ਡੀਲਿਮਿਟੇਸ਼ਨ ਬਿੱਲ: ਕਾਂਗਰਸ ਦੀ ਸਟਾਲਿਨ ਨੂੰ ਮਨਾਉਣ ਦੀ ਕੋਸ਼ਿਸ਼ ਨਾਕਾਮ, ਡੀਐੱਮਕੇ ਨੇ ਕਿਹਾ- ਬਿੱਲ ਦਾ ਸਮਰਥਨ 'ਕਰੋ ਜਾਂ ਮਰੋ' ਦਾ ਮਾਮਲਾ

ਚੇਨਈ ਵਿੱਚ ਐੱਮਕੇ ਸਟਾਲਿਨ ਦੀ ਰਿਹਾਇਸ਼ 'ਤੇ ਉਨ੍ਹਾਂ ਨਾਲ ਗਲੇ ਮਿਲਦੇ ਹੋਏ ਰਾਹੁਲ ਗਾਂਧੀ
ਤਸਵੀਰ ਕੈਪਸ਼ਨ, ਚੇਨਈ ਵਿੱਚ ਐੱਮਕੇ ਸਟਾਲਿਨ ਦੀ ਰਿਹਾਇਸ਼ 'ਤੇ ਉਨ੍ਹਾਂ ਨਾਲ ਗਲੇ ਮਿਲਦੇ ਹੋਏ ਰਾਹੁਲ ਗਾਂਧੀ
ਪ੍ਰਕਾਸ਼ਿਤ
ਪੜ੍ਹਨ ਦਾ ਸਮਾਂ: 10 ਮਿੰਟ

ਡੀਲਿਮੀਟੇਸ਼ਨ ਬਿੱਲ ਦਾ ਸਮਰਥਨ ਕਰ ਰਹੇ ਡੀਐੱਮਕੇ ਮੁਖੀ ਐੱਮਕੇ ਸਟਾਲਿਨ ਨੂੰ ਮਨਾਉਣ ਲਈ ਚੇਨਈ ਪਹੁੰਚੇ ਸੋਨੀਆ ਗਾਂਧੀ ਅਤੇ ਰਾਹੁਲ ਗਾਂਧੀ ਦੀ ਕੋਸ਼ਿਸ਼ ਨਾਕਾਮ ਹੋ ਗਈ ਹੈ।

ਦੋਵਾਂ ਧਿਰਾਂ ਵਿਚਾਲੇ ਹੋਈ ਗੱਲਬਾਤ ਵਿੱਚ ਕੋਈ ਸਹਿਮਤੀ ਨਹੀਂ ਬਣ ਸਕੀ। ਸੋਨੀਆ ਗਾਂਧੀ, ਰਾਹੁਲ ਗਾਂਧੀ ਅਤੇ ਇੰਡੀਆ ਗਠਜੋੜ ਦੇ ਆਗੂਆਂ ਨਾਲ ਮੀਟਿੰਗ ਤੋਂ ਬਾਅਦ ਡੀਐੱਮਕੇ ਮੁਖੀ ਐੱਮਕੇ ਸਟਾਲਿਨ ਨੇ ਪ੍ਰੈੱਸ ਕਾਨਫਰੰਸ ਵਿੱਚ ਕਿਹਾ, "ਸਾਡਾ ਰੁਖ਼ ਇਹ ਹੈ ਕਿ ਜੇਕਰ ਹੱਦਬੰਦੀ ਬਿੱਲ ਡਿੱਗ ਜਾਂਦਾ ਹੈ ਤਾਂ ਤਮਿਲਨਾਡੂ ਕੋਲ ਘੱਟੋ-ਘੱਟ ਸੁਰੱਖਿਆ ਲਈ ਜੋ ਵਿਵਸਥਾ ਹੈ, ਉਹ ਵੀ ਖ਼ਤਮ ਹੋ ਜਾਵੇਗੀ।"

ਐੱਮਕੇ ਸਟਾਲਿਨ
ਤਸਵੀਰ ਕੈਪਸ਼ਨ, ਐੱਮਕੇ ਸਟਾਲਿਨ ਨੇ ਕਿਹਾ ਕਿ ਜੇਕਰ ਹੱਦਬੰਦੀ ਬਿੱਲ ਡਿੱਗ ਜਾਂਦਾ ਹੈ ਤਾਂ ਤਮਿਲਨਾਡੂ ਨੂੰ ਮਿਲੀ ਘੱਟੋ-ਘੱਟ ਸੁਰੱਖਿਆ ਦੀ ਵਿਵਸਥਾ ਵੀ ਖ਼ਤਮ ਹੋ ਜਾਵੇਗੀ

ਉਨ੍ਹਾਂ ਕਿਹਾ ਕਿ ਡੀਐੱਮਕੇ ਕੋਲ ਹੱਦਬੰਦੀ ਬਿੱਲ ਦਾ ਸਮਰਥਨ ਕਰਨ ਤੋਂ ਇਲਾਵਾ ਕੋਈ ਹੋਰ ਬਦਲ ਨਹੀਂ ਹੈ, ਕਿਉਂਕਿ ਤਮਿਲਨਾਡੂ ਦੀਆਂ ਸਿਆਸੀ ਪਾਰਟੀਆਂ ਲਈ ਇਹ 'ਕਰੋ ਜਾਂ ਮਰੋ' ਵਾਲੀ ਸਥਿਤੀ ਹੈ।

ਸਟਾਲਿਨ ਨੇ ਕਿਹਾ, "ਇੰਡੀਆ ਗਠਜੋੜ ਦੇ ਆਗੂਆਂ ਕੋਲ ਕੋਈ ਢੁੱਕਵਾਂ ਬਦਲ ਨਹੀਂ ਹੈ।"

ਇਸ ਤੋਂ ਪਹਿਲਾਂ ਡੀਐੱਮਕੇ ਦੀ ਆਈਟੀ ਵਿੰਗ ਨੇ ਆਪਣੇ ਐਕਸ ਅਕਾਊਂਟ 'ਤੇ ਕਿਹਾ ਸੀ ਕਿ ਪਾਰਟੀ ਆਪਣੇ ਰੁਖ਼ 'ਤੇ ਕਾਇਮ ਹੈ।

ਪਾਰਟੀ ਦੀ ਆਈਟੀ ਵਿੰਗ ਨੇ ਲਿਖਿਆ, "ਸੋਨੀਆ ਗਾਂਧੀ ਦੀ ਪਹਿਲ ਨਾਕਾਮ ਰਹੀ। ਡੀਐੱਮਕੇ ਨਿਰਪੱਖ ਹੱਦਬੰਦੀ ਬਾਰੇ ਆਪਣੇ ਰੁਖ਼ 'ਤੇ ਪਹਿਲਾਂ ਵਾਂਗ ਹੀ ਕਾਇਮ ਹੈ।"

ਰਾਹੁਲ ਗਾਂਧੀ ਅਤੇ ਸੋਨੀਆ ਗਾਂਧੀ
ਤਸਵੀਰ ਕੈਪਸ਼ਨ, ਮਲਿਕਾਰਜੁਨ ਖੜਗੇ, ਰਾਹੁਲ ਗਾਂਧੀ ਅਤੇ ਸੋਨੀਆ ਗਾਂਧੀ ਡੀਐੱਮਕੇ ਮੁਖੀ ਐੱਮਕੇ ਸਟਾਲਿਨ ਨੂੰ ਮਨਾਉਣ ਲਈ ਚੇਨਈ ਪਹੁੰਚੇ ਸਨ। (ਫਾਈਲ ਫੋਟੋ)

ਦਰਅਸਲ, ਐਤਵਾਰ ਨੂੰ ਸੋਨੀਆ ਗਾਂਧੀ, ਮੱਲਿਕਾਰਜੁਨ ਖੜਗੇ ਅਤੇ ਰਾਹੁਲ ਗਾਂਧੀ ਡੀਐੱਮਕੇ ਮੁਖੀ ਐੱਮਕੇ ਸਟਾਲਿਨ ਨੂੰ ਮਨਾਉਣ ਲਈ ਚੇਨਈ ਪਹੁੰਚੇ ਸਨ।

ਸੋਨੀਆ ਗਾਂਧੀ ਅਤੇ ਰਾਹੁਲ ਗਾਂਧੀ ਸਮੇਤ ਇਹ ਆਗੂ ਅਲਵਾਰਪੇਟ ਸਥਿਤ ਐੱਮਕੇ ਸਟਾਲਿਨ ਦੀ ਰਿਹਾਇਸ਼ 'ਤੇ ਮੁਲਾਕਾਤ ਅਤੇ ਗੱਲਬਾਤ ਕਰ ਰਹੇ ਸਨ।

ਸਟਾਲਿਨ ਨੇ ਰਾਹੁਲ ਗਾਂਧੀ ਦਾ ਨਿੱਘਾ ਸਵਾਗਤ ਕੀਤਾ। ਸਟਾਲਿਨ ਨੇ ਸੋਨੀਆ ਗਾਂਧੀ ਸਮੇਤ ਸਾਰੇ ਆਗੂਆਂ ਦਾ ਆਪਣੇ ਘਰ ਦੇ ਦਰਵਾਜ਼ੇ 'ਤੇ ਸਵਾਗਤ ਕੀਤਾ।

ਸਟਾਲਿਨ ਨੇ ਕਿਹਾ ਸੀ ਕਿ ਡੀਐੱਮਕੇ ਨੇ ਤਮਿਲਨਾਡੂ ਅਤੇ ਤਮਿਲ ਲੋਕਾਂ ਦੀ ਭਲਾਈ ਨੂੰ ਸਭ ਤੋਂ ਉੱਪਰ ਰੱਖਦਿਆਂ ਹਰ ਫ਼ੈਸਲਾ ਲਿਆ ਹੈ ਅਤੇ ਉਹ ਇਸ ਰਾਹ 'ਤੇ ਕਦੇ ਸਮਝੌਤਾ ਨਹੀਂ ਕਰਨਗੇ।

ਡੀਐੱਮਕੇ ਨੇ ਕੇਂਦਰ ਦੀ ਭਾਜਪਾ ਸਰਕਾਰ ਵੱਲੋਂ ਲਿਆਂਦੇ ਗਏ ਹੱਦਬੰਦੀ ਬਿੱਲ ਨੂੰ ਆਪਣਾ ਸਮਰਥਨ ਦੇਣ ਦਾ ਐਲਾਨ ਕੀਤਾ ਹੈ।

ਮੁਲਾਕਾਤ ਤੋਂ ਬਾਅਦ ਰਾਹੁਲ ਗਾਂਧੀ ਨੇ ਕੀ ਕਿਹਾ

ਰਾਹੁਲ ਗਾਂਧੀ
ਤਸਵੀਰ ਕੈਪਸ਼ਨ, ਰਾਹੁਲ ਗਾਂਧੀ ਨੇ ਮੁਲਾਕਾਤ ਤੋਂ ਬਾਅਦ ਕਿਹਾ ਕਿ ਐੱਮਕੇ ਸਟਾਲਿਨ ਨਾਲ ਉਨ੍ਹਾਂ ਦੀ ਬਹੁਤ ਚੰਗੀ ਅਤੇ ਸੁਖਾਵੇਂ ਮਾਹੌਲ ਵਿੱਚ ਗੱਲਬਾਤ ਹੋਈ

ਖ਼ਬਰ ਏਜੰਸੀ ਏਐੱਨਆਈ ਦੇ ਹਵਾਲੇ ਨਾਲ ਰਾਹੁਲ ਗਾਂਧੀ ਨੇ ਮੁਲਾਕਾਤ ਤੋਂ ਬਾਅਦ ਕਿਹਾ ਕਿ ਐੱਮਕੇ ਸਟਾਲਿਨ ਨਾਲ ਉਨ੍ਹਾਂ ਦੀ ਬਹੁਤ ਚੰਗੀ ਅਤੇ ਸੁਖਾਵੇਂ ਮਾਹੌਲ ਵਿੱਚ ਗੱਲਬਾਤ ਹੋਈ।

ਉਨ੍ਹਾਂ ਕਿਹਾ, "ਕਾਂਗਰਸ ਨੇ ਸਟਾਲਿਨ ਸਾਹਮਣੇ ਆਪਣਾ ਪੱਖ ਰੱਖਿਆ ਹੈ। ਲੋਕ ਸਭਾ ਦੀਆਂ ਸੀਟਾਂ ਦੀ ਗਿਣਤੀ 850 ਕਰਨ ਅਤੇ ਹੱਦਬੰਦੀ ਰਾਹੀਂ ਭਾਜਪਾ ਵੱਲੋਂ ਹਲਕਿਆਂ ਦੀ ਬਣਤਰ ਬਦਲਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ, ਜੋ ਭਾਰਤ ਦੇ ਨਾਲ-ਨਾਲ ਦੱਖਣੀ ਭਾਰਤ ਅਤੇ ਖ਼ਾਸ ਕਰਕੇ ਤਮਿਲਨਾਡੂ ਲਈ ਨੁਕਸਾਨਦੇਹ ਹੋਵੇਗੀ।"

ਉਨ੍ਹਾਂ ਕਿਹਾ ਕਿ ਭਾਜਪਾ ਪਹਿਲਾਂ ਅਸਾਮ ਅਤੇ ਜੰਮੂ-ਕਸ਼ਮੀਰ ਵਿੱਚ ਅਜਿਹਾ ਕਰਨ ਦੀ ਕੋਸ਼ਿਸ਼ ਕਰ ਚੁੱਕੀ ਹੈ ਅਤੇ ਹੁਣ ਇਸ ਨੂੰ ਪੂਰੇ ਦੇਸ਼ ਵਿੱਚ ਲਾਗੂ ਕਰਨਾ ਚਾਹੁੰਦੀ ਹੈ।

ਰਾਹੁਲ ਗਾਂਧੀ ਨੇ ਸਟਾਲਿਨ ਨੂੰ ਤਮਿਲਨਾਡੂ ਦੇ ਹਿੱਤਾਂ ਦੀ ਰੱਖਿਆ ਕਰਨ ਦੀ ਅਪੀਲ ਕੀਤੀ।

ਉਨ੍ਹਾਂ ਆਰਐੱਸਐੱਸ 'ਤੇ ਤਮਿਲ ਭਾਸ਼ਾ, ਸੱਭਿਆਚਾਰ ਅਤੇ ਸੱਭਿਅਤਾ ਦੇ ਵਿਰੋਧ ਦਾ ਇਲਜ਼ਾਮ ਲਾਉਂਦਿਆਂ ਕਿਹਾ, "ਜੇਕਰ ਭਾਜਪਾ ਨੇ 850 ਸੀਟਾਂ ਵਾਲੀ ਲੋਕ ਸਭਾ ਦੀ ਬਣਤਰ ਬਦਲ ਦਿੱਤੀ ਤਾਂ ਭਾਰਤ ਵਿੱਚ ਲੋਕਤੰਤਰ ਖ਼ਤਮ ਹੋ ਜਾਵੇਗਾ।"

ਸ਼ਨੀਵਾਰ ਦੀ ਇੰਡੀਆ ਗਠਜੋੜ ਦੀ ਮੀਟਿੰਗ ਵਿੱਚ ਕੀ ਹੋਇਆ ਸੀ

ਬੀਆਰਐੱਸ ਅਤੇ ਵਾਈਐੱਸਆਰ ਕਾਂਗਰਸ ਪਾਰਟੀ
ਤਸਵੀਰ ਕੈਪਸ਼ਨ, ਬੀਆਰਐੱਸ ਅਤੇ ਵਾਈਐੱਸਆਰ ਕਾਂਗਰਸ ਪਾਰਟੀ ਨੇ ਸੋਸ਼ਲ ਮੀਡੀਆ ਰਾਹੀਂ ਐਲਾਨ ਕੀਤਾ ਹੈ ਕਿ ਉਹ ਹੱਦਬੰਦੀ ਬਿੱਲ ਦਾ ਸਮਰਥਨ ਕਰਨਗੀਆਂ

ਸ਼ਨੀਵਾਰ ਨੂੰ ਨਵੀਂ ਦਿੱਲੀ ਵਿੱਚ ਰਾਜ ਸਭਾ ਵਿੱਚ ਵਿਰੋਧੀ ਧਿਰ ਦੇ ਆਗੂ ਮੱਲਿਕਾਰਜੁਨ ਖੜਗੇ ਦੀ ਰਿਹਾਇਸ਼ 'ਤੇ ਵਿਰੋਧੀ ਪਾਰਟੀਆਂ ਦੇ ਆਗੂਆਂ ਦੀ ਮੀਟਿੰਗ ਹੋਈ ਸੀ।

ਸਮਾਚਾਰ ਏਜੰਸੀ ਪੀਟੀਆਈ ਮੁਤਾਬਕ, ਇਸ ਮੀਟਿੰਗ ਵਿੱਚ ਕਾਂਗਰਸ ਪ੍ਰਧਾਨ ਮੱਲਿਕਾਰਜੁਨ ਖੜਗੇ, ਰਾਹੁਲ ਗਾਂਧੀ, ਤ੍ਰਿਣਮੂਲ ਕਾਂਗਰਸ (ਟੀਐੱਮਸੀ) ਦੇ ਅਭਿਸ਼ੇਕ ਬੈਨਰਜੀ, ਆਜ਼ਾਦ ਰਾਜ ਸਭਾ ਮੈਂਬਰ ਕਪਿਲ ਸਿੱਬਲ, ਰਾਸ਼ਟਰੀ ਜਨਤਾ ਦਲ (ਆਰਜੇਡੀ) ਦੇ ਅਭੈ ਕੁਮਾਰ ਸਿੰਘ ਅਤੇ ਮਨੋਜ ਝਾਅ, ਭਾਰਤੀ ਕਮਿਊਨਿਸਟ ਪਾਰਟੀ (ਸੀਪੀਆਈ) ਦੇ ਪੀ. ਸੰਤੋਸ਼ ਕੁਮਾਰ, ਇੰਡੀਅਨ ਯੂਨੀਅਨ ਮੁਸਲਿਮ ਲੀਗ (ਆਈਯੂਐੱਮਐੱਲ) ਦੇ ਈਟੀ ਮੁਹੰਮਦ ਬਸ਼ੀਰ ਅਤੇ ਰੈਵੋਲਿਊਸ਼ਨਰੀ ਸੋਸ਼ਲਿਸਟ ਪਾਰਟੀ (ਆਰਐੱਸਪੀ) ਦੇ ਐੱਨਕੇ ਪ੍ਰੇਮਚੰਦਰਨ ਸਮੇਤ ਕਈ ਹੋਰ ਆਗੂ ਸ਼ਾਮਲ ਹੋਏ।

ਮੀਟਿੰਗ ਵਿੱਚ ਕਾਂਗਰਸ ਦੇ ਜਨਰਲ ਸਕੱਤਰ ਜੈਰਾਮ ਰਮੇਸ਼, ਪ੍ਰਿਅੰਕਾ ਗਾਂਧੀ ਅਤੇ ਕੇਸੀ ਵੇਣੂਗੋਪਾਲ ਵੀ ਮੌਜੂਦ ਸਨ।

ਇਸ ਮੀਟਿੰਗ ਲਈ ਡੀਐੱਮਕੇ, ਆਮ ਆਦਮੀ ਪਾਰਟੀ (ਆਪ) ਅਤੇ ਬੀਜੂ ਜਨਤਾ ਦਲ (ਬੀਜੇਡੀ) ਨੂੰ ਵੀ ਸੱਦਾ ਦਿੱਤਾ ਗਿਆ ਸੀ, ਪਰ ਇਨ੍ਹਾਂ ਪਾਰਟੀਆਂ ਨੇ ਮੀਟਿੰਗ ਵਿੱਚ ਹਿੱਸਾ ਨਹੀਂ ਲਿਆ।

ਹਾਲਾਂਕਿ, ਆਮ ਆਦਮੀ ਪਾਰਟੀ ਦੇ ਰਾਜ ਸਭਾ ਮੈਂਬਰ ਸੰਜੇ ਸਿੰਘ ਨੇ ਸ਼ੁੱਕਰਵਾਰ ਨੂੰ ਕਿਹਾ ਸੀ ਕਿ ਉਨ੍ਹਾਂ ਦੀ ਪਾਰਟੀ ਸੰਸਦ ਦੇ ਦੋਵਾਂ ਸਦਨਾਂ ਵਿੱਚ ਇਸ ਬਿੱਲ ਦਾ ਸਖ਼ਤ ਵਿਰੋਧ ਕਰੇਗੀ। ਉਨ੍ਹਾਂ ਨੇ ਇਸ ਨੂੰ 'ਭਾਜਪਾ ਦੀ ਜਿੱਤ ਦਾ ਬਿੱਲ' ਕਰਾਰ ਦਿੱਤਾ ਸੀ।

ਨਵੇਂ ਬਿੱਲ ਬਾਰੇ ਦੱਖਣੀ ਭਾਰਤ ਦੀਆਂ ਪਾਰਟੀਆਂ ਕੀ ਕਹਿ ਰਹੀਆਂ ਹਨ?

ਚੋਣ ਹਲਕਿਆਂ ਦੀ ਮੁੜ ਹੱਦਬੰਦੀ ਦੇ ਮੁੱਦੇ 'ਤੇ ਦੱਖਣੀ ਭਾਰਤ ਤੋਂ ਮੁੱਖ ਤੌਰ 'ਤੇ ਆਲੋਚਨਾਵਾਂ ਸਾਹਮਣੇ ਆਉਂਦੀਆਂ ਰਹੀਆਂ ਹਨ।

ਕੁਝ ਪ੍ਰਮੁੱਖ ਪਾਰਟੀਆਂ ਦਾ ਕਹਿਣਾ ਰਿਹਾ ਹੈ ਕਿ ਆਬਾਦੀ ਦੇ ਆਧਾਰ 'ਤੇ ਹੱਦਬੰਦੀ ਕੀਤੇ ਜਾਣ ਨਾਲ ਆਬਾਦੀ ਕੰਟਰੋਲ ਕਰਨ ਵਿੱਚ ਸਫ਼ਲ ਰਹੇ ਦੱਖਣੀ ਭਾਰਤੀ ਸੂਬਿਆਂ ਨੂੰ ਨੁਕਸਾਨ ਹੋਵੇਗਾ।

ਹਾਲ ਹੀ ਵਿੱਚ ਕੇਂਦਰ ਵੱਲੋਂ ਮੌਜੂਦਾ ਸੀਟਾਂ ਵਿੱਚ 50 ਫ਼ੀਸਦੀ ਵਾਧਾ ਕਰਨ ਵਾਲਾ ਬਿੱਲ ਲਿਆਉਣ ਦੀ ਤਿਆਰੀ ਤੋਂ ਬਾਅਦ ਸਿਆਸੀ ਪਾਰਟੀਆਂ ਆਪਣੇ ਰੁਖ਼ ਵਿੱਚ ਬਦਲਾਅ ਕਰ ਰਹੀਆਂ ਹਨ।

ਡੀਐੱਮਕੇ ਨੇ ਐਲਾਨ ਕੀਤਾ ਹੈ ਕਿ ਉਹ ਕੇਂਦਰ ਵੱਲੋਂ ਲਿਆਂਦੇ ਜਾ ਰਹੇ ਹੱਦਬੰਦੀ ਬਿੱਲ ਦਾ ਸਮਰਥਨ ਕਰੇਗੀ।

ਬੀਆਰਐੱਸ ਨੇ ਐਲਾਨ ਕੀਤਾ ਹੈ ਕਿ ਉਹ ਰਾਜ ਸਭਾ ਵਿੱਚ ਇਸ ਬਿੱਲ ਦਾ ਸਮਰਥਨ ਕਰੇਗੀ।

ਵਾਈਐੱਸਆਰ ਕਾਂਗਰਸ ਪਾਰਟੀ ਨੇ ਵੀ ਕਿਹਾ ਹੈ ਕਿ ਉਹ ਇਸ ਬਿੱਲ ਦਾ ਸਮਰਥਨ ਕਰੇਗੀ।

ਦੂਜੇ ਪਾਸੇ, ਟੀਡੀਪੀ, ਜਨਸੈਨਾ ਅਤੇ ਜੇਡੀਯੂ ਐੱਨਡੀਏ ਦੀਆਂ ਸਹਿਯੋਗੀ ਪਾਰਟੀਆਂ ਹਨ। ਇਸ ਲਈ ਇਨ੍ਹਾਂ ਪਾਰਟੀਆਂ ਵੱਲੋਂ ਵੀ ਬਿੱਲ ਦਾ ਸਮਰਥਨ ਕੀਤੇ ਜਾਣ ਦੀ ਸੰਭਾਵਨਾ ਹੈ।

ਸੰਸਦ ਦਾ ਵਿਸ਼ੇਸ਼ ਸੈਸ਼ਨ 30 ਨਵੰਬਰ ਨੂੰ

 ਨਰਿੰਦਰ ਮੋਦੀ ਅਤੇ ਅਮਿਤ ਸ਼ਾਹ
ਤਸਵੀਰ ਕੈਪਸ਼ਨ, ਕੇਂਦਰ ਸਰਕਾਰ ਨੇ ਸੰਸਦ ਦਾ ਵਿਸ਼ੇਸ਼ ਇਜਲਾਸ ਸੱਦਣ ਦਾ ਐਲਾਨ ਕੀਤਾ ਹੈ

ਕੇਂਦਰ ਸਰਕਾਰ ਵੱਲੋਂ 30 ਨਵੰਬਰ ਤੋਂ ਸੰਸਦ ਦਾ ਵਿਸ਼ੇਸ਼ ਸੈਸ਼ਨ ਬੁਲਾਉਣ ਦੇ ਐਲਾਨ ਤੋਂ ਬਾਅਦ, ਡੀਲਿਮਿਟੇਸ਼ਨ ਬਿੱਲ ਇੱਕ ਵਾਰ ਫਿਰ ਚਰਚਾ ਦੇ ਕੇਂਦਰ ਵਿੱਚ ਆ ਗਿਆ ਹੈ।

ਹਾਲਾਂਕਿ ਇਹ ਚਰਚਾ ਹੈ ਕਿ ਭਾਜਪਾ ਇਸ ਬਿੱਲ ਲਈ ਸਮਰਥਨ ਹਾਸਲ ਕਰਨ ਦੀ ਕੋਸ਼ਿਸ਼ ਕਰ ਰਹੀ ਹੈ, ਪਰ ਵਿਰੋਧੀ ਗਠਜੋੜ ਦੇ ਅੰਦਰ ਹੀ ਮਤਭੇਦ ਉੱਭਰਨੇ ਸ਼ੁਰੂ ਹੋ ਗਏ ਹਨ।

ਅਪ੍ਰੈਲ ਵਿੱਚ ਲੋਕ ਸਭਾ ਵਿੱਚ ਲੋੜੀਂਦਾ ਸਮਰਥਨ ਨਾ ਮਿਲਣ ਕਾਰਨ ਡਿੱਗਿਆ ਡੀਲਿਮਿਟੇਸ਼ਨ (ਹਲਕਿਆਂ ਦੀ ਹੱਦਬੰਦੀ) ਅਤੇ ਮਹਿਲਾ ਰਾਖਵਾਂਕਰਨ ਨਾਲ ਜੁੜਿਆ ਬਿੱਲ ਹੁਣ ਨਵੇਂ ਰੂਪ ਵਿੱਚ ਵਾਪਸ ਲਿਆਂਦਾ ਜਾ ਰਿਹਾ ਹੈ।

ਇਸ ਵਾਰ ਸਰਕਾਰ ਨੇ ਦੋ ਵੱਡੇ ਬਦਲਾਅ ਕੀਤੇ ਹਨ।

ਪਹਿਲਾ, ਹਲਕਿਆਂ ਦੀ ਹੱਦਬੰਦੀ ਨੂੰ ਨਵੀਂ ਜਨਗਣਨਾ ਤੋਂ ਵੱਖ ਕਰ ਦਿੱਤਾ ਗਿਆ ਹੈ ਅਤੇ ਦੂਜਾ, ਸਾਰੇ ਸੂਬਿਆਂ ਦੀਆਂ ਲੋਕ ਸਭਾ ਸੀਟਾਂ ਵਿੱਚ ਬਰਾਬਰ 50 ਫ਼ੀਸਦੀ ਵਾਧੇ ਦਾ ਪ੍ਰਸਤਾਵ ਰੱਖਿਆ ਗਿਆ ਹੈ।

ਨਵੇਂ ਬਿੱਲ ਪੇਸ਼ ਕੀਤੇ ਜਾਣ ਦੀਆਂ ਖ਼ਬਰਾਂ ਵਿਚਾਲੇ ਇਸ ਗੱਲ 'ਤੇ ਚਰਚਾ ਤੇਜ਼ ਹੋ ਗਈ ਹੈ ਕਿ ਕੀ ਭਾਜਪਾ ਦੀ ਅਗਵਾਈ ਵਾਲੇ ਸੱਤਾਧਾਰੀ ਗਠਜੋੜ ਐੱਨਡੀਏ ਕੋਲ ਸੰਵਿਧਾਨਕ ਸੋਧ ਬਿੱਲ ਪਾਸ ਕਰਵਾਉਣ ਲਈ ਦੋ-ਤਿਹਾਈ ਬਹੁਮਤ ਹੈ, ਕਿਉਂਕਿ ਇਸੇ ਸਾਲ ਅਪ੍ਰੈਲ ਵਿੱਚ ਹੋਈ ਵੋਟਿੰਗ ਦੌਰਾਨ ਦੋ-ਤਿਹਾਈ ਬਹੁਮਤ ਨਾ ਹੋਣ ਕਾਰਨ ਇਹ ਬਿੱਲ ਪਾਸ ਨਹੀਂ ਹੋ ਸਕਿਆ ਸੀ।

ਕੇਂਦਰੀ ਸੰਸਦ ਮੰਤਰੀ ਕਿਰੇਨ ਰਿਜਿਜੂ ਮੁਤਾਬਕ, ਲੋਕ ਸਭਾ ਦੀ ਬੈਠਕ 30 ਨਵੰਬਰ ਨੂੰ ਅਤੇ ਰਾਜ ਸਭਾ ਦੀ ਬੈਠਕ ਦੋ ਦਸੰਬਰ ਨੂੰ ਹੋਵੇਗੀ ਅਤੇ ਤਿੰਨ ਦਸੰਬਰ ਨੂੰ ਇਸ ਵਿਸ਼ੇਸ਼ ਇਜਲਾਸ ਦੀ ਸਮਾਪਤੀ ਹੋ ਸਕਦੀ ਹੈ।

ਕਾਂਗਰਸ ਦੇ ਸੀਨੀਅਰ ਆਗੂ ਕੇਸੀ ਵੇਣੂਗੋਪਾਲ ਨੇ ਸਰਕਾਰ 'ਤੇ 'ਸੰਸਦ ਦੀ ਚੋਰੀ' ਦਾ ਇਲਜ਼ਾਮ ਲਾਇਆ ਹੈ।

ਉਨ੍ਹਾਂ ਨੇ ਐਕਸ 'ਤੇ ਲਿਖਿਆ, "ਇਸ ਵਿੱਚ ਕੋਈ ਸ਼ੱਕ ਨਹੀਂ ਹੈ ਕਿ ਉਨ੍ਹਾਂ ਦਾ ਡੀਲੀਮੀਟੇਸ਼ਨ ਬਿੱਲ ਸੰਸਦ ਦੀ ਚੋਰੀ ਦੀ ਇੱਕ ਕੋਸ਼ਿਸ਼ ਤੋਂ ਵੱਧ ਕੁਝ ਨਹੀਂ ਹੋਵੇਗਾ। ਅਸੀਂ ਇਸ ਨੂੰ ਪਾਸ ਨਹੀਂ ਹੋਣ ਦੇਵਾਂਗੇ।"

ਹੱਦਬੰਦੀ (ਡੀਲਿਮੀਟੇਸ਼ਨ) ਕੀ ਹੈ?

ਸੰਸਦ
ਤਸਵੀਰ ਕੈਪਸ਼ਨ, ਪਿਛਲੇ ਅਪ੍ਰੈਲ ਮਹੀਨੇ ਵਿੱਚ ਡੀਲਿਮਿਟੇਸ਼ਨ ਬਿੱਲ ਸੰਸਦ ਵਿੱਚ ਪਾਸ ਨਹੀਂ ਹੋ ਸਕਿਆ ਸੀ

ਮੌਜੂਦਾ ਸਮੇਂ ਦੇਸ਼ ਵਿੱਚ ਲੋਕ ਸਭਾ ਦੇ 543 ਚੋਣ ਹਲਕੇ ਹਨ। ਇਨ੍ਹਾਂ ਵਿੱਚ 423 ਆਮ, 79 ਅਨੁਸੂਚਿਤ ਜਾਤੀਆਂ (ਐੱਸਸੀ) ਅਤੇ 41 ਅਨੁਸੂਚਿਤ ਜਨਜਾਤੀਆਂ (ਐੱਸਟੀ) ਲਈ ਰਾਖਵੇਂ ਹਲਕੇ ਹਨ।

ਚੋਣ ਹਲਕਿਆਂ ਦੀ ਮੁੜ ਹੱਦਬੰਦੀ ਦਾ ਮਤਲਬ ਦੇਸ਼ ਜਾਂ ਕਿਸੇ ਸੂਬੇ ਦੀ ਵਿਧਾਨ ਸਭਾ ਲਈ ਖੇਤਰੀ ਚੋਣ ਹਲਕਿਆਂ ਦੀਆਂ ਹੱਦਾਂ ਤੈਅ ਕਰਨ ਦੀ ਪ੍ਰਕਿਰਿਆ ਹੈ।

ਇਹ ਪ੍ਰਕਿਰਿਆ ਹੱਦਬੰਦੀ ਕਮਿਸ਼ਨ ਜਾਂ ਸੀਮਾ ਕਮਿਸ਼ਨ ਨਾਂ ਦੀ ਇੱਕ ਉੱਚ ਪੱਧਰੀ ਸੰਸਥਾ ਵੱਲੋਂ ਤੈਅ ਕੀਤੀ ਜਾਂਦੀ ਹੈ।

ਹੁਣ ਤੱਕ ਭਾਰਤ ਵਿੱਚ ਚਾਰ ਵਾਰ ਹੱਦਬੰਦੀ ਕਮਿਸ਼ਨ ਬਣਾਏ ਗਏ ਹਨ। ਇਹ ਕਮਿਸ਼ਨ 1952, 1963, 1973 ਅਤੇ 2002 ਵਿੱਚ ਬਣਾਏ ਗਏ ਸਨ।

ਹੱਦਬੰਦੀ ਕਮਿਸ਼ਨ ਵੱਲੋਂ ਲਏ ਗਏ ਫ਼ੈਸਲਿਆਂ ਨੂੰ ਕਿਸੇ ਵੀ ਅਦਾਲਤ ਵਿੱਚ ਚੁਣੌਤੀ ਨਹੀਂ ਦਿੱਤੀ ਜਾ ਸਕਦੀ।

ਦੇਸ਼ ਵਿੱਚ ਆਖ਼ਰੀ ਵਾਰ 2002 ਵਿੱਚ ਹੱਦਬੰਦੀ ਕਮਿਸ਼ਨ ਦਾ ਗਠਨ ਹੋਇਆ ਸੀ। ਇਸ ਦੇ ਪ੍ਰਸਤਾਵ 2009 ਦੀਆਂ ਚੋਣਾਂ ਤੋਂ ਲਾਗੂ ਕੀਤੇ ਗਏ ਸਨ। ਉੱਥੇ ਹੀ, 1973 ਵਿੱਚ ਹੋਈ ਹੱਦਬੰਦੀ ਤੋਂ ਬਾਅਦ ਲੋਕ ਸਭਾ ਦੀਆਂ ਸੀਟਾਂ ਦੀ ਗਿਣਤੀ 543 ਹੀ ਰਹੀ ਹੈ।

ਕਈ ਸਾਲਾਂ ਤੋਂ ਇਸ ਗੱਲ 'ਤੇ ਚਰਚਾ ਹੁੰਦੀ ਰਹੀ ਹੈ ਕਿ ਚੋਣ ਹਲਕੇ ਬਹੁਤ ਵੱਡੇ ਹੋ ਗਏ ਹਨ, ਜਿਸ ਕਾਰਨ ਲੋਕਾਂ ਨੂੰ ਢੁੱਕਵੀਂ ਨੁਮਾਇੰਦਗੀ ਨਹੀਂ ਮਿਲ ਰਹੀ।

ਆਂਧਰਾ ਪ੍ਰਦੇਸ਼ ਦੇ ਮੁੱਖ ਮੰਤਰੀ ਚੰਦਰਬਾਬੂ ਨਾਇਡੂ ਮੁਤਾਬਕ, 2001 ਦੇ ਹੱਦਬੰਦੀ ਕਾਨੂੰਨ ਤਹਿਤ 19 ਲੱਖ ਦੀ ਆਬਾਦੀ ਪਿੱਛੇ ਇੱਕ ਸੰਸਦ ਮੈਂਬਰ ਦੀ ਨੁਮਾਇੰਦਗੀ ਹੈ। ਉਨ੍ਹਾਂ ਕਿਹਾ ਕਿ ਹੁਣ ਇਹ ਗਿਣਤੀ ਵਧ ਕੇ 27 ਲੱਖ ਹੋ ਗਈ ਹੈ।

ਉਨ੍ਹਾਂ ਕਿਹਾ, "ਹੱਦਬੰਦੀ ਦੀ ਨਵੀਂ ਪ੍ਰਕਿਰਿਆ ਤੋਂ ਬਾਅਦ ਅਜਿਹੀ ਸਥਿਤੀ ਬਣੇਗੀ ਕਿ ਲਗਭਗ 18 ਲੱਖ ਦੀ ਆਬਾਦੀ ਪਿੱਛੇ ਇੱਕ ਸੰਸਦ ਮੈਂਬਰ ਦੀ ਨੁਮਾਇੰਦਗੀ ਹੋਵੇਗੀ।"

ਚੰਦਰਬਾਬੂ ਨਾਇਡੂ ਦਾ ਕਹਿਣਾ ਹੈ ਕਿ ਜੇਕਰ ਹੱਦਬੰਦੀ ਕਾਰਨ ਸੀਟਾਂ ਦੀ ਗਿਣਤੀ ਵਿੱਚ 50 ਫ਼ੀਸਦੀ ਵਾਧਾ ਹੁੰਦਾ ਹੈ ਤਾਂ ਇਸ ਦਾ ਲਾਭ ਸਾਰਿਆਂ ਨੂੰ ਮਿਲੇਗਾ।

ਅਪ੍ਰੈਲ ਵਿੱਚ ਕੀ ਹੋਇਆ ਸੀ?

ਹਲਕਾਬੰਦੀ ਬਿੱਲ
ਤਸਵੀਰ ਕੈਪਸ਼ਨ, ਹਲਕਾਬੰਦੀ ਬਿੱਲ 2026 ਬਿੱਲ ਲੋਕ ਸਭਾ ਵਿੱਚ ਚਰਚਾ ਅਧੀਨ ਹੈ, ਜਿਸ ਤਹਿਤ ਲੋਕ ਸਭਾ ਅਤੇ ਵਿਧਾਨ ਸਭਾ ਵਿੱਚ ਸੀਟਾਂ ਦੀ ਸੰਖਿਆ ਵਧਾਉਣ ਦੀ ਯੋਜਨਾ ਹੈ (ਸੰਕੇਤਕ ਤਸਵੀਰ)

ਮਹਿਲਾ ਰਾਖਵਾਂਕਰਨ ਕਾਨੂੰਨ ਅਤੇ ਡੀਲਿਮਿਟੇਸ਼ਨ ਨਾਲ ਜੁੜਿਆ 131ਵਾਂ ਸੰਵਿਧਾਨਕ ਸੋਧ ਬਿੱਲ 17 ਅਪ੍ਰੈਲ 2026 ਨੂੰ ਲੋਕ ਸਭਾ ਵਿੱਚ ਡਿੱਗ ਗਿਆ ਸੀ।

ਸੰਸਦ ਵਿੱਚ ਔਰਤਾਂ ਨੂੰ 33 ਫ਼ੀਸਦੀ ਰਾਖਵਾਂਕਰਨ ਦੇਣ ਵਾਲੇ ਕਾਨੂੰਨ ਵਿੱਚ ਸੋਧ ਅਤੇ ਡੀਲਿਮਿਟੇਸ਼ਨ ਨਾਲ ਜੁੜੇ ਬਿੱਲਾਂ ਦੇ ਸਮਰਥਨ ਵਿੱਚ ਜਦੋਂ ਵੋਟਿੰਗ ਹੋਈ ਤਾਂ ਪੱਖ ਵਿੱਚ 298 ਵੋਟਾਂ ਪਈਆਂ, ਜਦਕਿ ਇਸ ਦੇ ਵਿਰੋਧ ਵਿੱਚ 230 ਵੋਟਾਂ ਪਈਆਂ। 11 ਸੰਸਦ ਮੈਂਬਰ ਗ਼ੈਰ-ਹਾਜ਼ਰ ਰਹੇ ਸਨ।

ਸੰਵਿਧਾਨਕ ਸੋਧ ਬਿੱਲ ਪਾਸ ਕਰਨ ਲਈ ਲੋਕ ਸਭਾ ਵਿੱਚ ਘੱਟੋ-ਘੱਟ ਦੋ-ਤਿਹਾਈ ਬਹੁਮਤ ਹੋਣਾ ਚਾਹੀਦਾ ਹੈ। ਪਿਛਲੇ ਅਪ੍ਰੈਲ ਵਿੱਚ ਲੋਕ ਸਭਾ ਵਿੱਚ 528 ਮੈਂਬਰ ਸਨ ਅਤੇ ਬਿੱਲ ਪਾਸ ਕਰਵਾਉਣ ਲਈ 352 ਵੋਟਾਂ ਦੀ ਲੋੜ ਸੀ। ਯਾਨੀ ਬਿੱਲ ਪਾਸ ਕਰਵਾਉਣ ਲਈ 55 ਵੋਟਾਂ ਘੱਟ ਸਨ।

ਇਸ ਤੋਂ ਬਾਅਦ ਸਰਕਾਰ ਨੇ ਡੀਲਿਮਿਟੇਸ਼ਨ ਅਤੇ ਕੇਂਦਰ ਸ਼ਾਸਿਤ ਪ੍ਰਦੇਸ਼ਾਂ ਨਾਲ ਜੁੜੇ ਦੋ ਹੋਰ ਬਿੱਲਾਂ ਨੂੰ ਵੀ ਅੱਗੇ ਨਹੀਂ ਵਧਾਇਆ।

ਪਰ ਇਸ ਵਾਰ ਮੋਦੀ ਸਰਕਾਰ ਨਵੇਂ ਸਿਰੇ ਤੋਂ ਇਸ ਨੂੰ ਪਾਸ ਕਰਵਾਉਣ ਲਈ ਪੂਰਾ ਜ਼ੋਰ ਲਗਾਏਗੀ।

ਇੰਡੀਅਨ ਐਕਸਪ੍ਰੈੱਸ ਦੀ ਇੱਕ ਰਿਪੋਰਟ ਮੁਤਾਬਕ, ਕੇਂਦਰ ਸਰਕਾਰ ਨੂੰ ਦੋ-ਤਿਹਾਈ ਬਹੁਮਤ ਮਿਲਣ ਦਾ ਭਰੋਸਾ ਇਸ ਲਈ ਹੈ ਕਿਉਂਕਿ ਪਹਿਲਾਂ ਇੰਡੀਆ ਗਠਜੋੜ ਦਾ ਹਿੱਸਾ ਰਹੀ ਡੀਐੱਮਕੇ ਵੱਲੋਂ ਇਸ ਬਿੱਲ ਦੇ ਸਮਰਥਨ ਦੇ ਸੰਕੇਤ ਮਿਲੇ ਹਨ।

ਅਖ਼ਬਾਰ ਨੇ ਸੂਤਰਾਂ ਦੇ ਹਵਾਲੇ ਨਾਲ ਕਿਹਾ ਹੈ ਕਿ ਡੀਐੱਮਕੇ ਚਾਹੁੰਦੀ ਹੈ ਕਿ ਤਾਮਿਲਨਾਡੂ ਦੀਆਂ ਲੋਕ ਸਭਾ ਸੀਟਾਂ ਵਿੱਚ ਮੌਜੂਦਾ ਲਗਭਗ 7.2 ਫ਼ੀਸਦੀ ਹਿੱਸੇਦਾਰੀ ਬਰਕਰਾਰ ਰੱਖਣ ਦੀ ਗਾਰੰਟੀ ਦਿੱਤੀ ਜਾਵੇ।

ਮੌਜੂਦਾ ਗਣਿਤ ਕੀ ਕਹਿੰਦਾ ਹੈ?

ਨਰਿੰਦਰ ਮੋਦੀ

ਫਿਲਹਾਲ ਲੋਕ ਸਭਾ ਵਿੱਚ ਕੁੱਲ 540 ਸੰਸਦ ਮੈਂਬਰ ਹਨ। ਅਜਿਹੇ ਵਿੱਚ ਦੋ-ਤਿਹਾਈ ਬਹੁਮਤ ਦਾ ਅੰਕੜਾ 360 ਤੱਕ ਪਹੁੰਚਦਾ ਹੈ। 2024 ਦੀਆਂ ਲੋਕ ਸਭਾ ਚੋਣਾਂ ਵਿੱਚ ਐੱਨਡੀਏ ਨੂੰ 293 ਸੀਟਾਂ ਮਿਲੀਆਂ ਸਨ।

ਪਰ ਤ੍ਰਿਣਮੂਲ ਕਾਂਗਰਸ ਦੇ 20 ਬਾਗ਼ੀ ਸੰਸਦ ਮੈਂਬਰਾਂ ਦੇ ਵੱਖ ਹੋਣ ਅਤੇ ਐੱਨਡੀਏ ਨੂੰ ਸਮਰਥਨ ਦੇਣ ਦਾ ਐਲਾਨ ਕਰਨ ਨਾਲ ਇਹ ਅੰਕੜਾ ਬਦਲ ਗਿਆ ਹੈ।

ਇਸੇ ਸਾਲ ਜੂਨ ਵਿੱਚ ਊਧਵ ਠਾਕਰੇ ਦੀ ਸ਼ਿਵ ਸੈਨਾ ਦੇ ਛੇ ਸੰਸਦ ਮੈਂਬਰਾਂ ਨੇ ਪਾਲਾ ਬਦਲ ਲਿਆ ਅਤੇ ਸ਼ਿੰਦੇ ਧੜੇ ਵਿੱਚ ਸ਼ਾਮਲ ਹੋ ਗਏ, ਜੋ ਪਹਿਲਾਂ ਤੋਂ ਹੀ ਐੱਨਡੀਏ ਦਾ ਭਾਈਵਾਲ ਹੈ। ਇਸ ਤਰ੍ਹਾਂ ਐੱਨਡੀਏ ਦੀ ਗਿਣਤੀ ਵੱਧ ਕੇ 319 ਹੋ ਗਈ ਸੀ।

ਡੀਐੱਮਕੇ ਨੇ ਪਿਛਲੀ ਵਾਰ ਡੀਲਿਮਿਟੇਸ਼ਨ ਬਿੱਲ ਦਾ ਵਿਰੋਧ ਕੀਤਾ ਸੀ। ਪਰ ਇਸ ਵਾਰ ਉਸ ਨੇ ਸਮਰਥਨ ਦੇਣ ਦੇ ਸੰਕੇਤ ਦਿੱਤੇ ਹਨ।

ਸ਼ੁੱਕਰਵਾਰ ਨੂੰ ਡੀਐੱਮਕੇ ਦੇ ਬੁਲਾਰੇ ਟੀਕੇਐੱਸ ਇਲਾਂਗੋਵਨ ਨੇ ਏਐੱਨਆਈ ਨੂੰ ਕਿਹਾ, "ਜੇ ਇਹ (ਨਵਾਂ) ਬਿੱਲ ਸਾਨੂੰ ਮਨਜ਼ੂਰ ਹੋਵੇਗਾ ਤਾਂ ਅਸੀਂ ਇਸ ਦਾ ਸਮਰਥਨ ਕਰਾਂਗੇ।"

ਲੋਕ ਸਭਾ ਵਿੱਚ ਡੀਐੱਮਕੇ ਦੇ 22 ਸੰਸਦ ਮੈਂਬਰ ਹਨ। ਤਾਮਿਲਨਾਡੂ ਵਿੱਚ ਹਾਰ ਤੋਂ ਬਾਅਦ ਕਾਂਗਰਸ ਦੇ ਵੱਖ ਹੋ ਜਾਣ ਕਾਰਨ ਡੀਐੱਮਕੇ ਨੇ ਇੰਡੀਆ ਗੱਠਜੋੜ ਦਾ ਸਾਥ ਛੱਡ ਦਿੱਤਾ।

ਇੰਡੀਅਨ ਐਕਸਪ੍ਰੈੱਸ ਮੁਤਾਬਕ, ਡੀਐੱਮਕੇ ਦੇ ਇੱਕ ਆਗੂ ਨੇ ਮੰਨਿਆ ਕਿ ਸਰਕਾਰ ਨੇ ਉਨ੍ਹਾਂ ਨਾਲ ਸੰਪਰਕ ਕੀਤਾ ਸੀ ਅਤੇ ਜੇ ਤਾਮਿਲਨਾਡੂ ਦੀਆਂ ਲੋਕ ਸਭਾ ਸੀਟਾਂ ਵਿੱਚ ਮੌਜੂਦਾ ਲਗਭਗ 7.2 ਫ਼ੀਸਦੀ ਹਿੱਸੇਦਾਰੀ ਬਰਕਰਾਰ ਰੱਖਣ ਦੀ ਗਾਰੰਟੀ ਮਿਲਦੀ ਹੈ ਤਾਂ ਪਾਰਟੀ ਡੀਲਿਮਿਟੇਸ਼ਨ ਦਾ ਸਮਰਥਨ ਕਰ ਸਕਦੀ ਹੈ।

ਐੱਨਸੀਪੀ (ਸ਼ਰਦ ਪਵਾਰ) ਦੀ ਆਗੂ ਸੁਪ੍ਰਿਆ ਸੁਲੇ ਨੇ ਬਿੱਲ ਦੇ ਸਮਰਥਨ ਦੇ ਸੰਕੇਤ ਦਿੱਤੇ ਸਨ, ਹਾਲਾਂਕਿ ਸ਼ੁੱਕਰਵਾਰ ਨੂੰ ਉਨ੍ਹਾਂ ਨੇ ਕੋਈ ਟਿੱਪਣੀ ਕਰਨ ਤੋਂ ਇਨਕਾਰ ਕਰ ਦਿੱਤਾ। ਲੋਕ ਸਭਾ ਵਿੱਚ ਪਾਰਟੀ ਦੇ ਅੱਠ ਸੰਸਦ ਮੈਂਬਰ ਹਨ।

ਸੁਪ੍ਰਿਆ ਸੁਲੇ ਨੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਪਿਛਲੇ ਬੁੱਧਵਾਰ ਨੂੰ ਕਿਹਾ ਸੀ, "ਵਿਰੋਧੀ ਧਿਰ ਨੇ ਅਤੀਤ ਵਿੱਚ ਕਈ ਮੁੱਦਿਆਂ ਦਾ ਸਮਰਥਨ ਕੀਤਾ ਹੈ, ਜਿਵੇਂ ਪਹਿਲਗਾਮ ਮਾਮਲਾ, ਜੀਐੱਸਟੀ ਬਿੱਲ, ਮਹਿਲਾ ਰਾਖਵਾਂਕਰਨ ਬਿੱਲ, ਜਿਸ ਨੂੰ ਅਸੀਂ ਸਰਬਸੰਮਤੀ ਨਾਲ ਪਾਸ ਕੀਤਾ ਸੀ। ਦੇਸ਼ ਦੇ ਹਿੱਤ ਵਿੱਚ ਚਰਚਾ ਹੋਣੀ ਚਾਹੀਦੀ ਹੈ।"

ਜੇ ਲੋਕ ਸਭਾ ਵਿੱਚ ਮਨਜ਼ੂਰੀ ਮਿਲ ਜਾਂਦੀ ਹੈ ਤਾਂ ਬਿੱਲ ਰਾਜ ਸਭਾ ਦੀ ਬੈਠਕ ਵਿੱਚ ਪੇਸ਼ ਕੀਤੇ ਜਾਣ ਦੀ ਉਮੀਦ ਹੈ। 245 ਮੈਂਬਰਾਂ ਵਾਲੀ ਰਾਜ ਸਭਾ ਵਿੱਚ ਐੱਨਡੀਏ ਦੇ 142 ਸੰਸਦ ਮੈਂਬਰ ਹਨ। ਸੰਵਿਧਾਨਕ ਸੋਧ ਲਈ 161 ਮੈਂਬਰਾਂ ਦਾ ਸਮਰਥਨ ਜ਼ਰੂਰੀ ਹੋਵੇਗਾ। ਅਜਿਹੇ ਵਿੱਚ ਸੱਤਾਧਾਰੀ ਗੱਠਜੋੜ ਨੂੰ 19 ਸੰਸਦ ਮੈਂਬਰਾਂ ਦੇ ਸਮਰਥਨ ਦੀ ਲੋੜ ਹੈ।

ਰਾਜ ਸਭਾ ਵਿੱਚ ਡੀਐੱਮਕੇ ਦੇ ਅੱਠ ਅਤੇ ਐੱਨਸੀਪੀ (ਸ਼ਰਦ ਪਵਾਰ) ਦਾ ਇੱਕ ਸੰਸਦ ਮੈਂਬਰ ਹੈ। ਖੇਤਰੀ ਪਾਰਟੀਆਂ ਸਮੇਤ ਐੱਨਡੀਏ ਤੋਂ ਬਾਹਰ ਦੀਆਂ ਪਾਰਟੀਆਂ ਦੇ ਲਗਭਗ 100 ਸੰਸਦ ਮੈਂਬਰ ਹਨ। ਭਾਜਪਾ ਨੂੰ ਭਰੋਸਾ ਹੈ ਕਿ ਉਹ ਲੋੜੀਂਦੀ ਗਿਣਤੀ ਜੁਟਾਉਣ ਵਿੱਚ ਸਫ਼ਲ ਹੋਵੇਗੀ।

ਬੀਬੀਸੀ ਲਈ ਕਲੈਕਟਿਵ ਨਿਊਜ਼ਰੂਮ ਵੱਲੋਂ ਪ੍ਰਕਾਸ਼ਿਤ

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTER, WhatsApp ਅਤੇ YouTube 'ਤੇ ਜੁੜੋ।)