'ਪੱਠੇ ਕੁਤਰਦਿਆਂ ਟੋਕੇ ਵਾਲੀ ਮਸ਼ੀਨ 'ਤੇ ਵਾਪਰਿਆ ਸੀ ਹਾਦਸਾ', ਕਈ ਮੁਸ਼ਕਿਲਾਂ ਦੇ ਬਾਵਜੂਦ ਮੁਹੰਮਦ ਯਾਸਿਰ ਨੇ ਇਓਂ ਜਿੱਤੇ ਮੈਡਲ

ਤਸਵੀਰ ਸਰੋਤ, Mohd Yasser / FB
- ਲੇਖਕ, ਕੁਲਵੀਰ ਸਿੰਘ
- ਰੋਲ, ਬੀਬੀਸੀ ਸਹਿਯੋਗੀ
- ਪ੍ਰਕਾਸ਼ਿਤ
- ਪੜ੍ਹਨ ਦਾ ਸਮਾਂ: 8 ਮਿੰਟ
ਮਲੇਰਕੋਟਲਾ ਦੇ ਪਿੰਡ ਮੁਹੰਮਦਪੁਰਾ ਦੇ ਮੁਹੰਮਦ ਯਾਸਿਰ ਨੇ ਜਾਪਾਨ ਦੇ ਆਈਚੀ-ਨਾਗੋਯਾ ਵਿੱਚ ਏਸ਼ੀਅਨ ਪੈਰਾ ਖੇਡਾਂ ਵਿੱਚ ਸ਼ਾਟਪੁੱਟ F-46 ਮੁਕਾਬਲੇ ਵਿੱਚ 15.06 ਮੀਟਰ ਗੋਲਾ ਸੁੱਟ ਕੇ ਚਾਂਦੀ ਦਾ ਮੈਡਲ ਜਿੱਤਿਆ।
ਬਚਪਨ ਵਿੱਚ ਟੋਕੇ ਵਾਲੀ ਮਸ਼ੀਨ ਦੇ ਹਾਦਸੇ ਕਾਰਨ ਖੱਬਾ ਹੱਥ ਗੁਆ ਬੈਠੇ ਯਾਸਿਰ ਨੇ ਸੀਮਿਤ ਸਾਧਨਾਂ ਵਿੱਚ ਅਭਿਆਸ ਕਰਦਿਆਂ ਅੰਤਰਰਾਸ਼ਟਰੀ ਪੱਧਰ ਤੱਕ ਦਾ ਸਫ਼ਰ ਤੈਅ ਕੀਤਾ। ਉਨ੍ਹਾਂ ਦੇ ਹੌਸਲੇ ਅਤੇ ਮਿਹਨਤ ਦੀ ਤਾਰੀਫ਼ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਵੀ ਕਰ ਚੁੱਕੇ ਹਨ।
ਮਲੇਰਕੋਟਲਾ ਜ਼ਿਲ੍ਹੇ ਦੇ ਪਿੰਡ ਮੁਹੰਮਦਪੁਰਾ ਤੋਂ ਨਿੱਕਲ ਕੇ ਜਾਪਾਨ ਦੇ ਅੰਤਰਰਾਸ਼ਟਰੀ ਮੰਚ ਤੱਕ ਪਹੁੰਚਣ ਵਾਲੇ ਮੁਹੰਮਦ ਯਾਸਿਰ ਦੀ ਕਹਾਣੀ ਸਿਰਫ਼ ਇੱਕ ਤਮਗੇ ਦੀ ਨਹੀਂ, ਸਗੋਂ ਹਿੰਮਤ, ਲਗਨ ਅਤੇ ਸੰਘਰਸ਼ ਦੀ ਕਹਾਣੀ ਹੈ।
ਬਚਪਨ ਵਿੱਚ ਵਾਪਰੇ ਇਕ ਹਾਦਸੇ ਨੇ ਉਨ੍ਹਾਂ ਦੀ ਜ਼ਿੰਦਗੀ ਦਾ ਰੁਖ਼ ਬਦਲ ਦਿੱਤਾ, ਪਰ ਯਾਸਿਰ ਨੇ ਇਸ ਨੂੰ ਆਪਣੀ ਕਮਜ਼ੋਰੀ ਨਹੀਂ ਬਣਨ ਦਿੱਤਾ। ਇੱਕ ਹੱਥ ਨਾਲ ਉਨ੍ਹਾਂ ਨੇ ਨਾ ਸਿਰਫ਼ ਜੀਵਨ ਦੀਆਂ ਚੁਣੌਤੀਆਂ ਦਾ ਸਾਹਮਣਾ ਕੀਤਾ, ਸਗੋਂ ਖੇਡਾਂ ਦੇ ਮੈਦਾਨ ਵਿੱਚ ਭਾਰਤ ਦਾ ਨਾਮ ਵੀ ਰੌਸ਼ਨ ਕੀਤਾ।
ਜਾਪਾਨ ਦੇ ਆਈਚੀ-ਨਾਗੋਯਾ ਵਿੱਚ ਹੋਈਆਂ ਏਸ਼ੀਅਨ ਪੈਰਾ ਖੇਡਾਂ ਦੇ ਸ਼ਾਟਪੁੱਟ F-46 ਮੁਕਾਬਲੇ ਵਿੱਚ ਯਾਸਿਰ ਨੇ 15.06 ਮੀਟਰ ਦੇ ਥਰੋਅ ਨਾਲ ਚਾਂਦੀ ਦਾ ਤਮਗਾ ਜਿੱਤਿਆ।
ਇਸ ਮੁਕਾਬਲੇ ਵਿੱਚ ਭਾਰਤ ਦੇ ਸਚਿਨ ਖਿਲਾਰੀ ਨੇ 15.87 ਮੀਟਰ ਦੇ ਥਰੋਅ ਨਾਲ ਸੋਨੇ ਦਾ, ਜਦਕਿ ਪ੍ਰਵੀਨ ਨੇ 14.94 ਮੀਟਰ ਨਾਲ ਕਾਂਸੀ ਦਾ ਤਮਗਾ ਆਪਣੇ ਨਾਮ ਕੀਤਾ। ਇਸ ਤਰ੍ਹਾਂ ਭਾਰਤ ਨੇ ਇਸ ਈਵੈਂਟ ਦੇ ਤਿੰਨੇ ਤਮਗੇ ਜਿੱਤੇ।
ਯਾਸਿਰ ਦੀ ਇਸ ਪ੍ਰਾਪਤੀ ਨਾਲ ਉਨ੍ਹਾਂ ਦੇ ਪਰਿਵਾਰ, ਪਿੰਡ ਅਤੇ ਪੂਰੇ ਮਲੇਰਕੋਟਲਾ ਜ਼ਿਲ੍ਹੇ ਵਿੱਚ ਖੁਸ਼ੀ ਦੀ ਲਹਿਰ ਸੀ। ਹਾਲਾਂਕਿ ਇਸ ਸਫ਼ਲਤਾ ਦੇ ਪਿੱਛੇ ਲੰਮੀ ਕਹਾਣੀ ਹੈ।
ਬਚਪਨ ਦਾ ਹਾਦਸਾ, ਜਿਸ ਨੇ ਬਦਲ ਦਿੱਤੀ ਜ਼ਿੰਦਗੀ

ਤਸਵੀਰ ਸਰੋਤ, President of India / X
ਯਾਸਿਰ ਇੱਕ ਕਿਸਾਨ ਪਰਿਵਾਰ ਨਾਲ ਸਬੰਧ ਰੱਖਦੇ ਹਨ। ਉਨ੍ਹਾਂ ਦੇ ਪਿਤਾ ਸੌਦਾਗਰ ਖਾਨ ਖੇਤੀਬਾੜੀ ਦੇ ਨਾਲ ਪਿੰਡ ਵਿੱਚ ਆਟਾ ਚੱਕੀ ਵੀ ਚਲਾਉਂਦੇ ਹਨ। ਦੋ ਭੈਣਾਂ ਦੇ ਵੱਡੇ ਭਰਾ ਯਾਸਿਰ ਨੂੰ ਬਚਪਨ ਤੋਂ ਹੀ ਖੇਡਾਂ ਦਾ ਸ਼ੌਕ ਸੀ। ਉਹ ਵਾਲੀਬਾਲ ਸਮੇਤ ਕਈ ਖੇਡਾਂ ਵਿੱਚ ਦਿਲਚਸਪੀ ਰੱਖਦੇ ਸਨ ਅਤੇ ਹਮੇਸ਼ਾ ਕੁਝ ਨਵਾਂ ਕਰਨ ਦਾ ਜਜ਼ਬਾ ਰੱਖਦੇ ਸਨ।
ਜਦੋਂ ਯਾਸਿਰ ਛੋਟੇ ਸਨ ਤਾਂ ਇੱਕ ਦਿਨ ਯਾਸਿਰ ਦੇ ਚਾਚਾ ਪਸ਼ੂਆਂ ਲਈ ਪੱਠੇ ਕੁਤਰ ਰਹੇ ਸਨ। ਇਸ ਦੌਰਾਨ ਖੇਡਦੇ ਹੋਏ ਯਾਸਿਰ ਦਾ ਖੱਬਾ ਹੱਥ ਟੋਕੇ ਵਾਲੀ ਮਸ਼ੀਨ ਵਿੱਚ ਆ ਗਿਆ। ਪਰਿਵਾਰ ਨੇ ਤੁਰੰਤ ਮਸ਼ੀਨ ਰੋਕ ਕੇ ਉਨ੍ਹਾਂ ਨੂੰ ਬਚਾਇਆ।

ਤਸਵੀਰ ਸਰੋਤ, Mohd Yasser / FB
ਹਾਦਸੇ ਤੋਂ ਬਾਅਦ ਪਹਿਲਾਂ ਉਨ੍ਹਾਂ ਨੂੰ ਟਰੈਕਟਰ ਰਾਹੀਂ ਅਮਰਗੜ੍ਹ ਅਤੇ ਫਿਰ ਸਕੂਟਰ ਰਾਹੀਂ ਨਿੱਜੀ ਹਸਪਤਾਲ ਲਿਜਾਇਆ ਗਿਆ, ਜਿੱਥੇ ਇਲਾਜ ਕੀਤਾ ਗਿਆ।
ਯਾਸਿਰ ਦੱਸਦੇ ਹਨ ਕਿ ਉਸ ਵੇਲੇ ਉਨ੍ਹਾਂ ਨੂੰ ਇਹ ਅੰਦਾਜ਼ਾ ਨਹੀਂ ਸੀ ਕਿ ਇੱਕ ਦਿਨ ਉਹ ਅੰਤਰਰਾਸ਼ਟਰੀ ਖੇਡ ਮੰਚ 'ਤੇ ਦੇਸ਼ ਦੀ ਨੁਮਾਇੰਦਗੀ ਕਰਨਗੇ। ਹਾਦਸੇ ਤੋਂ ਬਾਅਦ ਉਨ੍ਹਾਂ ਨੇ ਆਮ ਜੀਵਨ ਜਿਉਣਾ ਸਿੱਖਿਆ ਅਤੇ ਖੇਡਾਂ ਨਾਲ ਆਪਣਾ ਨਾਤਾ ਕਾਇਮ ਰੱਖਿਆ।
ਕੋਚ ਹਰਮਿੰਦਰ ਪਾਲ ਸਿੰਘ ਘੁੰਮਣ ਨੇ ਦਿੱਤੀ ਦਿਸ਼ਾ

ਸਾਲ 2014-15 ਵਿੱਚ ਯਾਸਿਰ ਦੀ ਮੁਲਾਕਾਤ ਕੋਚ ਹਰਮਿੰਦਰ ਪਾਲ ਸਿੰਘ ਘੁੰਮਣ ਨਾਲ ਹੋਈ। ਮਲੇਰਕੋਟਲਾ ਵਿੱਚ ਇੱਕ ਐਥਲੈਟਿਕਸ ਮੀਟ ਦੌਰਾਨ ਕੋਚ ਨੇ ਉਨ੍ਹਾਂ ਨੂੰ ਸ਼ਾਟਪੁੱਟ ਅਪਣਾਉਣ ਲਈ ਪ੍ਰੇਰਿਤ ਕੀਤਾ। ਯਾਸਿਰ ਨੇ ਇਹ ਚੁਣੌਤੀ ਸਵੀਕਾਰ ਕੀਤੀ ਅਤੇ ਇੱਥੋਂ ਉਨ੍ਹਾਂ ਦੇ ਖੇਡ ਕਰੀਅਰ ਦੀ ਸ਼ੁਰੂਆਤ ਹੋਈ।
ਯਾਸਿਰ ਕਹਿੰਦੇ ਹਨ ਕਿ ਪਰਿਵਾਰ ਤੋਂ ਬਾਅਦ ਉਨ੍ਹਾਂ ਦੀ ਜ਼ਿੰਦਗੀ ਵਿੱਚ ਸਭ ਤੋਂ ਵੱਡਾ ਯੋਗਦਾਨ ਉਨ੍ਹਾਂ ਦੇ ਕੋਚ ਦਾ ਹੈ। ਕੋਚ ਹਰਮਿੰਦਰ ਪਾਲ ਸਿੰਘ ਘੁੰਮਣ ਮੁਤਾਬਕ ਸ਼ੁਰੂਆਤ ਸੌਖੀ ਨਹੀਂ ਸੀ। ਸਹੂਲਤਾਂ ਅਤੇ ਖੇਡ ਸਮੱਗਰੀ ਦੀ ਘਾਟ ਸੀ, ਪਰ ਯਾਸਿਰ ਨੇ ਕਦੇ ਮਿਹਨਤ ਤੋਂ ਪਿੱਛੇ ਨਹੀਂ ਹਟੇ।
ਸੀਮਿਤ ਸਾਧਨ, ਪਰ ਇਰਾਦੇ ਮਜ਼ਬੂਤ

ਤਸਵੀਰ ਸਰੋਤ, Mohd Yasser / FB
ਅੰਤਰਰਾਸ਼ਟਰੀ ਤਮਗੇ ਜਿੱਤਣ ਵਾਲੇ ਯਾਸਿਰ ਕੋਲ ਇੱਕ ਸਮਾਂ ਅਭਿਆਸ ਲਈ ਢੰਗ ਦੇ ਖੇਡ ਬੂਟ ਵੀ ਨਹੀਂ ਸਨ। ਉਹ ਦੱਸਦੇ ਹਨ ਕਿ ਇੱਕ ਦੋਸਤ ਤੋਂ ਲਏ ਬੂਟ ਵਾਪਸ ਕਰਨ ਤੋਂ ਬਾਅਦ ਉਨ੍ਹਾਂ ਨੇ ਸਕੂਲ ਵਾਲੇ ਬੂਟਾਂ ਵਿੱਚ ਹੀ ਅਭਿਆਸ ਜਾਰੀ ਰੱਖਿਆ।
ਪਿੰਡ ਤੋਂ ਮਲੇਰਕੋਟਲਾ ਦੇ ਮੈਦਾਨ ਤੱਕ ਕਰੀਬ 20 ਕਿਲੋਮੀਟਰ ਦਾ ਸਫ਼ਰ ਕਰਨਾ ਪੈਂਦਾ ਸੀ। ਕਈ ਵਾਰ ਉਹ ਦੋਸਤਾਂ ਤੋਂ ਸਕੂਟਰ ਮੰਗ ਕੇ ਜਾਂਦੇ ਸਨ। ਬਾਅਦ ਵਿੱਚ ਪਿਤਾ ਨੇ ਮੋਟਰਸਾਈਕਲ ਖਰੀਦ ਕੇ ਦਿੱਤੀ, ਪਰ ਕੁਝ ਹੀ ਸਮੇਂ ਬਾਅਦ ਉਹ ਵੀ ਚੋਰੀ ਹੋ ਗਈ। ਇਸ ਤੋਂ ਬਾਅਦ ਉਨ੍ਹਾਂ ਨੂੰ ਮੁੜ ਬੱਸਾਂ ਰਾਹੀਂ ਸਫ਼ਰ ਕਰਨਾ ਪਿਆ।
ਅਭਿਆਸ ਦੇ ਨਾਲ-ਨਾਲ ਯਾਸਿਰ ਆਪਣੇ ਪਿਤਾ ਦੀ ਆਟਾ ਚੱਕੀ 'ਤੇ ਵੀ ਕੰਮ ਕਰਦੇ ਸਨ। ਘਰੇਲੂ ਜ਼ਿੰਮੇਵਾਰੀਆਂ ਅਤੇ ਖੇਡਾਂ ਦੀ ਤਿਆਰੀ ਵਿਚਕਾਰ ਸੰਤੁਲਨ ਬਣਾਉਣਾ ਉਨ੍ਹਾਂ ਲਈ ਆਸਾਨ ਨਹੀਂ ਸੀ।

ਯਾਸਿਰ ਦੇ ਪਿਤਾ ਸੌਦਾਗਰ ਖਾਨ ਦੱਸਦੇ ਹਨ ਕਿ ਹਾਦਸੇ ਤੋਂ ਬਾਅਦ ਪਰਿਵਾਰ ਨੂੰ ਬੱਚੇ ਦੇ ਭਵਿੱਖ ਦੀ ਚਿੰਤਾ ਸੀ। ਪਰ ਯਾਸਿਰ ਦਾ ਖੇਡਾਂ ਪ੍ਰਤੀ ਪਿਆਰ ਕਦੇ ਘੱਟ ਨਹੀਂ ਹੋਇਆ।
ਸਾਲ 2015 ਵਿੱਚ ਸ਼ਾਟਪੁੱਟ ਦੀ ਪ੍ਰੈਕਟਿਸ ਸ਼ੁਰੂ ਕਰਨ ਤੋਂ ਬਾਅਦ 2016 ਵਿੱਚ ਯਾਸਿਰ ਨੇ ਕੌਮੀ ਪੱਧਰ 'ਤੇ ਸੋਨ ਤਮਗਾ ਜਿੱਤਿਆ। ਇਸ ਨਾਲ ਪਰਿਵਾਰ ਨੂੰ ਪਹਿਲੀ ਵਾਰ ਅਹਿਸਾਸ ਹੋਇਆ ਕਿ ਉਹ ਖੇਡਾਂ ਵਿੱਚ ਵੱਡਾ ਨਾਮ ਬਣਾ ਸਕਦੇ ਹਨ।
ਸੌਦਾਗਰ ਖਾਨ ਦੱਸਦੇ ਹਨ ਕਿ ਇੱਕ ਸਮਾਂ ਅਜਿਹਾ ਵੀ ਸੀ ਜਦੋਂ ਚੀਨ ਵਿੱਚ ਮੁਕਾਬਲੇ ਲਈ ਜਾਣ ਵਾਸਤੇ ਨਾ ਯਾਸਿਰ ਕੋਲ ਪਾਸਪੋਰਟ ਸੀ ਅਤੇ ਨਾ ਹੀ ਪਰਿਵਾਰ ਕੋਲ ਹਵਾਈ ਟਿਕਟ ਲਈ ਪੈਸੇ। ਅੱਜ ਉਹੀ ਯਾਸਿਰ ਦੇਸ਼ ਦਾ ਨਾਮ ਵਿਸ਼ਵ ਪੱਧਰ 'ਤੇ ਰੌਸ਼ਨ ਕਰ ਰਹੇ ਹਨ।
ਪ੍ਰਧਾਨ ਮੰਤਰੀ ਨਾਲ ਕਈ ਵਾਰ ਮੁਲਾਕਾਤ

ਤਸਵੀਰ ਸਰੋਤ, PMO INDIA / X
ਅੰਤਰਰਾਸ਼ਟਰੀ ਮੁਕਾਬਲਿਆਂ ਵਿੱਚ ਸਫ਼ਲਤਾ ਤੋਂ ਬਾਅਦ ਯਾਸਿਰ ਨੂੰ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨਾਲ ਮਿਲਣ ਦਾ ਮੌਕਾ ਵੀ ਮਿਲਿਆ। ਉਹ ਦੱਸਦੇ ਹਨ ਕਿ ਹੁਣ ਤੱਕ ਉਹ ਪੰਜ ਵਾਰ ਪ੍ਰਧਾਨ ਮੰਤਰੀ ਨਾਲ ਮੁਲਾਕਾਤ ਕਰ ਚੁੱਕੇ ਹਨ। ਪਹਿਲੀ ਮੁਲਾਕਾਤ 2018 ਦੀਆਂ ਏਸ਼ੀਅਨ ਪੈਰਾ ਖੇਡਾਂ ਵਿੱਚ ਤਮਗਾ ਜਿੱਤਣ ਤੋਂ ਬਾਅਦ ਹੋਈ ਸੀ।
16 ਅਕਤੂਬਰ 2018 ਨੂੰ ਪ੍ਰਧਾਨ ਮੰਤਰੀ ਨੇ ਸੋਸ਼ਲ ਮੀਡੀਆ 'ਤੇ ਯਾਸਿਰ ਦੀ ਹੌਸਲਾ ਅਫ਼ਜ਼ਾਈ ਕਰਦਿਆਂ ਲਿਖਿਆ ਸੀ ਕਿ ਬਚਪਨ ਦੇ ਹਾਦਸੇ ਦੇ ਬਾਵਜੂਦ ਉਨ੍ਹਾਂ ਨੇ ਖੇਡਾਂ ਦਾ ਸਾਥ ਨਹੀਂ ਛੱਡਿਆ ਅਤੇ ਲਗਾਤਾਰ ਮਿਹਨਤ ਕਰਕੇ ਸਫ਼ਲਤਾ ਹਾਸਲ ਕੀਤੀ।
ਜਾਪਾਨ ਵਿੱਚ ਚਾਂਦੀ ਦਾ ਤਮਗਾ ਜਿੱਤਣ ਤੋਂ ਬਾਅਦ ਵੀ ਪ੍ਰਧਾਨ ਮੰਤਰੀ ਦਫ਼ਤਰ ਵੱਲੋਂ ਉਨ੍ਹਾਂ ਨੂੰ ਵਧਾਈ ਦਿੱਤੀ ਗਈ ਅਤੇ ਉਨ੍ਹਾਂ ਦੀ ਸਫ਼ਲਤਾ ਨੂੰ ਸਾਲਾਂ ਦੀ ਮਿਹਨਤ ਅਤੇ ਸਮਰਪਣ ਦਾ ਨਤੀਜਾ ਦੱਸਿਆ ਗਿਆ।
ਯਾਸਿਰ ਦੇ ਮੁਤਾਬਕ, ਇਸ ਵਾਰ ਮੁਕਾਬਲੇ ਤੋਂ ਪਹਿਲਾਂ ਸਰਕਾਰ ਵੱਲੋਂ ਕਰੀਬ ਅੱਠ ਲੱਖ ਰੁਪਏ ਦੀ ਸਹਾਇਤਾ ਮਿਲੀ, ਜਿਸ ਨਾਲ ਤਿਆਰੀ ਵਿੱਚ ਕਾਫ਼ੀ ਮਦਦ ਹੋਈ। ਉਨ੍ਹਾਂ ਦਾ ਕਹਿਣਾ ਹੈ ਕਿ ਪਹਿਲਾਂ ਆਰਥਿਕ ਮੁਸ਼ਕਿਲਾਂ ਕਰਕੇ ਕਈ ਵਾਰ ਤਿਆਰੀ ਪ੍ਰਭਾਵਿਤ ਹੁੰਦੀ ਸੀ, ਪਰ ਇਸ ਸਹਾਇਤਾ ਨਾਲ ਕੁਝ ਰਾਹਤ ਮਿਲੀ।
ਸਰੀਰਕ ਸਮਰੱਥਾ ਨੂੰ ਕਿਵੇਂ ਮਜ਼ਬੂਤ ਬਣਾਇਆ

ਤਸਵੀਰ ਸਰੋਤ, Mohd Yasser / FB
ਖੱਬਾ ਹੱਥ ਨਾ ਹੋਣ ਦੇ ਬਾਵਜੂਦ ਯਾਸਿਰ ਆਪਣੀ ਸਰੀਰਕ ਸਮਰੱਥਾ ਨੂੰ ਲਗਾਤਾਰ ਮਜ਼ਬੂਤ ਬਣਾਉਣ ਲਈ ਮਿਹਨਤ ਕਰਦੇ ਹਨ। ਉਹ ਦੱਸਦੇ ਹਨ ਕਿ ਹੁਣ ਉਨ੍ਹਾਂ ਨੂੰ ਆਪਣੀ ਸਰੀਰਕ ਸਥਿਤੀ 'ਚ ਕੋਈ ਕਮੀ ਮਹਿਸੂਸ ਨਹੀਂ ਹੁੰਦੀ ਅਤੇ ਉਹ ਬਹੁਤ ਸਾਰੇ ਆਮ ਕੰਮ ਆਸਾਨੀ ਨਾਲ ਕਰ ਲੈਂਦੇ ਹਨ।
ਯਾਸਿਰ ਮੁਤਾਬਕ, ਉਹ ਜਿਮ ਵਿੱਚ ਇੱਕ ਹੱਥ ਨਾਲ 150 ਕਿਲੋ ਤੱਕ ਦੀ ਬੈਂਚ ਪ੍ਰੈੱਸ ਲਗਾ ਲੈਂਦੇ ਹਨ। ਉਨ੍ਹਾਂ ਲਈ ਇਹ ਸਿਰਫ਼ ਤਾਕਤ ਦਾ ਪ੍ਰਦਰਸ਼ਨ ਨਹੀਂ, ਸਗੋਂ ਹਰ ਰੋਜ਼ ਆਪਣੇ ਆਪ ਨੂੰ ਚੁਣੌਤੀ ਦੇਣ ਦਾ ਇੱਕ ਤਰੀਕਾ ਹੈ।
ਉਹ ਕਹਿੰਦੇ ਹਨ ਕਿ ਮੁਕਾਬਲੇ ਦੌਰਾਨ ਹਰ ਖਿਡਾਰੀ ਦਬਾਅ ਮਹਿਸੂਸ ਕਰਦਾ ਹੈ, ਪਰ ਅਸਲ ਕਾਮਯਾਬੀ ਉਸ ਦਬਾਅ ਨੂੰ ਕਾਬੂ ਕਰਕੇ ਆਪਣੀ ਤਿਆਰੀ ਨੂੰ ਮੈਦਾਨ ਵਿੱਚ ਦੁਹਰਾਉਣ ਵਿੱਚ ਹੁੰਦੀ ਹੈ।
ਅੱਜ ਯਾਸਿਰ ਦੀ ਕਹਾਣੀ ਮਲੇਰਕੋਟਲਾ ਦੇ ਕਈ ਨੌਜਵਾਨਾਂ ਲਈ ਪ੍ਰੇਰਣਾ ਬਣ ਚੁੱਕੀ ਹੈ। ਮੈਦਾਨ ਵਿੱਚ ਅਭਿਆਸ ਕਰਨ ਵਾਲੇ ਅਰਮਾਨਦੀਪ ਸਿੰਘ ਦੱਸਦੇ ਹਨ ਕਿ ਯਾਸਿਰ ਨੂੰ ਦੇਖ ਕੇ ਹੀ ਉਨ੍ਹਾਂ ਨੇ ਸ਼ਾਟਪੁੱਟ ਵਿੱਚ ਦਿਲਚਸਪੀ ਲਈ। ਉਹ ਨਿਯਮਿਤ ਤੌਰ 'ਤੇ ਨੌਜਵਾਨਾਂ ਨੂੰ ਤਕਨੀਕ ਸਿਖਾਉਂਦੇ ਹਨ ਅਤੇ ਆਪਣੇ ਤਜਰਬੇ ਸਾਂਝੇ ਕਰਦੇ ਹਨ।
ਉਨ੍ਹਾਂ ਮੁਤਾਬਕ, ਯਾਸਿਰ ਨੇ ਜਿਨ੍ਹਾਂ ਮੁਸ਼ਕਿਲਾਂ ਵਿੱਚੋਂ ਲੰਘ ਕੇ ਇਹ ਮੁਕਾਮ ਹਾਸਲ ਕੀਤਾ ਹੈ, ਉਹ ਪੂਰੇ ਜ਼ਿਲ੍ਹੇ ਲਈ ਮਾਣ ਵਾਲੀ ਗੱਲ ਹੈ।
ਹੁਣ ਨਜ਼ਰ 2028 ਦੀਆਂ ਪੈਰਾਲੰਪਿਕ ਖੇਡਾਂ 'ਤੇ

ਤਸਵੀਰ ਸਰੋਤ, Mohd Yasser / FB
ਯਾਸਿਰ ਦੇ ਪਿਤਾ ਅਤੇ ਕੋਚ ਦੋਵਾਂ ਮੁਤਾਬਕ ਉਨ੍ਹਾਂ ਦਾ ਅਗਲਾ ਟੀਚਾ 2027 ਦੀ ਵਿਸ਼ਵ ਚੈਂਪੀਅਨਸ਼ਿਪ ਅਤੇ ਉਸ ਤੋਂ ਬਾਅਦ 2028 ਦੀਆਂ ਪੈਰਾਲੰਪਿਕ ਖੇਡਾਂ ਹਨ। ਪਰਿਵਾਰ ਅਤੇ ਕੋਚਿੰਗ ਟੀਮ ਨੂੰ ਉਮੀਦ ਹੈ ਕਿ ਯਾਸਿਰ ਆਉਣ ਵਾਲੇ ਸਾਲਾਂ ਵਿੱਚ ਵੀ ਦੇਸ਼ ਲਈ ਤਮਗੇ ਜਿੱਤਦੇ ਰਹਿਣਗੇ।
ਸੌਦਾਗਰ ਖਾਨ ਪੰਜਾਬ ਦੇ ਨੌਜਵਾਨਾਂ ਨੂੰ ਨਸ਼ਿਆਂ ਤੋਂ ਦੂਰ ਰਹਿ ਕੇ ਖੇਡਾਂ ਨਾਲ ਜੁੜਨ ਦੀ ਅਪੀਲ ਕਰਦੇ ਹਨ। ਉਨ੍ਹਾਂ ਦਾ ਕਹਿਣਾ ਹੈ ਕਿ ਜੇਕਰ ਯਾਸਿਰ ਇੱਕ ਹੱਥ ਨਾਲ ਅੰਤਰਰਾਸ਼ਟਰੀ ਪੱਧਰ 'ਤੇ ਦੇਸ਼ ਲਈ ਤਮਗੇ ਜਿੱਤ ਸਕਦਾ ਹੈ, ਤਾਂ ਹੋਰ ਨੌਜਵਾਨ ਵੀ ਮਿਹਨਤ ਅਤੇ ਲਗਨ ਨਾਲ ਆਪਣੇ ਸੁਪਨੇ ਪੂਰੇ ਕਰ ਸਕਦੇ ਹਨ।
ਮੁਹੰਮਦਪੁਰਾ ਦੇ ਇਸ ਨੌਜਵਾਨ ਦੀ ਕਹਾਣੀ ਇਹ ਦਰਸਾਉਂਦੀ ਹੈ ਕਿ ਕਿਸੇ ਵਿਅਕਤੀ ਦੀ ਪਛਾਣ ਉਸ ਦੀ ਸਰੀਰਕ ਕਮੀ ਨਾਲ ਨਹੀਂ, ਸਗੋਂ ਉਸ ਦੇ ਹੌਸਲੇ, ਮਿਹਨਤ ਅਤੇ ਇਰਾਦਿਆਂ ਨਾਲ ਬਣਦੀ ਹੈ। ਜਾਪਾਨ ਵਿੱਚ ਜਿੱਤਿਆ ਚਾਂਦੀ ਦਾ ਤਮਗਾ ਉਨ੍ਹਾਂ ਦੇ ਸਫ਼ਰ ਦਾ ਇੱਕ ਹੋਰ ਅਹਿਮ ਪੜਾਅ ਹੈ, ਪਰ ਉਨ੍ਹਾਂ ਦੀ ਨਜ਼ਰ ਹੁਣ 2028 ਦੀਆਂ ਪੈਰਾਲੰਪਿਕ ਖੇਡਾਂ 'ਤੇ ਟਿਕੀ ਹੋਈ ਹੈ।
ਬੀਬੀਸੀ ਲਈ ਕਲੈਕਟਿਵ ਨਿਊਜ਼ਰੂਮ ਵੱਲੋਂ ਪ੍ਰਕਾਸ਼ਿਤ
































