ਪਿੱਤੇ ਦੀ ਪੱਥਰੀ ਕਿਵੇਂ ਬਣਦੀ ਹੈ, ਇਹ ਔਰਤਾਂ ਨੂੰ ਵੱਧ ਪ੍ਰਭਾਵਿਤ ਕਿਉਂ ਕਰਦੀ ਹੈ, ਲੱਛਣ ਅਤੇ ਇਲਾਜ ਨਾਲ ਜੁੜੀਆਂ 14 ਅਹਿਮ ਗੱਲਾਂ ਜਾਣੋ

ਸੰਕੇਤਕ ਤਸਵੀਰ

ਤਸਵੀਰ ਸਰੋਤ, Getty Images

ਤਸਵੀਰ ਕੈਪਸ਼ਨ, ਪਿੱਤੇ ਦੀ ਪੱਥਰੀ ਦੁਨੀਆ ਭਰ ਵਿੱਚ ਪਾਈ ਜਾਣ ਵਾਲੀ ਇੱਕ ਆਮ ਪਾਚਨ ਪ੍ਰਣਾਲੀ ਨਾਲ ਸਬੰਧਤ ਬਿਮਾਰੀ ਹੈ (ਸੰਕੇਤਕ ਤਸਵੀਰ)
    • ਲੇਖਕ, ਡਾ. ਹਿਮਾਨੀ
    • ਰੋਲ, ਰੇਡੀਏਸ਼ਨ ਕੈਂਸਰ ਮਾਹਰ, ਬੀਬੀਸੀ ਲਈ
  • ਪ੍ਰਕਾਸ਼ਿਤ
  • ਪੜ੍ਹਨ ਦਾ ਸਮਾਂ: 8 ਮਿੰਟ

"ਅਚਾਨਕ ਮੇਰੇ ਢਿੱਡ ਦੇ ਸੱਜੇ ਪਾਸੇ ਬਹੁਤ ਤੇਜ਼ ਦਰਦ ਹੋਣ ਲੱਗਾ। ਮੈਨੂੰ ਲੱਗਿਆ ਕਿ ਇਹ ਗੈਸ ਕਾਰਨ ਹੋਵੇਗਾ। ਦਵਾਈ ਲੈਣ ਦੇ ਬਾਵਜੂਦ ਦਰਦ ਘੱਟ ਨਾ ਹੋਇਆ। ਆਖਿਰਕਾਰ ਜਾਂਚ ਕਰਵਾਉਣ 'ਤੇ ਪਤਾ ਲੱਗਾ ਕਿ ਮੈਨੂੰ ਪਿੱਤੇ ਦੀ ਪੱਥਰੀ ਹੈ।"

ਕਈ ਲੋਕ ਅਜਿਹੇ ਤਜਰਬੇ ਸਾਂਝੇ ਕਰਦੇ ਹਨ।

ਪਿੱਤੇ ਦੀ ਪੱਥਰੀ ਦੁਨੀਆ ਭਰ ਵਿੱਚ ਪਾਈ ਜਾਣ ਵਾਲੀ ਇੱਕ ਆਮ ਪਾਚਨ ਪ੍ਰਣਾਲੀ ਨਾਲ ਸਬੰਧਤ ਬਿਮਾਰੀ ਹੈ।

ਇਸ ਨਾਲ ਪੀੜਤ ਕਈ ਲੋਕਾਂ ਵਿੱਚ ਸਾਲਾਂ ਤੱਕ ਕੋਈ ਲੱਛਣ ਦਿਖਾਈ ਨਹੀਂ ਦਿੰਦੇ ਪਰ ਕੁਝ ਲੋਕਾਂ ਵਿੱਚ ਇਹ ਗੰਭੀਰ ਸਮੱਸਿਆਵਾਂ ਪੈਦਾ ਕਰ ਸਕਦੀ ਹੈ, ਜਿਵੇਂ ਕਿ ਗੰਭੀਰ ਦਰਦ, ਇਨਫੈਕਸ਼ਨ, ਪੀਲੀਆ ਅਤੇ ਪੈਨਕਰੀਆਸ ਵਿੱਚ ਸੋਜ।

ਜੇ ਸਮੇਂ ਸਿਰ ਇਸ ਦੀ ਪਛਾਣ ਅਤੇ ਸਹੀ ਇਲਾਜ ਹੋ ਜਾਵੇ ਤਾਂ ਇਸ ਨੂੰ ਪੂਰੇ ਤਰੀਕੇ ਨਾਲ ਠੀਕ ਕੀਤਾ ਜਾ ਸਕਦਾ ਹੈ।

1. ਪਿੱਤਾ ਕੀ ਹੁੰਦਾ ਹੈ ?

ਸੰਕੇਤਕ ਤਸਵੀਰ

ਤਸਵੀਰ ਸਰੋਤ, Getty Images

ਤਸਵੀਰ ਕੈਪਸ਼ਨ, ਪਿੱਤਾ ਜਿਗਰ (ਲਿਵਰ) ਦੇ ਹੇਠਾਂ ਸਥਿਤ ਇੱਕ ਛੋਟਾ ਥੈਲੀਨੁਮਾ ਅੰਗ ਹੁੰਦਾ ਹੈ (ਸੰਕੇਤਕ ਤਸਵੀਰ)

ਪਿੱਤਾ ਜਿਗਰ (ਲਿਵਰ) ਦੇ ਹੇਠਾਂ ਸਥਿਤ ਇੱਕ ਛੋਟਾ ਥੈਲੀਨੁਮਾ ਅੰਗ ਹੁੰਦਾ ਹੈ। ਇਸ ਦੀ ਲੰਬਾਈ 7 ਤੋਂ 10 ਸੈਂਟੀਮੀਟਰ ਹੁੰਦੀ ਹੈ।

ਇਸ ਦਾ ਮੁੱਖ ਕੰਮ ਲਿਵਰ ਵੱਲੋਂ ਹਰ ਰੋਜ਼ ਬਣਾਏ ਜਾਣ ਵਾਲੇ ਪਿੱਤ ਨੂੰ ਅਸਥਾਈ ਤੌਰ 'ਤੇ ਇਕੱਠਾ ਕਰਨਾ ਹੁੰਦਾ ਹੈ।

ਜਦੋਂ ਤੁਸੀਂ ਚਰਬੀ ਵਾਲਾ ਭੋਜਨ ਖਾਂਦੇ ਹੋ ਤਾਂ ਇਹ ਪਿੱਤ ਛੋਟੀ ਅੰਤੜੀ ਵਿੱਚ ਛੱਡਿਆ ਜਾਂਦਾ ਹੈ, ਜਿੱਥੇ ਇਹ ਚਰਬੀ ਨੂੰ ਪਚਾਉਣ ਵਿੱਚ ਮਦਦ ਕਰਦਾ ਹੈ।

2. ਪਿੱਤੇ ਦੀ ਪੱਥਰੀ ਕਿਵੇਂ ਬਣਦੀ ਹੈ ?

ਪਿੱਤੇ ਵਿੱਚ ਮੁੱਖ ਤੌਰ 'ਤੇ ਤਿੰਨ ਤੱਤ ਹੁੰਦੇ ਹਨ:

  • ਕੋਲੇਸਟਰੋਲ
  • ਪਿੱਤ ਲਵਣ
  • ਬਿਲੀਰੂਬਿਨ

ਜਦੋਂ ਇਨ੍ਹਾਂ ਤਿੰਨਾਂ ਤੱਤਾਂ ਦਾ ਸੰਤੁਲਨ ਵਿਗੜ ਜਾਂਦਾ ਹੈ ਤਾਂ ਛੋਟੇ-ਛੋਟੇ ਕ੍ਰਿਸਟਲ ਬਣ ਜਾਂਦੇ ਹਨ। ਸਮੇਂ ਦੇ ਨਾਲ ਇਹ ਕ੍ਰਿਸਟਲ ਵੱਡੇ ਹੋ ਜਾਂਦੇ ਹਨ ਅਤੇ ਪੱਥਰੀ ਦਾ ਰੂਪ ਧਾਰ ਲੈਂਦੇ ਹਨ।

ਪਿੱਤੇ ਦੀ ਪੱਥਰੀ ਬਣਨ ਦੇ ਮੁੱਖ ਕਾਰਨ:

  • ਪਿੱਤ ਵਿੱਚ ਕੋਲੇਸਟਰੋਲ ਦੀ ਮਾਤਰਾ ਵੱਧ ਹੋਣਾ।
  • ਪਿੱਤੇ ਨੂੰ ਪੂਰੀ ਤਰ੍ਹਾਂ ਖਾਲੀ ਕਰਨ ਵਿੱਚ ਸਮਰਥ ਨਾ ਹੋਣਾ।
  • ਬਿਲੀਰੂਬਿਨ ਦਾ ਬਹੁਤ ਜ਼ਿਆਦਾ ਉਤਪਾਦਨ।
  • ਪਿੱਤੇ ਵਿੱਚ ਇਨਫੈਕਸ਼ਨ ਜਾਂ ਸੋਜ ਹੋਣਾ।

3. ਪਿੱਤੇ ਦੀ ਪੱਥਰੀ ਕਿੰਨੇ ਤਰ੍ਹਾਂ ਦੀ ਹੁੰਦੀ ਹੈ ?

ਸੰਕੇਤਕ ਤਸਵੀਰ

ਤਸਵੀਰ ਸਰੋਤ, Getty Images

ਤਸਵੀਰ ਕੈਪਸ਼ਨ, ਭਾਰਤ ਵਿੱਚ ਪਿੱਤੇ ਦੀ ਪੱਥਰੀ ਇੱਕ ਗੰਭੀਰ ਸਿਹਤ ਸਮੱਸਿਆ ਬਣਦੀ ਜਾ ਰਹੀ ਹੈ (ਸੰਕੇਤਕ ਤਸਵੀਰ)

1. ਕੋਲੇਸਟਰੋਲ ਦੀ ਪੱਥਰੀ

ਇਸ ਤਰ੍ਹਾਂ ਦੀ ਪੱਥਰੀ ਸਭ ਤੋਂ ਆਮ ਹੈ ਜੋ 80 ਫ਼ੀਸਦੀ ਮਾਮਲਿਆਂ ਵਿੱਚ ਬਣਦੀ ਹੈ।

2. ਪਿਗਮੈਂਟ ਪੱਥਰੀ

ਇਹ ਲੱਛਣ ਬਿਲੀਰੂਬਿਨ ਦਾ ਪੱਧਰ ਵਧਣ ਨਾਲ ਪੈਦਾ ਹੁੰਦੇ ਹਨ। ਇਹ ਆਮ ਤੌਰ 'ਤੇ ਜਿਗਰ ਦੀਆਂ ਬਿਮਾਰੀਆਂ ਜਾਂ ਕੁਝ ਖੂਨ ਨਾਲ ਸਬੰਧਤ ਬਿਮਾਰੀਆਂ 'ਚ ਵਿਕਸਿਤ ਹੁੰਦੇ ਹਨ।

3. ਮਿਸ਼ਰਤ ਪੱਥਰੀ

ਇਹ ਕੋਲੇਸਟਰੋਲ, ਕੈਲਸ਼ੀਅਮ ਅਤੇ ਬਿਲੀਰੂਬਿਨ ਦੇ ਮਿਲਾਪ ਨਾਲ ਬਣਦੀ ਹੈ।

4. ਸਭ ਤੋਂ ਵੱਧ ਖ਼ਤਰਾ ਕਿਸ ਨੂੰ ਹੁੰਦਾ ਹੈ ?

ਡਾਕਟਰ "5ਐੱਫ ਫਾਰਮੂਲਾ" ਨੂੰ ਯਾਦ ਰੱਖਦੇ ਹਨ।

  • ਫੀਮੇਲ: ਔਰਤਾਂ ਵਿੱਚ ਇਹ ਸਮੱਸਿਆ ਵੱਧ ਹੁੰਦੀ ਹੈ।
  • ਫੋਰਟੀ: 40 ਸਾਲ ਤੋਂ ਵੱਧ ਉਮਰ ਦੇ ਲੋਕ
  • ਫੈਟ: ਸਰੀਰ ਦਾ ਵਾਧੂ ਭਾਰ
  • ਫਰਟਾਈਲ: ਇੱਕ ਮਹਿਲਾ ਜੋ ਗਰਭਵਤੀ ਹੋ ਸਕਦੀ ਹੈ
  • ਫੇਅਰ: ਪੱਛਮੀ ਦੇਸ਼ਾਂ ਵਿੱਚ ਰਹਿਣ ਵਾਲੇ ਗੋਰੀ ਚਮੜੀ ਵਾਲੇ ਲੋਕ

ਇਨ੍ਹਾਂ ਵਿੱਚੋਂ ਕਈ ਜੋਖ਼ਮ ਕਾਰਕ ਭਾਰਤੀਆਂ 'ਤੇ ਵੀ ਲਾਗੂ ਹੁੰਦੇ ਹਨ।

5. ਹੋਰ ਜੋਖ਼ਮ ਕਾਰਕ ਕੀ ਹਨ ?

  • ਮੋਟਾਪਾ
  • ਸ਼ੂਗਰ
  • ਹਾਈ ਕੋਲੇਸਟਰੋਲ
  • ਗਰਭਧਾਰਣ
  • ਐਸਟ੍ਰੋਜਨ ਹਾਰਮੋਨ ਦਵਾਈਆਂ
  • ਪਰਿਵਾਰ ਵਿੱਚ ਪਹਿਲਾਂ ਕਿਸੇ ਨੂੰ ਪਿੱਤੇ ਦੀ ਪੱਥਰੀ ਹੋਣਾ
  • ਲੰਬੇ ਸਮੇਂ ਤੱਕ ਵਰਤ ਰੱਖਣਾ ਜਾਂ ਭੁੱਖੇ ਰਹਿਣਾ
  • ਤੇਜ਼ੀ ਨਾਲ ਭਾਰ ਘਟਣਾ
  • ਬਹੁਤ ਜ਼ਿਆਦਾ ਚਰਬੀ ਵਾਲਾ ਭੋਜਨ
  • ਘੱਟ ਫਾਈਬਰ ਵਾਲਾ ਭੋਜਨ
  • ਜਿਗਰ ਦੀਆਂ ਬਿਮਾਰੀਆਂ
  • ਹੀਮੋਲਿਟਿਕ ਐਨੀਮੀਆ
  • ਵੱਧਦੀ ਉਮਰ

ਭਾਰਤ ਵਿੱਚ ਪਿੱਤੇ ਦੀ ਪੱਥਰੀ ਇੱਕ ਗੰਭੀਰ ਸਿਹਤ ਸਮੱਸਿਆ ਬਣਦੀ ਜਾ ਰਹੀ ਹੈ। ਆਬਾਦੀ ਦੇ 5 ਤੋਂ 15 ਫ਼ੀਸਦੀ ਲੋਕ ਆਪਣੀ ਜ਼ਿੰਦਗੀ ਵਿੱਚ ਘੱਟੋ-ਘੱਟ ਇੱਕ ਵਾਰ ਪਿੱਤੇ ਦੀ ਪੱਥਰੀ ਤੋਂ ਪੀੜਤ ਹੋਣਗੇ।

ਇਹ ਸਮੱਸਿਆ ਮਰਦਾਂ ਦੇ ਮੁਕਾਬਲੇ ਔਰਤਾਂ ਵਿੱਚ 2 ਤੋਂ 3 ਗੁਣਾ ਵੱਧ ਪਾਈ ਜਾਂਦੀ ਹੈ ਅਤੇ 40 ਸਾਲ ਦੀ ਉਮਰ ਤੋਂ ਬਾਅਦ ਇਸ ਦਾ ਖ਼ਤਰਾ ਵੱਧ ਜਾਂਦਾ ਹੈ।

ਇਹ ਸਮੱਸਿਆ ਨੌਜਵਾਨਾਂ ਵਿੱਚ ਵੀ ਦੇਖੀ ਜਾਂਦੀ ਹੈ, ਜਿਸ ਦੇ ਕਾਰਨ ਮੋਟਾਪਾ ਵਧਣਾ, ਕਸਰਤ ਵਿੱਚ ਕਮੀ ਆਉਣਾ ਅਤੇ ਫਾਸਟ ਫੂਡ ਦਾ ਵੱਧ ਸੇਵਨ ਹਨ।

6. ਪਿੱਤੇ ਦੀ ਪੱਥਰੀ ਦੇ ਲੱਛਣ ਕੀ ਹਨ ?

ਸੰਕੇਤਕ ਤਸਵੀਰ

ਤਸਵੀਰ ਸਰੋਤ, Getty Images

ਤਸਵੀਰ ਕੈਪਸ਼ਨ, ਆਮ ਤੌਰ 'ਤੇ ਪਿੱਤੇ ਦੀ ਪੱਥਰੀ ਦੇ ਲੱਛਣ ਜਲਦੀ ਨਜ਼ਰ ਨਹੀਂ ਆਉਂਦੇ, ਅਲਟਰਾਸਾਊਂਡ ਦੌਰਾਨ ਇਸ ਦਾ ਪਤਾ ਲੱਗਦਾ ਹੈ (ਸੰਕੇਤਕ ਤਸਵੀਰ)

ਜ਼ਿਆਦਾਤਰ ਲੋਕਾਂ ਵਿੱਚ ਅਲਟਰਾਸਾਊਂਡ ਦੌਰਾਨ ਸੰਜੋਗ ਨਾਲ ਇਸ ਬਿਮਾਰੀ ਦਾ ਪਤਾ ਲੱਗਦਾ ਹੈ।

ਲੱਛਣ ਕਦੋਂ ਦਿਖਾਈ ਦਿੰਦੇ ਹਨ ?

  • ਪੇਟ ਦੇ ਸੱਜੇ ਪਾਸੇ ਤੇਜ਼ ਦਰਦ (ਪਿੱਤ ਨਲਿਕਾ 'ਚ ਦਰਦ)
  • ਮੋਢੇ ਜਾਂ ਪਿੱਠ ਤੱਕ ਫੈਲਣ ਵਾਲਾ ਦਰਦ
  • ਚਰਬੀ ਵਾਲਾ ਭੋਜਨ ਖਾਣ ਤੋਂ ਬਾਅਦ ਦਰਦ ਹੋਣਾ
  • ਘਬਰਾਹਟ ਹੋਣਾ
  • ਉਲਟੀਆਂ
  • ਬਦਹਜ਼ਮੀ
  • ਢਿੱਡ ਫੁੱਲਣਾ
  • ਗੈਸ ਬਣਨਾ

ਖ਼ਤਰੇ ਦੇ ਸੰਕੇਤ

ਜੇਕਰ ਤੁਹਾਨੂੰ ਹੇਠਾਂ ਦਿੱਤੇ ਲੱਛਣ ਹੋਣ ਤਾਂ ਯਕੀਨੀ ਤੌਰ 'ਤੇ ਹਸਪਤਾਲ ਜਾਣਾ ਚਾਹੀਦਾ ਹੈ

  • ਬੁਖ਼ਾਰ
  • ਕੰਬਣੀ ਛਿੜਨਾ
  • ਪੀਲੀਆ
  • ਅੱਖਾਂ ਦਾ ਪੀਲਾ ਹੋਣਾ
  • ਪਿਸ਼ਾਬ ਦਾ ਗੂੜ੍ਹਾ ਰੰਗ
  • ਸਫ਼ੈਦ ਜਾਂ ਫਿੱਕੇ ਰੰਗ ਦਾ ਮਲ
  • ਢਿੱਡ ਵਿੱਚ ਬਹੁਤ ਤੇਜ਼ ਦਰਦ
  • ਲਗਾਤਾਰ ਉਲਟੀਆਂ ਹੋਣਾ

7. ਪਿੱਤੇ ਦੀ ਪੱਥਰੀ ਦੀ ਜਾਂਚ ਕਿਵੇਂ ਕੀਤੀ ਜਾਂਦੀ ਹੈ?

  • ਅਲਟਰਾਸਾਊਂਡ: ਇਹ ਇੱਕ ਬਹੁਤ ਹੀ ਆਸਾਨ, ਘੱਟ ਲਾਗਤ ਵਾਲਾ ਅਤੇ ਬਹੁਤ ਸਟੀਕ ਟੈਸਟ ਹੈ
  • ਖੂਨ ਦੀ ਜਾਂਚ: ਸੀਬੀਸੀ, ਲਿਵਰ ਫੰਕਸ਼ਨ ਟੈਸਟ, ਸੀਰਮ ਬਿਲੀਰੂਬਿਨ ਅਤੇ ਲਿਵਰ ਐਂਜ਼ਾਈਮ।
  • ਐਮਆਰਸੀਪੀ
  • ਸੀਟੀ ਸਕੈਨ: ਪਿੱਤ ਦੀਆਂ ਨਲੀਆਂ ਵਿੱਚ ਪੱਥਰੀ ਦਾ ਸ਼ੱਕ ਹੋਣ 'ਤੇ ਸੀਟੀ ਸਕੈਨ ਕਰਵਾਓ
  • ਈਆਰਸੀਪੀ: ਇਸ ਦੀ ਵਰਤੋਂ ਸਿਰਫ਼ ਪੱਥਰੀ ਦਾ ਪਤਾ ਲਗਾਉਣ ਲਈ ਹੀ ਨਹੀਂ, ਸਗੋਂ ਕੁਝ ਮਾਮਲਿਆਂ ਵਿੱਚ ਪੱਥਰੀ ਕੱਢਣ ਲਈ ਵੀ ਕੀਤੀ ਜਾਂਦੀ ਹੈ।

8. ਮੌਜੂਦਾ ਇਲਾਜ ਕੀ ਹਨ?

  • ਜਿਨ੍ਹਾਂ ਲੋਕਾਂ 'ਚ ਗੁਰਦੇ ਦੀ ਪੱਥਰੀ ਦੇ ਕੋਈ ਲੱਛਣ ਨਹੀਂ ਦਿਸਦੇ, ਉਨ੍ਹਾਂ ਵਿੱਚੋਂ ਜ਼ਿਆਦਾਤਰ ਨੂੰ ਕਿਸੇ ਇਲਾਜ ਦੀ ਲੋੜ ਨਹੀਂ ਹੁੰਦੀ।
  • ਡਾਕਟਰ ਦੀ ਨਿਗਰਾਨੀ ਹੇਠ ਰਹਿਣਾ ਹੀ ਕਾਫ਼ੀ ਹੁੰਦਾ ਹੈ।
  • ਜੇਕਰ ਲੱਛਣ ਬਣੇ ਰਹਿੰਦੇ ਹਨ ਅਤੇ ਦਰਦ ਦੁਬਾਰਾ ਹੁੰਦਾ ਹੈ ਤਾਂ ਸਰਜਰੀ ਬਹੁਤ ਚੰਗਾ ਹੱਲ ਹੈ।
  • ਲੈਪਰੋਸਕੋਪਿਕ ਕੋਲੇਸਿਸਟੈਕਟਮੀ: ਇਹ ਮੌਜੂਦਾ ਸਮੇਂ ਵਿੱਚ ਵਿਸ਼ਵ ਪੱਧਰ 'ਤੇ ਇੱਕ ਮਿਆਰੀ ਇਲਾਜ ਤਕਨੀਕ ਹੈ, ਜਿਸ ਜ਼ਰੀਏ ਪਿੱਤੇ ਨੂੰ ਕੱਢਿਆ ਜਾਂਦਾ ਹੈ।
  • ਲੈਪਰੋਸਕੋਪਿਕ ਸਰਜਰੀ ਦੇ ਫਾਇਦੇ:
  • ਛੋਟੇ ਚੀਰੇ
  • ਘੱਟ ਦਰਦ
  • ਘੱਟ ਖੂਨ ਵਗਣਾ
  • ਜਲਦੀ ਸਿਹਤਯਾਬੀ
  • ਇੱਕ-ਦੋ ਦਿਨਾਂ ਵਿੱਚ ਹਸਪਤਾਲ ਤੋਂ ਛੁੱਟੀ
  • ਜਲਦੀ ਠੀਕ ਹੋਣਾ

9. ਐਮਰਜੈਂਸੀ ਸਰਜਰੀ ਦੀ ਲੋੜ ਕਦੋਂ ਪੈਂਦੀ ਹੈ ?

ਸੰਕੇਤਕ ਤਸਵੀਰ

ਤਸਵੀਰ ਸਰੋਤ, Getty Images

ਤਸਵੀਰ ਕੈਪਸ਼ਨ, ਕੁਝ ਖ਼ਾਸ ਹਾਲਾਤਾਂ ਵਿੱਚ ਪਿੱਤੇ ਦੀ ਪੱਥਰੀ ਲਈ ਦਵਾਈਆਂ ਦਿੱਤੀਆਂ ਜਾ ਸਕਦੀਆਂ ਪਰ ਇਹ ਸਾਰਿਆਂ ਲਈ ਕਾਰਗਰ ਨਹੀਂ ਹੁੰਦੀਆਂ (ਸੰਕੇਤਕ ਤਸਵੀਰ)
  • ਪਿੱਤੇ ਦੀ ਤੀਬਰ ਸੋਜ
  • ਪਿੱਤਾ ਫਟਣ ਦਾ ਖ਼ਤਰਾ
  • ਪਿੱਤ ਦੀ ਨਲੀ ਵਿੱਚ ਰੁਕਾਵਟ
  • ਪੈਨਕਰੀਆਜ਼ ਦੀ ਸੋਜ
  • ਗੰਭੀਰ ਇਨਫੈਕਸ਼ਨ

ਕੀ ਦਵਾਈ ਨਾਲ ਪਿੱਤੇ ਦੀ ਪੱਥਰੀ ਘੁਲ ਸਕਦੀ ਹੈ ?

ਕੁਝ ਖ਼ਾਸ ਹਾਲਾਤਾਂ ਵਿੱਚ ਦਵਾਈਆਂ ਦੀ ਵਰਤੋਂ ਕੀਤੀ ਜਾ ਸਕਦੀ ਹੈ, ਪਰ ਇਹ ਸਾਰਿਆਂ ਲਈ ਕਾਰਗਰ ਨਹੀਂ ਹੁੰਦੀਆਂ।

ਛੋਟੀ ਕੋਲੇਸਟਰੋਲ ਪੱਥਰੀ ਵਾਲੇ ਕੁਝ ਲੋਕਾਂ ਵਿੱਚ ਦਵਾਈ ਮਦਦਗਾਰ ਹੋ ਸਕਦੀ ਹੈ।

ਇਨ੍ਹਾਂ ਦੇ ਇਲਾਜ 'ਚ ਮਹੀਨੇ ਜਾਂ ਸਾਲ ਵੀ ਲੱਗ ਸਕਦੇ ਹਨ ਪਰ ਪੱਥਰੀ ਦੇ ਦੁਬਾਰਾ ਹੋਣ ਦਾ ਖਤਰਾ ਵੱਧ ਹੁੰਦਾ ਹੈ। ਇਸ ਲਈ ਸਰਜਰੀ ਨੂੰ ਸਥਾਈ ਹੱਲ ਮੰਨਿਆ ਜਾਂਦਾ ਹੈ।

10. ਕੀ ਪਿੱਤਾ ਕੱਢਣਾ ਖਤਰਨਾਕ ਹੈ?

ਇਹ ਉਹ ਸਵਾਲ ਹੈ ਜਿਸ ਤੋਂ ਕਈ ਲੋਕ ਡਰਦੇ ਹਨ।

ਪਿੱਤਾ ਕੱਢਣ ਤੋਂ ਬਾਅਦ ਵੀ ਜਿਗਰ (ਲਿਵਰ) ਪਿੱਤ ਬਣਾਉਂਦਾ ਰਹਿੰਦਾ ਹੈ, ਜੋ ਸਿੱਧਾ ਛੋਟੀ ਅੰਤੜੀ ਵਿੱਚ ਚਲਾ ਜਾਂਦਾ ਹੈ।

ਇਸ ਲਈ ਬਹੁਤ ਸਾਰੇ ਲੋਕ ਪੂਰੀ ਤਰ੍ਹਾਂ ਸਧਾਰਨ ਜੀਵਨ ਜਿਉਣ ਦੇ ਸਮਰੱਥ ਹਨ।

11. ਇਲਾਜ ਵਿੱਚ ਦੇਰੀ ਹੋਣ 'ਤੇ ਕੀ ਹੁੰਦਾ ਹੈ ?

ਸੰਕੇਤਕ ਤਸਵੀਰ

ਤਸਵੀਰ ਸਰੋਤ, Getty Images

ਤਸਵੀਰ ਕੈਪਸ਼ਨ, ਅੱਜ-ਕੱਲ੍ਹ ਪਿੱਤੇ ਦੀ ਪੱਥਰੀ ਆਮ ਗੱਲ ਹੈ ਪਰ ਇਸ ਨੂੰ ਨਜ਼ਰਅੰਦਾਜ਼ ਨਹੀਂ ਕਰਨਾ ਚਾਹੀਦਾ (ਸੰਕੇਤਕ ਤਸਵੀਰ)
  • ਪਿੱਤੇ ਦੀ ਤੀਬਰ ਸੋਜ
  • ਪਿੱਤੇ ਵਿੱਚ ਫੋੜਾ
  • ਪਿੱਤੇ ਦੇ ਟਿਸ਼ੂਆਂ ਦਾ ਨਸ਼ਟ ਹੋਣਾ
  • ਪਿੱਤੇ ਵਿੱਚ ਛੇਦ ਹੋ ਜਾਣਾ
  • ਰੁਕਾਵਟ ਕਾਰਨ ਪੀਲੀਆ
  • ਪਿੱਤ ਦੀਆਂ ਨਲੀਆਂ ਦਾ ਇਨਫੈਕਸ਼ਨ
  • ਪੈਨਕਰੀਆਜ਼ ਦੀ ਸੋਜ
  • ਅੰਤੜੀਆਂ ਵਿੱਚ ਰੁਕਾਵਟ
  • ਪਿੱਤੇ ਦਾ ਕੈਂਸਰ ਹੋਣ ਦਾ ਵੀ ਇੱਕ ਦੁਰਲਭ ਜ਼ੋਖਮ ਹੁੰਦਾ ਹੈ

12. ਕੀ ਪਿੱਤੇ ਦੀ ਪੱਥਰੀ ਤੋਂ ਬਚਾਅ ਕੀਤਾ ਜਾ ਸਕਦਾ ਹੈ ?

ਸੰਕੇਤਕ ਤਸਵੀਰ

ਤਸਵੀਰ ਸਰੋਤ, Getty Images

ਤਸਵੀਰ ਕੈਪਸ਼ਨ, ਸਿਹਤਮੰਦ ਜੀਵਨਸ਼ੈਲੀ ਨਾਲ ਇਸ ਦੇ ਖ਼ਤਰੇ ਨੂੰ ਕਾਫ਼ੀ ਹੱਦ ਤੱਕ ਘਟਾਇਆ ਜਾ ਸਕਦਾ ਹੈ (ਸੰਕੇਤਕ ਤਸਵੀਰ)
  • ਭਾਵੇਂ 100 ਫ਼ੀਸਦੀ ਬਚਾਅ ਸੰਭਵ ਨਹੀਂ ਹੈ, ਪਰ ਜ਼ੋਖਮ ਨੂੰ ਕਾਫ਼ੀ ਹੱਦ ਤੱਕ ਘੱਟ ਕੀਤਾ ਜਾ ਸਕਦਾ ਹੈ।
  • ਸਿਹਤਮੰਦ ਸਰੀਰਕ ਭਾਰ ਬਣਾਈ ਰੱਖੋ।
  • ਮੋਟਾਪਾ ਘਟਾਓ ਪਰ ਵਜ਼ਨ ਵਿੱਚ ਕਮੀ ਅਚਾਨਕ ਨਹੀਂ ਹੋਣੀ ਚਾਹੀਦੀ
  • ਵਜ਼ਨ ਘਟਾਉਣ ਦੇ ਅਜਿਹੇ ਤਰੀਕਿਆਂ ਤੋਂ ਪਰਹੇਜ਼ ਕਰੋ ਜਿਨ੍ਹਾਂ ਨਾਲ ਇੱਕ ਮਹੀਨੇ ਵਿੱਚ 2 ਤੋਂ 4 ਕਿਲੋ ਤੋਂ ਵੱਧ ਭਾਰ ਘਟੇ।
  • ਹਰ ਰੋਜ਼ ਘੱਟੋ-ਘੱਟ 30 ਤੋਂ 45 ਮਿੰਟ ਕਸਰਤ ਕਰੋ।
  • ਫਲਾਂ, ਸਬਜ਼ੀਆਂ, ਅਨਾਜ ਅਤੇ ਫਾਈਬਰ ਨਾਲ ਭਰਪੂਰ ਸੰਤੁਲਿਤ ਭੋਜਨ ਖਾਓ।
  • ਫਾਸਟ ਫੂਡ, ਤਲੀਆਂ ਚੀਜ਼ਾਂ, ਘਿਉ-ਮੱਖਣ, ਟਰਾਂਸ ਫੈਟ ਅਤੇ ਜ਼ਿਆਦਾ ਖੰਡ ਵਾਲੇ ਖਾਦ ਪਦਾਰਥ ਘੱਟ ਖਾਓ।
  • ਹਰ ਰੋਜ਼ ਲੋੜੀਂਦੀ ਮਾਤਰਾ ਵਿੱਚ ਪਾਣੀ ਪੀਓ।
  • ਜੇ ਸ਼ੂਗਰ ਹੈ ਤਾਂ ਇਸ ਨੂੰ ਕੰਟਰੋਲ ਵਿੱਚ ਰੱਖਣ ਨਾਲ ਜ਼ੋਖਮ ਘੱਟ ਹੋ ਜਾਂਦਾ ਹੈ

13. ਪਿੱਤੇ ਦੀ ਪੱਥਰੀ ਬਾਰੇ ਆਮ ਧਾਰਨਾਵਾਂ ਅਤੇ ਸੱਚਾਈ

ਧਾਰਨਾ: ਪਿੱਤੇ ਦੀ ਪੱਥਰੀ ਹੋਣ 'ਤੇ ਸਰਜਰੀ ਦੀ ਲੋੜ ਹੁੰਦੀ ਹੈ।

ਤੱਥ: ਜ਼ਿਆਦਾਤਰ ਅਜਿਹੇ ਲੋਕ ਜਿਨ੍ਹਾਂ 'ਚ ਕੋਈ ਲੱਛਣ ਨਹੀਂ ਦਿਸਦੇ, ਉਨ੍ਹਾਂ ਨੂੰ ਸਰਜਰੀ ਦੀ ਲੋੜ ਨਹੀਂ ਹੋਵੇਗੀ

ਧਾਰਨਾ: ਆਯੁਰਵੇਦ ਜਾਂ ਘਰੇਲੂ ਨੁਸਖ਼ਿਆਂ ਨਾਲ ਪੱਥਰੀ ਪੂਰੀ ਤਰ੍ਹਾਂ ਘੁਲ ਸਕਦੀ ਹੈ।

ਤੱਥ: ਇਸ ਦਾ ਕੋਈ ਵਿਗਿਆਨਕ ਸਬੂਤ ਨਹੀਂ ਹੈ। ਖੁਦ ਇਲਾਜ ਕਰਨਾ ਖ਼ਤਰਨਾਕ ਹੋ ਸਕਦਾ ਹੈ।

ਧਾਰਨਾ: ਪਿੱਤਾ ਕੱਢਣ ਨਾਲ ਤੁਹਾਨੂੰ ਜੀਵਨ ਭਰ ਪਾਚਨ ਸਬੰਧੀ ਸਮੱਸਿਆ ਰਹੇਗੀ

ਤੱਥ: ਜ਼ਿਆਦਾਤਰ ਲੋਕ ਆਮ ਜੀਵਨ ਜੀਉਂਦੇ ਹਨ।

14. ਤੁਹਾਨੂੰ ਡਾਕਟਰ ਕੋਲ ਕਦੋਂ ਜਾਣਾ ਚਾਹੀਦਾ ਹੈ ?

ਸੰਕੇਤਕ ਤਸਵੀਰ

ਤਸਵੀਰ ਸਰੋਤ, Getty Images

ਤਸਵੀਰ ਕੈਪਸ਼ਨ, ਜੇ ਤੁਹਾਨੂੰ ਢਿੱਡ ਦੇ ਸੱਜੇ ਉੱਪਰਲੇ ਹਿੱਸੇ ਵਿੱਚ ਵਾਰ-ਵਾਰ ਦਰਦ ਹੁੰਦਾ ਹੈ ਤਾਂ ਡਾਕਟਰ ਕੋਲ ਜਾਓ (ਸੰਕੇਤਕ ਤਸਵੀਰ)

ਜੇ ਤੁਹਾਨੂੰ ਹੇਠਾਂ ਲਿਖੇ ਵਿੱਚੋਂ ਕੋਈ ਵੀ ਲੱਛਣ ਦਿਖਾਈ ਦੇਵੇ ਤਾਂ ਬਿਨ੍ਹਾਂ ਦੇਰੀ ਕੀਤੇ ਹਸਪਤਾਲ ਜਾਣਾ ਚਾਹੀਦਾ ਹੈ।

  • ਪੇਟ ਦੇ ਸੱਜੇ ਉੱਪਰਲੇ ਹਿੱਸੇ ਵਿੱਚ ਤੇਜ਼ ਦਰਦ
  • ਦਰਦ ਜੋ 4 ਤੋਂ 6 ਘੰਟਿਆਂ ਤੋਂ ਵੱਧ ਸਮੇਂ ਤੱਕ ਰਹੇ
  • ਬੁਖ਼ਾਰ
  • ਉਲਟੀਆਂ
  • ਪੀਲੀਆ
  • ਅੱਖਾਂ ਦਾ ਪੀਲਾ ਪੈਣਾ
  • ਗੂੜ੍ਹੇ ਰੰਗ ਦਾ ਪਿਸ਼ਾਬ

ਹਾਲਾਂਕਿ ਅੱਜ-ਕੱਲ੍ਹ ਪਿੱਤੇ ਦੀ ਪੱਥਰੀ ਆਮ ਗੱਲ ਹੈ ਪਰ ਇਸ ਨੂੰ ਨਜ਼ਰਅੰਦਾਜ਼ ਨਹੀਂ ਕਰਨਾ ਚਾਹੀਦਾ। ਜ਼ਿਆਦਾਤਰ ਲੋਕਾਂ ਵਿੱਚ ਇਸ ਦੇ ਲੱਛਣ ਦਿਖਾਈ ਨਹੀਂ ਦਿੰਦੇ ਪਰ ਕੁਝ ਲੋਕਾਂ ਲਈ ਇਹ ਗੰਭੀਰ ਜਟਿਲਤਾਵਾਂ ਜਿਵੇਂ ਤੇਜ਼ ਦਰਦ, ਇਨਫੈਕਸ਼ਨ, ਪੀਲੀਆ ਅਤੇ ਪੈਨਕਰੀਆਜ਼ ਦੀ ਸੋਜ ਦਾ ਕਾਰਨ ਬਣ ਸਕਦੀ ਹੈ।

ਸਿਹਤਮੰਦ ਜੀਵਨਸ਼ੈਲੀ, ਸੰਤੁਲਿਤ ਭੋਜਨ, ਸਹੀ ਸਰੀਰਕ ਭਾਰ ਅਤੇ ਨਿਯਮਿਤ ਕਸਰਤ ਨਾਲ ਇਸ ਦੇ ਖ਼ਤਰੇ ਨੂੰ ਕਾਫ਼ੀ ਹੱਦ ਤੱਕ ਘਟਾਇਆ ਜਾ ਸਕਦਾ ਹੈ।

ਜੇ ਤੁਹਾਨੂੰ ਢਿੱਡ ਦੇ ਸੱਜੇ ਉੱਪਰਲੇ ਹਿੱਸੇ ਵਿੱਚ ਵਾਰ-ਵਾਰ ਦਰਦ ਹੁੰਦਾ ਹੈ ਤਾਂ ਖ਼ੁਦ ਦਵਾਈ ਲੈਣ ਦੀ ਬਜਾਏ ਡਾਕਟਰ ਨਾਲ ਸਲਾਹ ਕਰੋ ਅਤੇ ਅਲਟਰਾਸਾਊਂਡ ਜਾਂਚ ਕਰਵਾਉਣਾ ਸਭ ਤੋਂ ਚੰਗਾ ਹੈ।

ਇਸ ਸਮੱਸਿਆ ਦਾ ਸਭ ਤੋਂ ਸੁਰੱਖਿਅਤ, ਪ੍ਰਭਾਵਸ਼ਾਲੀ ਅਤੇ ਸਥਾਈ ਇਲਾਜ ਆਧੁਨਿਕ ਲੈਪਰੋਸਕੋਪਿਕ ਸਰਜਰੀ ਹੈ।

ਸਮੇਂ ਸਿਰ ਜਾਂਚ, ਸਹੀ ਇਲਾਜ ਅਤੇ ਸਿਹਤਮੰਦ ਜੀਵਨਸ਼ੈਲੀ ਹੀ ਪਿੱਤੇ ਦੀ ਪੱਥਰੀ ਤੋਂ ਬਚਾਅ ਦੇ ਮੁੱਖ ਹਥਿਆਰ ਹਨ।

ਨੋਟ: ਲੇਖਕ ਇੱਕ ਡਾਕਟਰ ਹਨ। ਇਸ ਲੇਖ ਦਾ ਉਦੇਸ਼ ਸਿਰਫ ਮੈਡੀਕਲ ਪ੍ਰਕਿਰਿਆਵਾਂ ਅਤੇ ਇਲਾਜ ਬਾਰੇ ਜਾਗਰੂਕਤਾ ਪੈਦਾ ਕਰਨਾ ਹੈ। ਸਿਹਤ ਸਬੰਧੀ ਕੋਈ ਵੀ ਫ਼ੈਸਲਾ ਡਾਕਟਰ ਨਾਲ ਸਲਾਹ ਤੋਂ ਬਾਅਦ ਹੀ ਲੈਣਾ ਚਾਹੀਦਾ ਹੈ।

ਬੀਬੀਸੀ ਲਈ ਕਲੈਕਟਿਵ ਨਿਊਜ਼ਰੂਮ ਵੱਲੋਂ ਪ੍ਰਕਾਸ਼ਿਤ

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTER, WhatsApp ਅਤੇ YouTube 'ਤੇ ਜੁੜੋ।)