ਕੀ ਏਆਈ ਬ੍ਰੈਸਟ ਕੈਂਸਰ ਦਾ ਜਲਦੀ ਪਤਾ ਲਗਾ ਸਕਦੀ ਹੈ? ਇਸ ਨੂੰ ਕਿਉਂ ਕਿਹਾ ਜਾ ਰਿਹਾ ਹੈ ਦੁਨੀਆ ਦਾ ਸਭ ਤੋਂ ਵੱਡਾ ਟ੍ਰਾਇਲ

- ਲੇਖਕ, ਫਰਗਸ ਵਾਲਸ਼
- ਰੋਲ, ਮੈਡੀਕਲ ਸੰਪਾਦਕ
- ਪ੍ਰਕਾਸ਼ਿਤ
- ਪੜ੍ਹਨ ਦਾ ਸਮਾਂ: 6 ਮਿੰਟ
ਯੂਨਾਈਟਿਡ ਕਿੰਗਡਮ ਵਿੱਚ ਲਗਭਗ ਸੱਤ ਲੱਖ ਔਰਤਾਂ ਨੂੰ ਬ੍ਰੈਸਟ ਕੈਂਸਰ ਦੇ ਇੱਕ ਟ੍ਰਾਇਲ ਵਿੱਚ ਸ਼ਾਮਲ ਕੀਤਾ ਜਾਵੇਗਾ।
ਖ਼ਾਸ ਗੱਲ ਇਹ ਹੈ ਕਿ ਇਸ ਟ੍ਰਾਇਲ ਦਾ ਮਕਸਦ ਇਹ ਜਾਣਨਾ ਹੈ ਕਿ ਕੀ ਏਆਈ ਛਾਤੀ ਦੇ ਕੈਂਸਰ ਦਾ ਛੇਤੀ ਪਤਾ ਲਗਾ ਸਕਦੀ ਹੈ। ਇਸ ਨੂੰ ਦੁਨੀਆ ਦਾ ਇਸ ਤਰ੍ਹਾਂ ਦਾ ਸਭ ਤੋਂ ਵੱਡਾ ਟ੍ਰਾਇਲ ਕਿਹਾ ਜਾ ਰਿਹਾ ਹੈ।
ਇਸ ਟ੍ਰਾਇਲ ਵਿੱਚ ਮੈਮੋਗ੍ਰਾਮ (ਬ੍ਰੈਸਟ ਕੈਂਸਰ ਦੀ ਜਾਂਚ ਲਈ ਕੀਤਾ ਜਾਣ ਵਾਲਾ ਐਕਸ-ਰੇ) ਦੀ ਜਾਂਚ ਏਆਈ ਦੀ ਮਦਦ ਨਾਲ ਕੀਤੀ ਜਾਵੇਗੀ।
ਇਸ ਦਾ ਮਕਸਦ ਇਹ ਪਤਾ ਲਗਾਉਣਾ ਹੈ ਕਿ ਕੀ ਏਆਈ ਦੀ ਮਦਦ ਨਾਲ ਕੈਂਸਰ ਦਾ ਮੁੱਢਲੀ ਸਟੇਜ ਵਿੱਚ ਪਤਾ ਲਗਾਉਣ ਦੀ ਸਮਰੱਥਾ ਵਧਾਈ ਜਾ ਸਕਦੀ ਹੈ ਅਤੇ ਕਲੀਨਿਕਲ ਸਟਾਫ਼ 'ਤੇ ਕੰਮ ਦਾ ਬੋਝ ਘਟਾਇਆ ਜਾ ਸਕਦਾ ਹੈ।
ਇਸ ਦੇ ਨਾਲ ਹੀ ਇਹ ਵੀ ਯਕੀਨੀ ਬਣਾਇਆ ਜਾਵੇਗਾ ਕਿ ਔਰਤਾਂ ਦੀ ਬਿਨਾਂ ਲੋੜ ਤੋਂ ਵੀ ਵਾਧੂ ਜਾਂਚ ਨਾ ਕੀਤੀ ਜਾਵੇ।
EDITH ਟ੍ਰਾਇਲ ਵਿੱਚ ਔਰਤਾਂ ਨੂੰ ਸ਼ਾਮਲ ਕਰਨ ਦੀ ਪ੍ਰਕਿਰਿਆ ਸ਼ੁਰੂ ਹੋ ਚੁੱਕੀ ਹੈ। ਕੈਮਬ੍ਰਿਜ ਯੂਨੀਵਰਸਿਟੀ ਹਸਪਤਾਲ ਇਸ ਟ੍ਰਾਇਲ ਦਾ ਪਹਿਲਾ ਕੇਂਦਰ ਹੈ। ਬ੍ਰਿਟੇਨ ਵਿੱਚ ਕੁੱਲ 30 ਕੇਂਦਰਾਂ 'ਤੇ ਇਹ ਟ੍ਰਾਇਲ ਕੀਤਾ ਜਾਵੇਗਾ।
ਬ੍ਰਿਟੇਨ ਵਿੱਚ 50 ਤੋਂ 71 ਸਾਲ ਦੀ ਉਮਰ ਦੀਆਂ ਔਰਤਾਂ ਨੂੰ ਹਰ ਤਿੰਨ ਸਾਲਾਂ ਬਾਅਦ ਨਿਯਮਤ ਤੌਰ 'ਤੇ ਛਾਤੀ ਦੇ ਕੈਂਸਰ ਦੀ ਜਾਂਚ ਕਰਵਾਉਣ ਲਈ ਸੱਦਿਆ ਜਾਂਦਾ ਹੈ। ਹਰ ਸਾਲ 20 ਲੱਖ ਤੋਂ ਵੱਧ ਔਰਤਾਂ ਇਸ ਜਾਂਚ ਵਿੱਚ ਸ਼ਾਮਲ ਹੁੰਦੀਆਂ ਹਨ।

ਫਿਲਹਾਲ ਨੈਸ਼ਨਲ ਹੈਲਥ ਸਰਵਿਸ ਦੇ ਦੋ ਮਾਹਰ ਛਾਤੀ ਦੇ ਹਰ ਐਕਸ-ਰੇ (ਜਿਸ ਨੂੰ ਮੈਮੋਗ੍ਰਾਮ ਕਿਹਾ ਜਾਂਦਾ ਹੈ) ਦੀ ਜਾਂਚ ਕਰਦੇ ਹਨ, ਪਰ ਇਸ ਟ੍ਰਾਇਲ ਵਿੱਚ ਏਆਈ ਮਨੁੱਖੀ ਜਾਂਚਕਰਤਾਵਾਂ ਵਿੱਚੋਂ ਇੱਕ ਦੀ ਥਾਂ ਲਵੇਗਾ।
ਇਸ ਤੋਂ ਪਹਿਲਾਂ ਕੀਤੇ ਗਏ ਕਈ ਛੋਟੇ ਅਧਿਐਨਾਂ ਤੋਂ ਪਤਾ ਲੱਗਾ ਹੈ ਕਿ ਏਆਈ ਦੀ ਮਦਦ ਨਾਲ ਛਾਤੀ ਦੇ ਕੈਂਸਰ ਦਾ ਪਤਾ ਲਗਾਉਣ ਦੀ ਦਰ ਵਧਾਈ ਜਾ ਸਕਦੀ ਹੈ।
ਹਾਲਾਂਕਿ, ਇਸ ਟ੍ਰਾਇਲ ਨਾਲ ਜੁੜੇ ਖੋਜਕਾਰਾਂ ਦਾ ਕਹਿਣਾ ਹੈ ਕਿ ਉਨ੍ਹਾਂ ਨੂੰ ਇਹ ਯਕੀਨੀ ਬਣਾਉਣਾ ਹੋਵੇਗਾ ਕਿ ਏਆਈ ਕਾਰਨ ਔਰਤਾਂ ਨੂੰ ਬੇਲੋੜੀ ਅਗਲੀ ਜਾਂਚ ਲਈ ਮੁੜ ਨਾ ਸੱਦਿਆ ਜਾਵੇ ਅਤੇ ਉਨ੍ਹਾਂ ਨੂੰ ਕਿਸੇ ਤਰ੍ਹਾਂ ਦਾ ਨੁਕਸਾਨ ਨਾ ਪਹੁੰਚੇ।
ਯੂਨੀਵਰਸਿਟੀ ਆਫ਼ ਵਾਰਵਿਕ ਵਿੱਚ ਪਾਪੂਲੇਸ਼ਨ ਹੈਲਥ ਦੀ ਪ੍ਰੋਫ਼ੈਸਰ ਅਤੇ ਇਸ ਟ੍ਰਾਇਲ ਦੀ ਸਹਿ-ਮੁੱਖ ਖੋਜਕਾਰ ਸਿਆਨ ਟੇਲਰ-ਫਿਲਿਪਸ ਨੇ ਕਿਹਾ, "ਏਆਈ ਦੀ ਮਦਦ ਨਾਲ ਮੁੱਢਲੀ ਸਟੇਜ ਵਿੱਚ ਕੈਂਸਰ ਦਾ ਪਤਾ ਲਗਾਉਣ ਦੀ ਸਮਰੱਥਾ ਬਿਹਤਰ ਹੋ ਸਕਦੀ ਹੈ, ਪਰ ਅਸੀਂ ਅਜਿਹੀ ਹਲਕੀ ਬਿਮਾਰੀ ਦਾ ਲੋੜ ਤੋਂ ਵੱਧ ਪਤਾ ਲਗਾਉਣ ਤੋਂ ਬਚਣਾ ਚਾਹੁੰਦੇ ਹਾਂ, ਜਿਸ ਨਾਲ ਕਦੇ ਕੋਈ ਲੱਛਣ ਪੈਦਾ ਹੀ ਨਹੀਂ ਹੁੰਦਾ।"
ਬ੍ਰਿਟੇਨ ਵਿੱਚ ਔਰਤਾਂ ਨੂੰ ਹੋਣ ਵਾਲਾ ਸਭ ਤੋਂ ਆਮ ਕੈਂਸਰ ਬ੍ਰੈਸਟ ਕੈਂਸਰ ਹੈ। ਉੱਥੇ ਹਰ ਸਾਲ ਇਸ ਦੇ ਲਗਭਗ 59,000 ਨਵੇਂ ਮਾਮਲੇ ਸਾਹਮਣੇ ਆਉਂਦੇ ਹਨ।
ਇਨ੍ਹਾਂ ਵਿੱਚੋਂ ਲਗਭਗ ਇੱਕ-ਤਿਹਾਈ ਮਾਮਲਿਆਂ ਦਾ ਪਤਾ ਨਿਯਮਤ ਮੈਮੋਗ੍ਰਾਮ ਰਾਹੀਂ ਲੱਗਦਾ ਹੈ ਅਤੇ ਆਮ ਤੌਰ 'ਤੇ ਇਹ ਮੁੱਢਲੀ ਸਟੇਜ ਵਿੱਚ ਹੁੰਦੇ ਹਨ, ਜਦੋਂ ਇਨ੍ਹਾਂ ਦਾ ਇਲਾਜ ਵਧੇਰੇ ਆਸਾਨੀ ਨਾਲ ਕੀਤਾ ਜਾ ਸਕਦਾ ਹੈ।
ਅੰਦਾਜ਼ਾ ਹੈ ਕਿ ਸਕ੍ਰੀਨਿੰਗ ਪ੍ਰੋਗਰਾਮ ਨਾਲ ਹਰ ਸਾਲ ਲਗਭਗ 1,300 ਮੌਤਾਂ ਰੋਕਣ ਵਿੱਚ ਮਦਦ ਮਿਲਦੀ ਹੈ।

ਕੈਮਬ੍ਰਿਜ ਯੂਨੀਵਰਸਿਟੀ ਦੇ ਰੇਡੀਓਲੋਜੀ ਵਿਭਾਗ ਦੀ ਪ੍ਰੋਫ਼ੈਸਰ, ਐਡਨਬਰੁਕਸ ਹਸਪਤਾਲ ਦੀ ਆਨਰੇਰੀ ਸਲਾਹਕਾਰ ਅਤੇ ਇਸ ਟ੍ਰਾਇਲ ਦੀ ਸਹਿ-ਮੁੱਖ ਖੋਜਕਾਰ ਫਿਓਨਾ ਗਿਲਬਰਟ ਨੇ ਕਿਹਾ, "ਹਰ ਸਾਲ ਲੱਖਾਂ ਔਰਤਾਂ ਮੈਮੋਗ੍ਰਾਮ ਜਾਂਚ ਕਰਵਾਉਂਦੀਆਂ ਹਨ, ਪਰ ਇਨ੍ਹਾਂ ਵਿੱਚੋਂ ਬਹੁਤ ਘੱਟ, ਇੱਕ ਫ਼ੀਸਦੀ ਤੋਂ ਵੀ ਘੱਟ ਔਰਤਾਂ ਵਿੱਚ ਕੈਂਸਰ ਦੀ ਪੁਸ਼ਟੀ ਹੁੰਦੀ ਹੈ।"
"ਤਕਨੀਕ ਦੀ ਮਦਦ ਨਾਲ ਇਨ੍ਹਾਂ ਤਸਵੀਰਾਂ ਦੀ ਜਾਂਚ ਦੀ ਪ੍ਰਕਿਰਿਆ ਨੂੰ ਵਧੇਰੇ ਪ੍ਰਭਾਵਸ਼ਾਲੀ ਬਣਾਇਆ ਜਾ ਸਕਦਾ ਹੈ। ਇਸ ਨਾਲ ਛਾਤੀ ਦੇ ਕੈਂਸਰ ਦੇ ਮਾਹਰ ਰੇਡੀਓਲੋਜਿਸਟਾਂ ਨੂੰ ਕੈਂਸਰ ਦੇ ਮਰੀਜ਼ਾਂ ਦੀ ਦੇਖਭਾਲ ਲਈ ਵਧੇਰੇ ਸਮਾਂ ਮਿਲ ਸਕੇਗਾ। ਇਸ ਨਾਲ ਬਿਮਾਰੀ ਦਾ ਪਤਾ ਲਗਾਉਣ ਅਤੇ ਛੇਤੀ ਇਲਾਜ ਸ਼ੁਰੂ ਕਰਨ ਵਿੱਚ ਵੀ ਮਦਦ ਮਿਲੇਗੀ।"
ਗਿਲਬਰਟ ਨੇ ਬੀਬੀਸੀ ਨੂੰ ਦੱਸਿਆ ਕਿ ਰੇਡੀਓਲੋਜਿਸਟਾਂ ਦੀ ਭਾਰੀ ਘਾਟ ਹੈ ਅਤੇ ਇਮੇਜਿੰਗ ਜਾਂਚਾਂ (ਸਰੀਰ ਦੇ ਅੰਦਰੂਨੀ ਅੰਗਾਂ ਦੀਆਂ ਤਸਵੀਰਾਂ ਲੈਣ ਵਾਲੀਆਂ ਜਾਂਚਾਂ) ਦੀ ਗਿਣਤੀ ਹਰ ਸਾਲ ਅੱਠ ਫ਼ੀਸਦੀ ਦੀ ਦਰ ਨਾਲ ਵਧ ਰਹੀ ਹੈ।
'ਸਕ੍ਰੀਨਿੰਗ ਨੇ ਮੇਰੀ ਜਾਨ ਬਚਾਈ'

ਤਸਵੀਰ ਸਰੋਤ, Getty Images
ਕੈਮਬ੍ਰਿਜਸ਼ਾਇਰ ਦੀ ਰਹਿਣ ਵਾਲੀ 70 ਸਾਲਾ ਸ਼ਰਲੀ ਐਸੈਕਸ ਨੂੰ ਇੱਕ ਸਾਲ ਪਹਿਲਾਂ ਨਿਯਮਤ ਕੈਂਸਰ ਜਾਂਚ (ਸਕ੍ਰੀਨਿੰਗ) ਦੌਰਾਨ ਛਾਤੀ ਦੇ ਕੈਂਸਰ ਦੀ ਮੁੱਢਲੀ ਸਟੇਜ ਦਾ ਪਤਾ ਲੱਗਿਆ ਸੀ।
ਉਨ੍ਹਾਂ ਦੀ ਸਰਜਰੀ ਅਤੇ ਰੇਡੀਓਥੈਰੇਪੀ ਹੋਈ, ਪਰ ਉਨ੍ਹਾਂ ਨੂੰ ਕੀਮੋਥੈਰੇਪੀ ਦੀ ਲੋੜ ਨਹੀਂ ਪਈ।
ਉਨ੍ਹਾਂ ਨੇ ਬੀਬੀਸੀ ਨੂੰ ਦੱਸਿਆ ਕਿ ਮੈਮੋਗ੍ਰਾਮ ਨੇ ਉਨ੍ਹਾਂ ਦੀ ਜਾਨ ਬਚਾਈ।
ਉਹ ਕਹਿੰਦੇ ਹਨ, "ਮੈਨੂੰ ਇਹ ਸੁਣ ਕੇ ਹੈਰਾਨੀ ਹੋਈ ਕਿ ਮੈਨੂੰ ਕੈਂਸਰ ਹੈ, ਕਿਉਂਕਿ ਮੈਂ ਅਜਿਹੇ ਕੋਈ ਲੱਛਣ ਮਹਿਸਸੂ ਨਹੀਂ ਸਨ ਕੀਤੇ।"
ਸ਼ਰਲੀ ਇਸ ਅਧਿਐਨ ਦਾ ਹਿੱਸਾ ਨਹੀਂ ਹਨ, ਪਰ ਸਕ੍ਰੀਨਿੰਗ ਦੀ ਅਹਿਮੀਅਤ ਨੂੰ ਲੈ ਕੇ ਉਹ ਬਹੁਤ ਉਤਸ਼ਾਹਿਤ ਹਨ।
ਉਨ੍ਹਾਂ ਨੇ ਕਿਹਾ, "ਮੈਂ ਆਪਣੇ ਆਪ ਨੂੰ ਬਹੁਤ ਖ਼ੁਸ਼ਕਿਸਮਤ ਮੰਨਦੀ ਹਾਂ ਕਿ ਮੇਰੇ ਕੈਂਸਰ ਦਾ ਪਤਾ ਛੇਤੀ ਲੱਗ ਗਿਆ। ਇਹ ਮੇਰਾ ਆਖਰੀ ਨਿਯਮਤ ਮੈਮੋਗ੍ਰਾਮ ਸੀ, ਇਸ ਲਈ ਜੇ ਮੈਂ ਇਸ ਵਿੱਚ ਸ਼ਾਮਲ ਨਾ ਹੁੰਦੀ, ਤਾਂ ਮੇਰਾ ਕੈਂਸਰ ਵਧਦਾ ਹੀ ਰਹਿੰਦਾ।"
ਟ੍ਰਾਇਲ ਕਿਵੇਂ ਕੰਮ ਕਰੇਗਾ?

ਤਸਵੀਰ ਸਰੋਤ, Getty Images
ਔਰਤਾਂ ਨੂੰ ਛਾਤੀ ਦੇ ਕੈਂਸਰ ਦੀ ਨਿਯਮਤ ਜਾਂਚ ਲਈ ਸੱਦਾ ਮਿਲਣ 'ਤੇ ਇਸ ਅਧਿਐਨ ਬਾਰੇ ਜਾਣਕਾਰੀ ਦਿੱਤੀ ਜਾਵੇਗੀ, ਪਰ ਇਸ ਵਿੱਚ ਸ਼ਾਮਲ ਹੋਣਾ ਉਨ੍ਹਾਂ ਲਈ ਲਾਜ਼ਮੀ ਨਹੀਂ ਹੋਵੇਗਾ।
ਇਸ ਟ੍ਰਾਇਲ ਨਾਲ ਛਾਤੀ ਦੇ ਕੈਂਸਰ ਦੀ ਨਿਯਮਤ ਜਾਂਚ ਦੀ ਪ੍ਰਕਿਰਿਆ ਵਿੱਚ ਕੋਈ ਬਦਲਾਅ ਨਹੀਂ ਹੋਵੇਗਾ।
ਇਸ ਦੀ ਬਜਾਏ, ਇਸ ਵਿੱਚ ਇਹ ਪਰਖਿਆ ਜਾਵੇਗਾ ਕਿ ਕੀ ਮੈਮੋਗ੍ਰਾਮ ਦੀ ਜਾਂਚ ਕਰਨ ਵਾਲੇ ਦੋ ਮਨੁੱਖੀ ਮਾਹਰਾਂ ਵਿੱਚੋਂ ਇੱਕ ਦੀ ਥਾਂ ਏਆਈ ਆਧਾਰਿਤ ਤਕਨੀਕ ਦੀ ਵਰਤੋਂ ਕੀਤੀ ਜਾ ਸਕਦੀ ਹੈ।
ਖੋਜਕਾਰਾਂ ਦਾ ਕਹਿਣਾ ਹੈ ਕਿ ਮਸ਼ੀਨ-ਲਰਨਿੰਗ ਸੌਫ਼ਟਵੇਅਰ ਨੂੰ ਲੱਖਾਂ ਪੁਰਾਣੀਆਂ ਤਸਵੀਰਾਂ ਰਾਹੀਂ ਸਿਖਲਾਈ ਦੇ ਕੇ ਪੈਟਰਨਾਂ ਦੀ ਪਛਾਣ ਕੀਤੀ ਜਾ ਸਕਦੀ ਹੈ ਅਤੇ ਇਸ ਤਰ੍ਹਾਂ ਛਾਤੀ ਦੇ ਟਿਸ਼ੂ ਵਿੱਚ ਹੋਣ ਵਾਲੀਆਂ ਅਜਿਹੀਆਂ ਬਾਰੀਕ ਤਬਦੀਲੀਆਂ ਨੂੰ ਵੀ ਪਛਾਣਿਆ ਜਾ ਸਕਦਾ ਹੈ, ਜੋ ਸ਼ਾਇਦ ਮਨੁੱਖੀ ਅੱਖਾਂ ਤੋਂ ਰਹਿ ਜਾਣ।
ਟ੍ਰਾਇਲ ਦੇ ਇੱਕ ਹਿੱਸੇ ਵਿੱਚ ਐਨਐਚਐਸ ਦੇ ਮਾਹਰਾਂ ਕੋਲ ਭੇਜਣ ਤੋਂ ਪਹਿਲਾਂ ਇੱਕ ਏਆਈ ਪ੍ਰੋਗਰਾਮ ਤਸਵੀਰਾਂ ਦੀ ਗਰੇਡਿੰਗ ਕਰੇਗਾ। ਦੂਜੇ ਹਿੱਸੇ ਵਿੱਚ ਇਹ ਬਾਅਦ ਵਿੱਚ ਤਸਵੀਰਾਂ ਦੀ ਸਮੀਖਿਆ ਕਰੇਗਾ।
ਇੱਕ ਕਰੋੜ ਪੌਂਡ ਦੇ ਇਸ ਟ੍ਰਾਇਲ ਲਈ ਨੈਸ਼ਨਲ ਇੰਸਟੀਚਿਊਟ ਫਾਰ ਹੈਲਥ ਐਂਡ ਕੇਅਰ ਰਿਸਰਚ (ਐਨਆਈਐਚਆਰ) ਨੇ ਫੰਡ ਦਿੱਤਾ ਹੈ।
ਵਾਰਵਿਕ ਯੂਨੀਵਰਸਿਟੀ, ਕੈਮਬ੍ਰਿਜ ਯੂਨੀਵਰਸਿਟੀ, ਕੈਮਬ੍ਰਿਜ ਯੂਨੀਵਰਸਿਟੀ ਹਸਪਤਾਲ ਅਤੇ ਐਨਐਚਐਸ ਫਾਊਂਡੇਸ਼ਨ ਟਰੱਸਟ ਇਸ ਨੂੰ ਨੈਸ਼ਨਲ ਹੈਲਥ ਸਰਵਿਸ ਇੰਗਲੈਂਡ ਨਾਲ ਮਿਲ ਕੇ ਕਰ ਰਹੇ ਹਨ।
'ਬੇਹੱਦ ਸੰਭਾਵਨਾਵਾਂ'

ਤਸਵੀਰ ਸਰੋਤ, Getty Images
ਐਡਨਬਰੁਕਸ ਹਸਪਤਾਲ ਦੀ ਬ੍ਰੈਸਟ ਸਕ੍ਰੀਨਿੰਗ ਯੂਨਿਟ ਦੇ ਦੌਰੇ 'ਤੇ ਆਈ ਸਿਹਤ ਮੰਤਰੀ ਯਵੇਟ ਕੂਪਰ ਨੇ ਬੀਬੀਸੀ ਨੂੰ ਕਿਹਾ, "ਏਆਈ ਵਿੱਚ ਇਲਾਜ ਨੂੰ ਬਿਹਤਰ ਬਣਾਉਣ ਦੀ ਬਹੁਤ ਸਮਰੱਥਾ ਹੈ, ਇਸ ਲਈ ਸਾਨੂੰ ਅਜਿਹੇ ਟ੍ਰਾਇਲਾਂ ਦੀ ਲੋੜ ਹੈ ਤਾਂ ਜੋ ਇਹ ਯਕੀਨੀ ਬਣਾਇਆ ਜਾ ਸਕੇ ਕਿ ਅਸੀਂ ਸਹੀ ਸੁਰੱਖਿਆ ਉਪਾਵਾਂ ਨਾਲ ਇਸ ਦੀ ਸਭ ਤੋਂ ਪ੍ਰਭਾਵਸ਼ਾਲੀ ਢੰਗ ਨਾਲ ਵਰਤੋਂ ਕਰ ਰਹੇ ਹਾਂ।"
ਐਨਐਚਐਸ ਇੰਗਲੈਂਡ ਵਿੱਚ ਕੈਂਸਰ ਦੇ ਨੈਸ਼ਨਲ ਕਲੀਨਿਕਲ ਡਾਇਰੈਕਟਰ, ਪ੍ਰੋਫ਼ੈਸਰ ਪੀਟਰ ਜੌਨਸਨ ਨੇ ਕਿਹਾ ਕਿ ਐਨਐਚਐਸ ਦੀ ਬ੍ਰੈਸਟ ਸਕ੍ਰੀਨਿੰਗ ਜਾਨਾਂ ਬਚਾਉਂਦੀ ਹੈ ਅਤੇ ਉਨ੍ਹਾਂ ਨੇ ਟ੍ਰਾਇਲ ਲਈ ਸੱਦੀਆਂ ਗਈਆਂ ਸਾਰੀਆਂ ਔਰਤਾਂ ਨੂੰ ਇਸ ਵਿੱਚ ਹਿੱਸਾ ਲੈਣ ਦੀ ਅਪੀਲ ਕੀਤੀ।
ਉਨ੍ਹਾਂ ਨੇ ਕਿਹਾ, "ਹਰ ਸਕੈਨ ਦੀ ਜਾਂਚ ਹੁਣ ਵੀ ਇੱਕ ਮਾਹਰ ਵੱਲੋਂ ਕੀਤੀ ਜਾਵੇਗੀ ਅਤੇ ਜੇ ਇਹ ਤਰੀਕਾ ਪ੍ਰਭਾਵਸ਼ਾਲੀ ਸਾਬਤ ਹੁੰਦਾ ਹੈ, ਤਾਂ ਇਸ ਨਾਲ ਇਹ ਯਕੀਨੀ ਬਣਾਇਆ ਜਾ ਸਕਦਾ ਹੈ ਕਿ ਔਰਤਾਂ ਨੂੰ ਲੋੜੀਂਦੀਆਂ ਜਾਂਚਾਂ ਅਤੇ ਇਲਾਜ ਛੇਤੀ ਮਿਲ ਸਕਣ।"
ਇਸ ਟ੍ਰਾਇਲ ਵਿੱਚ ਏਆਈ ਦੀਆਂ ਚਾਰ ਕੰਪਨੀਆਂ ਸ਼ਾਮਲ ਹਨ ਅਤੇ ਇਸ ਦੇ ਲਗਭਗ ਤਿੰਨ ਸਾਲ ਤੱਕ ਚੱਲਣ ਦੀ ਉਮੀਦ ਹੈ।
ਬੀਬੀਸੀ ਲਈ ਕਲੈਕਟਿਵ ਨਿਊਜ਼ਰੂਮ ਵੱਲੋਂ ਪ੍ਰਕਾਸ਼ਿਤ






























