ਕੇਂਦਰੀ ਸਿੱਖਿਆ ਮੰਤਰੀ ਧਰਮੇਂਦਰ ਪ੍ਰਧਾਨ ਨੇ ਆਪਣੇ ਅਹੁਦੇ ਤੋਂ ਅਸਤੀਫ਼ਾ ਦਿੱਤਾ, ਸੀਜੇਪੀ ਨੇ ਕਿਹਾ-‘ਅਸੀਂ ਕਰ ਦਿਖਾਇਆ’

ਧਰਮੇਂਦਰ ਪ੍ਰਧਾਨ

ਤਸਵੀਰ ਸਰੋਤ, Getty Images

ਪ੍ਰਕਾਸ਼ਿਤ
ਪੜ੍ਹਨ ਦਾ ਸਮਾਂ: 11 ਮਿੰਟ

ਕੇਂਦਰੀ ਸਿੱਖਿਆ ਮੰਤਰੀ ਧਰਮੇਂਦਰ ਪ੍ਰਧਾਨ ਨੇ ਆਪਣੇ ਅਹੁਦੇ ਤੋਂ ਅਸਤੀਫਾ ਦੇ ਦਿੱਤਾ ਹੈ। ਇਸਦੀ ਪੁਸ਼ਟੀ ਉਨ੍ਹਾਂ ਨੇ ਆਪਣੇ ਐਕਸ ਅਕਾਉਂਟ ਉਪਰ ਇੱਕ ਪੋਸਟ ਕਰਕੇ ਦਿੱਤੀ ਹੈ।

ਦਰਅਸਲ ਨੀਟ ਪੇਪਰ ਲੀਕ ਮਾਮਲੇ ਨੂੰ ਲੈ ਕੇ ਜੰਤਰ ਮੰਤਰ ਉਪਰ ਮਹੀਨੇ ਤੋਂ ਵੱਧ ਸਮੇਂ ਤੋਂ ਪ੍ਰਦਰਸ਼ਨ ਚਲ ਰਿਹਾ ਸੀ।

ਪ੍ਰਦਰਸ਼ਨਕਾਰੀਆਂ ਦੀ ਮੁੱਖ ਮੰਗ ਸੀ ਕਿ ਧਰਮੇਂਦਰ ਪ੍ਰਧਾਨ ਆਪਣੇ ਅਹੁਦੇ ਤੋਂ ਅਸਤੀਫਾ ਦੇਣ।

ਧਰਮੇਂਦਰ ਪ੍ਰਧਾਨ ਨੇ ਐਕਸ ਉਪਰ ਪੋਸਟ ਕੀਤੇ ਆਪਣੇ ਅਸਤੀਫੇ 'ਚ ਕੀ ਕਿਹਾ

ਧਰਮੇਂਦਰ ਪ੍ਰਧਾਨ ਨੇ ਆਪਣੀ ਐਕਸ ਪੋਸਟ ਵਿੱਚ ਲਿਖਿਆ, "ਜੰਤਰ ਮੰਤਰ 'ਤੇ ਅਤੇ ਦੇਸ਼ ਵਿੱਚ ਜੋ ਸਥਿਤੀ ਬਣੀ ਹੈ, ਇਸ ਸਥਿਤੀ ਦਾ ਰਾਸ਼ਟਰ ਵਿਰੋਧੀ ਤਾਕਤਾਂ ਲਾਭ ਨਾ ਉਠਾਉਣ, ਦੇਸ਼ ਦੀ ਏਕਤਾ ਬਣੀ ਰਹੇ, ਭਾਰਤ ਦੇ ਇੱਕ ਵੀ ਵਿਦਿਆਰਥੀ ਦਾ ਭਵਿੱਖ ਕਾਨੂੰਨੀ ਪੇਚੀਦਗੀਆਂ ਵਿੱਚ ਨਾ ਉਲਝੇ, ਸਾਡੇ ਬੱਚੇ ਆਪਣਾ ਸਮਾਂ ਪੜ੍ਹਾਈ ਵਿੱਚ ਲਗਾਉਣ, ਕਰੀਅਰ ਬਣਾਉਣ 'ਤੇ ਫੋਕਸ ਕਰਨ, ਇਸੇ ਗੱਲ 'ਤੇ ਵਿਚਾਰ ਕਰਦੇ ਹੋਏ ਮੈਂ ਆਪਣਾ ਤਿਆਗਪੱਤਰ ਮਾਨਯੋਗ ਪ੍ਰਧਾਨ ਮੰਤਰੀ ਜੀ ਨੂੰ ਭੇਜ ਦਿੱਤਾ ਹੈ।"

ਉਨ੍ਹਾਂ ਨੇ ਅੱਗੇ ਲਿਖਿਆ, "ਮੈਂ ਪਿਛਲੇ 4 ਦਹਾਕਿਆਂ ਤੋਂ ਵੱਧ ਸਮੇਂ ਤੋਂ ਵਿਦਿਆਰਥੀ, ਅਧਿਆਪਕ ਅਤੇ ਸਿੱਖਿਆ ਸੁਧਾਰ ਦੇ ਲਈ ਸਮਰਪਿਤ ਰਿਹਾ ਹਾਂ। ਮੇਰਾ ਹਮੇਸ਼ਾ ਇਹ ਵਿਸ਼ਵਾਸ ਰਿਹਾ ਹੈ ਕਿ ਇੱਕ ਮਜ਼ਬੂਤ, ਸਮਾਵੇਸ਼ੀ ਅਤੇ ਦੂਰਦਰਸ਼ੀ ਸਿੱਖਿਆ ਪ੍ਰਣਾਲੀ ਹੀ ਮਜ਼ਬੂਤ ਰਾਸ਼ਟਰ ਦੀ ਨੀਂਹ ਹੁੰਦੀ ਹੈ। ਮੈਂ ਦੇਸ਼ ਦੇ ਨੌਜਵਾਨਾਂ ਦੀਆਂ ਇੱਛਾਵਾਂ, ਭਾਵਨਾਵਾਂ ਅਤੇ ਜਾਇਜ਼ ਉਮੀਦਾਂ ਦਾ ਦਿਲੋਂ ਸਤਿਕਾਰ ਕਰਦਾ ਹਾਂ। ਭਾਰਤ ਦੀ ਨੌਜਵਾਨ ਪੀੜ੍ਹੀ ਦੇ ਸੁਪਨਿਆਂ ਨੂੰ ਪੂਰਾ ਕਰਨਾ ਸਾਡੇ ਸਮੂਹਿਕ ਰਾਜਨੀਤਿਕ ਅਤੇ ਸਮਾਜਿਕ ਜੀਵਨ ਵਿੱਚ ਇੱਕ ਨੈਤਿਕ ਵਚਨਬੱਧਤਾ ਰਹੀ ਹੈ। ਮੈਂ ਮਾਣਯੋਗ ਪ੍ਰਧਾਨ ਮੰਤਰੀ ਦਾ ਉਨ੍ਹਾਂ ਦੀ ਦੂਰਦਰਸ਼ੀ ਅਗਵਾਈ ਹੇਠ ਦੇਸ਼ ਦੀ ਸੇਵਾ ਕਰਨ ਦੇ ਮਿਲੇ ਮੌਕੇ ਲਈ ਧੰਨਵਾਦ ਕਰਦਾ ਹਾਂ।”

ਕਾਕਰੋਚ ਜਨਤਾ ਪਾਰਟੀ- ਅਜੇ ਦੋ ਮੰਗਾਂ ਰਹਿੰਦੀਆਂ

ਸੀਜੇਪੀ ਦੇ ਸੰਸਥਾਪਕ ਅਭਿਜੀਤ ਦੀਪਕੇ

ਤਸਵੀਰ ਸਰੋਤ, Getty Images

ਧਰਮੇਂਦਰ ਪ੍ਰਧਾਨ ਦੇ ਅਸਤੀਫੇ ਮਗਰੋਂ ਕਾਕਰੋਚ ਜਨਤਾ ਪਾਰਟੀ ਦੇ ਸੰਸਥਾਪਕ ਅਭਿਜੀਤ ਦੀਪਕੇ ਨੇ ਕਿਹਾ ਹੈ ਕਿ "ਅਸੀਂ ਕਰ ਦਿਖਾਇਆ। ਧਰਮੇਂਦਰ ਪ੍ਰਧਾਨ ਨੇ ਅਸਤੀਫਾ ਦੇ ਦਿੱਤਾ ਹੈ।"

ਅਭਿਜੀਤ ਦੀਪਕੇ ਨੇ ਕਿਹਾ, "ਧਰਮੇਂਦਰ ਪ੍ਰਧਾਨ ਨੇ ਅਸਤੀਫਾ ਦੇ ਦਿੱਤਾ ਹੈ। ਇਹ ਇਸ ਗੱਲ ਦਾ ਸਬੂਤ ਹੈ ਕਿ ਜੇ ਤੁਸੀਂ ਡਰਦੇ ਨਹੀਂ ਹੋ, ਜੇ ਤੁਸੀਂ ਇਸ ਸਰਕਾਰ ਦੇ ਸਾਹਮਣੇ ਝੁੱਕਦੇ ਨਹੀਂ ਹੋ ਤਾਂ ਤੁਸੀਂ ਕਿਸੇ ਤੋਂ ਵੀ ਅਸਤੀਫਾ ਦਿਵਾ ਸਕਦੇ ਹੋ। ਲੋਕਤੰਤਰ ਵਿੱਚ ਡਰਨ ਦੀ ਜ਼ਰੂਰਤ ਨਹੀਂ ਹੈ।"

ਕਾਕਰੋਚ ਜਨਤਾ ਪਾਰਟੀ ਨੇ ਆਪਣੇ ਅਧਿਕਾਰਤ ਐਕਸ ਅਕਾਉਂਟ ਉਪਰ ਆਪਣੀਆਂ ਮੰਗਾਂ ਨੂੰ ਲੈ ਕੇ ਪੋਸਟ ਕੀਤੀ ਹੈ।

ਉਨ੍ਹਾਂ ਨੇ ਲਿਖਿਆ ਕਿ ਪਹਿਲੀ ਮੰਗ ਧਰਮੇਂਦਰ ਪ੍ਰਧਾਨ ਦੇ ਅਸਤੀਫੇ ਵਾਲੀ ਪੂਰੀ ਹੋ ਗਈ ਹੈ।

ਦੂਜੀ ਮੰਗ ਜਿਨ੍ਹਾਂ ਵਿਦਿਆਰਥੀਆਂ ਨੇ ਖੁਦਕੁਸ਼ੀ ਕੀਤੀ ਹੈ, ਉਨ੍ਹਾਂ ਦੇ ਪਰਿਵਾਰਾਂ ਨੂੰ 1-1 ਕਰੋੜ ਰੁਪਏ ਦਿੱਤੇ ਜਾਣ ਅਤੇ ਤੀਜੀ ਮੰਗ ਇਹ ਹੈ ਕਿ ਕਿਸੇ ਵੀ ਪ੍ਰਦਰਸ਼ਨ ਕਰ ਰਹੇ ਵਿਦਿਆਰਥੀ ਉਪਰ ਕੋਈ ਕਾਰਵਾਈ ਨਹੀਂ ਹੋਣੀ ਚਾਹੀਦੀ।

ਪ੍ਰਧਾਨ ਮੰਤਰੀ ਮੋਦੀ ਨੇ ਕੀ ਕਿਹਾ

ਪੀਐੱਮ ਨਰਿੰਦਰ ਮੋਦੀ ਨੇ ਲੰਘੀ ਰਾਤ ਫਿਰ ਇੰਸਟਾ ਤੇ ਵੀਡੀਓ ਜਾਰੀ ਕੀਤਾ ਹੈ

ਤਸਵੀਰ ਸਰੋਤ, Narender Modi/Insta / Getty Images

ਤਸਵੀਰ ਕੈਪਸ਼ਨ, ਪੀਐੱਮ ਨਰਿੰਦਰ ਮੋਦੀ ਨੇ ਲੰਘੀ ਰਾਤ ਫਿਰ ਇੰਸਟਾ ਤੇ ਵੀਡੀਓ ਜਾਰੀ ਕੀਤਾ ਹੈ

ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ 24-25 ਜੁਲਾਈ ਦੀ ਦਰਮਿਆਨੀ ਰਾਤ ਨੂੰ ਇੱਕ ਹੋਰ ਵੀਡੀਓ ਸੰਦੇਸ਼ ਜਾਰੀ ਕੀਤਾ ਹੈ।

ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਬੀਤੀ ਰਾਤ ਆਪਣੇ ਇੰਸਟਾਗ੍ਰਾਮ ਅਕਾਊਂਟ ਤੋਂ ਜਾਰੀ ਕੀਤੇ ਇਸ ਨਵੇਂ ਵੀਡੀਓ ਵਿੱਚ ਨੌਜਵਾਨਾਂ ਨੂੰ ਸੰਬੋਧਨ ਕਰਦਿਆਂ ਕਿਹਾ ਕਿ ਉਨ੍ਹਾਂ ਦੇ ਪਹਿਲੇ ਵੀਡੀਓ ਨੂੰ ਰਿਸਪਾਂਸ ਦੇਣ ਲਈ ਉਨ੍ਹਾਂ ਦਾ ਧੰਨਵਾਦ ਕੀਤਾ।

ਪੀਐਮ ਮੋਦੀ ਨੇ ਕਿਹਾ, ''ਥੈਂਕਯੂ ਫਰੈਂਡਜ਼। ਕੱਲ੍ਹ ਦੇਰ ਰਾਤ ਤੁਹਾਨੂੰ ਮਿਲਣ ਦਾ ਮੌਕਾ ਮਿਲ ਗਿਆ। ਮੈਂ ਜੋ ਵੀਡੀਓ ਪੋਸਟ ਕੀਤਾ ਸੀ, ਉਸਨੂੰ ਜਿਸ ਤਰ੍ਹਾਂ ਤੁਸੀਂ ਰਿਸਪਾਂਡ ਕੀਤਾ, ਸਕਾਰਾਤਮਕ ਸੁਝਾਅ ਦਿੱਤੇ, ਉਸਦੇ ਲਈ ਤੁਹਾਡਾ ਸਾਰਿਆਂ ਦਾ ਧੰਨਵਾਦ।''

''ਇਹ ਤੁਹਾਡਾ ਪਿਆਰ ਬਣਿਆ ਰਹੇਗਾ ਤੇ ਸਾਡਾ ਸਬੰਧ ਹੋਰ ਜੁੜਦਾ ਰਹੇਗਾ।''

ਦਰਅਸਲ ਉਸ ਤੋਂ ਪਰਸੋਂ ਰਾਤ ਨੂੰ ਵੀ ਪ੍ਰਧਾਨ ਮੰਤਰੀ ਨੇ ਸੋਸ਼ਲ ਮੀਡੀਆ ਅਕਾਊਂਟ ਤੋਂ ਇੱਕ ਵੀਡੀਓ ਜਾਰੀ ਕੀਤਾ ਸੀ ਅਤੇ ਪੇਪਰ ਲੀਕ ਮਾਮਲਿਆਂ ਨਾਲ ਨਜਿੱਠਣ ਲਈ ਢੁੱਕਵੀਂ ਕਾਰਵਾਈ ਦਾ ਭਰੋਸਾ ਦਿੱਤਾ ਸੀ।

ਦਿੱਲੀ ਪੁਲਿਸ ਨੇ ਪ੍ਰੈਸ ਕਾਨਫਰੰਸ ਕਰਕੇ ਕੀ ਦੱਸਿਆ

ਡੀਸੀਪੀ ਸੈਂਟਰਲ, ਰੋਹਿਤ ਰਾਜਬੀਰ ਸਿੰਘ

ਤਸਵੀਰ ਸਰੋਤ, ANI

ਤਸਵੀਰ ਕੈਪਸ਼ਨ, ਡੀਸੀਪੀ ਸੈਂਟਰਲ, ਰੋਹਿਤ ਰਾਜਬੀਰ ਸਿੰਘ

ਜੰਤਰ-ਮੰਤਰ 'ਤੇ ਚੱਲ ਰਹੇ ਵਿਦਿਆਰਥੀਆਂ ਦੇ ਪ੍ਰਦਰਸ਼ਨ ਬਾਰੇ ਦਿੱਲੀ ਪੁਲਿਸ ਨੇ ਪ੍ਰੈਸ ਕਾਨਫਰੰਸ ਕੀਤੀ ਹੈ। ਇਸ ਦੌਰਾਨ ਡੀਸੀਪੀ ਸੈਂਟਰਲ, ਰੋਹਿਤ ਰਾਜਬੀਰ ਸਿੰਘ ਨੇ ਦੱਸਿਆ ਕਿ ''ਜਿਵੇਂ ਕਿ ਤੁਸੀਂ ਜਾਣਦੇ ਹੋ ਕਿ ਪਿਛਲੇ ਕੁਝ ਦਿਨਾਂ ਤੋਂ ਕਾਕਰੋਚ ਜਨਤਾ ਪਾਰਟੀ ਦੇ ਬੈਨਰ ਹੇਠ ਜੰਤਰ-ਮੰਤਰ 'ਤੇ ਪ੍ਰਦਰਸ਼ਨ ਚੱਲ ਰਿਹਾ ਹੈ। ਇਸ ਪ੍ਰਦਰਸ਼ਨ ਦੀ ਖਾਸ ਗੱਲ ਇਹ ਹੈ ਕਿ ਇਸ 'ਚ ਸੋਸ਼ਲ ਮੀਡੀਆ, ਖਾਸ ਤੌਰ 'ਤੇ ਇੰਸਟਾਗ੍ਰਾਮ ਦਾ ਵੱਡੇ ਪੈਮਾਨੇ 'ਤੇ ਇਸਤੇਮਾਲ ਕੀਤਾ ਜਾ ਰਿਹਾ ਹੈ।''

'ਅੱਜ ਦੀ ਨੌਜਵਾਨ ਪੀੜ੍ਹੀ ਲਈ ਇਹ ਖਬਰਾਂ ਦੇ ਅਪਡੇਟਸ ਲਈ ਵੱਡਾ ਸਰੋਤ ਬਣ ਗਿਆ ਹੈ।'

ਉਨ੍ਹਾਂ ਕਿਹਾ, ''ਸੋਸ਼ਲ ਮੀਡੀਆ ਦੇ ਇਸ ਪ੍ਰਦਰਸ਼ਨ ਸੰਬੰਧੀ ਇਸਤੇਮਾਲ 'ਚ ਕਈ ਵਾਰ ਇਹ ਵੀ ਦੇਖਿਆ ਗਿਆ ਹੈ ਕਿ ਕਈ ਝੂਠੀਆਂ, ਭਰਮਾਉਣ ਵਾਲੀਆਂ ਤੇ ਗੁਮਰਾਹਕੁੰਨ ਪੋਸਟਾਂ ਵੀ ਸ਼ੇਅਰ ਕੀਤੀਆਂ ਗਈਆਂ ਹਨ। ਜਿਸ ਦੇ ਚੱਲਦਿਆਂ ਕਾਨੂੰਨ ਵਿਵਸਥਾ 'ਚ ਪ੍ਰਤੀਕੂਲ ਪ੍ਰਭਾਵ ਵੀ ਪੈਂਦਾ ਹੈ।''

ਉਨ੍ਹਾਂ ਕਿਹਾ ਕਿ ਸੋਸ਼ਲ ਮੀਡੀਆ 'ਤੇ ਤੇਜ਼ੀ ਨਾਲ ਵਾਇਰਲ ਹੋਣ ਵਾਲੀ ਹਰੇਕ ਪੋਸਟ ਅਤੇ ਵੀਡੀਓ ਠੀਕ ਹੀ ਹੋਵੇ, ਇਹ ਜ਼ਰੂਰੀ ਨਹੀਂ।

''ਇਸ ਲਈ ਕਿਸੇ ਵੀ ਜਾਣਕਾਰੀ 'ਤੇ ਭਰੋਸਾ ਕਰਨ ਤੋਂ ਪਹਿਲਾਂ ਜਾਂ ਅੱਗੇ ਸ਼ੇਅਰ ਕਰਨ ਤੋਂ ਪਹਿਲਾਂ ਉਸਦਾ ਫੈਕਟ ਚੈਕ ਕਰਨਾ ਜ਼ਰੂਰੀ ਹੈ।''

ਉਨ੍ਹਾਂ ਕਿਹਾ, ''ਦਿੱਲੀ ਪੁਲਿਸ ਸੋਸ਼ਲ ਮੀਡੀਆ 'ਤੇ ਲਗਾਤਾਰ ਰੱਖ ਰਹੀ ਹੈ। ਫੇਕ ਨਿਊਜ਼, ਏਆਈ, ਡੀਪਫੇਕ ਵੀਡੀਓ ਤੇ ਗੁਮਰਾਹਕੁੰਨ ਪੋਸਟਾਂ ਬਾਰੇ ਅਸੀਂ ਲਗਾਤਾਰ ਆਪਣੇ ਸੋਸ਼ਲ ਮੀਡੀਆ ਪਲੇਟਫਾਰਮ ਤੋਂ ਜਾਣਕਾਰੀ ਸਾਂਝਾ ਕਰ ਰਹੇ ਹਾਂ।''

ਰਾਹੁਲ ਗਾਂਧੀ ਦਾ ਦਾਅਵਾ- ਧਰਮੇਂਦਰ ਪ੍ਰਧਾਨ ਨੂੰ ਕੋਈ ਹੋਰ ਮੰਤਰਾਲਾ ਦੇਣ ਦੀ ਚਰਚਾ

ਰਾਹੁਲ ਗਾਂਧੀ

ਤਸਵੀਰ ਸਰੋਤ, Arun SANKAR / AFP via Getty Images

ਲੋਕ ਸਭਾ ਵਿੱਚ ਵਿਰੋਧੀ ਧਿਰ ਦੇ ਆਗੂ ਰਾਹੁਲ ਗਾਂਧੀ ਨੇ ਦਾਅਵਾ ਕੀਤਾ ਹੈ ਕਿ ਸਰਕਾਰ ਦੇ ਅੰਦਰ ਇਸ ਗੱਲ 'ਤੇ ਚਰਚਾ ਚੱਲ ਰਹੀ ਹੈ ਕਿ ਧਰਮੇਂਦਰ ਪ੍ਰਧਾਨ ਨੂੰ ਸਿੱਖਿਆ ਮੰਤਰਾਲੇ ਤੋਂ ਹਟਾ ਕੇ ਕਿਸੇ ਹੋਰ ਮੰਤਰਾਲੇ ਦੀ ਜ਼ਿੰਮੇਵਾਰੀ ਦਿੱਤੀ ਜਾ ਸਕਦੀ ਹੈ।

ਰਾਹੁਲ ਗਾਂਧੀ ਨੇ ਸ਼ਨੀਵਾਰ ਨੂੰ ਇੱਕ ਪ੍ਰੈਸ ਕਾਨਫ਼ਰੰਸ ਦੌਰਾਨ ਕਿਹਾ, "ਕੁਝ ਚਰਚਾ ਚੱਲ ਰਹੀ ਹੈ। ਅੱਜਕੱਲ੍ਹ ਸਾਨੂੰ ਸਰਕਾਰ ਦੇ ਅੰਦਰੋਂ ਵੀ ਜਾਣਕਾਰੀ ਮਿਲਦੀ ਰਹਿੰਦੀ ਹੈ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਕੈਬਿਨੇਟ ਵਿੱਚ ਇਸ ਗੱਲ 'ਤੇ ਚਰਚਾ ਹੈ ਕਿ ਹੱਲ ਇਹ ਹੈ ਕਿ ਧਰਮੇਂਦਰ ਪ੍ਰਧਾਨ ਨੂੰ ਸਿੱਖਿਆ ਮੰਤਰਾਲੇ ਤੋਂ ਹਟਾ ਕੇ ਕਿਸੇ ਹੋਰ ਮੰਤਰਾਲੇ ਵਿੱਚ ਭੇਜ ਦਿੱਤਾ ਜਾਵੇ।"

ਉਨ੍ਹਾਂ ਅੱਗੇ ਕਿਹਾ, "ਪਰ ਇਹ ਭਾਰਤ ਦੇ ਵਿਦਿਆਰਥੀਆਂ ਨੂੰ ਮਨਜ਼ੂਰ ਨਹੀਂ ਹੈ। ਧਰਮੇਂਦਰ ਪ੍ਰਧਾਨ ਨੂੰ ਬਰਖ਼ਾਸਤ ਕੀਤਾ ਜਾਣਾ ਚਾਹੀਦਾ ਹੈ।"

ਰਾਹੁਲ ਗਾਂਧੀ ਨੇ ਕਿਹਾ ਕਿ ਵਿਦਿਆਰਥੀ ਭਾਰਤ ਦਾ ਭਵਿੱਖ ਹਨ, ਨਰਿੰਦਰ ਮੋਦੀ ਭਾਰਤ ਦਾ ਅਤੀਤ ਹਨ, ਅਤੀਤ ਕਦੇ ਵੀ ਭਵਿੱਖ ਨਾਲ ਲੜ ਨਹੀਂ ਸਕਦਾ।

ਅਭਿਜੀਤ ਦੀਪਕੇ ਨੂੰ ਹੋਇਆ ਟਾਇਫਾਇਡ ਹੋਇਆ, ਵੀਡੀਓ ਜਾਰੀ ਕਰਕੇ ਇਹ ਦੱਸਿਆ

ਅਭਿਜੀਤ ਦੀਪਕੇ

ਤਸਵੀਰ ਸਰੋਤ, Arun SANKAR / AFP via Getty Images

ਤਸਵੀਰ ਕੈਪਸ਼ਨ, ਅਭਿਜੀਤ ਦੀਪਕੇ ਨੇ ਸ਼ਨੀਵਾਰ ਨੂੰ ਸੋਸ਼ਲ ਮੀਡੀਆ ਪਲੇਟਫ਼ਾਰਮ ਐਕਸ 'ਤੇ ਇਸ ਦੀ ਦਿੱਤੀ

ਕਾਕਰੋਚ ਜਨਤਾ ਪਾਰਟੀ (ਸੀਜੇਪੀ) ਦੇ ਸੰਸਥਾਪਕ ਅਭਿਜੀਤ ਦੀਪਕੇ ਨੇ ਦੱਸਿਆ ਹੈ ਕਿ ਉਨ੍ਹਾਂ ਨੂੰ ਟਾਇਫਾਇਡ ਹੋ ਗਿਆ ਹੈ।

ਅਭਿਜੀਤ ਦੀਪਕੇ ਨੇ ਸ਼ਨੀਵਾਰ ਨੂੰ ਸੋਸ਼ਲ ਮੀਡੀਆ ਪਲੇਟਫ਼ਾਰਮ ਐਕਸ 'ਤੇ ਇਸ ਦੀ ਜਾਣਕਾਰੀ ਦਿੰਦਿਆਂ ਇੱਕ ਵੀਡੀਓ ਜਾਰੀ ਕੀਤਾ ਤੇ ਕਿਹਾ, "ਜਿਵੇਂ ਕਿ ਤੁਸੀਂ ਸਾਰੇ ਜਾਣਦੇ ਹੋ ਕਿ ਕੁਝ ਦਿਨਾਂ ਤੋਂ ਮੇਰੀ ਤਬੀਅਤ ਖ਼ਰਾਬ ਸੀ, ਬਲੱਡ ਰਿਪੋਰਟਾਂ ਤੋਂ ਪਤਾ ਲੱਗਾ ਕਿ ਮੈਨੂੰ ਟਾਇਫਾਇਡ ਹੋਇਆ ਹੈ। ਮੇਰਾ ਇਲਾਜ ਚੱਲ ਰਿਹਾ ਹੈ।"

ਦੀਪਕੇ ਨੇ ਕਿਹਾ, "ਮੈਂ ਉਨ੍ਹਾਂ ਸਾਰੇ ਕਾਕਰੋਚਾਂ ਦਾ ਧੰਨਵਾਦ ਕਰਨਾ ਚਾਹੁੰਦਾ ਹਾਂ ਜੋ ਪੂਰੇ ਦੇਸ਼ ਵਿੱਚ ਸ਼ਾਂਤੀਪੂਰਨ ਤਰੀਕੇ ਨਾਲ ਪ੍ਰਦਰਸ਼ਨ ਕਰ ਰਹੇ ਹਨ। ਤੁਹਾਨੂੰ ਸਾਰਿਆਂ ਨੂੰ ਵਧਾਈ, ਤੁਸੀਂ ਇਸ ਆੰਦੋਲਨ ਨੂੰ ਸਫਲ ਬਣਾ ਦਿੱਤਾ ਹੈ।"

ਉਨ੍ਹਾਂ ਅੱਗੇ ਕਿਹਾ, "ਮੈਨੂੰ ਪੂਰਾ ਭਰੋਸਾ ਹੈ ਕਿ ਅਸੀਂ ਇਸੇ ਸ਼ਾਂਤੀਪੂਰਨ ਤਰੀਕੇ ਨਾਲ ਪ੍ਰਦਰਸ਼ਨ ਕਰਾਂਗੇ, ਧਰਮੇਂਦਰ ਪ੍ਰਧਾਨ ਦਾ ਅਸਤੀਫ਼ਾ ਜ਼ਰੂਰ ਹੋਵੇਗਾ।"

ਸੋਨਮ ਵਾਂਗਚੁਕ ਨੇ ਕੀ ਕਿਹਾ?

ਸੋਨਮ ਵਾਂਗਚੁਕ

ਤਸਵੀਰ ਸਰੋਤ, SONAM WANGCHUK

ਤਸਵੀਰ ਕੈਪਸ਼ਨ, ਸੋਨਮ ਵਾਂਗਚੁਕ ਨੇ ਆਪਣੇ ਵੀਡੀਓ ਸੰਦੇਸ਼ ਵਿੱਚ ਕਿਹਾ, ਇਹ ਵੀਡੀਓ ਮੈਂ ਥੋੜ੍ਹੇ ਦੁੱਖ ਅਤੇ ਥੋੜ੍ਹੀ ਹੈਰਾਨੀ, ਥੋੜ੍ਹੇ ਗ਼ਮ ਅਤੇ ਗੁੱਸੇ ਨਾਲ ਬਣਾ ਰਿਹਾ ਹਾਂ

ਸੋਨਮ ਵਾਂਗਚੁਕ ਨੇ ਕੇਂਦਰੀ ਮੰਤਰੀਆਂ ਦੀ ਮੌਜੂਦਗੀ ਵਿੱਚ ਆਪਣੀ ਭੁੱਖ ਹੜਤਾਲ ਖ਼ਤਮ ਕਰਨ ਨੂੰ ਲੈ ਕੇ ਸੋਸ਼ਲ ਮੀਡੀਆ 'ਤੇ ਹੋਈ ਆਲੋਚਨਾ ਤੋਂ ਬਾਅਦ ਸ਼ੁੱਕਰਵਾਰ ਨੂੰ ਇੱਕ ਲੰਮਾ ਵੀਡੀਓ ਸੰਦੇਸ਼ ਜਾਰੀ ਕੀਤਾ।

ਉਨ੍ਹਾਂ ਕਿਹਾ ਕਿ ਉਨ੍ਹਾਂ ਨੇ ਸਰਕਾਰ ਨਾਲ ਕੋਈ ਸਮਝੌਤਾ ਨਹੀਂ ਕੀਤਾ ਅਤੇ ਭੁੱਖ ਹੜਤਾਲ ਇਸ ਲਈ ਖਤਮ ਕੀਤੀ ਕਿਉਂਕਿ ਉਨ੍ਹਾਂ ਨੂੰ ਜੰਤਰ-ਮੰਤਰ 'ਤੇ ਵਿਦਿਆਰਥੀਆਂ ਅਤੇ ਪ੍ਰਦਰਸ਼ਨਕਾਰੀਆਂ ਖ਼ਿਲਾਫ਼ ਕਾਰਵਾਈ ਹੋਣ ਦਾ ਖ਼ਦਸ਼ਾ ਸੀ।

ਉਨ੍ਹਾਂ ਕਿਹਾ ਕਿ ਉਨ੍ਹਾਂ ਨੇ ਸਿੱਖਿਆ ਮੰਤਰੀ ਧਰਮੇਂਦਰ ਪ੍ਰਧਾਨ ਦੇ ਅਸਤੀਫ਼ੇ ਦੀ ਮੰਗ 'ਤੇ ਜ਼ੋਰ ਨਹੀਂ ਦਿੱਤਾ ਕਿਉਂਕਿ ਜੰਤਰ-ਮੰਤਰ 'ਤੇ ਚੱਲ ਰਹੇ ਕਾਕਰੋਚ ਜਨਤਾ ਪਾਰਟੀ ਦੇ ਅੰਦੋਲਨ ਅਤੇ ਦੇਸ਼ਭਰ ਵਿੱਚ ਨੌਜਵਾਨਾਂ ਦੇ ਵਿਰੋਧ ਪ੍ਰਦਰਸ਼ਨਾਂ ਦੇ ਚੱਲਦਿਆਂ ਇਹ ਲਗਭਗ ਤੈਅ ਹੈ।

ਸੋਨਮ ਵਾਂਗਚੁਕ ਨੇ ਆਪਣੇ ਵੀਡੀਓ ਸੰਦੇਸ਼ ਵਿੱਚ ਕਿਹਾ, ''ਇਹ ਵੀਡੀਓ ਮੈਂ ਥੋੜ੍ਹੇ ਦੁੱਖ ਅਤੇ ਥੋੜ੍ਹੀ ਹੈਰਾਨੀ, ਥੋੜ੍ਹੇ ਗ਼ਮ ਅਤੇ ਗੁੱਸੇ ਨਾਲ ਬਣਾ ਰਿਹਾ ਹਾਂ। ਆਪਣੇ ਭੈਣਾਂ-ਭਰਾਵਾਂ ਵਰਗੇ ਵਿਦਿਆਰਥੀਆਂ ਲਈ 26 ਦਿਨ ਭੁੱਖੇ ਰਹਿਣ ਤੋਂ ਬਾਅਦ, ਜਿਸ ਵਿੱਚ ਮੇਰੇ ਸਰੀਰ ਦਾ 11 ਕਿਲੋ ਵਜ਼ਨ ਖ਼ਤਮ ਹੋ ਚੁੱਕਾ ਹੈ। ਮਾਸਪੇਸ਼ੀਆਂ ਚਲੀਆਂ ਗਈਆਂ ਹਨ। ਅੰਗਾਂ ਅਤੇ ਦਿਮਾਗ਼ ਨੂੰ ਇਰਰਿਵਰਸਿਬਲ ਡੈਮੇਜ ਲਗਭਗ ਹੋਣ ਦੀ ਕਗਾਰ 'ਤੇ ਪਹੁੰਚ ਗਿਆ ਹੈ ਅਤੇ ਉਹ ਵੀ ਲੱਦਾਖ ਦੀ ਕੜਾਕੇ ਦੀ ਠੰਢ ਤੋਂ ਦਿੱਲੀ ਦੀ ਤਪਦੀ ਧੁੱਪ ਵਿੱਚ ਬੈਠ ਕੇ ਇਹ ਸਭ ਕਰਨ ਤੋਂ ਬਾਅਦ ਕੀ ਮੈਨੂੰ ਕਿਸੇ ਤੋਂ ਕੈਰੇਕਟਰ ਸਰਟੀਫਿਕੇਟ ਲੈਣਾ ਪਵੇਗਾ ਕਿ ਮੇਰੀ ਭੁੱਖ ਹੜਤਾਲ ਕਿੰਨਾ ਪਵਿੱਤਰ ਸੀ।''

ਸੋਨਮ ਵਾਂਗਚੁਕ

ਤਸਵੀਰ ਸਰੋਤ, ANI

ਤਸਵੀਰ ਕੈਪਸ਼ਨ, ਸੋਨਮ ਵਾਂਗਚੁਕ ਨੇ ਕਿਹਾ ਕਿ ਉਨ੍ਹਾਂ ਨੇ ਸਰਕਾਰ ਨਾਲ ਕੋਈ ਸਮਝੌਤਾ ਨਹੀਂ ਕੀਤਾ ਅਤੇ ਭੁੱਖ ਹੜਤਾਲ ਇਸ ਲਈ ਖਤਮ ਕੀਤੀ ਕਿਉਂਕਿ ਉਨ੍ਹਾਂ ਨੂੰ ਜੰਤਰ-ਮੰਤਰ 'ਤੇ ਵਿਦਿਆਰਥੀਆਂ ਅਤੇ ਪ੍ਰਦਰਸ਼ਨਕਾਰੀਆਂ ਖ਼ਿਲਾਫ਼ ਕਾਰਵਾਈ ਹੋਣ ਦਾ ਖ਼ਦਸ਼ਾ ਸੀ

"ਮੈਂ ਕੱਲ੍ਹ ਤੋਂ ਸਿਰਫ਼ ਲਿਕਵਿਡ ਫੂਡ ਲੈ ਰਿਹਾ ਹਾਂ, ਤਾਂ ਸਰੀਰ 'ਚ ਥੋੜ੍ਹੀ ਜਾਨ ਆਈ ਹੈ। ਬਦਕਿਸਮਤੀ ਨਾਲ, ਮੈਨੂੰ ਉਹ ਜਾਨ ਇਸ 'ਚ ਦੇਣੀ ਪੈ ਰਹੀ ਹੈ। ਮੈਂ ਇਹ ਭਾਰੀ ਦਿਲ ਨਾਲ ਕਹਿ ਰਿਹਾ ਹਾਂ।"

''ਸਵੇਰੇ ਤੋਂ ਮੈਨੂੰ ਬਹੁਤ ਸਾਰੇ ਲੋਕ ਫ਼ੋਨ ਕਰਕੇ ਜਾਂ ਪੋਸਟਾਂ ਦਿਖਾ ਕੇ ਕਹਿ ਰਹੇ ਹਨ ਕਿ ਤੁਹਾਡੇ 'ਤੇ ਬਹੁਤ ਸਵਾਲ ਚੁੱਕੇ ਜਾ ਰਹੇ ਹਨ। ਤੁਸੀਂ ਇਨ੍ਹਾਂ ਤੋਂ ਭੁੱਖ ਹੜਤਾਲ ਕਿਉਂ ਖਤਮ ਕਰਵਾਈ? ਕਿਸੇ ਹੋਰ ਤੋਂ ਕਿਉਂ ਨਹੀਂ ਕਰਵਾਈ? ਕੀ ਕੋਈ ਡੀਲ ਹੋਈ ਹੈ? ਕੋਈ ਸੌਦਾ ਹੋਇਆ ਹੈ? ਇਹ ਸਭ ਮੈਨੂੰ ਜਵਾਬ ਦੇਣਾ ਪਵੇਗਾ। ਜੇ ਸੌਦਾ ਕਰਨਾ ਹੁੰਦਾ, ਡੀਲ ਕਰਨੀ ਹੁੰਦੀ ਤਾਂ ਕੀ 26 ਦਿਨ ਭੁੱਖੇ ਰਹਿਣਾ ਪੈਂਦਾ? ਕਿੰਨਿਆਂ ਨੇ ਡੀਲਾਂ ਕੀਤੀਆਂ ਹਨ?''

ਉਨ੍ਹਾਂ ਕਿਹਾ, ''ਲਾਹਨਤ ਹੈ ਅਜਿਹੇ ਦੇਸ਼ 'ਤੇ, ਜਿਸ ਵਿੱਚ ਅਜਿਹੇ ਦਿਮਾਗਾਂ ਦੀ ਉਪਜ ਹੁੰਦੀ ਹੈ, ਜਿਨ੍ਹਾਂ ਵਿੱਚੋਂ ਅਜਿਹੇ ਨੀਚ ਖ਼ਿਆਲ ਨਿਕਲਦੇ ਹਨ। ਮੈਂ ਦੋਸ਼ ਨਹੀਂ ਦਿੰਦਾ। ਮੈਂ ਦੋਸ਼ ਨਹੀਂ ਦਿੰਦਾ.. ਤੁਹਾਡੇ ਵਿੱਚੋਂ ਜ਼ਿਆਦਾਤਰ ਲੋਕਾਂ ਨੂੰ ਕਿਉਂਕਿ ਤੁਹਾਨੂੰ ਜਾਣਕਾਰੀ ਨਹੀਂ ਹੈ। ਤੁਹਾਨੂੰ ਪਤਾ ਨਹੀਂ ਹੈ ਕਿ ਹਾਲਾਤ ਕੀ ਸਨ।''

''ਧਰਮੇਂਦਰ ਪ੍ਰਧਾਨ ਦਾ ਅਸਤੀਫ਼ਾ ਨਾਨ-ਨੈਗੋਸ਼ੀਏਬਲ - ਸੀਜੇਪੀ

ਸੀਜੇਪੀ ਦੇ ਬੁਲਾਰੇ ਆਸ਼ੂਤੋਸ਼ ਰੰਕਾ ਦੀ ਪੋਸਟ

ਤਸਵੀਰ ਸਰੋਤ, @AshutoshRanka / X

ਤਸਵੀਰ ਕੈਪਸ਼ਨ, ਸੀਜੇਪੀ ਦੇ ਬੁਲਾਰੇ ਆਸ਼ੂਤੋਸ਼ ਰੰਕਾ ਦੀ ਪੋਸਟ

ਇਸ ਸਭ ਦੌਰਾਨ ਜੰਤਰ ਮੰਤਰ 'ਤੇ ਵਿਦਿਆਰਥੀਆਂ ਦਾ ਪ੍ਰਦਰਸ਼ਨ ਅਜੇ ਵੀ ਜਾਰੀ ਹੈ। ਬੀਤੇ ਦਿਨੀਂ ਜੰਤਰ-ਮੰਤਰ 'ਤੇ ਜਾਰੀ ਪ੍ਰਦਰਸ਼ਨ ਨੂੰ ਲੈ ਕੇ ਕੇਂਦਰ ਅਤੇ ਸੀਜੇਪੀ ਦੇ ਵਫ਼ਦ ਵਿਚਾਲੇ ਕਰੀਬ ਦੋ ਘੰਟੇ ਬੈਠਕ ਹੋਈ ਹੈ।

ਹਾਲਾਂਕਿ ਧਰਮੇਂਦਰ ਪ੍ਰਧਾਨ ਦੇ ਅਸਤੀਫੇ ਨੂੰ ਲੈ ਕੇ ਅਜੇ ਵੀ ਪੇਚ ਫਸਿਆ ਹੋਇਆ ਅਤੇ ਅੱਜ ਮੁੜ ਦੋਹਾਂ ਧਿਰਾਂ ਵਿਚਾਲੇ ਦੁਪਹਿਰ ਬਾਅਦ ਮੁੜ ਬੈਠਕ ਹੋਵੇਗੀ।

ਇਸ ਵਿਚਕਾਰ ਸੀਜੇਪੀ ਦੇ ਬੁਲਾਰੇ ਆਸ਼ੂਤੋਸ਼ ਦਾ ਕਹਿਣਾ ਹੈ ਕਿ ਧਰਮੇਂਦਰ ਪ੍ਰਧਾਨ ਦੇ ਅਸਤੀਫ਼ੇ ਨਾਲ ਕੋਈ ਸਮਝੌਤਾ ਨਹੀਂ ਹੋ ਸਕਦਾ, ਭਾਵ ਉਨ੍ਹਾਂ ਨੂੰ ਅਸਤੀਫਾ ਦੇਣਾ ਹੀ ਪਵੇਗਾ।

25 ਜੁਲਾਈ ਨੂੰ ਸਵੇਰੇ ਐਕਸ 'ਤੇ ਜਾਰੀ ਇੱਕ ਪੋਸਟ 'ਚ ਉਨ੍ਹਾਂ ਲਿਖਿਆ, ''ਧਰਮੇਂਦਰ ਪ੍ਰਧਾਨ ਦਾ ਅਸਤੀਫ਼ਾ ਨਾਨ-ਨੈਗੋਸ਼ੀਏਬਲ ਹੈ। ਜੇਕਰ ਇਹ ਸਰਕਾਰ ਵੱਲੋਂ ਨਾਂਹ ਹੈ, ਤਾਂ ਹੋਰ ਚਰਚਾ ਦਾ ਕੋਈ ਮਤਲਬ ਨਹੀਂ ਹੈ।''

ਦਿੱਲੀ ਦੇ 18 ਮੈਟਰੋ ਸਟੇਸ਼ਨ ਅਗਲੇ ਹੁਕਮ ਤੱਕ ਬੰਦ

ਦਿੱਲੀ ਮੈਟਰੋ

ਤਸਵੀਰ ਸਰੋਤ, Sakib Ali/Hindustan Times via Getty Images

ਤਸਵੀਰ ਕੈਪਸ਼ਨ, ਡੀਐਮਆਰਸੀ ਨੇ ਇੱਕ ਅਧਿਕਾਰਤ ਸੂਚਨਾ ਰਾਹੀਂ ਦੱਸਿਆ ਹੈ ਕਿ 25 ਜੁਲਾਈ (ਸ਼ਨੀਵਾਰ) ਨੂੰ ਸਵੇਰੇ 7:30 ਵਜੇ ਤੋਂ ਅਗਲੇ ਹੁਕਮ ਤੱਕ 18 ਮੈਟਰੋ ਸਟੇਸ਼ਨ ਬੰਦ ਰਹਿਣਗੇ

ਜੰਤਰ-ਮੰਤਰ ਦੇ ਨੇੜੇ ਚੱਲ ਰਹੇ ਵਿਰੋਧ ਪ੍ਰਦਰਸ਼ਨਾਂ ਦੇ ਵਿਚਕਾਰ ਦਿੱਲੀ ਮੈਟਰੋ ਰੇਲ ਕਾਰਪੋਰੇਸ਼ਨ (ਡੀਐਮਆਰਸੀ) ਨੇ ਨਵੀਂ ਦਿੱਲੀ ਸਮੇਤ 18 ਪ੍ਰਮੁੱਖ ਮੈਟਰੋ ਸਟੇਸ਼ਨਾਂ 'ਤੇ ਆਵਾਜਾਈ ਬੰਦ ਕਰ ਦਿੱਤੀ ਹੈ।

ਡੀਐਮਆਰਸੀ ਨੇ ਇੱਕ ਅਧਿਕਾਰਤ ਸੂਚਨਾ ਰਾਹੀਂ ਦੱਸਿਆ ਹੈ ਕਿ 25 ਜੁਲਾਈ (ਸ਼ਨੀਵਾਰ) ਨੂੰ ਸਵੇਰੇ 7:30 ਵਜੇ ਤੋਂ ਅਗਲੇ ਹੁਕਮ ਤੱਕ 18 ਮੈਟਰੋ ਸਟੇਸ਼ਨ ਬੰਦ ਰਹਿਣਗੇ।

ਹਾਲਾਂਕਿ, ਰਾਜੀਵ ਚੌਕ, ਮੰਡੀ ਹਾਊਸ ਅਤੇ ਸੈਂਟਰਲ ਸੈਕਰੇਟੇਰੀਅਟ 'ਤੇ ਇੰਟਰਚੇਂਜ ਦੀ ਸੁਵਿਧਾ ਜਾਰੀ ਰਹੇਗੀ।

ਜਾਰੀ ਆਦੇਸ਼ ਅਨੁਸਾਰ ਇਹ ਮੈਟਰੋ ਸਟੇਸ਼ਨ ਅਗਲੇ ਹੁਕਮ ਤੱਕ ਬੰਦ ਹਨ-

ਲੋਕ ਕਲਿਆਣ ਮਾਰਗ, ਰਾਜੀਵ ਚੌਕ, ਪਟੇਲ ਚੌਕ, ਰਾਮਕ੍ਰਿਸ਼ਨ ਆਸ਼ਰਮ ਮਾਰਗ, ਬਾਰਾਖੰਬਾ ਰੋਡ, ਸੁਪਰੀਮ ਕੋਰਟ, ਸੇਵਾ ਤੀਰਥ, ਜਨਪਥ, ਮੰਡੀ ਹਾਊਸ, ਸੈਂਟਰਲ ਸੈਕਰੇਟੇਰੀਅਟ, ਆਈਟੀਓ, ਦਿੱਲੀ ਗੇਟ, ਇੰਦਰਪ੍ਰਸਥ, ਖ਼ਾਨ ਮਾਰਕਿਟ, ਜੋਰ ਬਾਗ਼, ਸ਼ਿਵਾਜੀ ਸਟੇਡੀਅਮ, ਝੰਡੇਵਾਲਾਨ ਅਤੇ ਨਵੀਂ ਦਿੱਲੀ ਮੈਟਰੋ ਸਟੇਸ਼ਨ।

'ਇੰਟਰਨੈਟ-ਮੈਟਰੋ ਬੰਦ, ਪਰ ਇੱਕ ਚੀਜ਼ ਮੋਦੀ ਜੀ ਬੰਦ ਨਹੀਂ ਕਰ ਸਕੇ' - ਰਾਹੁਲ ਗਾਂਧੀ

ਰਾਹੁਲ ਗਾਂਧੀ

ਤਸਵੀਰ ਸਰੋਤ, Sajjad HUSSAIN / AFP via Getty Images

ਤਸਵੀਰ ਕੈਪਸ਼ਨ, ਜੰਤਰ-ਮੰਤਰ 'ਤੇ ਚੱਲ ਰਹੇ ਪ੍ਰਦਰਸ਼ਨ ਦੇ ਵਿਚਕਾਰ ਰਾਹੁਲ ਗਾਂਧੀ ਨੇ ਸ਼ਨੀਵਾਰ ਸਵੇਰੇ ਸੋਸ਼ਲ ਮੀਡੀਆ ਪਲੇਟਫਾਰਮ ਐਕਸ 'ਤੇ ਲਿਖਿਆ ਕਿ ਸਰਕਾਰ ਨੇ ਵਿਦਿਆਰਥੀਆਂ ਖ਼ਿਲਾਫ਼ ਬੇਰਹਿਮ ਕਦਮ ਚੁੱਕੇ ਹਨ (ਫਾਈਲ ਫੋਟੋ)

ਕਾਂਗਰਸ ਦੇ ਸੰਸਦ ਮੈਂਬਰ ਰਾਹੁਲ ਗਾਂਧੀ ਨੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ 'ਤੇ ਤੰਜ ਕੱਸਦੇ ਹੋਏ ਕਿਹਾ ਕਿ ਉਨ੍ਹਾਂ ਨੇ ਮੈਟਰੋ, ਦੁਕਾਨਾਂ, ਇੰਟਰਨੈਟ, ਰਸਤੇ ਅਤੇ ਖਾਣਾ ਬੰਦ ਕਰ ਦਿੱਤਾ, ਪਰ ਪੇਪਰ ਲੀਕ ਬੰਦ ਨਹੀਂ ਕਰ ਸਕੇ।

ਜੰਤਰ-ਮੰਤਰ 'ਤੇ ਚੱਲ ਰਹੇ ਪ੍ਰਦਰਸ਼ਨ ਦੇ ਵਿਚਕਾਰ ਰਾਹੁਲ ਗਾਂਧੀ ਨੇ ਸ਼ਨੀਵਾਰ ਸਵੇਰੇ ਸੋਸ਼ਲ ਮੀਡੀਆ ਪਲੇਟਫਾਰਮ ਐਕਸ 'ਤੇ ਲਿਖਿਆ ਕਿ ਸਰਕਾਰ ਨੇ ਵਿਦਿਆਰਥੀਆਂ ਖ਼ਿਲਾਫ਼ ਬੇਰਹਿਮ ਕਦਮ ਚੁੱਕੇ ਹਨ।

ਉਨ੍ਹਾਂ ਲਿਖਿਆ, "ਮੈਟਰੋ ਬੰਦ ਕਰੋ। ਰਸਤੇ ਬੰਦ ਕਰੋ। ਦੁਕਾਨਾਂ ਬੰਦ ਕਰੋ। ਇੰਟਰਨੈਟ ਬੰਦ ਕਰੋ। ਖਾਣਾ ਬੰਦ ਕਰੋ। ਆਪਣੇ ਹੱਕ ਦੀ ਮੰਗ ਕਰ ਰਹੇ ਵਿਦਿਆਰਥੀਆਂ ਖ਼ਿਲਾਫ਼ ਸਰਕਾਰ ਨੇ ਇਹ ਬੇਰਹਿਮ ਕਦਮ ਚੁੱਕੇ ਹਨ।"

ਰਾਹੁਲ ਗਾਂਧੀ ਨੇ ਲਿਖਿਆ, "ਬਸ ਇੱਕ ਚੀਜ਼ ਬੰਦ ਨਹੀਂ ਕਰ ਸਕੇ, ਮੋਦੀ ਜੀ, ਪੇਪਰ ਲੀਕ।"

ਨਵੀਂ ਪੀੜ੍ਹੀ ਸਵਾਲ ਪੁੱਛਦੀ ਹੈ - ਮੋਹਨ ਭਾਗਵਤ

ਰਾਸ਼ਟਰੀ ਸਵੈਸੇਵਕ ਸੰਘ (ਆਰਐਸਐਸ) ਦੇ ਮੁਖੀ ਮੋਹਨ ਭਾਗਵਤ

ਤਸਵੀਰ ਸਰੋਤ, Sonu Mehta/Hindustan Times via Getty Images

ਤਸਵੀਰ ਕੈਪਸ਼ਨ, ਰਾਸ਼ਟਰੀ ਸਵੈਸੇਵਕ ਸੰਘ (ਆਰਐਸਐਸ) ਦੇ ਮੁਖੀ ਮੋਹਨ ਭਾਗਵਤ (ਫਾਈਲ ਫੋਟੋ)

ਰਾਸ਼ਟਰੀ ਸਵੈਸੇਵਕ ਸੰਘ (ਆਰਐਸਐਸ) ਦੇ ਮੁਖੀ ਮੋਹਨ ਭਾਗਵਤ ਨੇ ਕਿਹਾ ਹੈ ਕਿ ਨਵੀਂ ਪੀੜ੍ਹੀ ਸਵਾਲ ਪੁੱਛਦੀ ਹੈ, ਉਸ ਨੂੰ ਤਰਕ ਦੱਸਣਾ ਪੈਂਦਾ ਹੈ।

ਨੌਜਵਾਨਾਂ ਬਾਰੇ ਮੋਹਨ ਭਾਗਵਤ ਦਾ ਇਹ ਬਿਆਨ ਅਜਿਹੇ ਸਮੇਂ ਆਇਆ ਹੈ, ਜਦੋਂ ਦਿੱਲੀ ਸਥਿਤ ਜੰਤਰ-ਮੰਤਰ ਅਤੇ ਦੇਸ਼ ਦੇ ਕਈ ਇਲਾਕਿਆਂ ਵਿੱਚ ਵਿਦਿਆਰਥੀ ਅਤੇ ਨੌਜਵਾਨ ਪ੍ਰਦਰਸ਼ਨ ਕਰ ਰਹੇ ਹਨ।

ਦਿੱਲੀ ਵਿੱਚ ਆਯੋਜਿਤ 'ਵਿਸ਼ਵ ਮੰਗਲਯ ਸਭਾ' ਪ੍ਰੋਗਰਾਮ ਵਿੱਚ ਸ਼ੁੱਕਰਵਾਰ ਨੂੰ ਮੋਹਨ ਭਾਗਵਤ ਨੇ ਕਿਹਾ, "ਜਦੋਂ ਅਸੀਂ ਛੋਟੇ ਸੀ, ਤਾਂ ਮਾਤਾ-ਪਿਤਾ ਜੋ ਕਹਿੰਦੇ ਸਨ, ਉਸ 'ਤੇ ਕੋਈ ਬਹਿਸ ਨਹੀਂ ਕਰਦੇ ਸੀ। ਚੁੱਪ ਮਤਲਬ ਚੁੱਪ।"

"ਪਰ ਹੁਣ ਅਜਿਹਾ ਨਹੀਂ ਹੈ, ਨਵੀਂ ਪੀੜ੍ਹੀ ਸਵਾਲ ਪੁੱਛਦੀ ਹੈ, ਉਸ ਨੂੰ ਤਰਕ ਦੱਸਣਾ ਪੈਂਦਾ ਹੈ।"

ਉਨ੍ਹਾਂ ਕਿਹਾ ਕਿ ਅੱਜ ਦੀ ਪੀੜ੍ਹੀ ਨੂੰ ਹੋਰ ਆਪਣਾਪਣ ਦੇਣ ਦੀ ਲੋੜ ਹੈ। ਉਨ੍ਹਾਂ ਨਾਲ ਸਮਾਂ ਬਿਤਾਉਣਾ ਹੋਵੇਗਾ। ਉਨ੍ਹਾਂ ਨਾਲ ਗੱਲ ਕਰਨੀ ਪਵੇਗੀ। ਅੱਜਕੱਲ੍ਹ ਪਰਿਵਾਰਾਂ ਅੰਦਰ ਗੱਲਬਾਤ ਬੰਦ ਹੋ ਰਹੀ ਹੈ। ਸਭ ਲੋਕ ਮੋਬਾਈਲ ਵਿੱਚ ਰੁੱਝੇ ਰਹਿੰਦੇ ਹਨ।

ਹੁਣ ਤੱਕ ਕੀ-ਕੀ ਹੋਇਆ

ਪੇਪਰ ਲੀਕ ਮਾਮਲਿਆਂ ਨੂੰ ਲੈ ਕੇ ਦਿੱਲੀ ਦੇ ਜੰਤਰ-ਮੰਤਰ 'ਤੇ 20 ਜੂਨ ਤੋਂ ਕਾਕਰੋਚ ਜਨਤਾ ਪਾਰਟੀ ਦੀ ਅਗਵਾਈ ਵਿੱਚ ਪ੍ਰਦਰਸ਼ਨ ਚੱਲ ਰਿਹਾ ਹੈ, ਦੇਸ਼ ਦੇ ਕਈ ਹੋਰ ਸ਼ਹਿਰਾਂ ਵਿੱਚ ਵੀ ਨੌਜਵਾਨ ਪ੍ਰਦਰਸ਼ਨ ਕਰ ਰਹੇ ਹਨ।

28 ਜੂਨ ਨੂੰ ਜੰਤਰ ਮੰਤਰ ਉੱਤੇ ਸੋਨਮ ਵਾਂਗਚੁਕ ਨੇ ਵੀ ਭੁੱਖ ਹੜਤਾਲ ਸ਼ੁਰੂ ਕਰ ਦਿੱਤੀ ਸੀ,ਜੋ ਉਨ੍ਹਾਂ 23 ਜੁਲਾਈ ਨੂੰ ਖ਼ਤਮ ਕਰ ਦਿੱਤੀ।

20 ਜੁਲਾਈ ਨੂੰ 'ਸੰਸਦ ਮਾਰਚ' ਦੌਰਾਨ ਸੀਜੇਪੀ ਸਮਰਥਕਾਂ ਨੂੰ ਪੁਲਿਸ ਲਾਠੀਚਾਰਜ ਅਤੇ ਹੰਝੂ ਗੈਸ ਦੇ ਗੋਲਿਆਂ ਦਾ ਸਾਹਮਣਾ ਕਰਨਾ ਪਿਆ। ਉਧਰ ਦਿੱਲੀ ਪੁਲਿਸ ਦਾ ਕਹਿਣਾ ਹੈ ਕਿ ਪ੍ਰਦਰਸ਼ਨ ਦੌਰਾਨ ਸੁਰੱਖਿਆ ਬਲਾਂ ਦੇ ਜਵਾਨ ਵੀ ਜਖ਼ਮੀ ਹੋਏ ਹਨ।

21 ਜੁਲਾਈ ਨੂੰ ਰਾਹੁਲ ਗਾਂਧੀ ਸਣੇ ਹੋਰ ਕਾਂਗਰਸੀ ਆਗੂਆਂ ਨੇ ਪ੍ਰਧਾਨ ਮੰਤਰੀ ਰਿਹਾਇਸ਼ ਬਾਹਰ ਧਰਨਾ ਦਿੱਤਾ, ਆਗੂਆਂ ਨੂੰ ਹਿਰਾਸਤ ਵਿੱਚ ਲਿਆ ਗਿਆ ਪਰ ਫਿਰ ਛੱਡ ਦਿੱਤਾ ਗਿਆ।

23 ਜੁਲਾਈ ਨੂੰ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਇੰਸਟਾਗ੍ਰਾਮ ਉੱਤੇ ਜਾਰੀ ਵੀਡੀਓ ਜ਼ਰੀਏ ਪੇਪਰ ਲੀਕ ਮਾਮਲਿਆਂ ਵਿੱਚ ਫਾਸਟ ਟ੍ਰੈਕ ਅਦਾਲਤਾਂ ਸਣੇ ਹੋਰ ਕਦਮ ਚੁੱਕਣ ਦਾ ਭਰੋਸਾ ਦਵਾਇਆ ਸੀ।

ਬੀਬੀਸੀ ਲਈ ਕਲੈਕਟਿਵ ਨਿਊਜ਼ਰੂਮ ਵੱਲੋਂ ਪ੍ਰਕਾਸ਼ਿਤ

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTER, WhatsApp ਅਤੇ YouTube 'ਤੇ ਜੁੜੋ।)