You’re viewing a text-only version of this website that uses less data. View the main version of the website including all images and videos.
'ਅੰਤਰਰਾਸ਼ਟਰੀ ਜਨਤਕ ਸਿਹਤ ਐਮਰਜੈਂਸੀ' ਐਲਾਨਿਆ ਗਿਆ ਈਬੋਲਾ ਕੀ ਹੈ ਤੇ ਇਸਦੇ ਤਾਜ਼ਾ ਪ੍ਰਕੋਪ ਨੂੰ ਰੋਕਣਾ ਮੁਸ਼ਕਿਲ ਕਿਉਂ ਹੈ?
- ਲੇਖਕ, ਜੇਮਜ਼ ਗੈਲਾਘਰ
- ਰੋਲ, ਸਿਹਤ ਅਤੇ ਵਿਗਿਆਨ ਪੱਤਰਕਾਰ
- ਲੇਖਕ, ਐਮਰੀ ਮਾਕੁਮੇਨੋ
- ਰੋਲ, ਬੀਬੀਸੀ ਅਫ਼ਰੀਕਾ, ਕਿਨਸ਼ਾਸਾ
- ਲੇਖਕ, ਹਫ਼ਸਾ ਖਲੀਲ ਅਤੇ ਫਾਰੂਕ ਚੋਥੀਆ
- ਪ੍ਰਕਾਸ਼ਿਤ
- ਪੜ੍ਹਨ ਦਾ ਸਮਾਂ: 9 ਮਿੰਟ
ਵਿਸ਼ਵ ਸਿਹਤ ਸੰਗਠਨ (ਡਬਲਯੂਐਚਓ) ਨੇ ਡੈਮੋਕ੍ਰੈਟਿਕ ਰਿਪਬਲਿਕ ਆਫ਼ ਕਾਂਗੋ ਵਿੱਚ ਈਬੋਲਾ ਦੇ ਪ੍ਰਕੋਪ ਨੂੰ 'ਅੰਤਰਰਾਸ਼ਟਰੀ ਚਿੰਤਾ ਵਾਲੀ ਜਨਤਕ ਸਿਹਤ ਐਮਰਜੈਂਸੀ' ਐਲਾਨ ਦਿੱਤਾ ਹੈ।
ਇਹ ਤਾਜ਼ਾ ਪ੍ਰਕੋਪ ਇਸ ਲਈ ਚੁਣੌਤੀਪੂਰਨ ਹੈ ਕਿਉਂਕਿ ਇਸ ਵਿੱਚ ਈਬੋਲਾ ਦੀ ਇੱਕ ਦੁਰਲੱਭ ਪ੍ਰਜਾਤੀ ਸ਼ਾਮਲ ਹੈ, ਜਿਸ ਲਈ ਅਜੇ ਤੱਕ ਕੋਈ ਟੀਕਾ (ਵੈਕਸੀਨ) ਉਪਲੱਬਧ ਨਹੀਂ ਹੈ। ਨਾਲ ਹੀ, ਇਸ ਪ੍ਰਕੋਪ ਦਾ ਕੇਂਦਰ (ਐਪਿਕ ਸੈਂਟਰ) ਇੱਕ ਸੰਘਰਸ਼ ਪ੍ਰਭਾਵਿਤ ਇਲਾਕੇ ਵਿੱਚ ਹੈ।
ਡਬਲਯੂਐਚਓ ਨੇ ਬੀਬੀਸੀ ਨੂੰ ਦੱਸਿਆ ਹੈ ਕਿ ਇਹ ਪ੍ਰਕੋਪ ਸ਼ਾਇਦ ਸਾਡੀ ਸ਼ੁਰੂਆਤੀ ਸੋਚ ਨਾਲੋਂ ਵੀ ਵੱਧ ਤੇਜ਼ੀ ਨਾਲ ਫੈਲ ਰਿਹਾ ਹੈ।
ਈਬੋਲਾ ਕੀ ਹੈ ਅਤੇ ਇਸਦੇ ਲੱਛਣ ਕੀ ਹਨ?
ਈਬੋਲਾ ਇੱਕ ਦੁਰਲੱਭ ਪਰ ਜਾਨਲੇਵਾ ਬਿਮਾਰੀ ਹੈ ਜੋ ਇੱਕ ਵਾਇਰਸ ਕਾਰਨ ਹੁੰਦੀ ਹੈ।
ਈਬੋਲਾ ਵਾਇਰਸ ਦੀ ਲਾਗ ਆਮ ਤੌਰ 'ਤੇ ਜਾਨਵਰਾਂ ਨੂੰ ਲੱਗਦੀ ਹੈ - ਖ਼ਾਸ ਤੌਰ 'ਤੇ ਚਮਗਿੱਦੜਾਂ ਨੂੰ। ਪਰ ਮਨੁੱਖਾਂ ਵਿੱਚ ਇਸਦਾ ਪ੍ਰਕੋਪ ਉਦੋਂ ਸ਼ੁਰੂ ਹੋ ਸਕਦਾ ਹੈ ਜਦੋਂ ਲੋਕ ਲਾਗ ਵਾਲੇ ਜਾਨਵਰਾਂ ਨੂੰ ਖਾਂਦੇ ਹਨ ਜਾਂ ਉਨ੍ਹਾਂ ਦੇ ਸੰਪਰਕ ਵਿੱਚ ਆਉਂਦੇ ਹਨ।
ਇਸਦੇ ਲੱਛਣ ਨਜ਼ਰ ਆਉਣ ਵਿੱਚ 2 ਤੋਂ 21 ਦਿਨ ਲੱਗ ਸਕਦੇ ਹਨ। ਇਹ ਲੱਛਣ ਅਚਾਨਕ ਸਾਹਮਣੇ ਆਉਂਦੇ ਹਨ ਅਤੇ ਸ਼ੁਰੂ ਵਿੱਚ ਫਲੂ ਜਾਂ ਮਲੇਰੀਆ ਵਰਗੇ ਲੱਗਦੇ ਹਨ - ਜਿਵੇਂ ਕਿ ਬੁਖ਼ਾਰ, ਸਿਰਦਰਦ ਅਤੇ ਥਕਾਵਟ।
ਜਿਵੇਂ-ਜਿਵੇਂ ਬਿਮਾਰੀ ਵਧਦੀ ਹੈ, ਮਰੀਜ਼ ਨੂੰ ਉਲਟੀਆਂ ਅਤੇ ਦਸਤ ਹੋਣ ਲੱਗਦੇ ਹਨ ਅਤੇ ਹਾਲਤ ਇਹ ਹੋ ਸਕਦੀ ਹੈ ਕਿ ਅੰਗ ਕੰਮ ਕਰਨਾ ਬੰਦ ਕਰ ਸਕਦੇ ਹਨ, ਜਿਸਨੂੰ ਓਰਗਨ ਫੇਲੀਅਰ ਕਹਿੰਦੇ ਹਨ। ਹਾਲਾਂਕਿ ਸਾਰਿਆਂ ਵਿੱਚ ਨਹੀਂ ਪਰ ਕੁਝ ਮਰੀਜ਼ਾਂ ਵਿੱਚ ਸਰੀਰ ਦੇ ਅੰਦਰ ਅਤੇ ਬਾਹਰ ਖੂਨ ਵਗਣ ਦੀ ਵੀ ਸਮੱਸਿਆ ਹੋ ਸਕਦੀ ਹੈ।
ਇਹ ਵਾਇਰਸ ਇੱਕ ਵਿਅਕਤੀ ਤੋਂ ਦੂਜੇ ਵਿਅਕਤੀ ਵਿੱਚ ਲਾਗ ਵਾਲੇ ਸਰੀਰਕ ਤਰਲ ਪਦਾਰਥਾਂ, ਜਿਵੇਂ ਕਿ ਖੂਨ ਜਾਂ ਉਲਟੀ ਦੇ ਸੰਪਰਕ ਵਿੱਚ ਆਉਣ ਨਾਲ ਫੈਲਦਾ ਹੈ।
ਪਹਿਲਾਂ ਈਬੋਲਾ ਦੇ ਪ੍ਰਕੋਪ ਛੋਟੇ ਹੁੰਦੇ ਸਨ ਅਤੇ ਦੂਰ-ਦੁਰਾਡੇ ਵਾਲੇ ਪੇਂਡੂ ਇਲਾਕਿਆਂ ਤੱਕ ਹੀ ਸੀਮਿਤ ਰਹਿੰਦੇ ਸਨ। ਪਰ ਸ਼ਹਿਰੀਕਰਨ ਕਾਰਨ ਵੱਡੀ ਆਬਾਦੀ ਈਬੋਲਾ ਦੇ ਇਨ੍ਹਾਂ ਕੁਦਰਤੀ ਭੰਡਾਰਾਂ ਦੇ ਹੋਰ ਨੇੜੇ ਪਹੁੰਚ ਰਹੀ ਹੈ, ਜਿਸ ਨਾਲ ਇਸਦੇ ਫੈਲਣ ਦਾ ਖ਼ਤਰਾ ਵਧ ਗਿਆ ਹੈ।
ਈਬੋਲਾ ਦਾ ਇਹ ਪ੍ਰਕੋਪ ਵੱਖਰਾ ਕਿਉਂ ਹੈ?
ਇਹ ਪ੍ਰਕੋਪ ਈਬੋਲਾ ਦੀ ਇੱਕ ਦੁਰਲੱਭ ਪ੍ਰਜਾਤੀ 'ਬੁੰਦੀਬੁਗਿਓ' ਕਾਰਨ ਫੈਲਿਆ ਹੈ, ਜਿਸਨੂੰ ਇੱਕ ਦਹਾਕੇ ਤੋਂ ਵੀ ਵੱਧ ਸਮੇਂ ਤੋਂ ਨਹੀਂ ਦੇਖਿਆ ਗਿਆ ਸੀ।
ਯੂਗਾਂਡਾ ਦੇ ਜਿਸ ਜ਼ਿਲ੍ਹੇ ਵਿੱਚ ਇਸਨੂੰ ਸਭ ਤੋਂ ਪਹਿਲਾਂ ਪਛਾਣਿਆ ਗਿਆ ਸੀ, ਉਸੇ ਦੇ ਨਾਮ 'ਤੇ ਇਸਦਾ ਨਾਮ 'ਬੁੰਦੀਬੁਗਿਓ' ਰੱਖਿਆ ਗਿਆ ਹੈ। ਇਸ ਪ੍ਰਜਾਤੀ ਕਾਰਨ ਪਹਿਲਾਂ ਸਿਰਫ਼ ਦੋ ਵਾਰ ਹੀ ਪ੍ਰਕੋਪ ਫੈਲਿਆ ਸੀ - ਸਾਲ 2007 ਅਤੇ 2012 ਵਿੱਚ।
ਇੱਕ ਅਧਿਐਨ ਤੋਂ ਪਤਾ ਲੱਗਿਆ ਹੈ ਕਿ ਇਸ ਕਿਸਮ ਵਾਲੇ ਵਾਇਰਸ ਨੇ ਲਾਗ ਵਾਲੇ ਲੋਕਾਂ ਵਿੱਚੋਂ ਲਗਭਗ ਇੱਕ-ਤਿਹਾਈ ਲੋਕਾਂ ਦੀ ਜਾਨ ਲਈ ਸੀ। ਇਹ ਮੌਤ ਦਰ ਈਬੋਲਾ ਦੀਆਂ ਵਧੇਰੇ ਆਮ ਪ੍ਰਜਾਤੀਆਂ, ਜਿਵੇਂ 'ਜ਼ਾਇਰ' (66.6%) ਅਤੇ 'ਸੂਡਾਨ' (48.5%) ਦੀ ਤੁਲਨਾ ਵਿੱਚ ਕਾਫ਼ੀ ਘੱਟ ਹੈ।
ਪ੍ਰਭਾਵਿਤ ਇਲਾਕਿਆਂ ਵਿੱਚ ਈਬੋਲਾ ਲਈ ਕੀਤੇ ਗਏ ਸ਼ੁਰੂਆਤੀ ਖੂਨ ਦੇ ਟੈਸਟਾਂ ਦੇ ਨਤੀਜੇ 'ਨੇਗੇਟਿਵ' ਆਏ ਸਨ, ਕਿਉਂਕਿ ਉਹ ਟੈਸਟ ਈਬੋਲਾ ਦੀਆਂ ਵਧੇਰੇ ਆਮ ਪ੍ਰਜਾਤੀਆਂ ਦੀ ਪਛਾਣ ਕਰਨ ਦੇ ਹਿਸਾਬ ਨਾਲ ਹੀ ਤਿਆਰ ਕੀਤੇ ਗਏ ਸਨ।
'ਬੁੰਦੀਬੁਗਿਓ' ਲਈ ਅਜੇ ਤੱਕ ਕੋਈ ਵੀ ਟੀਕਾ (ਵੈਕਸੀਨ) ਉਪਲੱਬਧ ਨਹੀਂ ਹੈ, ਪਰ ਇਸਦੇ ਲਈ ਐਕਸਪੈਰੀਮੈਂਟ ਵਾਲੇ ਟੀਕਿਆਂ 'ਤੇ ਅਜੇ ਕੰਮ ਹੋ ਰਿਹਾ ਹੈ। ਹੋ ਸਕਦਾ ਹੈ ਕਿ ਜ਼ਾਇਰ ਪ੍ਰਜਾਤੀ ਲਈ ਬਣੀ ਵੈਕਸੀਨ ਕੁਝ ਸੁਰੱਖਿਆ ਦੇ ਸਕੇ।
ਇਸਤੋਂ ਇਲਾਵਾ, ਬੁੰਦੀਬੁਗਿਓ ਨੂੰ ਟਾਰਗੇਟ ਕਰਨ ਵਾਲੀ ਕੋਈ ਦਵਾਈ ਵੀ ਮੌਜੂਦ ਨਹੀਂ ਹੈ, ਜਿਸ ਕਾਰਨ ਇਸਦਾ ਇਲਾਜ ਕਰਨਾ ਹੋਰ ਵੀ ਮੁਸ਼ਕਿਲ ਹੋ ਜਾਂਦਾ ਹੈ।
ਇੱਕ ਹੋਰ ਮੁਸ਼ਕਲ ਇਹ ਹੈ ਕਿ ਇਹ ਆਉਟਬ੍ਰੇਕ ਇੱਕ ਅਜਿਹੇ ਇਲਾਕੇ ਵਿੱਚ ਹੋ ਰਿਹਾ ਹੈ, ਜਿੱਥੇ ਜੀਵਨ ਪਹਿਲਾਂ ਹੀ ਸੰਘਰਸ਼ ਵਿੱਚ ਉਲਝਿਆ ਹੋਇਆ ਹੈ। ਇੱਥੇ ਢਾਈ ਲੱਖ ਲੋਕ ਆਪਣੇ ਘਰਾਂ ਤੋਂ ਬੇਘਰ ਹੋ ਚੁੱਕੇ ਹਨ ਅਤੇ ਲੋਕ ਸਰਹੱਦਾਂ (ਜਿੱਥੇ ਸੁਰੱਖਿਆ ਘੱਟ ਹੁੰਦੀ ਹੈ) ਰਾਹੀਂ ਗੁਆਂਢੀ ਦੇਸ਼ਾਂ ਵਿੱਚ ਜਾ ਰਹੇ ਹਨ।
ਮੈਡੀਕਲ ਚੈਰਿਟੀ 'ਡਾਕਟਰਜ਼ ਵਿਦਆਉਟ ਬੋਰਡਰਜ਼' ਦੇ ਟ੍ਰਿਸ਼ ਨਿਊਪੋਰਟ, ਇਸ ਆਉਟਬ੍ਰੇਕ ਨਾਲ ਨਜਿੱਠਣ ਦੀਆਂ ਕੋਸ਼ਿਸ਼ਾਂ ਵਿੱਚ ਹਿੱਸਾ ਲੈ ਰਹੇ ਹਨ।
ਉਨ੍ਹਾਂ ਨੇ ਬੀਬੀਸੀ ਵਰਲਡ ਸਰਵਿਸ ਨੂੰ ਦੱਸਿਆ ਕਿ ਇਲਾਕਾ ਲਗਾਤਾਰ ਵੱਖ-ਵੱਖ ਹਥਿਆਰਬੰਦ ਸਮੂਹਾਂ ਦੇ ਕੰਟਰੋਲ ਵਿੱਚ ਆਉਂਦਾ-ਜਾਂਦਾ ਰਹਿੰਦਾ ਹੈ, ਜਿਸ ਕਾਰਨ ਐਮਰਜੈਂਸੀ ਰਿਸਪਾਂਸ ਟੀਮਾਂ ਲਈ ਈਬੋਲਾ ਦੇ ਹਾਟ-ਸਪਾਟ ਤੱਕ ਪਹੁੰਚਣਾ ਮੁਸ਼ਕਿਲ ਹੋ ਜਾਂਦਾ ਹੈ।
ਉਨ੍ਹਾਂ ਦੱਸਿਆ ਕਿ ਇੱਕ ਹੋਰ ਸਮੱਸਿਆ ਖਰਾਬ ਸੜਕਾਂ ਸਨ। ਬੁਨੀਆ ਸ਼ਹਿਰ ਤੋਂ ਮੋਂਗਵਾਲੂ ਤੱਕ 90 ਕਿਲੋਮੀਟਰ ਦਾ ਸਫ਼ਰ ਤੈਅ ਕਰਨ ਵਿੱਚ ਤਿੰਨ ਘੰਟਿਆਂ ਤੋਂ ਵੱਧ ਸਮਾਂ ਲੱਗਦਾ ਹੈ। ਮੋਂਗਵਾਲੂ ਉਹਨਾਂ ਦੋ ਸੋਨੇ ਦੀਆਂ ਖਾਣਾਂ ਵਾਲੇ ਕਸਬਿਆਂ ਵਿੱਚੋਂ ਇੱਕ ਹੈ, ਜਿੱਥੇ ਸਭ ਤੋਂ ਵੱਧ ਮਾਮਲੇ ਸਾਹਮਣੇ ਆਏ ਹਨ।
ਨਿਊਪੋਰਟ ਨੇ ਅੱਗੇ ਕਿਹਾ ਕਿ ਮੋਂਗਵਾਲੂ ਦੇ ਵਸਨੀਕਾਂ ਲਈ ਈਬੋਲਾ ਦਾ ਇਹ ਆਉਟਬ੍ਰੇਕ "ਬਹੁਤ ਹੀ ਡਰਾਉਣਾ ਪਲ" ਸੀ।
ਉਨ੍ਹਾਂ ਦੱਸਿਆ ਕਿ ਕੁਝ ਪਰਿਵਾਰਾਂ ਵਿੱਚ ਤਾਂ 15 ਲੋਕਾਂ ਦੀ ਮੌਤ ਹੋ ਗਈ ਸੀ ਅਤੇ ਕੁਝ ਲੋਕ ਤਾਂ ਕਸਬਾ ਛੱਡ ਕੇ ਭੱਜ ਗਏ ਸਨ।
ਹਾਲਾਂਕਿ, ਡਬਲਯੂਐਚਓ ਵੱਲੋਂ 'ਅੰਤਰਰਾਸ਼ਟਰੀ ਚਿੰਤਾ ਵਾਲੀ ਜਨਤਕ ਸਿਹਤ ਐਮਰਜੈਂਸੀ' ਐਲਾਨਣ ਦਾ ਮਤਲਬ ਇਹ ਨਹੀਂ ਹੈ ਕਿ ਅਸੀਂ ਕੋਵਿਡ ਵਰਗੀ ਕਿਸੇ ਮਹਾਮਾਰੀ ਦੇ ਸ਼ੁਰੂਆਤੀ ਦੌਰ ਵਿੱਚ ਹਾਂ। ਮੱਧ ਅਤੇ ਪੂਰਬੀ ਅਫਰੀਕਾ ਤੋਂ ਬਾਹਰ ਈਬੋਲਾ ਨਾਲ ਹੋਣ ਵਾਲਾ ਖਤਰਾ ਬਹੁਤ ਹੀ ਘੱਟ ਹੈ।
ਈਬੋਲਾ ਦਾ ਮੌਜੂਦਾ ਆਉਟਬ੍ਰੇਕ ਕਿਵੇਂ ਸ਼ੁਰੂ ਹੋਇਆ?
ਪਹਿਲਾ ਪਛਾਣਿਆ ਗਿਆ ਮਾਮਲਾ ਇੱਕ ਨਰਸ ਦਾ ਸੀ, ਜਿਨ੍ਹਾਂ ਵਿੱਚ 24 ਅਪ੍ਰੈਲ ਨੂੰ ਲੱਛਣ ਦਿਖਾਈ ਦਿੱਤੇ ਸਨ। ਇਸਦਾ ਮਤਲਬ ਹੈ ਕਿ ਇਹ ਵਾਇਰਸ ਹਫ਼ਤਿਆਂ ਤੋਂ ਬਿਨਾਂ ਕਿਸੇ ਦੀ ਨਜ਼ਰ ਵਿੱਚ ਆਏ ਫੈਲ ਰਿਹਾ ਸੀ।
ਕਾਂਗੋ ਦੇ ਸਿਹਤ ਮੰਤਰੀ ਸੈਮੁਅਲ ਰੋਜਰ ਕਾਂਬਾ ਦੇ ਅਨੁਸਾਰ, ਉਸ ਨਰਸ ਦੀ ਮੌਤ ਪੂਰਬੀ ਡੀਆਰ ਕਾਂਗੋ ਦੇ ਇਟੂਰੀ ਪ੍ਰਾਂਤ ਦੀ ਰਾਜਧਾਨੀ ਬੁਨੀਆ ਵਿੱਚ ਹੋਈ ਸੀ।
ਨਰਸ ਦੀ ਲਾਸ਼ ਮੋਂਗਵਾਲੂ ਵਾਪਸ ਲਿਆਂਦੀ ਗਈ ਸੀ।
ਕਾਂਬਾ ਨੇ ਦੱਸਿਆ ਕਿ ਵਾਇਰਸ ਇੰਨੀ ਤੇਜ਼ੀ ਨਾਲ ਫੈਲਣ ਦੀ ਇੱਕ ਵਜ੍ਹਾ ਇਹ ਵੀ ਸੀ ਕਿ ਅੰਤਿਮ ਸੰਸਕਾਰ ਦੌਰਾਨ ਕਈ ਲੋਕ ਲਾਸ਼ ਦੇ ਸੰਪਰਕ ਵਿੱਚ ਆਏ ਸਨ।
'ਅਫਰੀਕਾ ਸੈਂਟਰਜ਼ ਫ਼ਾਰ ਡਿਜ਼ੀਜ਼ ਕੰਟਰੋਲ ਐਂਡ ਪ੍ਰਿਵੈਂਸ਼ਨ' ਨੇ ਬੀਬੀਸੀ ਵਰਲਡ ਸਰਵਿਸ ਨੂੰ ਦੱਸਿਆ ਕਿ ਅੰਤਿਮ ਸੰਸਕਾਰ ਚਿੰਤਾ ਦਾ ਖ਼ਾਸ ਵਿਸ਼ਾ ਸਨ, ਕਿਉਂਕਿ ਪਿਛਲੇ ਆਉਟਬ੍ਰੇਕ ਦੌਰਾਨ ਵੀ ਇਨ੍ਹਾਂ ਰਾਹੀਂ ਹੀ ਇਹ ਬਿਮਾਰੀ ਫੈਲੀ ਸੀ।
ਇਸਦੇ ਡਾਇਰੈਕਟਰ ਡਾਕਟਰ ਜੀਨ ਕਾਸੇਆ ਨੇ ਦੱਸਿਆ ਕਿ ਜਨਤਕ ਸਿਹਤ ਨਾਲ ਜੁੜੀ ਜਾਣਕਾਰੀ ਦੇਣ ਵਾਲੀਆਂ ਮੁਹਿੰਮਾਂ "ਇਸ ਬਾਰੇ ਜਾਣਕਾਰੀ ਦੇ ਰਹੀਆਂ ਹਨ ਕਿ ਅੰਤਿਮ ਸੰਸਕਾਰ ਕਿਵੇਂ ਕੀਤੇ ਜਾਣ", ਨਾਲ ਹੀ ਉਹ ਬੁਨਿਆਦੀ ਸਫ਼ਾਈ ਅਤੇ ਸਵੱਛਤਾ ਈ ਅਹਿਮੀਅਤ ਬਾਰੇ ਵੀ ਦੱਸ ਰਹੀਆਂ ਹਨ, ਅਤੇ ਸਿਹਤਕਰਮੀਆਂ ਲਈ ਸੁਰੱਖਿਆ ਦੇ ਉਪਾਅ ਵੀ ਸੁਝਾਅ ਰਹੀਆਂ ਹਨ।
ਕਾਂਬਾ ਨੇ ਕਿਹਾ ਕਿ ਈਬੋਲਾ ਦੇ ਮਾਮਲਿਆਂ ਦੀ ਰਿਪੋਰਟਿੰਗ ਵਿੱਚ ਦੇਰੀ ਹੋਈ ਹੈ, ਕਿਉਂਕਿ ਸੰਕਰਮਿਤ ਭਾਈਚਾਰਿਆਂ ਦਾ ਮੰਨਣਾ ਹੈ ਕਿ ਇਹ ਬਿਮਾਰੀ "ਜਾਦੂ-ਟੋਣਾ" ਜਾਂ "ਰਹੱਸਮਈ ਬਿਮਾਰੀ" ਹੈ, ਜਿਸ ਕਾਰਨ ਲੋਕ ਹਸਪਤਾਲਾਂ ਦੀ ਬਜਾਏ ਪ੍ਰਾਰਥਨਾ ਕੇਂਦਰਾਂ ਅਤੇ ਝਾੜ-ਫੂੰਕ ਵਾਲਿਆਂ ਤੋਂ ਇਲਾਜ ਕਰਵਾਉਂਦੇ ਹਨ।
ਡਬਲਯੂਐਚਓ ਦੇ ਮੁਖੀ ਟੇਡਰੋਸ ਅਧਾਨੋਮ ਘੇਬਰੇਅਸਸ ਨੇ ਕਿਹਾ ਕਿ ਉਹ "ਮਹਾਂਮਾਰੀ ਦੇ ਪੈਮਾਨੇ ਅਤੇ ਗਤੀ ਨੂੰ ਲੈ ਕੇ ਬਹੁਤ ਚਿੰਤਿਤ ਹਨ"।
ਅਧਿਕਾਰੀਆਂ ਨੇ ਦੱਸਿਆ ਕਿ 20 ਮਈ ਤੱਕ, ਡੀਆਰ ਕਾਂਗੋ ਵਿੱਚ 600 ਮਾਮਲਿਆਂ ਦਾ ਖਦਸ਼ਾ ਹੈ। ਮੰਨਿਆ ਜਾ ਰਿਹਾ ਹੈ ਕਿ ਇੱਥੇ ਘੱਟੋ-ਘੱਟ 139 ਲੋਕਾਂ ਦੀ ਇਸ ਵਾਇਰਸ ਨਾਲ ਮੌਤ ਹੋ ਚੁੱਕੀ ਹੈ। ਡੀਆਰ ਕਾਂਗੋ ਤੋਂ ਯਾਤਰਾ ਕਰਨ ਤੋਂ ਬਾਅਦ, ਗੁਆਂਢੀ ਦੇਸ਼ ਯੂਗਾਂਡਾ ਦੀ ਰਾਜਧਾਨੀ ਕੰਪਾਲਾ ਵਿੱਚ ਇੱਕ ਹੋਰ ਵਿਅਕਤੀ ਦੀ ਮੌਤ ਹੋ ਗਈ।
ਪਰ 18 ਮਈ ਨੂੰ ਜਾਰੀ ਹੋਈ ਲੰਦਨ ਸਥਿਤ ਐਮਆਰਸੀ ਸੈਂਟਰ ਫ਼ਾਰ ਗਲੋਬਲ ਇਨਫੈਕਸ਼ਿਅਸ ਡਿਜ਼ੀਜ਼ ਐਨਾਲਿਸਿਸ ਦੀ ਮਾਡਲਿੰਗ ਤੋਂ ਪਤਾ ਲੱਗਿਆ ਕਿ ਮਾਮਲਿਆਂ ਦਾ ਪਤਾ ਲਗਾਉਣ ਵਿੱਚ "ਕਾਫ਼ੀ" ਕਮੀ ਰਹੀ ਹੈ, ਅਤੇ ਐਕਟਿਵ ਮਾਮਲਿਆਂ ਦੀ ਗਿਣਤੀ 1,000 ਤੋਂ ਵੱਧ ਹੋ ਸਕਦੀ ਹੈ।
ਡੀਆਰ ਕਾਂਗੋ ਵਿੱਚ ਪੁਸ਼ਟੀ ਕੀਤੇ ਗਏ 51 ਮਾਮਲੇ ਇਸਦੇ ਪੂਰਬੀ ਇਟੂਰੀ ਸੂਬੇ, ਜੋ ਇਸ ਪ੍ਰਕੋਪ ਦਾ ਕੇਂਦਰ ਹੈ ਅਤੇ ਉੱਤਰੀ ਕੀਵੂ ਸੂਬੇ ਵਿੱਚ ਹਨ।
ਅਮਰੀਕੀ ਡਾਕਟਰ ਪੀਟਰ ਸਟੈਫ਼ੋਰਡ, ਜੋ 2023 ਤੋਂ ਬੁਨੀਆ ਦੇ ਨਿਆਂਕੁੰਡੇ ਹਸਪਤਾਲ ਵਿੱਚ ਕੰਮ ਕਰ ਰਹੇ ਹਨ, ਉੱਥੇ ਮਰੀਜ਼ਾਂ ਦਾ ਇਲਾਜ ਕਰਨ ਤੋਂ ਬਾਅਦ ਪੌਜ਼ਿਟਿਵ ਪਾਏ ਗਏ।
ਯੂਐਸ ਸੈਂਟਰ ਫ਼ਾਰ ਡਿਜ਼ੀਜ਼ ਕੰਟਰੋਲ ਐਂਡ ਪ੍ਰਿਵੈਂਸ਼ਨ (ਸੀਡੀਸੀ) ਨੇ ਦੱਸਿਆ ਕਿ ਉਨ੍ਹਾਂ ਨੂੰ ਇਲਾਜ ਲਈ ਜਰਮਨੀ ਲਿਜਾਇਆ ਗਿਆ ਹੈ ਅਤੇ ਉਹ ਘੱਟੋ-ਘੱਟ ਛੇ ਹੋਰ ਅਮਰੀਕੀਆਂ ਨੂੰ ਵੀ ਉੱਥੋਂ ਕੱਢਣ ਦਾ ਕੰਮ ਕਰ ਰਹੇ ਹਨ, ਜੋ ਇਸ ਬਿਮਾਰੀ ਦੇ ਸੰਪਰਕ ਵਿੱਚ ਆਏ ਸਨ।
21 ਮਈ ਨੂੰ,ਏਐਫਸੀ-ਐਮ23 ਵੱਲੋਂ ਦੱਖਣੀ ਕੀਵੂ ਵਿੱਚ ਇੱਕ ਮਾਮਲਾ ਰਿਪੋਰਟ ਕੀਤਾ ਗਿਆ। ਏਐਫਸੀ-ਐਮ23 ਇੱਕ ਬਾਗੀ ਗਠਜੋੜ ਹੈ, ਜੋ ਉਸ ਖੇਤਰ ਨੂੰ ਨਿਯੰਤਰਿਤ ਕਰਦਾ ਹੈ। ਇਸ ਮਾਮਲੇ ਤੋਂ ਸੰਕੇਤ ਮਿਲਿਆ ਕਿ ਇਹ ਪ੍ਰਕੋਪ ਆਪਣੇ ਕੇਂਦਰ ਤੋਂ ਸੈਂਕੜਿਆਂ ਕਿਲੋਮੀਟਰ ਦੂਰ ਤੱਕ ਫੈਲ ਗਿਆ ਹੈ।
ਪੂਰਬੀ ਡੀਆਰ ਕਾਂਗੋ ਦੇ ਸਭ ਤੋਂ ਵੱਡੇ ਸ਼ਹਿਰ ਗੋਮਾ ਵਿੱਚ ਵੀ ਇੱਕ ਮਾਮਲਾ ਸਾਹਮਣੇ ਆਇਆ ਹੈ। ਇਸਦੀ ਆਬਾਦੀ ਲਗਭਗ 8 ਲੱਖ 50 ਹਾਜ਼ਰ ਹੈ ਅਤੇ ਇਹ ਵੀ ਏਐਫਸੀ-ਐਮ23 ਦੇ ਨਿਯੰਤਰਣ ਹੇਠ ਹੈ।
ਕਾਂਗੋ ਦੇ 'ਇੰਸਟੀਟਿਊਟ ਨੈਸ਼ਨਲ ਡੀ ਰਿਸਰਚ ਬਾਇਓਮੈਡੀਕਲ' (ਆਈਐਨਆਰਬੀ) ਦੇ ਨਿਰਦੇਸ਼ਕ ਜੀਨ-ਜੈਕਸ ਮੁਯੇਮਬੇ ਨੇ ਖ਼ਬਰ ਏਜੰਸੀ ਏਐਫਪੀ ਨੂੰ ਦੱਸਿਆ ਕਿ ਬੁਨੀਆ ਵਿੱਚ ਆਪਣੇ ਪਤੀ ਦੀ ਈਬੋਲਾ ਨਾਲ ਮੌਤ ਹੋਣ ਤੋਂ ਬਾਅਦ ਉਹ ਮਰੀਜ਼ ਇਸ ਸ਼ਹਿਰ ਵਿੱਚ ਆਈ ਸੀ।
ਯੂਗਾਂਡਾ ਵਿੱਚ ਇੱਕ ਹੋਰ ਵਿਅਕਤੀ ਦਾ ਅਜੇ ਵੀ ਇਲਾਜ ਚੱਲ ਰਿਹਾ ਹੈ। ਉੱਥੇ ਪਛਾਣੇ ਗਏ ਦੋਵੇਂ ਮਾਮਲੇ ਕਾਂਗੋ ਦੇ ਨਾਗਰਿਕ ਹਨ, ਜਿਨ੍ਹਾਂ ਨੇ ਹਾਲ ਹੀ ਵਿੱਚ ਉਸ ਦੇਸ਼ ਦੀ ਯਾਤਰਾ ਕੀਤੀ ਸੀ।
ਡੀਆਰ ਕਾਂਗੋ ਵਿੱਚ ਈਬੋਲਾ ਦੇ ਮੌਜੂਦਾ ਪ੍ਰਕੋਪ ਨਾਲ ਨਿਪਟਣ ਲਈ ਕੀ ਕਦਮ ਚੁੱਕੇ ਜਾ ਰਹੇ ਹਨ?
ਕਾਂਗੋ ਦੀ ਸਰਕਾਰ ਨੇ ਸੁਰੱਖਿਆ ਉਪਕਰਣਾਂ ਨਾਲ ਸਿਹਤ ਟੀਮਾਂ ਨੂੰ ਬੁਨੀਆ ਭੇਜਿਆ ਹੈ।
ਡਬਲਯੂਐਚਓ ਅਤੇ 'ਡਾਕਟਰਜ਼ ਵਿਦਆਉਟ ਬੋਰਡਰਜ਼' ਮਿਲ ਕੇ ਇਲਾਜ ਕੇਂਦਰ ਸਥਾਪਿਤ ਕਰ ਰਹੇ ਹਨ ਅਤੇ ਇੱਕ ਰਿਸਪਾਂਸ ਪਲਾਨ 'ਤੇ ਕੰਮ ਕਰ ਰਹੇ ਹਨ।
ਡਬਲਯੂਐਚਓ ਨੇ ਇਸ ਪ੍ਰਕੋਪ ਨਾਲ ਨਜਿੱਠਣ ਲਈ 3.9 ਮਿਲੀਅਨ ਡਾਲਰ (2.9 ਮਿਲੀਅਨ ਪਾਊਂਡ) ਜਾਰੀ ਕੀਤੇ ਹਨ। ਲੱਛਣਾਂ ਦੀ ਜਾਣਕਾਰੀ ਦੇਣ ਲਈ ਇੱਕ ਟੋਲ-ਫ੍ਰੀ ਨੰਬਰ - 151 - ਦਿੱਤਾ ਗਿਆ ਹੈ।
ਨਿਵਾਸੀਆਂ ਨੂੰ ਇਹ ਉਪਾਅ ਕਰਨ ਦੀ ਅਪੀਲ ਕੀਤੀ ਗਈ ਹੈ:
- ਲੱਛਣ ਨਜ਼ਰ ਆਉਣ 'ਤੇ ਤੁਰੰਤ ਫ਼ੋਨ ਕਰੋ
- ਜਿਨ੍ਹਾਂ ਲੋਕਾਂ ਦੀ ਮੌਤ ਲੱਛਣਾਂ ਨਾਲ ਹੋਈ ਹੈ, ਉਨ੍ਹਾਂ ਦੀਆਂ ਲਾਸ਼ਾਂ ਜਾਂ ਮਰੇ ਹੋਏ ਜਾਨਵਰਾਂ ਦੇ ਸੰਪਰਕ ਵਿੱਚ ਆਉਣ ਤੋਂ ਬਚੋ
- ਕੱਚਾ ਮਾਸ ਨਾ ਖਾਓ, ਕਿਉਂਕਿ ਅੱਧ-ਪੱਕਿਆ ਭੋਜਨ ਵਾਇਰਸ ਫੈਲਾ ਸਕਦਾ ਹੈ
- ਸੋਸ਼ਲ ਡਿਸਟੈਂਸਿੰਗ (ਸਮਾਜਿਕ ਦੂਰੀ) ਦੀ ਪਾਲਣਾ ਕਰੋ
ਬਾਗੀ ਸਮੂਹਾਂ ਨੇ ਈਬੋਲਾ ਦੇ ਹਾਲੀਆ ਪ੍ਰਕੋਪ 'ਤੇ ਕੀ ਪ੍ਰਤੀਕਿਰਿਆ ਦਿੱਤੀ ਹੈ?
ਏਐਫਸੀ-ਐਮ23 ਸਮੂਹ ਦਾ ਕਹਿਣਾ ਹੈ ਕਿ ਉਹ ਆਪਣੇ ਨਿਯੰਤਰਣ ਵਾਲੇ ਖੇਤਰਾਂ ਵਿੱਚ ਬਿਮਾਰੀ ਦੇ ਫੈਲਾਅ ਨੂੰ ਰੋਕਣ ਲਈ ਇੱਕ ਈਬੋਲਾ ਰਿਸਪਾਂਸ ਟੀਮ ਬਣਾ ਰਿਹਾ ਹੈ।
17 ਮਈ ਨੂੰ ਸਮੂਹ ਦੇ ਬੁਲਾਰੇ ਲਾਰੈਂਸ ਕਾਨਯੁਕਾ ਨੇ ਕਿਹਾ ਕਿ ਸਮੂਹ ਨੇ ਸਿਹਤ ਸੇਵਾਵਾਂ ਅਤੇ ਸਥਾਨਕ ਮੈਡੀਕਲ ਸੁਵਿਧਾਵਾਂ ਨਾਲ ਮਿਲ ਕੇ ਰਿਸਪਾਂਸ ਸਿਸਟਮ ਨੂੰ "ਤੁਰੰਤ ਐਕਟਿਵੇਟ" ਕਰ ਦਿੱਤਾ ਹੈ।
ਨਾ ਤਾਂ ਸਰਕਾਰ ਅਤੇ ਨਾ ਹੀ ਬਾਗੀਆਂ ਨੇ ਸਪਸ਼ਟ ਤੌਰ 'ਤੇ ਕਿਹਾ ਹੈ ਕਿ ਕੀ ਉਹ ਇਸ ਪ੍ਰਕੋਪ ਨਾਲ ਨਜਿੱਠਣ ਲਈ ਮਿਲ ਕੇ ਕੰਮ ਕਰਨ ਨੂੰ ਤਿਆਰ ਹਨ।
ਹਾਲਾਂਕਿ, ਗੋਮਾ ਵਿੱਚ ਮਾਮਲੇ ਦੀ ਪੁਸ਼ਟੀ ਇੱਕ ਸਰਕਾਰੀ ਸੰਸਥਾ, ਆਈਐਨਆਰਬੀ ਵੱਲੋਂ ਕੀਤੀ ਗਈ ਸੀ।
ਡੈਨਿਸ਼ ਰਿਫਿਊਜੀ ਕੌਂਸਲ ਦੇ ਕੰਟਰੀ ਡਾਇਰੈਕਟਰ, ਕੈਟਲਿਨ ਬ੍ਰੈਡੀ ਇਸ ਵੇਲੇ ਗੋਮਾ ਵਿੱਚ ਹਨ ਤਾਂ ਜੋ ਉਹ ਆਪਣੇ ਸੰਗਠਨ ਦੀ ਪ੍ਰਤੀਕਿਰਿਆ ਦੀ ਤਿਆਰੀ ਕਰ ਸਕਣ। ਉਨ੍ਹਾਂ ਦਾ ਕਹਿਣਾ ਹੈ ਕਿ ਬਾਗੀਆਂ ਨੇ ਉਨ੍ਹਾਂ ਨੂੰ ਸੂਚਿਤ ਕੀਤਾ ਹੈ ਕਿ ਉਹ ਵਾਇਰਸ ਨੂੰ ਰੋਕਣ ਲਈ ਕਾਂਟੈਕਟ-ਟ੍ਰੇਸਿੰਗ ਅਤੇ ਸਾਰੇ ਉਚਿਤ ਉਪਾਵਾਂ ਦਾ ਇਸਤੇਮਾਲ ਕਰ ਰਹੇ ਹਨ।
ਉਨ੍ਹਾਂ ਨੇ ਬੀਬੀਸੀ ਵਰਲਡ ਸਰਵਿਸ ਦੇ 'ਨਿਊਜ਼ਡੇਅ' ਪ੍ਰੋਗਰਾਮ ਨੂੰ ਦੱਸਿਆ ਕਿ ਬਾਗੀਆਂ ਵੱਲੋਂ ਸ਼ਹਿਰ 'ਤੇ ਕਬਜ਼ਾ ਕਰਨ ਤੋਂ ਬਾਅਦ ਵੀ "ਬਹੁਤ ਸਾਰੇ ਸਿਹਤ ਅਧਿਕਾਰੀ ਅਤੇ ਸਿਹਤਕਰਮੀ ਉੱਥੇ ਹੀ ਰਹੇ ਅਤੇ ਕੰਮ ਕਰਦੇ ਰਹੇ," ਜਿਸਦਾ ਮਤਲਬ ਹੈ ਕਿ "ਪ੍ਰਤੀਕਿਰਿਆ ਦੇਣ ਦੀ ਸਮਰੱਥਾ ਬਣੀ ਹੋਈ ਹੈ।"
ਈਬੋਲਾ ਬਾਰੇ ਰਵਾਂਡਾ ਅਤੇ ਹੋਰ ਗੁਆਂਢੀ ਦੇਸ਼ ਕੀ ਕਰ ਰਹੇ ਹਨ?
ਅਫ਼ਰੀਕਾ ਸੀਡੀਸੀ ਨੇ ਉਹਨਾਂ ਦੇਸ਼ਾਂ ਲਈ ਉੱਚ ਖ਼ਤਰੇ ਦੀ ਚੇਤਾਵਨੀ ਦਿੱਤੀ ਹੈ, ਜਿਨ੍ਹਾਂ ਦੀਆਂ ਸਰਹੱਦਾਂ ਡੀਆਰ ਕਾਂਗੋ ਨਾਲ ਲੱਗਦੀਆਂ ਹਨ, ਖ਼ਾਸ ਤੌਰ 'ਤੇ ਯੂਗਾਂਡਾ, ਰਵਾਂਡਾ ਅਤੇ ਦੱਖਣੀ ਸੂਡਾਨ ਲਈ।
ਕਈ ਅਫਰੀਕੀ ਦੇਸ਼ ਸਰਹੱਦ 'ਤੇ ਹੋਣ ਵਾਲੀ ਜਾਂਚ ਨੂੰ ਸਖ਼ਤ ਕਰ ਰਹੇ ਹਨ ਅਤੇ ਸਿਹਤ ਸੁਵਿਧਾਵਾਂ ਨੂੰ ਮਜ਼ਬੂਤ ਬਣਾ ਰਹੇ ਹਨ।
ਰਵਾਂਡਾ ਨੇ ਡੀਆਰ ਕਾਂਗੋ ਨਾਲ ਆਪਣੀਆਂ ਸਰਹੱਦਾਂ ਬੰਦ ਕਰ ਦਿੱਤੀਆਂ ਹਨ।
ਯੂਗਾਂਡਾ ਨੇ ਲੋਕਾਂ ਨੂੰ ਗਲੇ ਮਿਲਣ ਅਤੇ ਹੱਥ ਮਿਲਾਉਣ ਤੋਂ ਬਚਣ ਲਈ ਕਿਹਾ ਹੈ। ਰਾਸ਼ਟਰਪਤੀ ਯੋਵੇਰੀ ਮੁਸੇਵੇਨੀ ਨੇ ਸ਼ਹੀਦ ਦਿਵਸ ਮੌਕੇ ਧਾਰਮਿਕ ਯਾਤਰਾ ਨੂੰ ਵੀ ਟਾਲ਼ ਦਿੱਤਾ ਹੈ। ਇਹ ਦਿਨ ਇਸਾਈ ਧਰਮ ਨਾਲ ਸਬੰਧਿਤ ਹੈ, ਇਸ ਦਿਨ ਛੁੱਟੀ ਹੁੰਦੀ ਹੈ ਅਤੇ ਇਹ ਹਰ ਸਾਲ 3 ਜੂਨ ਨੂੰ ਮਨਿਆ ਜਾਂਦਾ ਹੈ। ਇਸ ਵਿੱਚ ਆਮ ਤੌਰ 'ਤੇ ਹਜ਼ਾਰਾਂ ਕਾਂਗੋਵਾਸੀ ਉਤਸਵ ਵਿੱਚ ਸ਼ਾਮਲ ਹੋਣ ਲਈ ਆਉਂਦੇ ਹਨ।
ਬੀਬੀਸੀ ਲਈ ਕਲੈਕਟਿਵ ਨਿਊਜ਼ਰੂਮ ਵੱਲੋਂ ਪ੍ਰਕਾਸ਼ਿਤ