ਬ੍ਰਿਟੇਨ 'ਚ ਸਿੱਖ ਔਰਤ ਨਾਲ ਬਲਾਤਕਾਰ ਅਤੇ ਮਾੜੀ ਧਾਰਮਿਕ ਸ਼ਬਦਾਵਲੀ ਵਰਤਣ ਦਾ ਜੁਰਮ ਇੱਕ ਵਿਅਕਤੀ ਨੇ ਕਬੂਲਿਆ, ਜਾਣੋ ਪੂਰਾ ਮਾਮਲਾ

    • ਲੇਖਕ, ਕਲੋਈ ਹਿਊਜ਼
    • ਰੋਲ, ਵੈਸਟ ਮਿਡਲੈਂਡਜ਼ ਬੀਬੀਸੀ ਨਿਊਜ਼
  • ਪੜ੍ਹਨ ਦਾ ਸਮਾਂ: 5 ਮਿੰਟ

ਚੇਤਾਵਨੀ: ਕੁਝ ਵੇਰਵੇ ਤੁਹਾਨੂੰ ਪਰੇਸ਼ਾਨ ਵੀ ਕਰ ਸਕਦੇ ਹਨ।

ਇੱਕ ਸ਼ਖ਼ਸ ਨੇ ਇਹ ਕਬੂਲ ਕੀਤਾ ਹੈ ਕਿ ਉਸ ਨੇ ਇੱਕ ਸਿੱਖ ਮਹਿਲਾ ਦੇ ਘਰ ਵਿੱਚ ਉਸ ਨਾਲ ਬਲਾਤਕਾਰ ਕੀਤਾ ਅਤੇ ਇਸ ਦੌਰਾਨ ਧਾਰਮਿਕ ਤੌਰ ਉੱਤੇ ਅਪਮਾਨਜਨਕ ਸ਼ਬਦਾਵਲੀ ਦੀ ਵਰਤੋਂ ਵੀ ਕੀਤੀ। ਟ੍ਰਾਇਲ ਦੇ ਦੂਜੇ ਦਿਨ ਅਦਾਲਤ ਦੇ ਕਟਹਿਰੇ ਵਿੱਚ ਖੜ੍ਹੇ ਸ਼ਖ਼ਸ ਨੇ ਮਾੜੀ ਸ਼ਬਦਾਵਲੀ ਸੁਣਨ ਬਾਅਦ, ਆਪਣਾ ਬਿਆਨ ਬਦਲ ਦਿੱਤਾ।

32 ਸਾਲਾ ਜੌਨ ਐਸ਼ਬੀ, ਜਿਸ ਦਾ ਕੋਈ ਪੱਕਾ ਪਤਾ ਨਹੀਂ, ਦੀ ਸੁਣਵਾਈ ਸੋਮਵਾਰ ਨੂੰ ਬਰਮਿੰਘਮ ਕ੍ਰਾਊਨ ਕੋਰਟ ਵਿੱਚ ਸ਼ੁਰੂ ਹੋਈ।

ਉਸ ਨੇ ਪਹਿਲਾਂ ਆਪਣੇ ਖ਼ਿਲਾਫ਼ ਲੱਗੇ ਇਲਜ਼ਾਮਾਂ ਤੋਂ ਇਨਕਾਰ ਕੀਤਾ ਸੀ, ਪਰ ਮੰਗਲਵਾਰ ਨੂੰ ਉਸ ਨੇ ਮੰਨ ਲਿਆ ਕਿ ਅਕਤੂਬਰ 2025 ਵਿੱਚ ਵਾਲਸਾਲ ਵਿੱਚ ਹੋਏ ਹਮਲੇ ਲਈ ਉਹ ਜ਼ਿੰਮੇਵਾਰ ਸੀ।

ਕਾਰਵਾਈ ਦੌਰਾਨ ਇੱਕ ਵਿਅਕਤੀ ਕਟਹਿਰੇ ਦੇ ਨੇੜੇ ਆ ਕੇ ਮੁਲਜ਼ਮ ਨੂੰ ਗਾਲ਼ਾਂ ਕੱਢਣ ਲੱਗ ਪਿਆ ਸੀ, ਜਿਸ ਕਾਰਨ ਸੁਣਵਾਈ ਵਿੱਚ ਰੁਕਾਵਟ ਪਈ। ਇਸ ਤੋਂ ਕਰੀਬ ਇੱਕ ਘੰਟੇ ਬਾਅਦ ਉਸ ਨੇ ਆਪਣੇ ਵਕੀਲ ਨਾਲ ਗੱਲ ਕਰਨ ਦੀ ਬੇਨਤੀ ਕੀਤੀ।

ਇਹ ਤਕਰਾਰ ਉਸ ਵੇਲੇ ਵਾਪਰੀ ਜਦੋਂ ਹਮਲੇ ਸਬੰਧੀ ਕ੍ਰਾਊਨ ਪੱਖ ਵੱਲੋਂ ਸਬੂਤ ਪੇਸ਼ ਕਰਨ ਦੌਰਾਨ ਐਸ਼ਬੀ ਬੁੜਬੁੜਾਉਣ ਲੱਗਾ।

ਅਦਾਲਤ ਨੂੰ ਦੱਸਿਆ ਗਿਆ ਕਿ ਔਰਤ ਨਾਲ ਇਹ ਦਰਦਨਾਕ ਵਾਕਿਆ ਪਿਛਲੇ ਪਤਝੜ ਵਿੱਚ ਸ਼ੁਰੂ ਹੋਇਆ, ਜਦੋਂ ਐਸ਼ਬੀ ਬੱਸ ਤੋਂ ਉਤਰਦੀ ਮਹਿਲਾ ਦਾ ਪਿੱਛਾ ਕਰਦਾ ਹੋਇਆ ਉਸ ਦੇ ਘਰ ਤੱਕ ਪਹੁੰਚ ਗਿਆ। ਔਰਤ ਨੂੰ ਬਿਨਾਂ ਪਤਾ ਲੱਗੇ, ਉਹ ਜ਼ਮੀਨ ਤੋਂ ਚੁੱਕੀ ਲਗਭਗ ਦੋ ਫੁੱਟ ਲੰਬੀ ਲੱਕੜੀ ਨਾਲ ਉਸ ਦੇ ਘਰ ਵਿੱਚ ਦਾਖ਼ਲ ਹੋ ਗਿਆ।

ਮਾਮਲੇ ਦੀ ਸ਼ੁਰੂਆਤ ਵਿੱਚ ਜੂਰੀ ਨੂੰ ਦੱਸਿਆ ਗਿਆ ਕਿ ਘਰ ਅੰਦਰ ਆਵਾਜ਼ ਸੁਣ ਕੇ ਔਰਤ (ਜੋ ਐਸ਼ਬੀ ਲਈ ਅਣਜਾਣ ਸੀ) ਆਪਣੇ ਆਪ ਨੂੰ ਬਾਥਰੂਮ ਵਿੱਚ ਬੰਦ ਕਰਨ ਦੀ ਕੋਸ਼ਿਸ਼ ਕਰਦੀ ਹੈ, ਪਰ ਉਹ ਜਬਰਦਸਤੀ ਨਾਲ ਅੰਦਰ ਵੜ੍ਹ ਗਿਆ ਅਤੇ ਉਸ ਨਾਲ ਬਲਾਤਕਾਰ ਕੀਤਾ।

ਇਸਤਗਾਸਾ ਪੱਖ ਦੇ ਵਕੀਲ ਫ਼ਿਲ ਬ੍ਰੈਡਲੀ ਕੇਸੀ ਨੇ ਕਿਹਾ, "ਬਾਥਰੂਮ ਵਿੱਚ ਦਾਖ਼ਲ ਹੋਣ ਤੋਂ ਬਾਅਦ ਉਸ ਨੇ ਬੱਤੀ ਬੰਦ ਕਰ ਦਿੱਤੀ ਅਤੇ ਉਸ ਨੂੰ ਕਿਹਾ ਕਿ ਉਹ 'ਮਜ਼ੇ ਲਈ ਇੱਥੇ ਆਇਆ ਹੈ।"

ਅਦਾਲਤ ਨੇ ਸੁਣਿਆ ਕਿ ਹਮਲੇ ਦੌਰਾਨ ਐਸ਼ਬੀ ਨੇ ਪੀੜਤਾ ਨੂੰ ਮੁਸਲਿਮ ਵਿਰੋਧੀ ਮਾੜੀ ਸ਼ਬਦਾਵਲੀ ਦੀ ਵਰਤੋਂ ਵੀ ਕੀਤੀ ਕਿਉਂਕਿ ਉਸ ਨੂੰ ਲੱਗਾ ਕਿ ਉਹ ਉਸ ਧਰਮ ਨਾਲ ਜੁੜੀ ਹੋਈ ਹੈ।

ਦੋ ਦਿਨ ਬਾਅਦ ਉਸ ਨੂੰ ਬਰਮਿੰਘਮ ਦੇ ਪੈਰੀ ਬਾਰ ਇਲਾਕੇ ਤੋਂ ਗ੍ਰਿਫ਼ਤਾਰ ਕੀਤਾ ਗਿਆ।

ਸੋਮਵਾਰ ਨੂੰ ਜੂਰੀ ਨੂੰ ਦੱਸਿਆ ਗਿਆ ਕਿ ਪੁਲਿਸ ਇੰਟਰਵਿਊ ਦੌਰਾਨ, ਜਦੋਂ ਉਸ ਨੂੰ ਪੀੜਤਾ ਦੀ ਤਸਵੀਰ ਦਿਖਾਈ ਗਈ ਅਤੇ ਪੁੱਛਿਆ ਗਿਆ ਕਿ ਕੀ ਉਹ ਉਸ ਨੂੰ ਜਾਣਦਾ ਹੈ, ਤਾਂ ਉਸ ਨੇ ਪੁੱਛਿਆ ਕਿ ਉਹ ਹਿਜਾਬ ਕਿਉਂ ਨਹੀਂ ਪਹਿਨ ਰਹੀ।

ਅਦਾਲਤ ਨੇ ਇਹ ਵੀ ਸੁਣਿਆ ਕਿ ਜਦੋਂ ਉਸ ਨੂੰ ਪੈਰੀ ਬਾਰ ਦੇ ਪੁਲਿਸ ਥਾਣੇ ਵਿੱਚ ਹਿਰਾਸਤ ਵਿੱਚ ਲਿਆਂਦਾ ਗਿਆ, ਤਾਂ ਉਸ ਨੇ ਕਿਹਾ, "ਹੁਣ ਪੈਰੀ ਬਾਰ ਵਿੱਚ ਕੋਈ ਇੰਗਲਿਸ਼ ਆਦਮੀ ਨਹੀਂ ਨਜ਼ਰ ਆਉਂਦਾ।"

'ਮਾਸਟਰ'

ਸੋਮਵਾਰ ਨੂੰ ਔਰਤ ਨਾਲ ਬੀਤੀ ਘਟਨਾ ਬਿਆਨ ਕਰਦੇ ਹੋਏ ਇਸਤਗਾਸਾ ਪੱਖ ਦੇ ਵਕੀਲ ਬ੍ਰੈਡਲੀ ਨੇ ਕਿਹਾ, "ਉਸ ਦੀਆਂ ਚੀਕਾਂ ਦੇ ਬਾਵਜੂਦ, ਉਸ ਨੇ ਉਸ ਨੂੰ ਕੱਪੜੇ ਉਤਾਰਣ ਲਈ ਕਿਹਾ, ਲੱਕੜੀ ਨਾਲ ਮਾਰਿਆ ਅਤੇ ਉਸ ਦਾ ਗਲ਼ਾ ਘੁੱਟਣ ਲਈ ਆਪਣੇ ਹੱਥਾਂ ਨਾਲ ਉਸ ਦੀ ਧੌਣ ਫੜ੍ਹੀ, ਨਾਲ ਹੀ ਉਸ ਨੂੰ ਬਾਥਟਬ ਵਿੱਚ ਜਾਣ ਲਈ ਮਜਬੂਰ ਕੀਤਾ।"

"ਉਸ ਨੇ ਗਰਮ ਪਾਣੀ ਦਾ ਨਲ ਖੋਲ੍ਹਿਆ ਅਤੇ ਔਰਤ ਉੱਤੇ ਪਾਣੀ ਸੁੱਟਣਾ ਸ਼ੁਰੂ ਕਰ ਦਿੱਤਾ, ਨਾਲ ਹੀ ਉਸ ਨੂੰ "ਹੱਲੇਲੂਯਾਹ" ਕਹਿਣ ਲਈ ਕਿਹਾ।"

ਅਦਾਲਤ ਨੇ ਸੁਣਿਆ ਕਿ ਐਸ਼ਬੀ ਨੇ ਔਰਤ ਨੂੰ ਆਪਣਾ ਨਾਮ ਜੌਨ ਦੱਸਿਆ ਅਤੇ ਉਸ ਨੂੰ ਕਿਹਾ ਕਿਹਾ ਉਹ "ਉਸ ਦਾ ਮੰਤਰ ਉਹ 'ਮਾਸਟਰ' ਹੈ", ਦੁਹਰਾਵੇ।

ਇਸਤਗਾਸਾ ਪੱਖ ਮੁਤਾਬਕ, ਬਲਾਤਕਾਰ ਕਰਨ ਤੋਂ ਬਾਅਦ ਐਸ਼ਬੀ ਨੇ ਔਰਤ ਨੂੰ ਬੈੱਡਰੂਮ ਵਿੱਚ ਜਾਣ ਅਤੇ ਬਿਸਤਰੇ 'ਤੇ ਲੇਟਣ ਲਈ ਕਿਹਾ ਅਤੇ ਦੁਬਾਰਾ ਕਿਹਾ ਕਿ ਉਹ "ਮਜ਼ੇ ਲਈ" ਆਇਆ ਹੈ, ਇਸ ਦੌਰਾਨ ਉਸ ਨੇ ਆਪਣੇ ਨਿੱਜੀ ਅੰਗਾਂ ਨੂੰ ਵ੍ਹਾਈਟ ਬ੍ਰਿਟਿਸ਼ ਦੱਸਿਆ।

ਅਦਾਲਤ ਨੂੰ ਦੱਸਿਆ ਗਿਆ ਕਿ ਇਹ ਹਮਲਾ ਉਦੋਂ ਖ਼ਤਮ ਹੋਇਆ ਜਦੋਂ ਐਸ਼ਬੀ "ਬਾਹਰ ਦੀ ਕਿਸੇ ਆਵਾਜ਼" ਨਾਲ ਘਬਰਾ ਕੇ ਮੌਕੇ ਤੋਂ ਭੱਜ ਗਿਆ ਅਤੇ ਔਰਤ ਦੇ ਗਹਿਣੇ ਅਤੇ ਇੱਕ ਮੋਬਾਈਲ ਫ਼ੋਨ ਨਾਲ ਲੈ ਗਿਆ।

ਜੂਰੀ ਨੂੰ ਦੱਸਿਆ ਗਿਆ ਕਿ ਔਰਤ ਨੇ ਤੁਰੰਤ ਸੂਚਨਾ ਦਿੱਤੀ ਅਤੇ ਕੁਝ ਮਿੰਟਾਂ ਵਿੱਚ ਪੁਲਿਸ ਮੌਕੇ 'ਤੇ ਪਹੁੰਚ ਗਈ।

ਅਦਾਲਤ ਨੂੰ ਦੱਸਿਆ ਗਿਆ ਕਿ ਕੁਝ ਦਿਨ ਬਾਅਦ ਪਛਾਣ ਪਰੇਡ ਦੌਰਾਨ ਔਰਤ ਨੇ ਐਸ਼ਬੀ ਨੂੰ ਆਪਣੇ ਹਮਲਾਵਰ ਵਜੋਂ ਪਛਾਣ ਲਿਆ।

ਮੰਗਲਵਾਰ ਨੂੰ ਐਸ਼ਬੀ ਨੇ ਬਲਾਤਕਾਰ, ਲੁੱਟ, ਇਰਾਦਾਤਨ ਗਲ਼ਾ ਘੁੱਟਣ ਅਤੇ ਧਾਰਮਿਕ ਨਫ਼ਰਤ ਨਾਲ ਭੜਕਾਊ ਸ਼ਬਦਾਵਲੀ ਦੇ ਇਲਜ਼ਾਮ ਕਬੂਲ ਕਰ ਲਏ।

ਗਾਲ਼ੀ-ਗਲੌਚ

ਅਦਾਲਤ ਵਿੱਚ ਐਸ਼ਬੀ ਅਤੇ ਇੱਕ ਦਰਸ਼ਕ ਵਿਚਕਾਰ ਗਾਲ਼ੀ-ਗਲੋਚ ਦੀ ਘਟਨਾ ਉਸ ਵੇਲੇ ਵਾਪਰੀ ਜਦੋਂ ਐਸ਼ਬੀ ਆਪਣੇ ਆਪ ਵਿੱਚ ਬੁੜਬੜਾ ਕੇ ਗਾਲ਼ਾਂ ਕੱਢ ਰਿਹਾ ਸੀ।

ਇੱਕ ਵਿਅਕਤੀ, ਜਿਸ ਨੂੰ ਸਿੱਖ ਭਾਈਚਾਰੇ ਨਾਲ ਸਬੰਧਤ ਅਤੇ ਮਾਮਲੇ ਵਿੱਚ ਦਿਲਚਸਪੀ ਰੱਖਣ ਵਾਲਾ ਮੰਨਿਆ ਜਾਂਦਾ ਹੈ, ਜੋ ਪੀੜਤਾ ਨੂੰ ਨਹੀਂ ਜਾਣਦਾ ਸੀ, ਸ਼ਾਂਤੀ ਨਾਲ ਕਟਹਿਰੇ ਦੇ ਲਗਭਗ ਤਿੰਨ ਫੁੱਟ ਨੇੜੇ ਤੱਕ ਗਿਆ ਅਤੇ ਉਸ ਨੂੰ ਵਾਪਸ ਗਾਲ਼ ਕੱਢੀ।

ਜੱਜ ਜਸਟਿਸ ਪੈਪਰਾਲ ਨੇ ਸਥਿਤੀ ਨੂੰ ਸੰਭਾਲਣ ਦੌਰਾਨ ਸ਼ਾਂਤੀ ਕਾਇਮ ਰੱਖਣ ਲਈ ਅਦਾਲਤੀ ਕਰਮਚਾਰੀ ਦੀ ਪ੍ਰਸ਼ੰਸਾ ਕੀਤੀ।

ਐਸ਼ਬੀ ਨੂੰ ਸ਼ੁੱਕਰਵਾਰ ਨੂੰ ਸਜ਼ਾ ਸੁਣਾਈ ਜਾਵੇਗੀ ਅਤੇ ਜੱਜ ਨੇ ਚੇਤਾਵਨੀ ਦਿੱਤੀ ਕਿ ਉਸ ਲਈ ਉਮਰ ਕੈਦ ਦੀ ਸਜ਼ਾ 'ਤੇ ਵੀ ਵਿਚਾਰ ਕੀਤਾ ਜਾ ਰਿਹਾ ਹੈ।

ਉਨ੍ਹਾਂ ਕਿਹਾ, "ਮੇਰੇ ਖ਼ਿਆਲ ਵਿੱਚ ਕੋਈ ਅਣਜਾਣ ਵਿਅਕਤੀ ਜੋ ਔਰਤ ਦੇ ਘਰ ਵਿੱਚ ਵੜ੍ਹ ਕੇ ਇਹ ਜੁਰਮ ਕਰਦਾ ਹੈ ਅਤੇ ਉਸ ਦੇ ਮੰਨੇ ਗਏ ਧਰਮ ਦੇ ਆਧਾਰ 'ਤੇ ਉਸ ਨਾਲ ਮਾੜਾ ਵਤੀਰਾ ਕਰਦਾ ਹੈ, ਉਹ ਖ਼ਤਰਨਾਕ ਵਿਅਕਤੀ ਹੈ।"