You’re viewing a text-only version of this website that uses less data. View the main version of the website including all images and videos.
ਰਾਘਵ ਚੱਢਾ, ਸੰਦੀਪ ਪਾਠਕ ਅਤੇ ਅਸ਼ੋਕ ਮਿੱਤਲ ਨੇ ਛੱਡੀ ਆਮ ਆਦਮੀ ਪਾਰਟੀ, ਭਾਜਪਾ ’ਚ ਹੋਏ ਸ਼ਾਮਿਲ, ਹਰਭਜਨ ਸਿੰਘ, ਵਿਕਰਮਜੀਤ ਸਾਹਨੀ ਬਾਰੇ ਵੀ ਕੀਤੇ ਦਾਅਵੇ
ਰਾਘਵ ਚੱਢਾ, ਸੰਦੀਪ ਪਾਠਕ ਅਤੇ ਅਸ਼ੋਕ ਮਿੱਤਲ ਆਮ ਆਦਮੀ ਪਾਰਟੀ ਛੱਡ ਬੀਜੇਪੀ ਵਿੱਚ ਸ਼ਾਮਿਲ ਹੋ ਗਏ ਹਨ। ਬੀਜੇਪੀ ਦੇ ਕੌਮੀ ਪ੍ਰਧਾਨ ਨਿਤਿਨ ਨਬੀਨ ਨੇ ਤਿੰਨਾਂ ਨੂੰ ਬੀਜੇਪੀ ਜੁਆਇਨ ਕਰਵਾਈ।
ਇਸ ਤੋਂ ਪਹਿਲਾਂ ਤਿੰਨੇ ਰਾਜ ਸਭਾ ਸਾਂਸਦਾਂ ਵੱਲੋਂ ਪ੍ਰੈਸ ਕਾਨਫਰੰਸ ਕਰਦਿਆਂ ਐਲਾਨ ਕੀਤਾ ਗਿਆ ਕਿ ਉਹ ਆਮ ਆਦਮੀ ਪਾਰਟੀ ਤੋਂ ਦੂਰ ਜਾ ਰਹੇ ਹਨ ਅਤੇ ਬੀਜੇਪੀ 'ਚ ਆਪਣੇ ਆਪ ਨੂੰ ਸ਼ਾਮਿਲ ਕਰ ਰਹੇ ਹਨ।
ਰਾਘਵ ਚੱਢਾ ਨੇ ਦਾਅਵਾ ਕੀਤਾ ਕਿ ਰਾਜ ਸਭਾ 'ਚ ਆਮ ਆਦਮੀ ਪਾਰਟੀ ਦੇ ਦੋ-ਤਿਹਾਈ ਤੋਂ ਵੱਧ ਸੰਸਦ ਮੈਂਬਰਾਂ ਦਾ ਉਨ੍ਹਾਂ ਨੂੰ ਸਾਥ ਮਿਲਿਆ ਹੈ।
ਰਾਜ ਸਭਾ ਸਾਂਸਦ ਹਰਭਜਨ ਸਿੰਘ, ਵਿਕਰਮਜੀਤ ਸਾਹਨੀ, ਰਾਜਿੰਦਰ ਗੁਪਤਾ ਅਤੇ ਸਵਾਤੀ ਮਾਲੀਵਾਲ ਦਾ ਨਾਂਅ ਲੈਂਦਿਆਂ ਰਾਘਵ ਚੱਢਾ ਨੇ ਦਾਅਵਾ ਕੀਤਾ ਕਿ ਉਹ ਵੀ ਉਨ੍ਹਾਂ ਦੇ ਨਾਲ ਹਨ ਅਤੇ ਉਨ੍ਹਾਂ ਵੱਲੋਂ ਰਾਜ ਸਭਾ ਦੇ ਚੇਅਰਮੈਨ ਨੂੰ ਸਬੰਧਤ ਦਸਤਾਵੇਜ਼ ਦੇ ਦਿੱਤੇ ਗਏ ਹਨ।
ਰਾਘਵ ਚੱਢਾ ਨੇ 'ਆਪ' ਛੱਡਣ ਦਾ ਐਲਾਨ ਕਰਦਿਆਂ ਕੀ ਕਿਹਾ ?
ਰਾਜਸਭਾ ਸਾਂਸਦ ਰਾਘਵ ਚੱਢਾ ਨੇ ਆਮ ਆਦਮੀ ਪਾਰਟੀ ਛੱਡਣ ਦਾ ਐਲਾਨ ਕਰਦਿਆਂ ਕਿਹਾ, "ਮੈਂ ਉਨ੍ਹਾਂ ਦੀ ਦੋਸਤੀ ਦੇ ਕਾਬਲ ਨਹੀਂ ਸੀ ਕਿਉਂਕਿ ਮੈਂ ਉਨ੍ਹਾਂ ਦੇ ਗੁਨਾਹ 'ਚ ਸ਼ਾਮਿਲ ਨਹੀਂ ਸੀ। ਅੱਜ ਅਸੀਂ ਇੱਕ ਅਜਿਹੇ ਮੋੜ 'ਤੇ ਸੀ ਕਿ ਜਾਂ ਤਾਂ ਅਸੀਂ ਸਿਆਸਤ ਛੱਡ ਦੇਈਏ ਜਾਂ ਆਪਣੇ ਤਜ਼ਰਬੇ ਦੇ ਆਧਾਰ 'ਤੇ ਸਕਾਰਾਤਮਕ ਸਿਆਸਤ ਕਰੀਏ।”
“ਇਸ ਲਈ ਅਸੀਂ ਫੈਸਲਾ ਲਿਆ ਹੈ ਕਿ ਆਮ ਆਦਮੀ ਪਾਰਟੀ ਦੇ ਰਾਜਸਭਾ 'ਚ ਦੋ ਤਿਹਾਈ ਮੈਂਬਰ ਆਪਣੇ ਸੰਵਿਧਾਨਕ ਅਧਿਕਾਰਾਂ ਦਾ ਇਸਤੇਮਾਲ ਕਰਦੇ ਹੋਏ ਬੀਜੇਪੀ 'ਚ ਮਰਜ ਹੋਣ ਜਾ ਰਹੇ ਹਨ।"
ਬੀਜੇਪੀ 'ਚ ਮਰਜ ਹੋਣ ਦਾ ਐਲਾਨ ਕਰਦਿਆਂ ਰਾਘਵ ਚੱਢਾ ਨੇ ਕਿਹਾ, "ਪਿਛਲੇ 12 ਸਾਲਾਂ 'ਚ ਬੀਜੇਪੀ ਦੀ ਕੇਂਦਰ ਸਰਕਾਰ ਨੇ ਕਈ ਮਜ਼ਬੂਤ ਕਦਮ ਚੁੱਕੇ ਹਨ।”
“ਬੀਜੇਪੀ ਦੇ ਕੰਮਾਂ 'ਤੇ ਜਨਤਾ ਨੇ ਤਿੰਨ ਵਾਰ ਮੋਹਰ ਲਗਾਈ। ਸਾਨੂੰ ਉਮੀਦ ਹੈ ਕਿ ਅਸੀਂ ਪੀਐੱਮ ਮੋਦੀ ਦੀ ਅਗਵਾਈ ਅਤੇ ਅਮਿਤ ਸ਼ਾਹ ਦੇ ਸੰਕਲਪ ਨਾਲ ਜੁੜ ਕੇ ਬਿਨਾਂ ਰੁਕੇ, ਬਿਨਾਂ ਥੱਕੇ ਦੇਸ਼ ਲਈ ਕੰਮ ਕਰਦੇ ਰਹਾਂਗੇ।"
ਸੰਦੀਪ ਪਾਠਕ ਨੇ 'ਆਪ' ਛੱਡਣ ਦੀ ਕੀ ਵਜ੍ਹਾ ਦੱਸੀ ?
ਰਾਜਸਭਾ ਮੈਂਬਰ ਸੰਦੀਪ ਪਾਠਕ ਨੇ ਕਿਹਾ, "ਮੇਰੇ ਸਾਹਮਣੇ ਤਿੰਨ ਰਾਹ ਸਨ। ਪਹਿਲਾ ਇਹ ਸੀ ਕਿ ਇਸੇ ਪਾਰਟੀ 'ਚ ਰਹਿ ਕੇ ਕੰਮ ਕਰਦੇ ਰਹਿਣਾ, ਦੂਜਾ ਸੀ ਸਿਆਸਤ ਛੱਡਣਾ ਅਤੇ ਤੀਜਾ ਸੀ ਕਿਸੇ ਹੋਰ ਪਾਰਟੀ 'ਚ ਸ਼ਾਮਿਲ ਹੋਣਾ।”
“ਜੋ ਹਾਲਾਤ ਬਣੇ ਉਸ ਤੋਂ ਤੈਅ ਸੀ ਕਿ ਇਸ ਪਾਰਟੀ 'ਚ ਰਹਿ ਕੇ ਕੰਮ ਕਰਨਾ ਸੰਭਵ ਨਹੀਂ ਸੀ ਕਿਉਂਕਿ ਤਮਾਮ ਸੰਭਾਵਨਾਵਾਂ ਮੇਰੇ ਲਈ ਖਤਮ ਹੋ ਚੁੱਕੀਆਂ ਸਨ। ਸਿਆਸਤ ਛੱਡਣ ਬਾਰੇ ਮੈਂ ਕਈ ਮਹੀਨਿਆਂ ਤੋਂ ਸੋਚ ਰਿਹਾ ਸੀ ਪਰ ਹੁਣ ਮੈਂ ਤੀਜੇ ਰਾਹ ਨੂੰ ਚੁਣਨ ਦਾ ਫੈਸਲਾ ਲਿਆ। ਆਮ ਆਦਮੀ ਪਾਰਟੀ ਨੂੰ ਛੱਡ ਕੇ ਮੈਂ ਹੁਣ ਬੀਜੇਪੀ 'ਚ ਸ਼ਾਮਿਲ ਹੋਣ ਜਾ ਰਿਹਾ ਹਾਂ।"
ਪਾਰਟੀ ਛੱਡਣ ਵਾਲਿਆਂ 'ਤੇ ਭਗਵੰਤ ਮਾਨ ਨੇ ਲਾਇਆ ਨਿਸ਼ਾਨਾ
ਮੁੱਖ ਮੰਤਰੀ ਭਗਵੰਤ ਮਾਨ ਨੇ ਪਾਰਟੀ ਛੱਡਣ ਵਾਲੇ ਸੰਸਦ ਮੈਂਬਰਾਂ ਅਤੇ ਬੀਜੇਪੀ 'ਤੇ ਨਿਸ਼ਾਨਾ ਲਗਾਇਆ ਹੈ। ਮਾਨ ਨੇ ਕਿਹਾ, "ਬੀਜੇਪੀ ਜਦੋਂ ਸਾਡੀ ਸਰਕਾਰ ਵੱਲੋਂ ਕੀਤੇ ਕੰਮਾਂ ਤੋਂ ਘਬਰਾ ਗਈ ਤਾਂ ਉਸ ਨੇ ਸਾਡੇ ਰਾਜ ਸਭਾ ਮੈਂਬਰਾਂ ਨੂੰ ਤੋੜਨਾ ਸ਼ੁਰੂ ਕਰ ਦਿੱਤਾ। ਪੰਜਾਬ 'ਚ ਬੀਜੇਪੀ ਦਾ ਕੋਈ ਆਧਾਰ ਨਹੀਂ ਹੈ, ਇਸ ਲਈ ਉਹ ਆਮ ਆਦਮੀ ਪਾਰਟੀ ਨੂੰ ਤੋੜਨ ਦੀਆਂ ਕੋਸ਼ਿਸ਼ਾਂ ਕਰ ਰਹੀ ਹੈ।"
ਬੀਜੇਪੀ ਨੂੰ ਨਿਸ਼ਾਨੇ 'ਤੇ ਲੈਂਦਿਆਂ ਭਗਵੰਤ ਮਾਨ ਨੇ ਕਿਹਾ, "ਭਾਰਤੀ ਜਨਤਾ ਪਾਰਟੀ, ਭਾਰਤੀ ਜਨਤਾ ਦੀ ਨਹੀਂ, ਸਗੋਂ ਕੱਟੇ-ਵੱਡੇ ਅਤੇ ਛੱਡੇ ਹੋਏ ਲੀਡਰਾਂ ਦੀ ਪਾਰਟੀ ਹੈ।"
ਆਪ ਛੱਡ ਕੇ ਬੀਜੇਪੀ 'ਚ ਜਾਣ ਵਾਲੇ ਰਾਜ ਸਭਾ ਮੈਂਬਰਾਂ 'ਤੇ ਬੋਲਦਿਆਂ ਭਗਵੰਤ ਮਾਨ ਨੇ ਕਿਹਾ, "ਇਹ ਛੇ-ਸੱਤ ਲੋਕ ਪੰਜਾਬ ਨਹੀਂ ਹਨ ਬਲਕਿ ਗੱਦਾਰ ਹਨ, ਜਿਨ੍ਹਾਂ ਨੂੰ ਪੰਜਾਬੀ ਕਦੇ ਮੁਆਫ ਨਹੀਂ ਕਰਨਗੇ।"
ਬੀਜੇਪੀ ਨੇ ਮੁੜ ਪੰਜਾਬੀਆਂ ਨਾਲ ਧੱਕਾ ਕੀਤਾ: ਕੇਜਰੀਵਾਲ
ਪਾਰਟੀ ਛੱਡਣ ਵਾਲੇ ਰਾਜਸਭਾ ਮੈਂਬਰਾਂ ਅਤੇ ਬੀਜੇਪੀ 'ਤੇ ਆਮ ਆਦਮੀ ਪਾਰਟੀ ਵੱਲੋਂ ਨਿਸ਼ਾਨਾ ਸਾਧਿਆ ਗਿਆ।
ਪਾਰਟੀ ਸੁਪਰੀਮੋ ਅਰਵਿੰਦ ਕੇਜਰੀਵਾਲ ਨੇ ਸੋਸ਼ਲ ਮੀਡੀਆ ਪਲੈਟਫਾਰਮ ਐਕਸ 'ਤੇ ਲਿਖਿਆ," ਬੀਜੇਪੀ ਨੇ ਫਿਰ ਤੋਂ ਪੰਜਾਬੀਆਂ ਨਾਲ ਧੱਕਾ ਕੀਤਾ।"
ਆਪ ਤੋਂ ਰਾਜ ਸਭਾ ਮੈਂਬਰ ਸੰਜੇ ਸਿੰਘ ਨੇ ਵੀ ਪ੍ਰੈਸ ਕਾਨਫਰੰਸ ਕਰਦਿਆਂ ਇਲਜ਼ਾਮ ਲਗਾਇਆ ਕਿ ਪੰਜਾਬ 'ਚ ਭਗਵੰਤ ਮਾਨ ਦੀ ਸਰਕਾਰ ਦੇ ਕੰਮਾਂ ਨੂੰ ਰੋਕਣ ਲਈ ਬੀਜੇਪੀ ਨੇ 'ਆਪ੍ਰੇਸ਼ਨ ਲੋਟਸ' ਚਲਾਇਆ।
ਸੰਜੇ ਸਿੰਘ ਨੇ ਕਿਹਾ, "ਬੀਜੇਪੀ, ਨਰਿੰਦਰ ਮੋਦੀ ਅਤੇ ਅਮਿਤ ਸ਼ਾਹ ਵੱਲੋਂ ਪੰਜਾਬ ਵਿੱਚ ਭਗਵੰਤ ਮਾਨ ਦੀ ਸਰਕਾਰ ਦੇ ਕੰਮਾਂ ਨੂੰ ਰੋਕਣ ਦੀ ਸਾਜ਼ਿਸ਼ ਵੱਡੇ ਪੱਧਰ 'ਤੇ ਸ਼ੁਰੂ ਹੋ ਗਈ ਹੈ। ਬੀਜੇਪੀ ਵੱਲੋਂ ਆਪ ਦੇ ਸੱਤ ਰਾਜਸਭਾ ਮੈਂਬਰਾਂ ਨੂੰ ਤੋੜ ਕੇ ਆਪਣੀ ਪਾਰਟੀ 'ਚ ਸ਼ਾਮਿਲ ਕੀਤਾ ਗਿਆ। ਇਨ੍ਹਾਂ ਸੱਤ ਨਾਵਾਂ ਨੂੰ ਪੰਜਾਬ ਦੀ ਜਨਤਾ ਕਦੇ ਮੁਆਫ ਨਹੀਂ ਕਰੇਗੀ। ਇਨ੍ਹਾਂ ਨੇ ਬੀਜੇਪੀ ਨਾਲ ਮਿਲ ਕੇ ਪੰਜਾਬ ਦੀ ਪਿੱਠ 'ਚ ਛੁਰਾ ਮਾਰਿਆ ਅਤੇ ਗੱਦਾਰੀ ਕੀਤੀ ਹੈ।"
ਸੰਜੇ ਸਿੰਘ ਨੇ ਕਿਹਾ, "ਆਮ ਆਦਮੀ ਪਾਰਟੀ ਨੇ ਇਨ੍ਹਾਂ ਨੂੰ ਜ਼ਮੀਨ ਤੋਂ ਚੁੱਕ ਕੇ ਦੇਸ਼ ਦੀ ਸੰਸਦ ਤੱਕ ਪਹੁੰਚਾਇਆ ਅਤੇ ਇਹ ਬੀਜੇਪੀ ਦੀ ਗੋਦ 'ਚ ਪਹੁੰਚ ਗਏ।"
ਹਾਲ ਹੀ 'ਚ ਅਸ਼ੋਕ ਮਿੱਤਲ ਦੇ ਟਿਕਾਣਿਆਂ 'ਤੇ ਹੋਈ ਈਡੀ ਦੀ ਛਾਪੇਮਾਰੀ ਦਾ ਜ਼ਿਕਰ ਕਰਦਿਆਂ ਸੰਜੇ ਸਿੰਘ ਨੇ ਕਿਹਾ ਕਿ ਬੀਜੇਪੀ ਈਡੀ ਅਤੇ ਸੀਬੀਆਈ ਦਾ ਡਰ ਕੇ ਦਿਖਾ 'ਆਪ' ਦੇ ਲੀਡਰਾਂ ਨੂੰ ਤੋੜਨ ਦਾ ਕੰਮ ਕਰ ਰਹੀ ਹੈ। ਪ੍ਰਸ਼ਾਸਨਿਕ ਤੰਤਰ ਦਾ ਇਸਤੇਮਾਲ ਕਰਕੇ ਬੀਜੇਪੀ ਵੱਲੋਂ ਆਪ੍ਰੇਸ਼ਨ ਲੋਟਸ ਚਲਾਇਆ ਜਾ ਰਿਹਾ ਹੈ।
'ਆਪ' ਛੱਡਣ ਵਾਲੇ ਰਾਜ ਸਭਾ ਮੈਂਬਰ ਕੌਣ ਹਨ?
1. ਰਾਘਵ ਚੱਢਾ
37 ਸਾਲ ਦੇ ਰਾਘਵ ਚੱਢਾ ਸਾਲ 2022 'ਚ ਪੰਜਾਬ ਤੋਂ ਰਾਜ ਸਭਾ ਭੇਜੇ ਗਏ ਸਨ।
ਆਮ ਆਦਮੀ ਪਾਰਟੀ ਨੇ ਲੰਘੀ 2 ਅਪ੍ਰੈਲ ਨੂੰ ਰਾਜ ਸਭਾ ਵਿੱਚ ਆਪਣੇ ਡਿਪਟੀ ਲੀਡਰ ਵਜੋਂ ਰਾਘਵ ਚੱਢਾ ਨੂੰ ਅਹੁਦੇ ਤੋਂ ਹਟਾ ਦਿੱਤਾ ਸੀ। ਉਨ੍ਹਾਂ ਦੀ ਥਾਂ ਪੰਜਾਬ ਤੋਂ ਰਾਜ ਸਭਾ ਸਾਂਸਦ ਡਾਕਟਰ ਅਸ਼ੋਕ ਮਿੱਤਲ ਨੂੰ ਡਿਪਟੀ ਲੀਡਰ ਬਣਾਇਆ ਗਿਆ ਸੀ
ਅੱਜ ਰਾਘਵ ਚੱਢਾ ਦੇ ਨਾਲ-ਨਾਲ ਅਸ਼ੋਕ ਮਿੱਤਲ ਨੇ ਵੀ ਆਮ ਆਦਮੀ ਪਾਰਟੀ ਨੂੰ ਅਲਵਿਦਾ ਆਖ ਦਿੱਤਾ ਹੈ।
2012 ਵਿੱਚ ਆਮ ਆਦਮੀ ਪਾਰਟੀ ਦੇ ਗਠਨ ਦੌਰਾਨ ਹੀ ਰਾਘਵ ਚੱਢਾ ਇਸ ਪਾਰਟੀ ਨਾਲ ਜੁੜੇ ਹੋਏ ਸਨ। 2019 'ਚ ਦੱਖਣੀ ਦਿੱਲੀ ਤੋਂ ਲੋਕਸਭਾ ਚੋਣ ਲੜੀ ਪਰ ਹਾਰ ਗਏ ਸਨ। 2020 ਵਿੱਚ ਦਿੱਲੀ ਦੇ ਰਾਜਿੰਦਰ ਨਗਰ ਤੋਂ ਵਿਧਾਨਸਭਾ ਚੋਣ 'ਚ ਵੱਡੀ ਜਿੱਤ ਦਰਜ ਕੀਤੀ।
2022 'ਚ ਰਾਘਵ ਚੱਢਾ ਨੂੰ ਪੰਜਾਬ ਦਾ ਸਹਿ-ਇੰਚਾਰਜ ਬਣਾਇਆ ਗਿਆ ਸੀ।
ਦਿੱਲੀ ਯੂਨੀਵਰਸਿਟੀ ਤੋਂ ਗ੍ਰੈਜੂਏਟ ਰਾਘਵ ਚੱਢਾ ਇੱਕ ਚਾਰਟਡ ਅਕਾਉਂਟੈਂਟ ਸਨ।
2. ਪ੍ਰੋ. ਸੰਦੀਪ ਪਾਠਕ
ਪ੍ਰੋਫੈਸਰ ਸੰਦੀਪ ਪਾਠਕ ਆਮ ਆਦਮੀ ਪਾਰਟੀ ਦੇ ਅਹਿਮ ਲੀਡਰਾਂ 'ਚੋਂ ਇੱਕ ਮੰਨੇ ਜਾਂਦੇ ਰਹੇ ਹਨ।
2022 ਵਿੱਚ ਸੰਦੀਪ ਪਾਠਕ ਨੂੰ ਪੰਜਾਬ ਤੋਂ ਆਮ ਆਦਮੀ ਪਾਰਟੀ ਨੇ ਰਾਜ ਸਭਾ ਭੇਜਿਆ ਸੀ।
ਆਈਆਈਟੀ ਦਿੱਲੀ ਵਿੱਚ ਅਸਿਸਟੈਂਟ ਪ੍ਰੋਫੈਸਰ ਰਹਿ ਚੁੱਕੇ ਸੰਦੀਪ ਪਾਠਕ ਆਮ ਆਦਮੀ ਪਾਰਟੀ ਦੇ ਨੀਤੀਘਾੜੇ ਦੇ ਤੌਰ 'ਤੇ ਪਿਛਲੇ ਕਈ ਸਾਲਾਂ ਤੋਂ ਕੰਮ ਕਰ ਰਹੇ ਸਨ। ਸੰਦੀਪ ਪਾਠਕ ਅਕਸਰ ਪਰਦੇ ਦੇ ਪਿੱਛੋਂ ਆਮ ਆਦਮੀ ਪਾਰਟੀ ਦਾ ਕੰਮਕਾਜ ਸੰਭਾਲਦੇ ਰਹੇ ਸਨ।
ਆਈਆਈਟੀ ਦਿੱਲੀ ਦੀ ਵੈੱਬਸਾਈਟ ਮੁਤਾਬਕ, ਡਿਪਾਰਟਮੈਂਟ ਆਫ਼ ਐਨਰਜੀ ਸਾਇੰਸ ਅਤੇ ਇੰਜੀਨੀਅਰਿੰਗ ਵਿਭਾਗ ਦੇ ਪ੍ਰੋਫੈਸਰ ਸੰਦੀਪ ਪਾਠਕ ਨੇ 2011 ਵਿੱਚ ਯੁਨੀਵਰਸਿਟੀ ਆਫ ਕੈਮਬ੍ਰਿਜ (ਯੂਕੇ) ਤੋਂ ਆਪਣੀ ਪੀਐੱਚਡੀ ਦੀ ਡਿਗਰੀ ਪ੍ਰਾਪਤ ਕੀਤੀ ਸੀ।
ਆਮ ਆਦਮੀ ਪਾਰਟੀ ਵੱਲੋਂ ਚਲਾਏ ਜਾਂਦੇ ਚੋਣਾਵੀਂ ਅਭਿਆਨਾਂ 'ਚ ਸੰਦੀਪ ਪਾਠਕ ਦੀ ਅਹਿਮ ਭੂਮਿਕਾ ਮੰਨੀ ਜਾਂਦੀ ਸੀ।
3. ਅਸ਼ੋਕ ਮਿੱਤਲ
ਅਸ਼ੋਕ ਮਿੱਤਲ ਲਵਲੀ ਪ੍ਰੋਫੈਸ਼ਨਲ ਯੂਨੀਵਰਸਿਟੀ ਦੇ ਚਾਂਸਲਰ ਹਨ। 2022 ਵਿੱਚ ਉਹ ਆਮ ਆਦਮੀ ਪਾਰਟੀ ਵੱਲੋਂ ਰਾਜ ਸਭਾ ਭੇਜੇ ਗਏ ਸਨ। ਰਾਘਵ ਚੱਢਾ ਨੂੰ ਡਿਪਟੀ ਲੀਡਰ ਅਹੁਦੇ ਤੋਂ ਹਟਾ ਕੇ ਆਪ ਨੇ ਅਸ਼ੋਕ ਮਿੱਤਲ ਨੂੰ ਇਹ ਅਹੁਦਾ ਦਿੱਤਾ ਸੀ।
ਅਸ਼ੋਕ ਮਿੱਤਲ ਦਾ ਜਨਮ 10 ਸਤੰਬਰ, 1964 ਵਿੱਚ ਹੋਇਆ ਸੀ। ਉਹ ਚਾਰ ਭਰਾ ਹਨ। ਅਸ਼ੋਕ ਮਿੱਤਲ ਆਪਣੇ ਸਾਰੇ ਭਰਾਵਾਂ ਵਿੱਚੋਂ ਸਭ ਤੋਂ ਛੋਟੇ ਹਨ।
ਅਸ਼ੋਕ ਮਿੱਤਲ ਦੀ ਵਿਦਿਅਕ ਯੋਗਤਾ ਐੱਲਐੱਲਬੀ ਹੈ ਅਤੇ ਉਨ੍ਹਾਂ ਦਾ ਨਾਂਅ ਪੰਜਾਬ ਦੇ ਵੱਡੇ ਕਾਰੋਬਾਰੀਆਂ ਵਿੱਚ ਸ਼ਾਮਿਲ ਹੈ।
ਫਿਰ ਲਵਲੀ ਇੰਸਟੀਚਿਊਟ ਬਣਾਇਆ ਤੇ ਫਿਰ ਕੈਪਟਨ ਅਮਰਿੰਦਰ ਸਿੰਘ ਦੀ ਪਹਿਲੀ ਸਰਕਾਰ ਸਮੇਂ ਇਸ ਨੂੰ ਲਵਲੀ ਪ੍ਰੋਫੈਸ਼ਨਲ ਯੂਨੀਵਰਸਿਟੀ ਬਣਾ ਦਿੱਤਾ ਗਿਆ।
ਇਸ ਯੂਨੀਵਰਸਿਟੀ ਵਿੱਚ ਦੇਸ਼ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ, ਰਾਸ਼ਟਰਪਤੀ ਰਹੇ ਪ੍ਰਣਬ ਮੁਖਰਜੀ ਸਮੇਤ ਕਈ ਦੇਸ਼ਾਂ ਦੇ ਆਗੂ ਅਉਂਦੇ ਰਹੇ ਹਨ ਅਤੇ ਕਈ ਦੇਸ਼ਾਂ ਦੇ ਵਿਦਿਆਰਥੀ ਇੱਥੇ ਪੜ੍ਹਦੇ ਹਨ।
ਪਿਛਲੇ ਦਿਨੀਂ ਈਡੀ ਵੱਲੋਂ ਲਵਲੀ ਯੂਨੀਵਰਸਿਟੀ ਤੋਂ ਇਲਾਵਾ ਅਸ਼ੋਕ ਮਿੱਤਲ ਦੇ ਕਈ ਹੋਰ ਟਿਕਾਣਿਆਂ 'ਤੇ ਵੀ ਛਾਪੇਮਾਰੀ ਕੀਤੀ ਗਈ ਸੀ ਤੇ ਹੁਣ ਉਹ ਭਾਜਪਾ ਵਿੱਚ ਸ਼ਾਮਲ ਹੋ ਗਏ ਹਨ।
4. ਹਰਭਜਨ ਸਿੰਘ
2022 ਵਿੱਚ ਸਾਬਕਾ ਕ੍ਰਿਕਟਰ ਹਰਭਜਨ ਸਿੰਘ ਨੂੰ ਆਪ ਵੱਲੋਂ ਰਾਜ ਸਭਾ ਭੇਜਿਆ ਗਿਆ ਸੀ।
3 ਜੁਲਾਈ 1980 ਨੂੰ ਜਲੰਧਰ 'ਚ ਜੰਮੇ ਹਰਭਜਨ ਸਿੰਘ ਭਾਰਤੀ ਤੇ ਅੰਤਰਰਾਸ਼ਟਰੀ ਕ੍ਰਿਕਟ ਦਾ ਵੱਡਾ ਨਾਂਅ ਹਨ।
ਕ੍ਰਿਕਟ ਦੀ ਦੁਨੀਆ ਵਿੱਚ ਉਨ੍ਹਾਂ ਨੂੰ ਭੱਜੀ ਅਤੇ ਟਰਬਨੇਟਰ ਦੇ ਨਾਂਅ ਨਾਲ ਜਾਣਿਆ ਜਾਂਦਾ ਹੈ।
ਹਰਭਜਨ ਸਿੰਘ ਨੇ ਭਾਰਤ ਵੱਲੋਂ 103 ਟੈਸਟ ਮੈਚ ਅਤੇ 236 ਵਨਡੇਅ ਮੈਚ ਖੇਡੇ ਹਨ।
ਉਹ 2007 ਵਿੱਚ ਟੀ-20 ਵਿਸ਼ਵ ਕੱਪ ਟੀਮ ਅਤੇ 2011 ਦੀ ਵਨਡੇਅ ਵਿਸ਼ਵ ਕੱਪ ਜੇਤੂ ਭਾਰਤੀ ਟੀਮ ਦਾ ਹਿੱਸਾ ਵੀ ਸਨ।
ਭਾਰਤੀ ਟੀਮ ਦੇ ਸਟਾਰ ਸਪਿੱਨਰ ਰਹੇ ਹਰਭਜਨ ਸਿੰਘ ਕ੍ਰਿਕਟ ਦੇ ਸਾਰੇ ਫਾਰਮੈਟਸ ਤੋਂ ਰਿਟਾਇਰਮੈਂਟ ਲੈ ਚੁੱਕੇ ਹਨ।
ਉਹ ਵੱਖ-ਵੱਖ ਟੀਵੀ ਚੈਨਲਾਂ 'ਤੇ ਇੱਕ ਮਾਹਰ ਦੇ ਰੂਪ ਵਿੱਚ ਦਿਖਾਈ ਦਿੰਦੇ ਹਨ ਅਤੇ ਆਪਣੀ ਬੇਬਾਕ ਟਿੱਪਣੀਆਂ ਲਈ ਵੀ ਜਾਣੇ ਜਾਂਦੇ ਹਨ।
5. ਵਿਕਰਮਜੀਤ ਸਾਹਨੀ
ਜੁਲਾਈ 2022 ਨੂੰ ਵਿਕਰਮਜੀਤ ਸਾਹਨੀ ਆਮ ਆਦਮੀ ਪਾਰਟੀ ਵੱਲੋਂ ਰਾਜ ਸਭਾ ਮੈਂਬਰ ਚੁਣੇ ਗਏ ਸਨ।
ਸਮਾਜ ਸੇਵੀ ਸੰਸਥਾ 'ਵਰਲਡ ਪੰਜਾਬੀ ਆਰਗੇਨਾਈਜ਼ੇਸ਼ਨ' ਚਲਾਉਣ ਵਾਲੇ ਵਿਕਰਮਜੀਤ ਸਿੰਘ ਸਾਹਨੀ ਸਮਾਜਸੇਵਾ ਲਈ ਕੀਤੇ ਕੰਮਾਂ ਲਈ ਜਾਣੇ ਜਾਂਦੇ ਹਨ।
ਸਾਲ 2008 'ਚ ਉਨ੍ਹਾਂ ਨੂੰ ਪਦਮਸ੍ਰੀ ਨਾਲ ਨਵਾਜ਼ਿਆ ਜਾ ਚੁੱਕਿਆ ਹੈ।
ਕੋਵਿਡ ਦੌਰਾਨ ਵਿਕਰਮਜੀਤ ਸਾਹਨੀ ਵੱਲੋਂ ਪੰਜਾਬ ਦੇ ਪਿੰਡਾਂ ਵਿੱਚ ਟੈਸਟਿੰਗ ਕਲੀਨਿਕ, ਐਂਬੂਲੈਂਸ ਅਤੇ ਆਕਸੀਜਨ ਸਿਲੰਡਰ ਮੁਹੱਈਆ ਕਰਵਾਏ ਸਨ।
ਉਨ੍ਹਾਂ ਨੇ ਅਫਗਾਨਿਸਤਾਨ ਤੋਂ ਆਏ 500 ਹਿੰਦੂ ਅਤੇ ਸਿੱਖਾਂ ਦੇ ਪੁਨਰਵਾਸ ਦੀ ਜ਼ਿੰਮੇਵਾਰੀ ਵੀ ਲਈ ਸੀ। ਸਿੱਖਿਆ ਦੇ ਖੇਤਰ ਵਿੱਚ ਉਨ੍ਹਾਂ ਨੇ ਕਈ ਪੰਜਾਬੀ ਵਿਦਿਆਰਥੀਆਂ ਨੂੰ ਵਜ਼ੀਫ਼ਾ ਮੁਹੱਈਆ ਕਰਵਾਇਆ ਹੈ।
ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਵੀ ਉਨ੍ਹਾਂ ਨੂੰ 'ਅਨਮੋਲ ਸਿੱਖ ਰਤਨ ਪੁਰਸਕਾਰ' ਨਾਲ ਸਨਮਾਨਿਤ ਕੀਤਾ ਗਿਆ ਹੈ।
6. ਰਾਜਿੰਦਰ ਗੁਪਤਾ
2025 ਵਿੱਚ ਸੰਜੀਵ ਅਰੋੜਾ ਵੱਲੋਂ ਰਾਜ ਸਭਾ ਤੋਂ ਅਸਤੀਫਾ ਦੇਣ ਤੋਂ ਬਾਅਦ ਆਮ ਆਦਮੀ ਪਾਰਟੀ ਨੇ ਟ੍ਰਾਈਡੈਂਟ ਗਰੁੱਪ ਦੇ ਚੈਅਰਮੈਨ ਰਾਜਿੰਦਰ ਗੁਪਤਾ ਨੂੰ ਰਾਜ ਸਭਾ ਉਪ ਚੋਣ ਲਈ ਨਾਮਜ਼ਦ ਕੀਤਾ ਸੀ।
ਦਰਅਸਲ ਸੰਜੀਵ ਅਰੋੜਾ ਵੱਲੋਂ ਲੁਧਿਆਣਾ ਪੱਛਮੀ ਜ਼ਿਮਨੀ ਚੋਣ ਵਿੱਚ ਜਿੱਤ ਦਰਜ ਕਰਨ ਤੋਂ ਬਾਅਦ ਰਾਜਸਭਾ ਦੀ ਮੈਂਬਰਸ਼ਿਪ ਤੋਂ ਅਸਤੀਫਾ ਦਿੱਤਾ ਗਿਆ ਸੀ, ਜਿਸ ਤੋਂ ਬਾਅਦ ਰਾਜਿੰਦਰ ਗੁਪਤਾ ਰਾਜਸਭਾ ਮੈਂਬਰ ਬਣੇ ਸਨ।
7. ਸਵਾਤੀ ਮਾਲੀਵਾਲ
ਜਨਵਰੀ 2024 ਵਿੱਚ ਸਵਾਤੀ ਮਾਲੀਵਾਲ ਨੂੰ ਆਮ ਆਦਮੀ ਪਾਰਟੀ ਨੇ ਦਿੱਲੀ ਤੋਂ ਰਾਜ ਸਭਾ ਭੇਜਿਆ ਸੀ। 2015 ਤੋਂ 2024 ਤੱਕ ਉਹ ਦਿੱਲੀ ਮਹਿਲਾ ਕਮਿਸ਼ਨ ਦੇ ਚੇਅਰਪਰਸਨ ਰਹੇ ਸਨ।
ਸਵਾਤੀ ਮਾਲੀਵਾਲ ਨੇ ਵੀ ਪਿਛਲੇ ਕੁਝ ਸਮੇਂ ਤੋਂ ਆਮ ਆਦਮੀ ਪਾਰਟੀ ਤੋਂ ਦੂਰੀ ਬਣਾਈ ਹੋਈ ਸੀ।
ਮਈ 2024 ਵਿੱਚ ਸਵਾਤੀ ਮਾਲੀਵਾਲ ਵੱਲੋਂ ਇਲਜ਼ਾਮ ਲਗਾਏ ਗਏ ਸਨ ਕਿ ਉਨ੍ਹਾਂ ਨਾਲ ਤਤਕਾਲੀ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਦੇ ਸਰਕਾਰੀ ਨਿਵਾਸ 'ਤੇ ਉਨ੍ਹਾਂ ਦੇ ਪੀਏ ਵੱਲੋਂ ਕਥਿਤ ਤੌਰ 'ਤੇ ਕੁੱਟਮਾਰ ਅਤੇ ਬਦਸਲੂਕੀ ਕੀਤੀ ਗਈ। ਜਿਸ ਤੋਂ ਬਾਅਦ ਤੋਂ ਹੀ ਸਵਾਤੀ ਮਾਲੀਵਾਲ ਪਾਰਟੀ ਦੀ ਲਾਈਨ ਤੋਂ ਵੱਖ ਹੋ ਕੇ ਬਿਆਨਬਾਜ਼ੀ ਕਰਦੇ ਹਨ ਤੇ ਕਈ ਮੌਕਿਆਂ ਉੱਤੇ ਆਮ ਆਦਮੀ ਪਾਰਟੀ ਉੱਤੇ ਨਿਸ਼ਾਨਾ ਵੀ ਲਗਾਉਂਦੇ ਹਨ।
ਬੀਬੀਸੀ ਲਈ ਕਲੈਕਟਿਵ ਨਿਊਜ਼ਰੂਮ ਵੱਲੋਂ ਪ੍ਰਕਾਸ਼ਿਤ