ਯੂਕਰੇਨ ਨੇ ਰੂਸੀ ਡਰੋਨ ਹਮਲਿਆਂ ਨਾਲ ਨਜਿੱਠਣ ਲਈ ਲੱਭਿਆ ਕਿਹੜਾ ਸਸਤਾ ਤੇ ਹਾਈ-ਟੈੱਕ ਤਰੀਕਾ

ਯੂਕਰੇਨ
ਤਸਵੀਰ ਕੈਪਸ਼ਨ, ਯੂਕਰੇਨ ਦੇ ਸਸਤੇ ਇੰਟਰਸੈਪਟਰ ਰੂਸੀ ਡਰੋਨਾਂ ਨੂੰ ਬੇਅਸਰ ਕਰਨ ਲਈ ਸਭ ਤੋਂ ਪ੍ਰਭਾਵਸ਼ਾਲੀ ਹਥਿਆਰ ਸਾਬਤ ਹੋ ਰਹੇ ਹਨ
    • ਲੇਖਕ, ਜੋਨਾਥਨ ਬੀਲ
    • ਰੋਲ, ਬੀਬੀਸੀ ਪੱਤਰਕਾਰ
  • ਪ੍ਰਕਾਸ਼ਿਤ
  • ਪੜ੍ਹਨ ਦਾ ਸਮਾਂ: 7 ਮਿੰਟ

ਇਸ ਹਫ਼ਤੇ, ਜਦੋਂ ਦੂਰ ਕਿਤੇ ਹਵਾਈ ਹਮਲਿਆਂ ਦੀ ਚੇਤਾਵਨੀ ਵਾਲੇ ਸਾਇਰਨ ਵੱਜ ਰਹੇ ਸਨ, ਉਦੋਂ ਕੀਵ ਵਿੱਚ ਦੋ ਭੈਣਾਂ ਦਾ ਅੰਤਿਮ ਸੰਸਕਾਰ ਕੀਤਾ ਗਿਆ।

12 ਸਾਲ ਦੀ ਲਿਊਬਾਵਾ ਅਤੇ ਉਸ ਦੀ 17 ਸਾਲ ਦੀ ਭੈਣ ਵੀਰਾ ਉਨ੍ਹਾਂ 24 ਆਮ ਨਾਗਰਿਕਾਂ ਵਿੱਚ ਸ਼ਾਮਲ ਸਨ, ਜੋ ਇਸ ਮਹੀਨੇ ਦੀ ਸ਼ੁਰੂਆਤ ਵਿੱਚ ਇੱਕ ਰੂਸੀ ਮਿਜ਼ਾਈਲ ਹਮਲੇ ਵਿੱਚ ਮਾਰੇ ਗਏ ਸਨ।

ਇਸ ਹਮਲੇ ਨੇ ਉਨ੍ਹਾਂ ਦੇ ਰਿਹਾਇਸ਼ੀ ਅਪਾਰਟਮੈਂਟ ਬਲਾਕ ਨੂੰ ਮਲਬੇ ਵਿੱਚ ਬਦਲ ਦਿੱਤਾ ਸੀ।

ਉਹ ਪਹਿਲਾਂ ਹੀ ਮੋਰਚੇ 'ਤੇ ਲੜ ਰਹੇ ਆਪਣੇ ਪਿਤਾ ਨੂੰ ਗਵਾ ਚੁੱਕੀਆਂ ਸਨ। ਉਨ੍ਹਾਂ ਦੀ ਪੀੜਤ ਮਾਂ ਹੁਣ ਪਰਿਵਾਰ 'ਚ ਇਕੱਲੇ ਰਹਿ ਗਏ ਹਨ।

ਇਹ ਹੁਣ ਤੱਕ ਦੇ ਸਭ ਤੋਂ ਵੱਡੇ ਲਗਾਤਾਰ ਰੂਸੀ ਹਵਾਈ ਹਮਲੇ ਦੀ ਇਨਸਾਨੀ ਜਾਨਾਂ ਨਾਲ ਚੁਕਾਈ ਗਈ ਕੀਮਤ ਹੈ। ਇਸ ਹਮਲੇ ਵਿੱਚ 48 ਘੰਟਿਆਂ ਦੇ ਅੰਦਰ ਯੂਕਰੇਨ 'ਤੇ 1500 ਡਰੋਨ ਅਤੇ 56 ਮਿਜ਼ਾਈਲਾਂ ਦਾਗੀਆਂ ਗਈਆਂ ਸਨ।

ਜਾਨ-ਮਾਲ ਦਾ ਨੁਕਸਾਨ ਇਸ ਤੋਂ ਵੀ ਜ਼ਿਆਦਾ ਹੋ ਸਕਦਾ ਸੀ ਪਰ ਯੂਕਰੇਨ ਦੀ ਹਵਾਈ ਰੱਖਿਆ ਪ੍ਰਣਾਲੀ ਨੇ ਹੋਰ ਜ਼ਿਆਦਾ ਨੁਕਸਾਨ ਹੋਣ ਤੋਂ ਰੋਕ ਦਿੱਤਾ।

ਰਾਸ਼ਟਰਪਤੀ ਵੋਲੋਦੀਮੀਰ ਜ਼ੇਲੇਂਸਕੀ ਦੇ ਅਨੁਸਾਰ ਲੰਬੀ ਦੂਰੀ ਦੇ ਡਰੋਨਾਂ ਵਿੱਚੋਂ 94 ਫੀਸਦ ਅਤੇ ਮਿਜ਼ਾਈਲਾਂ ਵਿੱਚੋਂ 73 ਫੀਸਦ ਨੂੰ ਸਫਲਤਾਪੂਰਵਕ ਰੋਕ ਲਿਆ ਗਿਆ।

ਇਸ ਦੀ ਤੁਲਨਾ ਵਿੱਚ 14 ਮਈ 2025 ਨੂੰ ਕੀਵ ਦੀਆਂ ਫ਼ੌਜਾਂ ਨੇ ਦੇਸ਼ ਭਰ ਵਿੱਚ ਛੱਡੇ ਗਏ ਰੂਸੀ ਡਰੋਨਾਂ ਵਿੱਚੋਂ ਸਿਰਫ਼ 55 ਫੀਸਦ ਨੂੰ ਹੀ ਡੇਗਿਆ ਸੀ। ਯੂਕਰੇਨ ਆਪਣੇ ਅਸਮਾਨ ਦੀ ਰੱਖਿਆ ਵਿੱਚ ਬਿਹਤਰ ਹੁੰਦਾ ਜਾ ਰਿਹਾ ਹੈ।

ਯੂਕਰੇਨ ਦੇ ਰੱਖਿਆ ਮੰਤਰਾਲੇ ਵਿੱਚ ਇੰਸਪੈਕਟਰ ਜਨਰਲ ਲੈਫਟੀਨੈਂਟ ਕਰਨਲ ਯੂਰੀ ਮਾਇਰੋਨੈਂਕੋ ਕਹਿੰਦੇ ਹਨ, "ਬਦਕਿਸਮਤੀ ਨਾਲ ਹੁਣ ਅਸੀਂ ਦੁਨੀਆ ਵਿੱਚ ਸਭ ਤੋਂ ਬਿਹਤਰ ਹਾਂ।"

ਹਾਲਾਂਕਿ ਉਹ ਮੰਨਦੇ ਹਨ ਕਿ ਰੂਸ ਦੀਆਂ ਬੈਲਿਸਟਿਕ ਮਿਜ਼ਾਈਲਾਂ ਨੂੰ ਡੇਗਣਾ 'ਇੰਨਾ ਆਸਾਨ ਨਹੀਂ ਹੈ'।

'ਬਹੁਤ ਘਾਤਕ ਹਥਿਆਰ'

ਯੂਕਰੇਨ

ਤਸਵੀਰ ਸਰੋਤ, Lee Durant/BBC

ਤਸਵੀਰ ਕੈਪਸ਼ਨ, ਯੂਕਰੇਨੀ ਫੌਜ ਦੇ ਅਨੁਸਾਰ, ਉਸ ਨੇ ਸਸਤੇ ਇੰਟਰਸੈਪਟਰ ਡਰੋਨਾਂ ਦੀ ਵਰਤੋਂ ਕਰਕੇ ਵੱਡੀ ਗਿਣਤੀ ਵਿੱਚ ਰੂਸੀ ਡਰੋਨਾਂ ਨੂੰ ਡੇਗ ਦਿੱਤਾ ਹੈ

ਜੰਗ ਦੀ ਸ਼ੁਰੂਆਤ ਵਿੱਚ ਯੂਕਰੇਨ ਪੁਰਾਣੇ ਸੋਵੀਅਤ ਦੌਰ ਦੇ ਹਥਿਆਰਾਂ 'ਤੇ ਨਿਰਭਰ ਸੀ। ਇਸ ਤੋਂ ਬਾਅਦ ਪੱਛਮੀ ਦੇਸ਼ਾਂ ਨੇ ਮਹਿੰਗੇ ਅਤੇ ਜ਼ਿਆਦਾ ਉੱਨਤ ਹਥਿਆਰਾਂ ਨਾਲ ਉਸ ਦੀ ਰੱਖਿਆ ਨੂੰ ਮਜ਼ਬੂਤ ਕਰਨ ਵਿੱਚ ਮਦਦ ਕੀਤੀ। ਇਨ੍ਹਾਂ ਵਿੱਚ ਪੈਟ੍ਰੀਅਟ ਏਅਰ ਡਿਫੈਂਸ ਮਿਜ਼ਾਈਲਾਂ ਵੀ ਸ਼ਾਮਲ ਹਨ।

ਪਰ ਯੂਕਰੇਨ ਨੇ ਆਪਣੇ ਖ਼ੁਦ ਦੇ ਸਵਦੇਸ਼ੀ ਹੱਲ ਵੀ ਵਿਕਸਿਤ ਕੀਤੇ ਹਨ। ਟਰੱਕਾਂ 'ਤੇ ਭਾਰੀ ਮਸ਼ੀਨਗਨਾਂ ਨਾਲ ਕੰਮ ਕਰਨ ਵਾਲੀਆਂ ਮੋਬਾਈਲ ਫਾਇਰ ਟੀਮਾਂ ਤੋਂ ਲੈ ਕੇ ਸਸਤੇ ਅਤੇ ਵੱਡੇ ਪੱਧਰ 'ਤੇ ਬਣਾਏ ਗਏ ਇੰਟਰਸੈਪਟਰਾਂ ਤੱਕ।

ਇਨੋਵੇਸ਼ਨ ਅਤੇ ਤਕਨੀਕ ਨੂੰ ਅਪਨਾਉਣਾ ਯੂਕਰੇਨ ਨੂੰ ਫਾਇਦਾ ਦੇ ਰਿਹਾ ਹੈ। ਯੂਕਰੇਨ ਦੀ ਹਵਾਈ ਰੱਖਿਆ ਪ੍ਰਣਾਲੀ ਦੇ ਕੇਂਦਰ ਵਿੱਚ ਉਹ ਸੌਫਟਵੇਅਰ ਹੈ, ਜੋ ਰੂਸ ਵੱਲੋਂ ਛੱਡੇ ਗਏ ਹਰ ਗਲਾਈਡ ਬੰਬ, ਮਿਜ਼ਾਈਲ ਅਤੇ ਡਰੋਨ ਨੂੰ ਟ੍ਰੈਕ ਕਰਦਾ ਹੈ।

ਸਕਾਈ ਮੈਪ ਨਾਮ ਦਾ ਇਹ ਸਿਸਟਮ ਰਡਾਰ, ਹਜ਼ਾਰਾਂ ਸੈਂਸਰਾਂ, ਵੀਡੀਓ ਫੀਡ ਅਤੇ ਆਰਟੀਫੀਸ਼ੀਅਲ ਇੰਟੈਲੀਜੈਂਸ ਦਾ ਇਸਤੇਮਾਲ ਕਰਕੇ ਖ਼ਤਰਿਆਂ ਦਾ ਪਤਾ ਲਗਾਉਂਦਾ ਹੈ ਅਤੇ ਆਪਣੀ ਹਵਾਈ ਰੱਖਿਆ ਪ੍ਰਣਾਲੀ ਦਾ ਮਾਰਗਦਰਸ਼ਨ ਕਰਦਾ ਹੈ।

ਸ਼ੁਰੂਆਤ ਵਿੱਚ ਯੂਕਰੇਨ ਨੇ ਟੈਲੀਗ੍ਰਾਫ ਦੇ ਖੰਭਿਆਂ 'ਤੇ ਲਗਾਏ ਗਏ ਮੋਬਾਈਲ ਫ਼ੋਨਾਂ ਦੇ ਇੱਕ ਨੈੱਟਵਰਕ 'ਤੇ ਭਰੋਸਾ ਕੀਤਾ, ਜੋ ਨੇੜੇ ਆਉਂਦੇ ਡਰੋਨ ਦੀ ਆਵਾਜ਼ ਸੁਣਨ ਲਈ ਇਸਤੇਮਾਲ ਕੀਤੇ ਜਾਂਦੇ ਸਨ। ਹੁਣ ਇਹ ਸਿਸਟਮ ਜ਼ਿਆਦਾ ਆਧੁਨਿਕ ਸੈਂਸਰਾਂ ਦੀ ਵਰਤੋਂ ਕਰ ਰਿਹਾ ਹੈ।

ਅਮਰੀਕਾ ਵੀ ਮੱਧ ਪੂਰਬ ਵਿੱਚ ਆਪਣੇ ਇੱਕ ਫ਼ੌਜੀ ਅੱਡੇ ਦੀ ਸੁਰੱਖਿਆ ਲਈ ਸਕਾਈ ਮੈਪ ਦਾ ਇਸਤੇਮਾਲ ਕਰ ਰਿਹਾ ਹੈ।

ਇੱਕ ਅਜਿਹਾ ਹਥਿਆਰ ਜੋ ਕਿਸੇ ਵੀ ਦੂਜੀ ਚੀਜ਼ ਨਾਲੋਂ ਜ਼ਿਆਦਾ ਰੂਸੀ ਡਰੋਨਾਂ ਨੂੰ ਡੇਗਣ ਵਿੱਚ ਮਦਦ ਕਰ ਰਿਹਾ ਹੈ, ਉਹ ਹੈ ਸਸਤੇ ਇੰਟਰਸੈਪਟਰ ਡਰੋਨ।

ਇਨ੍ਹਾਂ ਦਾ ਆਕਾਰ ਇੱਕ ਵੱਡੀ ਗੋਲੀ ਵਰਗਾ ਹੁੰਦਾ ਹੈ ਅਤੇ ਇਨ੍ਹਾਂ ਦੇ ਹੇਠਲੇ ਹਿੱਸੇ ਵਿੱਚ ਚਾਰ ਰੋਟਰ ਲੱਗੇ ਹੁੰਦੇ ਹਨ, ਜੋ ਇਨ੍ਹਾਂ ਨੂੰ ਅੱਗੇ ਵਧਾਉਂਦੇ ਹਨ। ਯੂਕਰੇਨ ਹੁਣ ਅਜਿਹੇ 1000 ਤੋਂ ਜ਼ਿਆਦਾ ਡਰੋਨ ਹਰ ਰੋਜ਼ ਬਣਾ ਰਿਹਾ ਹੈ। ਯੂਕਰੇਨ ਦੀ ਹਵਾਈ ਫ਼ੌਜ ਅਨੁਸਾਰ ਇਸ ਸਾਲ ਮਾਰਚ ਤੱਕ ਇਨ੍ਹਾਂ ਨੇ 30,000 ਤੋਂ ਜ਼ਿਆਦਾ ਰੂਸੀ ਡਰੋਨ ਤਬਾਹ ਕੀਤੇ।

ਯੂਕਰੇਨ

ਖੇਰਸਾਨ ਸ਼ਹਿਰ ਦੇ ਬਾਹਰ ਇੱਕ ਮੈਦਾਨ ਵਿੱਚ ਯੂਕਰੇਨ ਦੀ ਮਰੀਨ ਕਾਰਪਸ ਦੀ ਮਾਨਵ ਰਹਿਤ ਸਿਸਟਮ ਰੇਜੀਮੈਂਟ ਨੇ ਇਸ ਦਾ ਪ੍ਰਦਰਸ਼ਨ ਕੀਤਾ।

ਸਥਿਰ ਲਾਂਚ ਤੋਂ ਉਨ੍ਹਾਂ ਦਾ P1-SUN ਇੰਟਰਸੈਪਟਰ 300 ਕਿਲੋਮੀਟਰ/ਘੰਟਾ ਤੋਂ ਜ਼ਿਆਦਾ ਦੀ ਰਫ਼ਤਾਰ ਹਾਸਲ ਕਰ ਸਕਦਾ ਹੈ ਅਤੇ ਇਸ ਦੀ ਰੇਂਜ 30 ਕਿਲੋਮੀਟਰ ਤੋਂ ਜ਼ਿਆਦਾ ਹੈ। ਇਹ ਯੂਨਿਟ ਹਾਲ ਹੀ ਰੂਸੀ ਡਰੋਨ ਨੂੰ ਡੇਗਣ ਦੇ ਇੱਕ ਮਿਸ਼ਨ ਨੂੰ ਪੂਰਾ ਕਰਕੇ ਆਈ ਸੀ।

ਕਮਾਂਡਰ ਵੇਲਕੋਸ ਇਸ ਨੂੰ ਇੱਕ 'ਬਹੁਤ ਘਾਤਕ ਹਥਿਆਰ' ਕਹਿੰਦੇ ਹਨ। ਉਹ ਕਹਿੰਦੇ ਹਨ, "ਇਹ ਦਿਖਾਉਂਦਾ ਹੈ ਕਿ ਅਸੀਂ ਕਿੰਨੀ ਜਲਦੀ ਖ਼ੁਦ ਨੂੰ ਢਾਲ ਸਕਦੇ ਹਾਂ, ਅਸੀਂ ਕਿਵੇਂ ਮੋਰਚੇ ਨੂੰ ਬਣਾਈ ਰੱਖ ਸਕਦੇ ਹਾਂ ਅਤੇ ਕਿੰਨੀ ਤੇਜ਼ੀ ਨਾਲ ਅੱਗੇ ਵਧ ਸਕਦੇ ਹਾਂ।"

P1-SUN 3D ਪ੍ਰਿੰਟਿੰਗ ਨਾਲ ਬਣਾਇਆ ਜਾਂਦਾ ਹੈ ਅਤੇ ਇਸ ਦੀ ਕੀਮਤ ਲਗਭਗ 1000 ਡਾਲਰ ਹੈ। ਇਹ ਉਨ੍ਹਾਂ ਇੱਕਪਾਸੜ ਹਮਲੇ ਵਾਲੇ ਵੱਡੇ 50,000 ਡਾਲਰ ਦੇ ਡੈਲਟਾ-ਵਿੰਗਡ ਸ਼ਾਹੇਦ ਡਰੋਨਾਂ ਦੀ ਤੁਲਨਾ ਵਿੱਚ ਬਹੁਤ ਘੱਟ ਹੈ, ਜਿਨ੍ਹਾਂ ਨੂੰ ਨਸ਼ਟ ਕਰਨ ਲਈ ਇਸ ਨੂੰ ਡਿਜ਼ਾਈਨ ਕੀਤਾ ਗਿਆ ਹੈ।

ਨਿੱਜੀ ਕੰਪਨੀਆਂ ਵੀ ਇਸ ਸਿਸਟਮ ਨਾਲ ਜੁੜ ਰਹੀਆਂ ਹਨ।

ਇਸ ਪਹਿਲਕਦਮੀ ਦੀ ਨਿਗਰਾਨੀ ਕਰ ਰਹੇ ਮਾਇਰੋਨੈਂਕੋ ਦੱਸਦੇ ਹਨ, "ਸਾਨੂੰ ਪੂਰੇ ਯੂਕਰੇਨ ਨੂੰ ਕਵਰ ਕਰਨਾ ਹੈ ਅਤੇ ਸਾਰੇ ਟੀਚਿਆਂ ਨੂੰ ਦੇਖਣਾ ਹੈ। ਇਸ ਲਈ ਅਸੀਂ ਆਪਣੇ ਕੋਲ ਮੌਜੂਦ ਸਾਰੇ ਸਰੋਤਾਂ ਦਾ ਇਸਤੇਮਾਲ ਕਰ ਰਹੇ ਹਾਂ।"

ਪੱਚੀ ਕੰਪਨੀਆਂ ਪਹਿਲਾਂ ਹੀ ਇਸ ਯੋਜਨਾ ਵਿੱਚ ਸ਼ਾਮਲ ਹੋ ਚੁੱਕੀਆਂ ਹਨ। ਇਸ ਦੇ ਪਿੱਛੇ ਦੀ ਪ੍ਰੇਰਨਾ ਸਾਫ਼ ਹੈ, ਆਪਣੀਆਂ ਫੈਕਟਰੀਆਂ ਅਤੇ ਬੁਨਿਆਦੀ ਢਾਂਚੇ ਦੀ ਰੱਖਿਆ ਕਰਨਾ। ਸਰਦੀਆਂ ਦੌਰਾਨ ਯੂਕਰੇਨ ਦੇ ਪਾਵਰ ਗਰਿੱਡ 'ਤੇ ਹੋਏ ਰੂਸੀ ਹਮਲਿਆਂ ਕਾਰਨ ਲੱਖਾਂ ਲੋਕਾਂ ਨੂੰ ਬਿਨਾਂ ਬਿਜਲੀ ਦੇ ਰਹਿਣਾ ਪਿਆ ਸੀ।

'ਕੰਪਿਊਟਰ ਗੇਮ ਵਰਗਾ'

ਯੂਕਰੇਨ ਦਾ ਸਕਾਈ ਮੈਪ

ਤਸਵੀਰ ਸਰੋਤ, Lee Durant/BBC

ਤਸਵੀਰ ਕੈਪਸ਼ਨ, ਯੂਕਰੇਨ ਦਾ ਸਕਾਈ ਮੈਪ ਰੂਸੀ ਡਰੋਨ ਅਤੇ ਜੈੱਟਾਂ ਨੂੰ ਟਰੈਕ ਕਰਦਾ ਹੈ

ਕਾਰਮਾਈਨ ਸਕਾਈ ਉਨ੍ਹਾਂ ਨਿੱਜੀ ਕੰਪਨੀਆਂ ਵਿੱਚੋਂ ਇੱਕ ਹੈ, ਜੋ ਹੁਣ ਹੋਰ ਨਿੱਜੀ ਖੇਤਰ ਦੇ ਗਾਹਕਾਂ ਲਈ ਹਵਾਈ ਰੱਖਿਆ ਸੇਵਾਵਾਂ ਪ੍ਰਦਾਨ ਕਰ ਰਹੀਆਂ ਹਨ। ਉਨ੍ਹਾਂ ਨੇ ਪਹਿਲਾਂ ਹੀ ਰੂਸ ਦੀ ਸਰਹੱਦ ਦੇ ਨੇੜੇ ਖਾਰਕੀਵ ਖੇਤਰ ਵਿੱਚ ਰਿਮੋਟ ਨਾਲ ਕੰਟ੍ਰੋਲ ਹੋਣ ਵਾਲੀਆਂ ਮਸ਼ੀਨਗਨਾਂ ਨਾਲ ਲੈਸ ਟਾਵਰਾਂ ਦਾ ਇੱਕ ਨੈੱਟਵਰਕ ਤਿਆਰ ਕਰ ਲਿਆ ਹੈ।

ਅਸੀਂ ਇੱਕ ਇਮਾਰਤ ਦੇ ਬੇਸਮੈਂਟ ਵਿੱਚ ਉਨ੍ਹਾਂ ਦੇ ਕੰਟ੍ਰੋਲ ਰੂਮ ਦਾ ਦੌਰਾ ਕੀਤਾ। ਸਕ੍ਰੀਨਾਂ ਦੀਆਂ ਕਈ ਕਤਾਰਾਂ 'ਤੇ ਯੂਕਰੇਨ ਦਾ ਸਕਾਈ ਮੈਪ ਦਿਖਾਈ ਦਿੰਦਾ ਹੈ, ਜੋ ਰੂਸੀ ਡਰੋਨਾਂ ਅਤੇ ਜੈੱਟ ਜਹਾਜ਼ਾਂ ਨੂੰ ਟ੍ਰੈਕ ਕਰਦਾ ਹੈ।

ਇਨ੍ਹਾਂ ਸਕ੍ਰੀਨਾਂ ਦੇ ਪਿੱਛੇ ਆਮ ਨਾਗਰਿਕ ਬੈਠੇ ਹਨ ਜਿਵੇਂ ਕਿ ਮਾਵਾਂ, ਟੈਕਸੀ ਡਰਾਈਵਰ ਅਤੇ ਸਾਬਕਾ ਫ਼ੌਜੀ। ਹਰ ਵਿਅਕਤੀ ਨੂੰ ਜਾਂਚ-ਪਰਖ ਤੋਂ ਬਾਅਦ ਕੁਝ ਹਫ਼ਤਿਆਂ ਦੀ ਸਿਖਲਾਈ ਦਿੱਤੀ ਜਾਂਦੀ ਹੈ। ਫਿਰ ਉਨ੍ਹਾਂ ਨੂੰ ਇਨ੍ਹਾਂ ਰਿਮੋਟ ਨਾਲ ਕੰਟ੍ਰੋਲ ਹੋਣ ਵਾਲੀਆਂ ਬੰਦੂਕਾਂ ਨੂੰ ਚਲਾਉਣ ਦੀ ਇਜਾਜ਼ਤ ਮਿਲਦੀ ਹੈ।

ਕੰਪਨੀ ਦੇ ਬੁਲਾਰੇ ਰੁਸਲਾਨ ਦੱਸਦੇ ਹਨ ਕਿ ਉਨ੍ਹਾਂ ਦਾ ਕੰਮ 'ਮੁਸ਼ਕਿਲ ਨਹੀਂ ਹੈ'। ਉਹ ਕਹਿੰਦੇ ਹਨ ਕਿ ਡਰੋਨ ਨੂੰ ਡੇਗਣ ਲਈ ਰਿਮੋਟ ਮਸ਼ੀਨਗਨਾਂ ਨੂੰ ਚਲਾਉਣਾ ' ਇੱਕ ਕੰਪਿਊਟਰ ਗੇਮ ਵਰਗਾ ਹੈ- ਬਿਲਕੁਲ Xbox ਜਾਂ PlayStation ਵਾਂਗ'।

ਰੁਸਲਾਨ ਆਪਣੇ ਕੰਮ ਨੂੰ 'ਦੇਸ਼ ਦੀ ਹਵਾਈ ਰੱਖਿਆ ਪ੍ਰਣਾਲੀ ਦਾ ਪੂਰਕ' ਦੱਸਦੇ ਹਨ।

ਉਹ ਕਹਿੰਦੇ ਹਨ, "ਅਸੀਂ ਫ਼ੌਜੀ ਪ੍ਰਣਾਲੀ ਨਾਲ ਜੁੜੇ ਹੋਏ ਹਾਂ। ਇਹ ਕੋਈ ਕਾਬੂ ਨਾ ਹੋਣ ਵਾਲੀ ਸਥਿਤੀ ਨਹੀਂ ਹੈ, ਇਸ ਲਈ ਅਸੀਂ ਫ਼ੌਜ ਦੇ ਨਿਰਦੇਸ਼ਾਂ ਅਤੇ ਹੁਕਮਾਂ ਦੀ ਪਾਲਣਾ ਕਰਦੇ ਹਾਂ।"

ਰੁਸਲਾਨ ਦਾ ਕਹਿਣਾ ਹੈ ਕਿ ਨਿੱਜੀ ਖੇਤਰ ਨੂੰ ਸ਼ਾਮਲ ਕਰਨ ਦੇ ਹੋਰ ਵੀ ਫ਼ਾਇਦੇ ਹਨ, "ਅਸੀਂ ਸਰਕਾਰੀ ਖੇਤਰ ਦੀ ਤੁਲਨਾ ਵਿੱਚ ਬਹੁਤ ਤੇਜ਼ੀ ਨਾਲ ਵਿਸਤਾਰ ਕਰ ਸਕਦੇ ਹਾਂ।"

ਅਜੇ ਇਹ ਸ਼ੁਰੂਆਤੀ ਦੌਰ ਹੈ, ਪਰ ਇਹ ਨਿੱਜੀ ਕੰਪਨੀਆਂ ਪਹਿਲਾਂ ਹੀ ਦਰਜਨਾਂ ਰੂਸੀ ਡਰੋਨ ਨੂੰ ਡੇਗ ਚੁੱਕੀਆਂ ਹਨ।

'ਯੂਕਰੇਨੀ ਹਮਲਿਆਂ ਦਾ ਡਰ'

ਕੀਵ

ਤਸਵੀਰ ਸਰੋਤ, Getty Images

ਤਸਵੀਰ ਕੈਪਸ਼ਨ, ਐਤਵਾਰ ਨੂੰ ਕੀਵ ਵਿੱਚ, ਰੂਸੀ ਹਮਲੇ ਨਾਲ ਅੰਸ਼ਕ ਤੌਰ 'ਤੇ ਤਬਾਹ ਹੋਈ ਇੱਕ ਇਮਾਰਤ ਵਿੱਚ ਬਚਾਅ ਕਰਮਚਾਰੀ

ਯੂਕਰੇਨ ਨੇ ਰੂਸ 'ਤੇ ਆਪਣੇ ਹਮਲੇ ਵੀ ਤੇਜ਼ ਕਰ ਦਿੱਤੇ ਹਨ। ਹਾਲ ਹੀ ਦੇ ਹਮਲਿਆਂ ਨਾਲ ਪੂਰੇ ਰੂਸ ਵਿੱਚ ਤੇਲ ਰਿਫਾਇਨਰੀਆਂ ਵਿੱਚ ਭਿਆਨਕ ਅੱਗ ਲੱਗ ਗਈ ਹੈ ਅਤੇ ਇਹ ਹਮਲੇ ਸੇਂਟ ਪੀਟਰਸਬਰਗ ਅਤੇ ਮਾਸਕੋ ਵਰਗੇ ਵੱਡੇ ਸ਼ਹਿਰਾਂ ਤੱਕ ਪਹੁੰਚ ਗਏ ਹਨ। ਯੂਕਰੇਨੀ ਹਮਲੇ ਦੇ ਡਰੋਂ ਕ੍ਰੇਮਲਿਨ ਨੇ ਮਈ ਵਿੱਚ ਪ੍ਰਬੰਧਿਤ ਹੋਣ ਵਾਲੀ ਦੂਜੀ ਵਿਸ਼ਵ ਜੰਗ ਦੀ ਵਿਕਟਰੀ ਡੇ ਪਰੇਡ ਦਾ ਆਕਾਰ ਛੋਟਾ ਕਰ ਦਿੱਤਾ।

ਇਸ ਕਰਕੇ ਹੁਣ ਦੋਵੇਂ ਪਾਸੇ ਇਸ ਜੰਗ ਵਿੱਚ ਅੱਗੇ ਨਿਕਲਣ ਲਈ ਜਿੰਨੀ ਜਲਦੀ ਹੋ ਸਕੇ, ਉੱਨੀ ਤੇਜ਼ੀ ਨਾਲ ਨਵੇਂ-ਨਵੇਂ ਤਰੀਕੇ ਲੱਭਣ ਦੀ ਦੌੜ ਵਿੱਚ ਲੱਗੇ ਹੋਏ ਹਨ।

ਰੂਸ ਨੇ ਤੇਜ਼ ਜੈੱਟ ਤਕਨੀਕ ਨਾਲ ਚੱਲਣ ਵਾਲੇ ਡਰੋਨ ਵਿਕਸਿਤ ਕਰਨੇ ਸ਼ੁਰੂ ਕਰ ਦਿੱਤੇ ਹਨ। ਹੁਣ ਉਹ ਯੂਕਰੇਨ ਦੀ ਹਵਾਈ ਰੱਖਿਆ ਪ੍ਰਣਾਲੀ ਦੇ ਟਿਕਾਣਿਆਂ ਦਾ ਪਤਾ ਲਗਾਉਣ ਲਈ ਧੋਖਾ ਦੇਣ ਵਾਲੇ (ਡਿਕੌਏ) ਡਰੋਨ ਵੀ ਉਡਾ ਰਿਹਾ ਹੈ।

ਯੂਕਰੇਨ ਦੀ ਹਵਾਈ ਰੱਖਿਆ ਵਿੱਚ ਅਜੇ ਵੀ ਸਪੱਸ਼ਟ ਕਮੀਆਂ ਬਣੀਆਂ ਹੋਈਆਂ ਹਨ।

ਇੱਕ ਪਾਸੇ ਬਹੁਤ ਜ਼ਿਆਦਾ ਉੱਨਤ ਅਤੇ ਮਹਿੰਗੇ ਮਿਜ਼ਾਈਲ ਇੰਟਰਸੈਪਟਰਾਂ ਦੀ ਕਮੀ ਹੈ। ਯੂਕਰੇਨ ਨੂੰ ਹੁਣ ਵੀ ਅਮਰੀਕੀ ਪੈਟ੍ਰੀਅਟ ਮਿਜ਼ਾਈਲਾਂ ਦੀ ਲੋੜ ਹੈ।

ਫਿਲਹਾਲ ਰੂਸੀ ਬੈਲਿਸਟਿਕ ਮਿਜ਼ਾਈਲਾਂ ਨੂੰ ਡੇਗਣ ਲਈ ਇਹੀ ਇੱਕਮਾਤਰ ਪ੍ਰਭਾਵਸ਼ਾਲੀ ਹਥਿਆਰ ਹਨ। ਈਰਾਨ ਨਾਲ ਅਮਰੀਕਾ ਦੀ ਜੰਗ ਕਾਰਨ ਇਨ੍ਹਾਂ ਦੀ ਸਪਲਾਈ ਘੱਟ ਗਈ ਹੈ।

ਮੋਰਚੇ ਦੇ ਨੇੜੇ ਰੂਸ ਵਾਂਗ ਯੂਕਰੇਨ ਵੀ ਛੋਟੇ ਪਰ ਵੱਡੀ ਗਿਣਤੀ ਵਿੱਚ ਇਸਤੇਮਾਲ ਹੋ ਰਹੇ ਫਰਸਟ-ਪਰਸਨ-ਵਿਊ (ਐੱਫ਼ਪੀਵੀ) ਡਰੋਨਾਂ ਦੇ ਖ਼ਤਰੇ ਨਾਲ ਨਜਿੱਠਣ ਲਈ ਸੰਘਰਸ਼ ਕਰ ਰਿਹਾ ਹੈ। ਓਪਰੇਟਰ ਦੂਰੋਂ ਹੀ ਆਪਣੇ ਨਿਸ਼ਾਨੇ ਤੱਕ ਇਨ੍ਹਾਂ ਦਾ ਮਾਰਗਦਰਸ਼ਨ ਕਰਦੇ ਹਨ। ਇਹ ਹੁਣ ਵੀ ਜ਼ਿਆਦਾਤਰ ਲੋਕਾਂ ਦੇ ਮਾਰੇ ਜਾਣ ਦਾ ਕਾਰਨ ਬਣ ਰਹੇ ਹਨ।

ਜੰਗ ਵਿੱਚ ਤਕਨੀਕੀ ਤਰੱਕੀ ਦੇ ਬਾਵਜੂਦ ਸੜਕਾਂ ਦੇ ਉੱਪਰ ਲਗਾਏ ਗਏ ਜਾਲ, ਰਾਈਫਲਾਂ ਅਤੇ ਸ਼ਾਟਗਨਾਂ ਹੁਣ ਵੀ ਬਚਾਅ ਦੇ ਆਖਰੀ ਉਪਾਅ ਹਨ।

ਯੂਕਰੇਨ ਦੇ ਅਸਮਾਨ ਦੀ ਰੱਖਿਆ ਕਰਨਾ ਕਦੇ ਆਸਾਨ ਨਹੀਂ ਹੋਵੇਗਾ। ਰਾਸ਼ਟਰਪਤੀ ਜ਼ੇਲੇਂਸਕੀ ਨੇ ਚੇਤਾਵਨੀ ਦਿੱਤੀ ਹੈ ਕਿ ਰੂਸ ਦੇ ਵੱਡੇ ਪੱਧਰ 'ਤੇ ਹਮਲੇ ਇਸ ਲਈ ਹਨ ਤਾਂ ਜੋ ਉਨ੍ਹਾਂ ਦੀ ਹਵਾਈ ਰੱਖਿਆ ਪ੍ਰਣਾਲੀ ਦੇ ਹਥਿਆਰ ਖ਼ਤਮ ਹੋ ਜਾਣ।

ਸੈਂਕੜੇ ਡਰੋਨ ਅਤੇ ਦਰਜਨਾਂ ਮਿਜ਼ਾਈਲਾਂ ਇੱਕੋ ਵੇਲੇ ਦਾਗੀਆਂ ਜਾਣ 'ਤੇ ਇਹ ਲਗਭਗ ਤੈਅ ਹੈ ਕਿ ਕੁਝ ਨਾ ਕੁਝ ਬਚ ਕੇ ਨਿਕਲ ਹੀ ਜਾਣਗੇ। ਇਸ ਦਾ ਮਤਲਬ ਹੈ ਕਿ ਲਿਊਬਾਵਾ ਅਤੇ ਵੀਰਾ ਵਰਗੀਆਂ ਹੋਰ ਵੀ ਦੁਖਦਾਈ ਮੌਤਾਂ ਹੋਣਗੀਆਂ।

ਵਾਧੂ ਰਿਪੋਰਟਿੰਗ- ਫਰਲ ਡੇਵਿਸ, ਅਨਾਸਤਾਸਿਆ ਲੇਵਚੇਂਕੋ ਅਤੇ ਮਰੀਆਨਾ ਮਤਵੇਈਚੁਕ

ਬੀਬੀਸੀ ਲਈ ਕਲੈਕਟਿਵ ਨਿਊਜ਼ਰੂਮ ਵੱਲੋਂ ਪ੍ਰਕਾਸ਼ਿਤ

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTER, WhatsApp ਅਤੇ YouTube 'ਤੇ ਜੁੜੋ।)