੀ ਮੀਡੀਆ ਨੇ ਸੀਆਈਏ ਵਿੱਚ ਉਨ੍ਹਾਂ ਦੀ ਪਿਛਲੀ ਨੌਕਰੀ ਦੀ ਪੁਸ਼ਟੀ ਕੀਤੀ ਹੈ।

ਮਈ ਵਿੱਚ ਰਸ਼ ਦੇ ਘਰ ਤੋਂ ਨਕਦੀ ਦੇ ਢੇਰ ਅਤੇ ਸੋਨੇ ਦੀਆਂ ਇੱਟਾਂ ਬਰਾਮਦ ਹੋਈਆਂ ਸਨ
ਤਸਵੀਰ ਕੈਪਸ਼ਨ, ਮਈ ਵਿੱਚ ਰਸ਼ ਦੇ ਘਰ ਤੋਂ ਨਕਦੀ ਦੇ ਢੇਰ ਅਤੇ ਸੋਨੇ ਦੀਆਂ ਇੱਟਾਂ ਬਰਾਮਦ ਹੋਈਆਂ ਸਨ

ਦਿ ਵਾਸ਼ਿੰਗਟਨ ਪੋਸਟ ਮੁਤਾਬਕ, ਉਹ ਏਜੰਸੀ ਦੇ ਵਿਗਿਆਨ ਅਤੇ ਤਕਨਾਲੋਜੀ ਡਾਇਰੈਕਟੋਰੇਟ ਵਿੱਚ ਸੀਨੀਅਰ ਅਧਿਕਾਰੀ ਸਨ। ਇਹ ਵਿਭਾਗ ਹਾਈਟੈਕ ਜਾਸੂਸੀ ਉਪਕਰਣ ਵਿਕਸਿਤ ਕਰਦਾ ਹੈ।

ਰਸ਼ 'ਤੇ ਇਸ ਤੋਂ ਪਹਿਲਾਂ ਅਮਰੀਕੀ ਨੇਵੀ ਤੋਂ ਸਨਮਾਨ ਨਾਲ ਸੇਵਾਮੁਕਤ ਹੋਣ ਤੋਂ ਬਾਅਦ ਤਨਖਾਹ ਸਮੇਤ ਫੌਜੀ ਛੁੱਟੀ ਧੋਖੇ ਨਾਲ ਲੈਣ ਅਤੇ 2009 ਵਿੱਚ ਨੌਕਰੀ ਲਈ ਅਰਜ਼ੀ ਦਿੰਦੇ ਸਮੇਂ ਆਪਣੀ ਸਿੱਖਿਆ ਅਤੇ ਫੌਜੀ ਸੇਵਾ ਬਾਰੇ ਝੂਠ ਬੋਲਣ ਦੇ ਇਲਜ਼ਾਮ ਵੀ ਲੱਗੇ ਸਨ।

ਅਦਾਲਤੀ ਰਿਕਾਰਡ ਮੁਤਾਬਕ, ਰਸ਼ 'ਤੇ ਆਪਣੇ ਮਾਲਕਾਂ ਕੋਲ ਨੇਵੀ ਪਾਇਲਟ ਹੋਣ ਦਾ ਦਾਅਵਾ ਕਰਕੇ ਝੂਠ ਬੋਲਣ ਦਾ ਦੋਸ਼ ਲਗਾਇਆ ਗਿਆ ਸੀ।

ਸਮਝੌਤੇ ਨਾਲ ਜੁੜੇ ਦਸਤਾਵੇਜ਼ ਵਿੱਚ ਕਿਹਾ ਗਿਆ ਹੈ, "ਰਸ਼ ਦੀ ਫੌਜੀ ਅਤੇ ਵਿਦਿਅਕ ਉਪਲਬਧੀਆਂ ਨਾਲ ਜੁੜੇ ਇਹ ਅਤੇ ਹੋਰ ਦਾਅਵੇ ਝੂਠੇ ਸਨ।"

ਇਹ ਸਪੱਸ਼ਟ ਨਹੀਂ ਹੈ ਕਿ ਅਰਜ਼ੀ ਫਾਰਮ ਵਿੱਚ ਝੂਠ ਬੋਲਣ ਦੇ ਬਾਵਜੂਦ ਉਹ ਜਾਂਚ ਵਿੱਚ ਕਿਵੇਂ ਪਾਸ ਹੋ ਗਏ।

ਦਿ ਵਾਸ਼ਿੰਗਟਨ ਪੋਸਟ ਮੁਤਾਬਕ, ਕਈ ਸੀਆਈਏ ਅਧਿਕਾਰੀਆਂ ਨੂੰ ਛੁੱਟੀ 'ਤੇ ਭੇਜ ਦਿੱਤਾ ਗਿਆ ਹੈ ਅਤੇ ਇਸ ਗੱਲ ਦੀ ਜਾਂਚ ਕੀਤੀ ਜਾ ਰਹੀ ਹੈ ਕਿ ਰਸ਼ ਬੈਕਗ੍ਰਾਊਂਡ ਚੈੱਕ ਵਿੱਚ ਕਿਵੇਂ ਪਾਸ ਹੋ ਗਏ।

ਸਰਕਾਰ ਨੇ ਇਸ ਤੋਂ ਪਹਿਲਾਂ ਦਾਅਵਾ ਕੀਤਾ ਸੀ ਕਿ ਵੱਡੀ ਰਕਮ ਦਾ ਅਜੇ ਵੀ ਕੋਈ ਹਿਸਾਬ ਨਹੀਂ ਮਿਲਿਆ ਹੈ। ਹਾਲਾਂਕਿ, ਰਸ਼ ਦੇ ਵਕੀਲ ਨੇ ਇਸ ਦਾਅਵੇ ਤੋਂ ਇਨਕਾਰ ਕੀਤਾ ਹੈ।

ਬੀਬੀਸੀ ਲਈ ਕਲੈਕਟਿਵ ਨਿਊਜ਼ਰੂਮ ਵੱਲੋਂ ਪ੍ਰਕਾਸ਼ਿਤ

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTER, WhatsApp ਅਤੇ YouTube 'ਤੇ ਜੁੜੋ।)