ਈਰਾਨ: ਹਿਜਾਬ ਤੋਂ ਬਿਨ੍ਹਾਂ ਪਰਫਾਰਮ ਕਰਨ ਵਾਲੀ ਮਸ਼ਹੂਰ ਗਾਇਕਾ ਪਰਸਤੂ ਅਹਿਮਦੀ ਨੂੰ 74 ਕੋੜੇ ਮਾਰੇ ਗਏ, ਜਾਣੋ ਪੂਰਾ ਮਾਮਲਾ

ਕਾਲੇ ਰੰਗ ਦੀ ਸਲੀਵਲੈਸ ਡ੍ਰੈਸ ਵਿੱਚ ਮਹਿਲਾ
ਤਸਵੀਰ ਕੈਪਸ਼ਨ, ਪ੍ਰਸਤੂ ਅਹਿਮਦੀ ਨੇ 2024 ਵਿੱਚ ਆਪਣੀ ਪਰਫਾਰਮੈਂਸ ਯੂਟਿਊਬ 'ਤੇ ਲਾਈਵ ਸਟ੍ਰੀਮ ਕੀਤੀ ਸੀ
    • ਲੇਖਕ, ਡੇਵਿਡ ਗ੍ਰਿਟੇਨ ਅਤੇ ਗੋਂਚੇਹ ਹਬੀਬੀਜ਼ਾਦ
    • ਰੋਲ, ਬੀਬੀਸੀ ਫ਼ਾਰਸੀ
  • ਪ੍ਰਕਾਸ਼ਿਤ
  • ਪੜ੍ਹਨ ਦਾ ਸਮਾਂ: 4 ਮਿੰਟ

ਵਕੀਲਾਂ ਦਾ ਕਹਿਣਾ ਹੈ ਕਿ ਈਰਾਨ ਦੇ ਅਧਿਕਾਰੀਆਂ ਨੇ ਇੱਕ ਮਸ਼ਹੂਰ ਗਾਇਕਾ, ਉਨ੍ਹਾਂ ਦੇ ਬੈਂਡ ਅਤੇ ਪ੍ਰੋਡਕਸ਼ਨ ਟੀਮ ਦੇ ਚਾਰ ਮੈਂਬਰਾਂ ਨੂੰ ਕੋੜੇ ਮਾਰੇ ਹਨ। ਪਰਸਤੂ ਅਹਿਮਦੀ ਨਾਮ ਦੀ ਇਸ ਗਾਇਕਾ ਨੇ ਹਿਜਾਬ ਪਹਿਨੇ ਬਿਨ੍ਹਾਂ ਆਪਣੇ ਯੂਟਿਊਬ ਚੈਨਲ 'ਤੇ ਪਰਫਾਰਮੈਂਸ ਲਾਈਵ ਸਟ੍ਰੀਮ ਕੀਤੀ ਸੀ।

ਉਨ੍ਹਾਂ ਦੀ ਬਚਾਅ ਟੀਮ ਦੇ ਇੱਕ ਮੈਂਬਰ ਨੇ ਬੀਬੀਸੀ ਨੂੰ ਦੱਸਿਆ ਕਿ ਕ਼ੋਮ ਸ਼ਹਿਰ ਵਿੱਚ ਪਰਸਤੂ ਅਹਿਮਦੀ, ਤਿੰਨ ਸੰਗੀਤਕਾਰਾਂ ਅਤੇ ਇੱਕ ਪ੍ਰੋਡਿਊਸਰ ਨੂੰ 74-74 ਕੋੜੇ ਮਾਰੇ ਗਏ।

29 ਸਾਲਾ ਅਹਿਮਦੀ ਨੇ ਦਸੰਬਰ 2024 ਵਿੱਚ ਲਾਈਵ ਸਟ੍ਰੀਮ ਕੀਤੇ ਗਏ ਇੱਕ ਕਾਨਸਰਟ ਦੌਰਾਨ ਬਿਨ੍ਹਾਂ ਸਲੀਵਲੈੱਸ ਡਰੈੱਸ ਪਹਿਨੀ ਸੀ। ਈਰਾਨ ਦੇ ਕਾਨੂੰਨ ਵਿੱਚ ਮਹਿਲਾਵਾਂ ਲਈ ਸਿਰ 'ਤੇ ਸਕਾਰੀ ਅਤੇ ਸ਼ਾਲੀਨ ਕੱਪੜੇ ਪਹਿਨਣਾ ਜ਼ਰੂਰੀ ਹੈ।

ਇਸੇ ਸਾਲ ਜੂਨ ਵਿੱਚ ਕ਼ੋਮ ਦੀ ਇੱਕ ਅਦਾਲਤ ਨੇ ਅਹਿਮਦੀ ਅਤੇ ਅੱਠ ਹੋਰ ਲੋਕਾਂ ਨੂੰ 'ਅਸ਼ਲੀਲ ਅਤੇ ਭੱਦੀ ਸਮੱਗਰੀ' ਪ੍ਰਕਾਸ਼ਿਤ ਕਰਕੇ ਜਨਤਕ ਸ਼ਾਲੀਨਤਾ ਦੀ ਉਲੰਘਣਾ ਕਰਨ ਦਾ ਦੋਸ਼ੀ ਠਹਿਰਾਇਆ ਸੀ। ਉਨ੍ਹਾਂ ਨੇ ਇਨ੍ਹਾਂ ਇਲਜ਼ਾਮਾਂ ਤੋਂ ਇਨਕਾਰ ਕੀਤਾ ਸੀ।

74 ਕ਼ੋੜੇ ਮਾਰਨ ਦੀ ਸਜ਼ਾ ਤੋਂ ਇਲਾਵਾ ਉਨ੍ਹਾਂ 'ਤੇ ਆਡੀਓ ਵੀਜ਼ੀਊਲ ਗਤੀਵਿਧੀਆਂ ਅਤੇ ਦੋ ਸਾਲ ਤੱਕ ਦੇਸ਼ ਛੱਡਣ 'ਤੇ ਵੀ ਰੋਕ ਲਗਾ ਦਿੱਤੀ ਗਈ।

ਉਨ੍ਹਾਂ ਦੇ ਵਕੀਲਾਂ ਨੇ ਦੱਸਿਆ ਕਿ ਸਤੰਬਰ ਦੇ ਅਖੀਰ ਵਿੱਚ ਕ਼ੋਮ ਦੀ ਇੱਕ ਅਦਾਲਤ ਨੇ ਇਨ੍ਹਾਂ ਲੋਕਾਂ ਦੀ ਅਪੀਲ ਖਾਰਿਜ ਕਰ ਦਿੱਤੀ ਅਤੇ ਸਜ਼ਾ ਨੂੰ ਬਰਕਰਾਰ ਰੱਖਿਆ।

ਕਈ ਇਰਾਨੀ ਕਲਾਕਾਰਾਂ ਅਤੇ ਮਨੁੱਖੀ ਅਧਿਕਾਰ ਕਾਰਜਕਰਤਾਵਾਂ ਨੇ ਇਸ ਸਜ਼ਾ ਦੀ ਸਖਤ ਨਿੰਦਾ ਕੀਤੀ ਹੈ। ਉਨ੍ਹਾਂ ਨੇ ਚੇਤਾਵਨੀ ਦਿੱਤੀ ਕਿ ਕ਼ੋੜੇ ਮਾਰਨਾ ਇੱਕ ਕਰੂਰ, ਗੈਰ-ਮਨੁੱਖੀ ਅਤੇ ਅਪਮਾਨਜਨਕ ਸਜ਼ਾ ਹੈ ਅਤੇ ਇਹ ਯਾਤਨਾ 'ਤੇ ਲੱਗੀ ਕੌਮਾਂਤਰੀ ਰੋਕ ਦੀ ਉਲੰਘਣਾ ਹੈ।

ਸੋਮਵਾਰ ਨੂੰ ਮੁਲਜ਼ਮਾਂ ਦੇ ਵਕੀਲਾਂ ਵਿੱਚੋਂ ਇੱਕ ਨੇ ਬੀਬੀਸੀ ਨੂੰ ਦੱਸਿਆ ਕਿ ਅਹਿਮਦੀ ਅਤੇ ਉਨ੍ਹਾਂ ਦੇ ਚਾਰ ਪੁਰਸ਼ ਸਹਿ-ਮੁਲਜ਼ਮਾਂ ਨੂੰ ਕ਼ੋਮ ਵਿੱਚ 'ਕ੍ਰਿਮੀਨਲ ਸੈਂਟੈਂਸ ਇਨਫੋਰਸਮੈਂਟ ਦਫ਼ਤਰ' ਦੀ ਤੀਜੀ ਸ਼ਾਖਾ ਵਿੱਚ ਕੋੜੇ ਮਾਰੇ ਗਏ ਸੀ।

ਉਨ੍ਹਾਂ ਨੇ ਕਿਹਾ, "ਅਸੀਂ ਫ਼ੈਸਲੇ ਨੂੰ ਪਲਟਣ, ਜਾਂ ਘੱਟੋ ਘੱਟ ਸਜ਼ਾ ਘੱਟ ਕਰਵਾਉਣ ਜਾਂ ਉਸ ਨੂੰ ਸਸਪੈਂਡ ਕਰਾਉਣ ਲਈ ਆਪਣੇ ਵੱਲੋਂ ਪੂਰੀ ਕੋਸ਼ਿਸ਼ ਕੀਤੀ, ਪਰ ਅਜਿਹਾ ਨਹੀਂ ਹੋ ਸਕਿਆ।"

"ਮੈਂ ਅਤੇ ਦੂਜੇ ਵਕੀਲਾਂ ਨੇ ਸਜ਼ਾ ਦੇ ਅਮਲ ਨੂੰ ਟਾਲਣ ਦੀ ਕੋਸ਼ਿਸ਼ ਵੀ ਕੀਤੀ ਪਰ ਇਨਫੋਰਸਮੈਂਟ ਬ੍ਰਾਂਚ ਨੇ ਇਸ ਨੂੰ ਤੁਰੰਤ ਲਾਗੂ ਕਰਨ 'ਤੇ ਜ਼ੋਰ ਦਿੱਤਾ।"

ਈਰਾਨ ਵਿੱਚ ਸੁਧਾਰਾਂ ਦੀ ਹਿਮਾਇਤ ਕਰਨ ਵਾਲੇ ਅਖਬਾਰ 'ਇਤੇਮਾਦ' ਨੇ ਬਚਾਅ ਪੱਖ ਦੇ ਇੱਕ ਹੋਰ ਵਕੀਲ, ਮੁਸਤਫ਼ਾ ਨੀਲੀ ਦੇ ਹਵਾਲੇ ਨਾਲ ਦੱਸਿਆ ਕਿ ਅਹਿਮਦੀ ਨਾਲ ਕੋੜੇ ਖਾਣ ਵਾਲੇ ਚਾਰ ਲੋਕਾਂ ਦੀ ਪਛਾਣ ਸੋਹੇਲ ਫਕੀਹ-ਨਾਸਿਰੀ, ਅਮੀਨ ਤਾਹੇਰੀ, ਅਮੀਰਾਲੀ ਪੀਰਨਿਯਾ ਅਤੇ ਮੋਹਸੇਨ ਲਸ਼ਕਰੀ ਵਜੋਂ ਕੀਤੀ ਗਈ ਹੈ।

ਈਰਾਨ ਦੇ ਕਾਨੂੰਨ ਵਿੱਚ ਔਰਤਾਂ ਲਈ ਕੀ 'ਡ੍ਰੈਸ ਕੋਡ'

ਪ੍ਰਸਤੂ ਅਹਿਮਦੀ
ਤਸਵੀਰ ਕੈਪਸ਼ਨ, ਪ੍ਰਸਤੂ ਅਹਿਮਦੀ (ਫ਼ਾਈਲ ਫੋਟੋ)

ਅਮਰੀਕਾ ਸਥਿਤ 'ਸੈਂਟਰ ਫਾਰ ਹਿਊਮਨ ਰਾਈਟਸ ਇਨ ਈਰਾਨ' ਵਿੱਚ ਐਡਵੋਕੇਸੀ ਡਾਇਰੈਕਟਰ ਬਹਾਰ ਗੰਦੇਹਾਰੀ ਨੇ ਕਿਹਾ, "ਆਪਣੀ ਪਸੰਦ ਦੇ ਕੱਪੜੇ ਪਹਿਨਣ ਅਤੇ ਗਾਉਣ ਲਈ ਪਰਸਤੂ ਅਹਿਮਦੀ ਨੂੰ ਕੋੜੇ ਮਾਰਨਾ ਉਨ੍ਹਾਂ ਦੇ ਮੌਲਿਕ ਅਧਿਕਾਰਾਂ ਦੀ ਖੁੱਲ੍ਹੀ ਉਲੰਘਣਾ ਹੈ।"

"ਨਾਲ ਹੀ, ਇਹ ਈਰਾਨੀ ਅਧਿਕਾਰੀਆਂ ਦੇ ਉਸ ਇਰਾਦੇ ਦਾ ਡਰਾਉਣਾ ਉਦਾਹਰਨ ਹੈ ਜਿਸ ਤਹਿਤ ਉਹ ਮਹਿਲਾਵਾਂ ਦੀ ਅਜ਼ਾਦੀ ਨੂੰ ਦਬਾਉਣਾ ਚਾਹੁੰਦੇ ਹਨ ਅਤੇ ਉਨ੍ਹਾਂ ਲੋਕਾਂ ਨੂੰ ਹਿੰਸਕ ਸਜ਼ਾ ਦੇਣਾ ਚਾਹੁੰਦੇ ਹਨ ਜੋ ਉਨ੍ਹਾਂ ਦੇ ਭੇਦਭਾਵ ਵਾਲੇ ਕਾਨੂੰਨਾਂ ਅਤੇ ਨੀਤੀਆਂ ਨੂੰ ਚੁਣੌਤੀ ਦੇਣ ਦੀ ਹਿੰਮਤ ਕਰਦੇ ਹਨ।"

ਈਰਾਨ ਦਾ ਕਾਨੂੰਨ ਸ਼ਰੀਆ 'ਤੇ ਅਧਾਰਿਤ ਹੈ। ਇਸ ਤਹਿਤ ਕਿਸ਼ੋਰ ਅਵਸਥਾ ਪਾਰ ਕਰ ਚੁੱਕੀਆਂ ਮਹਿਲਾਵਾਂ ਅਤੇ ਲੜਕੀਆਂ ਲਈ ਹਿਜਾਬ ਨਾਲ ਆਪਣੇ ਵਾਲ ਢਕਣਾ ਅਤੇ ਸਰੀਰ ਦੀ ਬਣਾਵਟ ਨੂੰ ਲੁਕਾਉਣ ਲਈ ਲੰਬੇ, ਢਿੱਲੇ-ਢਾਲੇ ਕੱਪੜੇ ਪਹਿਨਣਾ ਜ਼ਰੂਰੀ ਹੈ।

ਸਾਲ 2022 ਵਿੱਚ ਮਹਿਸਾ ਅਮੀਨੀ ਦੀ ਹਿਰਾਸਤ ਵਿੱਚ ਮੌਤ ਤੋਂ ਬਾਅਦ ਈਰਾਨ ਵਿੱਚ ਵਿਰੋਧ ਪ੍ਰਦਰਸ਼ਨ ਹੋਏ ਸੀ। ਮਹਿਸਾ ਅਮੀਨੀ 22 ਸਾਲ ਦੀ ਕੁਰਦ ਮੁਟਿਆਰ ਸੀ ਜਿਸ ਨੂੰ ਉਸੇ ਸਾਲ ਸਤੰਬਰ ਵਿੱਚ ਤੇਹਰਾਨ ਵਿੱਚ 'ਮੋਰੈਲਿਟੀ ਪੁਲਿਸ' ਨੇ ਗਲਤ ਤਰੀਕੇ ਨਾਲ ਹਿਜਾਬ ਪਹਿਨਣ ਦੇ ਇਲਜ਼ਾਮ ਵਿੱਚ ਹਿਰਾਸਤ ਵਿੱਚ ਲਿਆ ਸੀ।

ਇਸ ਦੇ ਖ਼ਿਲਾਫ਼ ਪੂਰੇ ਦੇਸ਼ ਵਿੱਚ ਹੋਏ ਪ੍ਰਦਰਸ਼ਨਾਂ ਦੌਰਾਨ ਮਹਿਲਾਵਾਂ ਨੇ ਆਪਣੇ ਸਿਰ ਦੇ ਸਕਾਰਫ ਜਲ਼ਾਏ ਜਾਂ ਹਵਾ ਵਿੱਚ ਲਹਿਰਾਏ। ਇਸ ਦੌਰਾਨ ਸੁਰੱਖਿਆ ਬਲਾਂ ਦੀ ਕਾਰਵਾਈ ਵਿੱਚ ਸੈਂਕੜੇ ਲੋਕ ਮਾਰੇ ਗਏ।

ਉਦੋਂ ਤੋਂ, ਕਈ ਮਹਿਲਾਵਾਂ ਤੇ ਲੜਕੀਆਂ ਨੇ ਡ੍ਰੈਸ ਕੋਡ ਦਾ ਸ਼ਰੇਆਮ ਵਿਰੋਧ ਕਰਦਿਆਂ ਜਨਤਕ ਥਾਂਵਾਂ 'ਤੇ ਆਪਣੇ ਵਾਲ ਢਕਣਾ ਪੂਰੀ ਤਰ੍ਹਾਂ ਬੰਦ ਕਰ ਦਿੱਤਾ ਹੈ।

ਪ੍ਰਸ਼ਾਸਨ ਨੇ ਇਸ ਦੇ ਜਵਾਬ ਵਿੱਚ ਸਮੇਂ-ਸਮੇਂ ਗ੍ਰਿਫਤਾਰੀਆਂ, ਚੇਤਾਵਨੀਆਂ, ਕਾਰੋਬਾਰ ਬੰਦ ਕਰਵਾਉਣ ਅਤੇ ਦੂਜੇ ਕਦਮ ਚੁੱਕੇ ਹਨ।

ਇਸ ਸਾਲ ਜਨਵਰੀ ਵਿੱਚ ਜਦੋਂ ਈਰਾਨੀ ਸੁਰੱਖਿਆ ਬਲਾਂ ਨੇ ਦੇਸ਼ ਦੇ ਆਰਥਿਕ ਸੰਕਟ ਕਾਰਨ ਸ਼ੁਰੂ ਹੋਏ ਸਰਕਾਰ ਵਿਰੋਧੀ ਵੱਡੇ ਪ੍ਰਦਰਸ਼ਨਾਂ ਦੇ ਇੱਕ ਹੋਰ ਦੌਰ ਨੂੰ ਕੁਚਲਿਆ ਤਾਂ ਵੱਡੀ ਗਿਣਤੀ ਵਿੱਚ ਲੋਕ ਮਾਰੇ ਗਏ ਅਤੇ ਹਜ਼ਾਰਾਂ ਲੋਕਾਂ ਨੂੰ ਗ੍ਰਿਫ਼ਤਾਰ ਕੀਤਾ ਗਿਆ।

ਹਿਜਾਬ ਪਹਿਨੀ ਔਰਤ ਦੀ ਪਿੱਛਿਓਂ ਲਈ ਗਈ ਤਸਵੀਰ
ਤਸਵੀਰ ਕੈਪਸ਼ਨ, ਪ੍ਰਤੀਕਾਤਮਕ ਤਸਵੀਰ

ਫ਼ਰਵਰੀ ਦੇ ਅਖੀਰ ਵਿੱਚ ਅਮਰੀਕਾ ਅਤੇ ਇਜ਼ਰਾਈਲ ਨਾਲ ਈਰਾਨ ਦੀ ਲੜਾਈ ਸ਼ੁਰੂ ਹੋਣ ਦੇ ਬਾਅਦ ਤੋਂ ਅਧਿਕਾਰੀਆਂ ਨੇ ਪ੍ਰਦਰਸ਼ਨਕਾਰੀਆਂ ਖ਼ਿਲਾਫ਼ ਮੌਤ ਦੀ ਸਜ਼ਾ ਇਸਤੇਮਾਲ ਸਦਾ ਦਿੱਤਾ ਹੈ।

ਨੌਰਵੇ ਦੇ ਸੰਗਠਨ 'ਈਰਾਨ ਹਿਉਮਨ ਰਾਈਟਸ' ਮੁਤਾਬਕ ਜਨਵਰੀ ਦੇ ਵਿਰੋਧ ਪ੍ਰਦਰਸ਼ਨਾਂ ਦੇ ਮਾਮਲੇ ਵਿੱਚ ਦੋਸ਼ੀ ਠਹਿਰਾਏ ਗਏ ਘੱਟੋ ਘੱਟ 39 ਆਦਮੀਆਂ ਅਤੇ 2022 ਦੀ ਅਸ਼ਾਂਤੀ ਦੇ ਮਾਮਲੇ ਵਿੱਚ ਦੋਸ਼ੀ ਠਹਿਰਾਏ ਗਏ ਦੋ ਲੋਕਾਂ ਨੂੰ ਫਾਂਸੀ ਦਿੱਤੀ ਗਈ ਹੈ।

ਇਨ੍ਹਾਂ ਤੋਂ ਇਲਾਵਾ ਪਾਬੰਦੀਸ਼ੁਦਾ ਵਿਰੋਧੀ ਸਮੂਹਾਂ ਨਾਲ ਕਥਿਤ ਤੌਰ 'ਤੇ ਜੁੜੇ 16 ਲੋਕਾਂ ਅਤੇ ਜਾਸੂਸੀ ਜਾਂ ਵਿਦੇਸ਼ੀ ਤਾਕਤਾਂ ਨਾਲ ਮਿਲੀਭੁਗਤ ਦੇ ਦੋਸ਼ੀ 17 ਹੋਰ ਲੋਕਾਂ ਨੂੰ ਵੀ ਫਾਂਸੀ ਦਿੱਤੀ ਗਈ ਹੈ।

ਇਸ ਵਿੱਚ ਕਿਹਾ ਗਿਆ ਹੈ ਕਿ ਜਨਵਰੀ ਵਿੱਚ ਹਿਰਾਸਤ ਵਿੱਚ ਲਏ ਗਏ 121 ਹੋਰ ਪ੍ਰਦਰਸ਼ਨਕਾਰੀਆਂ ਨੂੰ ਮੌਤ ਦੀ ਸਜ਼ਾ ਸੁਣਾਈ ਗਈ ਹੈ ਅਤੇ ਉਨ੍ਹਾਂ ਨੂੰ ਜਲਦੀ ਫਾਂਸੀ ਦਿੱਤੇ ਜਾਣ ਦਾ ਖਤਰਾ ਹੈ।

ਇਨ੍ਹਾਂ ਵਿੱਚ ਛੇ ਮਹਿਲਾਵਾਂ ਅਤੇ ਪੰਜ ਨਾਬਾਲਿਗ ਹਨ।

ਬੀਬੀਸੀ ਲਈ ਕਲੈਕਟਿਵ ਨਿਊਜ਼ਰੂਮ ਵੱਲੋਂ ਪ੍ਰਕਾਸ਼ਿਤ

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTER, WhatsApp ਅਤੇ YouTube 'ਤੇ ਜੁੜੋ।)