ਟਾਈਗਰ ਸ਼ਰੌਫ਼ 'ਤੇ ਹਮਲਾ: ਪੁਲਿਸ ਦਾ ਦਾਅਵਾ, 'ਅੰਮ੍ਰਿਤਸਰ ਤੋਂ ਕੁੜੀਆਂ ਹਥਿਆਰ ਲੈ ਕੇ ਮੁੰਬਈ ਪਹੁੰਚੀਆਂ', ਇਨ੍ਹਾਂ ਕੁੜੀਆਂ ਬਾਰੇ ਪੁਲਿਸ ਨੇ ਕੀ ਕਿਹਾ

ਤਸਵੀਰ ਸਰੋਤ, ANI
ਅਦਾਕਾਰ ਟਾਈਗਰ ਸ਼ਰੌਫ਼ 'ਤੇ ਹੋਈ ਫਾਇਰਿੰਗ ਦੇ ਮਾਮਲੇ ਵਿੱਚ ਦੋ ਔਰਤਾਂ ਸਮੇਤ ਅੱਠ ਲੋਕ ਗ੍ਰਿਫ਼ਤਾਰ ਚੁੱਕੇ ਹਨ।
ਮੰਗਲਵਾਰ ਨੂੰ ਦਿੱਲੀ ਪੁਲਿਸ ਦੀ ਸਪੈਸ਼ਲ ਸੈੱਲ ਨੇ ਦੋ ਔਰਤਾਂ ਅਤੇ ਦੋ ਮੁੰਡਿਆਂ ਨੂੰ ਗ੍ਰਿਫ਼ਤਾਰੀ ਕੀਤਾ ਸੀ। ਟਾਈਗਰ ਸ਼ਰੌਫ਼ ਨਾਲ ਜੁੜੇ ਫਾਇਰਿੰਗ ਦੇ ਮਾਮਲੇ ਵਿੱਚ ਪੁਲਿਸ ਨੇ ਆਪਣੀ ਕਾਰਵਾਈ ਤੇਜ਼ ਕਰ ਦਿੱਤੀ ਹੈ।
ਰਾਜਸਥਾਨ ਦੇ ਕੋਟਾ ਤੋਂ ਫੜੇ ਗਏ ਤਿੰਨ ਮੁਲਜ਼ਮਾਂ ਨੂੰ ਮੁੰਬਈ ਕ੍ਰਾਈਮ ਬ੍ਰਾਂਚ ਦੀ ਟੀਮ ਬੁੱਧਵਾਰ ਨੂੰ ਮੁੰਬਈ ਲੈ ਕੇ ਪਹੁੰਚੀ।
ਮੁੰਬਈ ਪੁਲਿਸ ਮੁਤਾਬਕ, ਦਿੱਲੀ ਅਤੇ ਸੋਨੀਪਤ ਤੋਂ ਫੜੇ ਗਏ ਚਾਰਾਂ ਮੁਲਜ਼ਮਾਂ 'ਤੇ ਮੁੰਬਈ ਵਿੱਚ ਹਥਿਆਰਾਂ ਦੀ ਸਪਲਾਈ ਕਰਨ ਦਾ ਇਲਜ਼ਾਮ ਹੈ। ਫਿਲਹਾਲ ਇਸ ਮਾਮਲੇ ਨਾਲ ਜੁੜੇ ਸਾਰੇ ਮੁਲਜ਼ਮਾਂ ਤੋਂ ਪੁੱਛਗਿੱਛ ਕੀਤੀ ਜਾ ਰਹੀ ਹੈ।
ਪੁਲਿਸ ਨੇ ਕੀ ਦੱਸਿਆ

ਦਿੱਲੀ ਪੁਲਿਸ ਸਪੈਸ਼ਲ ਸੈੱਲ ਦੇ ਡੀਸੀਪੀ ਪ੍ਰਵੀਣ ਤ੍ਰਿਪਾਠੀ ਨੇ ਦੱਸਿਆ ਕਿ ਇਨ੍ਹਾਂ ਚਾਰਾਂ ਮੁਲਜ਼ਮਾਂ ਵਿੱਚੋਂ ਇੱਕ ਕੁਣਾਲ ਹਾਲ ਹੀ ਵਿੱਚ ਇੱਕ ਹੋਰ ਮਾਮਲੇ ਵਿੱਚ ਜੇਲ੍ਹ ਤੋਂ ਰਿਹਾਅ ਹੋਇਆ ਸੀ ਅਤੇ ਆਪਣੇ ਸਾਥੀ ਸੁਮਿਤ ਨਾਲ ਹਥਿਆਰ ਲੈਣ ਲਈ ਅੰਮ੍ਰਿਤਸਰ ਗਿਆ ਸੀ।
ਡੀਸੀਪੀ ਨੇ ਪੱਤਰਕਾਰਾਂ ਨੂੰ ਦੱਸਿਆ, "ਕੱਲ੍ਹ (ਮੰਗਲਵਾਰ ਨੂੰ) ਇੱਕ ਵਿਸ਼ੇਸ਼ ਟੀਮ ਨੇ ਚਾਰ ਲੋਕਾਂ ਨੂੰ ਗ੍ਰਿਫ਼ਤਾਰ ਕੀਤਾ। ਇਨ੍ਹਾਂ ਵਿੱਚ ਰਾਧਾ ਅਤੇ ਬਬੀਤਾ ਨਾਮ ਦੀਆਂ ਦੋ ਔਰਤਾਂ ਅਤੇ ਸੁਮਿਤ ਤੇ ਕੁਣਾਲ ਨਾਮ ਦੇ ਦੋ ਪੁਰਸ਼ ਸ਼ਾਮਲ ਹਨ।"
"ਇੱਕ ਹੋਰ ਮਾਮਲੇ ਵਿੱਚ ਹਾਲ ਹੀ ਵਿੱਚ ਜੇਲ੍ਹ ਤੋਂ ਰਿਹਾਅ ਹੋਣ ਤੋਂ ਬਾਅਦ ਕੁਣਾਲ, ਅਨਿਲ ਪੰਡਿਤ ਦੇ ਨਿਰਦੇਸ਼ਾਂ 'ਤੇ ਆਪਣੇ ਸਾਥੀ ਸੁਮਿਤ ਨਾਲ ਹਥਿਆਰ ਲੈਣ ਲਈ ਅੰਮ੍ਰਿਤਸਰ ਗਿਆ ਸੀ।"
ਉਨ੍ਹਾਂ ਦੱਸਿਆ, "ਉੱਥੇ ਇੱਕ ਤੈਅ ਥਾਂ ਤੋਂ ਹਥਿਆਰ ਲੈਣ ਤੋਂ ਬਾਅਦ ਉਸ ਨੇ ਆਪਣੀ ਸਾਥਣ ਰਾਧਾ ਦੀ ਮਦਦ ਨਾਲ ਉਨ੍ਹਾਂ ਨੂੰ ਮੁੰਬਈ ਪਹੁੰਚਾਇਆ। ਮੁੰਬਈ ਵਿੱਚ ਰਾਧਾ ਅਤੇ ਬਬੀਤਾ ਨੇ ਰੇਲਵੇ ਸਟੇਸ਼ਨ ਦੇ ਨੇੜੇ ਇੱਕ ਨਾਬਾਲਗ਼ ਮੁੰਡੇ ਨੂੰ ਹਥਿਆਰ ਸੌਂਪੇ।"
"ਕੁਣਾਲ ਨੇ ਰਾਧਾ ਅਤੇ ਬਬੀਤਾ ਦੀ ਵਰਤੋਂ ਹਥਿਆਰ ਪਹੁੰਚਾਉਣ ਲਈ ਕੀਤੀ। ਰਾਧਾ ਨਾਲ ਆਪਣੇ ਨਿੱਜੀ ਸਬੰਧਾਂ ਦਾ ਫਾਇਦਾ ਉਠਾ ਕੇ ਉਸ ਨੇ ਉਸ ਨੂੰ ਇਸ ਕੰਮ ਵਿੱਚ ਸ਼ਾਮਲ ਕੀਤਾ। ਦੋਵੇਂ ਰੇਲਗੱਡੀ ਰਾਹੀਂ ਹਥਿਆਰ ਲੈ ਕੇ ਮੁੰਬਈ ਗਈਆਂ।"
ਡੀਸੀਪੀ ਤ੍ਰਿਪਾਠੀ ਨੇ ਦਾਅਵਾ ਕੀਤਾ, "ਕੁਣਾਲ ਇਨਕ੍ਰਿਪਟਿਡ ਸੰਚਾਰ ਮਾਧਿਅਮਾਂ ਰਾਹੀਂ ਅਨਿਲ ਪੰਡਿਤ ਦੇ ਸੰਪਰਕ ਵਿੱਚ ਸੀ। ਇਸ ਤੋਂ ਪਹਿਲਾਂ, ਅਨਿਲ ਪੰਡਿਤ ਦੇ ਕਹਿਣ 'ਤੇ ਉਸ ਨੇ ਪਾਣੀਪਤ ਵਿੱਚ ਗੋਲੀਬਾਰੀ ਦੀ ਇੱਕ ਘਟਨਾ ਨੂੰ ਅੰਜਾਮ ਦਿੱਤਾ ਸੀ।"
"ਇਸ ਵਾਰ ਵੀ ਅਨਿਲ ਪੰਡਿਤ ਉਸ ਨੂੰ ਸੋਸ਼ਲ ਮੀਡੀਆ ਰਾਹੀਂ ਨਿਰਦੇਸ਼ ਦੇ ਰਿਹਾ ਸੀ ਅਤੇ ਕੁਣਾਲ ਉਨ੍ਹਾਂ ਨਿਰਦੇਸ਼ਾਂ ਨੂੰ ਅੱਗੇ ਪਹੁੰਚਾ ਰਿਹਾ ਸੀ। ਇਹ ਨਿਰਦੇਸ਼ ਹਥਿਆਰਾਂ ਦੀ ਆਵਾਜਾਈ ਨਾਲ ਸਬੰਧਤ ਸਨ। ਇਨ੍ਹਾਂ ਵਿੱਚ ਦੱਸਿਆ ਜਾਂਦਾ ਸੀ ਕਿ ਹਥਿਆਰ ਕਿੱਥੋਂ ਲੈਣੇ ਹਨ, ਉਨ੍ਹਾਂ ਨੂੰ ਮੁੰਬਈ ਕਿਵੇਂ ਪਹੁੰਚਾਉਣਾ ਹੈ ਅਤੇ ਉੱਥੇ ਕਿਸ ਨੂੰ ਸੌਂਪਣਾ ਹੈ।"
ਦਰਅਸਲ, ਇੱਕ ਆਡੀਓ ਸਾਹਮਣੇ ਆਈ ਹੈ, ਜਿਸ ਵਿੱਚ ਕਥਿਤ ਤੌਰ 'ਤੇ ਅਨਿਲ ਪੰਡਿਤ ਨੇ ਬਾਲੀਵੁੱਡ ਸਟਾਰ 'ਤੇ ਹੋਈ ਘਟਨਾ ਦੀ ਜ਼ਿੰਮੇਵਾਰੀ ਲਈ ਹੈ। ਹਾਲਾਂਕਿ, ਬੀਬੀਸੀ ਇਸ ਗੱਲ ਦੀ ਪੁਸ਼ਟੀ ਨਹੀਂ ਕਰਦਾ ਹੈ।
ਇਹ ਪੁੱਛੇ ਜਾਣ 'ਤੇ ਕਿ ਕੀ ਇਨ੍ਹਾਂ ਲੋਕਾਂ ਦੇ ਨਿਸ਼ਾਨੇ 'ਤੇ ਕੋਈ ਹੋਰ ਸੈਲੀਬ੍ਰਿਟੀ ਵੀ ਸੀ, ਡੀਸੀਪੀ ਤ੍ਰਿਪਾਠੀ ਨੇ ਕਿਹਾ, "ਪੁੱਛਗਿੱਛ ਦੌਰਾਨ ਅਜਿਹੀ ਕੋਈ ਗੱਲ ਸਾਹਮਣੇ ਨਹੀਂ ਆਈ।"
"ਇਹ ਲੋਕ ਸਿਰਫ਼ ਹਥਿਆਰਾਂ ਦੀ ਸਪਲਾਈ ਕਰਨ ਵਾਲੇ ਨੈੱਟਵਰਕ ਦਾ ਹਿੱਸਾ ਸਨ। ਇਨ੍ਹਾਂ ਨੂੰ ਸਿਰਫ਼ ਇੰਨੀ ਜਾਣਕਾਰੀ ਸੀ ਕਿ ਹਥਿਆਰ ਕਿੱਥੋਂ ਲੈਣੇ ਹਨ ਅਤੇ ਕਿੱਥੇ ਪਹੁੰਚਾਉਣੇ ਹਨ।"
ਉਨ੍ਹਾਂ ਅੱਗੇ ਕਿਹਾ, "ਅਨਿਲ ਪੰਡਿਤ ਅਤੇ ਹੈਰੀ ਬਾਕਸਰ, ਰਣਦੀਪ ਮਲਿਕ ਗੈਂਗ ਦਾ ਹਿੱਸਾ ਹਨ। ਹਾਲ ਹੀ ਵਿੱਚ ਇਸ ਗੈਂਗ ਦਾ ਨਾਮ ਫਿਰੌਤੀ ਲਈ ਫ਼ੋਨ ਕਰਨ ਅਤੇ ਗੋਲੀਬਾਰੀ ਦੀਆਂ ਘਟਨਾਵਾਂ ਦੇ ਸਿਲਸਿਲੇ ਵਿੱਚ ਸਾਹਮਣੇ ਆਇਆ ਹੈ।"
"ਇਹ ਲੋਕ ਇਨਕ੍ਰਿਪਟਿਡ ਮਾਧਿਅਮਾਂ ਰਾਹੀਂ ਇੱਕ-ਦੂਜੇ ਦੇ ਸੰਪਰਕ ਵਿੱਚ ਸਨ। ਉਨ੍ਹਾਂ ਨੂੰ ਇਨ੍ਹਾਂ ਹੀ ਮਾਧਿਅਮਾਂ ਰਾਹੀਂ ਨਿਰਦੇਸ਼ ਮਿਲਦੇ ਸਨ, ਜਿਨ੍ਹਾਂ ਦੀ ਉਹ ਪਾਲਣਾ ਕਰਦੇ ਸਨ।"
ਡੀਸੀਪੀ ਤ੍ਰਿਪਾਠੀ ਮੁਤਾਬਕ, "ਸਾਡੀ ਮੁੱਢਲੀ ਜਾਣਕਾਰੀ ਅਨੁਸਾਰ, ਹਥਿਆਰਾਂ ਨੂੰ ਇੱਕ ਥਾਂ ਤੋਂ ਦੂਜੀ ਥਾਂ ਪਹੁੰਚਾਉਣ ਵਿੱਚ ਮਦਦ ਕਰਨ ਲਈ ਕੁਣਾਲ ਨੂੰ 70 ਤੋਂ 80 ਹਜ਼ਾਰ ਰੁਪਏ ਮਿਲੇ ਸਨ। ਇਸ ਵਿੱਚੋਂ ਲਗਭਗ 10 ਤੋਂ 12 ਹਜ਼ਾਰ ਰੁਪਏ ਹਥਿਆਰ ਪਹੁੰਚਾਉਣ ਵਾਲੀ ਬਬੀਤਾ ਨੂੰ ਦਿੱਤੇ ਗਏ।"
"ਕੁਣਾਲ ਅਤੇ ਸੁਮਿਤ ਸੋਨੀਪਤ ਦੇ ਰਹਿਣ ਵਾਲੇ ਹਨ। ਰਾਧਾ ਅਤੇ ਬਬੀਤਾ ਮੂਲ ਰੂਪ ਵਿੱਚ ਉੱਤਰ ਪ੍ਰਦੇਸ਼ ਦੀਆਂ ਰਹਿਣ ਵਾਲੀਆਂ ਹਨ, ਪਰ ਉਹ ਸੋਨੀਪਤ ਵਿੱਚ ਰਹਿ ਰਹੀਆਂ ਸਨ।"
"ਇਹ ਲੋਕ ਪਿਛਲੇ ਦੋ ਤੋਂ ਤਿੰਨ ਹਫ਼ਤਿਆਂ ਦੌਰਾਨ ਹੀ ਇਸ ਖ਼ਾਸ ਕੰਮ ਲਈ ਇੱਕ-ਦੂਜੇ ਦੇ ਸੰਪਰਕ ਵਿੱਚ ਆਏ ਸਨ। ਉਹ 15 ਤਾਰੀਖ਼ ਨੂੰ ਇੱਥੋਂ ਰਵਾਨਾ ਹੋਏ ਅਤੇ 17 ਤਾਰੀਖ਼ ਦੀ ਸਵੇਰ ਨੂੰ ਮੁੰਬਈ ਪਹੁੰਚੇ। ਸਵੇਰੇ ਲਗਭਗ 11 ਵਜੇ ਉਨ੍ਹਾਂ ਨੇ ਦਾਦਰ ਰੇਲਵੇ ਸਟੇਸ਼ਨ ਦੇ ਨੇੜੇ ਇੱਕ ਨਾਬਾਲਗ ਮੁੰਡੇ ਨੂੰ ਹਥਿਆਰ ਸੌਂਪੇ।"
ਮੁਲਜ਼ਮ ਰੇਹਾਨ ਦੀ ਮਾਂ ਨੇ ਕੀ ਕਿਹਾ?

ਤਸਵੀਰ ਸਰੋਤ, ANI
ਇਸ ਮਾਮਲੇ ਵਿੱਚ ਪਹਿਲਾਂ ਗ੍ਰਿਫ਼ਤਾਰ ਕੀਤੇ ਗਏ ਤਿੰਨ ਮੁੱਖ ਮੁਲਜ਼ਮਾਂ ਵਿੱਚੋਂ ਇੱਕ ਦਾ ਨਾਮ ਰੇਹਾਨ ਹੈ। ਹਰਿਆਣਾ ਵਿੱਚ ਰਹਿਣ ਵਾਲੀ ਰੇਹਾਨ ਦੀ ਮਾਂ ਨੇ ਪੁਲਿਸ ਪੁੱਛਗਿੱਛ ਤੋਂ ਬਾਅਦ ਮੀਡੀਆ ਨਾਲ ਗੱਲਬਾਤ ਕੀਤੀ।
ਉਨ੍ਹਾਂ ਨੇ ਦੱਸਿਆ, "ਪੁਲਿਸ ਵਾਲਿਆਂ ਨੇ ਸਾਨੂੰ ਪੁੱਛਿਆ ਕਿ ਤੁਹਾਡਾ ਪੁੱਤਰ ਮੁੰਬਈ ਕਿਵੇਂ ਪਹੁੰਚਿਆ? ਕੀ ਕਿਸੇ ਨੇ ਉਸ ਨੂੰ ਗੁਮਰਾਹ ਕੀਤਾ ਸੀ? ਮੈਂ ਉਨ੍ਹਾਂ ਨੂੰ ਕਿਹਾ ਕਿ ਉਸ ਕੋਲ ਤਾਂ ਕਿਰਾਏ ਦੇ ਪੈਸੇ ਤੱਕ ਨਹੀਂ ਸਨ ਅਤੇ ਨਾ ਹੀ ਕੋਈ ਹੋਰ ਸਾਮਾਨ ਸੀ।"
ਰੇਹਾਨ ਦੀ ਮਾਂ ਮੁਤਾਬਕ, ਉਨ੍ਹਾਂ ਨੇ ਪੁਲਿਸ ਨੂੰ ਦੱਸਿਆ ਹੈ ਕਿ ਉਨ੍ਹਾਂ ਦਾ ਪੁੱਤਰ ਪਿਛਲੇ 20 ਤੋਂ 22 ਦਿਨਾਂ ਤੋਂ ਲਾਪਤਾ ਸੀ ਅਤੇ ਪਰਿਵਾਰ ਨੇ ਉਸ ਦੀ ਕਾਫ਼ੀ ਭਾਲ ਵੀ ਕੀਤੀ ਸੀ।
ਰੇਹਾਨ ਦੇ ਬਚਪਨ ਦੇ ਇੱਕ ਦੋਸਤ ਨੂੰ ਵੀ ਪੁਲਿਸ ਨੇ ਫੜਿਆ ਹੈ।
ਸਮਾਚਾਰ ਏਜੰਸੀ ਆਈਏਐੱਨਐੱਸ ਮੁਤਾਬਕ, ਜਾਂਚ ਦੇ ਸਿਲਸਿਲੇ ਵਿੱਚ ਸੋਨੀਪਤ ਪੁਲਿਸ ਨੇ ਰੇਹਾਨ ਦੇ ਬਚਪਨ ਦੇ ਇੱਕ ਦੋਸਤ ਨੂੰ ਵੀ ਹਿਰਾਸਤ ਵਿੱਚ ਲਿਆ ਹੈ।
ਹਾਲਾਂਕਿ, ਹਿਰਾਸਤ ਵਿੱਚ ਲਏ ਗਏ ਨੌਜਵਾਨ ਦੇ ਪਰਿਵਾਰ ਨੇ ਕਿਸੇ ਵੀ ਤਰ੍ਹਾਂ ਦੀ ਸਾਜ਼ਿਸ਼ ਵਿੱਚ ਉਸ ਦੇ ਸ਼ਾਮਲ ਹੋਣ ਤੋਂ ਸਾਫ਼ ਇਨਕਾਰ ਕੀਤਾ ਹੈ।
ਪਰਿਵਾਰ ਦਾ ਕਹਿਣਾ ਹੈ ਕਿ ਉਨ੍ਹਾਂ ਦਾ ਪੁੱਤਰ ਬਿਮਾਰ ਰਹਿੰਦਾ ਹੈ ਅਤੇ ਹਾਲ ਹੀ ਦੇ ਦਿਨਾਂ ਵਿੱਚ ਰੇਹਾਨ ਨਾਲ ਉਨ੍ਹਾਂ ਦਾ ਕੋਈ ਸੰਪਰਕ ਨਹੀਂ ਸੀ।
ਹਿਰਾਸਤ ਵਿੱਚ ਲਏ ਗਏ ਨੌਜਵਾਨ ਦੀ ਮਾਂ ਨੇ ਕਿਹਾ, "ਉਹ ਅਜੇ ਸਿਰਫ਼ ਇੱਕ ਬੱਚਾ ਹੈ ਅਤੇ ਬਿਲਕੁਲ ਬੇਕਸੂਰ ਹੈ। ਉਹ (ਰੇਹਾਨ ਦਾ ਪਰਿਵਾਰ) ਸਾਡੇ ਗੁਆਂਢੀ ਸਨ। ਰੇਹਾਨ ਨਾਲ ਉਸ ਦੀ ਬਚਪਨ ਤੋਂ ਦੋਸਤੀ ਸੀ। ਮੇਰੇ ਪੁੱਤਰ ਨੇ ਕੁਝ ਵੀ ਗ਼ਲਤ ਨਹੀਂ ਕੀਤਾ ਹੈ ਅਤੇ ਨਾ ਹੀ ਉਸ ਕੋਲੋਂ ਕੁਝ ਬਰਾਮਦ ਹੋਇਆ ਹੈ।"
ਉਨ੍ਹਾਂ ਅੱਗੇ ਕਿਹਾ, "ਮੇਰਾ ਪੁੱਤਰ ਤਾਂ ਸਿੱਧਾ ਘਰ ਆਉਂਦਾ ਸੀ, ਬਿਸਤਰੇ 'ਤੇ ਲੇਟ ਜਾਂਦਾ ਸੀ ਅਤੇ ਚਾਹ ਜਾਂ ਖਾਣੇ ਬਾਰੇ ਪੁੱਛਦਾ ਸੀ। ਉਸ ਨੂੰ ਗੁਰਦਿਆਂ ਦੀ ਬਿਮਾਰੀ ਹੈ ਅਤੇ ਉਸ ਦੀਆਂ ਲਗਾਤਾਰ ਦਵਾਈਆਂ ਚੱਲ ਰਹੀਆਂ ਹਨ।"
ਬੁੱਧਵਾਰ ਨੂੰ ਮੁੰਬਈ ਪੁਲਿਸ ਕੋਟਾ ਤੋਂ ਫੜੇ ਗਏ ਮੁਲਜ਼ਮਾਂ ਫੂਲ ਸਿੰਘ, ਰਿਤਿਕ ਕੁਮਾਰ ਅਤੇ ਰੇਹਾਨ ਨੂੰ ਲੈ ਕੇ ਮੁੰਬਈ ਪਹੁੰਚ ਗਈ ਹੈ। ਉਨ੍ਹਾਂ ਦਾ ਮੈਡੀਕਲ ਕਰਵਾਉਣ ਤੋਂ ਬਾਅਦ ਅਦਾਲਤ ਵਿੱਚ ਪੇਸ਼ ਕਰਨ ਦੀ ਪ੍ਰਕਿਰਿਆ ਪੂਰੀ ਕੀਤੀ ਜਾ ਰਹੀ ਹੈ।
ਮੁਲਜ਼ਮ ਸੁਮਿਤ ਦੀ ਮਾਂ ਨੇ ਕੀ ਕਿਹਾ
ਮਾਮਲੇ ਵਿੱਚ ਗ੍ਰਿਫ਼ਤਾਰ 19 ਸਾਲਾ ਸੁਮਿਤ ਦੀ ਮਾਂ ਨੇ ਆਪਣੇ ਪੁੱਤ ਨੂੰ ਬੇਕਸੂਰ ਦੱਸਿਆ ਹੈ।
ਪੀਟੀਆਈ ਨਾਲ ਗੱਲ ਕਰਦਿਆਂ ਉਨ੍ਹਾਂ ਨੇ ਕਿਹਾ, "ਮੇਰੇ ਪੁੱਤ ਦਾ ਕੋਈ ਹੱਥ ਨਹੀਂ ਹੈ। ਉਸ ਨੂੰ ਝੂਠ ਬੋਲ ਕੇ ਤੇ ਬਹਿਕਾ ਕੇ ਲੈ ਗਏ ਹਨ। ਮੇਰੇ ਪੁੱਤ ਨੇ ਮੈਨੂੰ ਸਿਰਫ਼ ਇੰਨਾ ਹੀ ਦੱਸਿਆ ਸੀ ਕਿ ਉਹ ਖਾਟੂ ਸ਼ਿਆਮ ਜਾ ਰਿਹਾ ਹੈ। ਮੈਨੂੰ ਨਹੀਂ ਪਤਾ ਕਿ ਉਹ ਕਿਸ ਨੂੰ ਮਿਲਣ ਗਿਆ ਸੀ ਜਾਂ ਉਸ ਨਾਲ ਕੀ ਹੋਇਆ।"
"ਉਹ ਪਿਛਲੇ ਤਿੰਨ ਸਾਲਾਂ ਤੋਂ ਕੱਪੜਿਆਂ ਦੀ ਦੁਕਾਨ 'ਤੇ ਕੰਮ ਕਰ ਰਿਹਾ ਹੈ। ਅਸੀਂ ਮਜ਼ਦੂਰੀ ਕਰਕੇ ਗੁਜ਼ਾਰਾ ਕਰਦੇ ਹਾਂ ਅਤੇ ਕਿਰਾਏ ਦੇ ਮਕਾਨ ਵਿੱਚ ਰਹਿੰਦੇ ਹਾਂ। ਪੁਲਿਸ ਨੇ ਵੀ ਸਾਨੂੰ ਕੁਝ ਸਪੱਸ਼ਟ ਨਹੀਂ ਦੱਸਿਆ। ਹੁਣ ਸਿਰਫ਼ ਮੇਰੇ ਪੁੱਤ ਦਾ ਨਾਮ ਮੀਡੀਆ ਵਿੱਚ ਆ ਰਿਹਾ ਹੈ। ਸਰਕਾਰ ਨੂੰ ਮੇਰੀ ਇਹੀ ਅਪੀਲ ਹੈ ਕਿ ਮੇਰੇ ਪੁੱਤ ਨੂੰ ਛੱਡ ਦਿੱਤਾ ਜਾਵੇ।"
ਜਿਸ ਬਾਈਕ 'ਤੇ ਮੁਲਜ਼ਮ ਫ਼ਰਾਰ ਹੋਏ, ਉਸ ਦੇ ਮਾਲਕ ਨੇ ਕੀ ਦੱਸਿਆ?
ਮੁੰਬਈ ਪੁਲਿਸ ਨੇ ਸ਼ੂਟਰਾਂ ਵੱਲੋਂ ਵਰਤੇ ਗਏ ਮੋਟਰਸਾਈਕਲ ਦੇ ਸਾਬਕਾ ਮਾਲਕ ਦਾ ਪਤਾ ਲਗਾਇਆ ਹੈ।
ਸਮਾਚਾਰ ਏਜੰਸੀ ਏਐੱਨਆਈ ਨੂੰ ਬਾਈਕ ਦੇ ਮਾਲਕ ਰੱਜਬ ਅਲੀ ਸ਼ੇਖ਼ ਨੇ ਦੱਸਿਆ, "ਅਸੀਂ ਬਾਈਕ 25,000 ਤੋਂ 26,000 ਰੁਪਏ ਵਿੱਚ ਵੇਚ ਦਿੱਤੀ ਸੀ। ਜਦੋਂ ਇਹ ਘਟਨਾ ਮੀਡੀਆ ਵਿੱਚ ਆਈ, ਤਾਂ ਪੁਲਿਸ ਸਾਡੇ ਘਰ ਪਹੁੰਚੀ।"
"ਉਦੋਂ ਸਾਨੂੰ ਅਹਿਸਾਸ ਹੋਇਆ ਕਿ ਜਿਸ ਵਿਅਕਤੀ ਨੂੰ ਅਸੀਂ ਬਾਈਕ ਵੇਚੀ ਸੀ, ਉਸ ਨੇ ਜਾਂ ਸ਼ਾਇਦ ਕਿਸੇ ਹੋਰ ਨੇ ਇਸ ਦੀ ਵਰਤੋਂ ਕੀਤੀ ਹੋਵੇਗੀ।"
ਉਨ੍ਹਾਂ ਕਿਹਾ, "ਸਾਨੂੰ ਤਾਂ ਇਹ ਵੀ ਨਹੀਂ ਪਤਾ ਸੀ ਕਿ ਇਸ ਦੀ ਵਰਤੋਂ ਕਿਸ ਨੇ ਕੀਤੀ ਸੀ। ਹੁਣ ਜਾ ਕੇ ਇਹ ਸਪੱਸ਼ਟ ਹੋ ਰਿਹਾ ਹੈ ਕਿ ਉਹ ਬਾਈਕ ਸਾਡੀ ਹੀ ਸੀ।"
ਉਨ੍ਹਾਂ ਅੱਗੇ ਕਿਹਾ, "ਮੁੰਬਈ ਪੁਲਿਸ ਆਈ ਅਤੇ ਉਸ ਨੇ ਸਾਡੇ ਤੋਂ ਪੁੱਛਗਿੱਛ ਕੀਤੀ। ਅਸੀਂ ਉਨ੍ਹਾਂ ਨੂੰ ਸਭ ਕੁਝ ਦੱਸਿਆ ਅਤੇ ਘਟਨਾ ਬਾਰੇ ਪੂਰੀ ਸੱਚਾਈ ਸਾਂਝੀ ਕੀਤੀ। ਉਹ ਪਲਸਰ ਬਾਈਕ ਸੀ। ਅਸੀਂ ਇਸ ਦੇ ਤੀਜੇ ਮਾਲਕ ਸੀ ਅਤੇ ਅਸੀਂ ਇਸ ਨੂੰ ਵੇਚ ਦਿੱਤਾ ਸੀ।"
ਸਲਮਾਨ ਖ਼ਾਨ ਦੀ ਸੁਰੱਖਿਆ ਵਧਾਈ ਗਈ

ਤਸਵੀਰ ਸਰੋਤ, Getty Images
ਟਾਈਗਰ ਸ਼ਰੌਫ਼ 'ਤੇ ਹੋਏ ਹਮਲੇ ਤੋਂ ਬਾਅਦ ਮੁੰਬਈ ਪੁਲਿਸ ਨੇ ਸਲਮਾਨ ਖ਼ਾਨ ਦੀ ਸੁਰੱਖਿਆ ਵਧਾ ਦਿੱਤੀ ਹੈ।
ਸਮਾਚਾਰ ਏਜੰਸੀ ਆਈਏਐੱਨਐੱਸ ਮੁਤਾਬਕ, "ਸਥਾਨਕ ਬਾਂਦਰਾ ਪੁਲਿਸ ਸਟੇਸ਼ਨ ਦੀ ਇੱਕ ਪੈਟ੍ਰੋਲਿੰਗ ਵੈਨ ਵੀ ਮੌਕੇ 'ਤੇ ਮੌਜੂਦ ਹੈ। ਇਮਾਰਤ ਦੇ ਅੰਦਰ ਅਤੇ ਬਾਹਰ, ਨਾਲ ਹੀ ਸੜਕ ਦੇ ਦੋਵੇਂ ਪਾਸੇ ਪੁਲਿਸ ਮੁਲਾਜ਼ਮਾਂ ਨੂੰ ਤੈਨਾਤ ਕੀਤਾ ਗਿਆ ਹੈ।"
ਏਜੰਸੀ ਮੁਤਾਬਕ, "ਲਾਰੈਂਸ ਬਿਸ਼ਨੋਈ ਗੈਂਗ ਦੇ ਚਾਰ ਮੈਂਬਰਾਂ ਨੂੰ ਦਿੱਲੀ ਵਿੱਚ ਗ੍ਰਿਫ਼ਤਾਰ ਕੀਤਾ ਗਿਆ। ਪੁੱਛਗਿੱਛ ਦੌਰਾਨ ਉਨ੍ਹਾਂ ਨੇ ਕਥਿਤ ਤੌਰ 'ਤੇ ਖ਼ੁਲਾਸਾ ਕੀਤਾ ਕਿ ਉਨ੍ਹਾਂ ਨੇ ਅਦਾਕਾਰ ਸਲਮਾਨ ਖ਼ਾਨ ਦੇ ਘਰ ਦੇ ਬਾਹਰ ਗੋਲੀਬਾਰੀ ਕਰਨ ਤੋਂ ਬਾਅਦ ਅਦਾਕਾਰ ਟਾਈਗਰ ਸ਼ਰੌਫ਼ ਨੂੰ ਨਿਸ਼ਾਨਾ ਬਣਾਉਣ ਦੀ ਯੋਜਨਾ ਬਣਾਈ ਸੀ। ਹਾਲਾਂਕਿ, ਸਖ਼ਤ ਸੁਰੱਖਿਆ ਕਾਰਨ ਉਹ ਆਪਣੀ ਯੋਜਨਾ ਨੂੰ ਅੰਜਾਮ ਨਹੀਂ ਦੇ ਸਕੇ।"
ਇਸ ਘਟਨਾ ਨੂੰ ਲੈ ਕੇ ਲੋਕਾਂ ਦੀਆਂ ਪ੍ਰਤੀਕਿਰਿਆਵਾਂ ਆਉਣ ਦਾ ਸਿਲਸਿਲਾ ਜਾਰੀ ਹੈ।
ਬੁੱਧਵਾਰ ਨੂੰ ਸ਼ਿਵ ਸੈਨਾ ਦੀ ਆਗੂ ਸ਼ਾਇਨਾ ਐਨਸੀ ਨੇ ਕਿਹਾ, "ਟਾਈਗਰ ਸ਼ਰੌਫ਼ ਕਿਸੇ ਵਿਵਾਦ ਵਿੱਚ ਸ਼ਾਮਲ ਨਹੀਂ ਹਨ। ਜੇਕਰ ਤੁਸੀਂ ਉਨ੍ਹਾਂ ਦੀ ਜੀਵਨਸ਼ੈਲੀ ਨੂੰ ਦੇਖੋ, ਤਾਂ ਉਨ੍ਹਾਂ ਨੇ ਕਦੇ ਕੋਈ ਵਿਵਾਦਤ ਬਿਆਨ ਨਹੀਂ ਦਿੱਤਾ।"
"ਇਹ ਕਹਿਣਾ ਗ਼ਲਤ ਹੋਵੇਗਾ ਕਿ ਸਲਮਾਨ ਖ਼ਾਨ ਦੇ ਕਰੀਬੀ ਹੋਣ ਕਾਰਨ ਉਨ੍ਹਾਂ 'ਤੇ ਹਮਲਾ ਹੋਇਆ ਕਿਉਂਕਿ ਜੇਕਰ ਇਸ ਨਜ਼ਰੀਏ ਤੋਂ ਦੇਖੀਏ, ਤਾਂ ਸਲਮਾਨ ਖ਼ਾਨ ਦੇ ਕਈ ਹੋਰ ਵੱਡੇ ਸਿਤਾਰਿਆਂ ਨਾਲ ਵੀ ਕਰੀਬੀ ਸਬੰਧ ਹਨ, ਪਰ ਉਨ੍ਹਾਂ 'ਤੇ ਹਮਲਾ ਨਹੀਂ ਹੋਇਆ।"
"ਇਸ ਲਈ ਮੈਨੂੰ ਨਹੀਂ ਲੱਗਦਾ ਕਿ ਇਸ ਮਾਮਲੇ ਵਿੱਚ ਸਲਮਾਨ ਖ਼ਾਨ ਦਾ ਨਾਮ ਘੜੀਸਣਾ ਚਾਹੀਦਾ ਹੈ ਜਾਂ ਉਨ੍ਹਾਂ ਨੂੰ ਬਲੀ ਦਾ ਬੱਕਰਾ ਬਣਾਉਣਾ ਚਾਹੀਦਾ ਹੈ।"
ਬੀਬੀਸੀ ਲਈ ਕਲੈਕਟਿਵ ਨਿਊਜ਼ਰੂਮ ਵੱਲੋਂ ਪ੍ਰਕਾਸ਼ਿਤ































