ਸੀਜੇਪੀ ਮਾਰਚ ਦੌਰਾਨ ਪੁਲਿਸ ਦੀ ਕਾਰਵਾਈ ਬਾਰੇ ਪਟੀਸ਼ਨ 'ਤੇ ਬੋਲੇ ਸੀਜੇਆਈ ਸੂਰਿਆ ਕਾਂਤ, 'ਸਾਨੂੰ ਵੀਡੀਓ ਵਿੱਚ ਦਿਲਚਸਪੀ ਨਹੀਂ, ਸਾਡੇ ਕੋਲ ਇਨ੍ਹਾਂ ਨੂੰ ਦੇਖਣ ਲਈ ਸਮਾਂ ਨਹੀਂ ਹੈ'

ਤਸਵੀਰ ਸਰੋਤ, Getty Images
ਸੁਪਰੀਮ ਕੋਰਟ ਨੇ ਬੁੱਧਵਾਰ ਨੂੰ ਕਾਕਰੋਚ ਜਨਤਾ ਪਾਰਟੀ (ਸੀਜੇਪੀ) ਵੱਲੋਂ ਪ੍ਰੀਖਿਆ ਪੇਪਰ ਲੀਕ ਨੂੰ ਲੈ ਕੇ ਕੇਂਦਰੀ ਸਿੱਖਿਆ ਮੰਤਰੀ ਧਰਮਿੰਦਰ ਪ੍ਰਧਾਨ ਦੇ ਅਸਤੀਫ਼ੇ ਦੀ ਮੰਗ ਕਰਨ ਵਾਲੇ ਵਿਰੋਧ ਪ੍ਰਦਰਸ਼ਨਾਂ ਦੌਰਾਨ ਦਿੱਲੀ ਵਿੱਚ ਵਿਦਿਆਰਥੀ ਪ੍ਰਦਰਸ਼ਨਕਾਰੀਆਂ 'ਤੇ ਦਿੱਲੀ ਪੁਲਿਸ ਦੇ ਹਮਲੇ ਦੇ ਮੁੱਦੇ ਨੂੰ ਉਠਾਉਣ ਵਾਲੀ ਪਟੀਸ਼ਨ ਨੂੰ ਤੁਰੰਤ ਸੂਚੀਬੱਧ ਕਰਨ ਤੋਂ ਇਨਕਾਰ ਕਰ ਦਿੱਤਾ ਹੈ।
ਲਾਈਵ ਲਾਅ ਅਤੇ ਬਾਰ ਐਂਡ ਬੈਂਚ ਵੈੱਬਸਾਈਟ ਮੁਤਾਬਕ, ਭਾਰਤ ਦੇ ਚੀਫ ਜਸਟਿਸ ਸੂਰਿਆ ਕਾਂਤ ਨੇ ਇਸ ਮਾਮਲੇ ਦਾ ਜ਼ਿਕਰ ਕਰਨ ਵਾਲੇ ਵਕੀਲ ਨੂੰ ਕਿਹਾ, "ਸਾਡਾ ਸਮਾਂ ਬਰਬਾਦ ਨਾ ਕਰੋ, ਅਤੇ ਆਪਣਾ ਸਮਾਂ ਬਰਬਾਦ ਨਾ ਕਰੋ।"
ਵਕੀਲ ਨੇ ਕਿਹਾ ਕਿ ਵਿਦਿਆਰਥੀ ਨੀਟ ਪ੍ਰੀਖਿਆ ਦੇ ਸਹੀ ਸੰਚਾਲਨ ਅਤੇ ਰਾਸ਼ਟਰੀ ਟੈਸਟਿੰਗ ਏਜੰਸੀ ਵਿੱਚ ਸੁਧਾਰਾਂ ਵਰਗੇ ਮਹੱਤਵਪੂਰਨ ਮੁੱਦੇ ਉਠਾ ਰਹੇ ਹਨ। ਵਕੀਲ ਨੂੰ ਟੋਕਦਿਆਂ ਸੀਜੇਆਈ ਨੇ ਕਿਹਾ, "ਤੁਹਾਡਾ ਬਹੁਤ ਧੰਨਵਾਦ।"
ਜਦੋਂ ਵਕੀਲ ਨੇ ਕਿਹਾ ਕਿ ਪੁਲਿਸ ਦੀਆਂ ਵਧੀਕੀਆਂ ਨੂੰ ਦਰਸਾਉਂਦੇ ਵੀਡੀਓ ਹਨ, ਤਾਂ ਸੀਜੇਆਈ ਨੇ ਕਿਹਾ, "ਸਾਨੂੰ ਵੀਡੀਓ ਵਿੱਚ ਦਿਲਚਸਪੀ ਨਹੀਂ ਹੈ; ਸਾਡੇ ਕੋਲ ਇਨ੍ਹਾਂ ਨੂੰ ਦੇਖਣ ਲਈ ਸਮਾਂ ਨਹੀਂ ਹੈ।"
ਮੰਗਲਵਾਰ ਨੂੰ ਦਿੱਲੀ ਹਾਈ ਕੋਰਟ ਨੇ ਇਸੇ ਤਰ੍ਹਾਂ ਦੇ ਮਾਮਲੇ ਦੀ ਤੁਰੰਤ ਸੁਣਵਾਈ ਕਰਨ ਤੋਂ ਇਹ ਕਹਿੰਦਿਆ ਇਨਕਾਰ ਕਰ ਦਿੱਤਾ ਸੀ ਕਿ, "ਅਦਾਲਤ ਨੂੰ ਇਸ ਵਿੱਚ ਨਾ ਘਸੀਟੋ।"
ਰਾਹੁਲ ਗਾਂਧੀ ਦੀਆਂ ਸਰਕਾਰ ਤੋਂ ਪੰਜ ਮੰਗਾਂ

ਤਸਵੀਰ ਸਰੋਤ, REUTERS/@COCKROACHISBACK
ਮੰਗਲਵਾਰ ਨੂੰ ਲੋਕ ਸਭਾ ਵਿੱਚ ਵਿਰੋਧੀ ਧਿਰ ਦੇ ਨੇਤਾ ਰਾਹੁਲ ਗਾਂਧੀ ਨੇ ਸੋਸ਼ਲ ਮੀਡੀਆ 'ਤੇ ਇੱਕ ਵੀਡੀਓ ਜਾਰੀ ਕਰਦਿਆਂ ਸਰਕਾਰ ਸਾਹਮਣੇ ਪੰਜ ਮੰਗਾਂ ਰੱਖੀਆਂ ਹਨ।
ਉਨ੍ਹਾਂ ਨੇ ਇਹ ਵੀਡੀਓ ਛਤਰਸਾਲ ਸਟੇਡੀਅਮ ਵਿੱਚ ਹਿਰਾਸਤ ਦੌਰਾਨ ਸ਼ੂਟ ਕੀਤਾ ਸੀ, ਜਿਸ ਨੂੰ ਬਾਅਦ ਵਿਚ ਉਨ੍ਹਾਂ ਨੇ ਐਕਸ 'ਤੇ ਸਾਂਝਾ ਕੀਤਾ।
ਰਾਹੁਲ ਗਾਂਧੀ ਨੇ ਵੀਡੀਓ ਵਿੱਚ ਦੱਸਿਆ ਕਿ ਉਨ੍ਹਾਂ ਨੇ ਪੀਐਮ ਨਿਵਾਸ ਦੇ ਬਾਹਰ ਧਰਨਾ ਦੇਣ ਦਾ ਫ਼ੈਸਲਾ ਕਿਉਂ ਕੀਤਾ।
ਨਾਲ ਹੀ, ਸ਼ਿਵਸੇਨਾ ਦੇ ਨੇਤਾ ਉੱਧਵ ਠਾਕਰੇ ਅਤੇ ਤ੍ਰਿਣਮੂਲ ਕਾਂਗਰਸ ਦੀ ਨੇਤਾ ਮਹੂਆ ਮੋਇਤਰਾ ਸਮੇਤ ਕਈ ਲੋਕ ਜੰਤਰ ਮੰਤਰ 'ਤੇ ਧਰਨਾ ਦੇ ਰਹੇ ਵਿਦਿਆਰਥੀਆਂ ਨੂੰ ਸਮਰਥਨ ਦੇਣ ਉੱਥੇ ਪਹੁੰਚੇ।
ਰਾਹੁਲ ਗਾਂਧੀ ਨੇ ਆਪਣੇ ਵੀਡੀਓ ਵਿੱਚ ਕਿਹਾ ਕਿ ਉਨ੍ਹਾਂ ਨੇ ਲੋਕ ਸਭਾ ਸਪੀਕਰ ਓਮ ਬਿਰਲਾ ਨਾਲ ਮੁਲਾਕਾਤ ਕਰਕੇ ਵਿਦਿਆਰਥੀਆਂ ਦੇ ਮੁੱਦੇ 'ਤੇ ਸਦਨ ਵਿੱਚ ਬਹਿਸ ਦੀ ਮੰਗ ਕੀਤੀ ਜਿਸ ਦੇ ਜਵਾਬ ਵਿੱਚ ਸਪੀਕਰ ਨੇ ਉਨ੍ਹਾਂ ਨੂੰ ਕਿਹਾ ਕਿ ਉਨ੍ਹਾਂ ਨੇ ਨੂੰ ਸਰਕਾਰ ਦੀ ਇਜਾਜ਼ਤ ਚਾਹੀਦੀ ਹੋਵੇਗੀ।
ਰਾਹੁਲ ਗਾਂਧੀ ਨੇ ਕਿਹਾ, "ਪਰ ਜਦੋਂ ਮੈਨੂੰ ਦਿਨ ਵੇਲੇ ਸਰਕਾਰ ਦਾ ਅਜਿਹਾ ਕੋਈ ਇਰਾਦਾ ਨਹੀਂ ਦਿਸਿਆ ਤਾਂ ਉਸ ਤੋਂ ਬਾਅਦ ਅਸੀਂ ਪੀਐਮ ਨਿਵਾਸ ਬਾਹਰ ਧਰਨਾ ਦੇਣ ਦਾ ਫ਼ੈਸਲਾ ਕੀਤਾ ਤਾਂ ਕਿ ਵਿਦਿਆਰਥੀਆਂ ਨਾਲ ਜੋ ਹੋ ਰਿਹਾ ਹੈ, ਉਸ ਵੱਲ ਦੇਸ਼ ਦਾ ਧਿਆਨ ਦਵਾ ਸਕੀਏ।"
ਰਾਹੁਲ ਦੇ ਸਵਾਲ ਅਤੇ ਪੰਜ ਮੰਗਾਂ
ਰਾਹੁਲ ਗਾਂਧੀ ਨੇ ਕਿਹਾ, "ਸਿੱਖਿਆ ਵਿਵਸਥਾ ਕਿਉਂ ਬਰਬਾਦ ਹੋ ਰਹੀ ਹੈ? ਪੇਪਰ ਕਿਉਂ ਲੀਕ ਹੋ ਰਹੇ ਹਨ? ਭਾਰਤ ਵਿੱਚ ਸਿੱਖਿਆ ਕਿਉਂ ਇੰਨੀ ਮਹਿੰਗੀ ਹੈ ? ਬੱਚਿਆਂ ਨੂੰ ਪੜ੍ਹਾਉਣ ਲਈ ਲੋਕ ਵਿੱਤੀ ਰੂਪ ਵਿੱਚ ਬਰਬਾਦ ਕਿਉਂ ਹੋ ਜਾਂਦੇ ਹਨ? ਅਜਿਹੇ ਸਵਾਲ ਪੁੱਛਣ ਵਿੱਚ ਤਾਂ ਕੋਈ ਹਰਜ਼ ਨਹੀਂ ਹੋਣਾ ਚਾਹੀਦਾ। "
ਰਾਹੁਲ ਗਾਂਧੀ ਨੇ ਸਰਕਾਰ ਦੇ ਸਾਹਮਣੇ ਪੰਜ ਮੰਗਾਂ ਰੱਖੀਆਂ ਹਨ।
- ਗ੍ਰਹਿ ਮੰਤਰੀ ਅਮਿਤ ਸ਼ਾਹ ਅਤੇ ਸਿੱਖਿਆ ਮੰਤਰੀ ਧਰਮਿੰਦਰ ਪ੍ਰਧਾਨ ਦਾ ਅਸਤੀਫ਼ਾ।
- ਜਿਨ੍ਹਾਂ ਲੋਕਾਂ ਨੇ ਵਿਦਿਆਰਥੀਆਂ ਨੂੰ ਮਾਰਿਆ ਅਤੇ ਬੇਇੱਜ਼ਤ ਕੀਤਾ, ਉਨ੍ਹਾਂ 'ਤੇ ਕਾਰਵਾਈ ਕੀਤੀ ਜਾਵੇ।
- ਵਿਦਿਆਰਥੀਆਂ 'ਤੇ ਦਰਜ ਕੇਸ ਹਟਾਏ ਜਾਣ।
- ਸਦਨ ਵਿੱਚ ਇਸ ਮੁੱਦੇ 'ਤੇ ਬਹਿਸ ਹੋਵੇ।
- ਮੋਦੀ ਜੀ ਦੀ ਸਰਕਾਰ ਅਤੇ ਉਨ੍ਹਾਂ ਦੇ ਗ੍ਰਹਿ ਮੰਤਰੀ ਨੇ ਵਿਦਿਆਰਥੀਆਂ ਨਾਲ ਜੋ ਵਿਹਾਰ ਕੀਤਾ ਉਸ ਲਈ ਉਹ ਦੇਸ਼ ਤੋਂ ਮਾਫ਼ੀ ਮੰਗਣ।
ਧਰਮਿੰਦਰ ਪ੍ਰਧਾਨ ਨੇ ਕੀਤੀ ਰਾਹੁਲ ਗਾਂਧੀ ਦੀ ਅਲੋਚਨਾ

ਤਸਵੀਰ ਸਰੋਤ, @ABHIJEET_DIPKE
ਕੇਂਦਰੀ ਸਿੱਖਿਆ ਮੰਤਰੀ ਧਰਮਿੰਦਰ ਪ੍ਰਧਾਨ ਨੇ ਕਿਹਾ ਹੈ ਕਿ ਲੋਕ ਸਭਾ ਵਿੱਚ ਵਿਰੋਧੀ ਧਿਰ ਦੇ ਨੇਤਾ ਰਾਹੁਲ ਗਾਂਧੀ ਵਿਦਿਆਰਥੀਆਂ ਦਾ ਸਿਆਸੀ ਇਸਤੇਮਾਲ ਕਰਕੇ ਸੰਸਦ ਦੇ ਮਾਨਸੂਨ ਸੈਸ਼ਨ ਵਿੱਚ ਰੁਕਾਵਟ ਪਾਉਣਾ ਚਾਹੁੰਦੇ ਹਨ।
ਧਰਮਿੰਦਰ ਪ੍ਰਧਾਨ ਨੇ ਮੰਗਲਵਾਰ ਦੇਰ ਰਾਤ ਐਕਸ 'ਤੇ ਕਿਹਾ ਕਿ ਰਾਹੁਲ ਗਾਂਧੀ ਨੇ ਪ੍ਰਧਾਨ ਮੰਤਰੀ ਦੇ ਘਰ ਬਾਹਰ ਧਰਨਾ ਦਿੱਤਾ, ਜਿਸ ਨਾਲ ਆਮ ਲੋਕਾਂ ਨੂੰ ਪਰੇਸ਼ਾਨੀ ਹੋਈ।
ਧਰਮਿੰਦਰ ਪ੍ਰਧਾਨ ਨੇ ਸੋਸ਼ਲ ਮੀਡੀਆ ਪਲੇਟਫ਼ਾਰਮ ਐਕਸ 'ਤੇ ਲਿਖਿਆ, "ਲੋਕ ਸਭਾ ਵਿੱਚ ਵਿਰੋਧੀ ਧਿਰ ਦੇ ਨੇਤਾ ਰਾਹੁਲ ਗਾਂਧੀ ਅਤੇ ਕਾਂਗਰਸ ਲਗਾਤਾਰ ਵਿਦਿਆਰਥੀਆਂ ਦਾ ਸਿਆਸੀ ਇਸਤੇਮਾਲ ਕਰ ਰਹੇ ਹਨ ਤਾਂ ਕਿ ਸੰਸਦ ਦੇ ਮਾਨਸੂਨ ਸੈਸ਼ਨ ਵਿੱਚ ਰੁਕਾਵਟ ਪੈਦਾ ਕੀਤੀ ਜਾ ਸਕੇ।"
"ਰਾਹੁਲ ਗਾਂਧੀ ਅਤੇ ਕਾਂਗਰਸ ਨੇ ਪ੍ਰਧਾਨ ਮੰਤਰੀ ਦੇ ਘਰ ਬਾਹਰ ਧਰਨਾ ਦੇਣ ਦਾ ਫ਼ੈਸਲਾ ਕੀਤਾ। ਇਸ ਨਾਲ ਆਮ ਲੋਕਾਂ ਨੂੰ ਪਰੇਸ਼ਾਨੀ ਹੋਈ ਅਤੇ ਤੈਅ ਸੁਰੱਖਿਆ ਨਿਯਮਾਂ ਦੀ ਅਣਦੇਖੀ ਕੀਤੀ ਗਈ।"

ਸਰਕਾਰ ਨੇ ਪੂਰੀ ਚਰਚਾ ਲਈ ਆਪਣੀ ਤਿਆਰੀ ਸਾਫ਼ ਕਰ ਦਿੱਤੀ ਸੀ। ਇਸ ਤੋਂ ਬਾਅਦ ਵੀ ਕਾਂਗਰਸ ਨੇ ਲੋਕਤੰਤਰਿਕ ਬਹਿਸ ਦੀ ਥਾਂ ਸਿਆਸੀ ਪ੍ਰਦਰਸ਼ਨ ਨੂੰ ਚੁਣਿਆ।
ਉਨ੍ਹਾਂ ਦਾ ਮਕਸਦ ਵਿਦਿਆਰਥੀਆਂ ਦੀ ਸਮੱਸਿਆ ਦਾ ਹੱਲ ਕੱਢਣਾ ਨਹੀਂ ਸੀ ਬਲਕਿ ਸਿਆਸੀ ਸੁਰਖੀਆਂ ਬਟੋਰਨ ਲਈ ਰੁਕਾਵਟ ਪੈਦਾ ਕਰਨਾ ਸੀ।
ਰਾਹੁਲ ਗਾਂਧੀ ਲਈ ਇਹ ਮਾਮਲਾ ਵਿਦਿਆਰਥੀਆਂ ਦਾ ਨਹੀਂ ਹੈ। ਇਹ ਹਰ ਉਸ ਮੌਕੇ ਬਾਅਦ ਰੁਕਾਵਟ ਪੈਦਾ ਕਰਨ ਦੀ ਕੋਸ਼ਿਸ਼ ਹੈ, ਜਦੋਂ ਚਰਚਾ ਦਾ ਸਹੀ ਰਾਹ ਪਹਿਲਾਂ ਹੀ ਖੁੱਲ੍ਹ ਚੁੱਕਿਆ ਹੈ।
ਉੱਧਵ ਠਾਕਰੇ ਅਤੇ ਮਹੂਆ ਮੋਇਤਰਾ ਪਹੁੰਚੇ ਜੰਤਰ ਮੰਤਰ

ਮੰਗਲਵਾਰ ਰਾਤ ਕਈ ਨੇਤਾ ਵੀ ਵਿਦਿਆਰਥੀਆਂ ਦੇ ਅੰਦੋਲਨ ਨੂੰ ਸਮਰਥਨ ਦੇਣ ਜੰਤਰ ਮੰਤਰ ਪਹੁੰਚੇ। ਕਾਕਰੋਚ ਜਨਤਾ ਪਾਰਟੀ ਨੇ ਆਪਣੇ ਐਕਸ ਹੈਂਡਲ 'ਕਾਕਰੋਚ ਇਜ਼ ਬੈਕ' ਤੋਂ ਪੋਸਟ ਕਰਦਿਆਂ ਇਸ ਲਈ ਦੋਹਾਂ ਦਾ ਸ਼ੁਕਰੀਆ ਅਦਾ ਕੀਤਾ।
ਮਹੂਆ ਮੋਇਤਰਾ ਨੇ ਜੰਤਰ ਮੰਤਰ 'ਤੇ ਵਿਦਿਆਰਥੀਆਂ ਦੇ ਨਾਲ ਇੱਕ ਸੈਲਫੀ ਵੀਡੀਓ ਪੋਸਟ ਕਰਦਿਆਂ ਕਿਹਾ, "ਮੋਦੀ ਅਤੇ ਸ਼ਾਹ ਨੂੰ ਇਹ ਪਤਾ ਹੀ ਨਹੀਂ ਕਿ ਜੋ ਲੋਕ ਉਨ੍ਹਾਂ ਤੋਂ ਡਰਦੇ ਨਹੀਂ ਉਨ੍ਹਾਂ ਨਾਲ ਕਿਵੇਂ ਪੇਸ਼ ਆਈਏ। ਇਹ ਉਨ੍ਹਾਂ ਲਈ ਆਊਟ ਆਫ ਸਿਲੇਬਸ ਹੈ।"
ਉਧਰ, ਸੈਂਟਰਲ ਦਿੱਲੀ ਦੇ ਕਈ ਇਲਾਕਿਆਂ ਵਿੱਚ ਪੁਲਿਸ ਨੇ ਸੁਰੱਖਿਆ ਦੇ ਮੱਦੇਨਜ਼ਰ ਭਾਰੀ ਬੈਰੀਕੇਡਿੰਗ ਕੀਤੀ ਹੈ। ਪਾਰਲੀਮੈਂਟ ਹਾਊਸ ਅਤੇ ਇਸ ਦੇ ਆਲੇ ਦੁਆਲੇ ਦੇ ਇਲਾਕਿਆਂ ਵਿੱਚ ਬੱਧਵਾਰ ਨੂੰ ਵੀ ਪ੍ਰਦਰਸ਼ਨ ਦੇ ਖ਼ਦਸ਼ੇ ਦੇ ਮੱਦੇਨਜ਼ਰ ਸਖਤ ਸੁਰੱਖਿਆ ਪ੍ਰਬੰਧ ਕੀਤੇ ਗਏ ਹਨ।
ਉਧਰ, ਕੇਰਲ ਅਤੇ ਅਸਾਮ ਵਿੱਚ ਕਾਂਗਰਸ ਪਾਰਟੀ ਦੇ ਵਰਕਰਾਂ ਨੇ ਦਿੱਲੀ ਵਿਚ ਵਿਦਿਆਰਥੀਆਂ 'ਤੇ ਹੋਏ ਲਾਠੀਚਾਰਜ ਅਤੇ ਉਸ ਤੋਂ ਬਾਅਦ ਕਾਂਗਰਸ ਨੇਤਾ ਰਾਹੁਲ ਗਾਂਧੀ ਅਤੇ ਪ੍ਰਿਅੰਕਾ ਗਾਂਧੀ ਨੂੰ ਹਿਰਾਸਤ ਵਿੱਚ ਲਏ ਜਾਣ ਖ਼ਿਲਾਫ਼ ਵਿਰੋਧ ਪ੍ਰਦਰਸ਼ਨ ਕੀਤਾ।
ਅਲੀਗੜ੍ਹ ਵਿੱਚ ਸਮਾਜਵਾਦੀ ਪਾਰਟੀ ਦੇ ਕਾਰਜਕਰਤਾਵਾਂ ਨੇ ਅਖਿਲੇਸ਼ ਯਾਦਵ ਨੂੰ ਹਿਰਾਸਤ ਵਿੱਚ ਲਏ ਜਾਣ ਖਿਲਾਫ ਪ੍ਰਦਰਸ਼ਨ ਕੀਤਾ।
ਬੀਬੀਸੀ ਲਈ ਕਲੈਕਟਿਵ ਨਿਊਜ਼ਰੂਮ ਵੱਲੋਂ ਪ੍ਰਕਾਸ਼ਿਤ



















