ਦਿਨੇ ਸੁਫਨੇ ਦੇਖਣ ਦੀ ਆਦਤ ਕਦੋਂ ਸਮੱਸਿਆ ਬਣ ਜਾਂਦੀ ਹੈ, ਇਸ ਤੋਂ ਬਾਹਰ ਕਿਵੇਂ ਆ ਸਕਦੇ ਹੋ

ਬੈਠੀ ਹੋਈ ਔਰਤ

ਤਸਵੀਰ ਸਰੋਤ, Getty Images

ਤਸਵੀਰ ਕੈਪਸ਼ਨ, ਜਦੋਂ ਕਲਪਨਾ ਤੁਹਾਡੇ ਕੰਟ੍ਰੋਲ ਵਿੱਚ ਨਾ ਰਹੇ, ਸਮੱਸਿਆ ਸ਼ੁਰੂ ਹੋ ਸਕਦੀ ਹੈ
    • ਲੇਖਕ, ਮੌਲੀ ਗੌਰਮੈਨ
    • ਰੋਲ, ਬੀਬੀਸੀ ਨਿਊਜ਼
  • ਪ੍ਰਕਾਸ਼ਿਤ
  • ਪੜ੍ਹਨ ਦਾ ਸਮਾਂ: 11 ਮਿੰਟ

ਕੁਝ ਲੋਕ ਲਗਾਤਾਰ ਕਈ ਘੰਟਿਆਂ ਤੱਕ ਦਿਨ ਦਿਹਾੜੇ ਖਿਆਲੀ ਪੁਲਾਓ ਬਣਾਉਂਦੇ ਰਹਿੰਦੇ ਹਨ ਅਤੇ ਦਹਾਕਿਆਂ ਤੱਕ ਇੱਕੋ ਕਹਾਣੀ ਆਪਣੇ ਦਿਮਾਗ਼ ਵਿੱਚ ਦੁਹਰਾਉਂਦੇ ਰਹਿੰਦੇ ਹਨ ਤੇ ਇਹ ਬਹੁਤ ਜ਼ਿਆਦਾ ਪਰੇਸ਼ਾਨੀ ਵਾਲਾ ਹੋ ਸਕਦਾ ਹੈ।

ਇੱਥੇ ਜਾਣੋ ਕਿ ਕਿਵੇਂ ਪਤਾ ਲਗਾਇਆ ਜਾਵੇ ਕਿ ਤੁਹਾਡੀ ਸੁਫ਼ਨੇ ਦੇਖਣ ਦੀ ਆਦਤ ਕਦੋਂ ਹੱਦ ਤੋਂ ਵਧ ਗਈ ਹੈ।

ਅਮਰੀਕਾ ਸਥਿਤ ਮਨੋਵਿਗਿਆਨੀ ਕੋਲਿਨ ਰੌਸ ਨੇ ਬਹੁਤ ਹੀ ਸਪਸ਼ਟ ਅਤੇ ਇਮਰਸਿਵ ਦਿਨ ਦੇ ਸੁਫ਼ਨੇ ਦੇਖਣ ਦੀ ਸਮਰੱਥਾ ਨੂੰ ਇੱਕ 'ਅਥਲੈਟਿਕ ਤੋਹਫ਼ੇ' ਵਜੋਂ ਦਰਸਾਇਆ ਹੈ। ਉਹ ਵਿਅਕਤੀ ਦੀ ਆਪਣੀ ਮਰਜ਼ੀ ਮੁਤਾਬਕ ਇਨ੍ਹਾਂ ਸੁਫ਼ਨਿਆਂ ਵਿੱਚ ਆਉਣ ਜਾਣ ਦੀ ਸ਼ਕਤੀ ਤੋਂ ਪ੍ਰਭਾਵਿਤ ਹੋ ਕੇ ਉਨ੍ਹਾਂ ਨੂੰ ਐਕਟਿੰਗ ਵਿੱਚ ਕਰੀਅਰ ਬਣਾਉਣ ਦਾ ਸੁਝਾਅ ਦਿੰਦੇ ਹਨ।

ਪਰ ਉਦੋਂ ਕੀ ਜੇ ਤੁਸੀਂ ਇਸ ਅੰਦਰੂਨੀ ਸਿਨੇਮਾ ਵਿੱਚੋਂ ਬਾਹਰ ਹੀ ਨਾ ਨਿਕਲ ਸਕੋ? ਇਹ 'ਮੈਲਾਡੈਪਟਿਵ ਡੇਅ-ਡ੍ਰੀਮਿੰਗ' ਨਾਮੀ ਬਿਮਾਰੀ ਤੋਂ ਪੀੜਤ ਲੋਕਾਂ ਦੀ ਮੁੱਖ ਸਮੱਸਿਆ ਹੈ। ਉਹ ਅਕਸਰ ਆਪਣੇ ਜਾਗਣ ਦੇ ਅੱਧੇ ਤੋਂ ਵੱਧ ਘੰਟੇ ਆਪਣੇ ਦਿਮਾਗ਼ ਵਿੱਚ ਕਹਾਣੀਆਂ ਅਤੇ ਪਾਤਰਾਂ ਨਾਲ ਗੁੰਝਲਦਾਰ ਅਤੇ ਬਾਰੀਕੀ ਨਾਲ ਕਲਪਨਾਵਾਂ ਬਣਾਉਣ ਵਿੱਚ ਬਿਤਾਉਂਦੇ ਹਨ।

ਰੌਸ ਕਹਿੰਦੇ ਹਨ ਕਿ ਗੰਭੀਰ ਮਾਮਲਿਆਂ ਵਿੱਚ ਲੋਕ ਦਿਨ ਵਿੱਚ ਬਾਰਾਂ ਘੰਟਿਆਂ ਤੱਕ ਸੁਫ਼ਨੇ ਦੇਖ ਸਕਦੇ ਹਨ। ਉਨ੍ਹਾਂ ਦੀਆਂ ਕਹਾਣੀਆਂ ਦੇ ਪਲੌਟ ਇੱਕ ਸਮੇਂ ਵਿੱਚ ਦਹਾਕਿਆਂ ਤੱਕ ਚੱਲ ਸਕਦੇ ਹਨ।

ਇਹ ਸੁਣਨ ਵਿੱਚ ਸ਼ਾਨਦਾਰ ਅਤੇ ਪ੍ਰੇਰਨਾਦਾਇਕ ਲੱਗ ਸਕਦਾ ਹੈ, ਪਰ ਇਹ ਲੋਕ ਆਪਣੀ ਅੰਦਰੂਨੀ ਦੁਨੀਆਂ ਵਿੱਚ ਇੰਨੇ ਡੁੱਬੇ ਹੋਏ ਹੁੰਦੇ ਹਨ ਕਿ ਇਹ ਰੋਜ਼ਾਨਾ ਜੀਵਨ ਵਿੱਚ ਵੱਡੀ ਰੁਕਾਵਟ ਪੈਦਾ ਕਰ ਸਕਦਾ ਹੈ ਅਤੇ ਗੰਭੀਰ ਪਰੇਸ਼ਾਨੀ ਦਾ ਕਾਰਨ ਬਣ ਸਕਦਾ ਹੈ।

ਇਹ ਓਨਾ ਦੁਰਲੱਭ ਨਹੀਂ ਹੈ, ਜਿਨ੍ਹਾਂ ਸੁਣਨ ਵਿੱਚ ਲਗਦਾ ਹੈ। ਰੌਸ ਕਹਿੰਦੇ ਹਨ, "ਇਹ ਸ਼ਾਇਦ ਬਾਲਗ ਅਬਾਦੀ ਦੇ ਤਕਕੀਬਨ 2 ਤੋਂ 4 ਫੀਸਦ ਦੇ ਨੇੜੇ ਹੈ।"

ਤਾਂ, ਤੁਹਾਨੂੰ ਕਿਵੇਂ ਪਤਾ ਲੱਗੇਗਾ ਕਿ ਤੁਹਾਡੀ ਦਿਨ ਵਿੱਚ ਸੁਪਨੇ ਦੇਖਣ ਦੀ ਆਦਤ ਇੱਕ ਸਮੱਸਿਆ ਬਣ ਰਹੀ ਹੈ? ਅਤੇ ਤੁਸੀਂ ਇਸ ਦਾ ਇਲਾਜ ਕਿਵੇਂ ਕਰ ਸਕਦੇ ਹੋ?

ਜਾਗਣਾ, ਸ਼ਾਇਦ ਸੁਫਨਾ ਦੇਖਣ ਲਈ

ਸਭ ਤੋਂ ਪਹਿਲਾਂ ਦਿਨ ਦਿਹਾੜੇ ਸੁਫ਼ਨੇ ਦੇਖਣਾ ਅਸਲ ਵਿੱਚ ਬੁਰਾ ਨਹੀਂ ਹੈ। ਇਹ ਇਸ ਦੇ ਬਿਲਕੁਲ ਉਲਟ ਹੈ।

ਰੌਸ ਕਹਿੰਦੇ ਹਨ, "ਜੇਕਰ ਤੁਸੀਂ ਬਿਲਕੁਲ ਸੁਫ਼ਨੇ ਨਹੀਂ ਦੇਖਦੇ ਤਾਂ ਮੈਨੂੰ ਤੁਹਾਡੇ 'ਤੇ ਅਫ਼ਸੋਸ ਹੋਵੇਗਾ।"

ਦਿਨ ਦਿਹਾੜੇ ਸੁਫ਼ਨੇ ਦੇਖਣ ਨੂੰ ਵਿਆਪਕ ਤੌਰ 'ਤੇ ਇੱਕ ਆਮ ਮਾਨਸਿਕ ਗਤੀਵਿਧੀ ਮੰਨਿਆ ਜਾਂਦਾ ਹੈ ਜਿਸ ਵਿੱਚ ਲਗਭਗ ਹਰ ਕੋਈ ਸ਼ਾਮਲ ਹੁੰਦਾ ਹੈ। ਖੋਜਕਰਤਾਵਾਂ ਨੇ ਸਵੈ-ਰਿਪੋਰਟ ਪ੍ਰਸ਼ਨ ਪੱਤਰਾਂ ਰਾਹੀਂ ਅੰਦਾਜ਼ਾ ਲਗਾਇਆ ਹੈ ਕਿ ਜਦੋਂ ਅਸੀਂ ਜਾਗ ਰਹੇ ਹੁੰਦੇ ਹਾਂ ਤਾਂ ਸਾਡੀ ਮਾਨਸਿਕ ਗਤੀਵਿਧੀ ਦਾ 30-50 ਫ਼ੀਸਦੀ ਹਿੱਸਾ ਅਜਿਹੇ ਵਿਚਾਰਾਂ ਵਿੱਚ ਬੀਤਦਾ ਹੈ ਜੋ ਉਸ ਸਮੇਂ ਸਾਡੇ ਵੱਲੋਂ ਕੀਤੇ ਜਾ ਰਹੇ ਕੰਮ ਨਾਲ ਸਬੰਧਤ ਨਹੀਂ ਹੁੰਦੇ।

ਦਿਨ ਵਿੱਚ ਸੁਪਨੇ ਦੇਖਣਾ ਨਾ ਸਿਰਫ਼ ਭਾਵਨਾਵਾਂ ਨੂੰ ਸੰਭਾਲਣ, ਹਮਦਰਦੀ ਅਤੇ ਰਚਨਾਤਮਕਤਾ ਨੂੰ ਵਧਾਉਣ ਵਿੱਚ ਮਦਦ ਕਰ ਸਕਦਾ ਹੈ, ਸਗੋਂ ਇਹ ਬੋਰ ਹੋਣ ਦੀ ਭਾਵਨਾ ਨੂੰ ਵੀ ਘਟਾ ਸਕਦਾ ਹੈ ਅਤੇ ਲੋਕਾਂ ਨੂੰ ਆਪਣੇ ਜੀਵਨ ਦੇ ਤਜਰਬਿਆਂ ਵਿੱਚ ਅਰਥ ਲੱਭਣ ਵਿੱਚ ਵੀ ਸਹਾਇਤਾ ਕਰ ਸਕਦਾ ਹੈ।

ਹਾਲਾਂਕਿ, ਮੈਲਾਡੈਪਟਿਵ ਡੇਅ-ਡ੍ਰੀਮਿੰਗ ਇੱਕ ਮਜਬੂਰੀ ਵਾਲਾ ਵਿਕਾਰ ਹੈ ਜੋ ਕੰਮਕਾਜ ਵਿੱਚ ਰੁਕਾਵਟ ਪਾਉਂਦਾ ਹੈ ਅਤੇ ਰੋਗੀ ਨੂੰ ਇਸ ਦੇ ਨਸੇ ਜਿਹੇ ਚੱਕਰ ਵਿੱਚ ਫਸਾ ਕੇ ਰੱਖਦਾ ਹੈ।

ਕਾਇਲਾ ਬੋਰਚਰਡਸ ਦੇ ਤਜਰਬੇ ਵੱਲ ਗੌਰ ਕਰੋ। ਉਹ ਯਾਦ ਕਰਦੀ ਹੈ ਕਿ ਜਦੋਂ ਉਹ ਸਿਰਫ਼ ਚਾਰ ਸਾਲ ਦੀ ਸੀ ਉਦੋਂ ਤੋਂ ਹੀ ਉਹ ਆਪਣੇ ਦਿਮਾਗ਼ ਵਿੱਚ 'ਹੋਰ ਸੰਸਾਰ' ਬਣਾ ਰਹੀ ਸੀ। ਇਹ ਆਦਤ ਬਾਅਦ ਵਿੱਚ ਉਦੋਂ ਹੋਰ ਵਧ ਗਈ ਜਦੋਂ ਉਹ ਇੱਕ ਨਵੇਂ ਸਕੂਲ ਗਈ ਅਤੇ ਦੂਜੇ ਬੱਚਿਆਂ ਨੇ ਉਸ ਦੇ ਲਹਿਜ਼ੇ ਦਾ ਮਜ਼ਾਕ ਉਡਾਇਆ।

ਉਹ ਕਹਾਣੀਆਂ ਉਸ ਦੀ 'ਸੁਰੱਖਿਅਤ ਜਗ੍ਹਾ' ਬਣ ਗਈਆਂ ਜਿੱਥੇ "ਕੋਈ ਮੈਨੂੰ ਨਹੀਂ ਸੀ ਚਿੜਾਉਂਦਾ ਅਤੇ ਲੋਕ ਮੈਨੂੰ ਪਸੰਦ ਕਰਦੇ ਸਨ।"

ਕੰਮ ਕਰਦੀ ਔਰਤ

ਤਸਵੀਰ ਸਰੋਤ, Getty Images

ਤਸਵੀਰ ਕੈਪਸ਼ਨ, ਕਹਾਣੀਆਂ ਬਣਾਉਣਾ ਸਮੱਸਿਆ ਨਹੀਂ, ਉਨ੍ਹਾਂ ਵਿੱਚ ਗਵਾਚ ਜਾਣਾ ਸਮੱਸਿਆ ਹੈ

ਬੋਰਚਰਡਸ ਦੇ ਇਹ ਦਿਨ ਦਿਹਾੜੇ ਦੇਖੇ ਜਾਣ ਵਾਲੇ ਸੁਫ਼ਨੇ ਬਾਅਦ ਵਿੱਚ ਇੱਕ ਅਜਿਹੀ ਮਜਬੂਰੀ ਬਣ ਗਏ ਜੋ ਇੱਕ ਸਮੇਂ ਵਿੱਚ ਕਈ-ਕਈ ਘੰਟਿਆਂ ਤੱਕ ਚਲਦੇ ਸਨ।

ਉਹ ਕਹਿੰਦੀ ਹੈ, "ਇਹ ਇੱਕ ਬਹੁਤ ਹੀ ਸ਼ਕਤੀਸ਼ਾਲੀ ਇੱਛਾ ਸੀ ਜਿਵੇਂ ਲੋਕ ਕਹਿੰਦੇ ਹਨ ਤਿ ਉਨ੍ਹਾਂ ਨੂੰ ਬਹੁਤ ਜ਼ਿਆਦਾ ਚਾਕਲੇਟ ਖਾਣ ਦੀ ਜਾਂ ਸੋਸ਼ਲ ਮੀਡੀਆ ਵਰਤਣ ਦੀ ਤਲਬ ਹੁੰਦੀ ਹੈ।"

ਇਹ ਉਹ ਥਾਂ ਹੈ ਜਿੱਥੇ ਇੱਕ ਸਿਹਤਮੰਦ ਵਿਵਹਾਰ ਨੁਕਸਾਨਦੇਹ ਬਣ ਸਕਦਾ ਹੈ। ਇਜ਼ਰਾਈਲ ਦੀ ਹਾਈਫਾ ਯੂਨੀਵਰਸਿਟੀ ਦੇ ਕਲੀਨਿਕਲ ਮਨੋਵਿਗਿਆਨ ਦੇ ਐਮਰੀਟਸ ਪ੍ਰੋਫੈਸਰ ਏਲੀ ਸੋਮਰ ਕਹਿੰਦੇ ਹਨ, "ਸਮੱਸਿਆ ਉਦੋਂ ਪੈਦਾ ਹੁੰਦੀ ਹੈ ਜਦੋਂ ਵਿਅਕਤੀ ਕਲਪਨਾ ਨੂੰ ਆਪਣੇ ਕਾਬੂ ਵਿੱਚ ਨਹੀਂ ਰੱਖਦਾ, ਸਗੋਂ ਕਲਪਨਾ ਵਿਅਕਤੀ ਨੂੰ ਆਪਣੇ ਕਾਬੂ ਵਿੱਚ ਕਰਨਾ ਸ਼ੁਰੂ ਕਰ ਦਿੰਦੀ ਹੈ।"

ਉਨ੍ਹਾਂ ਨੇ ਮੈਲਾਡੈਪਟਿਵ ਡੇਅ-ਡ੍ਰੀਮਿੰਗ ਸ਼ਬਦ ਦੀ ਖੋਜ ਕੀਤੀ ਸੀ ਅਤੇ ਉਹ ਦੋ ਦਹਾਕਿਆਂ ਤੋਂ ਵੱਧ ਸਮੇਂ ਤੋਂ ਇਸ ਬਿਮਾਰੀ 'ਤੇ ਖੋਜ ਕਰ ਰਹੇ ਹਨ।

ਮੈਲਾਡੈਪਟਿਵ ਡੇਅ-ਡ੍ਰੀਮਿੰਗ ਅਕਸਰ ਸੰਗੀਤ ਸੁਣਨ, ਵਾਰ-ਵਾਰ ਕੀਤੀਆਂ ਜਾਣ ਵਾਲੀਆਂ ਸਰੀਰਕ ਗਤੀਵਿਧੀਆਂ ਜਿਵੇਂ ਕਿ ਇੱਧਰ ਉਧਰ ਘੁੰਮਣ ਨਾਲ ਉਤਸ਼ਾਹਿਤ ਹੁੰਦੀ ਹੈ ਅਤੇ ਬਣੀ ਰਹਿੰਦੀ ਹੈ, ਲਗਭਗ 80 ਫ਼ੀਸਦੀ ਲੋਕ ਆਪਣੇ ਸੁਫ਼ਨਿਆਂ ਵਿੱਚ ਡੁੱਬੇ ਰਹਿਣ ਦੌਰਾਨ ਇਕਾਗਰਤਾ ਬਣਾਈ ਰੱਖਣ ਲਈ ਅਚੇਤ ਸਰੀਰਕ ਇਸ਼ਾਰਿਆਂ ਨੂੰ ਸ਼ਾਮਲ ਕਰਦੇ ਹਨ।

ਬੋਰਚਰਡਸ ਲਈ, ਇਸ ਵਿੱਚ ਆਪਣੇ ਰੋਲਰ ਸਕੇਟਸ ਪਾ ਕੇ ਆਪਣੀ ਕਾਰ ਖੜ੍ਹੀ ਕਰਨ ਵਾਲੀ ਥਾਂ 'ਤੇ ਘੰਟਿਆਂ ਬੱਧੀ ਇੱਧਰ ਉਧੜ ਘੁੰਮਣਾ ਜਾਂ ਕੰਧ ਨਾਲ ਗੇਂਦ ਟਕਰਾਉਣਾ ਸ਼ਾਮਲ ਸੀ।

ਸੁਫ਼ਨੇ ਦੇਖਣ ਵਿੱਚ ਬਿਤਾਏ ਸਮੇਂ ਦੇ ਕਾਰਨ, ਮੈਲਾਡੈਪਟਿਵ ਡੇਅ-ਡ੍ਰੀਮਿੰਗ ਵਾਲੇ ਲੋਕ ਕੁਦਰਤੀ ਤੌਰ 'ਤੇ ਸਮਾਜਿਕ ਮੌਕਿਆਂ ਜਾਂ ਰਿਸ਼ਤਿਆਂ ਤੋਂ ਦੂਰ ਹੋ ਜਾਂਦੇ ਹਨ ਅਤੇ ਇਕੱਲੇ ਹੋ ਜਾਂਦੇ ਹਨ, ਜੋ ਬਦਲੇ ਵਿੱਚ ਸ਼ਰਮ ਅਤੇ ਪਛਤਾਵੇ ਵੱਲ ਲੈ ਜਾਂਦਾ ਹੈ।

ਇਹ ਬੋਰਚਰ ਡਸ ਦੇ ਕਰੀਅਰ ਦੇ ਸ਼ੁਰੂਆਤੀ ਦੌਰ ਦੀ ਗੱਲ ਹੈ ਜਦੋਂ ਉਸ ਨੇ ਦੇਖਿਆ ਕਿ ਉਸ ਦੀ ਦਿਨ ਦਿਹਾੜੇ ਸੁਫ਼ਨੇ ਦੇਖਣ ਦੀ ਆਦਤ ਉਸ ਨੂੰ ਪਿੱਛੇ ਧੱਕ ਰਹੀ ਸੀ। ਉਹ ਕਹਿੰਦੀ ਹੈ, "ਮੇਰੇ ਕੋਲ ਕੋਈ ਪ੍ਰੇਰਨਾ ਨਹੀਂ ਸੀ। ਮੈਂ ਕੰਮ 'ਤੇ ਤਰੱਕੀ ਪਾਉਣ ਲਈ ਬਹੁਤ ਸਾਰਾ ਸਮਾਂ ਅਤੇ ਊਰਜਾ ਕਿਉਂ ਲਗਾਵਾਂ, ਜਦੋਂ ਮੈਂ ਬਿਨ੍ਹਾਂ ਕਿਸੇ ਕੋਸ਼ਿਸ਼ ਦੇ ਆਪਣੀ ਕਲਪਨਾ ਵਿੱਚ ਇਸ ਨੂੰ ਹੁਣੇ ਹੀ ਹਾਸਿਲ ਕਰ ਸਕਦੀ ਹਾਂ ਅਤੇ ਇਹ ਅਸਲ ਜ਼ਿੰਦਗੀ ਨਾਲੋਂ 95 ਫ਼ੀਸਦੀ ਬਿਹਤਰ ਹੈ?"

ਜਦੋਂ ਮੈਂ ਆਪਣੇ ਚਾਲੀਵੇਂ ਸਾਲ ਵਿੱਚ ਸੀ, ਉਦੋਂ ਵੀ ਮੈਂ ਸ਼ੁਰੂਆਤੀ ਪੱਧਰ ਦਾ ਕੰਮ ਕਰ ਰਹੀ ਸੀ, ਕਿਉਂਕਿ ਮੈਂ ਕਦੇ ਤਰੱਕੀ ਲੈਣ ਦੀ ਕੋਸ਼ਿਸ਼ ਹੀ ਨਹੀਂ ਕੀਤੀ ਸੀ।

ਦਿਨੇ ਸੁਫ਼ਨੇ ਦੇਖਣ ਦੀ ਆਦਤ

ਇਹ ਗੱਲ ਸਮਝ ਆਉਂਦੀ ਹੈ। ਇੰਟਰਨੈਸ਼ਨਲ ਸੁਸਾਇਟੀ ਫਾਰ ਮੈਲਾਡੈਪਟਿਵ ਡੇਅ-ਡ੍ਰੀਮਿੰਗ ਦੀ ਕਲੀਨਿਕਲ ਮਨੋਵਿਗਿਆਨੀ ਅਤੇ ਖੋਜ ਨਿਰਦੇਸ਼ਕ ਵਾਂਡਾ ਫਿਸ਼ੇਰਾ ਕਹਿੰਦੀ ਹੈ, "ਆਪਣੇ ਮਨਪਸੰਦ ਟੀਵੀ ਸ਼ੋਅ ਦੀ ਕਲਪਨਾ ਕਰੋ, ਪਰ ਉਸ ਵਿੱਚ ਮੁੱਖ ਪਾਤਰ ਤੁਸੀਂ ਹੋ। ਜੇਕਰ ਤੁਹਾਡੀ ਮੌਜੂਦਾ ਜ਼ਿੰਦਗੀ ਓਨੀ ਰੋਮਾਂਚਕ ਨਹੀਂ ਹੈ ਤਾਂ ਤੁਸੀਂ ਇਸ ਨੂੰ ਕਿਵੇਂ ਛੱਡ ਸਕਦੇ ਹੋ?"

ਜੇਕਰ ਕਿਸੇ ਵਿਅਕਤੀ ਦੀਆਂ ਭਾਵਨਾਤਮਕ ਲੋੜਾਂ ਪੂਰੀਆਂ ਨਹੀਂ ਹੁੰਦੀਆਂ, ਤਾਂ ਮੈਲਾਡੋਪਟਿਵ ਡੇਅ-ਡ੍ਰੀਮਿੰਗ ਲੋਕਾਂ ਨੂੰ ਇਹ ਮਹਿਸੂਸ ਕਰਨ ਦਾ ਮੌਕਾ ਦਿੰਦੀ ਹੈ ਜਿਵੇਂ ਉਹ ਲੋੜਾਂ ਪੂਰੀਆਂ ਹੋ ਰਹੀਆਂ ਹੋਣ। ਉਦਾਹਰਨ ਵਜੋਂ, ਮੈਲਾਡੈਪਟਿਵ ਡੇਅ ਡ੍ਰੀਮਰਜ਼ ਵਿਚ ਆਮ ਤੌਰ 'ਤੇ ਆਪਣੇ ਸੁਫ਼ਨਿਆਂ ਵਿੱਚ ਮੌਜੂਦ ਰਹਿਣ ਦੀ ਇੱਕ ਮਜ਼ਬੂਤ ਭਾਵਨਾ ਹੁੰਦੀ ਹੈ ਅਤੇ ਉਨ੍ਹਾਂ ਨੂੰ ਅਕਸਰ ਪਿਆਰ ਕੀਤਾ ਜਾਂਦਾ ਹੈ ਜਾਂ ਉਨ੍ਹਾਂ ਨੂੰ ਨਾਇਕ ਵਜੋਂ ਪੇਸ਼ ਕੀਤਾ ਜਾਂਦਾ ਹੈ।

ਮਾਰੀਆ ਅਕਸਰ ਇਹ ਸੁਫਨਾ ਦੇਖਦੀ ਸੀ ਕਿ ਉਹ ਇੱਕ ਸਟੇਜ 'ਤੇ ਖੜ੍ਹੀ ਹੈ ਅਤੇ ਲੋਕ ਉਸ ਵੱਲ ਦੇਖ ਰਹੇ ਹਨ- ਉਹ ਸਫਲ ਸੀ ਅਤੇ ਉਸ ਦੀ ਇੱਕ ਪਛਾਣ ਸੀ।

ਫਿਸ਼ੇਰਾ ਕਹਿੰਦੀ ਹੈ ਕਿ ਰੁਝਾਨ ਇਸ ਲਈ ਹੋ ਸਕਦਾ ਹੈ ਕਿਉਂਕਿ ਮੈਲਾਡੈਪਟਿਵ ਡੇਅ-ਡ੍ਰੀਮਿੰਗ ਵਾਲੇ ਲੋਕਾਂ ਵਿੱਚ ਇਸ ਗੱਲ ਨੂੰ ਲੈ ਕੇ ਸ਼ਰਮ ਦੀ ਭਾਵਨਾ ਹੁੰਦੀ ਹੈ ਕਿ ਸ਼ਾਇਦ ਮੈਂ ਓਨਾ ਚੰਗਾ ਨਹੀਂ ਜਿੰਨਾ ਮੈਂ ਹਾਂ, ਜਾਂ ਲੋਕ ਮੈਨੂੰ ਸਵੇਂ ਪਿਆਰ ਨਹੀਂ ਕਰਦੇ ਜਿਵੇਂ ਮੈਂ ਹਾਂ, ਜਾਂ ਮੈਂ ਆਪਣਾ ਅਸਲ ਰੂਪ ਨਹੀਂ ਦਿਖਾ ਸਕਦਾ।

ਇਹ ਕਲਪਨਾਵਾਂ ਹਮੇਸ਼ਾ ਦੂਜਿਆਂ ਨਾਲ ਜੁੜਾਅ ਵਾਲੀਆਂ ਹੁੰਦੀਆਂ ਹਨ, ਇਸ ਲਈ ਇਹ ਸਿਰਫ਼ ਇਕੱਲੇਪਣ ਨੂੰ ਘੱਟ ਕਰਨ ਦੀ ਉਸ ਬੇਚੈਨ ਲੋੜ ਨੂੰ ਦਰਸਾਉਂਦਾ ਹੈ।

ਮਾਰੀਆ ਮੰਨਦੀ ਹੈ ਕਿ ਉਹ ਬਚਪਨ ਵਿੱਚ ਇਕੱਲਾਪਣ ਮਹਿਸੂਸ ਕਰਦੀ ਸੀ। ਉਹ ਆਪਣੇ ਸੁਫ਼ਨਿਆਂ ਨੂੰ ਉਤਸ਼ਾਹਿਤ ਕਰਨ ਲਈ ਸੰਗੀਤ ਸੁਣਦਿਆਂ ਘੰਟਿਆਂ ਬੱਧੀ ਅੱਗੇ ਪਿੱਛੇ ਝੂਲਦੀ ਰਹਿੰਦੀ ਸੀ। ਉਹ ਕਹਿੰਦੀ ਹੈ, "ਇਹ ਲਗਾਤਾਰ ਤੁਹਾਡਾ ਧਿਆਨ ਖਿੱਚਦਾ ਹੈ। ਇਹ ਇੱਕ ਤਰ੍ਹਾਂ ਦੀ ਸਮਾਨਾਂਤਰ ਦੁਨੀਆ ਹੈ।"

ਮਾਪੇ ਅਤੇ ਅਧਿਆਪਕ ਉਸ ਦੀ ਇਸ ਪਰੇਸ਼ਾਨੀ ਦੇ ਅਸਲ ਰੂਪ ਨੂੰ ਸਮਝਣ ਵਿੱਚ ਅਸਫ਼ਲ ਰਹੇ।

ਉਹ ਕਹਿੰਦੀ ਹੈ, "ਇਹ ਬਹੁਤ ਅੜਚਣਾਂ ਪੈਦਾ ਕਰਨ ਵਾਲਾ ਸੀ, ਇਸ ਲਈ ਮੈਂ ਪੜ੍ਹ ਨਹੀਂ ਸਕਦੀ ਸੀ ਅਤੇ ਲੋਕ ਆਪਣੇ ਆਪ ਇਹ ਸੋਚ ਲੈਂਦੇ ਸੀ ਕਿ ਮੈਂ ਪੜ੍ਹਣਾ ਨਹੀਂ ਚਾਹੁੰਦੀ ਜਾਂ ਮੈਂ ਆਲਸੀ ਸੀ।"

ਕਈਆਂ ਦੀ ਤਰ੍ਹਾਂ, ਮਾਰੀਆ ਨੂੰ ਇੱਕ ਬਾਲਗ ਵਜੋਂ ਮੈਲਾਡੈਪਟਿਵ ਡੇਅ-ਡ੍ਰੀਮਿੰਗ ਬਾਰੇ ਪਤਾ ਲੱਗਿਆ ਅਤੇ ਉਸ ਨੂੰ ਇਹ ਜਾਣ ਕੇ ਬਹੁਤ ਵੱਡੀ ਰਾਹਤ ਮਿਲੀ ਕਿ ਉਹ ਇਕੱਲੀ ਨਹੀਂ ਹੈ।

ਉਹ ਕਹਿੰਦੀ ਹੈ, "ਮੈਂ ਇਸ ਸੋਚ ਨਾਲ ਵੱਡੀ ਹੋਈ ਹਾਂ ਕਿ ਸ਼ਾਇਦ ਮੈਂ ਅਜੀਬ ਸੀ।"

ਕੁਝ ਖ਼ਾਸ ਲੋਕ ਇਸ ਸਥਿਤੀ ਤੋਂ ਪੀੜਤ ਕਿਉਂ ਹੁੰਦੇ ਹਨ?

ਬੈਠੀ ਕੁੜੀ

ਤਸਵੀਰ ਸਰੋਤ, Getty Images

ਤਸਵੀਰ ਕੈਪਸ਼ਨ, ਕੁਝ ਲੋਕ ਦਿਨ ਦੇ 12 ਘੰਟੇ ਤੱਕ ਆਪਣੇ ਮਨ ਦੀ ਦੁਨੀਆ ਵਿੱਚ ਬਿਤਾ ਦਿੰਦੇ ਹਨ

ਮੈਲਾਡੈਪਟਿਵ ਡੇਅ-ਡ੍ਰੀਮਿੰਗ ਕਈ ਤਰ੍ਹਾਂ ਦੇ ਜੋਖਮ ਦੇ ਕਾਰਕਾਂ ਨਾਲ ਜੁੜੀ ਹੋਈ ਹੈ ਜੋ ਇਸ ਦੇ ਫੈਲਾਅ ਨੂੰ ਵਧਾਉਂਦੇ ਪ੍ਰਤੀਤ ਹੁੰਦੇ ਹਨ।

ਉਦਾਹਰਣ ਵਜੋਂ, ਕੁਝ ਅਧਿਐਨਾਂ ਨੇ ਮੈਲਾਡੈਪਟਿਵ ਡੈਅ-ਡ੍ਰੀਮਿੰਗ ਨੂੰ ਬਚਪਨ ਦੇ ਸਦਮੇ ਜਿਵੇਂ ਕਿ ਅਣਗਹਿਲੀ, ਭਾਵਨਾਤਮਕ ਸੋਸ਼ਣ ਅਤੇ ਲਗਾਅ ਦੀਆਂ ਸਮੱਸਿਆਵਾਂ ਨਾਲ ਜੋੜਿਆ ਹੈ, ਜਿੱਥੇ ਇਹ ਵਿਅਕਤੀ ਦਰਦਨਾਕ ਯਾਦਾਂ ਅਤੇ ਭਾਵਨਾਵਾਂ ਤੋਂ ਬਚਣ ਲਈ ਮੈਲਾਡੈਪਟਿਵ ਡੇਅ-ਡ੍ਰੀਮਿੰਗ ਦੀ ਵਰਤੋਂ ਕਰਦੇ ਹਨ।

ਇਹ ਨਿਊਰੋਡਾਇਵਰਸਿਟੀ ਤੋਂ ਪੈਦਾ ਹੋਣ ਵਾਲੀਆਂ ਚੁਣੌਤੀਆਂ ਦਾ ਸਾਹਮਣਾ ਕਰਨ ਦਾ ਇੱਕ ਤਰੀਕਾ ਵੀ ਪ੍ਰਦਾਨ ਕਰ ਸਕਦਾ ਹੈ। ਔਟਿਜ਼ਮ ਸਪੈਕਟ੍ਰਮ ਡਿਸਆਰਡਰ ਦੀ ਪਛਾਣ ਵਾਲੇ 235 ਬਾਲਗਾਂ 'ਤੇ ਕੀਤੇ ਇੱਕ ਅਧਿਐਨ ਵਿੱਚ ਉਨ੍ਹਾਂ ’ਚੋਂ 43 ਫ਼ੀਸਦੀ ਮੈਲਾਡੈਪਟਿਵ ਡੇਅ-ਡ੍ਰੀਮਿੰਗ ਦੇ ਅਨੁਭਵਾਂ ਦੀ ਰਿਪੋਰਟ ਕੀਤੀ ਅਤੇ ਇਹ ਅਨੁਭਵ ਇਕੱਲੇਪਣ ਅਤੇ ਭਾਵਨਾਤਕ ਨਿਯਮਾਂ ਦੀਆਂ ਮੁਸ਼ਕਲਾਂ ਨਾਲ ਨੇੜਿਓਂ ਜੁੜੇ ਹੋਏ ਸਨ।

ਹੋਰ ਖੋਜਾਂ ਏਡੀਐਚਡੀ ਅਤੇ ਓਸੀਡੀ ਜਿਹੇ ਵਿਕਾਰਾਂ, ਡਿਪਰੈਸ਼ਨ ਅਤੇ ਚਿੰਤਾ ਵਿਚਕਾਰ ਮਜ਼ਬੂਤ ਸਬੰਧ ਜਾਂ ਸਮਾਨ ਬੌਧਿਕ ਵਿਸ਼ੇਸ਼ਤਾਵਾਂ ਦਿਖਾਉਂਦੀਆਂ ਹਨ।

ਬੋਰਚਰਚਡਸ ਨੂੰ ਅਠਾਰਾਂ ਸਾਲ ਦੀ ਉਮਰ ਵਿੱਚ ਡਿਪਰੈਸ਼ਨ ਦਾ ਪਤਾ ਲੱਗਿਆ। ਉਹ ਕਹਿੰਦੀ ਹੈ, "ਡਿਪਰੈਸ਼ਨ, ਸਮੱਸਿਆ ਸੀ ਅਤੇ ਮੈਂ ਅਸਲੀ ਦੁਨੀਆਂ ਵਿੱਚੋਂ ਬਾਹਰ ਜਾ ਕੇ ਇਸ ਨਾਲ ਨਜਿੱਠਦੀ ਸੀ।"

ਉਮਰ ਦੇ 40ਵਿਆਂ ਦੌਰਾਨ ਉਸ ਨੇ ਆਪਣੇ ਡਿਪਰੈਸ਼ਨ ਦੇ ਇਲਾਜ ਲਈ ਇੱਕ ਮਹੀਨਾ ਮਨੋਵਿਗਿਆਨਕ ਯੁਨਿਟ ਵਿੱਚ ਬਿਤਾਇਆ ਅਤੇ ਅਖੀਰ ਮਹਿਸੂਸ ਕੀਤਾ ਕਿ ਜੋ ਮਦਦ ਚਾਹੀਦੀ ਸੀ ਉਸ ਨੂੰ ਮਿਲ ਗਈ ਹੈ।

ਇਹ ਦਿਨ ਦਿਹਾੜੇ ਸੁਫ਼ਨੇ ਦੇਖਣ 'ਤੇ ਕਾਬੂ ਪਾਉਣ ਵੱਲ ਵੀ ਟਰਨਿੰਗ ਪੁਆਇੰਟ ਸੀ। ਉਹ ਵਧੇਰੇ ਅਨੰਦਮਈ ਅਤੇ ਰਚਨਾਤਮਕ ਹੋ ਕੇ ਪਰਤੀ।

ਮਾਰੀਆ ਵਿੱਚ ਕਿਸੇ ਮਾਨਸਿਕ ਸਿਹਤ ਸਥਿਤੀ ਬਾਰੇ ਪਤਾ ਨਹੀਂ ਲੱਗਿਆ ਹੈ ਪਰ ਉਸ ਦੀ ਮਦਦ ਲਈ ਇੱਕ ਵਿਸ਼ੇਸ਼ ਥੈਰੇਪਿਸਟ ਹੈ।

ਕਢਾਈ ਕਰਦੀ ਕੁੜੀ

ਤਸਵੀਰ ਸਰੋਤ, Getty Images

ਸੋਮਰ ਕਹਿੰਦੇ ਹਨ, "ਏਡੀਐੱਚਡੀ ਦੇ ਮਾਮਲੇ ਵਿੱਚ ਇਹ ਓਵਰਲੈਪ ਖ਼ਾਸ ਤੌਰ 'ਤੇ ਮਹੱਤਵਪੂਰਨ ਹੈ ਕਿਉਂਕਿ ਬਹੁਤ ਜ਼ਿਆਦਾ ਕਲਪਨਾਵਾਂ ਵਿੱਚ ਗੁਆਚੇ ਰਹਿਣਾ ਬਾਹਰੋਂ ਧਿਆਨ ਨਾ ਦੇਣ ਵਰਗਾ ਲੱਗ ਸਕਦਾ ਹੈ।"

"ਓਸੀਡੀ ਨਾਲ ਵੀ ਕੁਝ ਸਾਂਝੀਆਂ ਵਿਸ਼ੇਸ਼ਤਾਵਾਂ ਹਨ, ਜਿਵੇਂ ਕਿ ਦਖ਼ਲਅੰਦਾਜ਼ ਵਿਚਾਰ, ਮਜਬੂਰੀ ਵਾਲੇ ਵਿਹਾਰ ਅਤੇ ਕਿਸੇ ਚੀਜ਼ ਤੋਂ ਆਪਣਾ ਧਿਆਨ ਹਟਾਉਣ ਵਿੱਚ ਮੁਸ਼ਕਲ ਆਉਣਾ।"

ਹਾਲਾਂਕਿ, ਉਹ ਕਹਿੰਦੇ ਹਨ ਕਿ "ਓਵਰਲੈਪ" ਦਾ ਮਤਲਬ ਇਹ ਨਹੀਂ ਕਿ ਦੋਵੇਂ ਇੱਕੋ ਜਿਹੇ ਹਨ। ਮੌਜੂਦਾ ਸਬੂਤ ਦਰਸਾਉਂਦੇ ਹਨ ਕਿ ਮੈਲਾਡੈਪਟਿਵ ਡੇਅ-ਡ੍ਰੀਮਿੰਗ ਨੂੰ ਪੂਰੀ ਤਰ੍ਹਾਂ ਏਡੀਐੱਚਡੀ ਜਾਂ ਓਸੀਡੀ ਤੱਕ ਸੀਮਤ ਨਹੀਂ ਕੀਤਾ ਜਾ ਸਕਦਾ।

ਇਸ ਦੀ ਆਪਣੀ ਇੱਕ ਵੱਖਰੀ ਪ੍ਰਕਿਰਤੀ ਹੈ, ਜੋ ਡੂੰਘੀਆਂ ਕਹਾਣੀਨੁਮਾ ਕਲਪਨਾਵਾਂ, ਆਪਣੇ ਅੰਦਰੂਨੀ ਸੰਸਾਰ ਵਿੱਚ ਪੂਰੀ ਤਰ੍ਹਾਂ ਡੁੱਬ ਜਾਣ ਅਤੇ ਉਸ ਨਾਲ ਭਾਵਨਾਤਮਕ ਤੌਰ 'ਤੇ ਜੁੜ ਜਾਣ ਦੇ ਤਜਰਬੇ 'ਤੇ ਕੇਂਦਰਿਤ ਹੈ।"

ਤਾਂ ਫਿਰ ਕੀ ਮੈਲਾਡੈਪਟਿਵ ਡੇਅ-ਡ੍ਰੀਮਿੰਗ ਇੱਕ ਅਜਿਹੀ ਰਣਨੀਤੀ ਹੈ ਜੋ ਤੁਹਾਨੂੰ ਅਸਲ ਜ਼ਿੰਦਗੀ ਦੀਆਂ ਮੁਸ਼ਕਲਾਂ ਨਾਲ ਨਜਿੱਠਣ ਵਿੱਚ ਮਦਦ ਕਰਦੀ ਹੈ, ਜਾਂ ਇਹ ਇੱਕ ਅਜਿਹਾ ਡਿਸੋਸੀਏਟਿਵ ਵਿਕਾਰ ਹੈ ਜੋ ਤੁਹਾਨੂੰ ਅਸਲ ਜ਼ਿੰਦਗੀ ਅਤੇ ਤੁਹਾਡੀ ਅਸਲ ਪਛਾਣ ਤੋਂ ਦੂਰ ਕਰ ਦਿੰਦਾ ਹੈ?

ਸੋਮਰ ਕਹਿੰਦੇ ਹਨ ਕਿ ਸਬੂਤ ਇਹ ਦਰਸਾਉਂਦੇ ਹਨ ਕਿ ਬਹੁਤ ਸਾਰੇ ਮਾਮਲਿਆਂ ਵਿੱਚ ਇਹ ਦੋਵੇਂ ਹੀ ਹੋ ਸਕਦਾ ਹੈ।

ਉਹ ਕਹਿੰਦੇ ਹਨ, "ਬਹੁਤ ਸਾਰੇ ਲੋਕਾਂ ਲਈ ਮੈਲਾਡੈਪਟਿਵ ਡੇਅ-ਡ੍ਰੀਮਿੰਗ ਦੀ ਸ਼ੁਰੂਆਤ ਇੱਕ ਅਜਿਹੇ ਤਰੀਕੇ ਵਜੋਂ ਹੁੰਦੀ ਹੈ, ਜਿਸ ਰਾਹੀਂ ਉਹ ਇਕੱਲੇਪਣ, ਤਣਾਅ, ਸਦਮੇ ਨਾਲ ਜੁੜੀ ਪਰੇਸ਼ਾਨੀ ਜਾਂ ਆਪਣੀਆਂ ਅਧੂਰੀਆਂ ਭਾਵਨਾਤਮਕ ਲੋੜਾਂ ਨਾਲ ਨਜਿੱਠਣ ਦੀ ਕੋਸ਼ਿਸ਼ ਕਰਦੇ ਹਨ।

ਪਰ ਕੁਝ ਲੋਕਾਂ ਵਿੱਚ ਇਹ ਹੌਲੀ-ਹੌਲੀ ਮਾਨਸਿਕ ਕਾਰਜਪ੍ਰਣਾਲੀ ਦੇ ਇੱਕ ਪੁਰਾਣੇ, ਮਜਬੂਰੀ ਵਾਲੇ ਅਤੇ ਡਿਸੋਸੀਏਟਿਵ ਪੈਟਰਨ ਵਿੱਚ ਬਦਲ ਜਾਂਦੀ ਹੈ।"

ਉਹ ਕਹਿੰਦੇ ਹਨ, "ਇਸ ਲਈ ਮੈਂ ਇਸ ਨੂੰ ਇੱਕ ਅਜਿਹੀ ਨੁਕਸਾਨਦੇਹ ਰਣਨੀਤੀ ਵਜੋਂ ਵੇਖਦਾ ਹਾਂ ਜੋ ਆਪਣੇ ਕਲੀਨਿਕਲ ਰੂਪ ਵਿੱਚ ਅੱਗੇ ਚੱਲ ਕੇ ਆਪਣੇ ਆਪ ਵਿੱਚ ਇੱਕ ਡਿਸੋਸੀਏਟਿਵ ਵਿਕਾਰ ਬਣ ਸਕਦੀ ਹੈ।"

ਮੈਲਾਡੈਪਟਿਵ ਡੇਅ-ਡ੍ਰੀਮਿੰਗ ਦਾ ਇਲਾਜ

ਕੁੜੀ

ਤਸਵੀਰ ਸਰੋਤ, Getty Images

ਤਸਵੀਰ ਕੈਪਸ਼ਨ, ਤੁਹਾਡੇ ਮਨ ਦੀਆਂ ਕਹਾਣੀਆਂ ਤੁਹਾਡੀ ਤਾਕਤ ਵੀ ਬਣ ਸਕਦੀਆਂ ਹਨ ਅਤੇ ਕਮਜ਼ੋਰੀ ਵੀ

ਇਹ ਧਿਆਨ ਵਿੱਚ ਰੱਖਣਾ ਜ਼ਰੂਰੀ ਹੈ ਕਿ ਭਾਵੇਂ ਸੋਮਰ ਅਤੇ ਉਨ੍ਹਾਂ ਦੇ ਸਹਿਯੋਗੀ ਮੈਲਾਡੈਪਟਿਵ ਡੇਅ-ਡ੍ਰੀਮਿੰਗ ਨੂੰ ਇੱਕ ਕਲੀਨਿਕਲ ਸਥਿਤੀ ਮੰਨਦੇ ਹਨ, ਪਰ ਅਜੇ ਤੱਕ ਇਸ ਨੂੰ ਡਾਇਗਨੋਸਟਿਕ ਐਂਡ ਸਟੈਟਿਸਟਿਕਲ ਮੈਨੂਅਲ ਆਫ਼ ਮੈਨਟਲ ਡਿਸਆਰਡਰਜ਼ (ਡੀਐੱਸਐੱਮ) ਜਾਂ ਇੰਟਰਨੈਸ਼ਨਲ ਕਲਾਸੀਫਿਕੇਸ਼ਨ ਆਫ਼ ਡਿਜ਼ੀਜ਼ਜ਼ (ਆਈਸੀਡੀ) ਵਿੱਚ ਅਧਿਕਾਰਤ ਤੌਰ 'ਤੇ ਸ਼ਾਮਲ ਨਹੀਂ ਕੀਤਾ ਗਿਆ ਹੈ।

ਮੈਲਾਡੈਪਟਿਵ ਡੇਅ-ਡ੍ਰੀਮਿੰਗ ਦੇ ਮਾਮਲਿਆਂ ਦੀ ਗਿਣਤੀ ਬਾਰੇ ਅਜੇ ਤੱਕ ਵੱਡੇ ਪੱਧਰ ਦੇ ਅਧਿਐਨ ਉਪਲਬਧ ਨਹੀਂ ਹਨ, ਹਾਲਾਂਕਿ ਛੋਟੇ ਪੱਧਰ ਦੀਆਂ ਕਈ ਖੋਜਾਂ ਕੀਤੀਆਂ ਗਈਆਂ ਹਨ।

ਸੋਮਰ ਕਹਿੰਦੇ ਹਨ ਕਿ ਇਸ ਕਾਰਨ ਅਜੇ ਤੱਕ ਇਸ ਦੇ ਇਲਾਜ ਲਈ ਸਬੂਤ-ਆਧਾਰਿਤ ਕੋਈ ਮਿਆਰੀ ਤਰੀਕਾ ਵੀ ਤੈਅ ਨਹੀਂ ਹੋ ਸਕਿਆ।

ਉਹ ਕਹਿੰਦੇ ਹਨ, "ਫਿਰ ਵੀ ਸ਼ੁਰੂਆਤੀ ਕਲੀਨਿਕਲ ਸਬੂਤ ਉਤਸ਼ਾਹਿਤ ਕਰਦੇ ਹਨ। ਕੇਸ ਰਿਪੋਰਟਾਂ ਅਤੇ ਸ਼ੁਰੂਆਤੀ ਇਲਾਜੀ ਅਧਿਐਨ ਦਰਸਾਉਂਦੇ ਹਨ ਕਿ ਖ਼ਾਸ ਤੌਰ 'ਤੇ ਤਿਆਰ ਕੀਤੀ ਗਈ ਮਨੋਚਿਕਿਤਸਾ ਮਦਦਗਾਰ ਹੋ ਸਕਦੀ ਹੈ, ਖ਼ਾਸ ਕਰਕੇ ਜਦੋਂ ਉਹ ਉਨ੍ਹਾਂ ਕਾਰਕਾਂ 'ਤੇ ਧਿਆਨ ਦੇਵੇ ਜੋ ਇਸ ਨੂੰ ਉਤਸ਼ਾਹਿਤ ਕਰਦੇ ਹਨ, ਕਲਪਨਾਵਾਂ ਵਿੱਚ ਮਜਬੂਰੀਵਸ਼ ਡੁੱਬੇ ਰਹਿਣ ਦੀ ਪ੍ਰਵਿਰਤੀ, ਧਿਆਨ 'ਤੇ ਕਾਬੂ, ਭਾਵਨਾਵਾਂ ਦਾ ਪ੍ਰਬੰਧਨ, ਹਕੀਕਤ ਤੋਂ ਬਚਣ ਦੀ ਆਦਤ ਅਤੇ ਸ਼ਰਮ ਦੀ ਭਾਵਨਾ।"

ਸੋਮਰ ਦੱਸਦੇ ਹਨ ਕਿ ਇਲਾਜ ਦਾ ਮਕਸਦ ਆਮ ਤੌਰ 'ਤੇ ਕਲਪਨਾ ਕਰਨ ਦੀ ਸਮਰੱਥਾ ਨੂੰ ਖ਼ਤਮ ਕਰਨਾ ਨਹੀਂ ਹੁੰਦਾ, ਸਗੋਂ ਵਿਅਕਤੀ ਨੂੰ ਆਪਣੀਆਂ ਕਲਪਨਾਵਾਂ ਉੱਤੇ ਮੁੜ ਚੋਣ ਕਰਨ ਦੀ ਆਜ਼ਾਦੀ, ਲਚਕਤਾ ਅਤੇ ਕੰਟ੍ਰੋਲ ਦੇਣਾ ਹੁੰਦਾ ਹੈ, ਤਾਂ ਜੋ ਕਲਪਨਾ ਉਸ ਦੀ ਜ਼ਿੰਦਗੀ ਦੀ ਸਹਾਇਕ ਬਣੇ, ਉਸ ਦੀ ਥਾਂ ਨਾ ਲੈ ਲਵੇ।

ਕੁੜੀ

ਤਸਵੀਰ ਸਰੋਤ, Getty Images

ਤਸਵੀਰ ਕੈਪਸ਼ਨ, ਮਾਹਰ ਕਹਿੰਦੇ ਹਨ ਕਿ ਕਲਪਨਾ ਨੂੰ ਖਤਮ ਨਹੀਂ, ਕੰਟਰੋਲ ਕਰਨਾ ਜ਼ਰੂਰੀ ਹੈ

ਮੈਲਾਡੈਪਟਿਵ ਡੇਅ-ਡ੍ਰੀਮਿੰਗ ਬਾਰੇ ਜਾਣਕਾਰੀ ਰੱਖਣ ਵਾਲਾ ਅਤੇ ਇਸ ਨਾਲ ਨਜਿੱਠਣ ਦਾ ਤਜਰਬਾ ਰੱਖਣ ਵਾਲਾ ਥੈਰੇਪਿਸਟ ਲੱਭਣਾ ਆਸਾਨ ਨਹੀਂ ਹੈ। ਪਰ ਜੇਕਰ ਤੁਹਾਡੇ ਦਿਨ ਦਿਹਾੜੇ ਦੇ ਸੁਫ਼ਨੇ ਤੁਹਾਡੀ ਜ਼ਿੰਦਗੀ 'ਤੇ ਹਾਵੀ ਹੋ ਰਹੇ ਹਨ, ਤਾਂ ਫਿਸ਼ੇਰਾ ਥੈਰੇਪੀ ਬਾਰੇ ਸੋਚਣ ਤੋਂ ਪਹਿਲਾਂ ਕੁਝ ਤਰੀਕੇ ਅਜਮਾਉਣ ਦੀ ਸਲਾਹ ਦਿੰਦੀ ਹੈ।

  • ਆਪਣੇ ਦਿਨ ਦਿਹਾੜੇ ਦੇ ਸੁਫ਼ਨਿਆਂ ਦਾ ਰਿਕਾਰਡ ਰੱਖੋ ਅਤੇ ਨੋਟ ਕਰੋ ਕਿ ਉਹ ਕਿੰਨੀ ਵਾਰ ਆਉਂਦੇ ਹਨ। ਜੇਕਰ ਤੁਸੀਂ ਹਰ ਰੋਜ਼ ਚਾਰ ਘੰਟੇ ਸੁਫ਼ਨੇ ਦੇਖਣ ਵਿੱਚ ਬਿਤਾਉਂਦੇ ਹੋ, ਤਾਂ ਸੋਚੋ ਕਿ ਇਹ ਸਮਾਂ ਹੋਰ ਕਿਸ ਤਰ੍ਹਾਂ ਵਰਤਿਆ ਜਾ ਸਕਦਾ ਹੈ। ਉਦਾਹਰਨ ਲਈ, ਕੀ ਤੁਸੀਂ ਕੋਈ ਨਵਾਂ ਸ਼ੌਕ ਸ਼ੁਰੂ ਕਰ ਸਕਦੇ ਹੋ?
  • ਮਾਈਂਡਫੁਲਨੈੱਸ ਦੀ ਮਦਦ ਨਾਲ ਆਪਣੇ ਦਿਮਾਗ਼ ਨੂੰ ਸਿਖਲਾਈ ਦਿਓ। ਛੋਟੀਆਂ ਅਤੇ ਤੁਰੰਤ ਮਨੋਰੰਜਨ ਦੇਣ ਵਾਲੀਆਂ ਚੀਜ਼ਾਂ ਦੀ ਥਾਂ ਕਿਤਾਬਾਂ ਪੜ੍ਹਨ ਜਾਂ ਲੰਬੇ ਸਮੇਂ ਤੱਕ ਧਿਆਨ ਮੰਗਣ ਵਾਲੀ ਸਮੱਗਰੀ ਪੜ੍ਹਨ ਦੀ ਆਦਤ ਪਾਓ ।
  • ਆਪਣੇ ਟ੍ਰਿਗਰਾਂ ਨੂੰ ਪਛਾਣੋ। ਮਿਸਾਲ ਵਜੋਂ, ਜੇਕਰ ਸੰਗੀਤ ਤੁਹਾਨੂੰ ਕਲਪਨਾਵਾਂ ਵਿੱਚ ਡੁੱਬਣ ਲਈ ਉਤਸ਼ਾਹਿਤ ਕਰਦਾ ਹੈ ਤਾਂ ਉਸ ਦੀ ਥਾਂ ਪੌਡਕਾਸਟ ਸੁਣਨ ਦੀ ਕੋਸ਼ਿਸ਼ ਕਰੋ ਜਾਂ ਇਕੱਲੇ ਬਿਤਾਏ ਸਮੇਂ ਨੂੰ ਘਟਾਓ। ਫਿਸ਼ੇਰਾ ਕਹਿੰਦੀ ਹੈ, "ਮੇਰੇ ਇੱਕ ਕਲਾਇੰਟ ਦਾ ਕਹਿਣਾ ਹੈ ਕਿ ਜਦੋਂ ਉਸ ਦੀ ਬਿੱਲੀ ਕਮਰੇ ਵਿੱਚ ਹੁੰਦੀ ਹੈ ਤਾਂ ਉਹ ਦਿਨ ਦਿਹਾੜੇ ਸੁਫ਼ਨੇ ਨਹੀਂ ਦੇਖ ਸਕਦੀ। ਇਸ ਲਈ ਹੁਣ ਉਸ ਦੀ ਬਿੱਲੀ ਹਮੇਸ਼ਾ ਉਸੇ ਕਮਰੇ ਵਿੱਚ ਰਹਿੰਦੀ ਹੈ।"

ਫਿਸ਼ੇਰਾ ਕਹਿੰਦੀ ਹੈ ਕਿ ਭਾਵੇਂ ਮੈਲਾਡੈਪਟਿਵ ਡੇਅ-ਡ੍ਰੀਮਿੰਗ ਤੋਂ ਬਾਹਰ ਨਿਕਲਣ ਦਾ ਸਫ਼ਰ ਮੁਸ਼ਕਲ ਅਤੇ ਲੰਮਾ ਹੋ ਸਕਦਾ ਹੈ, ਪਰ ਇਸ 'ਤੇ ਕਾਬੂ ਪਾਇਆ ਜਾ ਸਕਦਾ ਹੈ।

ਮਾਰੀਆ ਦੀ ਹੀ ਮਿਸਾਲ ਲਓ। ਉਸ ਨੇ ਖੋਜਿਆ ਕਿ ਉਸ ਨੂੰ ਲਿਖਣ ਦਾ ਸ਼ੌਕ ਹੈ ਅਤੇ ਹੁਣ ਉਹ ਮੈਲਾਡੈਪਟਿਵ ਡੇਅ-ਡ੍ਰੀਮਿੰਗ ਵਿੱਚ ਗੁੰਮ ਹੋਣ ਦੀ ਬਜਾਏ ਆਪਣੀਆਂ ਕਹਾਣੀਆਂ ਲਿਖ ਲੈਂਦੀ ਹੈ।

ਬੋਰਚਰਡਸ ਦਾ ਵੀ ਹੁਣ ਦਿਨ ਦਿਹਾੜੇ ਸੁਫ਼ਨੇ ਦੇਖਣ ਨਾਲ ਇੱਕ ਸਕਾਰਾਤਮਕ ਰਿਸ਼ਤਾ ਬਣ ਗਿਆ ਹੈ। ਉਹ ਮੈਲਾਡੈਪਟਿਵ ਡੇਅ-ਡ੍ਰੀਮਿੰਗ ਨਾਲ ਜੁੜੇ ਲੋਕਾਂ ਲਈ ਬਣੇ ਇੱਕ ਰੈਡਿਟ ਭਾਈਚਾਰੇ ਦੀ ਸੰਚਾਲਕ ਵੀ ਹੈ, ਜਿਸ 'ਤੇ ਹਰ ਹਫ਼ਤੇ ਕਰੀਬ 18,000 ਲੋਕ ਆਉਂਦੇ ਹਨ।

ਉੱਥੇ ਲਗਾਤਾਰ ਅਜਿਹੇ ਨਵੇਂ ਲੋਕ ਵੀ ਜੁੜ ਰਹੇ ਹਨ ਜਿਨ੍ਹਾਂ ਨੂੰ ਸ਼ੱਕ ਹੈ ਕਿ ਉਹ ਵੀ ਇਸ ਸਥਿਤੀ ਨਾਲ ਜੂਝ ਰਹੇ ਹਨ।

ਮੈਲਾਡੈਪਟਿਵ ਡੇਅ-ਡ੍ਰੀਮਿੰਗ ਨਾਲ ਸੰਘਰਸ਼ ਕਰ ਰਹੇ ਲੋਕਾਂ ਨੂੰ ਸੰਦੇਸ਼ ਦਿੰਦਿਆਂ ਬੋਰਚਰਡਸ ਕਹਿੰਦੀ ਹੈ, "ਇਹ ਜ਼ਰੂਰੀ ਨਹੀਂ ਕਿ ਹਮੇਸ਼ਾ ਲਈ ਰਹੇ।"

ਉਹ ਆਪਣੇ ਮਨ ਵਿੱਚ ਵੱਸਦੀਆਂ ਕਹਾਣੀਆਂ ਅਤੇ ਪਾਤਰਾਂ ਦਾ ਸਨਮਾਨ ਕਰਨਾ ਚਾਹੁੰਦੀ ਹੈ, ਕਿਉਂਕਿ ਉਸ ਦੇ ਸ਼ਬਦਾਂ ਵਿੱਚ, "ਜਦੋਂ ਮੈਨੂੰ ਆਪਣੇ ਆਪ 'ਤੇ ਭਰੋਸਾ ਨਹੀਂ ਸੀ, ਉਦੋਂ ਮੇਰੇ ਕਿਰਦਾਰਾਂ ਨੇ ਮੇਰੇ 'ਤੇ ਭਰੋਸਾ ਕੀਤਾ ਸੀ।"

ਉਹ ਕਹਿੰਦੀ ਹੈ, "ਤੁਹਾਡੇ ਮਨ ਵਿੱਚ ਕਹਾਣੀਆਂ ਹੋਣਾ ਸਮੱਸਿਆ ਨਹੀਂ ਹੈ। ਸਮੱਸਿਆ ਉਨ੍ਹਾਂ ਕਹਾਣੀਆਂ ਦੀ ਲਤ ਲੱਗ ਜਾਣਾ ਹੈ। ਅਤੇ ਇਹੀ ਉਹ ਫ਼ਰਕ ਹੈ ਜਿਸ ਨੂੰ ਸੋਸ਼ਲ ਮੀਡੀਆ 'ਤੇ ਬਹੁਤੇ ਲੋਕ ਸਮਝਣ ਤੋਂ ਖੁੰਝ ਜਾਂਦੇ ਹਨ।"

ਬੀਬੀਸੀ ਲਈ ਕਲੈਕਟਿਵ ਨਿਊਜ਼ਰੂਮ ਵੱਲੋਂ ਪ੍ਰਕਾਸ਼ਿਤ

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTER, WhatsApp ਅਤੇ YouTube 'ਤੇ ਜੁੜੋ।)