'ਘੱਟ ਤਨਖ਼ਾਹ, ਚੁੱਪਚਾਪ ਨੌਕਰੀ ਤੋਂ ਛਾਂਟੀ, ਏਆਈ ਦੀ ਚੁਣੌਤੀ', ਕੀ ਭਾਰਤ ਦੀ ਆਈਟੀ ਸੁਪਰ ਪਾਵਰ ਵਾਲੀ ਪਛਾਣ ਖ਼ਤਰੇ 'ਚ ਹੈ?

ਤਸਵੀਰ ਸਰੋਤ, Getty Images
- ਲੇਖਕ, ਪ੍ਰਾਚੀ ਪ੍ਰਤਿਭਾ ਸ਼ਿਰਿਸ਼
- ਰੋਲ, ਬੀਬੀਸੀ ਮਰਾਠੀ ਲਈ
- ਪ੍ਰਕਾਸ਼ਿਤ
- ਪੜ੍ਹਨ ਦਾ ਸਮਾਂ: 10 ਮਿੰਟ
ਨੌਜਵਾਨਾਂ ਨੂੰ ਨੌਕਰੀ ਦੇਣ ਬਹਾਨੇ ਕੀਤੀ ਗਈ ਧੋਖਾਧੜੀ ਹੋਵੇ ਜਾਂ ਆਈਟੀ ਖੇਤਰ ਵਿੱਚ ਪੇਸ਼ੇਵਰਾਂ ਦੀ ਛਾਂਟੀ ਹੋਵੇ- ਭਾਰਤ ਜਿਸ ਨੇ ਖੁਦ ਨੂੰ ਇੱਕ ਆਈਟੀ ਸੁਪਰ ਪਾਵਰ ਵਜੋਂ ਪੇਸ਼ ਕੀਤਾ ਹੈ, ਆਈਟੀ ਸੈਕਟਰ ਵਿੱਚ ਅਸਥਿਰਤਾ ਦਾ ਸਾਹਮਣਾ ਕਰ ਰਿਹਾ ਹੈ।
ਆਈਟੀ ਖੇਤਰ ਜੋ ਕਦੇ ਚੰਗੇ ਰੁਜ਼ਗਾਰ ਅਤੇ ਉੱਚੀਆਂ ਤਨਖਾਹਾਂ ਵਾਲਾ ਸੈਕਟਰ ਮੰਨਿਆ ਜਾਂਦਾ ਸੀ, ਕੀ ਹੁਣ ਵਾਕਈ ਪਤਨ ਵੱਲ ਵਧ ਰਿਹਾ ਹੈ ?
ਕੌਮਾਂਤਰੀ ਘਟਨਾਕ੍ਰਮ ਅਤੇ ਏਆਈ ਦੀ ਵਧਦੀ ਵਰਤੋਂ ਦਾ ਆਈਟੀ ਖੇਤਰ 'ਤੇ ਅਸਲ ਵਿੱਚ ਕੀ ਅਸਰ ਪੈ ਰਿਹਾ ਹੈ ?
ਸੇਲਜ਼ ਦੀ ਨੌਕਰੀ ਛੱਡਣ ਤੋਂ ਬਾਅਦ ਨਵੀਂ ਨੌਕਰੀ ਦੀ ਤਲਾਸ਼ ਕਰ ਰਹੀ ਪ੍ਰਿਯੰਕਾ ਭਾਵਸਾਰ ਨੂੰ ਜਦੋਂ ਇੱਕ ਆਈਟੀ ਕੰਪਨੀ ਵਿੱਚ ਨੌਕਰੀ ਦਾ ਮੌਕਾ ਮਿਲਿਆ ਤਾਂ ਉਨ੍ਹਾਂ ਨੂੰ ਪੂਰਾ ਯਕੀਨ ਸੀ ਕਿ ਉਨ੍ਹਾਂ ਦਾ ਕਰੀਅਰ ਨਵੇਂ ਸਿਰੇ ਤੋਂ ਸ਼ੁਰੂ ਹੋਵੇਗਾ ਪਰ ਉਨ੍ਹਾਂ ਦਾ ਤਜਰਬਾ ਇਸ ਦੇ ਉਲਟ ਸੀ।
ਪ੍ਰਿਯੰਕਾ ਭਾਵਸਾਰ ਜੋ ਸੇਲਜ਼ ਤੋਂ ਆਈਟੀ ਸੈਕਟਰ ਵਿੱਚ ਜਾਣ ਦਾ ਸੋਚ ਰਹੇ ਸਨ, ਉਨ੍ਹਾਂ ਨੂੰ ਇੱਕ ਕੰਸਲਟੈਂਸੀ ਰਾਹੀਂ ਨੌਕਰੀ ਦਾ ਪ੍ਰਸਤਾਵ ਮਿਲਿਆ। ਪ੍ਰਸਤਾਵ ਇਹ ਸੀ ਕਿ ਨੌਕਰੀ ਹਾਸਲ ਕਰਨ ਦੇ ਬਦਲੇ ਉਨ੍ਹਾਂ ਨੂੰ ਇੱਕ ਨਿਸ਼ਚਿਤ ਰਾਸ਼ੀ ਦਾ ਭੁਗਤਾਨ ਕਰਨਾ ਹੋਵੇਗਾ ਅਤੇ ਫਿਰ ਨਿਰਧਾਰਤ ਥਾਂ ਉੱਤੇ ਆਈਟੀ ਕੰਪਨੀ ਵਿੱਚ ਕੰਮ ਸ਼ੁਰੂ ਕਰਨਾ ਹੋਵੇਗਾ।
ਇਸ ਤਰ੍ਹਾਂ ਉਨ੍ਹਾਂ ਨੂੰ ਕ੍ਰਿਏਟਿਵ ਵੈੱਬ ਸੋਲਿਊਸ਼ਨਸ ਨਾਂਅ ਦੀ ਕੰਪਨੀ ਵਿੱਚ ਨਿਯੁਕਤ ਕੀਤਾ ਗਿਆ। ਉਨ੍ਹਾਂ ਨੂੰ ਪੁਣੇ ਦੇ ਔਂਧ ਇਲਾਕੇ ਵਿੱਚ ਸਥਿਤ ਇੱਕ ਦਫ਼ਤਰ ਵਿੱਚ ਸੱਦਿਆ ਗਿਆ ਅਤੇ ਇੱਕ ਲੈਪਟਾਪ ਦਿੱਤਾ ਗਿਆ ਅਤੇ ਵੱਖ-ਵੱਖ ਪ੍ਰੈਜ਼ੇਨਟੇਸ਼ਨ ਤਿਆਰ ਕਰਨ ਨੂੰ ਕਿਹਾ ਗਿਆ। ਮਹੀਨਾ ਲੰਘ ਗਿਆ ਪਰ ਪ੍ਰਿਅੰਕਾ ਨੂੰ ਉਨ੍ਹਾਂ ਦੀ ਤਨਖਾਹ ਨਹੀਂ ਮਿਲੀ।

ਤਸਵੀਰ ਸਰੋਤ, Getty Images
ਬੀਬੀਸੀ ਮਰਾਠੀ ਨਾਲ ਗੱਲ ਕਰਦੇ ਹੋਏ ਪ੍ਰਿਅੰਕਾ ਭਾਵਸਾਰ ਨੇ ਕਿਹਾ, "ਮੈਂ ਫਰਵਰੀ ਵਿੱਚ 15 ਦਿਨ ਅਤੇ ਮਾਰਚ ਦੇ ਪੂਰੇ ਮਹੀਨੇ ਕੰਮ ਕੀਤਾ ਸੀ ਪਰ ਇਨ੍ਹਾਂ ਦੋਹਾਂ ਮਹੀਨਿਆਂ ਦੀ ਤਨਖਾਹ ਨਹੀਂ ਮਿਲੀ। ਜਦੋਂ ਮੈਂ ਪੁੱਛਗਿੱਛ ਲਈ ਫੋਨ ਕੀਤਾ ਤਾਂ ਮੈਨੂੰ ਦੱਸਿਆ ਗਿਆ ਕਿ ਦੋਵੇਂ ਮਹੀਨਿਆਂ ਦੀ ਤਨਖਾਹ 12 ਤੋਂ 15 ਤਰੀਕ ਵਿਚਾਲੇ ਦਿੱਤੀ ਜਾਵੇਗੀ। ਮੈਂ ਉਨ੍ਹਾਂ ਨੂੰ ਦੱਸਿਆ ਕਿ ਚਿੱਠੀ ਵਿੱਚ 10 ਤਰੀਕ ਲਿਖੀ ਹੈ ਤਾਂ ਉਨ੍ਹਾਂ ਨੇ ਕਿਹਾ ਕਿ ਇਹ ਇੱਕ ਸਟਾਰਟਅਪ ਕੰਪਨੀ ਹੈ, ਜਿਸ ਕਾਰਨ ਕੁਝ ਵਿੱਤੀ ਸਮੱਸਿਆਵਾਂ ਹੋ ਸਕਦੀਆਂ ਹਨ। ਇਸ ਲਈ ਤਨਖਾਹ ਮਿਲਣ ਦੀ ਤਰੀਕ ਇਸੇ ਮਹੀਨੇ ਦੇ ਆਸ-ਪਾਸ ਹੋਵੇਗੀ।"
ਹਾਲਾਂਕਿ ਜਦੋਂ ਪ੍ਰਿਅੰਕਾ ਨੂੰ ਉਨ੍ਹਾਂ ਦੀ ਤਨਖਾਹ ਮਿਲੀ ਤਾਂ ਉਨ੍ਹਾਂ ਨੂੰ 17,500 ਰੁਪਏ ਦਿੱਤੇ ਗਏ। ਉਨ੍ਹਾਂ ਮੁਤਾਬਕ ਉਨ੍ਹਾਂ ਨੂੰ 24,000 ਮਿਲਣ ਦੀ ਉਮੀਦ ਸੀ।
ਅੱਗੇ ਪੁੱਛਗਿੱਛ ਕਰਨ ਉੱਤੇ ਦੱਸਿਆ ਗਿਆ ਕਿ ਪੈਸੇ ਇਸ ਲਈ ਕੱਟੇ ਗਏ ਸਨ ਕਿਉਂਕਿ ਉਹ ਕਿਸੇ ਪ੍ਰੋਜੈਕਟ ਉੱਤੇ ਕੰਮ ਨਹੀਂ ਕਰ ਰਹੇ ਸਨ। ਇਸ ਟਾਲ-ਮਟੋਲ ਅਤੇ ਕੰਮ ਨਾ ਮਿਲਣ ਕਾਰਨ ਸ਼ੱਕ ਪੈਦਾ ਹੋਇਆ ਅਤੇ ਜਦੋਂ ਪ੍ਰਿਅੰਕਾ ਨੇ ਪੁੱਛਗਿੱਛ ਕੀਤੀ ਤਾਂ ਉਨ੍ਹਾਂ ਨੂੰ ਪਤਾ ਲੱਗਾ ਕਿ ਹੋਰਨਾਂ ਮੁਲਾਜ਼ਮਾਂ ਦਾ ਵੀ ਇਹੀ ਤਜਰਬਾ ਸੀ।
ਇਸ ਤੋਂ ਬਾਅਦ ਪੁਣੇ ਦੇ ਚਤੁਸ਼੍ਰਿੰਗੀ ਪੁਲਿਸ ਸਟੇਸ਼ਨ ਵਿੱਚ ਕੁੱਲ 38 ਲੋਕਾਂ ਨੇ ਸ਼ਿਕਾਇਤ ਦਰਦ ਕਰਵਾਈ ਕਿ ਉਨ੍ਹਾਂ ਦੇ ਨਾਲ ਕਰੀਬ 75 ਲੱਖ ਰੁਪਏ ਦੀ ਧੋਖਾਧੜੀ ਹੋਈ ਹੈ।
ਪੁਲਿਸ ਨੇ ਇਸ ਮਾਮਲੇ ਵਿੱਚ ਕੰਪਨੀ ਦੇ ਸੀਈਓ ਅੰਕੁਸ਼ ਵਾਨਖੇੜੇ ਅਤੇ ਚਾਰ ਹੋਰਨਾਂ ਖਿਲਾਫ ਭਾਰਤੀ ਦੰਡ ਸੰਹਿਤਾ 2023 ਦੀ ਧਾਰਾ 318(4) ਅਤੇ 31(5) ਤਹਿਤ ਮਾਮਲਾ ਦਰਜ ਕੀਤਾ ਹੈ।
ਪ੍ਰਿਅੰਕਾ ਭਾਵਸਾਰ ਦਾ ਕਹਿਣਾ ਹੈ ਕਿ ਇਸ ਸ਼ਿਕਾਇਤ ਤੋਂ ਬਾਅਦ ਉਨ੍ਹਾਂ ਨੂੰ ਕੁਝ ਪੈਸੇ ਵਾਪਸ ਮਿਲ ਗਏ। ਹਾਲਾਂਕਿ ਹੋਰਨਾਂ ਲੋਕਾਂ ਵੱਲੋਂ ਧੋਖਾਧੜੀ ਦੀਆਂ ਸ਼ਿਕਾਇਤਾਂ ਅਜੇ ਵੀ ਬਣੀਆਂ ਹੋਈਆਂ ਹਨ।
ਅਸੀਂ ਕੰਪਨੀ ਦੇ ਸੀਈਓ ਅੰਕੁਸ਼ ਵਾਨਖੇੜੇ ਅਤੇ ਤੇਜਸ਼੍ਰੀ ਖਤਾਲ ਨਾਲ ਫ਼ੋਨ ਅਤੇ ਮੈਸੇਜ ਜ਼ਰੀਏ ਸੰਪਰਕ ਕਰਨ ਦੀ ਕੋਸ਼ਿਸ਼ ਕੀਤੀ ਪਰ ਉਨ੍ਹਾਂ ਵੱਲੋਂ ਕੋਈ ਜਵਾਬ ਨਹੀਂ ਮਿਲਿਆ। ਸ਼ਿਕਾਇਤ ਕਰਨ ਵਾਲੇ 38 ਲੋਕਾਂ ਵਿੱਚੋਂ ਜ਼ਿਆਦਾਤਰ ਫਰੈਸ਼ਰ ਹਨ, ਜਿਨ੍ਹਾਂ ਨੂੰ ਹੁਣ ਨਵੀਂ ਨੌਕਰੀ ਲੱਭਣ ਵਿੱਚ ਮੁਸ਼ਕਿਲ ਹੋ ਰਹੀ ਹੈ।

ਤਸਵੀਰ ਸਰੋਤ, Getty Images
ਆਈਟੀ ਖੇਤਰ ਵਿੱਚ ਨੌਕਰੀ ਦਵਾਉਣ ਦੇ ਬਹਾਨੇ ਧੋਖਾਧੜੀ ਦਾ ਇਹ ਪਹਿਲਾ ਮਾਮਲਾ ਨਹੀਂ ਹੈ। ਸਿਰਫ਼ ਪੁਣੇ ਵਿੱਚ ਹੀ ਅਜਿਹੇ ਛੇ ਮਾਮਲੇ ਦਰਜ ਕੀਤੇ ਗਏ ਹਨ।
ਇਹ ਸਾਰੇ ਮਾਮਲੇ ਉਨ੍ਹਾਂ ਫਰੈਸ਼ਰਜ਼ ਨੂੰ ਨੌਕਰੀ ਦਵਾਉਣ ਬਹਾਨੇ ਕੀਤੀ ਗਈ ਧੋਖਾਧੜੀ ਨਾਲ ਸਬੰਧਤ ਹਨ, ਜਿਹੜੇ ਸੌਫਟਵੇਅਰ ਇੰਜੀਨੀਅਰ ਵਜੋਂ ਨੌਕਰੀ ਹਾਸਲ ਕਰਨ ਲਈ ਸੰਘਰਸ਼ ਕਰ ਰਹੇ ਹਨ।
ਆਈਟੀ ਖੇਤਰ ਵਿੱਚ ਕੰਮ ਕਰਨ ਦਾ ਸੁਪਨਾ ਦੇਖਣ ਵਾਲੇ ਨਵੇਂ ਨੌਜਵਾਨਾਂ ਨੂੰ ਇਸ ਤਰ੍ਹਾਂ ਦੀਆਂ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਇਸ ਤੋਂ ਇਲਾਵਾ, ਆਪਣੇ ਕਰੀਅਰ ਦੇ ਵਿਚਕਾਰਲੇ ਪੜਾਅ 'ਤੇ ਪਹੁੰਚ ਚੁੱਕੇ ਮੁਲਾਜ਼ਮਾਂ ਦੀ ਸਥਿਤੀ ਵੀ ਕੁਝ ਖਾਸ ਚੰਗੀ ਨਹੀਂ ਹੈ।
ਟਾਟਾ ਕੰਸਲਟੈਂਸੀ ਸਰਵਿਸਿਜ਼ (ਟੀਸੀਐੱਸ) ਵਿੱਚ 17 ਸਾਲਾਂ ਤੋਂ ਕੰਮ ਕਰ ਰਹੀ ਇੱਕ ਮਹਿਲਾ ਨੇ ਇਲਜ਼ਾਮ ਲਾਇਆ ਹੈ ਕਿ ਜਣੇਪਾ ਛੁੱਟੀ ਤੋਂ ਵਾਪਸ ਆਉਣ ਮਗਰੋਂ ਉਸ ਨੂੰ ਅਸਤੀਫ਼ਾ ਦੇਣ ਲਈ ਮਜਬੂਰ ਕੀਤਾ ਗਿਆ। ਮਹਿਲਾ ਦੀ ਬੇਨਤੀ 'ਤੇ ਅਸੀਂ ਉਸ ਦੀ ਪਛਾਣ ਗੁਪਤ ਰੱਖ ਰਹੇ ਹਾਂ।
ਲੇਬਰ ਕਮਿਸ਼ਨਰ ਕੋਲ ਦਰਜ ਆਪਣੀ ਸ਼ਿਕਾਇਤ ਵਿੱਚ ਮਹਿਲਾ ਨੇ ਇਲਜ਼ਾਮ ਲਾਇਆ ਕਿ ਕੰਪਨੀ ਨੂੰ ਇਹ ਦੱਸਣ ਦੇ ਬਾਵਜੂਦ ਕਿ ਉਸ ਨੇ ਆਪਣੇ ਸੱਤ ਮਹੀਨਿਆਂ ਦੇ ਬੱਚੇ ਨੂੰ ਦੁੱਧ ਪਿਲਾਉਣ ਲਈ ਜਾਣਾ ਹੈ, ਉਸ ਨੂੰ ਦਫ਼ਤਰ ਕੰਪਲੈਕਸ ਵਿੱਚੋਂ ਬਾਹਰ ਜਾਣ ਦੀ ਇਜਾਜ਼ਤ ਨਹੀਂ ਦਿੱਤੀ ਗਈ। ਮਹਿਲਾ ਦਾ ਕਹਿਣਾ ਹੈ ਕਿ ਵਾਰ-ਵਾਰ ਬੇਨਤੀ ਕਰਨ ਤੋਂ ਬਾਅਦ ਹੀ ਉਸ ਨੂੰ ਜਾਣ ਦਿੱਤਾ ਗਿਆ ਅਤੇ ਆਖ਼ਰਕਾਰ ਉਸੇ ਦਿਨ ਉਸ ਨੂੰ ਅਸਤੀਫ਼ਾ ਦੇਣਾ ਪਿਆ।
ਲੇਬਰ ਕਮਿਸ਼ਨਰ ਨੂੰ ਦਿੱਤੀ ਸ਼ਿਕਾਇਤ ਵਿੱਚ ਮਹਿਲਾ ਨੇ ਕਿਹਾ, "ਮੈਨੂੰ ਐੱਚਆਰ ਵੱਲੋਂ ਫ਼ੋਨ ਆਇਆ ਕਿ ਅਗਲੇ ਦਿਨ ਦਫ਼ਤਰ ਆਉਣਾ ਹੈ। ਮੈਨੂੰ ਆਪਣੇ ਵੱਡੇ ਪੁੱਤਰ ਨੂੰ ਰਿਸ਼ਤੇਦਾਰਾਂ ਕੋਲ ਰੋਂਦਾ ਛੱਡ ਕੇ ਆਉਣਾ ਪਿਆ, ਜਦਕਿ ਮੇਰਾ ਪਤੀ ਸੱਤ ਮਹੀਨਿਆਂ ਦੇ ਬੱਚੇ ਨਾਲ ਗੇਟ ਦੇ ਨੇੜੇ ਉਡੀਕ ਕਰ ਰਿਹਾ ਸੀ। ਮੈਨੂੰ ਮੋਬਾਈਲ ਫ਼ੋਨ ਨਾਲ ਰੱਖਣ ਦੀ ਇਜਾਜ਼ਤ ਨਹੀਂ ਦਿੱਤੀ ਗਈ, ਜਿਸ ਕਾਰਨ ਮੈਂ ਆਪਣੇ ਪਰਿਵਾਰ ਨਾਲ ਸੰਪਰਕ ਤੋਂ ਵਾਂਝੀ ਹੋ ਗਈ।
"ਮੈਨੂੰ ਦੱਸਿਆ ਗਿਆ ਕਿ ਕੰਪਨੀ ਦੀ ਨਵੀਂ ਨੀਤੀ ਤਹਿਤ ਮੈਨੂੰ ਅਸਤੀਫ਼ਾ ਦੇਣਾ ਪਵੇਗਾ। ਇਸ ਨੀਤੀ ਮੁਤਾਬਕ, ਜੇਕਰ ਕੋਈ ਮੁਲਾਜ਼ਮ 35 ਦਿਨਾਂ ਤੋਂ ਵੱਧ ਸਮੇਂ ਤੱਕ ਕਿਸੇ ਪ੍ਰੋਜੈਕਟ 'ਤੇ ਤਾਇਨਾਤ ਨਹੀਂ ਹੁੰਦਾ ਤਾਂ ਉਸ ਨੂੰ ਅਸਤੀਫ਼ਾ ਦੇਣ ਲਈ ਕਿਹਾ ਜਾਵੇਗਾ।"
ਬੀਬੀਸੀ ਨੇ ਇਸ ਮਾਮਲੇ 'ਤੇ ਟੀਸੀਐੱਸ ਦਾ ਪੱਖ ਜਾਣਨ ਲਈ ਈਮੇਲ ਅਤੇ ਫ਼ੋਨ ਰਾਹੀਂ ਸੰਪਰਕ ਕੀਤਾ, ਪਰ ਕੋਈ ਜਵਾਬ ਨਹੀਂ ਮਿਲਿਆ।
ਇਸ ਮਾਮਲੇ ਬਾਰੇ ਬੀਬੀਸੀ ਨਾਲ ਗੱਲ ਕਰਦਿਆਂ ਪੁਣੇ ਦੇ ਡਿਪਟੀ ਲੇਬਰ ਕਮਿਸ਼ਨਰ ਐੱਮ. ਏ. ਮੁਜਾਵਰ ਨੇ ਕਿਹਾ, "ਇਸ ਮਹਿਲਾ ਨੇ ਗ਼ੈਰ-ਕਾਨੂੰਨੀ ਤੌਰ 'ਤੇ ਨੌਕਰੀ ਤੋਂ ਕੱਢੇ ਜਾਣ ਦਾ ਇਲਜ਼ਾਮ ਲਾਉਂਦਿਆਂ ਸ਼ਿਕਾਇਤ ਦਰਜ ਕਰਵਾਈ ਸੀ। ਅਸੀਂ ਸੁਣਵਾਈਆਂ ਕੀਤੀਆਂ ਅਤੇ ਦੋਹਾਂ ਸੁਣਵਾਈਆਂ ਵਿੱਚ ਟੀਸੀਐੱਸ ਦੇ ਨੁਮਾਇੰਦੇ ਸ਼ਾਮਿਲ ਹੋਏ। ਹਾਲਾਂਕਿ, ਸੁਣਵਾਈਆਂ ਦੌਰਾਨ ਕੋਈ ਸਮਝੌਤਾ ਨਹੀਂ ਹੋ ਸਕਿਆ। ਹੁਣ ਇਹ ਮਾਮਲਾ ਲੇਬਰ ਕੋਰਟ ਵਿੱਚ ਭੇਜ ਦਿੱਤਾ ਗਿਆ ਹੈ।"
"ਚੁੱਪਚਾਪ ਛਾਂਟੀ"
ਆਈਟੀ ਮੁਲਾਜ਼ਮਾਂ ਲਈ ਕੰਮ ਕਰਨ ਵਾਲੀ ਯੂਨੀਅਨ ਫੋਰਮ ਫ਼ਾਰ ਆਈਟੀ ਇੰਪਲੌਇਜ਼ ਦਾ ਕਹਿਣਾ ਹੈ ਕਿ ਆਈਟੀ ਮੁਲਾਜ਼ਮ ਇੱਕ ਪਾਸੇ ਚੁੱਪਚਾਪ ਹੋ ਰਹੀ ਛਾਂਟੀ ਅਤੇ ਦੂਜੇ ਪਾਸੇ ਨਵੇਂ ਲੋਕਾਂ ਲਈ ਘੱਟਦੇ ਮੌਕਿਆਂ ਵਿਚਾਲੇ ਫਸੇ ਹੋਏ ਹਨ।
ਸੰਗਠਨ ਦਾ ਦਾਅਵਾ ਹੈ ਕਿ ਆਈਟੀ ਕੰਪਨੀਆਂ ਵਿੱਚ ਉਪਲੱਬਧ ਨੌਕਰੀਆਂ ਦੀ ਗਿਣਤੀ ਵਿੱਚ ਕਮੀ ਆਈ ਹੈ। ਉਨ੍ਹਾਂ ਮੁਤਾਬਕ ਉਹ ਹਰ ਛੇ ਮਹੀਨੇ ਵਿੱਚ ਲੇਬਰ ਕਮਿਸ਼ਨਰ ਕੋਲ ਆਈਟੀ ਕੰਪਨੀਆਂ ਤੋਂ ਬਰਖਾਸਤ 15 ਤੋਂ 20 ਸ਼ਿਕਾਇਤਾਂ ਦਰਜ ਕਰਵਾਉਂਦੇ ਹਨ।
ਇਹ ਉਹ ਮੁਲਾਜ਼ਮ ਹਨ ਜੋ ਸ਼ਿਕਾਇਤ ਕਰਨ ਦਾ ਹੌਸਲਾ ਦਿਖਾਉਂਦੇ ਹਨ। ਹਾਲਾਂਕਿ ਛਾਂਟੀ ਦੀ ਗਿਣਤੀ ਇਸ ਤੋਂ ਵੀ ਵੱਧ ਹੈ।

ਤਸਵੀਰ ਸਰੋਤ, Getty Images
ਆਈਟੀ ਮੁਲਾਜ਼ਮਾਂ ਦੇ ਫੋਰਮ ਦੇ ਪ੍ਰਧਾਨ ਪਵਨਜੀਤ ਮਾਨੇ ਨੇ ਦੱਸਿਆ ਕਿ ਅਸਲ ਵਿੱਚ ਕੀ ਬਦਲਾਅ ਆਇਆ ਹੈ। ਉਨ੍ਹਾਂ ਕਿਹਾ, " ਪਹਿਲਾਂ ਕੰਪਨੀਆਂ ਦੋ ਪ੍ਰੋਜੈਕਟਾਂ ਵਿਚਾਲੇ ਮੁਲਾਜ਼ਮਾਂ ਨੂੰ ਬੈਂਚ ਪੀਰੀਅਡ ਉੱਤੇ ਰੱਖ ਸਕਦੀਆਂ ਸਨ। ਜਦੋਂ ਕੋਈ ਨਵਾਂ ਪ੍ਰੋਜੈਕਟ ਆਉਂਦਾ ਸੀ ਤਾਂ ਉਨ੍ਹਾਂ ਨੂੰ ਉਹ ਕੰਮ ਦੇ ਦਿੱਤਾ ਜਾਂਦਾ ਸੀ ਪਰ ਹੁਣ ਬੈਂਚ ਪੀਰੀਅਡ ਦੌਰਾਨ ਨੌਕਰੀ ਗਵਾਉਣ ਦੀ ਸੰਭਾਵਨਾ ਬਣੀ ਹੋਈ ਹੈ।"
ਉਨ੍ਹਾਂ ਅੱਗੇ ਕਿਹਾ, "ਕਿਸੇ ਵਿਅਕਤੀ ਨੂੰ ਬੈਂਚ 'ਤੇ ਰੱਖਣ ਦਾ ਮਤਲਬ ਹੈ ਕਿ ਉਸ ਨੂੰ ਨੌਕਰੀ ਤੋਂ ਕੱਢੇ ਜਾਣ ਤੋਂ ਪਹਿਲਾਂ 30 ਤੋਂ 35 ਦਿਨਾਂ ਦਾ ਸਮਾਂ ਮਿਲਦਾ ਹੈ। ਇਹ ਇਸ ਗੱਲ ਦਾ ਸੰਕੇਤ ਹੈ ਕਿ ਕੰਪਨੀਆਂ ਕੋਲ ਪ੍ਰੋਜੈਕਟਾਂ ਦੀ ਘਾਟ ਹੈ। ਕੰਪਨੀ ਵਾਧੂ ਮੁਲਾਜ਼ਮਾਂ ਨੂੰ ਆਪਣੇ ਕੋਲ ਨਹੀਂ ਰੱਖ ਸਕਦੀ। ਨੌਕਰੀਆਂ ਦੇ ਮੌਕੇ ਘੱਟ ਗਏ ਹਨ। ਦੂਜੇ ਪਾਸੇ, ਆਰਟੀਫੀਸ਼ੀਅਲ ਇੰਟੈਲੀਜੈਂਸ (ਏਆਈ) ਦਾ ਅਸਰ ਵੀ ਮਹਿਸੂਸ ਕੀਤਾ ਜਾ ਰਿਹਾ ਹੈ।"
ਬੀਬੀਸੀ ਨਾਲ ਗੱਲਬਾਤ ਕਰਦਿਆਂ ਮਾਨੇ ਨੇ ਕਿਹਾ, "ਪਹਿਲਾਂ ਕੰਪਨੀਆਂ ਉਨ੍ਹਾਂ ਮੁਲਾਜ਼ਮਾਂ ਨੂੰ ਵੀ ਆਪਣੇ ਕੋਲ ਰੱਖ ਸਕਦੀਆਂ ਸਨ, ਜਿਨ੍ਹਾਂ ਨੂੰ ਕਿਸੇ ਪ੍ਰੋਜੈਕਟ 'ਤੇ ਕੰਮ ਨਹੀਂ ਦਿੱਤਾ ਗਿਆ ਹੁੰਦਾ ਸੀ। ਇਸ ਸਮੇਂ ਦੌਰਾਨ ਉਨ੍ਹਾਂ ਨੂੰ ਸਿਖਲਾਈ ਦਿੱਤੀ ਜਾਂਦੀ ਸੀ ਅਤੇ ਬਾਅਦ ਵਿੱਚ ਕਿਸੇ ਪ੍ਰੋਜੈਕਟ 'ਤੇ ਤਾਇਨਾਤ ਕਰ ਦਿੱਤਾ ਜਾਂਦਾ ਸੀ। ਪਰ ਹੁਣ ਅਜਿਹਾ ਲੱਗਦਾ ਹੈ ਕਿ ਕੰਪਨੀਆਂ ਇਨ੍ਹਾਂ ਮੁਲਾਜ਼ਮਾਂ ਨੂੰ ਆਪਣੇ ਕੋਲ ਰੱਖਣ ਦੇ ਸਮਰੱਥ ਨਹੀਂ ਹਨ।"
"ਬੈਂਚ 'ਤੇ ਰੱਖੇ ਜਾਣ ਦਾ ਸਿੱਧਾ ਮਤਲਬ ਹੈ ਕਿ ਕੰਪਨੀ ਤੁਹਾਨੂੰ 30 ਤੋਂ 35 ਦਿਨਾਂ ਦੇ ਅੰਦਰ ਨੌਕਰੀ ਤੋਂ ਕੱਢ ਸਕਦੀ ਹੈ। ਪਹਿਲਾਂ ਆਨਸਾਈਟ ਅਤੇ ਆਫ਼ਸ਼ੋਰ ਮੁਲਾਜ਼ਮਾਂ ਦਾ ਅਨੁਪਾਤ 30:70 ਹੁੰਦਾ ਸੀ। ਹੁਣ ਮੁਸ਼ਕਲ ਨਾਲ 10 ਫ਼ੀਸਦੀ ਮੁਲਾਜ਼ਮ ਹੀ ਆਨਸਾਈਟ ਕੰਮ ਕਰ ਰਹੇ ਹਨ।"
ਕੀ ਇਹ ਆਰਟੀਫੀਸ਼ੀਅਲ ਇੰਟੈਲੀਜੈਂਸ ਦਾ ਨਤੀਜਾ ਹੈ ?

ਤਸਵੀਰ ਸਰੋਤ, Getty Images
ਭਾਰਤ ਸਰਕਾਰ ਦੇ ਇਲੈਕਟ੍ਰੌਨਿਕਸ ਅਤੇ ਸੂਚਨਾ ਤਕਨਾਲੋਜੀ ਮੰਤਰਾਲੇ ਵੱਲੋਂ ਨੈਸਕੌਮ (ਨੈਸ਼ਨਲ ਐਸੋਸੀਏਸ਼ਨ ਆਫ਼ ਸਾਫਟਵੇਅਰ ਐਂਡ ਸਰਵਿਸ ਕੰਪਨੀਆਂ) ਦੇ ਅੰਕੜਿਆਂ 'ਤੇ ਆਧਾਰਿਤ ਉਪਲੱਬਧ ਕਰਾਏ ਗਏ ਅੰਕੜਿਆਂ ਮੁਤਾਬਕ ਸਾਲ 2022 ਵਿੱਚ ਭਾਰਤ ਦੇ ਆਈਟੀ ਖੇਤਰ ਵਿੱਚ 51 ਲੱਖ ਮੁਲਾਜ਼ਮ ਸਨ। ਅੰਦਾਜ਼ਾ ਹੈ ਕਿ ਹੁਣ ਇਹ ਗਿਣਤੀ ਵਧ ਕੇ 54 ਲੱਖ ਹੋ ਗਈ ਹੈ। ਹਾਲਾਂਕਿ, ਇਨ੍ਹਾਂ ਵਿੱਚੋਂ ਬਹੁਤ ਸਾਰੇ ਲੋਕ ਨੌਕਰੀ ਗਵਾਉਣ ਦੇ ਡਰ ਨਾਲ ਸਹਿਮੇ ਹੋਏ ਹਨ।
ਆਈਟੀ ਸੁਪਰ ਪਾਵਰ ਵਜੋਂ ਜਾਣਿਆ ਜਾਣ ਵਾਲਾ ਭਾਰਤ ਮੁੱਖ ਤੌਰ ਉੱਤੇ ਇੱਕ ਸਰਵਿਸ ਇੰਡਸਟਰੀ ਹੈ। ਭਾਰਤ ਤੋਂ ਕੰਮ ਕਰਵਾਉਣ ਦੀ ਲੋੜ ਘੱਟ ਹੋਣ ਦੇ ਨਾਲ ਹੀ, ਆਉਣ ਵਾਲੇ ਪ੍ਰੋਜੈਕਟਾਂ ਦੀ ਗਿਣਤੀ ਵਿੱਚ ਵੀ ਕਮੀ ਆਈ ਹੈ। ਇਸ ਦੇ ਨਾਲ ਹੀ ਗਾਹਕ ਵੀ ਅਕਸਰ ਇਹ ਪੁੱਛਣ ਲੱਗੇ ਹਨ ਕਿ ਕੀ ਕੰਪਨੀਆਂ ਆਪਣੇ ਕੰਮ ਵਿੱਚ ਆਰਟੀਫੀਸ਼ੀਅਲ ਇੰਟੈਲੀਜੈਂਸ ਦੀ ਵਰਤੋਂ ਕਰਦੀਆਂ ਹਨ। ਕੰਪਨੀ ਮਾਲਕਾਂ ਦਾ ਕਹਿਣਾ ਹੈ ਕਿ ਉਨ੍ਹਾਂ ਨੂੰ ਹੁਣ ਇੰਨੇ ਵਧ ਸਾਫਟਵੇਅਰ ਡਿਵਲਪਰਸ ਜਾਂ ਹੋਰ ਮੁਲਾਜ਼ਮਾਂ ਦੀ ਲੋੜ ਨਹੀਂ ਹੈ।
ਏਆਈ ਸਣੇ ਆਈਟੀ ਖੇਤਰ ਵਿੱਚ ਕੰਮ ਕਰਨ ਵਾਲੀ ਕੰਪਨੀ ਮੇਸ਼ਬਾ ਸੌਲਿਊਸ਼ਨਜ਼ ਦੇ ਸੰਸਥਾਪਕ ਅਤੇ ਸੀਈਓ ਮਹੇਸ਼ ਮੁਥਲਿਕ ਨੇ ਬੀਬੀਸੀ ਮਰਾਠੀ ਨੂੰ ਦੱਸਿਆ, "ਹੁਣ ਏਆਈ ਦੀ ਵਰਤੋਂ ਦੇ ਤਰੀਕਿਆਂ ਉੱਤੇ ਹੋਰ ਵਿਚਾਰ ਕੀਤਾ ਜਾ ਰਿਹਾ ਹੈ। ਇਸੇ ਕਾਰਨ ਦਫ਼ਤਰ ਵਿੱਚ ਤੈਨਾਤ ਮੁਲਾਜ਼ਮਾਂ ਦੀ ਲੋੜ ਘੱਟ ਹੋ ਰਹੀ "
ਉਨ੍ਹਾਂ ਕਿਹਾ, "ਜੇਕਰ ਕਿਸੇ ਪ੍ਰੋਜੈਕਟ ਉੱਤੇ ਕੰਮ ਕਰਨ ਲਈ ਏਆਈ ਦਾ ਇਸਤੇਮਾਲ ਕੀਤਾ ਜਾਂਦਾ ਹੈ ਤਾਂ ਇਹ 24 ਘੰਟੇ, ਹਫ਼ਤੇ ਦੇ ਸੱਤੇ ਦਿਨ ਅਤੇ ਤੇਜ਼ੀ ਨਾਲ ਕੰਮ ਕਰਦਾ ਹੈ। ਇਸ ਲਈ ਇਹ ਸਿੱਧਾ ਸਵਾਲ ਹੈ ਕਿ ਕੀ ਏਆਈ ਦਾ ਇਸਤੇਮਾਲ ਮਨੁੱਖਾਂ ਤੋਂ ਵੱਧ ਹੋ ਰਿਹਾ ਹੈ। ਕਿਉਂਕਿ ਵਿਕਸਿਤ ਦੇਸ਼ਾਂ ਵਿੱਚ ਏਆਈ ਦਾ ਵੱਡੇ ਪੱਧਰ ਉੱਤੇ ਇਸਤੇਮਾਲ ਹੋ ਰਿਹਾ ਹੈ। ਇਸ ਲਈ ਭਾਰਤ ਤੋਂ ਪਹਿਲਾਂ ਜਿਹੜੇ ਸਾਧਨਾਂ ਦੀ ਲੋੜ ਹੁੰਦੀ ਸੀ, ਉਹ ਹੁਣ ਘੱਟ ਹੋ ਗਏ ਹਨ।"
"ਜਿਨ੍ਹਾਂ ਕੰਪਨੀਆਂ ਨੂੰ ਕਿਸੇ ਪ੍ਰੋਜੈਕਟ ਉੱਤੇ ਕੰਮ ਕਰਨ ਲਈ 10 ਜਾਂ 15 ਕਰਮਚਾਰੀਆਂ ਦੀ ਲੋੜ ਹੁੰਦੀ ਸੀ, ਉਨ੍ਹਾਂ ਦੀ ਮੰਗ ਹੁਣ ਕਰੀਬ ਜ਼ੀਰੋ ਹੋ ਗਈ ਹੈ।"
"ਇਸ ਲਈ ਕੰਪਨੀਆਂ ਅਜਿਹੇ ਅਹੁਦਿਆਂ ਉੱਤੇ ਮੁਲਾਜ਼ਮਾਂ ਦੀ ਨਿਯੁਕਤੀ ਕਰ ਰਹੀਆਂ ਹਨ, ਜਿੱਥੇ ਮਨੁੱਖੀ ਦਖਲ ਦੀ ਲੋੜ ਹੁੰਦੀ ਹੈ।"
ਅੰਕੜੇ ਕੀ ਦਰਸਾਉਂਦੇ ਹਨ ?

ਤਸਵੀਰ ਸਰੋਤ, Getty Images
ਨੈਸਕੌਮ ਦਾ ਕਹਿਣਾ ਹੈ ਕਿ ਆਈਟੀ ਖੇਤਰ ਇਸ ਸਮੇਂ ਵਿਸ਼ਵ ਪੱਧਰੀ ਪੁਨਰਗਠਨ ਦੇ ਦੌਰ ਵਿੱਚੋਂ ਲੰਘ ਰਿਹਾ ਹੈ। ਕੰਪਨੀਆਂ ਬਦਲਦੇ ਕਾਰੋਬਾਰੀ ਮਾਡਲਾਂ, ਤਕਨਾਲੋਜੀ ਅਤੇ ਮੁਲਾਜ਼ਮਾਂ ਦੀਆਂ ਲੋੜਾਂ ਮੁਤਾਬਕ ਆਪਣੇ ਆਪ ਨੂੰ ਢਾਲ ਰਹੀਆਂ ਹਨ।
ਨੈਸਕੌਮ ਦਾ ਹਵਾਲਾ ਦਿੰਦੇ ਹੋਏ ਇੱਕ ਸਰਕਾਰੀ ਅਨੁਮਾਨ ਵਿੱਚ ਕਿਹਾ ਗਿਆ ਸੀ ਕਿ ਭਾਰਤ ਦੇ ਆਈਟੀ ਖੇਤਰ ਵਿੱਚ ਮੁਲਾਜ਼ਮਾਂ ਦੀ ਲੋੜ 2026 ਤੱਕ 95 ਲੱਖ ਹੋ ਜਾਵੇਗੀ। ਹਾਲਾਂਕਿ, ਫਰਵਰੀ 2026 ਵਿੱਚ ਜਾਰੀ ਨੈਸਕੌਮ ਦੀ ਇੱਕ ਰਿਪੋਰਟ ਮੁਤਾਬਕ, ਇਸ ਖੇਤਰ ਵਿੱਚ ਮੁਲਾਜ਼ਮਾਂ ਦੀ ਗਿਣਤੀ ਲਗਭਗ 35.5 ਲੱਖ ਹੈ, ਜੋ ਅਨੁਮਾਨਿਤ ਲੋੜ ਨਾਲੋਂ ਕਾਫ਼ੀ ਘੱਟ ਹੈ।
ਇਹ ਪਾੜਾ ਸਵਾਲ ਖੜ੍ਹੇ ਕਰਦਾ ਹੈ ਕਿ ਆਈਟੀ ਖੇਤਰ ਦੇ ਭਵਿੱਖੀ ਵਿਕਾਸ ਨਾਲ ਅਸਲ ਵਿੱਚ ਰੁਜ਼ਗਾਰ ਦੇ ਕਿੰਨੇ ਮੌਕੇ ਪੈਦਾ ਹੋਣਗੇ।

ਅਰਥਸ਼ਾਸਤਰੀ ਡਾ. ਅਜੀਤ ਰਾਨਾਡੇ ਨੇ ਕਿਹਾ, ""ਭਾਰਤ ਨੂੰ ਆਈਟੀ ਸੁਪਰਪਾਵਰ ਮੰਨਿਆ ਜਾਂਦਾ ਹੈ, ਕਿਉਂਕਿ ਆਊਟਸੋਰਸਿੰਗ ਦੇ ਖੇਤਰ ਵਿੱਚ ਇਹ ਸ਼ਾਇਦ ਦੁਨੀਆ ਦਾ ਮੋਹਰੀ ਦੇਸ਼ ਹੈ। ਇਹ ਭਾਰਤੀ ਅਰਥਵਿਵਸਥਾ ਲਈ ਵਿਦੇਸ਼ੀ ਮੁਦਰਾ ਕਮਾਉਣ ਦਾ ਇੱਕ ਵੱਡਾ ਸਰੋਤ ਹੈ। ਮੇਰੇ ਅਨੁਮਾਨ ਮੁਤਾਬਕ, ਇਸ ਖੇਤਰ ਤੋਂ ਲਗਭਗ 230 ਅਰਬ ਡਾਲਰ ਦੀ ਆਮਦਨ ਹੁੰਦੀ ਹੈ ਅਤੇ ਇਹ ਹਰ ਸਾਲ 7, 8 ਜਾਂ 10 ਫ਼ੀਸਦੀ ਦੀ ਦਰ ਨਾਲ ਵਧ ਰਹੀ ਹੈ। ਹਾਲਾਂਕਿ, ਵੱਖ-ਵੱਖ ਕਾਰਨਾਂ ਕਰਕੇ ਇਸ ਖੇਤਰ ਨੂੰ ਕਈ ਚੁਣੌਤੀਆਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ।"
ਉਨ੍ਹਾਂ ਕਿਹਾ, "ਏਆਈ ਉਨ੍ਹਾਂ ਸਾਰੀਆਂ ਸ਼ੁਰੂਆਤੀ ਪੱਧਰ ਦੀਆਂ ਨੌਕਰੀਆਂ ਨੂੰ ਪ੍ਰਭਾਵਿਤ ਕਰ ਰਹੀ ਹੈ, ਜਿਨ੍ਹਾਂ ਵਿੱਚ ਇੱਕੋ ਤਰ੍ਹਾਂ ਦੇ ਕੰਮ ਵਾਰ-ਵਾਰ ਕਰਨੇ ਪੈਂਦੇ ਹਨ। ਪਰ ਏਆਈ ਦੇ ਪ੍ਰਭਾਵ ਤੋਂ ਇਲਾਵਾ, ਨੀਤੀਆਂ ਦਾ ਅਸਰ ਵੀ ਪੈ ਰਿਹਾ ਹੈ। ਰਾਸ਼ਟਰਪਤੀ ਡੋਨਲਡ ਟਰੰਪ ਦੀ ਅਗਵਾਈ ਹੇਠ ਅਮਰੀਕਾ ਵਿੱਚ ਨੌਕਰੀਆਂ ਨੂੰ ਦੇਸ਼ ਦੇ ਅੰਦਰ ਹੀ ਰੱਖਣ ਅਤੇ ਉੱਥੇ ਰੁਜ਼ਗਾਰ ਪੈਦਾ ਕਰਨ ਨੂੰ ਤਰਜੀਹ ਦਿੱਤੀ ਜਾ ਰਹੀ ਹੈ।"
"ਇਸ ਤੋਂ ਇਲਾਵਾ, ਜੰਗੀ ਹਾਲਾਤ ਕਾਰਨ ਪੈਦਾ ਹੋਈ ਭੂ-ਸਿਆਸੀ ਅਨਿਸ਼ਚਿਤਤਾ ਨੇ ਵੀ ਅਸਰ ਪਾਇਆ ਹੈ। ਅਸੀਂ ਦੇਖਿਆ ਹੈ ਕਿ ਭਾਰਤ ਵਿੱਚ ਆਈਟੀ ਕੰਪਨੀਆਂ ਵੱਲੋਂ ਸ਼ੁਰੂਆਤੀ ਪੱਧਰ ਦੀਆਂ ਨੌਕਰੀਆਂ ਲਈ ਭਰਤੀ ਦੀ ਰਫ਼ਤਾਰ ਵਿੱਚ ਕਾਫ਼ੀ ਗਿਰਾਵਟ ਆਈ ਹੈ।"
ਸਰਕਾਰੀ ਅੰਕੜਿਆਂ ਮੁਤਾਬਕ, ਗਲੋਬਲ ਕੈਪੇਬਿਲਟੀ ਸੈਂਟਰ (ਜੀਸੀਸੀ) ਆਈਟੀ ਖੇਤਰ ਵਿੱਚ ਰੁਜ਼ਗਾਰ ਦੇ ਨਵੇਂ ਮੌਕੇ ਪੈਦਾ ਕਰ ਰਹੇ ਹਨ। ਇੰਡੀਆ ਬ੍ਰਾਂਡ ਇਕੁਇਟੀ ਫਾਊਂਡੇਸ਼ਨ ਵੱਲੋਂ ਮਈ ਵਿੱਚ ਜਾਰੀ ਕੀਤੀ ਗਈ ਇੱਕ ਰਿਪੋਰਟ ਅਨੁਸਾਰ, ਇਸ ਖੇਤਰ ਵਿੱਚ 2027 ਤੱਕ ਭਰਤੀ ਵਿੱਚ 7 ਫ਼ੀਸਦੀ ਵਾਧਾ ਹੋਣ ਦੀ ਸੰਭਾਵਨਾ ਹੈ।
ਭਾਰਤ ਸਰਕਾਰ ਦੇ ਵਣਜ ਮੰਤਰਾਲੇ ਦੇ ਵਣਜ ਵਿਭਾਗ ਵੱਲੋਂ ਸਥਾਪਿਤ ਸੰਗਠਨ ਇੰਡੀਆ ਬ੍ਰਾਂਡ ਇਕੁਇਟੀ ਫਾਊਂਡੇਸ਼ਨ (ਆਈਬੀਈਐੱਫ) ਨੇ ਅਨੁਮਾਨ ਲਾਇਆ ਹੈ ਕਿ ਭਾਰਤ ਦੀ ਕਲਾਊਡ ਇੰਡਸਟਰੀ 2026 ਦੇ ਅੰਤ ਤੱਕ 14 ਮਿਲੀਅਨ ਨੌਕਰੀਆਂ ਪੈਦਾ ਕਰ ਸਕਦੀ ਹੈ। ਇਹ ਇਸ ਗੱਲ ਵੱਲ ਇਸ਼ਾਰਾ ਕਰਦਾ ਹੈ ਕਿ ਨਵੀਆਂ ਤਕਨਾਲੋਜੀਆਂ ਨਾਲ ਕੰਮ ਕਰਨ ਦੇ ਹੁਨਰ ਰੱਖਣ ਵਾਲੇ ਪੇਸ਼ੇਵਰਾਂ ਦੀ ਮੰਗ ਵਧ ਰਹੀ ਹੈ।
ਪਰ ਨਵੀਆਂ ਨੌਕਰੀਆਂ ਦੀ ਇਹ ਉਮੀਦ ਕਹਾਣੀ ਦਾ ਸਿਰਫ਼ ਇੱਕ ਪੱਖ ਹੈ। ਇਸ ਖੇਤਰ ਵਿੱਚ ਪਹਿਲਾਂ ਤੋਂ ਕੰਮ ਕਰ ਰਹੇ ਲੋਕਾਂ ਅਤੇ ਇਸ ਵਿੱਚ ਦਾਖ਼ਲ ਹੋਣ ਦੀ ਕੋਸ਼ਿਸ਼ ਕਰ ਰਹੇ ਨੌਜਵਾਨਾਂ ਲਈ ਹਾਲਾਤ ਬਿਲਕੁਲ ਵੀ ਸੁਖਾਵੇਂ ਨਹੀਂ ਹਨ।
ਬੀਬੀਸੀ ਲਈ ਕਲੈਕਟਿਵ ਨਿਊਜ਼ਰੂਮ ਵੱਲੋਂ ਪ੍ਰਕਾਸ਼ਿਤ






























