'ਵੱਟਸਐਪ ਸਟੇਟਸ ਦੇਖਿਆ ਤਾਂ ਰਾਧੇ-ਰਾਧੇ ਦਾ ਜਾਪ ਕਰਦੇ ਨਜ਼ਰ ਆ ਰਹੇ ਸਨ', ਵਰਿੰਦਾਵਨ ਹਾਦਸੇ ਵਿੱਚ ਮਾਰੇ ਗਏ ਲੋਕਾਂ ਦੇ ਪਰਿਵਾਰਾਂ ਦਾ ਕੀ ਹੈ ਹਾਲ

ਮੀਨੂੰ ਬਾਂਸਲ ਅਤੇ ਡਿੰਕੀ ਬਾਂਸਲ ਦੀ ਤਸਵੀਰ

ਤਸਵੀਰ ਸਰੋਤ, family handout

ਤਸਵੀਰ ਕੈਪਸ਼ਨ, ਮੀਨੂੰ ਬਾਂਸਲ ਦੀ ਲਾਸ਼ ਬਰਾਮਦ ਹੋ ਗਈ ਪਰ ਡਿੰਕੀ ਬਾਂਸਲ ਅਜੇ ਵੀ ਲਾਪਤਾ ਹਨ
    • ਲੇਖਕ, ਹਰਮਨਦੀਪ ਸਿੰਘ
    • ਰੋਲ, ਬੀਬੀਸੀ ਪੱਤਰਕਾਰ
  • ਪੜ੍ਹਨ ਦਾ ਸਮਾਂ: 6 ਮਿੰਟ

"ਅਫਸੋਸ ਇਸ ਗੱਲ ਦਾ ਹੈ ਕਿ ਆਖਰੀ ਵਾਰ ਮਾਂ ਅਤੇ ਭੈਣ ਨਾਲ ਗੱਲ ਵੀ ਨਹੀਂ ਕਰ ਸਕਿਆ। ਕਰੀਬ ਢਾਈ ਵਜੇ ਦੇ ਆਸ-ਪਾਸ ਵੱਟਸਐਪ 'ਤੇ ਸਟੇਟਸ ਜ਼ਰੂਰ ਦੇਖਿਆ ਸੀ, ਜਿਸ 'ਚ ਉਹ ਰਾਧੇ-ਰਾਧੇ ਜਾਪ ਕਰਦੇ ਨਜ਼ਰ ਆ ਰਹੇ ਸਨ।"

ਇਹ ਸ਼ਬਦ ਹਨ ਨਿਖਿਲ ਬਾਂਸਲ ਦੇ, ਜਿਨ੍ਹਾਂ ਦੇ ਮਾਤਾ ਮੀਨੂੰ ਬਾਂਸਲ ਅਤੇ ਭੈਣ ਡਿੰਕੀ ਬਾਂਸਲ ਉਸ ਕਿਸ਼ਤੀ 'ਚ ਸਵਾਰ ਸਨ, ਜੋ ਸ਼ੁੱਕਰਵਾਰ ਨੂੰ ਵਰਿੰਦਾਵਨ 'ਚ ਪਲਟ ਗਈ ਸੀ।

ਇਸ ਹਾਦਸੇ 'ਚ ਮੀਨੂੰ ਬਾਂਸਲ ਦੀ ਮੌਤ ਹੋ ਗਈ, ਜਿਨ੍ਹਾਂ ਦੀ ਮ੍ਰਿਤਕ ਦੇਹ ਤਾਂ ਮਿਲ ਗਈ ਪਰ ਡਿੰਕੀ ਬਾਂਸਲ ਅਜੇ ਵੀ ਲਾਪਤਾ ਹਨ। ਡਿੰਕਲ ਬਾਂਸਲ ਦੀ ਉਮਰ 21 ਸਾਲ ਦੱਸੀ ਜਾ ਰਹੀ ਹੈ ਜੋ ਬੀਏ ਦੀ ਪੜ੍ਹਾਈ ਕਰ ਰਹੇ ਸਨ।

ਬੀਬੀਬੀ ਪੱਤਰਕਾਰ ਹਰਮਨਦੀਪ ਸਿੰਘ ਨਾਲ ਗੱਲ ਕਰਦਿਆਂ ਨਿਖਿਲ ਬਾਂਸਲ ਨੇ ਦੱਸਿਆ ਕਿ ਉਨ੍ਹਾਂ ਨੂੰ ਦੁਪਹਿਰ ਕਰੀਬ ਤਿੰਨ ਵਜੇ ਦੇ ਆਸ-ਪਾਸ ਗੁਆਂਢੀਆਂ ਤੋਂ ਪਤਾ ਲੱਗਾ ਕਿ ਵਰਿੰਦਾਵਨ ਗਏ ਸ਼ਰਧਾਲੂਆਂ ਨਾਲ ਕੋਈ ਹਾਦਸਾ ਵਾਪਰ ਗਿਆ। ਸ਼ਾਮ ਹੁੰਦੇ-ਹੁੰਦੇ ਉਨ੍ਹਾਂ ਨੂੰ ਆਪਣੀ ਮਾਂ ਦੀ ਮੌਤ ਦੀ ਖ਼ਬਰ ਮਿਲੀ ਜਦੋਂ ਕਿ ਭੈਣ ਬਾਰੇ ਅਜੇ ਤੱਕ ਕੁਝ ਵੀ ਪਤਾ ਨਹੀਂ ਲੱਗ ਸਕਿਆ।

ਉਨ੍ਹਾਂ ਨੇ ਕਿਹਾ, "ਮੇਰੇ ਮਾਤਾ ਖੁਸ਼ਦਿਲ ਮਿਜਾਜ਼ ਦੇ ਸਨ, ਉਨ੍ਹਾਂ ਨੂੰ ਭਗਤੀ ਦਾ ਸ਼ੌਕ ਸੀ। ਅਕਸਰ ਉਹ ਧਾਰਮਿਕ ਯਾਤਰਾ 'ਤੇ ਜਾਂਦੇ ਰਹਿੰਦੇ ਸਨ ਪਰ ਨਹੀਂ ਪਤਾ ਸੀ ਕਿ ਅਜਿਹਾ ਭਾਣਾ ਵਾਪਰ ਜਾਵੇਗਾ।"

"ਪ੍ਰਸ਼ਾਸਨ ਦੀ ਲਾਪਰਵਾਹੀ ਕਾਰਨ ਜਾਨਾਂ ਗਈਆਂ"

ਮੀਨੂੰ ਬਾਂਸਲ ਦੇ ਪਰਿਵਾਰਕ ਮੈਂਬਰਾਂ ਦੀ ਤਸਵੀਰ
ਤਸਵੀਰ ਕੈਪਸ਼ਨ, ਨਿਖਿਲ ਬਾਂਸਲ ਅਤੇ ਰਾਕੇਸ਼ ਗਰਗ ਵੱਲੋਂ ਪ੍ਰਸ਼ਾਸਨ ਉੱਤੇ ਸਵਾਲ ਚੁੱਕੇ ਗਏ ਹਨ

ਮੀਨੂੰ ਬਾਂਸਲ ਦੇ ਰਿਸ਼ਤੇਦਾਰ ਰਾਕੇਸ਼ ਗਰਗ ਨੇ ਅਜੇ ਤੱਕ ਡਿੰਕਲ ਬਾਂਸਲ ਬਾਰੇ ਕੋਈ ਵੀ ਜਾਣਕਾਰੀ ਨਾ ਮਿਲਣ 'ਤੇ ਪ੍ਰਸ਼ਾਸਨ ਪ੍ਰਤੀ ਨਰਾਜ਼ਗੀ ਜ਼ਾਹਰ ਕੀਤੀ।

ਬੀਬੀਸੀ ਪੰਜਾਬੀ ਨਾਲ ਗੱਲਬਾਤ ਕਰਦਿਆਂ ਰਾਕੇਸ਼ ਗਰਗ ਨੇ ਕਿਹਾ, "ਮਥੁਰਾ ਪ੍ਰਸ਼ਾਸਨ ਵੱਲੋਂ ਮ੍ਰਿਤਕਾਂ ਅਤੇ ਲਾਪਤਾ ਲੋਕਾਂ ਦੀ ਜੋ ਸੂਚੀ ਜਾਰੀ ਕੀਤੀ ਗਈ, ਉਨ੍ਹਾਂ 'ਚੋਂ ਕਿਸੇ 'ਚ ਵੀ ਡਿੰਕਲ ਬਾਂਸਲ ਦਾ ਨਾਂਅ ਨਹੀਂ ਹੈ।"

ਨਾਲ ਹੀ ਉਨ੍ਹਾਂ ਵੱਲੋਂ ਪ੍ਰਸ਼ਾਸਨ 'ਤੇ ਲਾਪਰਵਾਹੀ ਦੇ ਇਲਜ਼ਾਮ ਵੀ ਲਗਾਏ ਗਏ। ਰਾਕੇਸ਼ ਗਰਗ ਨੇ ਕਿਹਾ, "ਕਿਸ਼ਤੀ 'ਚ ਬੈਠੇ ਕਿਸੇ ਵੀ ਸ਼ਖਸ ਨੂੰ ਲਾਈਫ ਜੈਕੇਟ ਨਹੀਂ ਪਹਿਨਾਈ ਗਈ ਸੀ। ਜਦੋਂ ਲੋਕ ਡੁੱਬਣ ਲੱਗੇ ਤਾਂ ਉਨ੍ਹਾਂ ਵੱਲ ਲਾਈਫ ਜੈਕੇਟਾਂ ਸੁੱਟੀਆਂ ਗਈਆਂ, ਜਿਸ ਦੇ ਹੱਥ ਜੈਕੇਟ ਆਈ, ਉਹ ਬੱਚ ਗਿਆ। ਕਿਸ਼ਤੀ ਚਲਾਉਣ ਵਾਲਿਆਂ ਨੂੰ ਲੈਕੇ ਕੋਈ ਗਾਈਡਲਾਈਨ ਨਹੀਂ ਸੀ। ਇਹ ਜਾਨਾਂ ਕੁਦਰਤੀ ਨਹੀਂ ਗਈਆਂ ਬਲਕਿ ਪ੍ਰਸ਼ਾਸਨ ਦੀ ਅਣਗਹਿਲੀ ਕਰਕੇ ਗਈਆਂ।"

ਉਨ੍ਹਾਂ ਨੇ ਮੰਗ ਕੀਤੀ ਕਿ ਡਿੰਕੀ ਬਾਂਸਲ ਦਾ ਜਲਦ ਤੋਂ ਜਲਦ ਪਤਾ ਲਗਾਇਆ ਜਾਵੇ ।

ਮ੍ਰਿਤਕਾਂ ਦੇ ਪਰਿਵਾਰਕ ਮੈਂਬਰਾਂ ਦੀ ਤਸਵੀਰ
ਤਸਵੀਰ ਕੈਪਸ਼ਨ, ਹਾਦਸੇ 'ਚ ਜਾਨ ਗਵਾਉਣ ਵਾਲਿਆਂ ਦੇ ਪਰਿਵਾਰਕ ਮੈਂਬਰ ਵਿਰਲਾਪ ਕਰਦੇ ਹੋਏ

ਬਾਂਸਲ ਪਰਿਵਾਰ ਦੇ ਗੁਆਂਢ 'ਚ ਰਹਿਣ ਵਾਲੇ ਗੁਲਾਟੀ ਪਰਿਵਾਰ 'ਤੇ ਵੀ ਦੁੱਖਾਂ ਦਾ ਪਹਾੜ ਟੁੱਟਿਆ। ਇਸ ਘਰ ਦੇ ਦੋ ਜੀਅ ਵੀ ਇਸ ਹਾਦਸੇ ਦਾ ਸ਼ਿਕਾਰ ਹੋਏ ਹਨ। ਬਜ਼ੁਰਗ ਜੋੜਾ ਅੰਜੂ ਗੁਲਾਟੀ ਅਤੇ ਰਾਕੇਸ਼ ਗੁਲਾਟੀ ਵੀ ਇਸੇ ਕਿਸ਼ਤੀ 'ਚ ਸਵਾਰ ਸਨ ਜਿਨ੍ਹਾਂ ਦੀ ਮੌਤ ਹੋਈ ਹੈ।

'ਰੀਝਾਂ ਬਹੁਤ ਸਨ ਪਰ ਮਾਲਕ ਨੂੰ ਕੁਝ ਹੋਰ ਮਨਜ਼ੂਰ ਸੀ'

ਮ੍ਰਿਤਕ ਈਸ਼ਾਨ ਕਟਾਰੀਆ ਦੀ ਫਾਈਲ ਤਸਵੀਰ

ਤਸਵੀਰ ਸਰੋਤ, family handout

ਤਸਵੀਰ ਕੈਪਸ਼ਨ, ਹਾਦਸੇ ਵਿੱਚ 26 ਸਾਲ ਦੇ ਈਸ਼ਾਨ ਕਟਾਰੀਆ ਦੀ ਮੌਤ ਹੋ ਗਈ (ਫਾਈਲ ਤਸਵੀਰ)

ਇਸ ਹਾਦਸੇ 'ਚ ਜਗਰਾਓਂ ਦੇ ਈਸ਼ਾਨ ਕਟਾਰੀਆ ਨੇ ਵੀ ਆਪਣੀ ਜਾਨ ਗਵਾਈ ਹੈ।

ਈਸ਼ਾਨ ਦੇ ਪਰਿਵਾਰ ਨਾਲ ਬੀਬੀਸੀ ਪੱਤਰਕਾਰ ਹਰਮਨਦੀਪ ਸਿੰਘ ਨੇ ਗੱਲਬਾਤ ਕੀਤੀ।

ਈਸ਼ਾਨ ਦੇ ਦਾਦਾ ਕ੍ਰਿਸ਼ਨ ਕਟਾਰੀਆ ਨੇ ਭਾਵੁਕ ਹੁੰਦਿਆ ਦੱਸਿਆ, ''ਮੇਰੇ ਪੋਤੇ ਦੀ ਉਮਰ 26 ਸਾਲ ਸੀ, ਪੜ੍ਹਾਈ ਪੂਰੀ ਕਰਕੇ ਉਹ ਪੇਪਰ ਦੀ ਤਿਆਰੀ ਕਰ ਰਿਹਾ ਸੀ।''

''ਸਾਨੂੰ 4 ਵਜੇ ਦੇ ਕਰੀਬ ਇਸ ਹਾਦਸੇ ਬਾਰੇ ਪਤਾ ਲੱਗਾ। ਮੇਰੇ ਪਰਿਵਾਰ ਦੇ ਕੁਝ ਮੈਂਬਰ ਉਦੋਂ ਹੀ ਵਰਿੰਦਾਵਨ ਲਈ ਰਵਾਨਾ ਹੋ ਗਏ ਸਨ। ਈਸ਼ਾਨ ਦੇ ਦੋਸਤ ਨੇ ਫੋਨ ਕਰਕੇ ਸਾਨੂੰ ਹਾਦਸੇ ਬਾਰੇ ਦੱਸਿਆ ਕਿ ਬੇੜੀ ਪਲਟ ਗਈ ਹੈ , ਦੋਸਤਾਂ ਨੇ ਵੀਡੀਓ ਕਾਲ ਕਰਕੇ ਸਾਨੂੰ ਮ੍ਰਿਤਕ ਦੇਹ ਦਿਖਾਈ।''

ਕ੍ਰਿਸ਼ਨ ਕਟਾਰੀਆ ਮੁਤਾਬਕ ਪਰਿਵਾਰ ਵਿੱਚ 4 ਮੈਂਬਰ ਹੀ ਹਨ, ਭੈਣ ਦਾ ਵਿਆਹ ਕਰ ਦਿੱਤਾ ਸੀ ਤੇ ਹੁਣ ਈਸ਼ਾਨ ਦੇ ਵਿਆਹ ਦੀਆਂ ਤਿਆਰੀਆਂ ਸੀ।

ਭਾਵੁਕ ਹੁੰਦਿਆਂ ਉਨ੍ਹਾਂ ਕਿਹਾ ਸਾਡੇ ਮਨ ਵਿੱਚ ਉਸ ਨੂੰ ਲੈ ਕੇ ਬਹੁਤ ਰੀਝਾਂ ਸੀ ਪਰ ਮਾਲਕ ਨੂੰ ਮਨਜ਼ੂਰ ਨਹੀਂ ਸੀ।

ਸੀਐੱਮ ਮਾਨ ਨੇ ਪੀੜਤਾਂ ਨਾਲ ਵੰਡਾਇਆ ਦੁੱਖ

ਸੀਐੱਮ ਮਾਨ ਦੀ ਪੀੜਤ ਪਰਿਵਾਰਾਂ ਨਾਲ ਤਸਵੀਰ

ਤਸਵੀਰ ਸਰੋਤ, Punjab public relations department

ਤਸਵੀਰ ਕੈਪਸ਼ਨ, ਜਗਰਾਓਂ ਵਿੱਚ ਸੀਐੱਮ ਮਾਨ ਵੱਲੋਂ ਮ੍ਰਿਤਕਾਂ ਦੇ ਪਰਿਵਾਰਾਂ ਨਾਲ ਦੁੱਖ ਵੰਡਾਇਆ ਗਿਆ

ਮੁੱਖ ਮੰਤਰੀ ਭਗਵੰਤ ਮਾਨ ਸ਼ਨੀਵਾਰ ਨੂੰ ਜਗਰਾਓਂ ਪਹੁੰਚੇ ਜਿੱਥੇ ਉਨ੍ਹਾਂ ਮਥੁਰਾ ਹਾਦਸੇ 'ਚ ਜਾਨ ਗਵਾਉਣ ਵਾਲਿਆਂ ਦੇ ਪਰਿਵਾਰਾਂ ਨਾਲ ਦੁੱਖ ਵੰਡਾਇਆ।

ਹਾਦਸੇ ਬਾਰੇ ਜਾਣਕਾਰੀ ਸਾਂਝੀ ਕਰਦਿਆਂ ਮੁੱਖ ਮੰਤਰੀ ਨੇ ਦੱਸਿਆ, "ਹੁਣ ਤੱਕ 11 ਲਾਸ਼ਾਂ ਬਰਾਮਦ ਕੀਤੀਆਂ ਗਈਆਂ ਹਨ, ਜਦਕਿ ਚਾਰ ਲਾਪਤਾ ਲੋਕਾਂ ਦੀ ਤਲਾਸ਼ ਲਗਾਤਾਰ ਜਾਰੀ ਹੈ। ਪੰਜਾਬ ਸਰਕਾਰ ਵੱਲੋਂ ਬਚਾਅ ਕਾਰਜਾਂ 'ਚ ਉੱਤਰ ਪ੍ਰਦੇਸ਼ ਦੇ ਅਧਿਕਾਰੀਆਂ ਦੀ ਸਹਾਇਤਾ ਲਈ ਹਾਦਸੇ ਵਾਲੀ ਥਾਂ 'ਤੇ ਗੋਤਾਖੋਰਾਂ ਦੀਆਂ ਟੀਮਾਂ ਵੀ ਭੇਜੀਆਂ ਗਈਆਂ ਹਨ।"

ਮੁੱਖ ਮੰਤਰੀ ਨੇ ਦੱਸਿਆ ਕਿ ਉਹ ਲਗਾਤਾਰ ਉੱਤਰ ਪ੍ਰਦੇਸ਼ ਸਰਕਾਰ ਨਾਲ ਰਾਬਤੇ 'ਚ ਹਨ ਅਤੇ ਬਚਾਅ ਕਾਰਜਾਂ ਦੀ ਨੇੜਿਓਂ ਨਿਗਰਾਨੀ ਕਰ ਰਹੇ ਹਨ।

ਲਾਪਰਵਾਹੀ ਦਾ ਮੁੱਦਾ ਯੂਪੀ ਸਰਕਾਰ ਕੋਲ ਚੁੱਕਿਆ: ਸੀਐੱਮ

ਸੀਐੱਮ ਮਾਨ ਪੀੜਤ ਪਰਿਵਾਰਾਂ ਨਾਲ ਦੁੱਖ ਵੰਡਾਉਂਦੇ ਹੋਏ

ਤਸਵੀਰ ਸਰੋਤ, Punjab public relations department

ਤਸਵੀਰ ਕੈਪਸ਼ਨ, ਮੁੱਖ ਮੰਤਰੀ ਭਗਵੰਤ ਮਾਨ ਵੱਲੋਂ ਕਿਸ਼ਤੀਆਂ 'ਚ ਸਵਾਰ ਲੋਕਾਂ ਦੀ ਸੁਰੱਖਿਆ ਨੂੰ ਲੈਕੇ ਹੋਈ ਕੁਤਾਹੀ 'ਤੇ ਵੀ ਚਿੰਤਾ ਜ਼ਾਹਰ ਕੀਤੀ ਗਈ

ਮੁੱਖ ਮੰਤਰੀ ਭਗਵੰਤ ਮਾਨ ਵੱਲੋਂ ਕਿਸ਼ਤੀਆਂ 'ਚ ਸਵਾਰ ਲੋਕਾਂ ਦੀ ਸੁਰੱਖਿਆ ਨੂੰ ਲੈਕੇ ਹੋਈ ਕੁਤਾਹੀ 'ਤੇ ਵੀ ਚਿੰਤਾ ਜ਼ਾਹਰ ਕੀਤੀ।

ਮੁੱਖ ਮੰਤਰੀ ਮਾਨ ਨੇ ਕਿਹਾ, "ਮੈਂ ਉੱਤਰ ਪ੍ਰਦੇਸ਼ ਦੇ ਮੁੱਖ ਮੰਤਰੀ ਨੂੰ ਅਪੀਲ ਕੀਤੀ ਹੈ ਕਿ ਭਵਿੱਖ 'ਚ ਅਜਿਹੇ ਪਵਿੱਤਰ ਸਥਾਨਾਂ ਦੀ ਯਾਤਰਾ ਕਰਨ ਵਾਲੇ ਸ਼ਰਧਾਲੂਆਂ ਦੀ ਸੁਰੱਖਿਆ ਨੂੰ ਯਕੀਨੀ ਬਣਾਇਆ ਜਾਵੇ। ਇਹ ਜ਼ਰੂਰੀ ਹੈ ਕਿ ਸਬੰਧਤ ਸੂਬਾ ਸਰਕਾਰਾਂ ਵੱਲੋਂ ਜਨਤਕ ਮਹੱਤਤਾ ਵਾਲੇ ਸਥਾਨਾਂ 'ਤੇ ਸ਼ਰਧਾਲੂਆਂ ਦੀ ਸੁਰੱਖਿਆ ਲਈ ਸਾਰੇ ਜ਼ਰੂਰੀ ਕਦਮ ਚੁੱਕੇ ਜਾਣ।"

ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਇਸ ਹਾਦਸੇ ਵਿੱਚ ਜਾਨ ਗੁਆਉਣ ਵਾਲੇ ਲੋਕਾਂ ਦੇ ਪਰਿਵਾਰਾਂ ਲਈ ਪ੍ਰਧਾਨ ਮੰਤਰੀ ਰਾਸ਼ਟਰੀ ਰਾਹਤ ਫੰਡ ਤੋਂ 2-2 ਲੱਖ ਰੁਪਏ ਦੀ ਸਹਾਇਤਾ ਰਾਸ਼ੀ (ਐਕਸ-ਗ੍ਰੇਸ਼ੀਆ) ਦੇਣ ਦਾ ਐਲਾਨ ਕੀਤਾ ਹੈ।

ਪ੍ਰਧਾਨ ਮੰਤਰੀ ਨੇ ਇਸ ਘਟਨਾ ਵਿੱਚ ਜ਼ਖਮੀ ਹੋਏ ਲੋਕਾਂ ਲਈ 50,000 ਰੁਪਏ ਪ੍ਰਤੀ ਵਿਅਕਤੀ ਦੀ ਸਹਾਇਤਾ ਦਾ ਵੀ ਐਲਾਨ ਕੀਤਾ ਹੈ।

ਪੰਜਾਬ ਕਿੰਗਸ ਦੀ ਟੀਮ ਨੇ ਕਾਲੀਆਂ ਪੱਟੀਆਂ ਬੰਨ੍ਹ ਜਤਾਇਆ ਅਫਸੋਸ

ਪੰਜਾਬ ਕਿੰਗਜ਼

ਤਸਵੀਰ ਸਰੋਤ, punjabkingsipl

ਆਈਪੀਐੱਲ ਟੀਮ ਪੰਜਾਬ ਕਿੰਗਸ ਵਰਿੰਦਾਵਨ ਹਾਦਸੇ 'ਤੇ ਦੁੱਖ ਦਾ ਪ੍ਰਗਟਾਵਾ ਕਰਦਿਆਂ ਕਾਲੀਆਂ ਪੱਟੀਆਂ ਬੰਨ੍ਹ ਮੈਦਾਨ 'ਚ ਉਤਰੀ।

ਟੀਮ ਵੱਲੋਂ ਸੋਸ਼ਲ ਮੀਡੀਆ 'ਤੇ ਪਾਈ ਪੋਸਟ 'ਚ ਲਿਖਿਆ,"ਹਾਦਸੇ 'ਚ ਜਾਨ ਗਵਾਉਣ ਵਾਲੇ ਪਰਿਵਾਰਾਂ ਨਾਲ ਸਾਡੀ ਹਮਦਰਦੀ ਹੈ। ਪ੍ਰਮਾਤਮਾ ਮ੍ਰਿਤਕਾਂ ਨੂੰ ਆਪਣੇ ਚਰਨਾਂ 'ਚ ਨਿਵਾਸ ਬਖਸ਼ੇ।"

ਵਰਿੰਦਾਵਨ 'ਚ ਕਿਵੇਂ ਵਾਪਰਿਆ ਹਾਦਸਾ ?

ਵਰਿੰਦਾਵਨ ਹਾਦਸੇ ਦੀ ਤਸਵੀਰ

ਤਸਵੀਰ ਸਰੋਤ, ANI

ਤਸਵੀਰ ਕੈਪਸ਼ਨ, ਵਰਿੰਦਾਵਨ ਵਿੱਚ ਸ਼ੁੱਕਰਵਾਰ ਨੂੰ ਵਾਪਰੇ ਹਾਦਸੇ ਦੇ ਸਮੇਂ ਦੀ ਤਸਵੀਰ

ਸ਼ੁੱਕਰਵਾਰ ਨੂੰ ਦੁਪਹਿਰ ਤਿੰਨ ਵਜੇ ਦੇ ਕਰੀਬ ਵਰਿੰਦਾਵਨ 'ਚ ਯਮੁਨਾ ਨਦੀ ਪਾਰ ਕਰ ਰਹੇ ਸ਼ਰਧਾਲੂਆਂ ਦੀ ਕਿਸ਼ਤੀ ਅਚਾਨਕ ਪਲਟ ਗਈ। ਇਸ ਕਿਸ਼ਤੀ 'ਚ 30 ਦੇ ਕਰੀਬ ਸ਼ਰਧਾਲੂ ਸਵਾਰ ਸਨ ਅਤੇ ਸਾਰੇ ਤਕਰੀਬਨ ਪੰਜਾਬ ਦੇ ਹੀ ਰਹਿਣ ਵਾਲੇ ਸਨ।

ਅਧਿਕਾਰੀਆਂ ਮੁਤਾਬਕ ਪਨਟੂਨ ਬ੍ਰਿਜ ਨਾਲ ਕਿਸ਼ਤੀ ਦੀ ਟੱਕਰ ਕਾਰਨ ਇਹ ਹਾਦਸਾ ਵਾਪਰਿਆ।

ਮੌਕੇ 'ਤੇ ਪ੍ਰਸ਼ਾਸਨ ਵੱਲੋਂ 13 ਲੋਕਾਂ ਨੂੰ ਰੈਸਕਿਊ ਕਰ ਲਿਆ ਗਿਆ ਪਰ 11 ਮੌਤਾਂ ਦੀ ਪੁਸ਼ਟੀ ਹੋਈ ਹੈ ਜਦੋਂ ਕਿ ਚਾਰ ਅਜੇ ਵੀ ਲਾਪਤਾ ਦੱਸੇ ਜਾ ਰਹੇ ਹਨ।

ਹੁਣ ਤੱਕ ਦੀ ਜਾਣਕਾਰੀ ਮੁਤਾਬਕ ਮ੍ਰਿਤਕਾਂ 'ਚ ਪੰਜ ਜਗਰਾਓਂ ਦੇ, ਤਿੰਨ ਲੁਧਿਆਣਾ, ਇੱਕ ਮੋਗਾ ਅਤੇ ਇੱਕ ਹਰਿਆਣਾ ਦਾ ਸੀ।

ਵੀਰਵਾਰ ਨੂੰ ਪੰਜਾਬ ਤੋਂ ਦੋ ਬੱਸਾਂ 'ਚ ਸਵਾਰ ਹੋ ਕੇ ਸ਼ਰਧਾਲੂ ਵਰਿੰਦਾਵਨ ਦਰਸ਼ਨਾਂ ਲਈ ਗਏ ਸਨ।

ਬੀਬੀਸੀ ਲਈ ਕਲੈਕਟਿਵ ਨਿਊਜ਼ਰੂਮ ਵੱਲੋਂ ਪ੍ਰਕਾਸ਼ਿਤ

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTER, WhatsApp ਅਤੇ YouTube 'ਤੇ ਜੁੜੋ।)