ਅਮਰੀਕਾ ਦਾ ਉਹ ਜਹਾਜ਼ ਜੋ ਪਰਮਾਣੂ ਹਮਲੇ ਦੀ ਲਪੇਟ 'ਚ ਆਏ ਬਿਨਾਂ ਸੱਤ ਦਿਨਾਂ ਤੱਕ ਉਡਾਣ ਭਰ ਸਕਦਾ ਹੈ, ਇਸ ਦੀਆਂ ਹੋਰ ਕੀ ਖੂਬੀਆਂ ਹਨ

ਡੂਮਸਡੇਅ ਪਲੇਨ

ਤਸਵੀਰ ਸਰੋਤ, Getty Images

ਤਸਵੀਰ ਕੈਪਸ਼ਨ, ਅਮਰੀਕਾ ਕੋਲ ਚਾਰ ਈ-4ਬੀ ਜਹਾਜ਼ਾਂ ਦਾ ਬੇੜਾ ਹੈ। ਇਹ ਜਹਾਜ਼ ਪੂਰਾ ਸਾਲ ਨਿਯਮਿਤ ਤੌਰ 'ਤੇ ਉਡਾਣ ਭਰਦੇ ਰਹਿੰਦੇ ਹਨ
ਪੜ੍ਹਨ ਦਾ ਸਮਾਂ: 5 ਮਿੰਟ

'ਤਬਾਹੀ ਦਾ ਜਹਾਜ਼' ਕਿਹਾ ਜਾਣ ਵਾਲਾ ਇਹ ਹਵਾਈ ਜਹਾਜ਼ ਦਰਅਸਲ ਇੱਕ ਬੋਇੰਗ ਈ-4ਬੀ ਹੈ। ਇਸਨੂੰ ਪਰਮਾਣੂ ਹਮਲਿਆਂ ਅਤੇ ਹੋਰ ਵਿਨਾਸ਼ਕਾਰੀ ਆਫ਼ਤਾਂ ਵਰਗੀਆਂ ਬਹੁਤ ਐਮਰਜੈਂਸੀ ਸਥਿਤੀਆਂ ਵਿੱਚ ਕਮਾਂਡ ਸੈਂਟਰ ਵਜੋਂ ਡਿਜ਼ਾਈਨ ਕੀਤਾ ਗਿਆ ਸੀ।

ਇਹ ਜਹਾਜ਼ ਸ਼ੀਤ ਯੁੱਧ ਦੌਰਾਨ 1974 ਵਿੱਚ ਅਮਰੀਕੀ ਫੌਜ ਦਾ ਹਿੱਸਾ ਬਣਿਆ।

ਇਸ ਜਹਾਜ਼ ਦਾ ਮਕਸਦ, ਅਮਰੀਕਾ ਵਿੱਚ ਹਾਲਾਤ ਬੇਕਾਬੂ ਹੋਣ ਅਤੇ ਜ਼ਮੀਨ 'ਤੇ ਮੌਜੂਦ ਨਿਯੰਤਰਣ ਕੇਂਦਰਾਂ ਵਿੱਚ ਵਿਘਨ ਆਉਣ ਦੀ ਸਥਿਤੀ ਵਿੱਚ ਹਵਾਈ ਕਮਾਂਡ ਸੈਂਟਰ ਵਜੋਂ ਕੰਮ ਕਰਨਾ ਸੀ।

ਇਸਦਾ ਇਸਤੇਮਾਲ ਅਮਰੀਕੀ ਰਾਸ਼ਟਰਪਤੀ, ਰੱਖਿਆ ਮੰਤਰੀ ਅਤੇ ਜੌਇੰਟ ਚੀਫ਼ਸ ਆਫ਼ ਸਟਾਫ਼ ਸੰਕਟ ਅਤੇ ਬਹੁਤ ਜ਼ਿਆਦਾ ਐਮਰਜੈਂਸੀ ਸਥਿਤੀਆਂ ਦੌਰਾਨ ਹਾਲਾਤਾਂ 'ਤੇ ਨਿਯੰਤਰਣ ਰੱਖਣ ਅਤੇ ਸਰਕਾਰੀ ਸਿਸਟਮ ਦੇ ਬਾਕੀ ਹਿੱਸਿਆਂ ਨਾਲ ਸੰਪਰਕ ਬਣਾਈ ਰੱਖਣ ਲਈ ਕਰਦੇ ਹਨ।

ਇਸ ਜਹਾਜ਼ ਨੂੰ 'ਡੂਮਸਡੇਅ ਪਲੇਨ' ਕਿਹਾ ਜਾਂਦਾ ਹੈ ਅਤੇ ਇਹ ਬਿਨਾਂ ਰੁਕੇ ਲਗਾਤਾਰ ਸੱਤ ਦਿਨਾਂ ਤੱਕ ਉਡਾਣ ਭਰ ਸਕਦਾ ਹੈ। ਇਹ ਲੰਬੇ ਸਮੇਂ ਤੱਕ ਹਵਾ ਵਿੱਚ ਰਹਿ ਕੇ ਫੌਜੀ ਆਪ੍ਰੇਸ਼ਨ ਨੂੰ ਸਹਿਯੋਗ ਦੇਣ ਦੇ ਸਮਰੱਥ ਹੈ।

'ਤਬਾਹੀ ਦਾ ਬੇੜਾ'

ਡੂਮਸਡੇਅ ਪਲੇਨ

ਤਸਵੀਰ ਸਰੋਤ, Getty Images

ਤਸਵੀਰ ਕੈਪਸ਼ਨ, ਡੂਮਸਡੇਅ ਪਲੇਨ ਵਿੱਚ ਅਜਿਹੀਆਂ ਵਿਸ਼ੇਸ਼ਤਾਵਾਂ ਹਨ ਜੋ ਇਸਨੂੰ ਪਰਮਾਣੂ ਆਫ਼ਤਾਂ ਅਤੇ ਹੋਰ ਸੰਕਟਾਂ ਦੌਰਾਨ ਉਡਾਣ ਲਈ ਢੁਕਵਾਂ ਬਣਾਉਂਦੀਆਂ ਹਨ

ਅਮਰੀਕਾ ਕੋਲ ਚਾਰ ਈ-4ਬੀ ਜਹਾਜ਼ਾਂ ਦਾ ਬੇੜਾ ਹੈ। ਇਹ ਜਹਾਜ਼ ਪੂਰੇ ਸਾਲ ਨਿਯਮਿਤ ਤੌਰ 'ਤੇ ਉਡਾਣ ਭਰਦੇ ਰਹਿੰਦੇ ਹਨ।

ਅਮਰੀਕੀ ਹਵਾਈ ਫੌਜ ਇਸ ਸਮੇਂ ਪੰਜ ਬੋਇੰਗ 747-8 ਜਹਾਜ਼ਾਂ ਦੇ ਪੁਨਰਨਿਰਮਾਣ ਅਤੇ ਟ੍ਰਾਂਸਫਾਰਮੇਸ਼ਨ 'ਤੇ ਕੰਮ ਕਰ ਰਹੀ ਹੈ, ਤਾਂ ਜੋ ਉਨ੍ਹਾਂ ਨੂੰ ਈ-4ਬੀ ਜਹਾਜ਼ਾਂ ਦੀ ਥਾਂ ਵਰਤਿਆ ਜਾ ਸਕੇ। ਇਨ੍ਹਾਂ ਜਹਾਜ਼ਾਂ ਦਾ ਇਸਤੇਮਾਲ ਪਹਿਲਾਂ ਦੱਖਣੀ ਕੋਰੀਆਈ ਹਵਾਈ ਫੌਜ ਕਰਦੀ ਸੀ।

ਇਨ੍ਹਾਂ ਜਹਾਜ਼ਾਂ ਵਿੱਚ ਰੇਡੀਏਸ਼ਨ ਅਤੇ ਇਲੈਕਟ੍ਰੋਮੈਗਨੇਟਿਕ ਪਲਸ ਤੋਂ ਸੁਰੱਖਿਆ ਲਈ ਸ਼ੀਲਡਿੰਗ, ਸੰਚਾਰ ਐਂਟੀਨਾ, ਕੰਪਿਊਟਰ, ਮਿਸ਼ਨ ਸਿਸਟਮ, ਅਤਿ-ਆਧੁਨਿਕ ਇੰਟੀਰੀਅਰ ਡਿਜ਼ਾਈਨ ਅਤੇ ਹਵਾ ਵਿੱਚ ਹੀ ਈਂਧਨ ਭਰਨ ਦੀ ਸਮਰੱਥਾ ਵਰਗੀਆਂ ਸਹੂਲਤਾਂ ਹੋਣਗੀਆਂ।

ਇਨ੍ਹਾਂ ਪੰਜ ਜਹਾਜ਼ਾਂ ਦੀ ਲਾਗਤ ਕਰੀਬ 13 ਅਰਬ ਡਾਲਰ ਹੋਵੇਗੀ।

ਡੂਮਸਡੇਅ ਪਲੇਨ ਵਿੱਚ ਅਜਿਹੀਆਂ ਵਿਸ਼ੇਸ਼ਤਾਵਾਂ ਹਨ ਜੋ ਇਸਨੂੰ ਪਰਮਾਣੂ ਆਫ਼ਤਾਂ ਅਤੇ ਹੋਰ ਸੰਕਟਾਂ ਦੌਰਾਨ ਉਡਾਣ ਲਈ ਢੁਕਵਾਂ ਬਣਾਉਂਦੀਆਂ ਹਨ।

ਇਹ ਅਜਿਹੀਆਂ ਸਮਰੱਥਾਵਾਂ ਨਾਲ ਲੈਸ ਹੈ ਜੋ ਹੋਰ ਜਹਾਜ਼ਾਂ ਵਿੱਚ ਆਮ ਤੌਰ 'ਤੇ ਉਪਲੱਬਧ ਨਹੀਂ ਹੁੰਦੀਆਂ।

ਇਹ ਜਹਾਜ਼ ਮਿਜ਼ਾਇਲਾਂ ਦਾਗ ਸਕਦੇ ਹਨ। ਨਾਲ ਹੀ ਇਨ੍ਹਾਂ ਵਿੱਚ ਪਰਮਾਣੂ ਹਮਲਿਆਂ, ਸਾਇਬਰ ਹਮਲਿਆਂ ਅਤੇ ਇਲੈਕਟ੍ਰੋਮੈਗਨੇਟਿਕ ਪ੍ਰਭਾਵਾਂ ਦਾ ਸਾਹਮਣਾ ਕਰਨ ਦੀ ਸਮਰੱਥਾ ਹੈ।

ਇਹ ਜਹਾਜ਼ ਐਡਵਾਂਸ ਸੰਚਾਰ ਸਮਰੱਥਾਵਾਂ ਨਾਲ ਲੈਸ ਹੈ, ਕਿਉਂਕਿ ਇਸ ਵਿੱਚ 67 ਐਂਟੀਨਾ ਹਨ, ਜਿਨ੍ਹਾਂ ਦਾ ਇਸਤੇਮਾਲ ਕਿਸੇ ਵੀ ਸਥਾਨ ਤੋਂ ਸੰਚਾਰ ਲਈ ਕੀਤਾ ਜਾ ਸਕਦਾ ਹੈ। ਇਹ ਚਾਰ ਇੰਜਨਾਂ ਨਾਲ ਚਲਦਾ ਹੈ। ਇਸ ਵਿੱਚ ਸਵੇਪਟ ਵਿੰਗਜ਼ ਲੱਗੇ ਹਨ ਅਤੇ ਇਸ ਵਿੱਚ ਹਵਾ ਵਿੱਚ ਹੀ ਈਂਧਨ ਭਰਨ ਦੀ ਸਮਰੱਥਾ ਵੀ ਹੈ।

ਅਮਰੀਕਾ ਨੇ ਸਾਲ 1974 ਦੇ ਅੰਤ ਤੱਕ ਸੇਵਾ ਵਿੱਚ ਰਹੇ ਆਪਣੇ ਬੋਇੰਗ ਈ-4ਏ ਜਹਾਜ਼ਾਂ ਨੂੰ ਈ-4ਬੀ ਵਿੱਚ ਅੱਪਗ੍ਰੇਡ ਕੀਤਾ ਸੀ। ਅਮਰੀਕੀ ਹਵਾਈ ਫੌਜ ਨੂੰ ਆਪਣਾ ਪਹਿਲਾ ਬੀ-ਸੀਰੀਜ਼ ਜਹਾਜ਼ ਸਾਲ 1980 ਵਿੱਚ ਮਿਲਿਆ ਸੀ।

ਅਮਰੀਕੀ ਹਵਾਈ ਫੌਜ ਦੇ ਅਨੁਸਾਰ, ਡੂਮਸਡੇਅ ਪਲੇਨ ਦਾ ਇਸਤੇਮਾਲ ਅਮਰੀਕੀ ਕਮਾਂਡਰਾਂ ਨੂੰ ਇੱਕ ਪ੍ਰਭਾਵਸ਼ਾਲੀ ਕਮਾਂਡ, ਕੰਟਰੋਲ ਅਤੇ ਸੰਚਾਰ ਕੇਂਦਰ ਉਪਲੱਬਧ ਕਰਵਾਉਣ ਲਈ ਕੀਤਾ ਜਾਂਦਾ ਹੈ।

ਰਾਸ਼ਟਰੀ ਐਮਰਜੈਂਸੀ ਜਾਂ ਜ਼ਮੀਨੀ ਕਮਾਂਡ ਕੇਂਦਰਾਂ ਦੇ ਤਬਾਹ ਹੋਣ ਦੀ ਸਥਿਤੀ ਵਿੱਚ ਇਸ ਜਹਾਜ਼ ਦੇ ਜ਼ਰੀਏ ਅਮਰੀਕੀ ਫੌਜਾਂ ਨੂੰ ਹੁਕਮ ਦਿੱਤੇ ਜਾ ਸਕਦੇ ਹਨ। ਇਹ ਜਹਾਜ਼ ਤੂਫ਼ਾਨ ਅਤੇ ਭੂਚਾਲ ਵਰਗੀਆਂ ਕੁਦਰਤੀ ਆਫ਼ਤਾਂ ਤੋਂ ਬਾਅਦ ਵੱਖ-ਵੱਖ ਇਲਾਕਿਆਂ ਵਿੱਚ ਮੌਜੂਦ ਕਮਾਂਡ ਸੈਂਟਰਾਂ ਨਾਲ ਸੰਚਾਰ ਸਥਾਪਿਤ ਕਰਦਾ ਹੈ।

ਇਸ ਜਹਾਜ਼ ਦੀਆਂ ਕੀ ਖੂਬੀਆਂ ਹਨ

ਡੌਨਲਡ ਟਰੰਪ

ਤਸਵੀਰ ਸਰੋਤ, Getty Images

ਤਸਵੀਰ ਕੈਪਸ਼ਨ, ਕਮਾਂਡਰ ਪਾਇਲਟ ਜਹਾਜ਼ ਦੇ ਅੰਦਰ ਲੱਗੀ ਸਕ੍ਰੀਨ ਦੇ ਜ਼ਰੀਏ ਅਮਰੀਕੀ ਰਾਸ਼ਟਰਪਤੀ, ਉਪ ਰਾਸ਼ਟਰਪਤੀ, ਰੱਖਿਆ ਮੰਤਰੀ, ਵਿਦੇਸ਼ ਮੰਤਰੀ ਅਤੇ ਅਟਾਰਨੀ ਜਨਰਲ ਦੇ ਟਿਕਾਣੇ ਦੇਖ ਸਕਦਾ ਹੈ (ਸੰਕੇਤਕ ਤਸਵੀਰ)
  • ਡੂਮਸਡੇਅ ਪਲੇਨ ਬਿਨਾਂ ਰੁਕੇ ਲਗਾਤਾਰ ਸੱਤ ਦਿਨਾਂ ਤੱਕ ਉਡਾਣ ਭਰ ਸਕਦਾ ਹੈ।
  • ਉਡਾਣ ਦੌਰਾਨ ਜਹਾਜ਼ ਦਾ ਚਾਲਕ ਦਲ ਅਤੇ ਯਾਤਰੀ ਦੁਨੀਆ ਵਿੱਚ ਕਿਤੇ ਵੀ ਜ਼ਮੀਨ 'ਤੇ ਸੰਪਰਕ ਕਰ ਸਕਦੇ ਹਨ।
  • ਇਸਦੀ ਤਾਕਤ ਅਮਰੀਕੀ ਏਅਰ ਡਿਫ਼ੈਂਸ ਫੋਰਸ ਦੇ ਬੇੜੇ ਨਾਲੋਂ ਵੀ ਵੱਧ ਹੈ।
  • ਇਸਨੂੰ ਇਸ ਤਰ੍ਹਾਂ ਡਿਜ਼ਾਈਨ ਕੀਤਾ ਗਿਆ ਹੈ ਕਿ ਇਹ ਪਰਮਾਣੂ ਹਮਲੇ, ਉਲਕਾਪਿੰਡਾਂ ਅਤੇ ਕਿਸੇ ਵੀ ਹੋਰ ਹਾਵੀ ਫੌਜ ਤੋਂ ਸੁਰੱਖਿਅਤ ਰਹੇ।
  • ਇਸਦਾ ਇੰਜਨ 24 ਘੰਟੇ ਅਤੇ ਸਾਲ ਵਿੱਚ 365 ਦਿਨ ਕੰਮ ਕਰਦਾ ਹੈ। ਇਸਦਾ ਮਤਲਬ ਹੈ ਕਿ ਇਹ ਕਦੇ ਕੰਮ ਕਰਨਾ ਬੰਦ ਨਹੀਂ ਕਰਦਾ ਅਤੇ ਕਿਸੇ ਵੀ ਐਮਰਜੈਂਸੀ ਦੀ ਸਥਿਤੀ ਵਿੱਚ ਜ਼ਰੂਰਤ ਪੈਣ 'ਤੇ ਕਿਸੇ ਵੀ ਸਮੇਂ ਉਡਾਣ ਭਰਨ ਲਈ ਤਿਆਰ ਰਹਿੰਦਾ ਹੈ।
  • ਇਸ ਜਹਾਜ਼ ਦੀ ਕੀਮਤ 223 ਮਿਲੀਅਨ ਅਮਰੀਕੀ ਡਾਲਰ ਹੈ।
  • ਅਮਰੀਕਾ ਤੋਂ ਇਲਾਵਾ ਰੂਸ ਇੱਕਲਾ ਅਜਿਹਾ ਦੇਸ਼ ਹੈ ਜਿਸਦੇ ਕੋਲ ਅਜਿਹਾ ਜਹਾਜ਼ ਹੈ।
  • ਰੇਡੀਏਸ਼ਨ ਤੋਂ ਸੁਰੱਖਿਆ ਉਪਾਅ ਨਾਲ ਲੈਸ ਹੋਣ ਕਰਕੇ, ਇਹ ਹਮਲੇ ਦੇ ਕੁਝ ਹੀ ਮਿੰਟਾਂ ਵਿੱਚ ਉਡਾਣ ਭਰ ਸਕਦਾ ਹੈ।
  • ਇਸ ਵਿੱਚ ਤਿੰਨ ਮੰਜ਼ਿਲਾਂ ਹਨ ਅਤੇ ਇਸ ਵਿੱਚ ਅਧੁਨਿਕ ਉਪਕਰਣ ਲੱਗੇ ਹਨ, ਜੋ ਇਸਨੂੰ ਇਲੈਕਟ੍ਰੋਮੈਗਨੇਟਿਜ਼ਮ ਪ੍ਰਤੀ ਵਧੇਰੇ ਪ੍ਰਤੀਰੋਧੀ ਬਣਾਉਂਦੇ ਹਨ।
  • ਇਸਦਾ ਕਮਾਂਡਰ ਪਾਇਲਟ ਜਹਾਜ਼ ਦੇ ਅੰਦਰ ਲੱਗੀ ਸਕ੍ਰੀਨ ਦੇ ਜ਼ਰੀਏ ਅਮਰੀਕੀ ਰਾਸ਼ਟਰਪਤੀ, ਉਪ ਰਾਸ਼ਟਰਪਤੀ, ਰੱਖਿਆ ਮੰਤਰੀ, ਵਿਦੇਸ਼ ਮੰਤਰੀ ਅਤੇ ਅਟਾਰਨੀ ਜਨਰਲ ਦੇ ਟਿਕਾਣੇ ਦੇਖ ਸਕਦਾ ਹੈ।
  • ਮਹਾਸਾਗਰਾਂ ਦੀਆਂ ਗਹਿਰਾਈਆਂ ਵਿੱਚ ਲੁਕੀਆਂ ਪਣਡੁੱਬੀਆਂ ਵੀ ਇਸ ਦੇ ਜ਼ਰੀਏ ਫੌਜੀ ਹੁਕਮ ਪ੍ਰਾਪਤ ਕਰ ਸਕਦੀਆਂ ਹਨ।
  • 'ਡੂਮਸਡੇਅ ਪਲੇਨ' ਉਸ 'ਏਅਰ ਫੋਰਸ ਵਨ' ਤੋਂ ਵੱਖਰਾ ਹੈ ਜਿਸਦਾ ਇਸਤੇਮਾਲ ਅਮਰੀਕੀ ਰਾਸ਼ਟਰਪਤੀ ਨਿਯਮਿਤ ਯਾਤਰਾਵਾਂ ਲਈ ਕਰਦੇ ਹਨ।

ਡੂਮਸਡੇਅ ਪਲੇਨ ਦੀ ਯਾਤਰਾ

ਉੱਤਰੀ ਕੋਰੀਆਈ ਆਗੂ ਕਿਮ ਜੋਂਗ-ਉਨ

ਤਸਵੀਰ ਸਰੋਤ, Getty Images

ਤਸਵੀਰ ਕੈਪਸ਼ਨ, ਉੱਤਰੀ ਕੋਰੀਆਈ ਆਗੂ ਕਿਮ ਜੋਂਗ-ਉਨ

ਤਬਾਹੀਕੁੰਨ ਜਹਾਜ਼ ਜਾਂ ਬੇੜੇ ਦੀ ਆਪਣੀ ਉਡਾਣ ਅਤੇ ਫੌਜੀ ਸਮਰੱਥਾ ਪ੍ਰਭਾਵਸ਼ਾਲੀ ਤਰੀਕੇ ਨਾਲ ਕੰਮ ਕਰ ਰਹੀ ਹੈ ਜਾਂ ਨਹੀਂ, ਇਸ ਦੀ ਜਾਂਚ ਲਈ ਇਹ ਨਿਯਮਿਤ ਅੰਤਰਾਲ 'ਤੇ ਉਡਾਣਾਂ ਭਰਦਾ ਰਹਿੰਦਾ ਹੈ।

ਆਪਣੀਆਂ ਵਿਲੱਖਣ ਸਮਰੱਥਾਵਾਂ ਅਤੇ ਖੂਬੀਆਂ ਵਾਲੇ ਇਸ ਜਹਾਜ਼ 'ਤੇ ਮੀਡੀਆ ਦਾ ਧਿਆਨ ਅਮਰੀਕੀ ਰਾਸ਼ਟਰਪਤੀ ਡੌਨਲਡ ਟਰੰਪ ਦੇ ਪਹਿਲੇ ਕਾਰਜਕਾਲ ਵਿੱਚ ਉਨ੍ਹਾਂ ਵੱਲੋਂ ਅਹੁਦਾ ਸੰਭਾਲਣ ਤੋਂ ਬਾਅਦ ਸ਼ੁਰੂ ਹੋਇਆ, ਜਦੋਂ ਉਨ੍ਹਾਂ ਅਤੇ ਉੱਤਰੀ ਕੋਰੀਆਈ ਆਗੂ ਕਿਮ ਜੋਂਗ-ਉਨ ਦੇ ਵਿਚਕਾਰ ਜ਼ੁਬਾਨੀ ਜੰਗ ਤੇਜ਼ ਹੋ ਗਈ ਸੀ।

ਦੋਨਾਂ ਆਗੂਆਂ ਵਿਚਕਾਰ ਜ਼ੁਬਾਨੀ ਜੰਗ ਜਨਵਰੀ 2018 ਵਿੱਚ ਉਦੋਂ ਹੋਰ ਤੇਜ਼ ਹੋ ਗਈ ਸੀ, ਜਦੋਂ ਕੋਰੀਆਈ ਆਗੂ ਨੇ ਕਿਹਾ ਸੀ ਕਿ ਉਹ "ਪਰਮਾਣੂ ਬਟਨ ਨੂੰ ਹਰ ਸਮੇਂ ਆਪਣੀ ਮੇਜ਼ 'ਤੇ ਰੱਖਦੇ ਹਨ ਤਾਂ ਜੋ ਅਮਰੀਕਾ ਜੰਗ ਸ਼ੁਰੂ ਨਾ ਕਰ ਸਕੇ।"

ਪਿਛਲੇ ਸਾਲ ਜੂਨ ਮਹੀਨੇ ਵਿੱਚ ਇਸ ਵਿਸ਼ਾਲ ਜਹਾਜ਼ ਨੂੰ ਵਾਸ਼ਿੰਗਟਨ ਜਾਂਦੇ ਹੋਏ ਦੇਖਿਆ ਗਿਆ ਸੀ। ਇਸਨੂੰ ਇਸੇ ਸਾਲ ਜਨਵਰੀ ਵਿੱਚ ਵੀ ਦੁਬਾਰਾ ਦੇਖਿਆ ਗਿਆ।

ਬੀਬੀਸੀ ਲਈ ਕਲੈਕਟਿਵ ਨਿਊਜ਼ਰੂਮ ਵੱਲੋਂ ਪ੍ਰਕਾਸ਼ਿਤ

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTER, WhatsApp ਅਤੇ YouTube 'ਤੇ ਜੁੜੋ।)