ਭਾਰਤ ਦੀ 'ਤਮਾਸ਼ਾ ਕੁਈਨ', ਜਿਨ੍ਹਾਂ ਨੂੰ ਜਣੇਪੇ ਦੀਆਂ ਪੀੜਾਂ ਤੋਂ ਲੈ ਕੇ ਰਾਜ ਕਪੂਰ ਦੇ ਫ਼ਿਲਮੀ ਆਫ਼ਰ ਤੱਕ ਕੋਈ ਚੀਜ਼ ਰੰਗਮੰਚ ਤੋਂ ਦੂਰ ਨਹੀਂ ਕਰ ਸਕੀ

ਤਸਵੀਰ ਸਰੋਤ, Prodip Guha/Getty Images
- ਲੇਖਕ, ਅਮ੍ਰਿਤਾ ਕਦਮ
- ਰੋਲ, ਬੀਬੀਸੀ ਮਰਾਠੀ
- ਲੇਖਕ, ਜ਼ੋਇਆ ਮਤੀਨ
- ਰੋਲ, ਬੀਬੀਸੀ ਨਿਊਜ਼, ਦਿੱਲੀ
- ਪ੍ਰਕਾਸ਼ਿਤ
- ਪੜ੍ਹਨ ਦਾ ਸਮਾਂ: 8 ਮਿੰਟ
ਮਹਾਰਾਸ਼ਟਰ ਦੇ ਲੋਕ ਰੰਗਮੰਚ ਦੀਆਂ ਸਭ ਤੋਂ ਮਹਾਨ ਕਲਾਕਾਰਾਂ ਵਿੱਚੋਂ ਇੱਕ, ਵਿਠਾਬਾਈ ਨਾਰਾਇਣਗਾਂਵਕਰ ਨੂੰ ਮੰਚ ਤੋਂ ਦੂਰ ਰੱਖਣ ਵਾਲੀਆਂ ਬਹੁਤ ਘੱਟ ਚੀਜ਼ਾਂ ਸਨ। ਇੱਥੋਂ ਤੱਕ ਕਿ ਉਨ੍ਹਾਂ ਦੇ ਬੱਚੇ ਦਾ ਜਨਮ ਵੀ ਉਨ੍ਹਾਂ ਨੂੰ ਮੰਚ ਤੋਂ ਦੂਰ ਨਹੀਂ ਰੱਖ ਸਕਿਆ।
1960 ਦੇ ਦਹਾਕੇ ਵਿੱਚ, ਗਾਇਕਾ, ਨਰਤਕੀ ਅਤੇ ਤਮਾਸ਼ਾ ਮੰਡਲੀ ਦੇ ਮੁਖੀ ਵਿਠਾਬਾਈ ਮਹਾਰਾਸ਼ਟਰ ਦੇ ਇੱਕ ਪਿੰਡ ਸ਼ਿਖਰ ਸ਼ਿੰਗਣਾਪੁਰ ਵਿੱਚ ਪੇਸ਼ਕਾਰੀ ਕਰ ਰਹੇ ਸਨ, ਜਦੋਂ ਉਨ੍ਹਾਂ ਨੂੰ ਜਣੇਪੇ ਦੀਆਂ ਪੀੜਾਂ ਸ਼ੁਰੂ ਹੋ ਗਈਆਂ।
ਉਨ੍ਹਾਂ ਦੇ ਧੀ ਅਤੇ ਸੀਨੀਅਰ ਲੋਕ ਕਲਾਕਾਰ ਮੰਗਲਾ ਬਨਸੋਡੇ ਨੇ ਬੀਬੀਸੀ ਮਰਾਠੀ ਨੂੰ ਦੱਸਿਆ, "ਉਹ ਚੁੱਪਚਾਪ ਮੰਚ ਦੇ ਪਿੱਛੇ ਬਣੇ ਇੱਕ ਅਸਥਾਈ ਤੰਬੂ ਵਿੱਚ ਚਲੇ ਗਏ, ਜਦਕਿ ਸਾਡੇ ਵਿੱਚੋਂ ਬਾਕੀ ਜਣਿਆਂ ਨੇ ਪੇਸ਼ਕਾਰੀ ਜਾਰੀ ਰੱਖੀ ਹੋਈ ਸੀ।"
ਬਾਹਰ ਬੇਚੈਨ ਦਰਸ਼ਕ ਲਗਾਤਾਰ ਚੀਕ ਰਹੇ ਸਨ, "ਵਿਠਾ ਕਿੱਥੇ ਹੈ?"
ਜਦੋਂ ਵਿਠਾਬਾਈ ਮੰਚ 'ਤੇ ਵਾਪਸ ਆਏ, ਤਾਂ ਉਨ੍ਹਾਂ ਦੀ ਗੋਦੀ ਵਿੱਚ ਉਨ੍ਹਾਂ ਦਾ ਨਵਜੰਮਿਆ ਪੁੱਤਰ ਸੀ, ਜੋ ਉਨ੍ਹਾਂ ਦੇ ਅੱਠ ਬੱਚਿਆਂ ਵਿੱਚੋਂ ਸੱਤਵਾਂ ਸੀ।

ਤਸਵੀਰ ਸਰੋਤ, Pradnya Daya Pawar
ਬਨਸੋਡੇ ਨੇ ਯਾਦ ਕਰਦਿਆਂ ਦੱਸਿਆ, "ਦਰਸ਼ਕ ਹੈਰਾਨ ਰਹਿ ਗਏ, ਪਰ ਉਹ ਚੁੱਪਚਾਪ ਇਹ ਕਹਿੰਦੇ ਹੋਏ ਚਲੇ ਗਏ ਕਿ 'ਅਸੀਂ ਤੁਹਾਡਾ ਪ੍ਰੋਗਰਾਮ ਬਾਅਦ ਵਿੱਚ ਦੇਖਾਂਗੇ'।"
ਬੇਬਾਕ ਅਤੇ ਹਾਜ਼ਰਜਵਾਬ ਵਿਠਾਬਾਈ ਨੇ ਦਹਾਕਿਆਂ ਤੱਕ ਪੂਰੇ ਮਹਾਰਾਸ਼ਟਰ ਦੇ ਦਰਸ਼ਕਾਂ ਨੂੰ ਮੰਤਰ-ਮੁਗਧ ਰੱਖਿਆ।
ਇਸੇ ਕਰਕੇ ਉਨ੍ਹਾਂ ਨੂੰ 'ਤਮਾਸ਼ਾ ਸਮਰਾਗੀ' ਦਾ ਖ਼ਿਤਾਬ ਮਿਲਿਆ, ਜਿਸ ਦਾ ਅਰਥ ਹੈ ਤਮਾਸ਼ੇ ਦੀ ਮਹਾਰਾਣੀ।
ਤਮਾਸ਼ਾ ਮਹਾਰਾਸ਼ਟਰ ਦਾ ਰਵਾਇਤੀ ਘੁੰਮੰਤਰੂ ਲੋਕ ਰੰਗਮੰਚ ਹੈ।
ਹੁਣ, ਉਨ੍ਹਾਂ ਦੀ ਮੌਤ ਦੇ ਦੋ ਦਹਾਕਿਆਂ ਤੋਂ ਵੀ ਵੱਧ ਸਮੇਂ ਬਾਅਦ, ਉਨ੍ਹਾਂ ਦੇ ਜੀਵਨ ਤੋਂ ਪ੍ਰੇਰਿਤ ਹੋ ਕੇ ਇੱਕ ਬਾਲੀਵੁੱਡ ਮਿਊਜ਼ਿਕਲ ਫ਼ਿਲਮ 'ਈਥਾ' ਬਣਾਈ ਗਈ ਹੈ, ਜਿਸ ਵਿੱਚ ਸ਼ਰਧਾ ਕਪੂਰ ਮੁੱਖ ਭੂਮਿਕਾ ਵਿੱਚ ਹਨ।
ਇਹ ਫ਼ਿਲਮ 4 ਦਸੰਬਰ ਨੂੰ ਰਿਲੀਜ਼ ਹੋਣ ਵਾਲੀ ਹੈ।
ਲਕਸ਼ਮਣ ਉਤੇਕਰ ਦੇ ਨਿਰਦੇਸ਼ਨ ਹੇਠ ਬਣੀ 'ਈਥਾ', ਯੋਗੀਰਾਜ ਬਾਗੁਲ ਦੀ ਮਰਾਠੀ ਕਿਤਾਬ 'ਤੇ ਆਧਾਰਿਤ ਹੈ, ਜਿਸ ਵਿੱਚ ਵਿਠਾਬਾਈ ਦੇ ਜੀਵਨ ਬਾਰੇ ਦੱਸਿਆ ਗਿਆ ਹੈ।
ਭਗਤੀ ਕਵਿਤਾ ਵਿੱਚ ਮੌਜੂਦ 'ਤਮਾਸ਼ਾ' ਸਮੇਂ ਦੇ ਨਾਲ ਸੰਗੀਤ, ਨਾਚ, ਹਾਸੇ ਅਤੇ ਨਾਟਕ ਦੇ ਇੱਕ ਜੀਵੰਤ ਮਿਸ਼ਰਣ ਵਜੋਂ ਵਿਕਸਤ ਹੋਇਆ।
ਇਸ ਦਾ ਕੇਂਦਰ ਲਾਵਣੀ ਹੈ, ਜੋ ਗੀਤ ਅਤੇ ਨਾਚ ਦੀ ਇੱਕ ਪਰੰਪਰਾ ਹੈ। ਇਸ ਵਿੱਚ ਅਸ਼ਲੀਲਤਾ ਤੋਂ ਲੈ ਕੇ ਸਿਆਸੀ ਤੌਰ 'ਤੇ ਤਿੱਖੀਆਂ ਟਿੱਪਣੀਆਂ ਤੱਕ ਵਾਲੇ ਛੰਦ ਢੋਲਕੀ ਨਾਮਕ ਤਾਲ ਸਾਜ਼ ਦੀ ਥਾਪ 'ਤੇ ਪੇਸ਼ ਕੀਤੇ ਜਾਂਦੇ ਹਨ।
'ਈਥਾ' ਫ਼ਿਲਮ ਤਮਾਸ਼ੇ ਦੇ ਸੁਨਹਿਰੀ ਦੌਰ ਦੀ ਦੁਨੀਆ ਨੂੰ ਜੀਵੰਤ ਕਰਦੀ ਹੈ। ਸ਼ਰਧਾ ਕਪੂਰ ਨੇ ਇਸ ਤੋਂ ਪਹਿਲਾਂ ਕਦੇ ਲਾਵਣੀ ਨਹੀਂ ਕੀਤੀ ਸੀ। ਉਨ੍ਹਾਂ ਨੇ ਨਾਚ ਸਿੱਖਣ ਦੌਰਾਨ ਦੋਵੇਂ ਪੈਰਾਂ 'ਚ ਚਾਰ-ਚਾਰ ਕਿੱਲੋਗ੍ਰਾਮ ਭਾਰ ਦੇ ਘੁੰਘਰੂ ਪਹਿਨੇ।
ਸ਼ਰਧਾ ਕਪੂਰ ਨੇ ਇੱਕ ਪ੍ਰਚਾਰ ਸਮਾਗਮ (ਪ੍ਰਮੋਸ਼ਨਲ ਈਵੈਂਟ) ਵਿੱਚ ਯਾਦ ਕਰਦਿਆਂ ਕਿਹਾ, "ਤਮਾਸ਼ਾ ਕਲਾਕਾਰਾਂ ਦੀ ਜ਼ਿੰਦਗੀ ਬਹੁਤ ਮੁਸ਼ਕਿਲ ਰਹੀ ਹੈ, ਇਸ ਲਈ ਉਨ੍ਹਾਂ ਦੇ ਨਾਚ ਵਿੱਚ ਤੁਹਾਨੂੰ ਦਰਦ ਦੇ ਨਾਲ-ਨਾਲ ਖ਼ੁਸ਼ੀ ਵੀ ਦਿਖਾਈ ਦਿੰਦੀ ਹੈ।"
ਕਲਾਕਾਰਾਂ ਨੂੰ ਵਿਤਕਰੇ ਦਾ ਸਾਹਮਣਾ ਕਰਨਾ ਪੈਂਦਾ ਸੀ

ਤਸਵੀਰ ਸਰੋਤ, ANI
ਵਿਠਾਬਾਈ ਸਮੇਤ ਤਮਾਸ਼ੇ ਦੇ ਕਈ ਕਲਾਕਾਰ ਹਾਸ਼ੀਏ 'ਤੇ ਪਈਆਂ ਜਾਤਾਂ ਤੋਂ ਆਉਂਦੇ ਸਨ। ਉਨ੍ਹਾਂ ਦੀ ਕਲਾ ਵੱਡੀ ਗਿਣਤੀ ਵਿੱਚ ਦਰਸ਼ਕਾਂ ਨੂੰ ਖਿੱਚਦੀ ਸੀ, ਪਰ ਇਸ ਦੇ ਬਾਵਜੂਦ ਉਨ੍ਹਾਂ ਨੂੰ ਵਿਤਕਰੇ ਦਾ ਸਾਹਮਣਾ ਕਰਨਾ ਪੈਂਦਾ ਸੀ।
'ਈਥਾ' ਇਸ ਇਤਿਹਾਸ ਦੇ ਕਿੰਨੇ ਹਿੱਸੇ ਨੂੰ ਪਰਦੇ 'ਤੇ ਉਤਾਰ ਸਕੇਗੀ, ਇਸ ਬਾਰੇ ਬਹਿਸ ਜਾਰੀ ਹੈ।
ਉਤੇਕਰ ਦਾ ਕਹਿਣਾ ਹੈ ਕਿ ਇਹ ਕੋਈ ਬਾਇਓਪਿਕ ਨਹੀਂ ਹੈ, ਪਰ ਮੁੱਖ ਕਿਰਦਾਰ ਦਾ ਨਾਮ ਵਿਠਾਬਾਈ ਭਾਉ ਮਾਂਗ ਨਾਰਾਇਣਗਾਂਵਕਰ ਦੀ ਬਜਾਏ ਵਿਠਾਬਾਈ ਭਾਉ ਗਾਵਕਰ ਰੱਖਣ ਦੇ ਉਨ੍ਹਾਂ ਦੇ ਫ਼ੈਸਲੇ ਦੀ ਆਲੋਚਨਾ ਹੋਈ ਹੈ।
ਆਲੋਚਕਾਂ ਦੇ ਮੁਤਾਬਕ, ਵਿਠਾਬਾਈ ਦੇ ਇਤਿਹਾਸ ਦਾ ਇੱਕ ਵੱਡਾ ਹਿੱਸਾ ਉਨ੍ਹਾਂ ਦੇ ਨਾਮ ਵਿੱਚ ਹੀ ਸਮਾਇਆ ਹੋਇਆ ਸੀ। 'ਮਾਂਗ' ਸ਼ਬਦ ਉਨ੍ਹਾਂ ਨੂੰ ਇਤਿਹਾਸਕ ਤੌਰ 'ਤੇ ਦੱਬੇ-ਕੁਚਲੇ ਦਲਿਤ ਭਾਈਚਾਰੇ ਨਾਲ ਜੋੜਦਾ ਸੀ, ਜਦਕਿ 'ਨਾਰਾਇਣਗਾਂਵਕਰ' ਉਨ੍ਹਾਂ ਦੇ ਪਰਿਵਾਰ ਦੀ ਨਾਰਾਇਣਗਾਂਵ ਨਾਲ ਜੁੜੀਆਂ ਜੜ੍ਹਾਂ ਨੂੰ ਦਰਸਾਉਂਦਾ ਸੀ।
ਇਹ ਦੋਵੇਂ ਹੀ ਨਾਮ ਉਸ ਤਮਾਸ਼ਾ ਮੰਡਲੀ ਦੇ ਨਾਮ ਵਿੱਚ ਸ਼ਾਮਿਲ ਸਨ, ਜੋ ਉਨ੍ਹਾਂ ਨੂੰ ਆਪਣੇ ਪਿਤਾ ਤੋਂ ਵਿਰਾਸਤ ਵਿੱਚ ਮਿਲੀ ਸੀ - ਭਾਉ-ਬਾਪੂ ਮਾਂਗ ਨਾਰਾਇਣਗਾਂਵਕਰ ਤਮਾਸ਼ਾ ਮੰਡਲ।
ਵਿਠਾਬਾਈ, ਜਾਤ ਅਤੇ ਤਮਾਸ਼ਾ ਕਲਾਕਾਰਾਂ ਨੂੰ ਝੱਲਣੀ ਪੈਣ ਵਾਲੀ ਬੇਇੱਜ਼ਤੀ ਬਾਰੇ ਖੁੱਲ੍ਹ ਕੇ ਬੋਲਦੇ ਸਨ। ਇਹ ਵਿਸ਼ੇ ਉਨ੍ਹਾਂ ਦੇ ਗੀਤਾਂ ਵਿੱਚ ਵੀ ਸਾਹਮਣੇ ਆਉਂਦੇ ਸਨ।

ਤਸਵੀਰ ਸਰੋਤ, Getty Images
ਇਤਿਹਾਸਕਾਰ ਸ਼ੈਲਜਾ ਪਾਈਕ ਵੱਲੋਂ ਦਰਜ 1960 ਦੇ ਦਹਾਕੇ ਦੀ ਇੱਕ ਲਾਵਣੀ ਵਿੱਚ ਉਨ੍ਹਾਂ ਨੇ ਮਰਦਾਂ ਨੂੰ ਅਸ਼ਲੀਲ ਇਸ਼ਾਰੇ ਕਰਨ ਲਈ ਝਾੜ ਪਾਈ ਸੀ।
ਉਨ੍ਹਾਂ ਨੇ ਉਨ੍ਹਾਂ ਨੂੰ ਯਾਦ ਦਿਵਾਇਆ ਸੀ ਕਿ ਉਹ ਆਪਣੀ ਰੋਜ਼ੀ-ਰੋਟੀ ਕਮਾਉਣ ਲਈ ਨਾਚ ਕਰਦੇ ਹਨ, ਉਨ੍ਹਾਂ ਨੂੰ ਖ਼ੁਸ਼ ਕਰਨ ਲਈ ਨਹੀਂ।
ਇਹ ਉਹ ਰੋਜ਼ੀ-ਰੋਟੀ ਸੀ, ਜੋ ਉਨ੍ਹਾਂ ਨੂੰ ਆਪਣੇ ਪਰਿਵਾਰ ਵਿੱਚ ਪੀੜ੍ਹੀਆਂ ਤੋਂ ਚੱਲੀ ਆ ਰਹੀ ਕਲਾਕਾਰਾਂ ਦੀ ਪਰੰਪਰਾ ਤੋਂ ਵਿਰਾਸਤ ਵਿੱਚ ਮਿਲੀ ਸੀ।
ਆਪਣੇ ਪੁੱਤਰ ਵਾਂਗ ਵਿਠਾਬਾਈ ਦਾ ਜਨਮ ਵੀ 1935 ਵਿੱਚ ਇੱਕ ਤਮਾਸ਼ਾ ਪੇਸ਼ਕਾਰੀ ਦੌਰਾਨ ਹੋਇਆ ਸੀ।
ਉਨ੍ਹਾਂ ਦੇ ਮਾਂ ਸ਼ਾਂਤਾ ਨੇ ਗਰਭ ਅਵਸਥਾ ਦੌਰਾਨ ਵੀ ਆਪਣੇ ਪਤੀ ਭਾਉ ਦੀ ਮੰਡਲੀ ਨਾਲ ਯਾਤਰਾ ਕਰਨਾ ਜਾਰੀ ਰੱਖਿਆ ਸੀ।
ਵਿਠਾਬਾਈ ਅੱਠ ਸਾਲ ਦੀ ਉਮਰ ਵਿੱਚ ਇੱਕ ਨਾਟਕ ਮੰਡਲੀ ਨਾਲ ਜੁੜ ਗਏ ਅਤੇ 13 ਸਾਲ ਦੀ ਉਮਰ ਵਿੱਚ ਆਪਣੇ ਪਿਤਾ ਦੀ ਮੰਡਲੀ ਵਿੱਚ ਸ਼ਾਮਿਲ ਹੋ ਗਏ।
ਜਲਦੀ ਹੀ ਉਹ ਮੰਡਲੀ ਦੇ ਮੁੱਖ ਕਲਾਕਾਰ ਬਣ ਗਏ। ਉਨ੍ਹਾਂ ਦੇ ਪਿਤਾ ਅਤੇ ਸਹਿ-ਮੁਖੀ ਬਾਪੂ ਦੀ ਅੱਗੇ ਪਿੱਛੇ ਹੀ ਜਲਦੀ-ਜਲਦੀ ਮੌਤ ਹੋ ਜਾਣ ਤੋਂ ਬਾਅਦ ਉਨ੍ਹਾਂ ਨੇ ਆਪਣੇ ਪਤੀ ਅਤੇ ਚਚੇਰੇ ਭਰਾ ਨਾਲ ਮੰਡਲੀ ਦੀ ਜ਼ਿੰਮੇਵਾਰੀ ਸੰਭਾਲ ਲਈ।
ਲੋਕ ਕਲਾ ਦੇ ਵਿਦਵਾਨ ਸੁਖਦਾ ਖਾਂਡਗੇ ਦੇ ਮੁਤਾਬਕ, ਉਨ੍ਹਾਂ ਦਾ ਕਰੀਅਰ ਤਮਾਸ਼ੇ ਦੇ ਸੁਨਹਿਰੀ ਦੌਰ ਵਿੱਚ ਖਿੜਿਆ। ਉਸ ਸਮੇਂ ਪੇਸ਼ਕਾਰੀਆਂ ਹੋਰ ਸ਼ਾਨਦਾਰ ਅਤੇ ਵਿਸਤ੍ਰਿਤ ਹੋਣ ਲੱਗੀਆਂ ਸਨ ਅਤੇ ਉਨ੍ਹਾਂ ਵਿੱਚ ਪੌਰਾਣਿਕ ਕਥਾਵਾਂ, ਇਤਿਹਾਸ ਅਤੇ ਸਮਕਾਲੀ ਜੀਵਨ ਨੂੰ ਸ਼ਾਮਿਲ ਕੀਤਾ ਜਾਣ ਲੱਗਾ ਸੀ।
ਖਾਂਡਗੇ ਨੇ ਬਚਪਨ ਵਿੱਚ ਵਿਠਾਬਾਈ ਨੂੰ ਮੰਚ 'ਤੇ ਪੇਸ਼ਕਾਰੀ ਕਰਦਿਆਂ ਦੇਖਿਆ ਸੀ।
ਉਨ੍ਹਾਂ ਨੂੰ ਵਿਠਾਬਾਈ ਦੀਆਂ ਚਮਕਦੀਆਂ ਅੱਖਾਂ ਅਤੇ ਪ੍ਰਭਾਵਸ਼ਾਲੀ ਸ਼ਖ਼ਸੀਅਤ ਅੱਜ ਵੀ ਯਾਦ ਹੈ। ਉਹ ਆਪਣੇ ਪੈਰਾਂ ਵਾਂਗ ਹੀ ਚਿਹਰੇ ਦੇ ਹਾਵ-ਭਾਵਾਂ ਵੀ ਓਨੇ ਹੀ ਪ੍ਰਭਾਵਸ਼ਾਲੀ ਢੰਗ ਨਾਲ ਪ੍ਰਗਟਾਉਂਦੇ ਸਨ।
ਕਈ ਵਾਰ ਪੇਸ਼ਕਸ਼ ਮਿਲਣ ਦੇ ਬਾਵਜੂਦ ਵੀ ਨਹੀਂ ਛੱਡਿਆ ਰੰਗਮੰਚ

ਤਸਵੀਰ ਸਰੋਤ, Pradnya Daya Pawar
ਵਿਠਾਬਾਈ ਦੀ ਪ੍ਰਸਿੱਧੀ ਮਹਾਰਾਸ਼ਟਰ ਦੀਆਂ ਹੱਦਾਂ ਤੋਂ ਵੀ ਅੱਗੇ ਪਹੁੰਚ ਗਈ ਸੀ।
ਬਨਸੋਡੇ ਦੇ ਮੁਤਾਬਕ, 1962 ਵਿੱਚ ਚੀਨ ਨਾਲ ਭਾਰਤ ਦੀ ਜੰਗ ਦੌਰਾਨ ਵਿਠਾਬਾਈ ਨੇ ਨੌਰਥ-ਈਸਟ ਫਰੰਟੀਅਰ ਏਜੰਸੀ ਵਿੱਚ ਫੌਜੀਆਂ ਲਈ ਪੇਸ਼ਕਾਰੀ ਕੀਤੀ ਸੀ।
ਇਹ ਇਲਾਕਾ ਹੁਣ ਜ਼ਿਆਦਾਤਰ ਅਰੁਣਾਚਲ ਪ੍ਰਦੇਸ਼ ਦਾ ਹਿੱਸਾ ਹੈ। ਉਨ੍ਹਾਂ ਨੇ ਬੱਚੇ ਨੂੰ ਜਨਮ ਦੇਣ ਤੋਂ ਮਹਿਜ਼ ਤਿੰਨ ਮਹੀਨੇ ਬਾਅਦ ਕੜਾਕੇ ਦੀ ਠੰਢ ਵਿੱਚ ਵੀ ਪੇਸ਼ਕਾਰੀ ਕੀਤੀ ਸੀ।
ਸਾਲ 1996 ਵਿੱਚ ਇੱਕ ਕਾਨਫਰੰਸ ਵਿੱਚ ਉਨ੍ਹਾਂ ਨੇ ਸਰਹੱਦੀ ਇਲਾਕੇ ਵਿੱਚ ਇਤਿਹਾਸਕ ਤੌਰ 'ਤੇ ਦੱਬੇ-ਕੁਚਲੇ ਮਹਾਰ ਅਤੇ ਮਾਂਗ ਭਾਈਚਾਰਿਆਂ ਦੇ ਫੌਜੀਆਂ ਨਾਲ ਮੁਲਾਕਾਤ ਨੂੰ ਯਾਦ ਕੀਤਾ ਸੀ।
ਉਨ੍ਹਾਂ ਕਿਹਾ ਸੀ, "ਸਾਡੇ ਮਹਾਰ-ਮਾਂਗ ਫੌਜੀਆਂ ਤੋਂ ਦੇਸ਼ ਦੀ ਰੱਖਿਆ ਲਈ ਲੜਨ ਅਤੇ ਆਪਣੀ ਜਾਨ ਕੁਰਬਾਨ ਕਰਨ ਦੀ ਉਮੀਦ ਕੀਤੀ ਜਾਂਦੀ ਸੀ, ਪਰ ਇਹੀ ਲੋਕ ਸਾਡੇ ਲਾੜੇ ਨੂੰ ਪਿੰਡ ਦੇ ਪ੍ਰਵੇਸ਼ ਦੁਆਰ ਤੋਂ ਲੰਘਣ ਤੱਕ ਦੀ ਇਜਾਜ਼ਤ ਨਹੀਂ ਦਿੰਦੇ ਸਨ।"
ਰਾਜ ਕਪੂਰ ਸਮੇਤ ਕਈ ਵੱਡੇ ਫ਼ਿਲਮ ਨਿਰਮਾਤਾਵਾਂ ਦੀਆਂ ਪੇਸ਼ਕਸ਼ਾਂ ਅਤੇ ਮਰਾਠੀ ਸਿਨੇਮਾ ਵਿੱਚ ਭੂਮਿਕਾਵਾਂ ਮਿਲਣ ਦੇ ਬਾਵਜੂਦ ਵਿਠਾਬਾਈ ਨੇ ਰੰਗਮੰਚ ਛੱਡਣ ਤੋਂ ਇਨਕਾਰ ਕਰ ਦਿੱਤਾ।
ਬਨਸੋਡੇ ਮੁਤਾਬਕ, ਵਿਠਾਬਾਈ ਦਾ ਮੰਨਣਾ ਸੀ ਕਿ ਫ਼ਿਲਮਾਂ ਤੋਂ ਮਿਲਣ ਵਾਲੀ ਪ੍ਰਸਿੱਧੀ ਦਾ ਲਾਭ ਸਿਰਫ਼ ਉਨ੍ਹਾਂ ਨੂੰ ਮਿਲੇਗਾ, ਜਦਕਿ ਉਨ੍ਹਾਂ ਦੀ ਤਮਾਸ਼ਾ ਮੰਡਲੀ ਲਗਭਗ 50 ਪਰਿਵਾਰਾਂ ਦਾ ਸਹਾਰਾ ਸੀ।

ਦਰਸ਼ਕਾਂ ਨਾਲ ਉਨ੍ਹਾਂ ਦੇ ਰਿਸ਼ਤੇ ਵਿੱਚ ਇੱਕ ਕੋਮਲਤਾ ਵੀ ਸੀ।
ਯੋਗੀਰਾਜ ਬਾਗੁਲ ਨੇ ਵਿਠਾਬਾਈ ਦੇ ਜੀਵਨ 'ਤੇ ਲਿਖੀ ਆਪਣੀ ਕਿਤਾਬ ਵਿੱਚ, ਜਿਸ ਨੇ 'ਈਥਾ' ਨੂੰ ਪ੍ਰੇਰਿਤ ਕੀਤਾ, 1971 ਵਿੱਚ ਦੀਵਾਲੀ ਦੌਰਾਨ ਮੁੰਬਈ ਵਿੱਚ ਹੋਏ ਇੱਕ ਪ੍ਰੋਗਰਾਮ ਦਾ ਜ਼ਿਕਰ ਕੀਤਾ ਹੈ।
ਮੀਂਹ ਪੈਣ ਦੀ ਸੰਭਾਵਨਾ ਦੇ ਬਾਵਜੂਦ ਦਰਸ਼ਕ ਟਿਕਟਾਂ ਖ਼ਰੀਦਣ 'ਤੇ ਅੜੇ ਰਹੇ। ਉਨ੍ਹਾਂ ਨੇ ਕਿਹਾ ਕਿ ਜੇਕਰ ਪ੍ਰੋਗਰਾਮ ਰੱਦ ਹੋ ਗਿਆ, ਤਾਂ ਟਿਕਟਾਂ ਦੇ ਪੈਸੇ ਵਿਠਾਬਾਈ ਲਈ ਉਨ੍ਹਾਂ ਦੀ ਭਾਉਬੀਜ ਦੀ ਭੇਟ ਹੋਣਗੇ। ਭਾਉਬੀਜ ਭੈਣ-ਭਰਾ ਦੇ ਰਿਸ਼ਤੇ ਨੂੰ ਸਮਰਪਿਤ ਇੱਕ ਤਿਉਹਾਰ ਹੈ।
ਜਦੋਂ ਮੀਂਹ ਸ਼ੁਰੂ ਹੋਇਆ, ਤਾਂ ਲੋਕ "ਭਾਉਬੀਜ, ਭਾਉਬੀਜ" ਦੇ ਨਾਅਰੇ ਲਗਾਉਂਦੇ ਹੋਏ ਉੱਥੋਂ ਚਲੇ ਗਏ।
ਕਿਸੇ ਨੇ ਵੀ ਆਪਣੇ ਪੈਸੇ ਵਾਪਸ ਨਹੀਂ ਮੰਗੇ।
ਪਰ ਵਿਠਾਬਾਈ ਦੀ ਆਰਥਿਕ ਹਾਲਤ ਉਨ੍ਹਾਂ ਦੀ ਪ੍ਰਸਿੱਧੀ ਦੇ ਅਨੁਸਾਰ ਨਹੀਂ ਰਹੀ।
ਪਰਿਵਾਰਕ ਮੈਂਬਰਾਂ ਦੇ ਮੁਤਾਬਕ, ਉਨ੍ਹਾਂ ਦੇ ਪਤੀ ਮਾਰੂਤੀ ਸਾਵੰਤ ਨੇ ਮੰਡਲੀ ਦੇ ਵਿੱਤ ਦਾ ਸਹੀ ਪ੍ਰਬੰਧਨ ਨਹੀਂ ਕੀਤਾ ਅਤੇ ਵਿਠਾਬਾਈ ਦੇ ਨਾਮ 'ਤੇ ਕਰਜ਼ਾ ਲੈਂਦੇ ਰਹੇ।
1982 ਵਿੱਚ ਜਦੋਂ ਵਿਠਾਬਾਈ ਨੇ ਉਨ੍ਹਾਂ ਨੂੰ ਛੱਡ ਦਿੱਤਾ, ਉਦੋਂ ਤੱਕ ਉਹ ਭਾਰੀ ਕਰਜ਼ੇ ਵਿੱਚ ਡੁੱਬ ਚੁੱਕੇ ਸਨ।
ਬਾਗੁਲ ਨੇ ਇੱਕ ਮਰਾਠੀ ਰੋਜ਼ਾਨਾ ਅਖ਼ਬਾਰ ਵਿੱਚ 1986 ਵਿੱਚ ਪ੍ਰਕਾਸ਼ਿਤ ਇੱਕ ਲੇਖ ਦਾ ਵੀ ਜ਼ਿਕਰ ਕੀਤਾ ਹੈ, ਜਿਸ ਵਿੱਚ ਖ਼ੁਲਾਸਾ ਹੋਇਆ ਸੀ ਕਿ ਤਮਾਸ਼ੇ ਦੀ ਮਹਾਰਾਣੀ ਹੁਣ ਸਰਕਾਰੀ ਬੱਸਾਂ ਵਿੱਚ ਸਫ਼ਰ ਕਰ ਰਹੀ ਸੀ ਅਤੇ ਸਸਤੀਆਂ ਥਾਵਾਂ 'ਤੇ ਰਹਿ ਰਹੀ ਸੀ।
ਆਰਥਿਕ ਤੰਗੀ ਵਿੱਚ ਬੀਤਿਆ ਸਮਾਂ

ਤਸਵੀਰ ਸਰੋਤ, Getty Images
ਜਨਤਾ ਦੇ ਸਮਰਥਨ ਦੇ ਬਾਵਜੂਦ ਵਿਠਾਬਾਈ ਨੂੰ 1990 ਵਿੱਚ ਆਪਣੀ ਤਮਾਸ਼ਾ ਮੰਡਲੀ ਬੰਦ ਕਰਨ ਲਈ ਮਜਬੂਰ ਹੋਣਾ ਪਿਆ।
ਇਸੇ ਸਾਲ ਉਨ੍ਹਾਂ ਨੂੰ ਸੰਗੀਤ ਨਾਟਕ ਅਕਾਦਮੀ ਪੁਰਸਕਾਰ ਮਿਲਿਆ ਸੀ, ਜੋ ਭਾਰਤ ਵਿੱਚ ਪ੍ਰਦਰਸ਼ਨ ਕਲਾਵਾਂ ਦੇ ਖੇਤਰ ਦੇ ਸਭ ਤੋਂ ਵੱਡੇ ਸਨਮਾਨਾਂ ਵਿੱਚੋਂ ਇੱਕ ਹੈ।
ਵਿਠਾਬਾਈ ਨੇ ਤਮਾਸ਼ਾ ਕਲਾਕਾਰਾਂ ਲਈ ਸਰਕਾਰੀ ਪੈਨਸ਼ਨ ਦੀ ਸਫ਼ਲਤਾਪੂਰਵਕ ਮੰਗ ਚੁੱਕੀ ਸੀ। ਪਰ ਮਰਾਠੀ ਲੇਖਿਕਾ ਪ੍ਰਗਿਆ ਦਇਆ ਪਵਾਰ ਦੇ ਮੁਤਾਬਕ, ਅੱਜ ਵੀ ਕਈ ਅਜਿਹੀਆਂ ਮੁਸ਼ਕਿਲਾਂ ਮੌਜੂਦ ਹਨ, ਜਿਨ੍ਹਾਂ ਦਾ ਸਾਹਮਣਾ ਵਿਠਾਬਾਈ ਨੇ ਆਪਣੇ ਜੀਵਨ ਵਿੱਚ ਕੀਤਾ ਸੀ।
ਉਹ ਕਹਿੰਦੇ ਹਨ ਕਿ ਤਮਾਸ਼ਾ ਮੰਡਲੀਆਂ ਸਾਲ ਵਿੱਚ ਲਗਭਗ ਅੱਠ ਮਹੀਨੇ ਸਫ਼ਰ ਵਿੱਚ ਬਿਤਾਉਂਦੀਆਂ ਹਨ। ਇਸ ਦੌਰਾਨ ਕਲਾਕਾਰਾਂ ਨੂੰ ਆਪਣੇ ਬੱਚਿਆਂ ਦਾ ਢਿੱਡ ਭਰਨ ਅਤੇ ਉਨ੍ਹਾਂ ਨੂੰ ਸਿੱਖਿਆ ਦਿਵਾਉਣ ਲਈ ਸੰਘਰਸ਼ ਕਰਨਾ ਪੈਂਦਾ ਹੈ।
ਸਰਕਾਰੀ ਮਦਦ ਦੇ ਬਾਵਜੂਦ ਕਈ ਕਲਾਕਾਰ ਅੱਜ ਵੀ ਨਿੱਜੀ ਸ਼ਾਹੂਕਾਰਾਂ ਦੇ ਕਰਜ਼ੇ ਵਿੱਚ ਡੁੱਬੇ ਹੋਏ ਹਨ।
ਜਨਵਰੀ 2002 ਵਿੱਚ ਆਪਣੀ ਮੌਤ ਤੱਕ ਵਿਠਾਬਾਈ ਦੀਆਂ ਆਰਥਿਕ ਮੁਸ਼ਕਿਲਾਂ ਜਾਰੀ ਰਹੀਆਂ। ਟਾਈਮਜ਼ ਆਫ਼ ਇੰਡੀਆ ਦੀ ਰਿਪੋਰਟ ਦੇ ਮੁਤਾਬਕ, ਪੁਣੇ ਦੇ ਜਿਸ ਹਸਪਤਾਲ ਵਿੱਚ ਉਨ੍ਹਾਂ ਦੀ ਮੌਤ ਹੋਈ ਸੀ, ਉੱਥੇ ਉਨ੍ਹਾਂ ਦੇ ਪਰਿਵਾਰਕ ਮੈਂਬਰ 5,900 ਰੁਪਏ ਦੇ ਬਿੱਲ ਵਿੱਚੋਂ ਸਿਰਫ਼ 4,000 ਰੁਪਏ ਹੀ ਅਦਾ ਕਰ ਸਕੇ ਸਨ।
ਉਨ੍ਹਾਂ ਦੇ ਸਾਥੀ ਕਲਾਕਾਰਾਂ ਅਤੇ ਪ੍ਰਸ਼ੰਸਕਾਂ ਨੇ ਮਿਲ ਕੇ ਉਨ੍ਹਾਂ ਦੀ ਮ੍ਰਿਤਕ ਦੇਹ ਨਾਰਾਇਣਗਾਂਵ ਪਹੁੰਚਾਉਣ ਲਈ ਪੈਸੇ ਇਕੱਠੇ ਕੀਤੇ।
ਇਸ ਤੋਂ ਬਾਅਦ ਮਹਾਰਾਸ਼ਟਰ ਸਰਕਾਰ ਨੇ ਉਨ੍ਹਾਂ ਦੇ ਨਾਮ 'ਤੇ ਜੀਵਨ ਭਰ ਦੀਆਂ ਪ੍ਰਾਪਤੀਆਂ ਲਈ ਇੱਕ ਪੁਰਸਕਾਰ ਸ਼ੁਰੂ ਕੀਤਾ।

ਤਸਵੀਰ ਸਰੋਤ, ANI
ਫ਼ਿਲਮ 'ਈਥਾ' ਹੁਣ ਵਿਠਾਬਾਈ ਨੂੰ ਉਸ ਨਵੀਂ ਪੀੜ੍ਹੀ ਨਾਲ ਜਾਣੂ ਕਰਵਾ ਸਕਦੀ ਹੈ, ਜਿਸ ਨੇ ਉਨ੍ਹਾਂ ਨੂੰ ਕਦੇ ਮੰਚ 'ਤੇ ਪੇਸ਼ਕਾਰੀ ਕਰਦਿਆਂ ਨਹੀਂ ਦੇਖਿਆ। ਹਾਲਾਂਕਿ, ਉਨ੍ਹਾਂ ਦੇ ਨਾਮ ਵਿੱਚ ਕੀਤੀਆਂ ਤਬਦੀਲੀਆਂ ਨੇ ਕੁਝ ਲੋਕਾਂ ਨੂੰ ਅਸਹਿਜ ਕਰ ਦਿੱਤਾ ਹੈ।
ਮਰਾਠੀ ਲੇਖਿਕਾ ਪ੍ਰਗਿਆ ਦਇਆ ਪਵਾਰ ਦਾ ਤਰਕ ਹੈ ਕਿ ਵਿਠਾਬਾਈ ਦੀ ਜਾਤ ਦਾ ਜ਼ਿਕਰ ਹਟਾਉਣ ਨਾਲ ਉਨ੍ਹਾਂ ਮੁਸ਼ਕਿਲਾਂ 'ਤੇ ਪਰਦਾ ਪੈਣ ਦਾ ਖ਼ਤਰਾ ਹੈ, ਜਿਨ੍ਹਾਂ ਦਾ ਉਨ੍ਹਾਂ ਨੇ ਸਾਹਮਣਾ ਕੀਤਾ ਸੀ।
ਉਹ ਕਹਿੰਦੇ ਹਨ, "ਇਸ ਨਾਲ ਉਸ ਸਮਾਜਿਕ ਪਛਾਣ, ਸੰਘਰਸ਼ ਅਤੇ ਵਿਰੋਧ ਨੂੰ ਮਿਟਾ ਦਿੱਤਾ ਜਾਂਦਾ ਹੈ, ਜਿਸ ਨੇ ਉਨ੍ਹਾਂ ਦੀ ਅਸਾਧਾਰਣ ਯਾਤਰਾ ਨੂੰ ਆਕਾਰ ਦਿੱਤਾ ਸੀ। ਇਸ ਤਰ੍ਹਾਂ ਇੱਕ ਅਸਾਧਾਰਣ ਕਲਾਕਾਰ ਦੀ ਕਹਾਣੀ ਨੂੰ ਸਿਰਫ਼ ਨਿੱਜੀ ਪ੍ਰਾਪਤੀ ਤੱਕ ਸੀਮਤ ਕਰ ਦਿੱਤਾ ਜਾਂਦਾ ਹੈ।"
ਪਰ ਬਨਸੋਡੇ, ਜਿਨ੍ਹਾਂ ਨੇ ਕਈ ਸਾਲਾਂ ਤੱਕ ਆਪਣੀ ਮਾਂ ਨਾਲ ਮੰਚ 'ਤੇ ਪੇਸ਼ਕਾਰੀ ਕੀਤੀ, ਕਹਿੰਦੇ ਹਨ ਕਿ ਇਸ ਫ਼ਿਲਮ ਨੂੰ ਲੈ ਕੇ ਜਸ਼ਨ ਮਨਾਉਣ ਲਈ ਬਹੁਤ ਕੁਝ ਹੈ।
ਉਹ ਕਹਿੰਦੇ ਹਨ, "ਨਾਮ ਨਾਲ ਮੈਨੂੰ ਕੋਈ ਫ਼ਰਕ ਨਹੀਂ ਪੈਂਦਾ। ਮੈਨੂੰ ਸਿਰਫ਼ ਇਸ ਗੱਲ 'ਤੇ ਮਾਣ ਹੈ ਕਿ ਮੇਰੀ ਮਾਂ ਬਾਰੇ ਇੱਕ ਫ਼ਿਲਮ ਬਣਾਈ ਜਾ ਰਹੀ ਹੈ।"
ਬੀਬੀਸੀ ਲਈ ਕਲੈਕਟਿਵ ਨਿਊਜ਼ਰੂਮ ਵੱਲੋਂ ਪ੍ਰਕਾਸ਼ਿਤ































