ਬੇਸਹਾਰਾ ਕੁੱਤਿਆਂ ਦੇ ਲਈ ਕਿਵੇਂ ਇਹ ਵਿਅਕਤੀ ਬਣਿਆ ਸਹਾਰਾ, ਖਾਲੀ ਡਰੱਮਾਂ ਤੋਂ ਤਿਆਰ ਕਰਦਾ ਹੈ ਲਾਵਾਰਿਸਾਂ ਲਈ 'ਆਸ਼ਿਆਨਾ'

ਜਗਜੀਤ ਸਿੰਘ
ਤਸਵੀਰ ਕੈਪਸ਼ਨ, ਜਗਜੀਤ ਸਿੰਘ ਉਨ੍ਹਾਂ ਵੱਲੋਂ ਤਿਆਰ ਕੀਤੇ ਸ਼ੈਲਟਰ
    • ਲੇਖਕ, ਰਾਜਨ ਪਪਨੇਜਾ
    • ਰੋਲ, ਬੀਬੀਸੀ ਪੱਤਰਕਾਰ
  • ਪ੍ਰਕਾਸ਼ਿਤ
  • ਪੜ੍ਹਨ ਦਾ ਸਮਾਂ: 6 ਮਿੰਟ

ਗੁਰੂਗ੍ਰਾਮ ਦੇ ਜਗਜੀਤ ਸਿੰਘ ਇੰਨੀ ਦਿਨੀਂ ਸੋਸ਼ਲ ਮੀਡੀਆ ਉੱਪਰ ਵਾਇਰਲ ਹਨ। ਵਾਇਰਲ ਹੋਣ ਦੀ ਵਜ੍ਹਾ ਹੈ, ਉਸ ਦਾ ਬੇਸਹਾਰਾ ਕੁੱਤਿਆਂ ਲਈ ਆਸਰਾ ਬਣਨਾ ਅਤੇ ਉਨ੍ਹਾਂ ਦੇ ਰਹਿਣ ਲਈ ਤਿਆਰ ਸ਼ੈਲਟਰ ਤਿਆਰ ਕਰਨਾ।

ਇਹ ਸ਼ੈਲਟਰ ਪੇਂਟ ਦੇ ਖਾਲੀ ਡਰੱਮਾਂ ਤੋਂ ਤਿਆਰ ਕੀਤੇ ਜਾਂਦੇ ਹਨ।

ਜਗਜੀਤ ਸਿੰਘ ਵੱਲੋਂ ਬੇਸਹਾਰਾ ਕੁੱਤਿਆਂ ਲਈ ਇਹ ਕੰਮ ਪਿਛਲੇ ਕਰੀਬ 9 ਸਾਲਾਂ ਤੋਂ ਕੀਤਾ ਜਾ ਰਿਹਾ ਹੈ।

ਉਹ ਸਟਰੇਅ ਟਾਕ ਇੰਡੀਆ ਨਾਮ ਦੀ ਸੰਸਥਾ ਚਲਾਉਂਦੇ ਹਨ, ਜਿਸ ਰਾਹੀਂ ਡਰੱਮਾਂ ਨੂੰ ਸ਼ੈਲਟਰਾਂ ਵਿੱਚ ਤਬਦੀਲ ਕੀਤਾ ਜਾਂਦਾ ਹੈ ਅਤੇ ਇਹ ਸ਼ੈਲਟਰ ਲੋਕਾਂ ਨੂੰ ਮੁਫ਼ਤ ਵੰਡੇ ਵੀ ਜਾਂਦੇ ਹਨ।

ਸ਼ੈਲਟਰ ਬਣਾਉਣ ਦਾ ਵਿਚਾਰ ਇੰਝ ਆਇਆ

ਜਗਜੀਤ ਸਿੰਘ ਐਤਵਾਰ ਦੇ ਦਿਨ ਸ਼ੈਲਟਰ ਲੋਕਾਂ ਨੂੰ ਵੰਡਦੇ ਹਨ
ਤਸਵੀਰ ਕੈਪਸ਼ਨ, ਜਗਜੀਤ ਸਿੰਘ ਐਤਵਾਰ ਦੇ ਦਿਨ ਸ਼ੈਲਟਰ ਲੋਕਾਂ ਨੂੰ ਵੰਡਦੇ ਹਨ

ਜਗਜੀਤ ਸਿੰਘ ਪੇਸ਼ੇ ਵਜੋਂ ਇੱਕ ਕਾਰੋਬਾਰੀ ਹਨ, ਜਿਨ੍ਹਾਂ ਦੀਆਂ ਪੇਂਟ ਦੀਆਂ ਫੈਕਟਰੀਆਂ ਹਨ।

ਉਨ੍ਹਾਂ ਨੇ ਦੱਸਿਆ ਕਿ ਕਿਵੇਂ ਉਨ੍ਹਾਂ ਦੇ ਮਨ ਵਿੱਚ ਬੇਸਹਾਰਾ ਕੁੱਤਿਆਂ ਦੇ ਲਈ ਸ਼ੈਲਟਰ ਬਣਾਉਣ ਦਾ ਵਿਚਾਰ ਆਇਆ।

ਉਹ ਦੱਸਦੇ ਹਨ, "ਮੈਨੂੰ ਬਚਪਨ ਤੋਂ ਹੀ ਕੁੱਤਿਆਂ ਨਾਲ ਬਹੁਤ ਪਿਆਰ ਸੀ ਤੇ ਮੇਰੀ ਪੇਂਟ ਦੀ ਫੈਕਟਰੀ ਵਿੱਚ ਡਰੱਮ ਤਾਂ ਰੋਜ਼ ਹੀ ਖਾਲੀ ਹੁੰਦੇ ਹਨ। ਪਹਿਲਾਂ ਤਾਂ ਅਸੀਂ ਕਬਾੜੀਏ ਨੂੰ ਇਹ ਡਰੱਮ ਦੇ ਦਿੰਦੇ ਸੀ ਪਰ ਇੱਕ ਦਿਨ ਮੈਂ ਦੇਖਿਆ ਕਿ ਇੱਕ ਕੁੱਤਾ ਖਾਲੀ ਡਰੱਮ ਦੇ ਅੰਦਰ ਸੁੱਤਾ ਪਿਆ ਹੈ।"

ਉਹ ਅੱਗੇ ਦੱਸਦੇ ਹਨ, "ਇਹ ਸਭ ਦੇਖ ਕੇ ਮੇਰੇ ਦਿਮਾਗ 'ਚ ਇੱਕ ਵਿਚਾਰ ਆਇਆ। ਮੈਂ ਫਿਰ ਚਾਰ ਖਾਲੀ ਡਰੱਮ ਘਰ ਲੈ ਆਇਆ ਅਤੇ ਉਨ੍ਹਾਂ ਵਿੱਚ ਕੰਬਲ ਵਿਛਾ ਕੇ ਘਰ ਦੇ ਬਾਹਰ ਰੱਖ ਦਿੱਤੇ। ਸਵੇਰੇ ਉੱਠ ਕੇ ਦੇਖਿਆ ਤਾਂ ਮੇਰੀ ਗਲੀ ਦੇ ਕੁੱਤੇ ਉਨ੍ਹਾਂ ਡਰੱਮਾਂ ਵਿੱਚ ਸੁੱਤੇ ਪਏ ਸਨ। ਇਸ ਤਰ੍ਹਾਂ ਇਹ ਪਹਿਲਕਦਮੀ ਹੋਈ।"

ਵੀਡੀਓ ਕੈਪਸ਼ਨ, ਅਵਾਰਾ ਕੁੱਤਿਆਂ ਨੂੰ ਠੰਢ ਤੋਂ ਬਚਾਉਣ ਲਈ ਇਸ ਪੰਜਾਬੀ ਨੇ ਕੀ ਤਰੀਕਾ ਲੱਭਿਆ

ਸ਼ੈਲਟਰ ਬਣਾਉਣ ਤੇ ਵੰਡਣ ਦੀ ਪ੍ਰਕਿਰਿਆ

ਰਾਜਨ ਪਪਨੇਜਾ ਅਤੇ ਜਗਜੀਤ ਸਿੰਘ
ਤਸਵੀਰ ਕੈਪਸ਼ਨ, ਜਗਜੀਤ ਸਿੰਘ ਸਾਰੀਆਂ ਗ਼ਰਮੀਆਂ ਕਰੀਬ 10 ਮਹੀਨੇ ਸ਼ੈਲਟਰ ਤਿਆਰ ਕਰਦੇ ਹਨ ਅਤੇ ਸਰਦੀਆਂ ਨੂੰ ਇਨ੍ਹਾਂ ਨੂੰ ਵੰਡਦੇ ਹਨ

ਜਗਜੀਤ ਸਿੰਘ ਨੇ ਸਰਦੀਆਂ ਦੇ ਮੌਸਮ ਨੂੰ ਧਿਆਨ ਵਿੱਚ ਰੱਖ ਕੇ ਡਰੱਮਾਂ ਨੂੰ ਤਿਆਰ ਕਰਨਾ ਤੇ ਵੰਡਣਾ ਸ਼ੁਰੂ ਕੀਤਾ।

ਉਹ ਦੱਸਦੇ ਹਨ, "ਅਸੀਂ ਫੈਕਟਰੀ ਵਿੱਚੋਂ ਸਾਲ ਵਿੱਚ ਪਹਿਲਾਂ 10 ਮਹੀਨੇ ਖਾਲੀ ਡਰੱਮਾਂ ਨੂੰ ਇਕੱਠਾ ਕਰਦੇ ਹਾਂ, ਉਨ੍ਹਾਂ ਨੂੰ ਗੁਦਾਮ ਵਿੱਚ ਤਿਆਰ ਕਰਦੇ ਹਨ। ਫਿਰ ਸਰਦੀਆਂ ਦੇ ਦੋ ਮਹੀਨੇ ਯਾਨੀ 8-10 ਹਫਤੇ ਉਨ੍ਹਾਂ ਨੂੰ ਵੰਡਣ ਦੀ ਪ੍ਰਕਿਰਿਆ ਸ਼ੁਰੂ ਕਰਦੇ ਹਾਂ।"

ਉਹ ਦਾਅਵਾ ਕਰਦੇ ਹਨ, "ਮੈਂ ਪਿਛਲੇ ਸਾਲ ਤੱਕ ਕਰੀਬ 28000 ਡਰੱਮ ਤਿਆਰ ਕਰਕੇ ਵੰਡ ਚੁੱਕਾ ਹਾਂ।"

ਉਹ ਅੱਗੇ ਦੱਸਦੇ ਹਨ, "ਅਸੀਂ ਸਿਰਫ ਐਤਵਾਰ ਦੇ ਦਿਨ ਹੀ ਡਰੱਮ ਸ਼ੈਲਟਰ ਵੰਡਦੇ ਹਾਂ, ਤਾਂ ਜੋ ਮੈਂ ਨਿੱਜੀ ਤੌਰ 'ਤੇ ਡਰੱਮ ਲੈਣ ਵਾਲੇ ਹਰ ਵਿਅਕਤੀ ਨੂੰ ਮਿਲ ਸਕਾਂ।"

"ਹਰ ਐਤਵਾਰ ਡਰੰਮ ਵੰਡੇ ਜਾਣ ਦੀ ਜਾਣਕਾਰੀ ਇੰਸਟਾਗ੍ਰਾਮ ਰਾਹੀਂ ਲੋਕਾਂ ਤੱਕ ਪਹੁੰਚ ਜਾਂਦੀ ਹੈ। ਵੰਡਣ ਦਾ ਸਮਾਂ ਸਵੇਰ 11 ਵਜੇ ਦਾ ਰੱਖਿਆ ਹੋਇਆ ਹੈ ਪਰ ਲੋਕ ਸਵੇਰੇ ਜਲਦੀ ਹੀ ਜੁੜਨਾ ਸ਼ੁਰੂ ਹੋ ਜਾਂਦੇ ਹਨ।"

ਜਗਜੀਤ ਸਿੰਘ ਦੱਸਦੇ ਹਨ ਕਿ ਉਨ੍ਹਾਂ ਦੀ ਕੋਸ਼ਿਸ਼ ਰਹਿੰਦੀ ਹੈ ਕਿ ਹਰ ਇੱਕ ਨੂੰ ਇੱਕ ਡਰੱਮ ਹੀ ਦਿੱਤਾ ਜਾਵੇ ਪਰ ਲੋਕ ਵੱਧ ਲੈਣ ਦਾ ਜ਼ੋਰ ਪਾਉਂਦੇ ਹਨ ਤੇ ਫਿਰ ਦੋ ਵੀ ਦੇ ਦਿੱਤੇ ਜਾਂਦੇ ਹਨ।

ਉਹ ਦੱਸਦੇ ਹਨ, "ਇਸ ਸਭ ਨੂੰ ਤਿਆਰ ਕਰਨ ਦਾ ਖਰਚਾ ਅਸੀਂ ਖੁਦ ਹੀ ਕਰਦੇ ਹਨ ਤੇ ਕਿਸੇ ਤੋਂ ਮਦਦ ਨਹੀਂ ਲੈਂਦੇ। ਅਸੀਂ ਬਸ ਲੋਕਾਂ ਨੂੰ ਇਹੀ ਕਹਿੰਦੇ ਹਾਂ ਕਿ ਜੇ ਸਾਨੂੰ ਦੇਣਾ ਹੈ ਤਾਂ ਵੱਧ ਤੋਂ ਵੱਧ ਸਿਰਫ ਦੁਆਵਾਂ ਦਿਓ। "

ਲੋਕ ਕਿਵੇਂ ਕਰਦੇ ਹਨ ਸ਼ੈਲਟਰਾਂ ਦੀ ਵਰਤੋਂ

ਰਜਨੀ ਅਰੋੜਾ
ਤਸਵੀਰ ਕੈਪਸ਼ਨ, ਡਾਕਟਰ ਰਜਨੀ ਅਰੋੜਾ ਵੀ ਬੇਸਹਾਰਾ ਕੁੱਤਿਆਂ ਲਈ ਸ਼ੈਲਟਰ ਲੈਣ ਆਏ

ਦਿੱਲੀ-ਐੱਨਸੀਆਰ ਦੇ ਇਲਾਕਿਆਂ ਤੋਂ ਜਾਨਵਰਾਂ ਨੂੰ ਪਿਆਰ ਤੇ ਉਨ੍ਹਾਂ ਦੀ ਦੇਖ-ਰੇਖ ਰੱਖਣ ਵਾਲੇ ਕਈ ਲੋਕ ਇਸ ਸੰਸਥਾ ਨਾਲ ਜੁੜੇ ਹੋਏ ਹਨ।

ਉਹ ਇੱਥੇ ਗੁਰੂਗ੍ਰਾਮ ਆਪਣੀਆਂ ਗੱਡੀਆਂ ਤੇ ਆਟੋਆਂ ਵਿੱਚ ਆਉਂਦੇ ਹਨ ਅਤੇ ਆਪੋ-ਆਪਣੇ ਇਲਾਕਿਆਂ ਵਿੱਚ ਬੇਸਹਾਰਾ ਕੁੱਤਿਆਂ ਦੇ ਲਈ ਡਰੱਮ ਸ਼ੈਲਟਰ ਲੈ ਕੇ ਜਾਂਦੇ ਹਨ।

ਡਾਕਟਰ ਰਜਨੀ ਅਰੋੜਾ ਵੀ ਬੇਸਹਾਰਾ ਕੁੱਤਿਆਂ ਲਈ ਇਨ੍ਹਾਂ ਸ਼ੈਲਟਰਾਂ ਨੂੰ ਲੈਣ ਆਉਂਦੇ ਹਨ।

ਉਨ੍ਹਾਂ ਨੇ ਭਾਵੁਕ ਹੁੰਦਿਆਂ ਦੱਸਿਆ, "2018 ਵਿੱਚ ਮੇਰੇ ਕੋਲ ਇੱਕ ਕੁੱਤਾ ਆਇਆ ਸੀ ਪਰ ਉਹ ਮਰ ਗਿਆ। ਉਸੇ ਕਾਰਨ ਹੁਣ ਮੈਂ ਹੋਰ ਬੇਸਹਾਰਾ ਕੁੱਤਿਆਂ ਲਈ ਇਹ ਸਭ ਕਰਦੀ ਹਾਂ। ਹੁਣ ਜਦੋਂ ਸਰਦੀ ਆ ਗਈ ਹੈ ਤਾਂ ਮੈਂ ਉਨ੍ਹਾਂ ਲਈ ਸ਼ੈਲਟਰ ਲੈਣ ਆਈ ਹਾਂ। ਵੈਸੇ ਘੱਟੋ-ਘੱਟ ਸਾਨੂੰ 5-6 ਚਾਹੀਦੇ ਹਨ ਪਰ ਅਸੀਂ ਇੱਕ-ਇੱਕ ਕਰਕੇ ਲੈ ਜਾ ਰਹੇ ਹਾਂ। ਅਸੀਂ ਇਨ੍ਹਾਂ ਨੂੰ ਫੰਡਿੰਗ ਕਰਨ ਲਈ ਵੀ ਕਿਹਾ ਸੀ ਪਰ ਉਨ੍ਹਾਂ ਨੇ ਮਨ੍ਹਾਂ ਕਰ ਦਿੱਤਾ।"

ਇਸੇ ਤਰ੍ਹਾਂ ਇੱਥੇ ਸ਼ੈਲਟਰ ਲੈਣ ਪਹੁੰਚੇ ਗੁਰੂਗ੍ਰਾਮ ਵਾਸੀ ਸੌਰਭ ਗੋਇਲ ਨੇ ਕਿਹਾ ਕਿ ਉਨ੍ਹਾਂ ਕੋਲ ਵੀ ਇੱਕ ਕੁੱਤਾ ਹੁੰਦਾ ਸੀ ਪਰ ਉਹ ਮਰ ਗਿਆ।

ਉਹ ਦੱਸਦੇ ਹਨ, "ਬੇਸਹਾਰਾ ਕੁੱਤਿਆਂ ਦੀ ਦੇਖਭਾਲ ਕਰਨਾ, ਉਨ੍ਹਾਂ ਨੂੰ ਰੋਜ਼ ਖਾਣਾ ਖਿਲਾਉਣ ਮੈਨੂੰ ਚੰਗਾ ਲੱਗਦਾ ਹੈ। ਇੱਥੇ ਆਉਣ ਦਾ ਮੇਰਾ ਮਕਸਦ ਇਹ ਹੈ ਕਿ ਇਨ੍ਹਾਂ ਕੁੱਤਿਆਂ ਨੂੰ ਇੱਕ ਘਰ ਦੇ ਸਕਾਂ ਕਿਉਂਕਿ ਸਰਦੀਆਂ ਵਿੱਚ ਉਨ੍ਹਾਂ ਨੂੰ ਬਹੁਤ ਪ੍ਰੇਸ਼ਾਨੀ ਹੁੰਦੀ ਹੈ। ਮੈਂ ਇੰਸਟਾਗ੍ਰਾਮ ਤੋਂ ਰੀਲ ਦੇਖ ਕੇ ਹੀ ਜਗਜੀਤ ਸਿੰਘ ਹੋਰਾਂ ਕੋਲ ਪਹੁੰਚਿਆ।"

'ਬੇਸਹਾਰਿਆਂ ਦੀ ਜਾਨ ਬਚਾਉਣਾ ਸਭ ਤੋਂ ਵੱਡੀ ਸੇਵਾ'

ਰਿਧੀਮਾ
ਤਸਵੀਰ ਕੈਪਸ਼ਨ, ਰਿਧੀਮਾ ਕਹਿੰਦੇ ਹਨ ਕਿ ਜਗਜੀਤ ਸਿੰਘ ਦੀ ਇਹ ਪਹਿਲਕਦਮੀ ਬਹੁਤ ਵੱਡੀ ਹੈ

ਦਿੱਲੀ ਵਾਸੀ ਰਿਧੀਮਾ ਵੀ ਬੇਸਹਾਰਾ ਕੁੱਤਿਆਂ ਦੇ ਲਈ ਸ਼ੈਲਟਰ ਲੈਣ ਇੱਥੇ ਆਉਂਦੇ ਹਨ।

ਉਹ ਕਹਿੰਦੇ ਹਨ, "ਅੰਕਲ ਦੀ ਇਹ ਪਹਿਲਕਦਮੀ ਬਹੁਤ ਵੱਡੀ ਹੈ। ਦਿੱਲੀ-ਐੱਨਸੀਆਰ ਵਿੱਚ ਹਵਾ ਬਹੁਤ ਮਾੜੀ ਹੈ ਅਤੇ ਹੁਣ ਠੰਢ ਵੀ ਹੈ। ਮੈਂ ਕਹਿੰਦੀ ਹਾਂ ਕਿ ਜੇ ਤੁਹਾਡੇ ਘਰ ਬਾਹਰ ਇੱਕ ਵੀ ਕੁੱਤਾ ਹੈ ਤਾਂ ਕਿਰਪਾ ਕਰਕੇ ਇੱਥੇ ਆ ਕੇ ਡਰੱਮ ਲਓ ਤੇ ਕਿਸੇ ਦੀ ਜਾਨ ਬਚਾਓ। ਇਹੀ ਸਭ ਤੋਂ ਵੱਡੀ ਸੇਵਾ ਹੈ।"

ਸ਼ੈਲਟਰ ਲੈਣ ਪਹੁੰਚੇ ਗੁਰੂਗ੍ਰਾਮ ਵਾਸੀ ਦਾਰਾ ਗਾਂਧੀ ਕਹਿੰਦੇ ਹਨ ਕਿ ਜਦੋਂ ਉਹ ਕੁੱਤਿਆਂ ਜਾਂ ਬਿੱਲੀਆਂ ਨੂੰ ਇੰਝ ਬਾਹਰ ਦੇਖਦੇ ਹਨ ਤਾਂ ਬਹੁਤ ਖਰਾਬ ਲੱਗਦਾ ਹੈ।

ਉਹ ਕਹਿੰਦੇ ਹਨ, "ਜਿੰਨਾ ਹੋ ਸਕਦਾ ਮੈਂ ਲਾਵਾਰਿਸ ਕੁੱਤਿਆਂ ਦੀ ਮਦਦ ਕਰਦਾ ਹਾਂ। ਮੇਰੀ ਕਾਰ ਵਿੱਚ ਕੁੱਤਿਆਂ ਲਈ ਹਮੇਸ਼ਾ ਖਾਣਾ ਰਹਿੰਦਾ ਹੈ। ਅਸੀਂ ਹੁਣ ਆਪਣੇ ਇਲਾਕੇ ਵਿੱਚ ਇਨ੍ਹਾਂ ਸ਼ੈਲਟਰਾਂ ਨੂੰ ਰੱਖਣ ਵਾਲੇ ਹਾਂ ਤਾਂ ਕਿ ਠੰਢ ਵਿੱਚ ਕੁੱਤਿਆਂ ਲਈ ਇੱਕ ਘਰ ਹੋਵੇ।"

ਰਿਧੀਮਾ

ਗੁਰੂਗ੍ਰਾਮ ਵਾਸੀ ਅਭਿਲਾਸ਼ਾ ਮੁਤਾਬਕ ਉਹ 30 ਤੋਂ 40 ਕੁੱਤਿਆਂ ਦੀ ਦੇਖ-ਰੇਖ ਕਰਦੇ ਹਨ।

ਉਹ ਕਹਿੰਦੇ ਹਨ, "ਮੈਂ ਕੁੱਤਿਆਂ ਦੇ ਲਈ ਇਹ ਸ਼ੈਲਟਰ ਪਿਛਲੇ ਚਾਰ ਸਾਲਾਂ ਤੋਂ ਲੈ ਰਹੀ ਹਾਂ। ਜਿਵੇਂ ਹੀ ਸਰਦੀਆਂ ਦਾ ਮੌਸਮ ਆਉਂਦਾ ਹੈ ਤਾਂ ਜਗਜੀਤ ਸਿੰਘ ਇਨ੍ਹਾਂ ਸ਼ੈਲਟਰਾਂ ਨੂੰ ਵੰਡਣਾ ਸ਼ੁਰੂ ਕਰ ਦਿੰਦੇ ਹਨ, ਜਿਸ ਨਾਲ ਕਾਫੀ ਮਦਦ ਮਿਲਦੀ ਹੈ। ਇਸ ਨਾਲ ਖਾਸ ਤੌਰ 'ਤੇ ਛੋਟੇ ਕਤੂਰਿਆਂ ਲਈ ਬਹੁਤ ਮਦਦ ਹੋ ਜਾਂਦੀ ਹੈ।"

ਸਰਕਾਰ ਤੇ ਲੋਕਾਂ ਨੂੰ ਅਪੀਲ

ਦਾਰਾ ਗਾਂਧੀ
ਤਸਵੀਰ ਕੈਪਸ਼ਨ, ਦਾਰਾ ਗਾਂਧੀ ਕਹਿੰਦੇ ਹਨ ਕਿ ਜਦੋਂ ਉਹ ਕੁੱਤਿਆਂ ਜਾਂ ਬਿੱਲੀਆਂ ਨੂੰ ਇੰਝ ਬਾਹਰ ਦੇਖਦੇ ਹਨ ਤਾਂ ਬਹੁਤ ਖਰਾਬ ਲੱਗਦਾ ਹੈ, ਇਸ ਲਈ ਉਹ ਵੀ ਸ਼ੈਲਟਰ ਲੈਣ ਆਉਂਦੇ ਹਨ

ਜਗਜੀਤ ਸਿੰਘ ਲਾਵਾਰਿਸ ਕੁੱਤਿਆਂ ਦੇ ਮੁੱਦੇ ਬਾਰੇ ਕਹਿੰਦੇ ਹਨ ਕਿ ਇਸ ਵਿੱਚ ਸਰਕਾਰਾਂ ਦਾ ਵੀ ਬਹੁਤ ਵੱਡਾ ਯੋਗਦਾਨ ਹੋਣਾ ਚਾਹੀਦਾ ਹੈ।

ਉਹ ਕਹਿੰਦੇ ਹਨ, "ਸਰਕਾਰ ਨੂੰ ਇਹ ਮਸਲਾ ਗੰਭੀਰਤਾ ਨਾਲ ਲੈਣਾ ਚਾਹੀਦਾ ਹੈ। ਨਸਬੰਦੀ ਤੇ ਟੀਕਾਕਰਨ ਇਹ ਦੋ ਚੀਜਾਂ ਜੇ ਸਰਕਾਰ ਦੇਖ ਲਏ ਤਾਂ ਅਵਾਰਾ ਜਾਨਵਰਾਂ ਦਾ ਸਾਰਾ ਮਸਲਾ ਹੱਲ ਹੋ ਜਾਵੇਗਾ। ਮੈਂ ਲੋਕਾਂ ਨੂੰ ਵੀ ਇਹ ਸਲਾਹ ਦੇਣਾ ਚਾਹੁੰਦਾ ਹਾਂ ਕਿ ਉਹ ਲਾਵਾਰਿਸਾਂ ਨੂੰ ਗੋਦ ਲੈ ਲੈਣ। ਜੇ ਲਾਵਾਰਿਸ ਕੁੱਤਿਆਂ ਨੂੰ ਗੋਦ ਲੈ ਲਿਆ ਜਾਵੇ ਤਾਂ ਇਹ ਸਮੱਸਿਆ ਨਿਬੜ ਜਾਵੇਗੀ।"

ਬੀਬੀਸੀ ਲਈ ਕਲੈਕਟਿਵ ਨਿਊਜ਼ਰੂਮ ਵੱਲੋਂ ਪ੍ਰਕਾਸ਼ਿਤ

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTER, WhatsApp ਅਤੇ YouTube 'ਤੇ ਜੁੜੋ।)