ਡੌਲੀ ਨੂੰ 26 ਸਾਲ ਦੀ ਉਮਰ ਵਿੱਚ ਪਤਾ ਲੱਗਿਆ ਕਿ ਉਹ ਕਿਸੇ ਵੀ ਦੇਸ਼ ਦੀ ਨਾਗਰਿਕ ਨਹੀਂ ਹੈ, ਫਿਰ ਕੀ ਹੋਇਆ?

ਤਸਵੀਰ ਸਰੋਤ, BIPIN TANKARIA
- ਲੇਖਕ, ਗੋਪਾਲ ਕਟੇਸ਼ੀਆ
- ਰੋਲ, ਬੀਬੀਸੀ ਪੱਤਰਕਾਰ
- ਪ੍ਰਕਾਸ਼ਿਤ
- ਪੜ੍ਹਨ ਦਾ ਸਮਾਂ: 9 ਮਿੰਟ
ਗੁਜਰਾਤ ਦੇ ਰਾਜਕੋਟ ਦੇ ਇੱਕ ਹਸਪਤਾਲ ਵਿੱਚ ਡੌਲੀ ਬਰਾਈ ਨਾਮ ਦੀ 26 ਸਾਲਾ ਮਹਿਲਾ ਡਾਇਟੀਸ਼ੀਅਨ ਵਜੋਂ ਕੰਮ ਕਰਦੀ ਸੀ।
ਉਸਦਾ ਵਿਆਹ ਖਿਲਨ ਵਡਾਲਿਆ ਨਾਮ ਦੇ ਇੱਕ ਨੌਜਵਾਨ ਨਾਲ ਹੋਇਆ, ਜੋ ਕੈਨੇਡਾ ਦੇ ਕੈਲਗਰੀ ਸ਼ਹਿਰ ਵਿੱਚ ਨੌਕਰੀ ਕਰਦਾ ਹੈ।
ਵਿਆਹ ਸਮਾਗਮ ਅਤੇ ਹੋਰ ਰਸਮਾਂ ਪੂਰੀਆਂ ਹੋਣ ਤੋਂ ਬਾਅਦ ਵਡਾਲਿਆ ਪਰਿਵਾਰ ਨੇ ਡੌਲੀ ਨੂੰ ਵੀ ਉਸਦੇ ਪਤੀ ਨਾਲ ਕੈਨੇਡਾ ਭੇਜਣ ਦਾ ਫ਼ੈਸਲਾ ਕੀਤਾ। ਪਰ ਉਨ੍ਹਾਂ ਨੂੰ ਵੱਡਾ ਝਟਕਾ ਲੱਗਿਆ।
ਉਨ੍ਹਾਂ ਨੂੰ ਪਤਾ ਲੱਗਿਆ ਕਿ ਡੌਲੀ ਦੁਨੀਆ ਦੇ ਕਿਸੇ ਵੀ ਦੇਸ਼ ਦੀ ਨਾਗਰਿਕ ਨਹੀਂ ਹੈ।
ਇਸ ਕਰਕੇ ਡੌਲੀ ਦੇ ਕੈਨੇਡਾ ਜਾਣ ਦੀ ਯੋਜਨਾ ਅਧੂਰੀ ਰਹਿ ਗਈ।
ਉਸ ਨੇ ਸੂਬਾ ਅਤੇ ਕੇਂਦਰ ਸਰਕਾਰ ਦੇ ਵੱਖ-ਵੱਖ ਦਫ਼ਤਰਾਂ ਨਾਲ ਸੰਪਰਕ ਕੀਤਾ ਅਤੇ ਅਧਿਕਾਰੀਆਂ ਅੱਗੇ ਆਪਣੀ ਗੱਲ ਰੱਖਦਿਆਂ ਕਿਹਾ ਕਿ ਉਹ 25 ਦਿਨ ਦੀ ਉਮਰ ਤੋਂ ਰਾਜਕੋਟ ਵਿੱਚ ਹੀ ਰਹਿ ਰਹੀ ਹੈ।
ਉਸ ਨੇ ਰਾਜਕੋਟ ਵਿੱਚ ਹੀ ਪੜ੍ਹਾਈ ਕੀਤੀ ਹੈ ਅਤੇ ਉੱਥੇ ਹੀ ਕੰਮ ਕਰਦੀ ਹੈ। ਇਸ ਲਈ ਉਹ ਭਾਰਤ ਦੀ ਨਾਗਰਿਕ ਹੈ।
ਪਰ ਅਧਿਕਾਰੀਆਂ ਨੇ ਵੱਖ-ਵੱਖ ਕਾਨੂੰਨਾਂ ਦਾ ਹਵਾਲਾ ਦਿੰਦਿਆਂ ਡੌਲੀ ਵਡਾਲਿਆ ਦੀਆਂ ਦਲੀਲਾਂ ਸਵੀਕਾਰ ਨਹੀਂ ਕੀਤੀਆਂ। ਇਸ ਤੋਂ ਬਾਅਦ ਉਸ ਨੇ ਗੁਜਰਾਤ ਹਾਈ ਕੋਰਟ ਦਾ ਦਰਵਾਜ਼ਾ ਖੜਕਾਇਆ, ਪਰ ਉੱਥੋਂ ਵੀ ਉਸਨੂੰ ਕੋਈ ਰਾਹਤ ਨਹੀਂ ਮਿਲੀ।
ਪਰਿਵਾਰ ਤਣਾਅ ਵਿੱਚ ਸੀ। ਵਿਆਹ ਦੇ ਤਿੰਨ ਸਾਲ ਬਾਅਦ ਵੀ ਪਤਨੀ ਰਾਜਕੋਟ ਵਿੱਚ ਅਤੇ ਪਤੀ ਕੈਨੇਡਾ ਵਿੱਚ, ਦੋਵੇਂ ਮਜਬੂਰੀ ਵੱਸ ਦੁਨੀਆ ਦੇ ਦੋ ਵੱਖ-ਵੱਖ ਮਹਾਂਦੀਪਾਂ ਵਿੱਚ ਰਹਿ ਰਹੇ ਹਨ।
ਹਾਲਾਂਕਿ, ਉਸਦੇ ਮਾਮਲੇ ਨੂੰ ਲੈ ਕੇ ਸਥਾਨਕ ਨੇਤਾਵਾਂ ਨੇ ਕੇਂਦਰ ਸਰਕਾਰ ਅੱਗੇ ਗੱਲ ਰੱਖੀ, ਜਿਸ ਤੋਂ ਬਾਅਦ ਹੁਣ ਡੌਲੀ ਵਡਾਲਿਆ ਨੂੰ ਉਮੀਦ ਦੀ ਇੱਕ ਕਿਰਨ ਨਜ਼ਰ ਆਈ ਹੈ।
ਕਾਰੋਬਾਰ ਕਰਨ ਲਈ ਗਏ ਬਰਾਈ ਪਰਿਵਾਰ ਨੇ ਮੋਜ਼ਾਮਬੀਕ ਰਾਤੋ-ਰਾਤ ਕਿਉਂ ਛੱਡਿਆ?

ਤਸਵੀਰ ਸਰੋਤ, BIPIN TANKARIA
ਡੌਲੀ ਵਡਾਲਿਆ ਨੇ ਬੀਬੀਸੀ ਨੂੰ ਦੱਸਿਆ ਕਿ ਉਨ੍ਹਾਂ ਦੇ ਪਿਤਾ ਕੇਤਨ ਬਰਾਈ 1995 ਵਿੱਚ ਕਾਰੋਬਾਰ ਕਰਨ ਲਈ ਅਫ਼ਰੀਕੀ ਮਹਾਂਦੀਪ ਦੇ ਪੂਰਬੀ ਹਿੱਸੇ ਵਿੱਚ ਸਥਿਤ ਦੇਸ਼ ਮੋਜ਼ਾਮਬੀਕ ਗਏ ਸਨ। ਉਨ੍ਹਾਂ ਦੇ ਪਰਿਵਾਰ ਦੇ ਕੁਝ ਮੈਂਬਰ ਪਹਿਲਾਂ ਤੋਂ ਹੀ ਉੱਥੇ ਰਹਿੰਦੇ ਸਨ।
ਡੌਲੀ ਦੇ ਪਿਤਾ ਨੇ ਮੋਜ਼ਾਮਬੀਕ ਦੇ ਸਮੁੰਦਰੀ ਤੱਟ 'ਤੇ ਸਥਿਤ ਸ਼ਾਈ-ਸ਼ਾਈ ਸ਼ਹਿਰ ਵਿੱਚ ਕਰਿਆਨੇ ਦੀ ਇੱਕ ਦੁਕਾਨ ਖੋਲ੍ਹੀ।
ਇਸ ਤੋਂ ਬਾਅਦ ਉਨ੍ਹਾਂ ਦੀ ਪਤਨੀ ਆਰਤੀ ਬਰਾਈ ਵੀ ਮੋਜ਼ਾਮਬੀਕ ਚਲੀ ਗਈ। ਫ਼ਰਵਰੀ 2000 ਵਿੱਚ ਉੱਥੇ ਇਸ ਜੋੜੇ ਦੇ ਘਰ ਇੱਕ ਧੀ ਦਾ ਜਨਮ ਹੋਇਆ, ਜਿਸ ਦਾ ਨਾਮ ਉਨ੍ਹਾਂ ਨੇ ਡੌਲੀ ਰੱਖਿਆ।
ਡੌਲੀ ਦੇ ਮਾਪਿਆਂ ਨੇ ਮੋਜ਼ਾਮਬੀਕ ਸਰਕਾਰ ਤੋਂ ਉਸਦਾ ਜਨਮ ਸਰਟੀਫਿਕੇਟ ਵੀ ਬਣਵਾ ਲਿਆ ਸੀ।
ਡੌਲੀ ਵਡਾਲਿਆ ਕਹਿੰਦੇ ਹਨ, "ਮੇਰੇ ਜਨਮ ਦੇ ਕੁਝ ਦਿਨਾਂ ਬਾਅਦ ਹੀ ਮੋਜ਼ਾਮਬੀਕ ਵਿੱਚ ਇੱਕ ਤੂਫ਼ਾਨ ਆਇਆ। ਇਸ ਕਾਰਨ ਸ਼ਾਈ-ਸ਼ਾਈ ਵਿੱਚ ਬਹੁਤ ਜ਼ਿਆਦਾ ਮੀਂਹ ਪਿਆ ਅਤੇ ਭਿਆਨਕ ਹੜ੍ਹ ਆ ਗਏ। ਇਸ ਵਿੱਚ ਮੇਰੇ ਮਾਪਿਆਂ ਨੇ ਜੋ ਕੁਝ ਵੀ ਬਣਾਇਆ ਸੀ, ਸਭ ਕੁਝ ਤਬਾਹ ਹੋ ਗਿਆ।"
"ਕਰੀਬ 18 ਦਿਨ ਬਾਅਦ ਸਾਨੂੰ ਹੜ੍ਹ ਪ੍ਰਭਾਵਿਤ ਇਲਾਕੇ ਤੋਂ ਬਚਾਇਆ ਗਿਆ। ਮੇਰੇ ਮਾਪੇ ਹੜ੍ਹ ਵਿੱਚ ਸਭ ਕੁਝ ਗੁਆ ਚੁੱਕੇ ਸਨ, ਇਸ ਲਈ ਉਹ ਮੈਨੂੰ ਲੈ ਕੇ ਰਾਜਕੋਟ ਵਾਪਸ ਆ ਗਏ।"
ਡੌਲੀ ਦੇ ਜਨਮ ਤੋਂ ਕੁਝ ਹੀ ਦਿਨਾਂ ਬਾਅਦ ਸ਼ਾਈ-ਸ਼ਾਈ ਵਿੱਚ ਕੁਦਰਤੀ ਆਫ਼ਤ ਆ ਜਾਣ ਕਾਰਨ ਕੇਤਨ ਅਤੇ ਆਰਤੀ ਡੌਲੀ ਲਈ ਨਾ ਤਾਂ ਮੋਜ਼ਾਮਬੀਕ ਸਰਕਾਰ ਅਤੇ ਨਾ ਹੀ ਭਾਰਤ ਸਰਕਾਰ ਤੋਂ ਪਾਸਪੋਰਟ ਬਣਵਾ ਸਕੇ।
ਪਰਿਵਾਰ ਦਾ ਕਹਿਣਾ ਹੈ ਕਿ ਉਸ ਵੇਲੇ ਮੋਜ਼ਾਮਬੀਕ ਵਿੱਚ ਭਾਰਤੀ ਕੌਂਸਲੇਟ ਵੱਲੋਂ ਜਾਰੀ ਕੀਤੇ ਇੱਕ ਐਮਰਜੈਂਸੀ ਸਰਟੀਫਿਕੇਟ ਦੇ ਆਧਾਰ 'ਤੇ ਜੋੜੇ ਨੂੰ ਆਪਣੀ ਧੀ ਨਾਲ ਮੋਜ਼ਾਮਬੀਕ ਛੱਡਣ ਅਤੇ ਭਾਰਤ ਆਉਣ ਦੀ ਇਜਾਜ਼ਤ ਮਿਲੀ ਸੀ।
ਉਸ ਐਮਰਜੈਂਸੀ ਸਰਟੀਫਿਕੇਟ ਦੇ ਆਧਾਰ 'ਤੇ ਬਰਾਈ ਜੋੜਾ ਆਪਣੀ ਨਵਜੰਮੀ ਧੀ ਡੌਲੀ ਨੂੰ ਲੈ ਕੇ 14 ਮਾਰਚ 2000 ਨੂੰ ਭਾਰਤ ਵਾਪਸ ਆ ਗਿਆ।
ਇਸ ਤੋਂ ਬਾਅਦ ਉਹ ਕਦੇ ਵੀ ਮੋਜ਼ਾਮਬੀਕ ਨਹੀਂ ਗਏ ਅਤੇ ਰਾਜਕੋਟ ਵਿੱਚ ਹੀ ਵੱਸ ਗਏ।
ਡੌਲੀ ਨੂੰ ਸਕੂਲ ਵਿੱਚ ਦਾਖ਼ਲਾ ਕਿਵੇਂ ਮਿਲ ਗਿਆ?
ਰਾਜਕੋਟ ਵਾਪਸ ਆਉਣ ਤੋਂ ਬਾਅਦ ਜਦੋਂ ਡੌਲੀ ਵੱਡੀ ਹੋਈ, ਤਾਂ ਉਸਦੇ ਮਾਪੇ ਉਸਨੂੰ ਸ਼ਹਿਰ ਦੇ ਇੱਕ ਸਕੂਲ ਵਿੱਚ ਦਾਖ਼ਲ ਕਰਵਾਉਣ ਲਈ ਗਏ।
ਡੌਲੀ ਕਹਿੰਦੇ ਹਨ, "ਮੋਜ਼ਾਮਬੀਕ ਸਰਕਾਰ ਵੱਲੋਂ ਜਾਰੀ ਕੀਤਾ ਮੇਰਾ ਜਨਮ ਸਰਟੀਫਿਕੇਟ ਪੁਰਤਗਾਲੀ ਭਾਸ਼ਾ ਵਿੱਚ ਸੀ। ਇਸ ਦੇ ਆਧਾਰ 'ਤੇ ਹੀ ਮੈਨੂੰ ਸਕੂਲ ਵਿੱਚ ਦਾਖ਼ਲਾ ਮਿਲ ਗਿਆ ਅਤੇ ਮੇਰਾ ਨਾਮ ਸਕੂਲ ਦੇ ਜਨਰਲ ਰਜਿਸਟਰ ਵਿੱਚ ਦਰਜ ਕਰ ਲਿਆ ਗਿਆ।"
"ਸਕੂਲ ਦੀ ਪੜ੍ਹਾਈ ਪੂਰੀ ਹੋਣ ਤੋਂ ਬਾਅਦ ਮੈਨੂੰ ਸਕੂਲ ਵੱਲੋਂ ਸਕੂਲ ਲੀਵਿੰਗ ਸਰਟੀਫਿਕੇਟ (ਸਕੂਲ ਛੱਡਣ ਦਾ ਪ੍ਰਮਾਣ ਪੱਤਰ) ਦਿੱਤਾ ਗਿਆ।"
"ਇਸ ਵਿੱਚ ਵੀ ਦਰਜ ਸੀ ਕਿ ਮੇਰਾ ਜਨਮ ਮੋਜ਼ਾਮਬੀਕ ਵਿੱਚ ਹੋਇਆ ਹੈ। ਇਸ ਤਰ੍ਹਾਂ ਮੇਰੇ ਕੋਲ ਸਕੂਲ ਲੀਵਿੰਗ ਸਰਟੀਫਿਕੇਟ ਦੇ ਰੂਪ ਵਿੱਚ ਜਨਮ ਨਾਲ ਜੁੜਿਆ ਇੱਕ ਹੋਰ ਦਸਤਾਵੇਜ਼ ਆ ਗਿਆ।"
ਡੌਲੀ ਦੱਸਦੇ ਹਨ ਕਿ ਜਨਮ ਸਰਟੀਫਿਕੇਟ ਅਤੇ ਸਕੂਲ ਲੀਵਿੰਗ ਸਰਟੀਫਿਕੇਟ ਦੇ ਆਧਾਰ 'ਤੇ ਉਸਨੂੰ ਕਾਲਜ ਵਿੱਚ ਵੀ ਦਾਖ਼ਲਾ ਮਿਲ ਗਿਆ।
ਉਸਨੇ ਵਿਗਿਆਨ ਵਿਸ਼ੇ ਵਿੱਚ ਬੈਚੁਲਰ ਡਿਗਰੀ ਹਾਸਲ ਕੀਤੀ। ਇਸ ਤੋਂ ਬਾਅਦ ਹੋਮ ਸਾਇੰਸ (ਫੂਡ ਐਂਡ ਨਿਊਟ੍ਰੀਸ਼ਨ) ਵਿੱਚ ਮਾਸਟਰ ਡਿਗਰੀ ਵੀ ਪ੍ਰਾਪਤ ਕੀਤੀ।
ਭਾਰਤ ਸਰਕਾਰ ਨੇ ਉਸਨੂੰ ਆਧਾਰ ਕਾਰਡ, ਵੋਟਰ ਪਛਾਣ ਪੱਤਰ ਅਤੇ ਪੈਨ ਕਾਰਡ ਵੀ ਜਾਰੀ ਕੀਤੇ।
ਡੌਲੀ ਕਹਿੰਦੇ ਹਨ ਕਿ ਹੋਰ ਕੁੜੀਆਂ ਅਤੇ ਨੌਜਵਾਨ ਮਹਿਲਾਵਾਂ ਵਾਂਗ ਉਸਦੀ ਜ਼ਿੰਦਗੀ ਵੀ ਆਮ ਵਾਂਗ ਚੱਲ ਰਹੀ ਸੀ। ਪਰ ਵਿਆਹ ਤੋਂ ਬਾਅਦ ਉਸਦੀ ਜ਼ਿੰਦਗੀ ਵਿੱਚ ਖੁਸ਼ੀਆਂ ਆਉਣ ਦੀ ਬਜਾਏ ਮੰਨੋ ਭੂਚਾਲ ਆ ਗਿਆ ਹੋਵੇ।
ਵਿਆਹ ਤੋਂ ਬਾਅਦ ਡੌਲੀ ਨੂੰ ਕਿਹਾ ਗਿਆ ਕਿ ਉਹ ਦੁਨੀਆ ਦੇ ਕਿਸੇ ਵੀ ਦੇਸ਼ ਦੀ ਨਾਗਰਿਕ ਨਹੀਂ ਹੈ

ਤਸਵੀਰ ਸਰੋਤ, BIPIN TANKARIA
ਡੌਲੀ ਕਹਿੰਦੇ ਹਨ ਕਿ ਉਹ ਇਸ ਵਿਸ਼ਵਾਸ ਨਾਲ ਵੱਡੀ ਹੋਈ ਸੀ ਕਿ ਉਹ ਭਾਰਤ ਦੀ ਨਾਗਰਿਕ ਹੈ।
ਜੁਲਾਈ 2023 ਵਿੱਚ ਉਸਦਾ ਵਿਆਹ ਖਿਲਨ ਵਡਾਲਿਆ ਨਾਲ ਹੋਇਆ। ਮੂਲ ਰੂਪ ਵਿੱਚ ਰਾਜਕੋਟ ਦੇ ਰਹਿਣ ਵਾਲੇ ਖਿਲਨ ਕੋਲ ਕੈਨੇਡਾ ਦਾ ਵਰਕ ਪਰਮਿਟ ਹੈ ਅਤੇ ਉਹ ਉੱਥੇ ਕੈਲਗਰੀ ਸ਼ਹਿਰ ਵਿੱਚ ਕੰਮ ਕਰਦੇ ਹਨ।
ਵਿਆਹ ਤੋਂ ਬਾਅਦ ਪਰਿਵਾਰ ਨੇ ਡੌਲੀ ਨੂੰ ਵੀ ਉਸਦੇ ਪਤੀ ਨਾਲ ਰਹਿਣ ਲਈ ਕੈਨੇਡਾ ਭੇਜਣ ਦਾ ਫ਼ੈਸਲਾ ਕੀਤਾ।
ਵੀਜ਼ਾ ਲਈ ਅਰਜ਼ੀ ਦੇਣ ਵਾਸਤੇ ਕਿਸੇ ਦੇਸ਼ ਦਾ ਵੈਧ ਪਾਸਪੋਰਟ ਹੋਣਾ ਜ਼ਰੂਰੀ ਸੀ।
ਇਸ ਲਈ ਡੌਲੀ ਨੇ ਭਾਰਤੀ ਪਾਸਪੋਰਟ ਬਣਵਾਉਣ ਲਈ ਸਤੰਬਰ 2023 ਵਿੱਚ ਅਰਜ਼ੀ ਦਿੱਤੀ ਅਤੇ ਅਹਿਮਦਾਬਾਦ ਸਥਿਤ ਖੇਤਰੀ ਪਾਸਪੋਰਟ ਦਫ਼ਤਰ ਨਾਲ ਸੰਪਰਕ ਕੀਤਾ।
ਡੌਲੀ ਦੇ ਜੇਠ ਰੋਨਕ ਵਡਾਲਿਆ ਨੇ ਬੀਬੀਸੀ ਗੁਜਰਾਤੀ ਨੂੰ ਦੱਸਿਆ, "ਪਾਸਪੋਰਟ ਦਫ਼ਤਰ ਦੇ ਅਧਿਕਾਰੀਆਂ ਨੇ ਡੌਲੀ ਦਾ ਜਨਮ ਸਰਟੀਫਿਕੇਟ ਮੰਗਿਆ। ਅਸੀਂ ਮੋਜ਼ਾਮਬੀਕ ਸਰਕਾਰ ਵੱਲੋਂ ਜਾਰੀ ਕੀਤਾ ਸਰਟੀਫਿਕੇਟ ਜਮ੍ਹਾਂ ਕਰਵਾ ਦਿੱਤਾ।"
"ਪਰ ਪਾਸਪੋਰਟ ਦਫ਼ਤਰ ਦੇ ਅਧਿਕਾਰੀਆਂ ਨੇ ਉਸਨੂੰ ਵੈਧ ਨਹੀਂ ਮੰਨਿਆ ਅਤੇ ਸਾਡੀ ਅਰਜ਼ੀ ਰੱਦ ਕਰ ਦਿੱਤੀ। ਉਨ੍ਹਾਂ ਸਾਨੂੰ ਕਿਹਾ ਕਿ ਡੌਲੀ ਨੂੰ ਇਹ ਸਾਬਤ ਕਰਨਾ ਹੋਵੇਗਾ ਕਿ ਉਹ ਭਾਰਤ ਦੀ ਨਾਗਰਿਕ ਹੈ।"
ਇਸ ਤੋਂ ਬਾਅਦ ਡੌਲੀ ਨੇ ਮੋਜ਼ਾਮਬੀਕ ਵਿੱਚ ਭਾਰਤੀ ਕੌਂਸਲੇਟ ਦੇ ਅਧਿਕਾਰੀਆਂ ਤੋਂ ਆਪਣੇ ਜਨਮ ਸਰਟੀਫਿਕੇਟ ਦੀ ਤਸਦੀਕ ਕਰਵਾਈ।
ਉਸ ਨੇ ਕੁਝ ਵਾਧੂ ਦਸਤਾਵੇਜ਼ਾਂ ਦੇ ਨਾਲ ਮਾਰਚ 2025 ਵਿੱਚ ਇੱਕ ਵਾਰ ਫਿਰ ਪਾਸਪੋਰਟ ਲਈ ਅਰਜ਼ੀ ਦਿੱਤੀ। ਹਾਲਾਂਕਿ, ਪਾਸਪੋਰਟ ਦਫ਼ਤਰ ਨੇ ਇਸ ਵਾਰ ਵੀ ਉਸਦੀ ਅਰਜ਼ੀ ਸਵੀਕਾਰ ਨਹੀਂ ਕੀਤੀ ਅਤੇ ਕਿਹਾ ਕਿ ਉਹ ਭਾਰਤੀ ਨਾਗਰਿਕਤਾ ਸਾਬਤ ਨਹੀਂ ਕਰ ਸਕੀ ਹੈ।
ਇਸ ਤੋਂ ਬਾਅਦ ਡੌਲੀ ਨੇ ਰਾਜਕੋਟ ਵਾਪਸ ਆ ਕੇ ਭਾਰਤੀ ਨਾਗਰਿਕਤਾ ਦਾ ਸਰਟੀਫਿਕੇਟ ਹਾਸਲ ਕਰਨ ਲਈ ਜ਼ਿਲ੍ਹਾ ਕਲੈਕਟਰ ਦਫ਼ਤਰ ਨਾਲ ਸੰਪਰਕ ਕੀਤਾ।
ਡੌਲੀ ਕਹਿੰਦੇ ਹਨ, "ਅਧਿਕਾਰੀਆਂ ਨੇ ਮੈਨੂੰ ਕਿਹਾ ਕਿ ਭਾਰਤੀ ਨਾਗਰਿਕ ਬਣਨ ਲਈ ਮੈਨੂੰ ਕਿਸੇ ਹੋਰ ਦੇਸ਼ ਦਾ ਪਾਸਪੋਰਟ ਜਮ੍ਹਾਂ ਕਰਵਾਉਣਾ ਹੋਵੇਗਾ। ਇਸ ਤੋਂ ਬਾਅਦ ਹੀ ਮੈਨੂੰ ਭਾਰਤੀ ਨਾਗਰਿਕਤਾ ਮਿਲ ਸਕੇਗੀ।"
"ਅਸੀਂ ਦਿੱਲੀ ਵਿੱਚ ਮੋਜ਼ਾਮਬੀਕ ਦੇ ਹਾਈ ਕਮਿਸ਼ਨ ਨਾਲ ਸੰਪਰਕ ਕੀਤਾ।"
"ਪਰ ਉਨ੍ਹਾਂ ਨੇ ਮੈਨੂੰ ਸਾਫ਼ ਦੱਸ ਦਿੱਤਾ ਕਿ ਮੈਂ ਮੋਜ਼ਾਮਬੀਕ ਦੀ ਨਾਗਰਿਕ ਨਹੀਂ ਹਾਂ। ਵੈਸੇ ਵੀ ਮੇਰੇ ਕੋਲ ਕਦੇ ਮੋਜ਼ਾਮਬੀਕ ਦਾ ਪਾਸਪੋਰਟ ਸੀ ਹੀ ਨਹੀਂ। ਅਜਿਹੇ ਵਿੱਚ ਮੈਂ ਕੀ ਜਮ੍ਹਾਂ ਕਰਵਾਉਂਦੀ? ਮੈਂ ਤਾਂ ਸਟੇਟਲੈੱਸ (ਕਿਸੇ ਵੀ ਦੇਸ਼ ਦੀ ਨਾਗਰਿਕਤਾ ਨਾ ਰੱਖਣ ਵਾਲੀ ਵਿਅਕਤੀ) ਬਣ ਗਈ। ਇਸ ਨਾਲ ਮੇਰੀ ਚਿੰਤਾ ਹੋਰ ਵੀ ਵੱਧ ਗਈ।"
ਹਾਈ ਕੋਰਟ ਦਾ ਦਰਵਾਜ਼ਾ ਖੜਕਾਇਆ, ਪਰ ਰਾਹਤ ਕਿਉਂ ਨਹੀਂ ਮਿਲੀ?

ਤਸਵੀਰ ਸਰੋਤ, Parshottam Rupala/FB
ਰੋਨਕ ਵਡਾਲਿਆ ਦੱਸਦੇ ਹਨ ਕਿ ਕਾਗਜ਼ਾਂ ਵਿੱਚ ਡੌਲੀ ਦੇ ਸਟੇਟਲੈੱਸ, ਯਾਨੀ ਕਿਸੇ ਵੀ ਦੇਸ਼ ਦੀ ਨਾਗਰਿਕਤਾ ਨਾ ਰੱਖਣ ਵਾਲੀ ਮਹਿਲਾ ਬਣ ਜਾਣ ਕਾਰਨ ਵਡਾਲਿਆ ਅਤੇ ਬਰਾਈ ਪਰਿਵਾਰ ਤਣਾਅ ਵਿੱਚ ਆ ਗਏ।
ਰੋਨਕ ਵਡਾਲਿਆ ਕਹਿੰਦੇ ਹਨ, "ਅਸੀਂ ਸਾਰੇ ਬਹੁਤ ਪਰੇਸ਼ਾਨ ਸੀ। ਸਾਨੂੰ ਸਮਝ ਨਹੀਂ ਆ ਰਿਹਾ ਸੀ ਕਿ ਹੁਣ ਕੀ ਕਰੀਏ, ਕਿਸ ਨੂੰ ਮਿਲੀਏ ਅਤੇ ਕਿਹੜੇ ਦਸਤਾਵੇਜ਼ਾਂ ਲਈ ਕਿਸ ਕੋਲ ਅਰਜ਼ੀ ਦੇਈਏ। ਨਿਯਮ ਇਹ ਹੈ ਕਿ ਜੇ ਕੋਈ ਭਾਰਤੀ ਵਿਦੇਸ਼ ਵਿੱਚ ਰਹਿੰਦਾ ਹੈ ਅਤੇ ਉੱਥੇ ਉਸਦੇ ਬੱਚੇ ਦਾ ਜਨਮ ਹੁੰਦਾ ਹੈ, ਤਾਂ ਬੱਚੇ ਦੇ ਜਨਮ ਦੇ ਇੱਕ ਸਾਲ ਦੇ ਅੰਦਰ ਉਸ ਦੇਸ਼ ਵਿੱਚ ਸਥਿਤ ਭਾਰਤੀ ਹਾਈ ਕਮਿਸ਼ਨ ਜਾਂ ਕੌਂਸਲੇਟ ਵਿੱਚ ਉਸਦਾ ਰਜਿਸਟ੍ਰੇਸ਼ਨ ਕਰਵਾਉਣਾ ਹੁੰਦਾ ਹੈ। ਅਜਿਹਾ ਕਰਨ 'ਤੇ ਬੱਚੇ ਨੂੰ ਵਿਰਾਸਤ ਵਿੱਚ ਭਾਰਤੀ ਨਾਗਰਿਕਤਾ ਮਿਲ ਜਾਂਦੀ ਹੈ।"
"ਪਰ ਡੌਲੀ ਦੇ ਮਾਪੇ ਹੜ੍ਹ ਵਿੱਚ ਆਪਣਾ ਸਭ ਕੁਝ ਗੁਆਉਣ ਤੋਂ ਬਾਅਦ ਕਦੇ ਮੋਜ਼ਾਮਬੀਕ ਵਾਪਸ ਹੀ ਨਹੀਂ ਜਾ ਸਕੇ। ਉਸ ਵੇਲੇ ਸੰਚਾਰ ਦੇ ਇੰਨੇ ਸਾਧਨ ਵੀ ਨਹੀਂ ਸਨ ਕਿ ਉਹ ਕਿਸੇ ਹੋਰ ਤਰੀਕੇ ਨਾਲ ਕੌਂਸਲੇਟ ਨੂੰ ਇਸ ਦੀ ਜਾਣਕਾਰੀ ਦੇ ਸਕਦੇ।"
ਜੇ ਕੋਈ ਵਿਦੇਸ਼ੀ ਨਾਗਰਿਕ ਲਗਾਤਾਰ ਸੱਤ ਸਾਲ ਤੱਕ ਭਾਰਤ ਵਿੱਚ ਰਹਿੰਦਾ ਹੈ, ਤਾਂ ਉਹ ਭਾਰਤੀ ਨਾਗਰਿਕਤਾ ਹਾਸਲ ਕਰਨ ਲਈ ਅਰਜ਼ੀ ਦੇ ਸਕਦਾ ਹੈ। ਇਸ ਲਈ ਉਸਨੂੰ ਕੁਝ ਨਿਰਧਾਰਤ ਸ਼ਰਤਾਂ ਪੂਰੀਆਂ ਕਰਨੀਆਂ ਹੁੰਦੀਆਂ ਹਨ।
ਪਰ ਡੌਲੀ ਲਈ ਇਹ ਰਸਤਾ ਵੀ ਬੰਦ ਸੀ, ਕਿਉਂਕਿ ਉਸ ਕੋਲ ਇਸ ਗੱਲ ਦਾ ਕੋਈ ਢੁੱਕਵਾਂ ਸਬੂਤ ਨਹੀਂ ਸੀ ਕਿ ਉਹ ਮੋਜ਼ਾਮਬੀਕ ਦੀ ਨਾਗਰਿਕ ਹੈ।
ਇਸ ਲਈ ਡੌਲੀ ਨੇ ਜੁਲਾਈ 2025 ਵਿੱਚ ਗੁਜਰਾਤ ਹਾਈ ਕੋਰਟ ਵਿੱਚ ਪਟੀਸ਼ਨ ਦਾਇਰ ਕੀਤੀ। ਉਸਨੇ ਅਦਾਲਤ ਤੋਂ ਮੰਗ ਕੀਤੀ ਕਿ ਪਾਸਪੋਰਟ ਦਫ਼ਤਰ ਅਤੇ ਰਾਜਕੋਟ ਕਲੈਕਟਰ ਦਫ਼ਤਰ ਦੇ ਅਧਿਕਾਰੀਆਂ ਦੇ ਫ਼ੈਸਲਿਆਂ ਨੂੰ ਰੱਦ ਕੀਤਾ ਜਾਵੇ ਅਤੇ ਉਸਨੂੰ ਭਾਰਤੀ ਪਾਸਪੋਰਟ ਜਾਰੀ ਕੀਤਾ ਜਾਵੇ।
ਅਪ੍ਰੈਲ 2026 ਵਿੱਚ ਹਾਈ ਕੋਰਟ ਨੇ ਫ਼ੈਸਲਾ ਸੁਣਾਉਂਦਿਆਂ ਡੌਲੀ ਦੀ ਪਟੀਸ਼ਨ ਖ਼ਾਰਜ ਕਰ ਦਿੱਤੀ। ਅਦਾਲਤ ਨੇ ਕਿਹਾ ਕਿ ਭਾਰਤੀ ਪਾਸਪੋਰਟ ਹਾਸਲ ਕਰਨ ਲਈ ਉਸਨੂੰ ਇਹ ਸਾਬਤ ਕਰਨਾ ਹੋਵੇਗਾ ਕਿ ਉਹ ਭਾਰਤੀ ਨਾਗਰਿਕ ਹੈ।
ਅਦਾਲਤ ਨੇ ਇਹ ਵੀ ਕਿਹਾ ਕਿ ਜੇ ਕਿਸੇ ਅਸਾਧਾਰਨ ਸਥਿਤੀ ਕਾਰਨ ਮੋਜ਼ਾਮਬੀਕ ਸਥਿਤ ਭਾਰਤੀ ਕੌਂਸਲੇਟ ਵਿੱਚ ਜਨਮ ਦਾ ਰਜਿਸਟ੍ਰੇਸ਼ਨ ਨਹੀਂ ਹੋ ਸਕਿਆ ਸੀ, ਤਾਂ ਦੇਰੀ ਨਾਲ ਰਜਿਸਟ੍ਰੇਸ਼ਨ ਲਈ ਕੀਤੀ ਗਈ ਅਰਜ਼ੀ ਨੂੰ ਸਵੀਕਾਰ ਕਰਨ ਦਾ ਅਧਿਕਾਰ ਭਾਰਤ ਸਰਕਾਰ ਦੇ ਗ੍ਰਹਿ ਮੰਤਰਾਲੇ ਵੱਲੋਂ ਸਬੰਧਤ ਦੇਸ਼ ਲਈ ਨਿਯੁਕਤ ਮੁੱਖ ਅਧਿਕਾਰੀ ਕੋਲ ਹੈ।
ਲੰਬੀ ਲੜਾਈ ਤੋਂ ਬਾਅਦ ਡੌਲੀ ਨੂੰ ਉਮੀਦ ਦੀ ਕਿਰਨ ਕਿਉਂ ਨਜ਼ਰ ਆ ਰਹੀ ਹੈ?

ਤਸਵੀਰ ਸਰੋਤ, Vadalia family
ਰੋਨਕ ਵਡਾਲਿਆ ਦੱਸਦੇ ਹਨ ਕਿ ਭਾਰਤ ਦੇ ਵੱਖ-ਵੱਖ ਸਰਕਾਰੀ ਦਫ਼ਤਰਾਂ ਅਤੇ ਅਦਾਲਤ ਤੋਂ ਰਾਹਤ ਨਾ ਮਿਲਣ ਤੋਂ ਬਾਅਦ ਪਰਿਵਾਰ ਨੇ ਪੋਰਬੰਦਰ ਲੋਕ ਸਭਾ ਸੀਟ ਦੇ ਸਾਬਕਾ ਸੰਸਦ ਮੈਂਬਰ ਰਮੇਸ਼ ਧੜੁਕ ਅਤੇ ਰਾਜਕੋਟ ਲੋਕ ਸਭਾ ਸੀਟ ਦੇ ਮੌਜੂਦਾ ਸੰਸਦ ਮੈਂਬਰ ਪਰਸ਼ੋਤਮ ਰੂਪਾਲਾ ਤੋਂ ਮਦਦ ਮੰਗੀ।
ਰੋਨਕ ਕਹਿੰਦੇ ਹਨ, "ਅਸੀਂ ਉਨ੍ਹਾਂ ਕੋਲ ਗਏ, ਆਪਣੀ ਸਮੱਸਿਆ ਦੱਸੀ ਅਤੇ ਉਨ੍ਹਾਂ ਤੋਂ ਮਾਰਗਦਰਸ਼ਨ ਮੰਗਿਆ। ਅਸੀਂ ਰਾਜ ਸਭਾ ਦੇ ਸਾਬਕਾ ਸੰਸਦ ਮੈਂਬਰ ਰਾਮਭਾਈ ਮੋਕਰੀਆ ਨਾਲ ਵੀ ਸੰਪਰਕ ਕੀਤਾ। ਇਨ੍ਹਾਂ ਸੰਸਦ ਮੈਂਬਰਾਂ ਨੇ ਸਾਡੀ ਗੱਲ ਸੁਣੀ ਅਤੇ ਮਾਮਲੇ ਨੂੰ ਸਮਝਿਆ। ਇਸ ਤੋਂ ਬਾਅਦ ਰਮੇਸ਼ਭਾਈ ਅਤੇ ਪਰਸ਼ੋਤਮਭਾਈ ਨੇ ਸਾਨੂੰ ਸਿਫ਼ਾਰਸ਼ੀ ਪੱਤਰ ਲਿਖ ਕੇ ਦਿੱਤੇ ਅਤੇ ਦਿੱਲੀ ਵਿੱਚ ਕੇਂਦਰੀ ਗ੍ਰਹਿ ਮੰਤਰਾਲੇ ਨੂੰ ਭੇਜੇ।"
ਬੀਬੀਸੀ ਗੁਜਰਾਤੀ ਨਾਲ ਗੱਲਬਾਤ ਦੌਰਾਨ ਕੇਂਦਰ ਸਰਕਾਰ ਵਿੱਚ ਮੰਤਰੀ ਰਹਿ ਚੁੱਕੇ ਪਰਸ਼ੋਤਮ ਰੂਪਾਲਾ ਨੇ ਕਿਹਾ, "ਉਹ ਮਹਿਲਾ ਇਸ ਵੇਲੇ ਕਿਸੇ ਵੀ ਦੇਸ਼ ਦੀ ਨਾਗਰਿਕ ਨਹੀਂ ਹੈ। ਮੈਨੂੰ ਉਸਦਾ ਮਾਮਲਾ ਬਹੁਤ ਜਾਇਜ਼ ਲੱਗਾ। ਇਸ ਲਈ ਮੈਂ ਉਸਦੀ ਅਰਜ਼ੀ ਕੇਂਦਰੀ ਗ੍ਰਹਿ ਮੰਤਰਾਲੇ ਤੱਕ ਪਹੁੰਚਾਈ ਅਤੇ ਸਿਫ਼ਾਰਸ਼ ਕੀਤੀ ਕਿ ਉਸਨੂੰ ਭਾਰਤੀ ਨਾਗਰਿਕਤਾ ਦਿੱਤੀ ਜਾਵੇ।"
ਰੋਨਕ ਵਡਾਲਿਆ ਦੱਸਦੇ ਹਨ ਕਿ ਸੰਸਦ ਮੈਂਬਰਾਂ ਦੀ ਸਿਫ਼ਾਰਸ਼ ਤੋਂ ਬਾਅਦ ਦਿੱਲੀ ਵਿੱਚ ਅਧਿਕਾਰੀਆਂ ਨੇ ਉਨ੍ਹਾਂ ਨੂੰ ਸਲਾਹ ਦਿੱਤੀ ਕਿ ਉਹ ਭਾਰਤ ਸਰਕਾਰ ਨੂੰ ਇੱਕ ਅਰਜ਼ੀ ਦੇਣ। ਇਸ ਵਿੱਚ ਮੋਜ਼ਾਮਬੀਕ ਸਥਿਤ ਭਾਰਤੀ ਕੌਂਸਲੇਟ ਕੋਲ ਡੌਲੀ ਦੇ ਜਨਮ ਦਾ ਰਜਿਸਟ੍ਰੇਸ਼ਨ ਦੇਰ ਨਾਲ ਹੋਣ ਦੇ ਬਾਵਜੂਦ ਕਰਨ ਦੀ ਬੇਨਤੀ ਕੀਤੀ ਜਾਵੇ।
ਇਸ ਤੋਂ ਬਾਅਦ ਡੌਲੀ ਨੇ ਅਧਿਕਾਰੀਆਂ ਦੀ ਸਲਾਹ ਅਨੁਸਾਰ ਭਾਰਤ ਸਰਕਾਰ ਨੂੰ ਅਰਜ਼ੀ ਦਿੱਤੀ। ਆਖ਼ਰਕਾਰ ਵਿਦੇਸ਼ ਮੰਤਰਾਲੇ ਨੇ ਮੋਜ਼ਾਮਬੀਕ ਸਥਿਤ ਭਾਰਤੀ ਕੌਂਸਲੇਟ ਨੂੰ ਹੁਕਮ ਦਿੱਤਾ ਕਿ ਦੇਰੀ ਦੇ ਬਾਵਜੂਦ ਡੌਲੀ ਦੇ ਜਨਮ ਦਾ ਰਜਿਸਟ੍ਰੇਸ਼ਨ ਕੀਤਾ ਜਾਵੇ।
ਰੋਨਕ ਵਡਾਲਿਆ ਕਹਿੰਦੇ ਹਨ, "ਇਸ ਹੁਕਮ ਤੋਂ ਬਾਅਦ ਕੌਂਸਲੇਟ ਨੇ ਦੇਰੀ ਨੂੰ ਮਾਫ਼ ਕਰਦਿਆਂ ਡੌਲੀ ਦੇ ਜਨਮ ਦਾ ਰਜਿਸਟ੍ਰੇਸ਼ਨ ਕਰ ਲਿਆ ਅਤੇ ਸਾਨੂੰ ਉਸਦਾ ਸਰਟੀਫਿਕੇਟ ਦੇ ਦਿੱਤਾ। ਜਦੋਂ ਅਸੀਂ ਇਹ ਸਰਟੀਫਿਕੇਟ ਪਾਸਪੋਰਟ ਦਫ਼ਤਰ ਦੇ ਅਧਿਕਾਰੀਆਂ ਨੂੰ ਦਿਖਾਇਆ, ਤਾਂ ਉਨ੍ਹਾਂ ਨੇ ਡੌਲੀ ਦੀ ਪਾਸਪੋਰਟ ਅਰਜ਼ੀ ਸਵੀਕਾਰ ਕਰ ਲਈ।"

ਤਸਵੀਰ ਸਰੋਤ, Vadalia family
ਇਸ ਤੋਂ ਬਾਅਦ ਦੀਵਾਲੀ ਦੌਰਾਨ ਡੌਲੀ ਦੇ ਫ਼ੋਨ 'ਤੇ ਐੱਸਐੱਮਐੱਸ ਅਲਰਟ ਆਇਆ ਕਿ ਉਸਦੀ ਪਾਸਪੋਰਟ ਅਰਜ਼ੀ ਸਵੀਕਾਰ ਕਰ ਲਈ ਗਈ ਹੈ।
ਡੌਲੀ ਕਹਿੰਦੇ ਹਨ, "ਮੈਨੂੰ ਸੁਨੇਹਾ ਮਿਲਿਆ ਕਿ 11 ਨਵੰਬਰ ਨੂੰ ਡਾਕੀਆ ਮੇਰੇ ਘਰ ਪਾਸਪੋਰਟ ਪਹੁੰਚਾ ਦੇਵੇਗਾ। ਮੈਂ 11 ਨਵੰਬਰ ਨੂੰ ਸਵੇਰ ਤੋਂ ਹੀ ਉਸਦੀ ਉਡੀਕ ਕਰਨ ਲੱਗ ਪਈ। ਮੈਨੂੰ ਬਹੁਤ ਤਣਾਅ ਸੀ ਕਿ ਸੱਚਮੁੱਚ ਪਾਸਪੋਰਟ ਆਵੇਗਾ ਜਾਂ ਨਹੀਂ, ਕਿਉਂਕਿ ਮੇਰੀਆਂ ਕਈ ਕੋਸ਼ਿਸ਼ਾਂ ਪਹਿਲਾਂ ਨਾਕਾਮ ਹੋ ਚੁੱਕੀਆਂ ਸਨ।"
"ਤਣਾਅ ਕਾਰਨ ਮੈਂ ਘਰ ਵਾਲਿਆਂ ਨੂੰ ਕਿਹਾ ਕਿ ਉਹ ਮੈਨੂੰ ਨਾ ਬੁਲਾਉਣ। ਆਖ਼ਰਕਾਰ ਡਾਕੀਆ ਸਾਡੇ ਘਰ ਆਇਆ ਅਤੇ ਉਸਨੇ ਮੇਰੇ ਹੱਥ ਵਿੱਚ ਪੀਲੇ ਰੰਗ ਦਾ ਇੱਕ ਲਿਫ਼ਾਫ਼ਾ ਦਿੱਤਾ। ਉਸ 'ਤੇ ਮੇਰਾ ਪਤਾ ਲਿਖਿਆ ਹੋਇਆ ਸੀ।"
"ਜਦੋਂ ਮੈਂ ਉਸਨੂੰ ਖੋਲ੍ਹ ਕੇ ਵੇਖਿਆ ਤਾਂ ਉਸ ਵਿੱਚ ਸੱਚਮੁੱਚ ਮੇਰੇ ਨਾਮ ਦਾ ਭਾਰਤੀ ਪਾਸਪੋਰਟ ਸੀ। ਮੈਨੂੰ ਯਕੀਨ ਹੀ ਨਹੀਂ ਹੋ ਰਿਹਾ ਸੀ ਕਿ ਇਹ ਵਾਕਈ ਮੇਰਾ ਪਾਸਪੋਰਟ ਹੈ।"
"ਇਸ ਪਾਸਪੋਰਟ ਨੇ ਮੈਨੂੰ ਇੱਕ ਸਟੇਟਲੈੱਸ ਵਿਅਕਤੀ ਤੋਂ ਭਾਰਤੀ ਨਾਗਰਿਕ ਬਣਾ ਦਿੱਤਾ।"
ਡੌਲੀ ਕਹਿੰਦੇ ਹਨ ਕਿ ਉਹ ਕੈਨੇਡਾ ਵਿੱਚ ਆਪਣੇ ਪਤੀ ਕੋਲ ਜਾਣ ਲਈ ਬੇਸਬਰੀ ਨਾਲ ਉਡੀਕ ਕਰ ਰਹੀ ਹੈ।
ਉਹ ਕਹਿੰਦੇ ਹਨ, "ਹੁਣ ਪਾਸਪੋਰਟ ਮਿਲ ਗਿਆ ਹੈ, ਇਸ ਲਈ ਅਸੀਂ ਕੈਨੇਡਾ ਦਾ ਵੀਜ਼ਾ ਲੈਣ ਦੀ ਤਿਆਰੀ ਕਰ ਰਹੇ ਹਾਂ। ਉਮੀਦ ਹੈ ਕਿ ਮੈਂ ਜਲਦੀ ਹੀ ਕੈਨੇਡਾ ਵਿੱਚ ਆਪਣੇ ਪਤੀ ਕੋਲ ਜਾ ਸਕਾਂਗੀ।"
ਬੀਬੀਸੀ ਲਈ ਕਲੈਕਟਿਵ ਨਿਊਜ਼ਰੂਮ ਵੱਲੋਂ ਪ੍ਰਕਾਸ਼ਿਤ































