You’re viewing a text-only version of this website that uses less data. View the main version of the website including all images and videos.
ਜਦੋਂ ਗ਼ਦਰੀਆਂ ਨੇ ਈਰਾਨ ਤੋਂ ਅੰਗਰੇਜ਼ਾਂ 'ਤੇ ਹਮਲਾ ਕਰ ਪੰਜਾਬ ਦਾਖ਼ਲ ਹੋਣ ਦੀ ਕੋਸ਼ਿਸ਼ ਕੀਤੀ, ਕਿਹੜੇ ਦੇਸ਼ ਨੇ ਸਾਥ ਦਿੱਤਾ
- ਲੇਖਕ, ਅਵਤਾਰ ਸਿੰਘ
- ਰੋਲ, ਬੀਬੀਸੀ ਪੱਤਰਕਾਰ
- ਪੜ੍ਹਨ ਦਾ ਸਮਾਂ: 7 ਮਿੰਟ
ਈਰਾਨ ਅਤੇ ਅਮਰੀਕਾ ਦੀ ਲੜਾਈ ਦੌਰਾਨ ਭਾਰਤ ਦੇ ਕਈ ਹਿੱਸਿਆਂ ਵਿੱਚੋਂ ਖਾਸ ਕਰ ਕਿਸਾਨਾਂ, ਸਿੱਖਾਂ ਅਤੇ ਮੁਸਲਮਾਨਾਂ ਵੱਲੋਂ ਈਰਾਨ ਨਾਲ ਕਾਫ਼ੀ ਹਮਦਰਦੀ ਦਿਖਾਈ ਗਈ।
ਭਾਰਤੀ ਲੋਕਾਂ ਦੀ ਜਿੱਥੇ ਈਰਾਨੀ ਸੱਭਿਆਚਾਰ ਅਤੇ ਸਾਹਿਤ ਨਾਲ ਸਾਂਝ ਦੇਖਣ ਨੂੰ ਮਿਲਦੀ ਹੈ, ਉੱਥੇ ਹੀ ਭਾਰਤ ਦੀ ਆਜ਼ਾਦੀ ਦੀ ਲੜਾਈ ਸਮੇਂ ਈਰਾਨ ਕਈ ਭਾਰਤੀ ਆਜ਼ਾਦੀ ਘੁਲਾਟੀਆਂ ਅਤੇ ਗ਼ਦਰੀਆਂ ਦਾ ਠਿਕਾਣਾ ਵੀ ਰਿਹਾ ਹੈ।
ਈਰਾਨ ਪਹੁੰਚਣ ਵਾਲੇ ਭਾਰਤੀ ਆਜ਼ਾਦੀ ਘੁਲਾਟੀਆਂ ਦੇ ਪਹਿਲੇ ਨਾਵਾਂ ਵਿੱਚ ਭਗਤ ਸਿੰਘ ਦੇ ਚਾਚਾ ਅਤੇ ਪਗੜੀ ਸੰਭਾਲ ਜੱਟਾ ਲਹਿਰ ਦੇ ਆਗੂ ਅਜੀਤ ਸਿੰਘ ਅਤੇ ਸੂਫ਼ੀ ਅੰਬਾ ਪ੍ਰਸਾਦ ਦਾ ਆਉਂਦਾ ਹੈ।
ਉਨ੍ਹਾਂ ਤੋਂ ਬਾਅਦ ਗ਼ਦਰੀ ਡਾ. ਪੀਐੱਸ ਖ਼ਾਨਖੋਜੇ ਅਤੇ ਉਨ੍ਹਾਂ ਦੇ ਸਾਥੀਆਂ ਦੇ 'ਈਰਾਨ ਵਿੱਚ ਰਹਿ ਕੇ ਜਰਮਨੀ ਦੀ ਮਦਦ' ਨਾਲ ਅੰਗਰੇਜ਼ ਹਕੁਮਤ ਦੇ ਖਿਲਾਫ਼ ਲੜਨ ਦੇ ਹਵਾਲੇ ਵੀ ਮਿਲਦੇ ਹਨ।
ਦੇਸ਼ ਭਗਤ ਯਾਦਗਾਰ ਕਮੇਟੀ, ਜਲੰਧਰ ਵੱਲੋਂ ਛਾਪੀ ਗਈ ਲੇਖਕ ਗੁਰਚਰਨ ਸਿੰਘ ਸਹਿੰਸਰਾ ਦੀ ਕਿਤਾਬ 'ਗ਼ਦਰ ਪਾਰਟੀ ਦਾ ਇਤਿਹਾਸ' ਮੁਤਾਬਕ, ਗ਼ਦਰੀ ਕਾਰਕੁਨ ਮੈਸੋਪੋਟਾਮੀਆ ਅਤੇ ਈਰਾਨ ਦੇ 'ਮੋਰਚਿਆਂ ਵਿੱਚ ਕੁੱਦ ਪਏ ਸਨ'।
ਅਜੀਤ ਸਿੰਘ ਤੇ ਅੰਬਾ ਪ੍ਰਸਾਦ ਈਰਾਨ ਕਿਵੇਂ ਪਹੁੰਚੇ
ਸਾਲ 1907 ਵਿੱਚ ਅੰਗਰੇਜ਼ ਸਰਕਾਰ ਵੱਲੋਂ ਲਿਆਂਦੇ ਖੇਤੀ ਕਾਨੂੰਨਾਂ ਵਿਰੁੱਧ ਲੜਨ ਵਾਲੇ ਅਜੀਤ ਸਿੰਘ ਕਿਸਾਨ ਲਹਿਰ ਪ੍ਰਮੁੱਖ ਆਗੂ ਸਨ।
ਰਾਜਨੀਤੀ ਸ਼ਾਸ਼ਤਰ ਦੇ ਸਾਬਕਾ ਪ੍ਰੋਫੈਸਰ ਪੀਐੱਸ ਭੋਗਲ ਕਹਿੰਦੇ ਹਨ ਕਿ ਉੱਤਰ ਪ੍ਰਦੇਸ਼ ਦੇ ਮੁਰਾਦਾਬਾਦ ਸ਼ਹਿਰ ਦੇ ਰਹਿਣ ਵਾਲੇ ਅੰਬਾ ਪ੍ਰਸਾਦ 1907 ਵਿੱਚ ਜੇਲ੍ਹ 'ਚੋਂ ਰਿਹਾਅ ਹੋਣ ਤੋਂ ਬਾਅਦ ਲਾਹੌਰ ਆ ਗਏ ਸਨ ਤੇ ਕਿਸਾਨ ਲਹਿਰ ਵਿੱਚ ਕੁੱਦ ਪਏ ਸਨ।
ਆਪਣੀ ਸਵੈ-ਜੀਵਨੀ 'ਬਰਿਡ ਅਲਾਈਵ' ਵਿੱਚ ਅਜੀਤ ਸਿੰਘ ਲਿਖਦੇ ਹਨ, "ਮੈਂ 1908 ਵਿੱਚ ਸੂਫ਼ੀ ਅੰਬਾ ਪ੍ਰਸਾਦ ਅਤੇ ਤਿੰਨ ਹੋਰਾਂ ਨਾਲ ਭਾਰਤ ਛੱਡ ਕੇ ਪਰਸ਼ੀਆ (ਹੁਣ ਈਰਾਨ) ਵੱਲ ਨਿਕਲ ਗਿਆ। ਉਸ ਸਮੇਂ ਦੇਸ਼ ਛੱਡਣ ਲਈ ਪਾਸਪੋਰਟ ਦੀ ਕੋਈ ਲੋੜ ਨਹੀਂ ਸੀ। ਅਸੀਂ ਅਸਾਨੀ ਨਾਲ ਕਰਾਚੀ ਤੋਂ ਇੱਕ ਕਿਸ਼ਤੀ ਫੜ ਲਈ, ਜੋ ਬੁਸ਼ਾਇਰ ਲਈ ਰਵਾਨਾ ਹੋਈ। ਇਹ ਫਾਰਸੀ ਕ੍ਰਾਂਤੀ ਦਾ ਸਮਾਂ ਸੀ।"
'ਵੇਨ ਟੂ ਸਟ੍ਰੀਮਜ਼ ਮੇਟ' ਕਿਤਾਬ ਦੇ ਲੇਖਕਾਂ ਵਿੱਚੋਂ ਇੱਕ ਭਰਤ ਡੋਗਰਾ ਕਹਿੰਦੇ ਹਨ ਕਿ ਸੂਫ਼ੀ ਅੰਬਾ ਪ੍ਰਸਾਦ ਹਿੰਦੂ-ਮੁਸਲਿਮ ਏਕਤਾ ਦੇ ਹਾਮੀ ਸਨ ਅਤੇ ਅਜੀਤ ਸਿੰਘ ਦੇ ਘਰ ਅਕਸਰ ਆਉਂਦੇ ਜਾਂਦੇ ਹਨ ਪਰ ਜਦੋਂ ਭਾਰਤ ਵਿੱਚ ਦੋਵਾਂ ਲਈ ਕੰਮ ਬਹੁਤ ਮੁਸ਼ਕਲ ਹੋ ਗਿਆ ਅਤੇ ਗ੍ਰਿਫ਼ਤਾਰੀ ਦਾ ਡਰ ਸੀ, ਤਾਂ ਉਹ ਦੋਵੇਂ ਚੁੱਪ-ਚਾਪ ਈਰਾਨ ਚਲੇ ਗਏ, ਜਿੱਥੇ ਉਨ੍ਹਾਂ ਨੇ ਜਲਾਵਤਨੀ ਵਿੱਚ ਆਪਣਾ ਕੰਮ ਜਾਰੀ ਰੱਖਿਆ।
ਉਹ ਦੱਸਦੇ ਹਨ ਕਿ ਜਦੋਂ ਅਜੀਤ ਸਿੰਘ ਨੂੰ ਤੁਰਕੀ ਜਾਣਾ ਪਿਆ, ਤਾਂ ਈਰਾਨ ਵਿੱਚ ਕੰਮ ਦਾ ਜ਼ਿਆਦਾਤਰ ਭਾਰ ਅੰਬਾ ਪ੍ਰਸਾਦ ਦੇ ਮੋਢਿਆਂ 'ਤੇ ਸੀ। ਉਸ ਸਮੇਂ ਅੰਗਰੇਜ਼ ਵੀ ਈਰਾਨ ਉੱਤੇ ਆਪਣੀ ਪਕੜ ਮਜ਼ਬੂਤ ਕਰ ਰਹੇ ਸਨ। ਅੰਬਾ ਪ੍ਰਸਾਦ ਨੇ ਈਰਾਨ ਵਿੱਚ ਆਪਣੀ ਜਲਾਵਤਨੀ ਦੌਰਾਨ ਵੀ ਇੱਕ ਅਖਬਾਰ ਸ਼ੁਰੂ ਕੀਤਾ ਸੀ।
ਗ਼ਦਰੀਆਂ ਦੀ ਈਰਾਨ ਤੇ ਬਲੋਚਿਸਤਾਨ ਰਾਹੀਂ ਹਮਲੇ ਦੀ ਤਿਆਰੀ
ਕੈਨੇਡਾ ਅਤੇ ਅਮਰੀਕਾ ਵਿੱਚ ਰਹਿੰਦੇ ਪਰਸਵਾਸੀ ਭਾਰਤੀਆਂ ਨੇ 1913 'ਚ ਗ਼ਦਰ ਪਾਰਟੀ ਬਣਾਈ।
ਗ਼ਦਰ ਪਾਰਟੀ ਸਾਮਰਾਜਵਾਦ ਦੇ ਖ਼ਿਲਾਫ਼ ਹਥਿਆਰਬੰਦ ਸੰਘਰਸ਼ ਦਾ ਐਲਾਨ ਅਤੇ ਭਾਰਤ ਦੀ ਪੂਰੀ ਆਜ਼ਾਦੀ ਦੀ ਮੰਗ ਕਰਨ ਵਾਲੀ ਸਿਆਸੀ ਪਾਰਟੀ ਸੀ। ਇਸ ਦੇ ਸੰਸਥਾਪਕ ਸੋਹਨ ਸਿੰਘ ਭਕਨਾ ਸਨ। ਪਾਰਟੀ ਦਾ ਮੁੱਖ ਦਫ਼ਤਰ ਸੈਨ ਫਰਾਂਸਿਸਕੋ ਵਿੱਚ ਸੀ।
'ਗ਼ਦਰ ਪਾਰਟੀ ਦਾ ਇਤਿਹਾਸ' ਕਿਤਾਬ ਮੁਤਾਬਕ, ਗ਼ਦਰ ਪਾਰਟੀ ਨੇ ਮੈਸੋਪੋਟਾਮੀਆ (ਇਰਾਕ) ਅਤੇ ਈਰਾਨ 'ਚ ਕੰਮ ਕਰਨ ਲਈ ਡਾਕਟਰ ਖਾਨਖੋਜੇ, ਬਿਸ਼ਨ ਦਾਸ ਕੋਛੜ ਨੂਰਮਹਿਲ, ਕਿਦਾਰ ਨਾਥ ਹਰਿਆਣਾ (ਜ਼ਿਲ੍ਹਾ ਹੁਸ਼ਿਆਰਪੁਰ), ਭਾਈ ਬਸੰਤ ਸਿੰਘ ਚੋਂਦਾ (ਪਟਿਆਲਾ), ਭਾਈ ਹਰਨਾਮ ਸਿੰਘ, ਰਿਸ਼ੀ ਕੇਸ਼ ਲੱਠਾ (ਮਹਾਰਾਸ਼ਟਰ) ਅਤੇ ਅਮੀਨ ਚੌਧਰੀ (ਬੰਗਾਲ) ਨੂੰ ਭੇਜਿਆ।
"ਇਹ ਗ਼ਦਰੀ ਯੂਨਾਨ ਰਾਹੀਂ ਹੋਕੇ ਕੁਸਤੁਨਤੁਨੀਆਂ (ਅੱਜ ਦਾ ਇਸਤਾਂਬੁਲ) ਗਏ ਅਤੇ ਹਿੰਦ ਕਮੇਟੀ ਦੀ ਕਮਾਨ ਹੇਠਾਂ ਮੈਸੋਪੋਟਾਮੀਆ ਅਤੇ ਈਰਨ ਦੇ ਮੋਰਚਿਆਂ ਵਿੱਚ ਕੁੱਦ ਪਏ।"
ਸਾਬਕਾ ਪ੍ਰੋਫੈਸਰ ਹਰੀਸ਼ ਪੁਰੀ ਆਪਣੀ ਕਿਤਾਬ, 'ਗ਼ਦਰ ਮੂਵਮੈਂਟ ਅ ਸ਼ਾਰਟ ਹਿਸਟਰੀ' ਵਿੱਚ ਲਿਖਦੇ ਹਨ ਕਿ ਡਾ. ਖਾਨਖੋਜ ਨੇ ਆਪਣੀਆਂ ਯਾਦਾਂ ਵਿੱਚ ਲਿਖਿਆ ਕਿ ਗ਼ਦਰ ਅੰਦੋਲਨ ਦੇ ਇਨਕਲਾਬੀਆਂ ਵੱਲੋਂ ਯੋਜਨਾ ਬਣਾਈ ਗਈ ਸੀ ਕਿ ਭਾਰਤ 'ਚ ਬ੍ਰਿਟਿਸ਼ ਰਾਜ ਵਿਰੁੱਧ ਬਾਹਰੋਂ ਹਮਲਾ ਕੀਤਾ ਜਾ ਸਕੇ।
ਪੁਰੀ ਲਿਖਦੇ ਹਨ, "ਖ਼ਾਨਖੋਜੇ, ਜੋ ਅਮਰੀਕਾ ਵਿੱਚ ਫੌਜੀ ਸਿੱਖਿਆ ਲੈ ਚੁੱਕੇ ਸਨ, ਸੋਚਦੇ ਸਨ ਕਿ ਈਰਾਨ (ਪਰਸ਼ੀਆ) ਅਤੇ ਬਲੋਚਿਸਤਾਨ ਰਾਹੀਂ ਭਾਰਤ ਵਿੱਚ ਦਾਖਲ ਹੋ ਕੇ ਲੜਾਈ ਸ਼ੁਰੂ ਕੀਤੀ ਜਾਵੇ।"
ਰਾਜਨੀਤੀ ਸ਼ਾਸਤਰ ਦੇ ਸੇਵਾਮੁਕਤ ਪ੍ਰੋਫੈਸਰ ਪੀਐੱਸ ਭੋਗਲ ਕਹਿੰਦੇ ਹਨ ਕਿ ਇਸ ਸਮੇਂ ਪਹਿਲੀ ਸੰਸਾਰ ਜੰਗ ਸ਼ੁਰੂ ਹੋ ਰਹੀ ਸੀ ਅਤੇ ਗ਼ਦਰੀਆਂ ਨੇ ਜਰਮਨੀ ਤੋਂ ਸਹਾਇਤਾ ਲੈਣ ਦਾ ਸੋਚਿਆ ਸੀ।
ਜਰਮਨੀ ਵੱਲੋਂ ਸਹਾਇਤਾ ਬਾਰੇ ਹਾਲ ਹੀ ਵਿੱਚ ਆਈ ਆਪਣੀ ਕਿਤਾਬ 'ਗ਼ਦਰ ਮੂਵਮੈਂਟ, ਅ ਫਰਗਾਟਨ ਸਟ੍ਰਗਲ' ਵਿੱਚ ਰਾਣਾ ਪ੍ਰੀਤ ਗਿੱਲ ਲਿਖਦੇ ਹਨ, "ਪਹਿਲਾ ਦਲ, ਜਿਸ ਵਿੱਚ ਪੰਦਰਾਂ ਆਦਮੀ ਸਨ ਅਤੇ ਜਿਸ ਦੀ ਅਗਵਾਈ ਵਿਲਹੇਲਮ ਵਾਸਮੁਸ ਕਰ ਰਹੇ ਸਨ, 6 ਸਤੰਬਰ 1914 ਨੂੰ ਬਰਲਿਨ ਤੋਂ ਤੁਰਕੀ ਵੱਲ ਰਵਾਨਾ ਹੋਇਆ।"
ਉਹ ਅੱਗੇ ਲਿਖਦੇ ਹਨ, "ਉਨ੍ਹਾਂ ਦਿਨਾਂ ਵਿੱਚ ਈਰਾਨ ਦੀ ਕਾਫ਼ੀ ਰਣਨੀਤਕ ਮਹੱਤਤਾ ਸੀ ਕਿਉਂਕਿ ਕੋਈ ਵੀ ਮਿਸ਼ਨ ਇਸਦੇ ਖੇਤਰ ਵਿੱਚੋਂ ਲੰਘੇ ਬਿਨ੍ਹਾਂ ਪੂਰਾ ਨਹੀਂ ਕੀਤਾ ਜਾ ਸਕਦਾ ਸੀ ਕਿਉਂਕਿ ਗੋਲਾ-ਬਾਰੂਦ ਹਵਾ ਵਿੱਚ ਨਹੀਂ ਸੁੱਟਿਆ ਜਾ ਸਕਦਾ ਸੀ ਅਤੇ ਮਿਲਿਸ਼ੀਆ (ਨਾਗਰਿਕਾਂ ਦਾ ਹਥਿਆਰਬੰਦ ਸਮੂਹ, ਜੋ ਪੇਸ਼ੇਵਰ ਫੌਜ ਨਹੀਂ ਹੁੰਦੀ) ਵੀ ਵਾਇਰਲੈੱਸ ਰੇਡੀਓ ਵਰਗੀਆਂ ਆਧੁਨਿਕ ਤਕਨੀਕਾਂ ਵਿੱਚ ਮਾਹਿਰ ਨਹੀਂ ਸਨ। ਪਰ ਈਰਾਨ ਬ੍ਰਿਟਿਸ਼ ਅਤੇ ਰੂਸ ਪ੍ਰਤੀ ਸਾਵਧਾਨ ਸੀ। ਉਨ੍ਹਾਂ ਅਤੇ ਤੁਰਕਾਂ ਵਿਚਕਾਰ ਕੋਈ ਦੋਸਤੀ ਨਹੀਂ ਸੀ। ਪਰ ਉਨ੍ਹਾਂ ਦਾ ਜਰਮਨਾਂ ਲਈ ਹਮਦਰਦੀ ਵਾਲਾ ਰਵੱਈਆ ਸੀ। ਡੈਮੋਕ੍ਰੇਟਿਕ ਪਾਰਟੀ ਅਤੇ ਕੁਝ ਕਬਾਇਲੀ ਮੁਖੀਆਂ ਦੀ ਜਰਮਨਾਂ ਲਈ ਹਮਦਰਦੀ ਸੀ।"
ਰਾਣਾ ਗਿੱਲ ਅੱਗੇ ਲਿਖਦੇ ਹਨ, "ਜਦੋਂ ਵਾਸਮੁਸ ਦਾ ਮਿਸ਼ਨ ਹਾਲੇ ਚੱਲ ਰਿਹਾ ਸੀ ਅਤੇ ਆਪਣੀ ਮੰਜ਼ਿਲ 'ਤੇ ਨਹੀਂ ਪਹੁੰਚਿਆ ਸੀ, ਉਸ ਸਮੇਂ ਜਰਮਨਾਂ ਨੇ ਕੈਪਟਨ ਓਸਕਾਰ ਵਾਨ ਨੀਡਰਮਾਇਰ ਦੀ ਅਗਵਾਈ ਹੇਠ ਦੂਜਾ ਮਿਸ਼ਨ ਕਾਬੁਲ ਵੱਲ ਭੇਜਿਆ। ਇਸ ਮਿਸ਼ਨ ਦਾ ਮੁੱਖ ਮਕਸਦ ਅਫਗਾਨਿਸਤਾਨ ਦੇ ਅਮੀਰ ਨੂੰ ਭਾਰਤ 'ਤੇ ਹਮਲਾ ਕਰਨ ਲਈ ਮਨਾਉਣਾ ਸੀ। ਇਹ ਮਿਸ਼ਨ 5 ਦਸੰਬਰ 1914 ਨੂੰ ਇਸਤਾਂਬੁਲ ਤੋਂ ਰਵਾਨਾ ਹੋਇਆ ਅਤੇ ਹਲੇਬ 'ਚ ਵਾਸਮੁਸ ਨਾਲ ਮਿਲਿਆ। ਉੱਥੋਂ ਦੋਵੇਂ ਇਕੱਠੇ ਬਗਦਾਦ ਵੱਲ ਵਧੇ ਅਤੇ ਜਨਵਰੀ 1915 ਦੇ ਵਿਚਕਾਰ ਉੱਥੇ ਪਹੁੰਚ ਗਏ।"
ਆਜ਼ਾਦੀ ਦਾ ਸੁਪਨਾ ਅਤੇ ਨਿਰਾਸ਼ਾ
'ਗ਼ਦਰ ਪਾਰਟੀ ਦਾ ਇਤਿਹਾਸ' ਕਿਤਾਬ ਦੇ ਹਵਾਲਿਆਂ ਮੁਤਾਬਕ, ਗ਼ਦਰੀਆਂ ਦੀ ਰਣਨੀਤੀ ਇਹ ਸੀ ਕਿ ਈਰਾਨੀ ਲੋਕਾਂ ਨੂੰ ਮੁਕਾਮੀ ਅੰਗਰੇਜ਼ ਪੱਖੀ ਹਕੂਮਤ ਦੇ ਵਿਰੁੱਧ ਖੜ੍ਹਾ ਕਰਕੇ ਬਲੋਚਿਸਤਾਨ ਵੱਲ ਵਧਿਆ ਜਾਵੇ। ਬਲੋਚਿਸਤਾਨ ਤੋਂ ਅਗਾਂਹ ਪੰਜਾਬ ਤੱਕ ਬਗਾਵਤ ਫੈਲਾ ਦਿੱਤੀ ਜਾਵੇ। ਬਗਦਾਦ, ਬਸਰਾ ਅਤੇ ਬੁਸ਼ਹਿਰ ਵਿੱਚ ਗ਼ਦਰੀਆਂ ਨੇ ਅੰਗਰੇਜ਼ੀ ਫ਼ੌਜ ਦੇ ਹਿੰਦੀ ਫ਼ੌਜੀਆਂ ਵਿੱਚ ਬਗਾਵਤ ਲਈ ਪ੍ਰਚਾਰ ਕਰਨਾ ਸ਼ੁਰੂ ਕਰ ਦਿੱਤਾ।
ਸਹਿੰਸਰਾ ਅੱਗੇ ਲਿਖਦੇ ਹਨ, "ਇੰਨੇ ਚਿਰ 'ਚ ਜੰਗ ਦਾ ਪਾਸਾ ਪਲਟਣ ਲੱਗਾ। ਤੁਰਕੀ ਦੀ ਹਾਰ ਹੋ ਗਈ ਅਤੇ ਬਗਦਾਦ ਉੱਤੇ ਅੰਗਰੇਜ਼ਾਂ ਦਾ ਕਬਜ਼ਾ ਹੋ ਗਿਆ। ਗ਼ਦਰੀ ਫੌਜਾਂ ਦੀਆਂ ਜਿੱਤਾਂ ਇੱਥੇ ਹੀ ਰਹਿ ਗਈਆਂ। ਇਸ ਗ਼ਦਰੀ ਫੌਜ ਦਾ ਪਿੱਛਾ ਟੁੱਟ ਗਿਆ।"
ਭੋਗਲ ਕਹਿੰਦੇ ਹਨ, "ਜਰਮਨ ਅਲਾਇੰਸ ਹਾਰ ਗਿਆ ਅਤੇ ਦੂਜੇ ਪਾਸੇ ਗ਼ਦਰੀ ਵੀ ਫੜੇ ਗਏ।"
ਰਾਣਾ ਪ੍ਰੀਤ ਗਿੱਲ ਲਿਖਦੇ ਹਨ, "ਜਨਵਰੀ 1916 ਵਿੱਚ ਖ਼ਾਨਖੋਜੇ ਅਤੇ ਉਨ੍ਹਾਂ ਦੇ ਕੁਝ ਸਾਥੀ ਬੰਪੂਰ ਗਏ ਤਾਂ ਜੋ ਸਥਾਨਕ ਕਬੀਲੇ ਦੇ ਮੁਖੀ ਬਹਰਾਮ ਖਾਨ ਬੰਪੂਰੀ ਨਾਲ ਗੱਲਬਾਤ ਕਰ ਸਕਣ, ਜਿਨ੍ਹਾਂ ਨੇ ਪਹਿਲਾਂ ਉਨ੍ਹਾਂ ਦੇ ਮਕਸਦ ਨਾਲ ਵਫ਼ਾਦਾਰੀ ਦਾ ਵਾਅਦਾ ਕੀਤਾ ਸੀ, ਪਰ ਉਨ੍ਹਾਂ ਨੂੰ ਇਹ ਪਤਾ ਨਹੀਂ ਸੀ ਕਿ ਪੱਛਮ ਵਿੱਚ ਗੜਬੜ ਪੈਦਾ ਕਰਨ ਦੀ ਉਨ੍ਹਾਂ ਦੀ ਯੋਜਨਾ ਬ੍ਰਿਟਿਸ਼ ਅੱਗੇ ਖੁੱਲ੍ਹ ਚੁੱਕੀ ਸੀ।''
''ਬ੍ਰਿਟੇਨ ਨੇ ਇਸਦਾ ਜਵਾਬੀ ਕਦਮ ਚੁੱਕਦੇ ਹੋਏ ਆਪਣੀ ਕਾਰਵਾਈ ਸ਼ੁਰੂ ਕਰ ਦਿੱਤੀ ਸੀ ਅਤੇ ਉਸ ਇਲਾਕੇ ਦੇ ਕਈ ਕਬੀਲੀਆਂ ਦੇ ਸਰਦਾਰਾਂ ਨੂੰ ਆਪਣੇ ਪੱਖ ਵਿੱਚ ਕਰ ਲਿਆ ਸੀ, ਜਿਸ ਵਿੱਚ ਬੰਪੂਰ ਵੀ ਸ਼ਾਮਲ ਸੀ। ਜਦੋਂ ਖ਼ਾਨਖੋਜੇ ਅਤੇ ਉਨ੍ਹਾਂ ਦੇ ਸਾਥੀ ਬੰਪੂਰੀ ਨੂੰ ਮਿਲਣ ਗਏ, ਤਾਂ ਉਨ੍ਹਾਂ 'ਤੇ ਹਮਲਾ ਕੀਤਾ ਗਿਆ, ਪਰ ਉਹ ਕਿਸੇ ਤਰ੍ਹਾਂ ਬਚ ਕੇ ਨਿਕਲਣ ਵਿੱਚ ਕਾਮਯਾਬ ਰਹੇ।"
ਉਹ ਅੱਗੇ ਲਿਖਦੇ ਹਨ, "ਖ਼ਾਨਖੋਜੇ ਪੱਛਮ ਵੱਲ ਭੱਜਦੇ ਸਮੇਂ ਫੜੇ ਗਏ, ਜਦਕਿ ਉਨ੍ਹਾਂ ਦੇ ਹੋਰ ਸਾਥੀ ਨੀਰਿਜ਼ ਵਿੱਚ ਕਾਬੂ ਕਰ ਲਏ ਗਏ। ਸਿਰਫ ਕੁਝ ਹੀ ਲੋਕ ਕਿਸੇ ਤਰ੍ਹਾਂ ਬਚ ਕੇ ਮੁੜ ਸ਼ਿਰਾਜ ਪਹੁੰਚ ਸਕੇ। ਇਸ ਸਮੇਂ ਤੱਕ ਈਰਾਨ ਵਿੱਚ ਜਰਮਨੀ ਦਾ ਪ੍ਰਭਾਵ ਹੌਲੀ-ਹੌਲੀ ਘਟਣਾ ਸ਼ੁਰੂ ਹੋ ਗਿਆ ਸੀ।"
ਹਰੀਸ਼ ਪੁਰੀ ਕਹਿੰਦੇ ਹਨ, "ਡਾ. ਖਾਨਖੋਜੇ ਅਮਰੀਕਾ ਤੋਂ ਈਰਾਨ ਪਹੁੰਚੇ ਸਨ। ਉਨ੍ਹਾਂ ਨੂੰ ਉਮੀਦ ਸੀ ਕਿ ਜਰਮਨੀ ਕਮੇਟੀ ਦੀ ਮਦਦ ਨਾਲ ਉਹ ਬੰਦੇ ਇਕੱਠੇ ਕਰਕੇ ਅਫਗਾਨਿਸਤਾਨ ਰਾਹੀਂ ਭਾਰਤ 'ਚ ਹਮਲਾ ਕਰਨਗੇ। ਉਨ੍ਹਾਂ ਨੂੰ ਕਾਫ਼ੀ ਆਸ ਸੀ, ਇਨ੍ਹਾਂ ਲੋਕਾਂ ਨੇ ਬਹੁਤ ਤਕਲੀਫ਼ਾਂ ਕੱਟੀਆਂ ਅਤੇ ਚੰਗੇ ਸੁਪਨੇ ਲਏ ਸਨ ਪਰ ਉਹ ਅਸਲੀਅਤ ਤੋਂ ਥੋੜ੍ਹੇ ਪਛੜੇ ਰਹਿ ਗਏ।"
ਭਰਤ ਡੋਗਰਾ ਮੁਤਾਬਕ, "ਬਹੁਤ ਸਾਰੇ ਆਜ਼ਾਦੀ ਘੁਲਾਟੀਏ ਆਪਣੇ ਬਚਾਅ ਲਈ ਈਰਾਨ ਜਾਂਦੇ ਸਨ ਅਤੇ ਉੱਥੋਂ ਲੜਾਈ ਜਾਰੀ ਰੱਖਦੇ ਸਨ। ਸ਼ੀਰਾਜ਼ ਵਿੱਚ ਇੱਕ ਟਕਰਾਅ ਤੋਂ ਬਾਅਦ ਅੰਬਾ ਪ੍ਰਸਾਦ ਨੇ ਆਪਣੇ ਖੱਬੇ ਹੱਥ ਵਿੱਚ ਰਿਵਾਲਵਰ ਲੈ ਕੇ ਹਮਲਾਵਰਾਂ ਦਾ ਸਾਹਮਣਾ ਕੀਤਾ। ਉਹ ਬਹੁਤ ਬਹਾਦਰੀ ਨਾਲ ਲੜੇ ਪਰ ਅੰਤ ਵਿੱਚ ਫੜੇ ਗਏ ਅਤੇ ਉਨ੍ਹਾਂ ਨੂੰ ਕੈਦ ਕਰ ਲਿਆ ਗਿਆ।''
''ਉਨ੍ਹਾਂ ਨੂੰ ਮੌਤ ਦੀ ਸਜ਼ਾ ਸੁਣਾਈ ਗਈ ਪਰ ਉਨ੍ਹਾਂ ਦੀ ਜੇਲ੍ਹ ਵਿੱਚ ਹੀ ਮੌਤ ਹੋ ਗਈ। ਈਰਾਨ ਵਿੱਚ ਉਨ੍ਹਾਂ ਦੇ ਅੰਤਿਮ ਸੰਸਕਾਰ 'ਤੇ ਵੱਡੀ ਭੀੜ ਇਕੱਠੀ ਹੋਈ। ਈਰਾਨ ਵਿੱਚ ਉਨ੍ਹਾਂ ਦੇ ਸਨਮਾਨ ਵਿੱਚ ਬਣਾਈ ਗਈ ਇੱਕ ਯਾਦਗਾਰ 'ਤੇ ਹਾਲੇ ਵੀ ਕਈ ਲੋਕ ਜਾਂਦੇ ਹਨ।''
ਬੀਬੀਸੀ ਲਈ ਕਲੈਕਟਿਵ ਨਿਊਜ਼ਰੂਮ ਵੱਲੋਂ ਪ੍ਰਕਾਸ਼ਿਤ