5 ਫ਼ਸਲਾਂ ਜੋ ਕਮਜ਼ੋਰ ਮਾਨਸੂਨ ਦੇ ਬਾਵਜੂਦ ਪੱਕ ਜਾਂਦੀਆਂ ਹਨ, ਤੇ ਚੰਗੀ ਪੈਦਾਵਾਰ ਦਿੰਦੀਆਂ ਹਨ

ਕਿਸਾਨ

ਤਸਵੀਰ ਸਰੋਤ, Getty Images

ਤਸਵੀਰ ਕੈਪਸ਼ਨ, ਭਾਰਤੀ ਮੌਸਮ ਵਿਭਾਗ ਨੇ ਭਵਿੱਖਬਾਣੀ ਕੀਤੀ ਹੈ ਕਿ 2026 ਦਾ ਦੱਖਣ ਪੱਛਮੀ ਮਾਨਸੂਨ ਘੱਟ ਰਹੇਗਾ
    • ਲੇਖਕ, ਗੋਪਾਲ ਕਟੇਸ਼ੀਆ
    • ਰੋਲ, ਬੀਬੀਸੀ ਗੁਜਰਾਤੀ ਪੱਤਰਕਾਰ
  • ਪ੍ਰਕਾਸ਼ਿਤ
  • ਪੜ੍ਹਨ ਦਾ ਸਮਾਂ: 9 ਮਿੰਟ

ਭਾਰਤੀ ਮੌਸਮ ਵਿਭਾਗ ਨੇ ਭਵਿੱਖਬਾਣੀ ਕੀਤੀ ਹੈ ਕਿ 2026 ਦਾ ਦੱਖਣ ਪੱਛਮੀ ਮਾਨਸੂਨ ਘੱਟ ਰਹੇਗਾ। ਮੌਸਮ ਵਿਭਾਗ ਨੇ ਦੱਸਿਆ ਹੈ ਕਿ ਦੇਸ਼ ਵਿੱਚ ਲੰਬੇ ਸਮੇਂ ਦੀ ਔਸਤ ਬਾਰਿਸ਼ ਦਾ ਲਗਭਗ 90 ਫ਼ੀਸਦੀ ਮੀਂਹ ਪਵੇਗਾ ਅਤੇ ਇਸ ਵਿੱਚ ਚਾਰ ਫ਼ੀਸਦੀ ਦਾ ਵਾਧਾ ਜਾਂ ਘਾਟਾ ਹੋ ਸਕਦਾ ਹੈ।

ਮੌਸਮ ਵਿਭਾਗ ਨੇ 29 ਮਈ ਨੂੰ ਇੱਕ ਪ੍ਰੈਸ ਰਿਲੀਜ਼ ਵਿੱਚ ਦੱਸਿਆ ਕਿ ਇਸ ਸਾਲ ਦੀ ਲੰਬੇ ਸਮੇਂ ਦੀ ਔਸਤ ਬਾਰਿਸ਼, 1971 ਤੋਂ 2020 ਤੱਕ ਹੋਈ ਬਾਰਿਸ਼ ਦੇ ਅਧਾਰ 'ਤੇ ਮਿਣੀ ਗਈ ਹੈ।

ਪ੍ਰੈੱਸ ਰਿਲੀਜ਼ ਮੁਤਾਬਕ ਇਨ੍ਹਾਂ ਪੰਜਾਹ ਸਾਲਾਂ ਦੌਰਾਨ ਦੱਖਣੀ ਪੱਛਮੀ ਮਾਨਸੂਨ ਦੇ ਸੀਜ਼ਨ ਵਿੱਚ ਔਸਤ ਬਾਰਿਸ਼ 87 ਸੈ.ਮੀ ਯਾਨੀ 34.25 ਇੰਚ ਸੀ। ਇਸ ਹਿਸਾਬ ਨਾਲ ਜੇਕਰ ਇਸ ਸਾਲ ਵੀ ਔਸਤਨ 34.25 ਇੰਚ ਹੁੰਦੀ ਹੈ ਤਾਂ ਮਾਨਸੂਨ ਨੂੰ ਚੰਗਾ ਮੰਨਿਆ ਜਾਵੇਗਾ ਅਤੇ ਕਿਹਾ ਜਾਵੇਗਾ ਕਿ ਸੌ ਫ਼ੀਸਦੀ ਬਾਰਿਸ਼ ਹੋਈ ਹੈ।

ਪਰ ਮੌਸਮ ਵਿਭਾਗ ਨੇ ਭਵਿੱਖਬਾਣੀ ਕੀਤੀ ਹੈ ਕਿ 2026 ਵਿੱਚ ਜੂਨ ਤੋਂ ਸਤੰਬਰ ਦੌਰਾਨ ਦੱਖਣੀ ਪੱਛਮੀ ਮਾਨਸੂਨ ਵਿੱਚ ਲੰਬੇ ਸਮੇਂ ਦੀ ਔਸਤ ਬਾਰਿਸ਼ ਦਾ 90 ਫ਼ੀਸਦੀ ਯਾਨੀ 30.82 ਇੰਚ ਮੀਂਹ ਪੈਣ ਦੀ ਸੰਭਾਵਨਾ ਹੈ।

ਅਨੰਦ ਖੇਤੀਬਾੜੀ ਮੌਸਮ ਵਿਗਿਆਨ ਯੂਨੀਵਰਸਿਟੀ ਵਿੱਚ ਖੇਤੀਬਾੜੀ ਮੌਸਮ ਵਿਗਿਆਨ ਵਿਭਾਗ ਦੇ ਮੁਖੀ ਪ੍ਰੋਫੈਸਰ ਮਨੋਜ ਲੁਨਾਗਾਰੀਆ ਅਤੇ ਜੂਨਾਗੜ੍ਹ ਖੇਤੀਬਾੜੀ ਯੂਨੀਵਰਸਿਟੀ ਵਿੱਚ ਖੇਤੀਬਾੜੀ ਮੌਸਮ ਵਿਭਾਗ ਦੇ ਮੁਖੀ ਪ੍ਰੋਫੈਸਰ ਧੀਮੰਤ ਵਾਗਾਸੀਆ ਕਹਿੰਦੇ ਹਨ ਕਿ ਇਸ ਤਰ੍ਹਾਂ ਦੇ ਮਾਨਸੂਨ ਵਿੱਚ ਮੀਂਹ ਦੇ ਦੋ ਗੇੜਾਂ ਦਰਮਿਆਨ ਲੰਬੇ ਸਮੇਂ ਤੱਕ ਤੇਜ਼ ਹਵਾਵਾਂ ਚੱਲਣ ਦੀ ਸੰਭਾਵਨਾ ਰਹਿੰਦੀ ਹੈ।

ਖੇਤੀਬਾੜੀ ਮਾਹਿਰਾਂ ਦਾ ਕਹਿਣਾ ਹੈ ਕਿ ਅਜਿਹੇ ਹਾਲਾਤ ਵਿੱਚ ਜੇਕਰ ਸਾਉਣੀ ਦੀਆਂ ਫਸਲਾਂ ਦੀ ਚੋਣ ਅਤੇ ਫਸਲੀ ਚੱਕਰ ਵਿੱਚ ਸਾਵਧਾਨੀ ਵਰਤਣ ਤਾਂ ਉਹ ਬਾਰਿਸ਼ ਦੀ ਕਮੀ ਦੇ ਬਾਵਜੂਦ ਵੀ ਚੰਗਾ ਝਾੜ ਪ੍ਰਾਪਤ ਕਰ ਸਕਦੇ ਹਨ।

ਉਹ ਇਹ ਵੀ ਕਹਿੰਦੇ ਹਨ ਗੁਜਰਾਤ ਵਿੱਚ ਉਗਾਈਆਂ ਜਾਣ ਵਾਲੀਆਂ ਅਨਾਜ, ਤੇਲਬੀਜ ਅਤੇ ਦਾਲਾਂ ਦੀਆਂ ਫਸਲਾਂ ਵਿੱਚੋਂ ਕੁਝ ਖਾਸ ਫਸਲਾਂ ਅਜਿਹੀਆਂ ਹਨ ਜੋ ਮਾਨਸੂਨ ਦੀ ਦੇਰੀ ਹੋਣ 'ਤੇ ਚੱਲਣ ਵਾਲੀਆਂ ਤੇਜ਼ ਹਵਾਵਾਂ ਅਤੇ ਖੁਸ਼ਕ ਮੌਸਮ ਨੂੰ ਸਹਿਣ ਦੀ ਸਮਰਥਾ ਰੱਖਦੀਆਂ ਹਨ।

ਇਸ ਲਈ, ਇਸ ਆਰਟੀਕਲ ਵਿੱਚ ਜਾਣਕਾਰੀ ਦੇਣ ਦੀ ਕੋਸ਼ਿਸ਼ ਕਰਾਂਗੇ ਕਿ ਇਹ ਫਸਲਾਂ ਕਿਹੜੀਆਂ ਹਨ ਅਤੇ ਇਹ ਕਿਉਂ ਖਾਸ ਹਨ।

ਬਾਜਰਾ

ਬਾਜਰਾ

ਤਸਵੀਰ ਸਰੋਤ, SAM PANTHAKY/AFP via Getty Images

ਤਸਵੀਰ ਕੈਪਸ਼ਨ, ਇਸ ਤੋਂ ਇਲਾਵਾ ਬਾਜਰੇ ਦੇ ਪੌਦੇ ਦੀ ਬਣਤਰ ਅਜਿਹੀ ਹੁੰਦੀ ਹੈ ਕਿ ਜੇਕਰ ਇਸ ਨੂੰ ਲੰਬੇ ਸਮੇਂ ਤੱਕ ਲੋੜੀਂਦੀ ਨਮੀ ਨਾ ਵੀ ਮਿਲੇ

ਮਾਨਸੂਨ ਸੀਜ਼ਨ ਦੌਰਾਨ ਗੁਜਰਾਤ ਵਿੱਚ ਆਮ ਤੌਰ 'ਤੇ 80 ਲੱਖ ਹੈਕਟੇਅਰ ਤੋਂ ਵੱਧ ਰਕਬੇ ਵਿੱਚ ਵੱਖ-ਵੱਖ ਫਸਲਾਂ ਦੀ ਖੇਤੀ ਦਰਜ ਕੀਤੀ ਜਾਂਦੀ ਹੈ।

ਮੂੰਗਫਲੀ ਅਤੇ ਨਰਮਾ/ਕਪਾਹ ਇੱਥੋਂ ਦੀਆਂ ਮੁੱਖ ਨਕਦੀ ਫਸਲਾਂ ਹਨ ਅਤੇ ਸੂਬੇ ਦੇ ਕੁੱਲ ਖੇਤੀ ਯੋਗ ਰਕਬੇ ਦਾ ਲਗਭਗ ਅੱਧਾ ਹਿੱਸਾ ਇਨ੍ਹਾਂ ਦੋਹੇਂ ਫਸਲਾਂ ਹੇਠਾਂ ਆਉਂਦਾ ਹੈ। ਝੋਨਾ, ਮੱਕੀ ਅਤੇ ਬਾਜਰਾ ਇੱਥੋਂ ਦੀਆਂ ਮੁੱਖ ਅਨਾਜ ਫ਼ਸਲਾਂ ਹਨ।

ਬਨਾਸਕਾਂਠਾ ਜ਼ਿਲ੍ਹੇ ਦੇ ਦਾਸਤੀਵਾੜਾ ਵਿੱਚ ਸਥਿਤ ਸਰਦਾਰ ਕ੍ਰਿਸ਼ੀਨਗਰ ਦਾਸਤੀਵਾੜਾ ਐਗਰੀਕਲਚਰ ਯੁਨੀਵਰਸਿਟੀ ਦੇ ਖੇਤੀਬਾੜੀ ਵਿਗਿਆਨ ਵਿਭਾਗ ਦੇ ਮੁਖੀ ਪ੍ਰੋਫੈਸਰ ਕੁੰਜਲ ਕੁਮਾਰ ਪਟੇਲ ਦੱਸਦੇ ਹਨ ਕਿ ਬਾਜਰਾ ਆਪਣੀਆਂ ਖਾਸ ਵਿਸ਼ੇਸ਼ਤਾਵਾਂ ਕਰਕੇ ਤੇਜ਼ ਹਵਾਵਾਂ ਵਿੱਚ ਵੀ ਟਿਕਿਆ ਰਹਿੰਦਾ ਹੈ ਅਤੇ ਇਸ ਨੂੰ ਸੋਕੇ ਪ੍ਰਤੀ ਸਹਿਣਸ਼ੀਲ ਫਸਲ ਮੰਨਿਆ ਜਾਂਦਾ ਹੈ ਕਿਉਂਕਿ ਜੇਕਰ ਬਿਜਾਈ ਵੇਲੇ ਮੀਂਹ ਦੇਰੀ ਨਾਲ ਵੀ ਪਵੇ ਤਾਂ ਵੀ ਇਸ ਦੀ ਕਟਾਈ ਕੀਤੀ ਜਾ ਸਕਦੀ ਹੈ।

ਬੀਬੀਸੀ ਨਾਲ ਗੱਲਬਾਤ ਕਰਦਿਆਂ ਪ੍ਰੋਫੈਸਰ ਪਟੇਲ ਨੇ ਕਿਹਾ, "ਬਾਜਰੇ ਦੇ ਪੌਦਿਆਂ ਦੀਆਂ ਜੜ੍ਹਾਂ ਬਹੁਤ ਜ਼ਿਆਦਾ ਹੁੰਦੀਆਂ ਹਨ, ਇਸ ਲਈ ਜੇਕਰ ਮਿੱਟੀ ਵਿੱਚ ਨਮੀ ਦੀ ਮਾਤਰਾ ਘੱਟ ਵੀ ਹੋਵੇ ਤਾਂ ਵੀ ਇਹ ਪੌਦਾ ਨਮੀ ਖਿੱਚਣ ਦੇ ਸਮਰੱਥ ਹੁੰਦਾ ਹੈ।

ਇਸ ਤੋਂ ਇਲਾਵਾ ਬਾਜਰੇ ਦੇ ਪੌਦੇ ਦੀ ਬਣਤਰ ਅਜਿਹੀ ਹੁੰਦੀ ਹੈ ਕਿ ਜੇਕਰ ਇਸ ਨੂੰ ਲੰਬੇ ਸਮੇਂ ਤੱਕ ਲੋੜੀਂਦੀ ਨਮੀ ਨਾ ਵੀ ਮਿਲੇ, ਤਾਂ ਵੀ ਪੌਦਾ ਜਿਉਂਦਾ ਰਹਿ ਸਕਦਾ ਹੈ ਅਤੇ ਬਾਅਦ ਵਿੱਚ ਜੇਕਰ ਇਸ ਨੂੰ ਮੀਂਹ ਜਾਂ ਸਿੰਜਾਈ ਰਾਹੀਂ ਪਾਣੀ ਮਿਲਦਾ ਹੈ ਤਾਂ ਇਹ ਇਸ ਨੂੰ ਤੇਜ਼ੀ ਨਾਲ ਸੋਖ ਸਕਦਾ ਹੈ ਅਤੇ ਆਪਣਾ ਜੀਵਨ ਚੱਕਰ ਜਾਰੀ ਰੱਖ ਸਕਦਾ ਹੈ।"

ਬਾਜਰਾ

ਤਸਵੀਰ ਸਰੋਤ, Getty Images

ਤਸਵੀਰ ਕੈਪਸ਼ਨ, ਸੂਬਾ ਸਰਕਾਰ ਦੇ ਅੰਕੜਿਆਂ ਮੁਤਾਬਕ ਪਿਛਲੇ ਸਾਲ ਮਾਨਸੂਨ ਵਿੱਚ 1.77 ਲੱਖ ਹੈਕਟੇਅਰ ਰਕਬੇ ਵਿੱਚ ਬਾਜਰੇ ਦੀ ਬਿਜਾਈ ਕੀਤੀ ਗਈ ਸੀ

ਖਾਸ ਗੱਲ ਇਹ ਹੈ ਕਿ ਬਾਜਰਾ 70 ਦਿਨਾਂ ਵਿੱਚ ਪੱਕਣ ਵਾਲੀ ਫਸਲ ਹੈ ਅਤੇ ਜੇਕਰ ਪੌਦਾ ਇੱਕ ਨਿਸ਼ਚਿਤ ਹੱਦ ਤੱਕ ਵਿਕਸਤ ਹੋ ਗਿਆ ਹੋਵੇ ਤਾਂ ਇਸ ਦੇ ਸਿੱਟੇ ਕੁਝ ਮਾਤਰਾ ਵਿਚ ਅਨਾਜ ਪੈਦਾ ਕਰ ਦਿੰਦੇ ਹਨ ਅਤੇ ਇਸ ਤਰ੍ਹਾਂ ਕਿਸਾਨ ਨੂੰ ਘੱਟ ਮਾਤਰਾ ਵਿੱਚ ਹੀ ਸਹੀ ਪਰ ਝਾੜ ਮਿਲ ਜਾਂਦਾ ਹੈ।

ਪ੍ਰੋਫੈਸਰ ਪਟੇਲ ਇਹ ਵੀ ਦੱਸਦੇ ਹਨ ਕਿ ਜੇਕਰ ਮਾਨਸੂਨ ਦੌਰਾਨ ਤੇਜ਼ ਹਵਾਵਾਂ ਚੱਲਦੀਆਂ ਹਨ ਤਾਂ ਬਾਹਰੇ ਦੇ ਪੌਦੇ ਛੋਟੇ ਰਹਿ ਜਾਂਦੇ ਹਨ ਅਤੇ ਨਤੀਜੇ ਵਜੋਂ ਪਸ਼ੂਆਂ ਦੇ ਚਾਰੇ ਦਾ ਉਤਪਾਦਨ ਘੱਟ ਹੋ ਸਕਦਾ ਹੈ।

ਪਰ ਉਹ ਕਹਿੰਦੇ ਹਨ, "ਬਾਜਰੇ ਦੀ ਫਸਲ ਸ਼ਾਇਦ ਹੀ ਕਦੇ ਪੂਰੀ ਤਰ੍ਹਾਂ ਬਰਬਾਦ ਹੁੰਦੀ ਹੈ। ਜੇਕਰ ਫਸਲ ਦੇ ਫੁਟਾਰੇ ਤੋਂ ਪਹਿਲਾਂ ਤੇਜ਼ ਹਵਾਵਾਂ ਚੱਲਣ ਅਤੇ ਫਿਰ ਮੀਂਹ ਨਾ ਪਵੇ ਤਾਂ ਕਿਸਾਨ ਬਾਜਰੇ ਦੇ ਪੌਦਿਆਂ ਨੂੰ ਪਸ਼ੂਆਂ ਦੇ ਹਰੇ ਚਾਰੇ ਵਜੋਂ ਕੱਟ ਸਕਦੇ ਹਨ।"

ਸਰਕਾਰ ਪਿਛਲੇ ਤਿੰਨ ਸਾਲਾਂ ਤੋਂ ਗੁਜਰਾਤ ਦੇ ਕਿਸਾਨਾਂ ਤੋਂ ਐਮਐਸਪੀ 'ਤੇ ਬਾਜਰਾ ਖਰੀਦ ਰਹੀ ਹੈ। ਕੇਂਦਰ ਸਰਕਾਰ ਨੇ ਸਾਲ 2026-27 ਲਈ ਬਾਜਰੇ ਦਾ ਘੱਟੋ ਘੱਟ ਸਮਰਥਨ ਮੁੱਲ 580 ਰੁਪਏ ਪ੍ਰਤੀ ਵੀਹ ਕਿੱਲੋ ਤੈਅ ਕੀਤਾ ਹੈ। ਸੂਬਾ ਸਰਕਾਰ ਦੇ ਅੰਕੜਿਆਂ ਮੁਤਾਬਕ ਪਿਛਲੇ ਸਾਲ ਮਾਨਸੂਨ ਵਿੱਚ 1.77 ਲੱਖ ਹੈਕਟੇਅਰ ਰਕਬੇ ਵਿੱਚ ਬਾਜਰੇ ਦੀ ਬਿਜਾਈ ਕੀਤੀ ਗਈ ਸੀ।

ਮੂੰਗਫਲੀ

ਮੂੰਗਫਲੀ

ਤਸਵੀਰ ਸਰੋਤ, Getty Images

ਤਸਵੀਰ ਕੈਪਸ਼ਨ, ਪਿਛਲੇ ਸਾਲ, ਲਗਭਗ 22 ਲੱਖ ਹੈਕਟੇਅਰ ਰਕਬੇ ਵਿੱਚ ਮੂੰਗਫਲੀ ਦੀ ਖੇਤਰੀ ਦਰਜ ਕੀਤੀ ਗਈ ਸੀ

ਪਿਛਲੇ ਇੱਕ ਦਹਾਕੇ ਦੌਰਾਨ ਕੇਂਦਰ ਸਰਕਾਰ ਵੱਲੋਂ ਗੁਜਰਾਤ ਦੇ ਕਿਸਾਨਾਂ ਤੋਂ ਸਮਰਥਨ ਮੁੱਲ 'ਤੇ ਨਿਯਮਿਤ ਤੌਰ 'ਤੇ ਮੂੰਗਫਲੀ ਦੀ ਖਰੀਦ ਕੀਤੀ ਜਾ ਰਹੀ ਹੈ ਅਤੇ ਨਾਲ ਹੀ ਮਾਰਕੀਟ ਦੀਆਂ ਕੀਮਤਾਂ ਵਿੱਚ ਲਗਾਤਾਰ ਵਾਧਾ ਹੋਇਆ ਹੈ ਜਿਸ ਕਾਰਨ ਸੂਬੇ ਦੇ ਕਿਸਾਨਾਂ ਦਾ ਰੁਝਾਨ ਮੂੰਗਫਲੀ ਵੱਲ ਵਧਿਆ ਹੈ।

ਪਿਛਲੇ ਸਾਲ, ਲਗਭਗ 22 ਲੱਖ ਹੈਕਟੇਅਰ ਰਕਬੇ ਵਿੱਚ ਮੂੰਗਫਲੀ ਦੀ ਖੇਤਰੀ ਦਰਜ ਕੀਤੀ ਗਈ ਸੀ।

ਜੂਨਾਗੜ੍ਹ ਐਗਰੀਕਲਚਰ ਯੂਨੀਵਰਸਿਟੀ ਦੇ ਖੇਤੀਬਾੜੀ ਵਿਗਿਆਨ ਵਿਭਾਗ ਦੇ ਐਸੋਸੀਏਟ ਪ੍ਰੋਫੈਸਰ ਵਿਨੋਦ ਭਲੂ ਦਾ ਕਹਿਣਾ ਹੈ ਕਿ ਮੂੰਗਫਲੀ ਵਿੱਚ ਵੀ ਘੱਟ ਬਾਰਿਸ਼ ਵਾਲੇ ਹਾਲਾਤ ਦਾ ਸਾਹਮਣਾ ਕਰਨ ਦੀ ਸਮਰੱਥਾ ਹੁੰਦੀ ਹੈ।

ਬੀਬੀਸੀ ਨਾਲ ਗੱਲ ਕਰਦਿਆਂ ਉਨ੍ਹਾਂ ਨੇ ਕਿਹਾ, "ਮੂੰਗਫਲੀ ਦੀਆਂ ਜੜ੍ਹਾਂ ਮਿੱਟੀ ਵਿੱਚ ਕਾਫ਼ੀ ਡੂੰਘੀਆਂ ਜਾਂਦੀਆਂ ਹਨ ਅਤੇ ਪੌਦੇ ਲਈ ਨਮੀ ਸੋਖਣ ਦੀ ਸਮਰੱਥਾ ਰੱਖਦੀਆਂ ਹਨ, ਇਸ ਲਈ ਜੇਕਰ ਮਾਨਸੂਨ ਦੌਰਾਨ ਖੁਸ਼ਕ ਹਵਾਵਾਂ ਚਲਦੀਆਂ ਹਨ ਤਾਂ ਮੂੰਗਫਲੀ ਦੇ ਪੌਦੇ ਸੁੱਕਦਾ ਨਹੀਂ।"

ਉਨ੍ਹਾਂ ਅੱਗੇ ਦੱਸਿਆ, "ਇਸ ਤੋਂ ਬਾਅਦ ਜਦੋਂ ਦੁਬਾਰਾ ਮੀਂਹ ਪੈਂਦਾ ਹੈ ਤਾਂ ਸਿੰਜਾਈ ਕੀਤੀ ਜਾਂਦੀ ਹੈ ਤਾਂ ਇਹ ਆਪਣਾ ਜੀਵਨ ਚੱਕਰ ਫਿਰ ਸੁਰੂ ਕਰ ਲੈਂਦੀ ਹੈ। ਨਾਲ ਹੀ ਮੂੰਗਫਲੀ ਦੀਆਂ ਇਹ ਕਿਸਮਾਂ ਕਿਸੇ ਖਾਸ ਕੋਸ਼ਿਸ਼ ਤੋਂ ਬਿਨ੍ਹਾਂ ਬਿਜਾਈ ਦੇ ਸੌ ਦਿਨਾਂ ਅੰਦਰ ਪੱਕ ਜਾਂਦੀਆਂ ਹਨ, ਜਿਸ ਕਾਰਨ ਇਹ ਘੱਟ ਸਮੇਂ ਵਾਲੀ ਫਸਲ ਬਣ ਜਾਂਦੀ ਹੈ।"

ਪ੍ਰੋਫੈਸਰ ਭਲੂ ਨੇ ਇਹ ਵੀ ਦੱਸਿਆ ਕਿ ਗਿਰਨਾਰ-4, ਗਿਰਨਾਰ- 5, ਗੁਜਰਾਤ ਗਰਾਊਂਡ ਨਟ-35, ਗੁਜਰਾਤ ਗਰਾਊਂਡ ਨਟ-38 ਅਤੇ ਗੁਜਰਾਤ ਗਰਾਊਂਡ ਨਟ-39 ਜਲਦੀ ਪੱਕਣ ਵਾਲੀ ਮੂੰਗਫਲੀ ਦੀਆਂ ਮਸ਼ਹੂਰ ਕਿਸਮਾਂ ਹਨ।

ਮੂੰਗਫਲੀ

ਤਸਵੀਰ ਸਰੋਤ, Vijay Kutty/IndiaPictures/Universal Images Group via Getty Images

ਤਸਵੀਰ ਕੈਪਸ਼ਨ, ਕੇਂਦਰ ਸਰਕਾਰ ਨੇ ਇਸ ਸਾਲ ਮੂੰਗਫਲੀ ਦਾ ਸਮਰਥਨ ਮੁੱਲ 1503 ਰੁਪਏ ਪ੍ਰਤੀ ਮਣ ਤੈਅ ਕੀਤਾ ਹੈ

ਪ੍ਰੋਫੈਸਰ ਭਲੂ ਦਾ ਕਹਿਣਾ ਹੈ ਕਿ ਜੇ ਮੂੰਗਫਲੀ ਨੂੰ ਇਸ ਦੇ ਨਾਜ਼ੁਕ ਪੜਾਅ ਦੌਰਾਨ ਲੋੜੀਂਦੀ ਨਮੀ ਨਾ ਮਿਲੇ ਤਾਂ ਝਾੜ ਵਿੱਚ ਕਾਫ਼ੀ ਕਮੀ ਆ ਸਕਦੀ ਹੈ। ਇਸੇ ਕਾਰਨ ਪ੍ਰੋਫੈਸਰ ਪਟੇਲ ਮੂੰਗਫਲੀ ਨੂੰ ਸੋਕੇ ਜਿਹੇ ਹਾਲਾਤ ਨਾਲ ਨਜਿੱਠਣ ਦੀ ਸੀਮਤ ਸਮਰੱਥਾ ਵਾਲੀ ਫਸਲ ਵਜੋਂ ਬਿਆਨ ਕਰਦੇ ਹਨ।

ਉਹ ਕਹਿੰਦੇ ਹਨ, "ਸੋਕੇ ਪ੍ਰਤੀ ਸਹਿਣਸ਼ੀਲ ਹੋਰ ਫਸਲਾਂ ਦੇ ਮੁਕਾਬਲੇ ਮੂੰਗਫਲੀ ਨੂੰ ਜ਼ਿਆਦਾ ਪਾਣੀ ਦੀ ਲੋੜ ਹੁੰਦੀ ਹੈ ਕਿਉਂਕਿ ਇਸ ਦੇ ਪੱਤੇ ਅਤੇ ਸਹਿਣੀਆਂ ਜ਼ਿਆਦਾ ਹੁੰਦੇ ਹਨ। ਇਨ੍ਹਾਂ ਨੂੰ ਹਰ ਸੱਤ ਤੋਂ ਦਸ ਦਿਨਾਂ ਬਾਅਦ ਸਿੰਚਾਈ ਦੀ ਲੋੜ ਹੁੰਦੀ ਹੈ ਅਤੇ ਕਈ ਕਿਸਮਾਂ 120 ਦਿਨਾਂ ਵਿੱਚ ਪੱਕਦੀਆਂ ਹਨ, ਪਰ ਜੇਕਰ ਕਿਸਾਨਾਂ ਕੋਲ ਸੁੱਕੇ ਮੌਸਮ ਵਿੱਚ ਫਸਲ ਨੂੰ ਬਚਾਉਣ ਲਈ ਸਿੰਚਾਈ ਕਰਨ ਦੀ ਸਹੂਲਤ ਹੋਵੇ ਤਾਂ ਮੂੰਗਫਲੀ ਕਿਸਾਨਾਂ ਨੂੰ ਬਹੁਤ ਵਧੀਆ ਮੁਨਾਫ਼ਾ ਦੇ ਸਕਦੀ ਹੈ।"

ਪ੍ਰੋਫੈਸਰ ਭਲੂ ਕਹਿੰਦੇ ਹਨ ਕਿ ਮੂੰਗਫਲੀ ਇੱਕ ਬਹੁਤ ਹੀ ਅਸਾਨ ਫਸਲ ਹੈ। ਉਹ ਕਹਿੰਦੇ ਹਨ, "ਮੂੰਗਫਲੀ ਨੂੰ ਮੁੱਖ ਫਸਲ ਮੰਨਿਆ ਜਾ ਸਕਦਾ ਹੈ ਅਤੇ ਇਸ ਦੇ ਨਾਲ ਅਰਹਰ ਜਾਂ ਅਰੰਡੀ ਦੀ ਇੰਟਰ-ਕਰੌਪਿੰਗ ਬੀਜੀ ਜਾ ਸਕਦੀ ਹੈ। ਫਲੀਦਾਰ ਫਸਲਾਂ ਜਿਵੇਂ ਮੂੰਗੀ ਜਾਂ ਮਾਂਹ ਅਤੇ ਤੇਲਬੀਜ ਫਸਲਾਂ ਜਿਵੇਂ ਕਿ ਤਿਲ ਨੂੰ ਮੂੰਗਫਲੀ ਦੇ ਨਾਲ ਅੰਤਰ ਫਸਲ ਵਜੋਂ ਬੀਜਿਆ ਦਾ ਸਕਦੀ ਹੈ। ਮੂੰਗੀ, ਮਾਂਹ, ਸੋਇਆਬੀਨ ਅਤੇ ਤਿਲ ਦੀ ਬਿਜਾਈ ਵੀ ਮੂੰਗਫਲੀ ਦੇ ਨਾਲ ਅੰਤਰ-ਫਸਲ ਵਜੋਂ ਕੀਤੀ ਜਾ ਸਕਦੀ ਹੈ।

ਇਸ ਤੋਂ ਇਲਾਵਾ, ਨਰਮੇ ਕਪਾਹ ਦੀ ਫਸਲ ਵਿੱਚ ਮੂੰਗਫਲੀ ਨੂੰ ਖੁਦ ਇੱਕ ਸਹਾਇਕ ਫਸਲ ਵਜੋਂ ਬੀਜਿਆ ਜਾ ਸਕਦਾ ਹੈ। ਇਸ ਤਰ੍ਹਾਂ ਮੂੰਗਫਲੀ ਕਈ ਤਰ੍ਹਾਂ ਦੇ ਹਾਲਾਤ ਵਿੱਚ ਖੁਦ ਨੂੰ ਢਾਲਣ ਦੀ ਸਮਰੱਥਾ ਰੱਖਦੀ ਹੈ।"

ਕੇਂਦਰ ਸਰਕਾਰ ਨੇ ਇਸ ਸਾਲ ਮੂੰਗਫਲੀ ਦਾ ਘੱਟੋ ਘੱਟ ਸਮਰਥਨ ਮੁੱਲ 1503 ਰੁਪਏ ਪ੍ਰਤੀ ਵੀਹ ਕਿੱਲੋ ਤੈਅ ਕੀਤਾ ਹੈ।

ਅਰੰਡੀ

ਆਰੰਡੀ

ਤਸਵੀਰ ਸਰੋਤ, ANTONIO SCORZA/AFP via Getty Images

ਤਸਵੀਰ ਕੈਪਸ਼ਨ, ਕੈਸਟਰ, ਜਿਸਨੂੰ ਉੱਤਰੀ ਗੁਜਰਾਤ ਵਿੱਚ ਲੋਕ ਦਿਵੇਲਾ ਕਹਿੰਦੇ ਹਨ, ਅਸਲ ਵਿੱਚ ਇੱਕ ਲੰਬੇ ਸਮੇਂ ਦੀ ਫਸਲ ਮੰਨਿਆ ਜਾਂਦਾ ਹੈ

ਉੱਤਰੀ ਗੁਜਰਾਤ ਵਿਚ ਆਰੰਡੀ ਨੂੰ ਦਿਵੇਲਾ ਕਹਿੰਦੇ ਹਨ, ਅਸਲ ਵਿੱਚ ਇੱਕ ਲੰਬੇ ਸਮੇਂ ਵਾਲੀ ਫਸਲ ਹੈ। ਇਹ 150 ਤੋਂ 180 ਦਿਨਾਂ ਵਿੱਚ ਪੱਕਦੀ ਹੈ। ਹਾਲਾਂਕਿ ਪ੍ਰੋਫੈਸਰ ਪਟੇਲ ਦਾ ਕਹਿਣਾ ਹੈ ਕਿ ਇਸ ਵਿੱਚ ਘੱਟ ਬਾਰਿਸ਼ ਅਤੇ ਖੁਸ਼ਕ ਹਵਾਵਾਂ ਵਾਲੇ ਮੌਸਮ ਵਿੱਚ ਵੀ ਪੱਕਣ ਦੀ ਸਮਰਥਾ ਹੁੰਦੀ ਹੈ।

ਪ੍ਰੋਫੈਸਰ ਪਟੇਲ ਦੱਸਦੇ ਹਨ, "ਅਕਸਰ ਜੁਲਾਈ ਵਿੱਚ ਮੀਂਹ ਨਾ ਪੈਣ ਕਰਕੇ ਸੋਕਾ ਪੈ ਜਾਂਦਾ ਹੈ। ਕਿਉਂਕਿ ਅਰੰਡੀ ਦੀ ਬਿਜਾਈ ਅਗਸਤ ਵਿੱਚ ਹੁੰਦੀ ਹੈ, ਇਸ ਲਈ ਇਹ ਅਜਿਹੇ ਸੁੱਕੇ ਦੌਰ ਤੋਂ ਬਚ ਜਾਂਦੀ ਹੈ। ਜੇਕਰ ਅਗਸਤ-ਸਤੰਬਰ ਵੀ ਸੁੱਕਾ ਰਹੇ ਤਾਂ ਇੱਕ ਵਾਰ ਅਰੰਡੀ ਦਾ ਪੌਦਾ ਸਥਾਪਤ ਹੋਣ ਬਾਅਦ, ਇਸ ਦੀਆਂ ਜੜ੍ਹਾਂ ਮਿੱਟੀ ਵਿੱਚ ਕਾਫ਼ੀ ਡੂੰਘੀਆਂ ਚਲੀਆਂ ਜਾਂਦੀਆਂ ਹਨ ਧਰਤੀ ਦੇ ਹੇਠਲੇ ਹਿੱਸੇ ਵਿੱਚ ਜਮ੍ਹਾਂ ਨਮੀ ਤੱਕ ਪਹੁੰਚ ਜਾਂਦੀਆਂ ਹਨ। ਇਸ ਲਈ ਖੁਸ਼ਕ ਮੌਸਮ ਦੌਰਾਨ ਵੀ ਅਸਾਨੀ ਨਾਲ ਜਿਉਂਦੀ ਰਹਿੰਦੀ ਹੈ।"

ਉਨ੍ਹਾਂ ਨੇ ਅੱਗੇ ਕਿਹਾ, "ਇਸ ਤੋਂ ਇਲਾਵਾ ਜੇਕਰ ਪੌਦਾ ਮੁੱਖ ਸਿੱਟੇ ਵਾਲੇ ਹਿੱਸੇ ਤੱਕ ਵਿਕਸਿਤ ਹੋ ਜਾਂਦਾ ਹੈ ਅਤੇ ਫਿਰ ਉਸ ਨੂੰ ਸਿੰਚਾਈ ਨਹੀਂ ਵੀ ਮਿਲਦੀ ਤਾਂ ਵੀ ਕਿਸਾਨ ਚਾਲੀ ਫ਼ੀਸਦੀ ਤੱਕ ਝਾੜ ਲੈ ਸਕਦੇ ਹਨ। ਇਸ ਤੋਂ ਬਾਅਦ ਜੇਕਰ ਮੀਂਹ ਪੈ ਜਾਵੇ ਜਾਂ ਸਿੰਚਾਈ ਮਿਲ ਜਾਵੇ ਤਾਂ ਮੁੱਖ ਤਣੇ ਦੇ ਨਾਲ-ਨਾਲ ਸ਼ਾਖ਼ਾਵਾਂ 'ਤੇ ਵੀ ਸਿੱਟੇ ਨਿੱਕਲ ਆਉਂਦੇ ਹਨ ਅਤੇ ਕਿਸਾਨਾਂ ਨੂੰ ਵਧੇਰੇ ਉਤਪਾਦਨ ਮਿਲ ਸਕਦੀ ਹੈ।"

ਪ੍ਰੋਫੈਸਰ ਪਟੇਲ ਦਾ ਕਹਿਣਾ ਹੈ ਕਿ ਦਾਸਤੀਵਾੜਾ ਐਗਰੀਕਲਚਰ ਯੂਨੀਵਰਸਿਟੀ ਵੱਲੋਂ ਜਾਰੀ ਕੀਤੀਆਂ ਗਈਆਂ ਅਰੰਡੀ ਦੀਆਂ ਕਿਸਮਾਂ ਜਿਵੇਂ ਕਿ ਗੁਜਰਾਤ ਕੈਂਸਟਰ-4 ਅਤੇ ਗੁਜਰਾਤ ਕੈਂਸਟਰ-7 ਵਿੱਚ ਕਮਜ਼ੋਰ ਮਾਨਸੂਨ ਦੌਰਾਨ ਵੀ ਜਿਉਂਦੇ ਰਹਿਣ ਦੀ ਖਾਸ ਸਮਰੱਥਾ ਹੁੰਦੀ ਹੈ।

ਸੋਇਆਬੀਨ

ਸੋਇਆਬੀਨ

ਪਿਛਲੇ ਇੱਕ ਦਹਾਕੇ ਦੌਰਾਨ ਗੁਜਰਾਤ ਵਿੱਚ ਸੋਇਆਬੀਨ ਦੀ ਖੇਤੀ ਲਗਾਤਾਰ ਵਧ ਰਹੀ ਹੈ। ਪਿਛਲੇ ਸਾਲ 2.77 ਲੱਖ ਹੈਕਟੇਅਰ ਰਕਬੇ ਵਿੱਚ ਸੋਇਆਬੀਨ ਦੀ ਬਿਜਾਈ ਕੀਤੀ ਗਈ ਸੀ। ਸੌਰਾਸ਼ਟਰ ਅਤੇ ਪੂਰਬੀ ਗੁਜਰਾਤ ਇਸ ਫਸਲ ਦੇ ਮੁੱਖ ਖੇਤਰ ਹਨ।

ਫਲੀਦਾਰ ਪਰਿਵਾਰ ਦੀ ਇਸ ਤੇਲਬੀਜ ਫਸਲ ਵਿੱਚ ਸੁੱਕੇ ਦਿਨਾਂ ਦੌਰਾਨ ਜਿਉਂਦੇ ਰਹਿਣ ਦੀ ਖਾਸ ਸਮਰੱਥਾ ਹੁੰਦੀ ਹੈ, ਪ੍ਰੋਫੈਸਰ ਪਟੇਲ ਦੱਸਦੇ ਹਨ। ਉਹ ਕਹਿੰਦੇ ਹਨ, "ਪੌਦੇ ਦੀ ਬਣਤਰ ਅਤੇ ਆਦਤਾਂ ਦੇ ਕਾਰਨ ਜੇਕਰ ਸੋਇਆਬੀਨ ਦੇ ਪੌਦਿਆਂ ਨੂੰ ਨਮੀ ਦੀ ਕਮੀ ਦਾ ਸਾਹਮਣਾ ਕਰਨਾ ਪਵੇ ਤਾਂ ਉਹ ਤੇਜ਼ੀ ਨਾਲ ਪੱਕਣਾ ਸ਼ੁਰੂ ਕਰ ਦਿੰਦੇ ਹਨ। ਨਤੀਜੇ ਵਜੋਂ, ਇਹ ਫਸਲ ਕਦੇ ਵੀ ਪੂਰੀ ਤਰ੍ਹਾਂ ਬਰਬਾਦ ਨਹੀਂ ਹੁੰਦੀ।"

ਡਾ.ਪਟੇਲ ਦਾ ਕਹਿਣਾ ਹੈ ਕਿ ਸੋਇਆਬੀਨ ਦੀ ਜੜ੍ਹ ਪ੍ਰਣਾਲੀ ਵੀ ਕਾਫ਼ੀ ਵਿਆਪਕ ਹੁੰਦੀ ਹੈ ਜੋ ਪੌਦੇ ਨੂੰ ਮਿੱਟੀ ਦੇ ਡੂੰਘੇ ਹਿੱਸਿਆਂ ਅਤੇ ਆਲੇ-ਦੁਆਲੇ ਦੇ ਖੇਤਰ ਵਿੱਚੋਂ ਨਮੀ ਖਿੱਚਣ ਵਿੱਚ ਮਦਦ ਕਰਦਾ ਹੈ। ਨਾਲ ਹੀ, ਇਸ ਫਸਲ ਨੂੰ ਬਹੁਤ ਜ਼ਿਆਦਾ ਕੀੜੇ ਜਾਂ ਬਿਮਾਰੀਆਂ ਨਹੀਂ ਲਗਦੀਆਂ ਅਤੇ ਨਾ ਹੀ ਬਹੁਤੀਆਂ ਖਾਦਾਂ ਦੀ ਲੋੜ ਹੁੰਦੀ ਹੈ, ਜਿਸ ਕਾਰਨ ਇਸ ਦੀ ਖੇਤੀ ਦੀ ਲਾਗਤ ਘੱਟ ਆਉਂਦੀ ਹੈ।

ਕੇਂਦਰ ਸਰਕਾਰ ਵਲੋਂ ਵੀ ਨਿਯਮਿਤ ਤੌਰ 'ਤੇ ਐੱਮਐੱਸਪੀ 'ਤੇ ਸੋਇਆਬੀਨ ਦੀ ਖਰੀਦ ਕੀਤੀ ਜਾਂਦੀ ਹੈ। ਇਸ ਸਾਲ, ਸਰਕਾਰ ਨੇ ਸੋਇਆਬੀਨ ਦਾ ਸਮਰਥਨ ਮੁੱਲ 1,141 ਰੁਪਏ ਪ੍ਰਤੀ ਵੀਹ ਕਿੱਲੋ ਤੈਅ ਕੀਤਾ ਹੈ।

ਮੂੰਗੀ, ਮਾਂਹ ਅਤੇ ਤਿਲ

ਸੋਇਆਬੀਨ

ਤਸਵੀਰ ਸਰੋਤ, Christopher Dilts/Bloomberg via Getty Images

ਤਸਵੀਰ ਕੈਪਸ਼ਨ, ਪਿਛਲੇ ਦਹਾਕੇ ਤੋਂ ਗੁਜਰਾਤ ਵਿੱਚ ਸੋਇਆਬੀਨ ਦੀ ਕਾਸ਼ਤ ਵਧ ਰਹੀ ਹੈ

ਪ੍ਰੋਫੈਸਰ ਪਟੇਲ ਦਾ ਕਹਿਣਾ ਹੈ ਕਿ ਸਾਰੀਆਂ ਦਾਲਾਂ ਸੋਕੇ ਪ੍ਰਤੀ ਸਹਿਣਸ਼ੀਲ ਹੁੰਦੀਆਂ ਹਨ। ਉਹ ਕਹਿੰਦੇ ਹਨ ਕਿ ਜਿਨ੍ਹਾਂ ਸਾਲਾਂ ਵਿੱਚ ਮਾਨਸੂਨ ਕਮਜ਼ੋਰ ਰਹਿਣ ਦੀ ਭਵਿੱਖਬਾਣੀ ਹੋਵੇ, ਉੱਥੇ ਮੂੰਗੀ ਅਤੇ ਮਾਂਹ ਦੀਆਂ ਦਾਲਾਂ ਨੂੰ ਮੁੱਖ ਫਸਲ ਵਜੋਂ, ਮਿਸ਼ਰਤ ਫਸਲ ਵਜੋਂ, ਮੂੰਗਫਲੀ ਜਿਹੀਆਂ ਫਸਲਾਂ ਦੇ ਨਾਲ ਅੰਤਰ-ਫਸਲ ਵਜੋਂ ਅਤੇ ਨਰਮੇ ਜਾਂ ਕਪਾਹ ਜਿਹੀਆਂ ਫਸਲਾਂ ਨਾਲ ਅੰਤਰ-ਫਸਲ ਵਜੋਂ ਬੀਜਣ ਦੀ ਸਲਾਹ ਦਿੱਤੀ ਜਾਂਦੀ ਹੈ।

ਪ੍ਰੋਫੈਸਰ ਪਟੇਲ ਦੱਸਦੇ ਹਨ, "ਦਾਲਾਂ ਵਾਲੀਆਂ ਫਸਲਾਂ ਦਾ ਸਭ ਤੋਂ ਵੱਡਾ ਫ਼ਾਇਦਾ ਇਹ ਹੈ ਕਿ ਇਨ੍ਹਾਂ ਦੇ ਪੌਦੇ ਰਾਈਜ਼ੋਬੀਅਮ ਬੈਕਟੀਰੀਆ ਦੀ ਮਦਦ ਨਾਲ ਹਵਾ ਵਿੱਚੋਂ ਨਾਈਟ੍ਰੋਜਨ ਲੈ ਕੇ ਮਿੱਟੀ ਵਿੱਚ ਜਮ੍ਹਾ ਕਰਦੇ ਹਨ।"

"ਇਸ ਨੂੰ ਜੜ੍ਹਾਂ ਵਿੱਚ ਬਣਨ ਵਾਲੀਆਂ ਗੰਢਾਂ ਰਾਹੀਆਂ ਦੇਖਿਆ ਜਾ ਸਕਦਾ ਹੈ। ਨਤੀਜੇ ਵਜੋਂ, ਫਲੀਦਾਰ ਫਸਲਾਂ ਨੂੰ ਨਾਈਟ੍ਰੋਜਨ ਲਈ ਯੂਰੀਆ ਜਿਹੀਆਂ ਵਾਧੂ ਰਸਾਇਣਕ ਖਾਦਾਂ ਦੇਣ ਦੀ ਲੋੜ ਨਹੀਂ ਪੈਂਦੀ। ਖੁਸ਼ਕ ਮੌਸਮ ਵਿੱਚ ਕਿਸਾਨ ਫਸਲਾਂ ਨੂੰ ਰਸਾਇਣਕ ਖਾਦਾਂ ਨਹੀਂ ਦੇ ਸਕਦੇ, ਪਰ ਕਿਉਂਕਿ ਫਲੀਦਾਰ ਫਸਲਾਂ ਖੁਦ ਨਾਈਟ੍ਰੋਜਨ ਪ੍ਰਾਪਤ ਕਰ ਲੈਂਦੀਆਂ ਹਨ, ਇਸ ਲਈ ਜਦੋਂ ਵੀ ਹਾਲਾਤ ਅਨੁਕੂਲ ਹੁੰਦੇ ਹਨ, ਪੌਦਾ ਆਪਣਾ ਜੀਵਨ ਚੱਕਰ ਜਾਰੀ ਰੱਖਦਾ ਹੈ।"

ਉਨ੍ਹਾਂ ਨੇ ਅੱਗੇ ਕਿਹਾ ਕਿ ਦਾਲਾਂ ਦੀਆਂ ਫਸਲਾਂ 70 ਦਿਨਾਂ ਵਿੱਚ ਤਿਆਰ ਹੋ ਜਾਂਦੀਆਂ ਹਨ।

ਪ੍ਰੋਫੈਸਰ ਪਟੇਲ ਦੱਸਦੇ ਹਨ ਕਿ ਤਿੱਲ ਵੀ ਇੱਕ ਅਜਿਹੀ ਫਸਲ ਹੈ ਜੋ ਖੁਸ਼ਕ ਮੌਸਮ ਵਿੱਚ ਜਿਉਂਦੀ ਰਹਿੰਦੀ ਹੈ ਅਤੇ ਇਸ ਨੂੰ ਮੁੱਖ ਫਸਲ, ਅੰਤਰ ਫਸਲ ਜਾਂ ਮਿਸ਼ਰਤ ਫਸਲ ਵਜੋਂ ਉਗਾਇਆ ਜਾ ਸਕਦਾ ਹੈ।

ਪ੍ਰੋਫੈਸਰ ਪਟੇਲ ਕਹਿੰਦੇ ਹਨ, "ਕਿਉਂਕਿ ਤਿਲ ਦੇ ਪੌਦਿਆਂ ਵਿੱਚ ਪੱਤਿਆਂ ਦੀ ਗਿਣਤੀ ਘੱਟ ਹੁੰਦੀ ਹੈ, ਇਸ ਲਈ ਇਸ ਦੇ ਵਿਕਾਸ ਲਈ ਘੱਟ ਨਮੀ ਦੀ ਲੋੜ ਹੁੰਦੀ ਹੈ। ਨਾਲ ਹੀ, ਜੇਕਰ ਪੌਦੇ ਦੇ ਫੁਟਾਰੇ ਤੋਂ ਪਹਿਲਾਂ ਸੁੱਕਾ ਮੌਸਮ ਆ ਜਾਵੇ ਤਾਂ ਵੀ ਮੁੱਖ ਤਣੇ 'ਤੇ ਫਲੀਆਂ ਬਣ ਜਾਂਦੀਆਂ ਹਨ ਅਤੇ ਪੌਦਾ ਕੁਝ ਮਾਤਰਾ ਵਿੱਚ ਬੀਜ ਪੈਦਾ ਕਰ ਦਿੰਦਾ ਹੈ।"

ਬੀਬੀਸੀ ਲਈ ਕਲੈਕਟਿਵ ਨਿਊਜ਼ਰੂਮ ਵੱਲੋਂ ਪ੍ਰਕਾਸ਼ਿਤ

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTER, WhatsApp ਅਤੇ YouTube 'ਤੇ ਜੁੜੋ।)