'ਇੰਡੀਆ-ਪਾਕਿਸਤਾਨ 'ਚ ਕੋਈ ਹੋਰ ਸਾਂਝ ਹੋਵੇ ਨਾ ਹੋਵੇ, ਸਾਡੇ ਘਰ ਦੇ ਸਿਆਪੇ ਇੱਕੋ ਜਿਹੇ ਨੇ', ਪਾਕਿਸਤਾਨ ਦੀ ਸੀਰੀਜ਼ ਦਾ ਭਾਰਤ 'ਚ ਵਿਰੋਧ ਹੋਣ 'ਤੇ ਹਨੀਫ਼ ਦਾ ਨਜ਼ਰੀਆ

ਫਵਾਦ ਖਾਨ ਅਤੇ ਸਨਮ ਸਈਅਦ
ਤਸਵੀਰ ਕੈਪਸ਼ਨ, ਜੋ ਬਚੇ ਹੈ ਸੰਗ ਸਮੇਟ ਲੋ ਪਾਕਿਸਤਾਨ ਦੀ ਪਹਿਲੀ ਨੈੱਟਫ਼ਲਿਕਸ ਸੀਰੀਜ਼ ਹੈ
    • ਲੇਖਕ, ਮੁਹੰਮਦ ਹਨੀਫ਼
    • ਰੋਲ, ਸੀਨੀਅਰ ਪੱਤਰਕਾਰ ਅਤੇ ਲੇਖਕ
  • ਪ੍ਰਕਾਸ਼ਿਤ
  • ਪੜ੍ਹਨ ਦਾ ਸਮਾਂ: 5 ਮਿੰਟ

ਪਾਕਿਸਤਾਨ ਵਿੱਚ ਇੱਕ ਡਰਾਮਾ ਚੱਲਿਆ ਹੈ ਦਰ-ਏ-ਨਿਜਾਤ।

ਉਹ ਏਡਾ ਕੁ ਪਾਪੂਲਰ ਹੋ ਗਿਆ ਕਿ ਸਾਡੇ ਸੀਨੀਅਰ ਸਹਾਫ਼ੀ ਅਤੇ ਸਿਆਣੇ ਤੱਜਿਆਕਾਰ ਜਿਹੜੇ ਸਾਨੂੰ ਰੋਜ਼ ਮੁਲਕ ਦੀ ਤੇ ਦੁਨੀਆਂ ਦੀ ਸਿਆਸਤ ਸਮਝਾਉਂਦੇ ਸਨ, ਉਹ ਵੀ ਆਪਣਾ ਕੰਮ ਛੱਡ ਕੇ ਡਰਾਮਾ ਵੇਖਣ ਲੱਗ ਪਏ ਤੇ ਸਾਨੂੰ ਡਰਾਮਾ ਸਮਝਾਉਣ ਲੱਗ ਪਏ।

ਕਿਸੇ ਦਾ ਡਰਾਮਾ ਵੇਖ ਕੇ ਇਮਾਨ ਤਾਜ਼ਾ ਹੋ ਗਿਆ। ਕਿਸੇ ਨੂੰ ਸਾਡੇ ਮਰਦਾਂ, ਔਰਤਾਂ ਦੀਆਂ, ਫੈਮਿਲੀ ਦੇ ਸਾਰੇ ਦੇ ਸਾਰੇ ਮਸਲੇ ਸਮਝ ਆ ਗਏ।

ਇੱਕ ਬਿਜ਼ਨੈਸ ਰਿਪੋਰਟਰ ਨੇ ਤਾਂ ਹੀਰੋ ਦੀਆਂ ਕਾਰਾਂ ਅਤੇ ਉਹਦੀ ਪ੍ਰਾਪਰਟੀ ਦਾ ਹਿਸਾਬ-ਕਿਤਾਬ ਲਾ ਕੇ ਸਾਨੂੰ ਪਾਕਿਸਤਾਨ ਦੀ ਨਵੀਂ ਇਕਾਨੋਮੀ ਵੀ ਸਮਝਾ ਦਿੱਤੀ।

ਹੁਣ ਇਸ ਡਰਾਮੇ ਦੀ ਖ਼ਬਰ ਬਾਰਡਰ ਪਾਰ ਇੰਡੀਆ 'ਚ ਵੀ ਪਹੁੰਚ ਗਈ।

ਉੱਥੇ ਵੀ ਲੋਕਾਂ ਨੇ ਵੇਖਿਆ। ਫਿਰ ਕੁਝ ਵਾਚ ਪਾਰਟੀਆਂ ਹੋਈਆਂ। ਫਿਰ ਕੁਝ ਰੌਲਾ ਪਿਆ। ਫਿਰ ਪਾਬੰਦੀ ਲੱਗ ਗਈ।

ਮੁਹੰਮਦ ਹਨੀਫ਼
ਤਸਵੀਰ ਕੈਪਸ਼ਨ, ਮੁਹੰਮਦ ਹਨੀਫ਼

ਡਰਾਮੇ ਵਿੱਚ ਹੋਰ ਕੁਝ ਹੋਵੇ ਨਾ ਹੋਵੇ, ਆਹ ਮੈਨੂੰ ਪੱਕਾ ਯਕੀਨ ਹੈ ਕਿ ਡਰਾਮੇ 'ਚ ਕਿਤੇ ਦੂਰ-ਦੂਰ ਤੱਕ ਇੰਡੀਆ ਦਾ ਜ਼ਿਕਰ ਕੋਈ ਨਹੀਂ।

ਘਰ ਦੀ ਕਹਾਣੀ ਏ, ਕਲਾਸ ਦੀ ਕਹਾਣੀ ਏ, ਬੰਦੇ-ਬੰਦੀ ਦੀ ਕਦੀਮੀ ਫੱਡੇ ਆਲੀ ਕਹਾਣੀ ਏ ਅਤੇ ਨਾਲ ਥੋੜਾ ਜਿਹਾ ਮਜ਼੍ਹਬੀ ਟੱਚ ਲਾਇਆ।

ਹੁਣ ਇੰਡੀਆ-ਪਾਕਿਸਤਾਨ 'ਚ ਕੋਈ ਹੋਰ ਸਾਂਝ ਹੋਵੇ ਨਾ ਹੋਵੇ, ਸਾਡੇ ਘਰ ਦੇ ਸਿਆਪੇ ਇੱਕੋ ਜਿਹੇ ਨੇ।

ਪਾਕਿਸਤਾਨ ਦੀ ਪਹਿਲੀ ਨੈੱਟਫ਼ਲਿਕਸ ਆਰੀਜਨਲ ਸੀਰੀਜ਼ ਦਾ ਭਾਰਤ ਵਿੱਚ ਵਿਰੋਧ

‘ਜੋ ਬਚੇ ਹੈਂ ਸੰਗ ਸਮੇਟ ਲੋ’ ਸੀਰੀਜ਼
ਤਸਵੀਰ ਕੈਪਸ਼ਨ, 'ਜੋ ਬਚੇ ਹੈਂ ਸੰਗ ਸਮੇਟ ਲੋ' ਸੀਰੀਜ਼ ਵਿੱਚ ਅਹਿਦ ਰਜ਼ਾ ਮੀਰ ਅਤੇ ਇਕਰਾ ਅਜ਼ੀਜ਼ ਦੇ ਨਾਲ ਫਵਾਦ ਖ਼ਾਨ, ਮਾਹਿਰਾ ਖ਼ਾਨ, ਹਾਨੀਆ ਆਮਿਰ ਅਤੇ ਹਮਜ਼ਾ ਅਲੀ ਅੱਬਾਸੀ ਵਰਗੇ ਵੱਡੇ ਸਿਤਾਰੇ ਸ਼ਾਮਲ ਹਨ

ਅਜੇ ਇਹ ਇੱਕ ਛੋਟੀ ਜਿਹੀ ਗੱਦਾਰੀ ਨਹੀਂ ਸੀ ਮੁੱਕੀ ਤੇ ਪਾਕਿਸਤਾਨ 'ਚੋਂ ਐਲਾਨ ਹੋਇਆ ਕਿ ਨੈੱਟਫ਼ਲਿਕਸ ਤੇ ਪਾਕਿਸਤਾਨ ਦੀ ਪਹਿਲੀ ਔਰੀਜ਼ਨਲ ਸੀਰੀਜ਼ ਅਗਲੇ ਮਹੀਨੇ ਰਿਲੀਜ਼ ਹੋ ਰਹੀ ਏ।

ਅਜੇ ਟਰੇਲਰ ਹੀ ਆਇਆ ਸੀ ਤੇ ਇੰਡੀਆ ਵਿੱਚ ਭੜਥੂ ਪੈ ਗਿਆ।

ਇੰਡੀਆ ਦੀ ਫ਼ਿਲਮ ਵਰਕਰਜ਼ ਦੀ ਐਸੋਸੀਏਸ਼ਨ ਨੇ ਸਿੱਧਾ ਪ੍ਰਾਈਮ ਮਿਨੀਸਟਰ ਮੋਦੀ ਨੂੰ ਖ਼ਤ ਲਿਖਿਆ, ਵੀ ਨੈੱਟਫ਼ਲਿਕਸ ਨੂੰ ਮਨਾ ਕਰੋ ਕਿ ਪਾਕਿਸਤਾਨ ਦਾ ਗੰਦ ਇੰਡੀਆ ਵਿੱਚ ਨਹੀਂ ਚੱਲਣਾ ਚਾਹੀਦਾ।

ਆਹ ਹੁਣ ਮੋਦੀ ਜੀ ਦੁਨੀਆਂ ਦੀ ਸਭ ਤੋਂ ਵੱਡੀ ਡੈਮੋਕ੍ਰੇਸੀ ਦੇ ਪ੍ਰਾਈਮ ਮਿਨੀਸਟਰ ਨੇ। ਬਾਕੀ ਅੱਧੀ ਦੁਨੀਆਂ ਦਾ ਭਾਰ ਵੀ ਉਨ੍ਹਾਂ ਨੇ ਮੋਢਿਆਂ 'ਤੇ ਚੁੱਕਿਆ ਹੈ। ਹੁਣ ਉਨ੍ਹਾਂ ਕੋਲ ਪਤਾ ਨਹੀਂ ਇੰਨਾ ਟਾਈਮ ਹੋ ਜਾਏ ਕਿ ਨਹੀਂ ਕਿ ਉਹ ਬਹਿ ਕੇ ਨੈੱਟਫ਼ਲਿਕਸ ਦੇ ਡਰਾਮੇ ਸੈਨਸਰ ਕਰਨ।

ਲੇਕਿਨ ਜੇ ਹੁਕਮਤ ਦਾ ਹੋਇਆ ਤਾਂ ਨੈੱਟਫ਼ਲਿਕਸ ਦਾ ਪਿਓ ਵੀ ਕਰੇਗਾ। ਨੈੱਟਫ਼ਲਿਕਸ 'ਤੇ ਹੁਣ ਹਜ਼ਾਰਾਂ ਸ਼ੋਅ ਨੇ, ਉਨ੍ਹਾਂ 'ਚੋਂ ਕਈ ਸੌ ਇੰਡੀਅਨਜ਼ ਨੇ, ਇੰਡੀਆ ਦੀਆਂ ਬੇਸ਼ੁਮਾਰ ਫਿਲਮਾਂ ਨੇ।

ਇਹ ਪਾਕਿਸਤਾਨ ਦਾ ਪਹਿਲਾ ਆਰੀਜ਼ਨਲ ਸ਼ੋਅ ਸੀ ਜਿਹੜਾ ਆਉਣ ਲੱਗਾ ਸੀ।

ਅਤੇ ਟਰੇਲਰ ਵੇਖ ਕੇ ਫਿਰ ਮੈਨੂੰ ਇੱਕ ਵਾਰੀ ਲੱਗਾ ਕਿ ਇਹਦੇ 'ਚ ਜੋ ਵੀ ਕਹਾਣੀ ਹੋਵੇ, ਇਹਦੇ ਵਿੱਚ ਵੀ ਇੰਡੀਆ ਦਾ ਕੋਈ ਜ਼ਿਕਰ ਨਹੀਂ।

ਲੇਕਿਨ ਉੱਥੇ ਫੈਸਲਾ ਹੋ ਗਿਆ ਵੀ ਅਸੀਂ ਦੁਸ਼ਮਣ ਦੇ ਘਰ ਦੀ ਕਹਾਣੀ ਕਿਉਂ ਵੇਖੀਏ। ਇਹਦੇ ਵਿੱਚ ਫਵਾਦ ਖ਼ਾਨ ਅਤੇ ਮਾਹਿਰਾ ਖ਼ਾਨ ਦੇ ਨੇ ਉਹਨਾਂ ਦਾ ਘਰ ਹੈ ਅਤੇ ਇਨ੍ਹਾਂ ਨੇ ਆਪਣੇ ਘਰ ਦੀ ਬੇਸਮੈਂਟ ਵਿੱਚ ਹਾਫਿਜ਼ ਸਈਦ ਨੂੰ ਬੈਠਾਇਆ ਹੀ ਹੋਣਾ ਹੈ।

ਦੋਵਾਂ ਦੇਸ਼ਾਂ ਦਾ ਸਾਂਝਾ ਸੱਭਿਆਚਾਰ, ਸੰਗੀਤ ਅਤੇ ਸ਼ਾਇਰੀ

ਫਵਾਦ ਖ਼ਾਨ ਅਤੇ ਮਾਹਿਰਾ ਖ਼ਾਨ
ਤਸਵੀਰ ਕੈਪਸ਼ਨ, ਫਵਾਦ ਖ਼ਾਨ ਅਤੇ ਮਾਹਿਰਾ ਖ਼ਾਨ

ਅੱਜ ਕੱਲ੍ਹ ਦੋਵਾਂ ਮੁਲਕਾਂ ਵਿੱਚ ਸ਼ਾਦੀਆਂ ਦਾ ਸੀਜ਼ਨ ਹੈ। ਵਾਜੇ ਅਤੇ ਢੋਲਕੀਆਂ ਵੱਜ ਰਹੀਆਂ ਨੇ। ਡੀਜੇ ਆਪਣੀ ਡਿਊਟੀਆਂ 'ਤੇ ਲੱਗੇ ਨੇ।

ਕੁਝ ਪਤਾ ਨਹੀਂ ਵੀ ਇੰਡੀਅਨ ਗਾਣਾ ਕਿੱਥੇ ਖ਼ਤਮ ਹੁੰਦਾ ਹੈ ਅਤੇ ਪਾਕਿਸਤਾਨੀ ਕਿੱਥੋਂ ਸ਼ੁਰੂ ਹੋਇਆ।

ਇੱਥੇ ਪਾਕਿਸਤਾਨ ਦੇ ਵਿੱਚ ਕੁਝ ਸਾਡੀਆਂ ਚਾਰ ਨਸਲਾਂ ਨੇ ਜਿਹੜੀਆਂ ਲਤਾ, ਰਫ਼ੀ, ਕਿਸ਼ੋਰ ਤੇ ਆਸ਼ਾ ਨੂੰ ਸੁਣਦੀਆਂ ਰਹੀਆਂ ਨੇ, ਫਿਲਮਾਂ ਵੀ ਵੇਖੀਆਂ ਨੇ।

ਮਜਾਲ ਏ ਉਨ੍ਹਾਂ ਨੂੰ ਸ਼ਾਹਰੁਖ ਖ਼ਾਨ ਦੀਆਂ ਫਿਲਮਾਂ ਵੇਖ-ਵੇਖ ਕੇ ਇੰਡੀਆ ਨਾਲ ਕਦੀ ਪਿਆਰ ਹੋ ਗਿਆ ਹੋਵੇ।

ਇਹ ਪਤਾ ਨਹੀਂ ਗੱਲ ਕਿਉਂ ਨਹੀਂ ਇਨ੍ਹਾਂ ਨੂੰ ਸਮਝਾਉਂਦਾ ਕਿ ਤੁਸੀਂ ਦੁਸ਼ਮਣ ਦੇ ਗਾਣੇ ਵੀ ਸੁਣ ਸਕਦੇ ਹੋ, ਡਰਾਮੇ ਵੀ ਵੇਖ ਸਕਦੇ ਹੋ ਅਤੇ ਆਪਣੀ ਨਾਲ-ਨਾਲ ਦੁਸ਼ਮਣਦਾਰੀ ਵੀ ਨਿਭਾ ਸਕਦੇ ਹੋ।

ਪਿਛਲੇ ਦਿਨੀਂ ਇੰਡੀਆ ਦੇ ਇਲੈਕਸ਼ਨ ਕਮਿਸ਼ਨ ਦੇ ਮਸਲੇ 'ਤੇ ਪ੍ਰੋਟੈਸਟ ਹੋ ਰਹੇ ਸਨ ਅਤੇ ਮੁੰਡੇ-ਕੁੜੀਆਂ ਆਪਣੇ ਜਲਸੇ-ਜਲੂਸਾਂ ਵਿੱਚ ਫੈਜ਼ ਅਹਿਮਦ ਫੈਜ਼ ਨੂੰ ਗਾਈ ਜਾ ਰਹੇ ਸਨ।

ਮੈਨੂੰ ਨਹੀਂ ਪਤਾ ਵੀ ਅਜੇ ਇੰਡੀਆ ਦੇ ਵਿੱਚ ਕੋਈ ਸ਼ਾਇਰਾਂ ਦੀ ਐਸੋਸੀਏਸ਼ਨ ਹੈ ਜਾਂ ਉਹਨੇ ਕੋਈ ਮੋਦੀ ਜੀ ਨੂੰ ਖ਼ਤ ਲਿਖ ਕੇ ਕਿਹਾ ਹੈ ਬਈ 'ਆਪ ਇਸ ਫੈਜ਼ ਅਹਿਮਦ ਫੈਜ਼ ਪਰ ਤੋ ਪਾਬੰਦੀ ਲਗਾਏ'।

ਆਹ ਜਿਸ ਨੈੱਟਫ਼ਲਿਕਸ ਦੇ ਸ਼ੋਅ ਤੇ ਪਾਬੰਦੀ ਲਾਉਣ ਲਈ ਮੋਦੀ ਜੀ ਨੂੰ ਖ਼ਤ ਲਿਖਿਆ ਗਿਆ, ਉਹਦਾ ਟਾਈਟਲ ਵੀ ਫੈਜ਼ ਦੀ ਇੱਕ ਗ਼ਜ਼ਲ ਤੋਂ ਆਇਆ ਹੈ, 'ਜੋ ਬਚੇ ਹੈ ਸੰਗ ਸਮੇਟ ਲੋ'। ਆਹ ਸ਼ੋਅ 'ਤੇ ਸ਼ਾਇਦ ਬੈਨ ਹੋ ਹੀ ਜਾਣਾ।

ਤੁਸੀਂ ਗ਼ਜ਼ਲ ਹੀ ਸੁਣ ਲਓ। ਇਸ ਗ਼ਜ਼ਲ ਵਿੱਚ ਵੀ ਇੰਡੀਆ ਦਾ ਕੋਈ ਜ਼ਿਕਰ ਨਹੀਂ, ਲੇਕਿਨ ਦੁਸ਼ਮਣਾਂ ਦਾ ਜ਼ਿਕਰ ਹੈ।

ਉਰਦੂ ਥੋੜੀ ਔਖੀ ਏ। ਜੇ ਜ਼ਿਆਦਾ ਔਖੀ ਲੱਗੇ ਤਾਂ ਏਆਈ ਕੋਲੋਂ ਪੁੱਛ ਲਓ।

ਜੇ ਲੱਗੇ ਕਿ ਮੋਦੀ ਜੀ ਨੂੰ ਖ਼ਤ ਲਿਖਣਾ ਚਾਹੀਦਾ ਵੀ ਫੈਜ਼ ਨੂੰ ਬੈਨ ਕਰਵਾਈਏ, ਤਾਂ ਪਹਿਲੇ ਬਾਲੀਵੁੱਡ ਦੇ ਕਿਸੇ ਉਰਦੂਦਾਨ ਸ਼ਾਇਰ ਕੋਲੋਂ ਪੁੱਛ ਲੈਣਾ ਕਿ ਫੈਜ਼ ਸਾਹਬ ਇਹਦੇ 'ਚ ਇੰਡੀਆ ਦਾ ਜ਼ਿਕਰ ਕਰ ਰਹੇ ਨੇ ਜਾਂ ਪਾਕਿਸਤਾਨ ਦਾ।

ਉਰਦੂ ਸ਼ਾਇਰ ਫ਼ੈਜ਼ ਅਹਿਮਦ ਫ਼ੈਜ਼
ਤਸਵੀਰ ਕੈਪਸ਼ਨ, ਸ਼ਾਇਰ ਫ਼ੈਜ਼ ਅਹਿਮਦ ਫ਼ੈਜ਼

ਗ਼ਜ਼ਲ ਕੁਝ ਇਸ ਤਰ੍ਹਾਂ ਹੈ।

ਨਾ ਗਵਾਓ ਨਾਮ ਕੇ ਨੀਮ ਕਸ਼, ਦਿਲ-ਏ-ਰੇਜ਼ਾ-ਰੇਜ਼ਾ ਗਵਾ ਦੀਆ।

ਜੋ ਬਚੇ ਹੈ ਸੰਗ ਸਮੇਟ ਲੋ, ਤਨ-ਏ-ਦਾਗ਼-ਦਾਗ਼ ਲੁਟਾ ਦੀਆ।

ਮੇਰੇ ਚਾਰ ਅਗਰ ਕੋ ਨਵੀਦ ਹੋ, ਸਫ਼ੇ ਦੁਸ਼ਮਨਾਂ ਕੋ ਖ਼ਬਰ ਕਰੋ।

ਵੋ ਜੋ ਕਰਜ਼ ਰਖਤੇ ਥੇ ਜਾਨ ਪਰ, ਵੋ ਹਿਸਾਬ ਅੱਜ ਚੁਕਾ ਦੀਆ।

ਉਧਰ ਇੱਕ ਹਰਫ਼ ਕੀ ਕੁਸ਼ਤਨੀ, ਯਹਾਂ ਲਾਖ਼ ਉਜ਼ਰ ਥਾ ਗੁਫ਼ਤਨੀ।

ਜੋ ਕਹਾ ਤੋ ਸੁਨ ਕੇ ਉੜਾ ਦਿੱਆ, ਜੋ ਲਿਖਾ ਤੋ ਪੜ੍ਹ ਕੇ ਮਿਟਾ ਦੀਆ।

ਰੱਬ ਰਾਖਾ।

(ਨੋਟ: ਇਹ ਲੇਖਕ ਦੇ ਨਿੱਜੀ ਵਿਚਾਰ ਹਨ।)

ਬੀਬੀਸੀ ਲਈ ਕਲੈਕਟਿਵ ਨਿਊਜ਼ਰੂਮ ਵੱਲੋਂ ਪ੍ਰਕਾਸ਼ਿਤ

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTER, WhatsApp ਅਤੇ YouTube 'ਤੇ ਜੁੜੋ।)