ਪੰਜਾਬ ਦੇ ਅੰਮ੍ਰਿਤਸਰ ਤੋਂ 14 ਪੰਜਾਬੀ ਕਥਿਤ ਤੌਰ ਉੱਤੇ 'ਬਿਨਾਂ ਵੈਧ ਵੀਜ਼ੇ' ਨਾਲ ਯੂਕੇ ਪਹੁੰਚੇ, ਪੁਲਿਸ ਨੇ ਕੀ ਦੱਸਿਆ, ਕੀ ਹੈ ਪੂਰਾ ਮਾਮਲਾ

ਤਸਵੀਰ ਸਰੋਤ, Getty Images
- ਲੇਖਕ, ਹਰਮਨਦੀਪ ਸਿੰਘ
- ਰੋਲ, ਬੀਬੀਸੀ ਪੱਤਰਕਾਰ
- ਪੜ੍ਹਨ ਦਾ ਸਮਾਂ: 4 ਮਿੰਟ
ਲਗਭਗ 14 ਪੰਜਾਬੀ ਕਥਿਤ ਤੌਰ 'ਤੇ ਬਿਨਾਂ ਵੈਧ ਵੀਜ਼ੇ ਤੋਂ ਯੂਕੇ ਪਹੁੰਚ ਗਏ ਹਨ। ਪੁਲਿਸ ਮੁਤਾਬਕ ਬਗ਼ੈਰ ਦਰੁਸਤ ਵੀਜ਼ੇ ਦੇ ਇਨ੍ਹਾਂ ਸਾਰੇ ਪੰਜਾਬੀਆਂ ਨੇ ਅੰਮ੍ਰਿਤਸਰ ਏਅਰਪੋਰਟ ਤੋਂ ਉਡਾਣਾਂ ਭਰੀਆਂ ਸਨ।
ਇਹ ਮਾਮਲਾ ਜਨਵਰੀ 2026 ਦਾ ਦੱਸਿਆ ਜਾ ਰਿਹਾ ਹੈ।
ਇਸ ਮਾਮਲੇ ਦਾ ਖੁਲਾਸਾ ਉਦੋਂ ਹੋਇਆ ਜਦੋਂ ਇਨ੍ਹਾਂ ਪੰਜਾਬੀਆਂ ਨੇ ਇੰਗਲੈਂਡ ਪਹੁੰਚਣ ਮਗਰੋਂ ਸਿਆਸੀ ਸ਼ਰਨ ਮੰਗੀ। ਪੁਲਿਸ ਮੁਤਾਬਕ ਇੰਟੈਂਲੀਜੈਂਸ ਬਿਊਰੋ (ਆਈਬੀ) ਨੇ ਇਹ ਮਾਮਲਾ ਪੰਜਾਬ ਪੁਲਿਸ ਕੋਲ ਉਠਾਇਆ ਹੈ, ਜਿਸ ਮਗਰੋਂ ਪੁਲਿਸ ਹਰਕਤ ਵਿੱਚ ਆ ਗਈ ਹੈ।
ਆਈਬੀ ਨੇ 14 ਪੰਜਾਬੀਆਂ ਦੇ ਬਿਨਾਂ ਵੈਧ ਵੀਜ਼ੇ ਦੇ ਏਅਰਪੋਰਟ ਰਾਹੀਂ ਯੂਕੇ ਪਹੁੰਚਣ ਪਿੱਛੇ ਕਥਿਤ ਮਨੁੱਖੀ ਤਸਕਰੀ ਦਾ ਸ਼ੱਕ ਜਤਾਇਆ ਸੀ।
ਪੰਜਾਬ ਪੁਲਿਸ ਨੇ ਇਸ ਸਬੰਧੀ ਕੇਸ ਦਰਜ ਕਰਕੇ ਜਾਂਚ ਸ਼ੁਰੂ ਕਰ ਦਿੱਤੀ ਹੈ। ਪੰਜਾਬ ਪੁਲਿਸ ਦੇ ਅਧਿਕਾਰੀਆਂ ਮੁਤਾਬਕ ਉਹ ਜਾਂਚ ਕਰ ਰਹੇ ਹਨ ਕਿ ਇਹ ਪੰਜਾਬੀ ਬਿਨਾਂ ਦਰੁਸਤ ਵੀਜ਼ੇ ਦੇ ਅੰਮ੍ਰਿਤਸਰ ਏਅਰਪੋਰਟ ਤੋਂ ਯੂਕੇ ਕਿਵੇਂ ਪਹੁੰਚ ਗਏ।
ਪੁਲਿਸ ਨੂੰ ਇਹ ਵੀ ਸ਼ੱਕ ਹੈ ਕਿ ਇਸ ਗਿਰੋਹ ਵਿੱਚ ਟਰੈਵਲ ਏਜੰਟਾਂ ਤੋਂ ਬਿਨਾਂ ਇੱਕ ਏਅਰਲਾਈਨਜ਼ ਦਾ ਮੁਲਾਜ਼ਮ ਵੀ ਸ਼ਾਮਲ ਹੈ।
ਕੀ ਹੈ ਮਾਮਲਾ
ਐੱਫਆਈਆਰ ਮੁਤਾਬਕ 14 ਪੰਜਾਬੀ ਜਨਵਰੀ 11, 12, 15 ਅਤੇ 16 ਨੂੰ ਅੰਮ੍ਰਿਤਸਰ ਦੇ ਸ੍ਰੀ ਗੁਰੂ ਰਾਮਦਾਸ ਜੀ ਅੰਤਰਰਾਸ਼ਟਰੀ ਹਵਾਈ ਅੱਡੇ ਤੋਂ ਯੂਕੇ ਪਹੁੰਚੇ। ਇਨ੍ਹਾਂ ਪੰਜਾਬੀਆਂ ਕੋਲ ਵੈਧ (valid) ਵੀਜ਼ੇ ਨਹੀਂ ਸਨ।
ਐੱਫਆਈਆਰ ਅਨੁਸਾਰ ਟਿਕਟਾਂ ਬੁੱਕ ਕਰਨ ਸਮੇਂ ਇਨ੍ਹਾਂ 14 ਪੰਜਾਬੀਆਂ ਵਿੱਚੋਂ 10 ਵੱਲੋਂ ਇੱਕ ਹੀ ਫੋਨ ਨੰਬਰ ਵਰਤਿਆ ਗਿਆ। ਇਸ ਤੋਂ ਇਲਾਵਾ ਐੱਫਆਈਆਰ ਵਿੱਚ ਇੱਕ ਏਅਰਲਾਈਨਜ਼ ਦੇ ਮੁਲਾਜ਼ਮ ਦੇ ਵੀ ਇਸ ਵਿੱਚ ਸ਼ਾਮਲ ਹੋਣ ਦਾ ਸ਼ੱਕ ਜਤਾਇਆ ਗਿਆ ਹੈ।
ਹਾਲਾਂਕਿ ਪੁਲਿਸ ਨੇ ਅਜੇ ਤੱਕ ਇਸ ਏਅਰਲਾਈਨਜ਼ ਨੂੰ ਜਾਂਚ ਵਿੱਚ ਸ਼ਾਮਲ ਨਹੀਂ ਕੀਤਾ ਕਿਉਂਕਿ ਜਾਂਚ ਅਜੇ ਸ਼ੁਰੂਆਤੀ ਦੌਰ ਵਿੱਚ ਹੈ।
ਪੰਜਾਬ ਸਟੇਟ ਅਪਰਾਧ ਪੁਲਿਸ ਸਟੇਸ਼ਨ, ਮੁਹਾਲੀ ਦੀ ਐੱਸਐੱਚਓ ਇੰਸਪੈਕਟਰ ਰੇਨੂੰ ਸਾਹੂ ਨੇ ਦੱਸਿਆ, "ਗੁਪਤ ਜਾਣਕਾਰੀ ਵਿੱਚ ਇੱਕ ਏਅਰਲਾਈਨ ਦੇ ਮੁਲਾਜ਼ਮਾਂ ਦੇ ਸ਼ਾਮਲ ਹੋਣ ਦਾ ਸ਼ੱਕ ਜਤਾਇਆ ਗਿਆ ਹੈ। ਇਨ੍ਹਾਂ ਤੱਥਾਂ ਦੀ ਪੁਸ਼ਟੀ ਕੀਤੀ ਜਾ ਰਹੀ ਹੈ। ਇਸ ਏਅਰਲਾਈਨ ਨੂੰ ਅਜੇ ਜਾਂਚ ਦੇ ਘੇਰੇ ਵਿੱਚ ਨਹੀਂ ਲਿਆ ਗਿਆ ਕਿਉਂਕਿ ਪੜਤਾਲ ਅਜੇ ਸ਼ੁਰੂ ਹੋਈ ਹੈ।"

ਤਸਵੀਰ ਸਰੋਤ, Getty Images
ਪੁਲਿਸ ਕੋਲ ਕਿਹੜੇ ਤੱਥ ਮੌਜੂਦ ਹਨ
ਐੱਫਆਈਆਰ ਮੁਤਾਬਕ ਪੁਲਿਸ ਕੋਲ ਯੂਕੇ ਪਹੁੰਚਣ ਵਾਲੇ 14 ਪੰਜਾਬੀਆਂ ਦੇ ਨਾਮ, ਉਨ੍ਹਾਂ ਦੇ ਫੋਨ ਨੰਬਰ, ਫਲਾਈਟਾਂ ਦੀ ਜਾਣਕਾਰੀ, ਇਨ੍ਹਾਂ ਪੰਜਾਬੀਆਂ ਦੇ ਟਰੈਵਲ ਏਜੰਟਾਂ ਦੀ ਜਾਣਕਾਰੀ ਅਤੇ ਟਿਕਟਾਂ ਬੁੱਕ ਕਰਵਾਉਣ ਵਾਲੀਆਂ ਏਜੰਸੀਆਂ ਦੀ ਜਾਣਕਾਰੀ ਵੀ ਮੌਜੂਦ ਹੈ।
ਪੁਲਿਸ ਨੇ ਕੀ ਕਾਰਵਾਈ ਕੀਤੀ
ਪੰਜਾਬ ਪੁਲਿਸ ਨੇ ਬੀਐੱਨਐੱਸ ਐਕਟ ਦੀ ਧਾਰਾ 143 (3) ਅਤੇ ਪੰਜਾਬ ਮਨੁੱਖੀ ਤਸਕਰੀ ਦੀ ਰੋਕ ਕਾਨੂੰਨ, 2012 ਦੀ ਧਾਰਾ 13 (1) ਤਹਿਤ ਪੰਜਾਬ ਸਟੇਟ ਅਪਰਾਧ ਪੁਲਿਸ ਸਟੇਸ਼ਨ, ਮੋਹਾਲੀ ਵਿੱਚ ਕੇਸ ਦਰਜ ਕੀਤਾ ਹੈ।
ਫਿਲਹਾਲ ਇਹ ਕੇਸ ਅਣਪਛਾਤੇ ਵਿਅਕਤੀਆਂ 'ਤੇ ਦਰਜ ਕੀਤਾ ਗਿਆ ਹੈ।
ਕੇਸ ਦਰਜ ਕਰਨ ਮਗਰੋਂ ਪੁਲਿਸ ਨੇ ਅੰਮ੍ਰਿਤਸਰ ਦੀ ਏਆਈਜੀ ਕਰਾਈਮ ਰਿਚਾ ਅਗਨੀਹੋਤਰੀ ਦੀ ਅਗਵਾਈ ਵਿੱਚ ਇਸ ਤਿੰਨ ਮੈਂਬਰੀ ਐੱਸਆਈਟੀ ਦਾ ਗਠਨ ਕੀਤਾ ਹੈ।
ਮੌਜੂਦਾ ਸਮੇਂ ਇਹ ਐੱਸਆਈਟੀ ਮਾਮਲੇ ਦੀ ਜਾਂਚ ਕਰ ਰਹੀ ਹੈ।

ਘਟਨਾ ਸਾਹਮਣੇ ਕਿਵੇਂ ਆਈ
ਐੱਫਆਈਆਰ ਮੁਤਾਬਕ, ਆਈਬੀ ਨੇ ਪੰਜਾਬ ਪੁਲਿਸ ਨਾਲ ਗੁਪਤ ਸੂਚਨਾ ਸਾਂਝੀ ਕੀਤੀ। ਮਗਰੋਂ ਪੰਜਾਬ ਬਿਉਰੋ ਆਫ ਇੰਨਵੈਸਟੀਗੇਸ਼ਨ ਨੇ ਪੰਜਾਬ ਸਟੇਟ ਕ੍ਰਾਇਮ ਯੂਨਿਟ ਨੂੰ ਸੂਚਨਾ ਸਾਂਝੀ ਕਰਦਿਆਂ ਕਥਿਤ ਮਨੁੱਖੀ ਤਸਕਰੀ ਗਿਰੋਹ ਦਾ ਪਰਦਾਫਾਸ਼ ਕਰਨ ਵਾਸਤੇ ਕਾਨੂੰਨੀ ਕਾਰਵਾਈ ਲਈ ਲਿਖਿਆ ਸੀ।
ਇਸ ਮਗਰੋਂ ਪੰਜਾਬ ਸਟੇਟ ਅਪਰਾਧ ਪੁਲਿਸ ਸਟੇਸ਼ਨ ਵਿੱਚ ਕੇਸ ਦਰਜ ਹੋਇਆ।
ਐੱਸਐੱਚਓ ਰੇਨੂੰ ਸਾਹੂ ਨੇ ਦੱਸਿਆ, "ਅਸੀਂ ਗੁਪਤ ਜਾਣਕਾਰੀ ਦੇ ਅਧਾਰ 'ਤੇ ਪਰਚਾ ਦਰਜ ਕੀਤਾ ਹੈ। ਗੁਪਤ ਜਾਣਕਾਰੀ ਮਿਲੀ ਸੀ ਕਿ ਪੰਜਾਬ ਤੋਂ 14 ਵਿਅਕਤੀ ਬਿਨਾਂ ਵੈਧ ਵੀਜ਼ੇ ਤੋਂ ਯੂਕੇ ਪਹੁੰਚੇ ਹਨ ਅਤੇ ਉੱਥੇ ਉਨ੍ਹਾਂ ਨੇ ਸ਼ਰਨ ਮੰਗੀ ਹੈ।"
"ਜਦੋਂ ਸਾਰਿਆਂ ਵੱਲੋਂ ਇੱਕੋ ਸਮੇਂ 'ਤੇ ਸ਼ਰਨ ਦੀ ਮੰਗ ਕੀਤੀ ਗਈ, ਜਿਸ ਤੋਂ ਸ਼ੱਕ ਪੈਦਾ ਹੋਇਆ। ਇਸ ਗੁਪਤ ਸੂਚਨਾ ਦੇ ਆਧਾਰ 'ਤੇ ਕੇਸ ਦਰਜ ਕੀਤਾ ਗਿਆ ਹੈ।"

ਤਸਵੀਰ ਸਰੋਤ, Getty Images
ਪੜਤਾਲ ਕਿੱਥੇ ਪਹੁੰਚੀ
ਐੱਸਐੱਚਓ ਇੰਸਪੈਕਟਰ ਰੇਨੂੰ ਸਾਹੂ ਨੇ ਕਿਹਾ, "ਹੁਣ ਤਿੰਨ ਮੈਂਬਰੀ ਐੱਸਆਈਟੀ ਇਸ ਮਾਮਲੇ ਦੀ ਜਾਂਚ ਕਰ ਰਹੀ ਹੈ। ਇਸ ਐੱਸਆਈਟੀ ਵਿੱਚ ਦੋ ਇੰਸਪੈਕਟਰ ਪੱਧਰ ਅਤੇ ਇੱਕ ਏਆਈਜੀ ਪੱਧਰ ਦੇ ਅਧਿਕਾਰੀ ਜਾਂਚ ਕਰ ਰਹੇ ਹਨ।"
ਏਆਈਜੀ (ਅਪਰਾਧ), ਅੰਮ੍ਰਿਤਸਰ ਰਿਚਾ ਅਗਨੀਹੋਤਰੀ ਨੇ ਕਿਹਾ, "ਜਾਂਚ ਅਜੇ ਸ਼ੁਰੂਆਤੀ ਪੜਾਅ ਵਿੱਚ ਹੈ। ਸਾਨੂੰ ਗੁਪਤ ਜਾਣਕਾਰੀ ਮਿਲੀ ਸੀ। ਉਸ ਅਧਾਰ 'ਤੇ ਐੱਫਆਈਆਰ ਦਰਜ ਕੀਤੀ ਗਈ। ਹੁਣ, ਅਸੀਂ ਸਾਰੇ ਤੱਥਾਂ ਦੀ ਪੁਸ਼ਟੀ ਕਰ ਰਹੇ ਹਾਂ।"
ਬੀਬੀਸੀ ਲਈ ਕਲੈਕਟਿਵ ਨਿਊਜ਼ਰੂਮ ਵੱਲੋਂ ਪ੍ਰਕਾਸ਼ਿਤ
































