You’re viewing a text-only version of this website that uses less data. View the main version of the website including all images and videos.
'ਆਪ' ਦੇ ਰਾਜ ਸਭਾ ਮੈਂਬਰਾਂ ਦੇ ਭਾਜਪਾ 'ਚ ਜਾਣ ਦੇ 'ਹਲਾਤ ਕਿਵੇਂ ਬਣੇ', ਸੀਚੇਵਾਲ ਨੇ ਬੀਜੇਪੀ 'ਚ ਜਾਣ ਦੇ ਸੱਦੇ ਦੀ ਕਾਲ ਦਾ ਕੀ ਜਵਾਬ ਦਿੱਤਾ
- ਲੇਖਕ, ਅਵਤਾਰ ਸਿੰਘ
- ਰੋਲ, ਬੀਬੀਸੀ ਪੱਤਰਕਾਰ
- ਪੜ੍ਹਨ ਦਾ ਸਮਾਂ: 7 ਮਿੰਟ
ਰਾਘਵ ਚੱਢਾ ਸਣੇ ਆਮ ਆਦਮੀ ਪਾਰਟੀ ਦੇ ਸੱਤ ਰਾਜ ਸਭਾ ਮੈਂਬਰਾਂ ਦੇ ਬੀਜੇਪੀ ਵਿੱਚ ਜਾਣ ਨੂੰ 'ਆਪ' ਨੇ ਪੰਜਾਬ ਨਾਲ ਧੋਖਾ ਕਰਾਰ ਦਿੱਤਾ ਹੈ ਅਤੇ ਪਾਰਟੀ ਵਰਕਰ ਇਨ੍ਹਾਂ ਸੰਸਦ ਮੈਂਬਰਾਂ ਦੇ ਘਰਾਂ ਅੱਗੇ ਕਈ ਦਿਨਾਂ ਤੋਂ ਪ੍ਰਦਰਸ਼ਨ ਕਰ ਰਹੇ ਹਨ।
ਪਰ ਇਸ ਬਿਰਤਾਂਤ ਦੇ ਵਿਰੋਧ ਵਿੱਚ ਬੋਲਦਿਆਂ 'ਆਪ' ਛੱਡਣ ਵਾਲੇ ਰਾਜ ਸਭਾ ਮੈਂਬਰ ਵਿਕਰਮਜੀਤ ਸਿੰਘ ਸਾਹਨੀ ਨੇ ਦਾਅਵਾ ਕੀਤਾ ਹੈ ਕਿ ਰਾਜ ਸਭਾ ਮੈਂਬਰ ਰਾਘਵ ਚੱਢਾ ਅਤੇ ਸੰਦੀਪ ਪਾਠਕ ਨੂੰ ਪਿਛਲੇ ਸਮੇਂ ਵਿੱਚ ਸਾਈਡਲਾਈਨ ਕੀਤਾ ਜਾ ਰਿਹਾ ਸੀ ਅਤੇ ਰਾਘਵ ਨੂੰ ਡਿਪਟੀ ਲੀਡਰ ਦੇ ਅਹੁਦੇ ਤੋਂ ਹਟਾਏ ਜਾਣ ਬਾਅਦ ਹਾਲਾਤ ਹੋਰ ਵਿਗੜ ਗਏ।
ਐਤਵਾਰ ਨੂੰ 'ਆਪ' ਦੇ ਰਾਜ ਸਭਾ ਮੈਂਬਰ ਬਲਬੀਰ ਸਿੰਘ ਸੀਚੇਵਾਲ ਨੇ ਵੀ ਦਾਅਵਾ ਕੀਤਾ ਕਿ ਉਨ੍ਹਾਂ ਨੂੰ ਵੀ 'ਫੋਨ ਕਾਲ ਆਈ ਸੀ ਕਿ ਅਲੱਗ ਧੜਾ ਬਣਾ ਕੇ ਭਾਜਪਾ ਦਾ ਸਮਰਥਨ ਕਰਨਾ ਹੈ ਪਰ ਉਨ੍ਹਾਂ ਨੇ ਮਨ੍ਹਾ ਕਰ ਦਿੱਤਾ'।
ਉੱਧਰ 'ਆਪ' ਦੇ ਰਾਜ ਸਭਾ ਮੈਂਬਰ ਸੰਜੇ ਸਿੰਘ ਨੇ ਕਿਹਾ ਕਿ ਉਨ੍ਹਾਂ ਨੇ ਭਾਜਪਾ ਵਿੱਚ ਰਲੇਵਾਂ ਕਰਨ ਵਾਲੇ ਸੱਤ ਮੈਂਬਰਾਂ ਦੀ ਮੈਂਬਰਸ਼ਿਪ ਰੱਦ ਕਰਨ ਲਈ ਇੱਕ ਪਟੀਸ਼ਨ ਦਾਇਰ ਕੀਤੀ ਹੈ।
ਰਾਜ ਸਭਾ ਮੈਂਬਰਾਂ ਦੇ ਪਾਰਟੀ ਬਦਲਣ ਦੇ ਹਾਲਾਤ ਕਿਵੇਂ ਬਣੇ
ਸ਼ੁੱਕਰਵਾਰ ਨੂੰ ਰਾਘਵ ਚੱਢਾ, ਸੰਦੀਪ ਪਾਠਕ ਅਤੇ ਅਸ਼ੋਕ ਮਿੱਤਲ ਨੇ ਆਮ ਆਦਮੀ ਪਾਰਟੀ ਛੱਡ ਬੀਜੇਪੀ ਜੁਆਇਨ ਕਰ ਲਈ ਸੀ।
ਇਸ ਮੌਕੇ ਰਾਘਵ ਚੱਢਾ ਨੇ ਹਰਭਜਨ ਸਿੰਘ, ਰਾਜਿੰਦਰ ਗੁਪਤਾ, ਸਵਾਤੀ ਮਾਲੀਵਾਲ ਅਤੇ ਵਿਕਰਮਜੀਤ ਸਿੰਘ ਸਾਹਨੀ ਦੇ ਸ਼ਾਮਿਲ ਹੋਣ ਦੀ ਵੀ ਗੱਲ ਕਹੀ ਸੀ।
ਮੁੱਖ ਮੰਤਰੀ ਭਗਵੰਤ ਮਾਨ ਨੇ ਕਿਹਾ ਕਿ ਬੀਜੇਪੀ ਅਤੇ ਇਨ੍ਹਾਂ ਰਾਜਸਭਾ ਮੈਂਬਰਾਂ ਨੇ ਪੰਜਾਬ ਦੇ ਨਾਲ ਗੱਦਾਰੀ ਕੀਤੀ ਹੈ।
ਪਰ ਰਾਜ ਸਭਾ ਮੈਂਬਰ ਵਿਕਰਮਜੀਤ ਸਿੰਘ ਸਾਹਨੀ ਨੇ ਖ਼ਬਰ ਏਜੰਸੀ ਪੀਟੀਆਈ ਨੂੰ ਕਿਹਾ, "2022 ਦੀਆਂ ਪੰਜਾਬ ਚੋਣਾਂ ਵਿੱਚ ਪਾਰਟੀ ਨੂੰ ਬਹੁਤ ਇਤਿਹਾਸਕ ਫਤਵਾ ਮਿਲਿਆ।"
"ਸੰਦੀਪ ਪਾਠਕ ਅਤੇ ਰਾਘਵ ਚੱਢਾ ਨੇ ਟਿਕਟਾਂ ਵੰਡ, ਉਮੀਦਵਾਰਾਂ ਦੀ ਚੋਣ ਕਰਨ ਅਤੇ ਸਮੁੱਚੀ ਰਣਨੀਤੀ ਵਿੱਚ ਵੱਡੀ ਭੂਮਿਕਾ ਨਿਭਾਈ। ਪਰ ਜਦੋਂ ਉਨ੍ਹਾਂ ਨੂੰ ਪਾਸੇ ਕਰ ਦਿੱਤਾ ਗਿਆ, ਤਾਂ ਉਹ ਨਿਰਾਸ਼ ਹੋ ਗਏ। ਫਿਰ, ਪਿਛਲੇ ਦੋ ਸਾਲਾਂ ਵਿੱਚ, ਖਾਸ ਕਰਕੇ ਦਿੱਲੀ ਚੋਣਾਂ ਹਾਰਨ ਤੋਂ ਬਾਅਦ, ਇੱਕ ਨਵੀਂ ਟੀਮ ਨੇ ਕਮਾਨ ਸੰਭਾਲੀ। ਪਾਠਕ ਜੀ ਇਹੋ ਦੱਸਦੇ ਸਨ।"
ਸਾਹਨੀ ਨੇ ਅੱਗੇ ਕਿਹਾ, "ਜਦੋਂ ਰਾਘਵ ਜੀ ਨੂੰ ਡਿਪਟੀ ਲੀਡਰ ਦੇ ਅਹੁਦੇ ਤੋਂ ਹਟਾ ਦਿੱਤਾ ਗਿਆ, ਤਾਂ ਇਸ ਨੇ ਸਥਿਤੀ ਨੂੰ ਹੋਰ ਵੀ ਵਿਗਾੜ ਦਿੱਤਾ। ਅਗਲੇ ਦਿਨ, ਉਨ੍ਹਾਂ ਨੇ ਇੱਕ ਵੀਡੀਓ ਜਾਰੀ ਕੀਤੀ। ਕਿਤੇ ਨਾ ਕਿਤੇ, ਇਨ੍ਹਾਂ ਦੋ ਮੁੱਖ ਆਗੂਆਂ ਨੂੰ ਪਾਸੇ ਕਰਨ ਅਤੇ ਅਣਦੇਖਾ ਕਰਨ ਨਾਲ ਨਿਰਾਸ਼ਾ ਵਧਦੀ ਗਈ, ਜੋ ਆਖਰਕਾਰ ਫੈਲ ਗਈ।"
"ਉਨ੍ਹਾਂ ਨੇ ਸਾਡੇ ਵਰਗੇ ਹੋਰ ਸੰਸਦ ਮੈਂਬਰਾਂ ਨਾਲ ਗੱਲ ਕੀਤੀ ਅਤੇ ਇਹ ਸਪੱਸ਼ਟ ਹੋ ਗਿਆ ਕਿ ਸਾਰਿਆਂ ਵਿੱਚ ਅਸੰਤੁਸ਼ਟੀ ਸੀ। ਸਾਨੂੰ ਲੱਗਾ ਕਿ ਅਸੀਂ ਪੰਜਾਬ ਦੀ ਉਸ ਤਰ੍ਹਾਂ ਸੇਵਾ ਨਹੀਂ ਕਰ ਸਕੇ ਜਿਸ ਤਰ੍ਹਾਂ ਸਾਨੂੰ ਕਰਨੀ ਚਾਹੀਦੀ ਹੈ।"
ਪੰਜਾਬ ਦੇ ਮਸਲੇ ਚੁੱਕਣ ਬਾਰੇ ਉਨ੍ਹਾਂ ਕਿਹਾ, "ਸਾਡੇ ਵਿੱਚੋਂ ਕਿਸੇ ਨੇ ਵੀ ਪੰਜਾਬ ਜਾਂ ਪੰਜਾਬ ਦੇ ਲੋਕਾਂ ਨਾਲ ਧੋਖਾ ਨਹੀਂ ਕੀਤਾ। ਕੋਈ ਕੁਝ ਵੀ ਕਹਿ ਸਕਦਾ ਹੈ, ਪਰ ਅਸੀਂ ਹਮੇਸ਼ਾ ਸੇਵਾ ਕੀਤੀ ਹੈ ਅਤੇ ਅਸੀਂ ਸੇਵਾ ਕਰਦੇ ਰਹਾਂਗੇ।"
"ਇਹ ਸਮਾਂ ਦੱਸੇਗਾ, ਇਤਿਹਾਸ ਗਵਾਹ ਬਣੇਗਾ ਕਿ ਅਸੀਂ ਕਿੰਨਾ ਕੁਝ ਕਰਦੇ ਹਾਂ। ਅਸੀਂ ਪੰਜਾਬ ਦੀ ਆਵਾਜ਼ ਬੁਲੰਦ ਕਰਦੇ ਸੀ ਅਤੇ ਅਸੀਂ ਨਹੀਂ ਰੁਕਾਂਗੇ।"
ਬਲਬੀਲ ਸਿੰਘ ਸੀਚੇਵਾਲ ਨੂੰ ਕੀ ਕਾਲ ਆਈ?
ਵਾਤਾਵਰਣ ਪ੍ਰੇਮੀ ਸੰਤ ਬਲਬੀਰ ਸਿੰਘ ਸੀਚੇਵਾਲ ਨੂੰ ਵੀ ਆਮ ਆਦਮੀ ਪਾਰਟੀ ਵੱਲੋਂ ਰਾਜ ਸਭਾ ਵਿੱਚ ਭੇਜਿਆ ਗਿਆ ਸੀ।
ਬਲਬੀਰ ਸਿੰਘ ਸੀਚੇਵਾਲ ਫਿਲਹਾਲ ਆਮ ਆਦਮੀ ਪਾਰਟੀ ਨਾਲ ਹੀ ਹਨ। ਉਨ੍ਹਾਂ ਨੇ ਰਾਘਵ ਚੱਢਾ ਅਤੇ ਸੰਦੀਪ ਪਾਠਕ ਉੱਤੇ ਸੱਤਾ ਦਾ ਸੁੱਖ ਮਾਨਣ ਤੇ ਫਿਰ ਵੀ ਪਾਰਟੀ ਨੂੰ ਛੱਡ ਜਾਣ ਦੀ ਨਿੰਦਾ ਕੀਤੀ।
ਸੀਚੇਵਾਲ ਨੇ ਕਿਹਾ, "ਰਾਘਵ ਚੱਢਾ ਅਤੇ ਸੰਦੀਪ ਪਾਠਕ ਪੰਜਾਬ ਅਤੇ ਪਾਰਟੀ ਦੇਖ ਰਹੇ ਸਨ। ਸਾਰੀ ਅਫ਼ਸਰਸ਼ਾਹੀ ਦਾ ਮੂੰਹ ਚੰਡੀਗੜ੍ਹ ਵਿੱਚ 50 ਨੰਬਰ ਕੋਠੀ ਵੱਲ ਹੁੰਦਾ ਸੀ।"
"ਪਰ ਇੰਨੇ ਸ਼ਕਤੀਸ਼ਾਲੀ ਹੋ ਕੇ, ਉਨ੍ਹਾਂ ਨੂੰ ਕੀ ਹੋਇਆ ਇਸ ਬਾਰੇ ਕੁਝ ਨਹੀਂ ਕਿਹਾ ਜਾ ਸਕਦਾ। ਇੰਨੀ ਤਾਕਤ ਵਰਤ ਕੇ ਕਿਸੇ ਨੂੰ ਛੱਡ ਜਾਣਾ ਠੀਕ ਨਹੀਂ ਹੈ, ਇਹ ਸਭ ਸਮਾਜ ਤਾਂ ਦੇਖ ਹੀ ਰਿਹਾ ਹੈ।"
ਬੀਜੇਪੀ ਵਿੱਚ ਜਾਣ ਵਾਲੇ ਬਾਗੀ ਮੈਂਬਰਾਂ ਦੇ ਸੱਦੇ ਬਾਰੇ ਉਹ ਕਹਿੰਦੇ ਹਨ, "ਜਦੋਂ ਇਨ੍ਹਾਂ ਨੇ ਪ੍ਰੈੱਸ ਕਾਨਫਰੰਸ ਕੀਤੀ, ਉਸ ਤੋਂ ਪਹਿਲਾਂ ਮੈਨੂੰ ਵੀ ਸਾਹਨੀ (ਵਿਕਰਮਜੀਤ ਸਿੰਘ ਸਾਹਨੀ) ਦਾ ਫੋਨ ਆਇਆ ਸੀ ਕਿ ਬਾਬਾ ਜੀ ਅਸੀਂ ਇੱਕ ਧੜਾ ਬਣਾ ਰਹੇ ਹਾਂ ਅਤੇ ਤੁਸੀਂ ਵੀ ਦਸਤਖ਼ਤ ਕਰ ਦੇਵੋ। ਉਨ੍ਹਾਂ ਕਿਹਾ ਕਿ 'ਆਪਾਂ ਭਾਜਪਾ ਨਾਲ ਖੜਨਾ ਹੈ'।"
"ਪਰ ਮੈਂ ਕਿਹਾ ਕਿ ਮੇਰੀ ਇਹੋ ਜਿਹੀ ਸੋਚ ਨਹੀਂ ਹੈ। ਜੇ ਸਾਨੂੰ ਪਾਰਟੀ ਨੇ ਮੌਕਾ ਦਿੱਤਾ ਹੈ ਤਾਂ ਅਸੀਂ ਉਨ੍ਹਾਂ ਦੀ ਗੱਲ ਕਰਾਂਗੇ।"
'ਆਪ' ਵੱਲੋਂ ਬਾਗੀਆਂ ਦੀ ਮੈਂਬਰਸ਼ਿਪ ਰੱਦ ਕਰਨ ਲਈ ਪਟੀਸ਼ਨ
'ਆਪ' ਦੇ ਰਾਜ ਸਭਾ ਮੈਂਬਰ ਸੰਜੇ ਸਿੰਘ ਨੇ ਐਤਵਾਰ ਨੂੰ ਮੀਡੀਆ ਨਾਲ ਗੱਲਬਾਤ ਕਰਦਿਆਂ ਕਿਹਾ ਕਿ ਉਨ੍ਹਾਂ ਨੇ ਭਾਜਪਾ ਵਿੱਚ ਰਲੇਵਾਂ ਕਰਨ ਵਾਲੇ ਸੱਤ ਮੈਂਬਰਾਂ ਦੀ ਮੈਂਬਰਸ਼ਿਪ ਰੱਦ ਕਰਨ ਲਈ ਇੱਕ ਪਟੀਸ਼ਨ ਦਾਇਰ ਕੀਤੀ ਹੈ।
ਸੰਜੇ ਸਿੰਘ ਨੇ ਕਿਹਾ, "ਸਾਰੇ ਮਾਹਰਾਂ ਨਾਲ ਸਲਾਹ-ਮਸ਼ਵਰਾ ਕਰਨ ਅਤੇ ਕਪਿਲ ਸਿੱਬਲ ਦੀ ਰਾਏ ਲੈਣ ਤੋਂ ਬਾਅਦ, ਮੈਂ ਰਾਜ ਸਭਾ ਦੇ ਚੇਅਰਮੈਨ ਅਤੇ ਭਾਰਤ ਦੇ ਉਪ ਰਾਸ਼ਟਰਪਤੀ ਨੂੰ ਇੱਕ ਪਟੀਸ਼ਨ ਭੇਜੀ ਹੈ, ਜਿਸ ਵਿੱਚ ਬੇਨਤੀ ਕੀਤੀ ਗਈ ਹੈ ਕਿ ਸੰਵਿਧਾਨ ਦੇ ਦਸਵੀਂ ਸ਼ਡਿਊਲ ਅਨੁਸਾਰ, ਇਨ੍ਹਾਂ ਸੱਤ ਮੈਂਬਰਾਂ ਦੀ ਮੈਂਬਰਸ਼ਿਪ ਪੂਰੀ ਤਰ੍ਹਾਂ ਖਤਮ ਕੀਤੀ ਜਾਵੇ।"
ਉਨ੍ਹਾਂ ਕਿਹਾ, "ਮੈਂ ਉਪ-ਰਾਸ਼ਟਰਪਤੀ ਅਤੇ ਚੇਅਰਮੈਨ ਨੂੰ ਬੇਨਤੀ ਕੀਤੀ ਹੈ ਕਿ ਉਹ ਇਸ ਮਾਮਲੇ ਦੀ ਜਲਦੀ ਤੋਂ ਜਲਦੀ ਸੁਣਵਾਈ ਕਰਨ ਅਤੇ ਇਸ ਮਾਮਲੇ 'ਤੇ ਇੱਕ ਨਿਆਂਪੂਰਨ ਫੈਸਲਾ ਜਾਰੀ ਕਰਨ। ਅਜਿਹੇ ਮਸਲਿਆਂ 'ਤੇ ਸੁਪਰੀਮ ਕੋਰਟ ਦੇ ਕਈ ਫੈਸਲੇ ਹਨ। ਅਸੀਂ ਕਾਨੂੰਨੀ ਲੜਾਈ ਲੜਾਂਗੇ।"
'ਆਪ' ਛੱਡਣ ਵੇਲੇ ਰਾਘਵ ਚੱਢਾ ਨੇ ਕੀ ਤਰਕ ਦਿੱਤਾ ਸੀ
24 ਅਪ੍ਰੈਲ ਨੂੰ ਰਾਘਵ ਚੱਢਾ, ਸੰਦੀਪ ਪਾਠਕ ਅਤੇ ਅਸ਼ੋਕ ਮਿੱਤਲ ਆਮ ਆਦਮੀ ਪਾਰਟੀ ਛੱਡ ਭਾਜਪਾ ਵਿੱਚ ਸ਼ਾਮਲ ਹੋ ਗਏ ਹਨ।
ਰਾਜਸਭਾ ਸੰਸਦ ਮੈਂਬਰ ਰਾਘਵ ਚੱਢਾ ਨੇ ਆਮ ਆਦਮੀ ਪਾਰਟੀ ਛੱਡਣ ਦਾ ਐਲਾਨ ਕਰਦਿਆਂ ਕਿਹਾ ਸੀ, "ਮੈਂ ਉਨ੍ਹਾਂ ਦੀ ਦੋਸਤੀ ਦੇ ਕਾਬਲ ਨਹੀਂ ਸੀ ਕਿਉਂਕਿ ਮੈਂ ਉਨ੍ਹਾਂ ਦੇ ਗੁਨਾਹ 'ਚ ਸ਼ਾਮਲ ਨਹੀਂ ਸੀ।"
"ਅੱਜ ਅਸੀਂ ਇੱਕ ਅਜਿਹੇ ਮੋੜ 'ਤੇ ਸੀ ਕਿ ਜਾਂ ਤਾਂ ਅਸੀਂ ਸਿਆਸਤ ਛੱਡ ਦਈਏ ਜਾਂ ਆਪਣੇ ਤਜ਼ਰਬੇ ਦੇ ਆਧਾਰ 'ਤੇ ਸਕਾਰਾਤਮਕ ਸਿਆਸਤ ਕਰੀਏ।"
"ਇਸ ਲਈ ਅਸੀਂ ਫ਼ੈਸਲਾ ਲਿਆ ਹੈ ਕਿ ਆਮ ਆਦਮੀ ਪਾਰਟੀ ਦੇ ਰਾਜਸਭਾ 'ਚ ਦੋ ਤਿਹਾਈ ਮੈਂਬਰ ਆਪਣੇ ਸੰਵਿਧਾਨਕ ਅਧਿਕਾਰਾਂ ਦਾ ਇਸਤੇਮਾਲ ਕਰਦੇ ਹੋਏ ਭਾਜਪਾ 'ਚ ਮਰਜ ਹੋਣ ਜਾ ਰਹੇ ਹਨ।"
ਭਾਜਪਾ 'ਚ ਮਰਜ ਹੋਣ ਦਾ ਐਲਾਨ ਕਰਦਿਆਂ ਰਾਘਵ ਚੱਢਾ ਨੇ ਕਿਹਾ, "ਪਿਛਲੇ 12 ਸਾਲਾਂ 'ਚ ਭਾਜਪਾ ਦੀ ਕੇਂਦਰ ਸਰਕਾਰ ਨੇ ਕਈ ਮਜ਼ਬੂਤ ਕਦਮ ਚੁੱਕੇ ਹਨ।"
"ਭਾਜਪਾ ਦੇ ਕੰਮਾਂ 'ਤੇ ਜਨਤਾ ਨੇ ਤਿੰਨ ਵਾਰ ਮੋਹਰ ਲਗਾਈ। ਸਾਨੂੰ ਉਮੀਦ ਹੈ ਕਿ ਅਸੀਂ ਪੀਐੱਮ ਮੋਦੀ ਦੀ ਅਗਵਾਈ ਅਤੇ ਅਮਿਤ ਸ਼ਾਹ ਦੇ ਸੰਕਲਪ ਨਾਲ ਜੁੜ ਕੇ ਬਿਨਾਂ ਰੁਕੇ, ਬਿਨਾਂ ਥੱਕੇ ਦੇਸ਼ ਲਈ ਕੰਮ ਕਰਦੇ ਰਹਾਂਗੇ।"
ਇਸ ਦੇ ਨਾਲ ਹੀ ਰਾਘਵ ਚੱਢਾ ਨੇ ਦਾਅਵਾ ਕੀਤਾ ਕਿ ਰਾਜ ਸਭਾ 'ਚ ਆਮ ਆਦਮੀ ਪਾਰਟੀ ਦੇ ਦੋ-ਤਿਹਾਈ ਤੋਂ ਵੱਧ ਸੰਸਦ ਮੈਂਬਰਾਂ ਦਾ ਉਨ੍ਹਾਂ ਨੂੰ ਸਾਥ ਮਿਲਿਆ ਹੈ।
ਰਾਜ ਸਭਾ ਸੰਸਦ ਮੈਂਬਰ ਹਰਭਜਨ ਸਿੰਘ, ਵਿਕਰਮਜੀਤ ਸਾਹਨੀ, ਰਾਜਿੰਦਰ ਗੁਪਤਾ ਅਤੇ ਸਵਾਤੀ ਮਾਲੀਵਾਲ ਦਾ ਨਾਂਅ ਲੈਂਦਿਆਂ ਰਾਘਵ ਚੱਢਾ ਨੇ ਦਾਅਵਾ ਕੀਤਾ ਕਿ ਉਹ ਵੀ ਉਨ੍ਹਾਂ ਦੇ ਨਾਲ ਹਨ ਅਤੇ ਉਨ੍ਹਾਂ ਵੱਲੋਂ ਰਾਜ ਸਭਾ ਦੇ ਚੇਅਰਮੈਨ ਨੂੰ ਸਬੰਧਤ ਦਸਤਾਵੇਜ਼ ਦੇ ਦਿੱਤੇ ਗਏ ਹਨ।
ਹਾਲਾਂਕਿ ਇਸ 'ਤੇ ਪ੍ਰਤੀਕਿਰਿਆ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੇ ਕਿਹਾ ਸੀ, "ਭਾਜਪਾ ਜਦੋਂ ਸਾਡੀ ਸਰਕਾਰ ਵੱਲੋਂ ਕੀਤੇ ਕੰਮਾਂ ਤੋਂ ਘਬਰਾ ਗਈ ਤਾਂ ਉਸ ਨੇ ਸਾਡੇ ਰਾਜ ਸਭਾ ਮੈਂਬਰਾਂ ਨੂੰ ਤੋੜਨਾ ਸ਼ੁਰੂ ਕਰ ਦਿੱਤਾ। ਪੰਜਾਬ 'ਚ ਭਾਜਪਾ ਦਾ ਕੋਈ ਆਧਾਰ ਨਹੀਂ ਹੈ, ਇਸ ਲਈ ਉਹ ਆਮ ਆਦਮੀ ਪਾਰਟੀ ਨੂੰ ਤੋੜਨ ਦੀਆਂ ਕੋਸ਼ਿਸ਼ਾਂ ਕਰ ਰਹੀ ਹੈ।"
"ਭਾਰਤੀ ਜਨਤਾ ਪਾਰਟੀ, ਭਾਰਤੀ ਜਨਤਾ ਦੀ ਨਹੀਂ, ਸਗੋਂ ਕੱਟੇ-ਵੱਡੇ ਅਤੇ ਛੱਡੇ ਹੋਏ ਲੀਡਰਾਂ ਦੀ ਪਾਰਟੀ ਹੈ। ਇਹ ਛੇ-ਸੱਤ ਲੋਕ ਪੰਜਾਬ ਨਹੀਂ ਹਨ ਬਲਕਿ ਗ਼ੱਦਾਰ ਹਨ, ਜਿਨ੍ਹਾਂ ਨੂੰ ਪੰਜਾਬੀ ਕਦੇ ਮੁਆਫ਼ ਨਹੀਂ ਕਰਨਗੇ।"
ਬੀਬੀਸੀ ਲਈ ਕਲੈਕਟਿਵ ਨਿਊਜ਼ਰੂਮ ਵੱਲੋਂ ਪ੍ਰਕਾਸ਼ਿਤ