ਘਿਓ, ਨਾਰੀਅਲ ਜਾਂ ਮੂੰਗਫਲੀ ਦਾ ਤੇਲ, ਸਿਹਤ ਲਈ ਕੀ ਚੰਗਾ ਹੈ? ਮਾਹਰ ਕੀ ਕਹਿ ਰਹੇ ਹਨ

ਨਾਰੀਅਲ ਤੇਲ ਅਤੇ ਮੂੰਗਫਲੀ ਤੇਲ ਦੀਆਂ ਵੱਖ ਵੱਖ ਤਸਵੀਰਾਂ
ਤਸਵੀਰ ਕੈਪਸ਼ਨ, ਆਈਸੀਐੱਮਆਰ ਨੇ ਭੋਜਨ ਵਿੱਚ ਵਰਤੇ ਜਾਣ ਵਾਲੇ ਤੇਲ ਬਾਰੇ ਅਧਿਐਨ ਕੀਤਾ ਹੈ।
ਪ੍ਰਕਾਸ਼ਿਤ
ਪੜ੍ਹਨ ਦਾ ਸਮਾਂ: 8 ਮਿੰਟ

ਖਾਣਾ ਪਕਾਉਣ ਲਈ ਕਿਹੜਾ ਤੇਲ ਬਿਹਤਰ ਹੈ, ਇਹ ਚਰਚਾ ਘਰਾਂ ਵਿੱਚ ਅਕਸਰ ਹੁੰਦੀ ਹੈ। ਇਹ ਅਜਿਹਾ ਵਿਸ਼ਾ ਹੈ ਜਿਸ 'ਤੇ ਬਹਿਸ ਵੀ ਰਹਿੰਦੀ ਹੈ।

ਹਾਲ ਹੀ ਦੇ ਸਮੇਂ ਖਾਣਾ ਪਕਾਉਣ ਲਈ 'ਨਾਰੀਅਲ ਤੇਲ ਦੀ ਵਰਤੋਂ ਸਿਹਤ ਲਈ ਫਾਇਦੇਮੰਦ ਹੈ', ਜਿਹੀਆਂ ਗੱਲਾ ਸੁਣਨ ਨੂੰ ਮਿਲਦੀਆਂ ਹਨ।

'ਕੀਟੋ ਅਤੇ ਪੈਲਿਯੋ' ਜਿਹੇ ਡਾਈਟ ਪਲਾਨ ਵਿੱਚ ਨਾਰੀਅਲ ਤੇਲ ਨੂੰ ਵਿਸ਼ੇਸ਼ ਥਾਂ ਦਿੱਤੀ ਗਈ ਹੈ।

ਇਸੇ ਵਿਚਕਾਰ ਭਾਰਤੀ ਮੈਡੀਕਲ ਖੋਜ ਪ੍ਰੀਸ਼ਦ(ਆਈਸੀਐਮਆਰ) ਦੇ ਇੱਕ ਅਧਿਐਨ ਨੇ ਨਾਰੀਅਲ ਤੇਲ ਅਤੇ ਘਿਓ ਦੇ ਇਸਤੇਮਾਲ ਨੂੰ ਲੈ ਕੇ ਨਵੀਂ ਬਹਿਸ ਛੇੜ ਦਿੱਤੀ ਹੈ।

ਇਸ ਅਧਿਐਨ ਮੁਤਾਬਕ, ਮੂੰਗਫਲੀ ਦੇ ਤੇਲ ਦੀ ਤੁਲਨਾ ਵਿੱਚ ਨਾਰੀਅਲ ਤੇਲ ਅਤੇ ਘਿਓ ਦਾ ਇਸਤੇਮਾਲ ਕਰਨ ਵਾਲੇ ਲੋਕਾਂ ਵਿੱਚ ਐਲਡੀਐੱਲ ਕੋਲੈਸਟ੍ਰੋਲ ਦਾ ਪੱਧਰ ਜ਼ਿਆਦਾ ਹੋਣ ਦਾ ਖ਼ਦਸ਼ਾ ਰਹਿੰਦਾ ਹੈ।

ਐੱਲਡੀਐਲ ਕੋਲੈਸਟ੍ਰੋਲ ਨੂੰ ਖ਼ਰਾਬ ਕੈਲੋਸਟ੍ਰੋਲ ਵੀ ਕਿਹਾ ਜਾਂਦਾ ਹੈ।

ਆਈਸੀਐੱਮਆਰ ਦੀ ਸਟਡੀ ਕੀ ਕਹਿੰਦੀ ਹੈ?

ਗੈਸ ਚੁੱਲ੍ਹੇ 'ਤੇ ਕੜਾਹੀ ਵਿੱਚ ਪੂਰੀਆਂ ਤਲਦੀ ਮਹਿਲਾ
ਤਸਵੀਰ ਕੈਪਸ਼ਨ, ਆਈਸੀਐੱਮਆਰ ਦੇ ਭਾਰਤੀ ਸ਼ੂਗਰ ਖੋਜ ਪ੍ਰੋਗਰਾਮ ਦੇ ਅਧਿਐਨ ਵਿੱਚ ਸ਼ਾਮਲ 18,090 ਲੋਕਾਂ ਦੇ ਅੰਕੜਿਆਂ ਦਾ ਵਿਸ਼ਲੇਸ਼ਣ ਕੀਤਾ ਗਿਆ।

ਆਈਸੀਐੱਮਆਰ ਦੇ ਭਾਰਤੀ ਸ਼ੂਗਰ ਖੋਜ ਪ੍ਰੋਗਰਾਮ(ICMR-INDIAB) ਦੇ ਅਧਿਐਨ ਵਿੱਚ ਸ਼ਾਮਲ 18,090 ਲੋਕਾਂ ਦੇ ਅੰਕੜਿਆਂ ਦਾ ਵਿਸ਼ਲੇਸ਼ਣ ਕੀਤਾ ਗਿਆ।

ਇਸ ਅਧਿਐਨ ਵਿੱਚ ਹਿੱਸਾ ਲੈਣ ਵਾਲਿਆਂ ਤੋਂ ਖਾਣਾ ਪਕਾਉਣ ਵਿੱਚ ਵਰਤੇ ਜਾਣ ਵਾਲੇ ਤੇਲ ਦੀ ਕਿਸਮ ਬਾਰੇ ਜਾਣਕਾਰੀ ਲਈ ਗਈ।

ਇਸ ਤੋਂ ਬਾਅਦ ਉਨ੍ਹਾਂ ਦੇ ਕੋਲੈਸਟ੍ਰੋਲ ਅਤੇ ਮੈਟਾਬੋਲਿਜ਼ਮ ਨਾਲ ਜੁੜੇ ਹਰ ਸਿਹਤ ਮਾਪਦੰਡਾਂ ਨਾਲ ਇਸ ਦੀ ਤੁਲਨਾ ਕੀਤੀ ਗਈ।

ਮੂੰਗਫਲੀ ਦੇ ਤੇਲ ਦਾ ਇਸਤੇਮਾਲ ਕਰਨ ਵਾਲਿਆਂ ਦੀ ਤੁਲਨਾ ਵਿੱਚ ਹੋਰ ਤੋਲਾਂ ਦਾ ਇਸਤੇਮਾਲ ਕਰਨ ਵਾਲਿਆਂ ਵਿੱਚ ਐਲਡੀਐਲ ਕੋਲੈਸਟ੍ਰੋਲ ਜ਼ਿਆਦਾ ਹੋਣ ਦੀ ਸੰਭਾਵਨਾ ਇਸ ਪ੍ਰਕਾਰ ਸੀ-

  • ਨਾਰੀਅਲ ਤੇਲ: 2.89 ਗੁਣਾ ਜ਼ਿਆਦਾ ਸੰਭਾਵਨਾ
  • ਘਿਓ ਜਾਂ ਮੱਖਣ: 3.45 ਗੁਣਾ ਜ਼ਿਆਦਾ ਸੰਭਾਵਨਾ
  • ਸੂਰਜਮੁਖੀ ਦਾ ਤੇਲ: 1.49 ਗੁਣਾ ਜ਼ਿਆਦਾ ਸੰਭਾਵਨਾ
  • ਸੋਇਆਬਾਨੀ ਦਾ ਤੇਲ: 1.81 ਗੁਣਾ ਜ਼ਿਆਦਾ ਸੰਭਾਵਨਾ
  • ਪਾਮ ਆਇਲ: 1.77 ਗੁਣਾ ਜ਼ਿਆਦਾ ਸੰਭਾਵਨਾ

ਇਸ ਅਧਿਐਨ ਬਾਰੇ ਦੱਸਦਿਆਂ ਸ਼ੂਗਰ ਰੋਗ ਮਾਹਿਰ ਡਾ. ਮੋਹਨ ਕਹਿੰਦੇ ਹਨ, "ਬਹੁਤ ਸਾਰੇ ਲੋਕ ਕਹਿੰਦੇ ਹਨ ਕਿ ਨਾਰੀਅਲ ਤੇਲ ਬਹੁਤ ਚੰਗਾ ਹੁੰਦਾ ਹੈ ਅਤੇ ਇਸ ਨਾਲ ਉਮਰ ਵਧਦੀ ਹੈ। ਪਰ ਇਸ ਦਾਅਵੇ ਦੇ ਸਮਰਥਨ ਵਿੱਚ ਸਪਸ਼ਟ ਅੰਕੜੇ ਉਪਲਬਧ ਨਹੀਂ ਹਨ।"

ਉਹ ਅੱਗੇ ਕਹਿੰਦੇ ਹਨ, "ਹਾਲ ਹੀ ਵਿੱਚ ਕੀਤੇ ਗਏ ICMR-INDIAB ਅਧਿਐਨ ਨੂੰ ਦੇਖੀਏ ਤਾਂ ਤਾਮਿਲਨਾਡੂ ਵਿਚ ਨਾਰੀਅਲ ਤੇਲ ਦੀ ਵਰਤੋਂ ਬਹੁਤ ਘੱਟ ਹੁੰਦੀ ਹੈ ਜਦਕਿ ਕੇਰਲ ਅਤੇ ਗੋਆ ਜਿਹੇ ਸੂਬਿਆਂ ਵਿੱਚ ਇਸ ਦਾ ਇਸਤੇਮਾਲ ਜ਼ਿਆਦਾ ਹੁੰਦਾ ਹੈ। ਉੱਥੋਂ ਦੇ ਲੋਕਾਂ ਦਾ ਔਸਤ ਕੋਲੈਸਟ੍ਰੋਲ ਤਾਮਿਲਨਾਡੂ ਦੇ ਲੋਕਾਂ ਦੀ ਤੁਲਨਾ ਵਿੱਚ 40-50 ਮਿਲੀਗ੍ਰਾਮ ਜ਼ਿਆਦਾ ਹੈ। ਇਸ ਦਾ ਇੱਕ ਸੌਖਾ ਸਪਸ਼ਟੀਕਰਨ ਨਾਰੀਅਲ ਤੇਲ ਹੋ ਸਕਦਾ ਹੈ।"

ਹਾਲਾਂਕਿ, ਡਾ.ਮੋਹਨ ਕਹਿੰਦੇ ਹਨ, "ਮੈਂ ਇਹ ਨਹੀਂ ਕਹਾਂਗਾ ਕਿ ਤੁਹਾਨੂੰ ਨਾਰੀਅਲ ਤੇਲ ਬਿਲਕੁਲ ਨਹੀਂ ਖਾਣਾ ਚਾਹੀਦਾ ਜਾਂ ਇਹ ਬਹੁਤ ਖਤਰਨਾਕ ਹੈ। ਜੇ ਤੁਹਾਨੂੰ ਨਾਰੀਅਲ ਤੇਲ ਹੀ ਪਸੰਦ ਹੈ ਤਾਂ ਇਸਦਾ ਇਸਤੇਮਾਲ ਥੋੜ੍ਹੀ ਘੱਟ ਮਾਤਰਾ ਵਿੱਚ ਕਰੋ।"

ਕੀ ਘਿਓ ਅਤੇ ਨਾਰੀਅਲ ਤੇਲ ਨਾਲ ਹਾਰਟ ਅਟੈਕ ਹੁੰਦਾ ਹੈ?

ਮਾਈਕ 'ਤੇ ਬੋਲ ਰਹੇ ਡਾ.ਅਰੁਣ ਕੁਮਾਰ
ਤਸਵੀਰ ਕੈਪਸ਼ਨ, ਆਹਾਰ ਮਾਹਿਰ ਡਾ. ਅਰੁਣ ਕੁਮਾਰ

ਇਹ ਅਧਿਐਨ ਇੱਕ ਨਿਸ਼ਚਿਤ ਸਮੇਂ ਵਿੱਚ ਲੋਕਾਂ ਦੀਆਂ ਖਾਣ-ਪੀਣ ਦੀਆਂ ਆਦਤਾਂ ਅਤੇ ਉਨ੍ਹਾਂ ਦੇ ਸਿਹਤ ਨਾਲ ਜੁੜੇ ਮਾਪਦੰਡਾਂ ਦੀ ਤੁਲਨਾ ਕਰਦਾ ਹੈ।

ਇਹ ਅਧਿਐਨ ਇੱਕ ਸਬੰਧ ਵੱਲ ਇਸ਼ਾਰਾ ਕਰਦਾ ਹੈ। ਪਰ ਇਹ ਸਾਬਿਤ ਨਹੀਂ ਕਰਦਾ ਕਿ ਕੋਈ ਖਾਸ ਤੇਲ ਸਿੱਧੇ ਤੌਰ 'ਤੇ ਹਾਰਟ ਅਟੈਕ ਦਾ ਕਾਰਨ ਬਣਦਾ ਹੈ।

ਇਸ ਬਾਰੇ ਗੱਲ ਕਰਦਿਆਂ ਡਾਕਟਰ ਅਤੇ ਪੋਸ਼ਣ ਸਲਾਹਕਾਰ ਅਰੁਣ ਕਮਾਰ ਕਹਿੰਦੇ ਹਨ, "ਇਸ ਅਧਿਐਨ ਵਿੱਚ ਸਾਰੇ ਲੋਕਾਂ 'ਤੇ 14 ਸਵਾਲਾਂ ਵਾਲਾ ਇੱਕ ਸਰਵੇ ਕੀਤਾ ਗਿਆ। ਉਨ੍ਹਾਂ ਤੋਂ ਪੁੱਛਿਆ ਗਿਆ ਕਿ ਉਹ ਕਿਹੜਾ ਤੇਲ ਵਰਤਦੇ ਹਨ, ਲਗਭਗ ਕਿੰਨੀ ਮਾਤਰਾ ਵਿੱਚ ਵਰਤਦੇ ਹਨ ਅਤੇ ਕੀ ਉਹ ਬਾਹਰ ਦਾ ਖਾਣਾ ਵੀ ਖਾਂਦੇ ਹਨ। ਇਸ ਤਰ੍ਹਾਂ ਦੇ ਕੁਝ ਸਵਾਲ ਪੁੱਛਣ ਉਨ੍ਹਾਂ ਦਾ ਇੱਕ ਵਾਰ ਕੋਲੈਸਟ੍ਰੋਲ ਟੈਸਟ ਕੀਤਾ ਗਿਆ। ਫਿਰ ਉਨ੍ਹਾਂ ਦੇ ਜਵਾਬਾਂ ਦੇ ਅਧਾਰ 'ਤੇ ਅੰਕੜਿਆਂ ਦੀ ਤੁਲਨਾ ਕੀਤੀ ਗਈ।"

ਉਹ ਕਹਿੰਦੇ ਹਨ, "ਇਸ ਅਧਿਐਨ ਦਾ ਅਧਾਰ ਸਿਰਫ਼ ਇੰਨਾ ਹੈ ਕਿ ਜਿਹੜੇ ਲੋਕਾਂ ਦਾ ਕੋਲੈਸਟ੍ਰੋਲ ਪੱਧਰ ਜ਼ਿਆਦਾ ਹੈ, ਉਨ੍ਹਾਂ ਵਿੱਚੋਂ ਕਿੰਨੇ ਲੋਕ ਕਿਹੜਾ ਤੇਲ ਇਸਤੇਮਾਲ ਕਰਦੇ ਹਨ। ਇਸ ਖੋਜ ਵਿੱਚ ਸਭ ਤੋਂ ਅਹਿਮ ਗੱਲ ਇਹ ਪਤਾ ਲਗਾਉਣਾ ਹੋਣੀ ਚਾਹੀਦੀ ਸੀ ਕਿ ਕੀ ਹਾਰਟ ਅਟੈਕ ਦੇ ਮਾਮਲਿਆਂ ਵਿੱਚ ਕਮੀ ਆਉਂਦੀ ਹੈ ਜਾਂ ਨਹੀਂ। ਪਰ ਇਸ ਅਧਿਐਨ ਵਿੱਚ ਇਸ ਦੀ ਜਾਂਚ ਹੀ ਨਹੀਂ ਕੀਤੀ ਗਈ।"

ਨਾਰੀਅਲ ਤੇਲ ਅਤੇ ਘਿਓ ਵਿੱਚ ਸੈਚੁਰੇਟਿਡ ਫ਼ੈਟ

ਡਾ. ਮੋਹਨ
ਤਸਵੀਰ ਕੈਪਸ਼ਨ, ਸ਼ੂਗਰ ਰੋਗ ਮਾਹਿਰ ਡਾ. ਮੋਹਨ

ਅਸੀਂ ਆਪਣੇ ਭੋਜਨ ਵਿੱਚ ਸ਼ਾਮਲ ਫੈਟ ਨੂੰ ਆਮ ਤੌਰ 'ਤੇ ਦੋ ਸ਼੍ਰੋਣੀਆਂ ਵਿੱਚ ਵੰਡ ਸਕਦੇ ਹਾਂ- ਸੈਚੁਰੇਟਿਡ ਫੈਟ ਅਤੇ ਅਨਸੈਚੁਰੇਟਿਡ ਫੈਟ।

ਅਨਸੈਚੁਰੇਟਿਡ ਫੈਟ ਵੀ ਦੋ ਪ੍ਰਕਾਰ ਦੀ ਹੁੰਦੀ ਹੈ-

ਮੋਨੋਅਨਸੈਚੁਰੇਟੇਡ ਫੈਟ

ਪਾਲੀਅਨਸੈਚੁਰੇਟੇਡ ਫੈਟ

ਨਾਰੀਅਲ ਤੇਲ, ਘਿਓ, ਮੱਖਣ ਅਤੇ ਪਾਮ ਆਇਲ ਵਿੱਚ ਸੈਚੁਰੇਟਡ ਫੈਟ ਦੀ ਮਾਤਰਾ ਜ਼ਿਆਦਾ ਹੁੰਦੀ ਹੈ।

ਉਦਾਹਰਨ ਲਈ ਘਿਓ ਵਿੱਚ 60-65 ਫ਼ੀਸਦੀ ਸੈਚੁਰੇਟਿਡ ਫੈਟ, 20-25 ਫ਼ੀਸਦੀ ਮੋਨੋਅਨਸੈਚੁਰੇਟੇਡ ਫੈਟ, 3-4 ਫ਼ੀਸਦੀ ਪਾਲੀ ਅਨਸੈਚੁਰੇਟਿਡ ਫੈਟ ਅਤੇ ਕੁਝ ਵਿਟਾਮਿਨ ਹੁੰਦੇ ਹਨ।

ਨਾਰੀਅਲ ਤੇਲ 100 ਫ਼ੀਸਦੀ ਫੈਟ ਤੋਂ ਬਣਿਆ ਹੁੰਦਾ ਹੈ ਜਿਸ ਵਿੱਚ 80-90 ਫ਼ੀਸਦੀ ਸੈਚੁਰੇਟੇਡ ਫੈਟ ਹੁੰਦੀ ਹੈ।

ਕੁਝ ਅਧਿਐਨਾਂ ਵਿੱਚ ਇਹ ਪੁਸ਼ਟੀ ਹੋਈ ਹੈ ਕਿ ਸੈਚੁਰੇਟੇਡ ਫੈਟ ਦਾ ਜ਼ਿਆਦਾ ਸੇਵਨ ਐਲਡੀਐਲ ਕੋਲੈਸਟ੍ਰੋਲ ਦੇ ਪੱਧਰ ਨੂੰ ਵਧਾ ਸਕਦਾ ਹੈ।

ਡਾ. ਮੋਹਨ ਕਹਿੰਦੇ ਹਨ, "ਇਨ੍ਹਾਂ ਸੈਚੁਰੇਟੇਡ ਫੈਟ ਵਿੱਚ ਨਿਸ਼ਚਿਤ ਰੂਪ ਵਿੱਚ ਕੋਲੈਸਟ੍ਰੋਲ ਵਧਾਉਣ ਦੀ ਸਮਰਥਾ ਹੁੰਦੀ ਹੈ।"

ਉਹ ਮੂੰਗਫਲੀ ਦੇ ਤੇਲ ਅਤੇ ਤਿਲ ਦੇ ਤੇਲ ਵਿੱਚ ਮੌਜੂਦ ਮੋਨੋਅਨਸੈਚੁਰੇਟਿਡ ਫੈਟ ਨੂੰ ਬਿਹਤਰ ਬਦਲ ਦੱਸਦੇ ਹਨ।

ਉਹ ਕਹਿੰਦੇ ਹਨ, "ਸਭ ਤੋਂ ਪਹਿਲਾਂ ਮੂੰਗਫਲੀ ਦਾ ਤੇਲ ਅਤੇ ਉਸ ਤੋਂ ਬਾਅਦ ਦੂਜੇ ਥਾਂ 'ਤੇ ਤਿਲ ਦਾ ਤੇਲ ਆਉਂਦਾ ਹੈ। ਇਨ੍ਹਾਂ ਦੋਹਾਂ ਵਿੱਚ ਮੁੱਖ ਰੂਪ ਵਿੱਚ ਮੋਨੋਅਨਸੈਚੁਰੇਟੇਡ ਫੈਟ ਹੁੰਦਾ ਹੈ। ਇਹ ਖਰਾਬ ਕੋਲੈਸਟ੍ਰੋਲ ਨੂੰ ਘੱਟ ਕਰਦਾ ਹੈ ਅਤੇ ਚੰਗੇ ਕੋਲੈਸਟ੍ਰੋਲ ਯਾਨੀ ਐਚਡੀਐਲ ਨੂੰ ਵਧਾਉਂਦਾ ਹੈ।"

ਉਹ ਅੱਗੇ ਦੱਸਦੇ ਹਨ, "ਜੇ ਤੁਸੀਂ ਭਾਰਤ ਦੇ ਉੱਤਰੀ ਅਤੇ ਪੂਰਬੀ ਹਿੱਸਿਆਂ ਵਿੱਚ ਜਾਓਗੇ ਤਾਂ ਉੱਥੇ ਸਰ੍ਹੋਂ ਦਾ ਤੇਲ ਵਰਤਿਆ ਜਾਂਦਾ ਹੈ। ਇਸ ਵਿੱਚ ਵੀ ਲਗਭਗ ਮੂੰਗਫਲੀ ਦੇ ਤੇਲ ਜਿੰਨੀ ਹੀ ਮੋਨੋਅਨਸੈਚੁਰੇਟਡ ਫੈਟ ਹੁੰਦੀ ਹੈ। ਉੱਥੇ ਲੋਕ ਇਸੇ ਤੇਲ ਦਾ ਇਸਤੇਮਾਲ ਕਰਦੇ ਹਨ।"

ਇਸੇ ਤਰ੍ਹਾਂ, "ਸੂਰਜਮੁਖੀ ਦਾ ਤੇਲ ਅਤੇ ਕੁਸੁਮ ਦਾ ਤੇਲ ਪੌਲੀਅਨਸੈਚੁਰੇਟੇਡ ਫੈਟ ਦੀ ਸ਼੍ਰੇਣੀ ਵਿੱਚ ਆਉਂਦੇ ਹਨ। ਇਨ੍ਹਾਂ ਨਾਲ ਖਰਾਬ ਕੋਲੈਸਟ੍ਰੋਲ ਘੱਟ ਹੁੰਦਾ ਹੈ, ਇਸ ਵਿੱਚ ਕੋਈ ਸ਼ੱਕ ਨਹੀਂ ਹੈ।"

ਨਾਰੀਅਲ ਤੇਲ ਚੰਗਾ ਕੋਲੈਸਟ੍ਰੋਲ ਵੀ ਵਧਾਉਂਦਾ ਹੈ

ਕੁਰਸੀ 'ਤੇ ਬੈਠੇ ਇੱਕ ਆਦਮੀ ਨੇ ਸੀਨੇ 'ਤੇ ਹੱਥ ਰੱਖੇ ਹਨ ਅਤੇ ਚਿਹਰੇ ਦੇ ਹਾਵ ਭਾਵ ਇੰਝ ਹਨ ਜਿਵੇਂ ਦਰਦ ਹੋ ਰਿਹਾ ਹੋਵੇ, ਕੋਲ ਇੱਕ ਮਹਿਲਾ ਖੜ੍ਹੀ ਸਮਝਣ ਦੀ ਕੋਸ਼ਿਸ਼ ਕਰ ਰਹੀ ਹੈ
ਤਸਵੀਰ ਕੈਪਸ਼ਨ, ਪ੍ਰਤੀਕਾਤਮਕ ਤਸਵੀਰ

ਡਾ.ਅਰੁਣ ਕੁਮਾਰ ਕਹਿੰਦੇ ਹਨ, "ਸੈਚੁਰੇਟੇਡ ਫੈਟ ਐਲਡੀਐਲ ਨੂੰ ਥੋੜ੍ਹਾ ਵਧਾ ਸਕਦਾ ਹੈ, ਪਰ ਇਸ ਨਾਲ ਕੁਝ ਹੋਰ ਸਕਰਾਤਮਕ ਬਦਲਾਅ ਵੀ ਹੋ ਸਕਦੇ ਹਨ। ਕੋਲੈਸਟ੍ਰੋਲ ਨੂੰ ਥੋੜ੍ਹਾ ਵਧਾਉਂਦਾ ਹੈ ਪਰ ਇਹ ਐਚਡੀਐਲ ਯਾਨੀ ਚੰਗੇ ਕੋਲੈਸਟ੍ਰੋਲ ਨੂੰ ਵੀ ਵਧਾਉਂਦਾ ਹੈ।"

ਉਹ ਕਹਿੰਦੇ ਹਨ, "ਇਸੇ ਤਰ੍ਹਾਂ ਘਿਓ ਵਿੱਚ ਮੌਜੂਦ ਸ਼ੌਰਟ-ਚੇਨ ਫੈਟੀ ਐਸਿਡ ਪੇਟ ਵਿੱਚ ਜਜ਼ਬ ਹੋ ਕੇ ਕੁਝ ਸਿਹਤ ਲਾਭ ਪਹੁੰਚਾਉਂਦੇ ਹਨ। ਇਸ ਲਈ ਕੇਵਲ ਕੋਲੈਸਟ੍ਰੋਲ ਵਿੱਚ ਥੋੜ੍ਹੇ ਵਾਧੇ ਦੇ ਅਧਾਰ 'ਤੇ ਹੀ ਨਿਚੋੜ ਨਹੀਂ ਕੱਢਣਾ ਚਾਹੀਦਾ ਕਿ ਇਸ ਨਾਲ ਸਿੱਧੇ ਤੌਰ 'ਤੇ ਹਾਰਟ ਅਟੈਕ ਦਾ ਖਤਰਾ ਵਧਦਾ ਹੈ।"

2020 ਵਿੱਚ ਜਰਨਲ ਸਰਕੁਲੇਸ਼ਨ ਵਿੱਚ ਪ੍ਰਕਾਸ਼ਿਤ ਇੱਕ ਅਧਿਐਨ ਵਿੱਚ ਨਾਰੀਅਲ ਤੇਲ ਨਾਲ ਸਬੰਧਤ 16 ਕਲੀਨੀਕਲ ਅਧਿਐਨਾਂ ਦੇ ਨਤੀਜਿਆਂ ਦਾ ਸੰਯੁਕਤ ਵਿਸ਼ਲੇਸ਼ਣ ਕੀਤਾ ਗਿਆ।

ਇਸ ਵਿੱਚ ਪਾਇਆ ਗਿਆ ਕਿ ਹੋਰ ਬਨਸਪਤੀ ਤੇਲਾਂ ਦੀ ਤੁਲਨਾ ਵਿੱਚ ਨਾਰੀਅਲ ਤੇਲ ਦੀ ਵਰਤੋਂ ਕਰਨ ਵਾਲਿਆਂ ਵਿੱਚ ਐਲਡੀਐਲ ਕੋਲੈਸਟ੍ਰੋਲ ਦਾ ਪੱਧਰ ਔਸਤਨ 10.47 mg/dL ਵਧਿਆ ਸੀ। ਉੱਧਰ, ਐਚਡੀਐਲ ਕੋਲੈਸਟ੍ਰੋਲ ਦਾ ਪੱਧਰ 4 mg/dL ਵਧਿਆ ਸੀ।

ਇਸੇ ਤਰ੍ਹਾਂ 2020 ਵਿੱਚ ਪ੍ਰਕਾਸ਼ਿਤ ਇੱਕ ਕੋਕ੍ਰੇਨ ਰਿਵੀਊ ਵਿੱਚ ਇਹ ਜਾਂਚ ਕੀਤੀ ਗਈ ਕਿ ਕੀ ਸੈਚੁਰੇਟੇਡ ਫੈਟ ਦਾ ਸੇਵਨ ਘੱਟ ਕਰਨ ਨਾਲ ਦਿਲ ਦੇ ਰੋਗਾਂ ਦਾ ਖਤਰਾ ਘਟਦਾ ਹੈ।

ਇਸ ਸਮੀਖਿਆ ਵਿੱਚ 15 ਅਧਿਐਨਾਂ ਦੇ 56,000 ਤੋਂ ਜ਼ਿਆਦਾ ਲੋਕਾਂ ਦੇ ਅੰਕੜਿਆਂ ਦਾ ਵਿਸ਼ਲੇਸ਼ਣ ਕੀਤਾ ਗਿਆ।

ਇਸ ਵਿੱਚ ਪਾਇਆ ਗਿਆ ਕਿ ਸੈਚੁਰੇਟੇਡ ਫ਼ੈਟ ਦਾ ਇਸਤੇਮਾਲ ਘੱਟ ਕਰਨ ਨਾਲ ਦਿਲ ਦੇ ਰੋਗ ਅਤੇ ਸਟ੍ਰੋਕ ਸਮੇਤ ਕੁੱਲ ਦਿਲ ਦੀਆਂ ਬਿਮਾਰੀਆਂ ਦੀਆਂ ਘਟਨਾਵਾਂ ਵਿੱਚ 17 ਫ਼ੀਸਦੀ ਦੀ ਕਮੀ ਆਈ। ਹਾਲਾਂਕਿ, ਕੁੱਲ ਮੌਤ ਦਰ ਵਿੱਚ ਕੋਈ ਜ਼ਿਕਰਯੋਗ ਬਦਲਾਅ ਨਹੀਂ ਦੇਖਿਆ ਗਿਆ।

ਐਲਡੀਐਲ ਕੋਲੈਸਟ੍ਰੋਲ ਦੀ ਕੀ ਅਹਿਮੀਅਤ ਹੈ ?

ਪਕੌੜੇ
ਤਸਵੀਰ ਕੈਪਸ਼ਨ, ਕੇਰਲ ਵਿੱਚ ਲੋਕ ਨਾਰੀਅਲ ਤੇਲ ਦਾ ਇਸਤੇਮਾਲ ਜ਼ਿਆਦਾ ਕਰਦੇ ਹਨ

ਐਲਡੀਐਲ ਖੂਨ ਵਿੱਚ ਕੋਲੈਸਟ੍ਰੋਲ ਨੂੰ ਸਰੀਰ ਦੀਆਂ ਵੱਖ ਵੱਖ ਕੋਸ਼ਿਕਾਵਾਂ ਤੱਕ ਪਹੁੰਚਾਉਣ ਵਾਲਾ ਇੱਕ ਪ੍ਰਕਾਰ ਦਾ ਲਿਪੋਪ੍ਰੋਟੀਨ ਕਣ ਹੈ।

ਸਾਡੇ ਸਰੀਰ ਦੀਆਂ ਕੋਸ਼ਿਕਾਵਾਂ ਦੇ ਕੰਮਕਾਜ ਲਈ ਕੋਲੈਸਟ੍ਰੋਲ ਜ਼ਰੂਰੀ ਹੁੰਦਾ ਹੈ। ਕੋਸ਼ਿਕਾਵਾਂ ਦੀ ਬਾਹਰੀ ਝਿੱਲੀ ਬਣਾਉਣ ਅਤੇ ਕੁਝ ਹਾਰਮੋਨ ਦੇ ਉਤਪਾਦਨ ਲਈ ਇਸ ਦੀ ਲੋੜ ਹੁੰਦੀ ਹੈ।

ਪਰ ਜਦੋਂ ਖੂਨ ਵਿੱਚ ਐਲਡੀਐਲ ਕਣਾਂ ਦੀ ਮਾਤਰਾ ਜ਼ਿਆਦਾ ਹੋ ਜਾਂਦੀ ਹੈ ਤਾਂ ਉਹ ਖੂਨ ਦੀਆਂ ਨਾੜੀਆਂ ਦੀਆਂ ਦੀਵਾਰਾਂ ਵਿੱਚ ਫੈਟ ਦੇ ਜਮ੍ਹਾ ਹੋਣ ਦਾ ਕਾਰਨ ਬਣ ਸਕਦੇ ਹਨ। ਇਸ ਨਾਲ ਖੂਨ ਦੀਆਂ ਨਾੜੀਆਂ ਸੁੰਗੜ ਜਾਂਦੀਆਂ ਹਨ ਅਤੇ ਦਿਲ ਤੱਕ ਖੂਨ ਦਾ ਪ੍ਰਵਾਹ ਪ੍ਰਭਾਵਿਤ ਹੋ ਸਕਦਾ ਹੈ।

ਇਸ ਕਾਰਨ ਹਾਰਟ ਅਟੈਕ ਅਤੇ ਸਟ੍ਰੋਕ ਦਾ ਖਤਰਾ ਵਧ ਜਾਂਦਾ ਹੈ।

2017 ਵਿੱਚ ਯੂਰਪੀਅਨ ਹਾਰਟ ਜਰਨਲ ਵਿੱਚ ਪ੍ਰਕਾਸ਼ਿਤ ਯੂਰਪੀਅਨ ਐਥੀਰੋਸਕਲੇਰੋਸਿਸ ਸੁਸਾਇਟੀ ਦੀ ਇੱਕ ਖੋਜ ਰਿਪੋਰਟ ਨੇ ਵੱਖ ਵੱਖ ਸਬੂਤਾਂ ਦੇ ਅਧਾਰ 'ਤੇ ਐੱਲ.ਡੀ.ਐਲ ਕੋਲੈਸਟ੍ਰੋਲ ਅਤੇ ਜਿਸ ਸਬੰਧੀ ਬਿਮਾਰੀਆਂ ਵਿਚਕਾਰ ਸਬੰਧ ਦੀ ਪੁਸ਼ਟੀ ਕੀਤੀ ਸੀ।

ਖਾਣਾ ਪਕਾਉਣ ਲਈ ਕਿਹੜਾ ਤੇਲ ਵਰਤਣਾ ਸਭ ਤੋਂ ਬਿਹਤਰ ਹੈ?

ਮੂੰਗਫਲੀ ਦਾ ਤੇਲ ਅਤੇ ਕੋਲ ਪਈ ਮੂੰਗਫਲੀ
ਤਸਵੀਰ ਕੈਪਸ਼ਨ, ਡਾ.ਮੋਹਨ ਕਹਿੰਦੇ ਹਨ ਕਿ ਤੇਲ ਖਰੀਦਣ ਵੇਲੇ ਮੋਨੋਅਨਸੈਚੁਰੇਟੇਡ ਫੈਟ ਵਾਲੇ ਮੂੰਗਫਲੀ ਦੇ ਤੇਲ ਅਤੇ ਤਿਲ ਦਾ ਬਦਲ ਚੁਣਿਆ ਜਾ ਸਕਦਾ ਹੈ।

ਵਿਸ਼ਵ ਸਿਹਤ ਸੰਗਠਨ ਵੱਲੋਂ 2023 ਵਿੱਚ ਜਾਰੀ ਦਿਸ਼ਾ ਨਿਰਦੇਸ਼ਾਂ ਮੁਤਾਬਕ ਕਿਸੇ ਵਿਅਕਤੀ ਦੀ ਪ੍ਰਤੀ ਦਿਨ ਦੀ ਕੁੱਲ ਕੈਲੋਰੀ ਵਿੱਚ ਸੈਚੁਰੇਟੇਡ ਫੈਟ ਦੀ ਮਾਤਰਾ 10 ਫ਼ੀਸਦੀ ਤੋਂ ਜ਼ਿਆਦਾ ਨਹੀਂ ਹੋਣੀ ਚਾਹੀਦੀ।

ਡਬਲਿਯੂਐਚਓ ਮੁਤਾਬਕ, ਫੈਟ ਯੁਕਤ ਮਾਸ, ਨਾਰੀਅਲ ਤੇਲ, ਘਿਓ ਅਤੇ ਐਨੀਮਲ ਫੈਟ ਵਿੱਚ ਪਾਏ ਜਾਣ ਵਾਲੇ ਸੈਚੁਰੇਟੇਡ ਫੈਟ ਦੀ ਤੁਲਨਾ ਵਿੱਚ ਮੱਛੀ, ਐਵੋਕਾਡੋ, ਮੇਵੇ, ਸੂਰਜਮੁਖੀ, ਸੋਇਆਬੀਨ, ਕੈਨੋਲਾ ਅਤੇ ਜੈਤੂਨ ਦੇ ਤੇਲ ਵਿੱਚ ਪਾਏ ਜਾਣ ਵਾਲੇ ਸੈਚੁਰੇਟੇਡ ਫੈਟ ਦਾ ਸੇਵਨ ਬਿਹਤਰ ਹੈ।

ਡਾ.ਮੋਹਨ ਕਹਿੰਦੇ ਹਨ, "ਤੇਲ ਖ਼ਰੀਦਣ ਵੇਲੇ ਮੋਨੋਅਨਸੈਚੁਰੇਟੇਡ ਫੈਟ ਵਾਲੇ ਮੂੰਗਫਲੀ ਦੇ ਤੇਲ ਅਤੇ ਤਿਲ ਦਾ ਬਦਲ ਚੁਣਿਆ ਜਾ ਸਕਦਾ ਹੈ। ਨਾਲ ਹੀ, ਤੇਲ ਦਾ ਇਸਤੇਮਾਲ ਘੱਟ ਮਾਤਰਾ ਵਿੱਚ ਕਰਨਾ ਵੀ ਮਹੱਤਵਪੂਰਨ ਹੈ।"

ਉਹ ਅੱਗੇ ਕਹਿੰਦੇ ਹਨ, "ਪਾਲੀਅਨਸੈਚੁਰੇਟੇਡ ਫੈਟ ਵਾਲੇ ਸੂਰਜਮੁਖੀ ਦੇ ਤੇਲ ਦਾ ਵੀ ਲੋੜ ਮੁਤਾਬਕ ਇਸਤੇਮਾਲ ਕੀਤਾ ਜਾ ਸਕਦਾ ਹੈ। ਜਿੱਥੋਂ ਤੱਕ ਸੰਭਵ ਹੋਵੇ, ਪਾਮ ਆਇਲ ਜਿਹੇ ਤੇਲਾਂ ਦੀ ਤਾਂ ਦੂਜੇ ਬਦਲ ਅਪਣਾਉਣਾ ਬਿਹਤਰ ਹੈ।"

ਤੇਲ ਇਸਤੇਮਾਲ ਕਰਨ ਵਿੱਚ ਇਨ੍ਹਾਂ ਗੱਲਾਂ ਦਾ ਰੱਖੋ ਧਿਆਨ

ਕੜਾਹੀ ਵਿੱਚ ਤਲੇ ਜਾ ਰਹੇ ਪਕੌੜੇ
ਤਸਵੀਰ ਕੈਪਸ਼ਨ, ਪ੍ਰਤੀਕਾਤਮਕ ਤਸਵੀਰ

ਡਾ. ਮੋਹਨ ਇਹ ਵੀ ਸਲਾਹ ਦਿੰਦੇ ਹਨ ਕਿ ਤੇਲ ਵਿੱਚ ਬਣੇ ਖਾਧ ਪਦਾਰਥਾਂ ਦਾ ਜ਼ਿਆਦਾ ਸੇਵਨ ਕਰਨ ਅਤੇ ਇੱਕ ਹੀ ਤੇਲ ਨੂੰ ਵਾਰ ਵਾਰ ਗਰਮ ਕਰਕੇ ਇਸਤੇਮਾਲ ਕਰਨ ਤੋਂ ਬਚਣਾ ਚਾਹੀਦਾ ਹੈ।

ਭਾਰਤੀ ਮੈਡੀਕਲ ਖੋਜ ਪਰਿਸ਼ਦ ਤਹਿਤ ਕੰਮ ਕਰਨ ਵਾਲਾ ਰਾਸ਼ਟਰੀ ਪੋਸ਼ਣ ਸੰਸਥਾਨ ਵੀ ਆਪਣੇ ਅਹਾਰ ਸਬੰਧੀ ਦਿਸ਼ਾ ਨਿਰਦੇਸ਼ਾਂ ਵਿੱਚ ਇਸ ਗੱਲ 'ਤੇ ਜ਼ੋਰ ਦਿੰਦਾ ਹੈ।

ਉਹ ਕਹਿੰਦੇ ਹਨ, "ਤੇਲ ਨੂੰ ਵਾਰ-ਵਾਰ ਗਰਮ ਕਰਨ ਨਾਲ ਉਸ ਵਿੱਚ ਆਕਸੀਡੇਸ਼ਨ ਦੀ ਪ੍ਰਕਿਰਿਆ ਹੁੰਦੀ ਹੈ ਅਤੇ ਅਜਿਹੇ ਯੌਗਿਕ ਬਣ ਸਕਦੇ ਹਨ, ਜੋ ਸਰੀਰ ਲਈ ਨੁਕਸਾਨਦੇਹ ਹੋ ਸਕਦੇ ਹਨ। ਇਸ ਲਈ ਲੋੜ ਮੁਤਾਬਕ ਹੀ ਤੇਲ ਦੀ ਵਰਤੋਂ ਕਰੋ ਅਤੇ ਜੇ ਤੇਲ ਬਚ ਜਾਵੇ ਤਾਂ ਉਸ ਨੂੰ ਸੁੱਟ ਦੇਵੋ।"

ਡਾ.ਅਰੁਣ ਕੁਮਾਰ ਦਾ ਕਹਿਣਾ ਹੈ ਕਿ ਤੇਲ ਦੀ ਚੋਣ ਦੇ ਨਾਲ ਨਾਲ ਸਾਨੂੰ ਆਪਣੇ ਸੰਪੂਰਨ ਖਾਣ-ਪੀਣ ਅਤੇ ਜੀਵਨਸ਼ੈਲੀ 'ਤੇ ਵੀ ਧਿਆਨ ਦੇਣਾ ਚਾਹੀਦਾ ਹੈ।

ਬੀਬੀਸੀ ਲਈ ਕਲੈਕਟਿਵ ਨਿਊਜ਼ਰੂਮ ਵੱਲੋਂ ਪ੍ਰਕਾਸ਼ਿਤ

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTER, WhatsApp ਅਤੇ YouTube 'ਤੇ ਜੁੜੋ।)