You’re viewing a text-only version of this website that uses less data. View the main version of the website including all images and videos.
'ਕਾਕਰੋਚ ਜਨਤਾ ਪਾਰਟੀ ਸਿਰਫ਼ ਮਜ਼ਾਕ ਨਹੀਂ, ਇਹ ਕਿਸੇ ਗੰਭੀਰ ਬਦਲਾਅ ਦੀ ਸ਼ੁਰੂਆਤ ਹੋ ਸਕਦੀ ਹੈ' - ਯੋਗੇਂਦਰ ਯਾਦਵ
- ਲੇਖਕ, ਦਿਲਨਵਾਜ਼ ਪਾਸ਼ਾ
- ਰੋਲ, ਬੀਬੀਸੀ ਪੱਤਰਕਾਰ
- ਪ੍ਰਕਾਸ਼ਿਤ
- ਪੜ੍ਹਨ ਦਾ ਸਮਾਂ: 6 ਮਿੰਟ
ਭਾਰਤੀ ਸਿਆਸਤ ਨੂੰ ਇੱਕ ਅਸਧਾਰਣ ਪ੍ਰਤੀਕ ਮਿਲ ਗਿਆ ਹੈ: ਤਿਲਚੱਟਾ ਜਾਂ ਕਾਕਰੋਚ। ਪਿਛਲੇ ਹਫ਼ਤੇ, ਭਾਰਤ ਦੇ ਚੀਫ਼ ਜਸਟਿਸ ਸੂਰਿਆਕਾਂਤ ਦੀਆਂ ਟਿੱਪਣੀਆਂ ਤੋਂ ਬਾਅਦ ਕਾਕਰੋਚ ਅਚਾਨਕ ਸੁਰਖੀਆਂ ਵਿੱਚ ਆ ਗਿਆ। ਇੱਕ ਸੁਣਵਾਈ ਦੌਰਾਨ, ਉਨ੍ਹਾਂ ਨੇ ਕਥਿਤ ਤੌਰ 'ਤੇ ਬੇਰੋਜ਼ਗਾਰ ਨੌਜਵਾਨਾਂ, ਜੋ ਪੱਤਰਕਾਰਤਾ ਅਤੇ ਐਕਟਿਵਿਜ਼ਮ ਵੱਲ ਵਧ ਰਹੇ ਹਨ, ਦੀ ਤੁਲਨਾ ਤਿਲਚੱਟਿਆਂ ਅਤੇ ਪਰਜੀਵੀਆਂ ਨਾਲ ਕੀਤੀ।
ਬਾਅਦ ਵਿੱਚ ਉਨ੍ਹਾਂ ਨੇ ਸਪਸ਼ਟ ਕੀਤਾ ਕਿ ਉਨ੍ਹਾਂ ਦਾ ਇਸ਼ਾਰਾ ਵਿਸ਼ੇਸ਼ ਰੂਪ ਨਾਲ 'ਫਰਜ਼ੀ ਅਤੇ ਬੇਹੂਦਾ ਡਿਗਰੀ' ਵਾਲੇ ਲੋਕਾਂ ਵੱਲ ਸੀ, ਨਾ ਕਿ ਵਿਆਪਕ ਤੌਰ 'ਤੇ ਭਾਰਤ ਦੇ ਨੌਜਵਾਨਾਂ ਵੱਲ।
ਪਰ ਉਸ ਵੇਲੇ ਤੱਕ ਇਹ ਟਿੱਪਣੀ ਸੋਸ਼ਲ ਮੀਡੀਆ 'ਤੇ ਵਿਆਪਕ ਤੌਰ 'ਤੇ ਫੈਲ ਚੁੱਕੀ ਸੀ, ਜਿਸ ਨਾਲ ਗੁੱਸਾ, ਚੁਟਕਲੇ ਅਤੇ ਇੱਕ ਮਜ਼ੇਦਾਰ ਸਿਆਸੀ ਵਿਚਾਰ, ਕਾਕਰੋਚ ਜਨਤਾ ਪਾਰਟੀ (ਸੀਜੇਪੀ) ਦਾ ਜਨਮ ਹੋ ਚੁੱਕਾ ਸੀ।
ਸੀਜੇਪੀ ਕੋਈ ਰਸਮੀ ਸਿਆਸੀ ਪਾਰਟੀ ਨਹੀਂ, ਸਗੋਂ ਸਿਆਸੀ ਵਿਅੰਗ 'ਤੇ ਆਧਾਰਿਤ ਇੱਕ ਆਨਲਾਈਨ ਅੰਦੋਲਨ ਹੈ।
ਇਸ ਦੀ ਮੈਂਬਰਸ਼ਿਪ ਦੀਆਂ ਸ਼ਰਤਾਂ ਵਿੱਚ ਬੇਰੋਜ਼ਗਾਰ ਹੋਣਾ, ਆਲਸੀ ਹੋਣਾ, ਹਮੇਸ਼ਾ ਆਨਲਾਈਨ ਰਹਿਣਾ ਅਤੇ 'ਪੇਸ਼ੇਵਰ ਤਰੀਕੇ ਨਾਲ ਭੜਾਸ ਕੱਢਣ ਦੀ ਸਮਰੱਥਾ' ਹੋਣਾ ਸ਼ਾਮਲ ਹੈ।
ਪੰਜ ਦਿਨਾਂ ਵਿੱਚ ਇੰਸਟਾਗ੍ਰਾਮ 'ਤੇ ਇਸ ਦੇ 1.7 ਕਰੋੜ ਤੋਂ ਵੱਧ ਫਾਲੋਅਰ ਹੋ ਚੁੱਕੇ ਹਨ। ਇਸਨੂੰ ਅਭਿਜੀਤ ਦੀਪਕੇ ਨੇ ਬਣਾਇਆ ਹੈ, ਜੋ ਇੱਕ ਸਿਆਸੀ ਸੰਚਾਰ ਰਣਨੀਤਿਕਾਰ ਅਤੇ ਬੋਸਟਨ ਯੂਨੀਵਰਸਿਟੀ ਦੇ ਵਿਦਿਆਰਥੀ ਹਨ।
ਅਭਿਜੀਤ ਦਾ ਕਹਿਣਾ ਹੈ ਕਿ ਇਹ ਵਿਚਾਰ ਇੱਕ ਮਜ਼ਾਕ ਦੇ ਤੌਰ 'ਤੇ ਆਇਆ ਸੀ। ਪਰ ਸਿਆਸੀ ਵਿਸ਼ਲੇਸ਼ਕ ਯੋਗੇਂਦਰ ਯਾਦਵ ਨੂੰ ਨਹੀਂ ਲੱਗਦਾ ਕਿ ਇਹ ਸਿਰਫ਼ ਇੱਕ ਮਜ਼ਾਕ ਹੈ।
'ਤਾਨਾਸ਼ਾਹ ਹਕੂਮਤਾਂ ਨੂੰ ਸਭ ਤੋਂ ਵੱਧ ਡਰ ਚੁਟਕਲਿਆਂ ਤੋਂ ਲੱਗਦਾ ਹੈ'
ਯੋਗੇਂਦਰ ਯਾਦਵ ਕਹਿੰਦੇ ਹਨ, "ਇਹ ਜੋ 'ਕਾਕਰੋਚ ਜਨਤਾ ਪਾਰਟੀ' ਸੋਸ਼ਲ ਮੀਡੀਆ 'ਤੇ ਇੱਕ ਮੀਮ ਵਾਂਗ ਸ਼ੁਰੂ ਹੋਈ, ਇਹ ਮਹਿਜ਼ ਹਾਸਾ-ਮਜ਼ਾਕ ਜਾਂ ਗੁੱਸਾ ਨਹੀਂ ਹੈ। ਦੇਸ਼ ਦੇ ਅੰਦਰ ਹੇਠਾਂ ਇੱਕ ਹਲਚਲ ਅਤੇ ਬੇਚੈਨੀ ਹੈ ਕਿਉਂਕਿ ਸਿਸਟਮ ਦੇ ਬਣੇ-ਬਣਾਏ ਰਸਤੇ ਅਤੇ ਦਰਵਾਜ਼ੇ ਬੰਦ ਹੋ ਗਏ ਹਨ। ਮਜ਼ਾਕ ਜਾਂ ਚੁਟਕਲਾ ਹਮੇਸ਼ਾ ਕਿਸੇ ਨਾ ਕਿਸੇ ਡੂੰਘੇ ਦਰਦ ਨਾਲ ਜੁੜਿਆ ਹੁੰਦਾ ਹੈ, ਇਸ ਲਈ ਅਸੀਂ ਇਸਦਾ ਵਿਸ਼ਲੇਸ਼ਣ ਮਜ਼ਾਕ ਵਿੱਚ ਨਹੀਂ ਕਰ ਸਕਦੇ। ਸਰਕਾਰ ਵੱਲੋਂ ਇਸਨੂੰ ਬੈਨ ਕਰਨਾ ਕਿਸੇ ਗੰਭੀਰ ਬਦਲਾਅ ਦੀ ਸ਼ੁਰੂਆਤ ਹੋ ਸਕਦਾ ਹੈ।"
ਉਹ ਕਹਿੰਦੇ ਹਨ ਕਿ ਜਦੋਂ ਵੀ ਕੋਈ ਸਰਕਾਰ ਸੰਸਥਾਵਾਂ 'ਤੇ ਕਬਜ਼ਾ ਕਰ ਲੈਂਦੀ ਹੈ ਅਤੇ ਆਪਣੀ ਪੂਰੀ ਸੱਤਾ ਸਥਾਪਿਤ ਕਰ ਲੈਂਦੀ ਹੈ, ਤਾਂ ਬਗਾਵਤ ਅਣਕਿਆਸੀਆਂ ਥਾਵਾਂ ਤੋਂ ਪੈਦਾ ਹੁੰਦੀ ਹੈ।
ਉਨ੍ਹਾਂ ਕਿਹਾ, "1971 ਵਿੱਚ ਇੰਦਰਾ ਗਾਂਧੀ ਦੀ ਭਾਰੀ ਜਿੱਤ ਤੋਂ ਬਾਅਦ 1974 ਵਿੱਚ ਜੇਪੀ ਅੰਦੋਲਨ ਸ਼ੁਰੂ ਹੋਇਆ, 1980 ਵਿੱਚ ਰਾਜੀਵ ਗਾਂਧੀ ਨੂੰ ਭਾਰੀ ਬਹੁਮਤ ਤੋਂ ਬਾਅਦ 1983 ਵਿੱਚ ਅਸਮ ਅੰਦੋਲਨ ਉੱਠਿਆ, 2009 ਦੀ ਜਿੱਤ ਤੋਂ ਬਾਅਦ 2011 ਵਿੱਚ ਅੰਨਾ ਅੰਦੋਲਨ ਅਤੇ 2019 ਤੋਂ ਦੋ ਸਾਲ ਬਾਅਦ ਕਿਸਾਨ ਅੰਦੋਲਨ ਸ਼ੁਰੂ ਹੋਇਆ। ਜਦੋਂ ਸਿਸਟਮ ਦੇ ਰਸਤੇ ਬੰਦ ਹੋ ਜਾਂਦੇ ਹਨ, ਤਾਂ ਜਨਤਾ ਕੋਈ ਨਾ ਕੋਈ ਨਵਾਂ ਰਸਤਾ ਲੱਭ ਹੀ ਲੈਂਦੀ ਹੈ।"
ਸੀਜੇਪੀ ਦੇ ਐਕਸ (ਪਹਿਲਾਂ ਟਵਿੱਟਰ) ਹੈਂਡਲ ਨੂੰ ਬੈਨ ਕੀਤੇ ਜਾਣ ਬਾਰੇ ਯੋਗੇਂਦਰ ਯਾਦਵ ਕਹਿੰਦੇ ਹਨ, "ਤਾਨਾਸ਼ਾਹ ਹਕੂਮਤਾਂ ਨੂੰ ਸਭ ਤੋਂ ਵੱਧ ਡਰ ਚੁਟਕਲਿਆਂ ਤੋਂ ਲੱਗਦਾ ਹੈ। ਜੋ ਸਰਕਾਰ ਚੁਟਕਲਾ ਸੁਣ ਨਹੀਂ ਸਕਦੀ, ਉਹ ਖੁਦ ਇੱਕ ਚੁਟਕਲਾ ਬਣ ਜਾਂਦੀ ਹੈ। ਜੇ ਬੈਨ ਨਾ ਲਗਾਇਆ ਜਾਂਦਾ, ਤਾਂ ਸ਼ਾਇਦ ਇਹ ਗੁੱਸਾ ਨਿਕਲ ਕੇ ਸ਼ਾਂਤ ਹੋ ਜਾਂਦਾ, ਪਰ ਹੁਣ ਇਹ ਗੱਲ ਦੂਰ ਤੱਕ ਜਾਵੇਗੀ।"
ਇਸਦੇ ਨਾਲ ਹੀ ਉਨ੍ਹਾਂ ਨੂੰ ਲੱਗਦਾ ਹੈ ਕਿ ਇਹ ਵਿਰੋਧੀ ਧਿਰ ਲਈ ਇੱਕ ਖਤਰੇ ਦੀ ਘੰਟੀ ਹੈ। ਨੌਜਵਾਨਾਂ ਦਾ ਇੰਨੀ ਵੱਡੀ ਗਿਣਤੀ ਵਿੱਚ ਇੱਕ ਮੀਮ ਅਕਾਊਂਟ ਨਾਲ ਜੁੜਨਾ ਇਹ ਦਿਖਾਉਂਦਾ ਹੈ ਕਿ ਵਿਰੋਧੀ ਧਿਰ ਉਨ੍ਹਾਂ ਨੂੰ ਕੋਈ ਆਕਰਸ਼ਕ ਬਦਲ ਦੇਣ ਵਿੱਚ ਨਾਕਾਮ ਰਹੀ ਹੈ।
ਉਹ ਇਹ ਵੀ ਕਹਿੰਦੇ ਹਨ ਕਿ ਵਿਰੋਧੀ ਧਿਰ ਦੇ ਆਗੂਆਂ ਨੂੰ ਇਹ ਸਮਝਣਾ ਪਵੇਗਾ ਕਿ ਨੌਜਵਾਨ ਖੁਦ ਉਨ੍ਹਾਂ ਕੋਲ ਨਹੀਂ ਆਉਣਗੇ, ਸਗੋਂ ਉਨ੍ਹਾਂ ਨੂੰ ਨੌਜਵਾਨਾਂ ਕੋਲ ਜਾਣਾ ਪਵੇਗਾ।
ਪਰ ਕਈ ਵਾਰ ਹੁੰਦਾ ਹੈ ਕਿ ਲੋਕਾਂ ਦਾ ਗੁੱਸਾ ਸੋਸ਼ਲ ਮੀਡੀਆ 'ਤੇ ਲਿਖ ਕੇ ਨਿਕਲ ਜਾਂਦਾ ਹੈ, ਜ਼ਮੀਨੀ ਪੱਧਰ 'ਤੇ ਕੋਈ ਬਦਲਾਅ ਨਹੀਂ ਹੁੰਦਾ। ਕੀ ਇਹ ਵੀ ਅਜਿਹਾ ਹੀ ਗੁੱਸਾ ਹੈ ਅਤੇ ਇੱਕ ਵਾਰ ਇਹ ਗੁਬਾਰ ਨਿਕਲ ਗਿਆ ਤਾਂ ਫਿਰ ਸਭ ਕੁਝ ਨਾਰਮਲ ਹੋ ਜਾਵੇਗਾ?
ਇਸ ਸਵਾਲ ਦੇ ਜਵਾਬ ਵਿੱਚ ਯੋਗੇਂਦਰ ਯਾਦਵ ਕਹਿੰਦੇ ਹਨ, "ਜੇ ਇਸ 'ਤੇ ਬੈਨ ਨਾ ਲਗਾਇਆ ਗਿਆ ਹੁੰਦਾ ਤਾਂ ਇਹ ਸਾਰੀ ਗੱਲ ਸੱਚ ਹੋ ਸਕਦੀ ਸੀ ਕਿ ਗੁੱਸਾ ਸੀ, ਗੁਬਾਰ ਸੀ, ਕੱਢ ਲਿਆ, ਨਿਕਲ ਗਿਆ। ਪਰ ਜਦੋਂ ਤੁਹਾਨੂੰ ਗੁਬਾਰ ਕੱਢਣ ਤੋਂ ਰੋਕਿਆ ਜਾਂਦਾ ਹੈ, ਜਦੋਂ ਕਿਹਾ ਜਾਂਦਾ ਹੈ ਕਿ ਤੁਸੀਂ ਟਵਿੱਟਰ 'ਤੇ ਇੱਕ ਚੁਟਕਲੇ ਦਾ ਹਿੱਸਾ ਨਹੀਂ ਬਣ ਸਕਦੇ... ਇਸਦਾ ਮਤਲਬ ਹੈ ਮਾਮਲਾ ਗੰਭੀਰ ਹੈ। ਹੁਣ ਤੱਕ ਚੁਟਕਲਾ ਸਾਡੇ ਵਿਚਕਾਰ ਸੀ। ਹੁਣ ਚੁਟਕਲੇ ਵਿੱਚ ਸਰਕਾਰ ਸ਼ਾਮਲ ਹੋ ਗਈ ਹੈ। ਹੁਣ ਚੁਟਕਲੇ ਦੀ ਉਂਗਲੀ ਸਰਕਾਰ ਉੱਪਰ ਆ ਗਈ ਹੈ। ਅਤੇ ਹੁਣ ਇਹ ਗੱਲ ਦੂਰ ਤੱਕ ਜਾਵੇਗੀ।"
ਇਹ ਬਦਲੇ ਹੋਏ ਜ਼ਮਾਨੇ ਦੀ ਭਾਸ਼ਾ ਹੈ
ਲੋਕ ਬਹੁਤ ਤੇਜ਼ੀ ਨਾਲ ਇਸ ਅਕਾਊਂਟ ਨਾਲ ਜੁੜ ਰਹੇ ਹਨ ਅਤੇ ਹੁਣ ਇੱਥੇ ਗੰਭੀਰ ਸਿਆਸੀ ਗੱਲਾਂ ਵੀ ਹੋ ਰਹੀਆਂ ਹਨ। ਅੱਗੇ ਇਹ ਕਿੱਥੇ ਜਾਂਦਾ ਦਿੱਸਦਾ ਹੈ, ਜਿਵੇਂ ਕਿ ਅਗਲੇ ਹਫ਼ਤੇ ਕੀ ਹੁੰਦਾ ਨਜ਼ਰ ਆਉਂਦਾ ਹੈ?
ਯੋਗੇਂਦਰ ਯਾਦਵ ਕਹਿੰਦੇ ਹਨ, "ਪਹਿਲੀ ਗੱਲ ਤਾਂ ਇਹ ਉੱਠੇਗੀ ਕਿ ਇਸ ਬੈਨ ਨੂੰ ਹਟਾਇਆ ਜਾਵੇ। ਅਤੇ ਮੈਂ ਸਮਝਦਾ ਹਾਂ ਕਿ ਇਹ ਸਿਰਫ਼ ਫਾਲੋ ਕਰਨ ਵਾਲੇ ਇੱਕ-ਸਵਾ ਕਰੋੜ ਨਹੀਂ, ਸਗੋਂ ਕਰੋੜਾਂ ਕੰਠਾਂ ਤੋਂ ਆਵਾਜ਼ ਆਵੇਗੀ ਕਿ ਬੰਦ ਕਿਉਂ ਕਰ ਰਹੇ ਹੋ? ਬਈ ਚੁਟਕਲਾ ਹੈ, ਮਜ਼ਾਕ ਹੈ। ਮੈਂ ਤਾਂ ਅਗਲੇ ਕੁਝ ਘੰਟਿਆਂ ਦੀ ਵੀ ਸੋਚਦਾ ਹਾਂ ਕਿ ਇਹ ਬੈਨ ਲਾਕੇ ਸਰਕਾਰ ਇਸਨੂੰ ਕਿਵੇਂ ਜਸਟਿਫਾਈ ਕਰੇਗੀ?''
''ਕੁਝ ਹੈ ਜੋ ਹੋਣ ਲਈ ਤਰਸ ਰਿਹਾ ਹੈ। ਕੁਝ ਹੈ ਜੋ ਜ਼ਮੀਨ ਦੇ ਹੇਠਾਂ ਹਿੱਲ ਰਿਹਾ ਹੈ। ਉਹ ਪ੍ਰਗਟਾਵੇ ਦਾ ਕਿਹੜਾ ਰੂਪ ਲਵੇਗਾ, ਅਜੇ ਵੀ ਅਸੀਂ ਨਹੀਂ ਜਾਣਦੇ। ਪਰ ਮੈਨੂੰ ਜ਼ਰੂਰ ਮਹਿਸੂਸ ਹੁੰਦਾ ਹੈ ਕਿ ਇਸਨੂੰ ਬੰਦ ਕਰਕੇ ਸਰਕਾਰ ਨੇ ਵੱਡਾ ਪੰਗਾ ਲਿਆ ਹੈ ਅਤੇ ਹੋ ਸਕਦਾ ਹੈ ਕਿ ਜੋ ਮਾਮਲਾ ਸਿਰਫ਼ ਗੁਬਾਰ ਅਤੇ ਚੁਟਕਲੇ ਵਿੱਚ ਖ਼ਤਮ ਹੋ ਜਾਂਦਾ, ਉਹ ਹੁਣ ਕਿਸੇ ਵੱਡੀ ਦਿਸ਼ਾ ਵਿੱਚ ਜਾ ਸਕਦਾ ਹੈ।"
ਇਸਨੂੰ ਲੈ ਕੇ ਬਹੁਤ ਸਾਰੇ ਮੀਮ ਬਣ ਰਹੇ ਹਨ। ਕੀ ਮੀਮ ਮੈਨੀਫੈਸਟੋ ਦੀ ਥਾਂ ਲੈ ਰਹੇ ਹਨ ਜਾਂ ਫਿਰ ਇਹ ਮੀਮ ਹੀ ਅੱਜ ਦੇ ਯੂਥ ਦਾ ਮੈਨੀਫੈਸਟੋ ਬਣ ਸਕਦੇ ਹਨ?
ਯੋਗੇਂਦਰ ਯਾਦਵ ਨੂੰ ਲੱਗਦਾ ਹੈ ਕਿ ਇਹ ਬਦਲੇ ਹੋਏ ਜ਼ਮਾਨੇ ਦੀ ਨਵੀਂ ਭਾਸ਼ਾ ਹੈ। ਉਹ ਕਹਿੰਦੇ ਹਨ, "ਮੇਰੇ ਸਮੇਂ ਵਿੱਚ ਲੋਕ ਮੈਨੀਫੈਸਟੋ ਪੜ੍ਹਦੇ ਹੁੰਦੇ ਸਨ। ਅੱਜ-ਕੱਲ੍ਹ ਲੋਕ ਯੂਟਿਊਬ ਦੇਖਦੇ ਹਨ। ਪਹਿਲਾਂ ਲੋਕ ਪੋਸਟਰ ਬਣਾਉਂਦੇ ਸਨ, ਹੁਣ ਮੀਮ ਬਣਾਉਂਦੇ ਹਨ। ਤਾਂ ਹਰ ਜੈਨੇਰੇਸ਼ਨ ਦਾ ਨਵਾਂ ਗ੍ਰੈਮਰ ਸਾਨੂੰ ਸਿੱਖਣਾ ਪਵੇਗਾ। ਇਸ ਵਿਅੰਗ ਦੇ ਪਿੱਛੇ ਇੱਕ ਬਹੁਤ ਡੂੰਘਾ ਸਿਆਸੀ ਸੰਦੇਸ਼ ਹੈ ਅਤੇ ਜੇ ਸੱਤਾਧਾਰੀ ਦਲ ਅਤੇ ਵਿਰੋਧੀ ਧਿਰ ਦੋਵੇਂ ਇਸ ਤੋਂ ਨਹੀਂ ਸਿੱਖਣਗੇ ਤਾਂ ਮੈਂ ਸਮਝਦਾ ਹਾਂ ਕਿ ਉਹ ਆਪਣੀ ਜ਼ਮੀਨ ਗੁਆ ਦੇਣਗੇ।"
"ਇੰਨੀ ਵੱਡੀ ਗਿਣਤੀ ਵਿੱਚ ਜੇ ਭਾਰਤ ਦੇ ਨੌਜਵਾਨ ਖੁਦ ਨੂੰ ਕਾਕਰੋਚ ਨਾਲ ਆਈਡੈਂਟੀਫਾਈ ਕਰ ਰਹੇ ਹਨ, ਤਾਂ ਕੀ ਇਹ ਸਿਰਫ਼ ਗੁੱਸੇ ਦਾ ਪ੍ਰਗਟਾਵਾ ਹੈ ਜਾਂ ਜੋ ਭਾਰਤ ਦੀ ਲੋਕਤੰਤਰੀ ਵਿਵਸਥਾ ਹੈ, ਉਸ ਵਿੱਚ ਇਹ ਬਹੁਤ ਡੂੰਘੀ ਨਿਰਾਸ਼ਾ ਨੂੰ ਦਿਖਾ ਰਿਹਾ ਹੈ? ਹਾਂ ਇਸ ਵਿੱਚ ਨਿਰਾਸ਼ਾ ਹੈ, ਫਰਸਟ੍ਰੇਸ਼ਨ ਹੈ ਪਰ ਇਸ ਗੁੱਸੇ ਨਾਲ ਜੁੜੀ ਹੋਈ ਇੱਕ ਆਸ ਹੈ, ਇੱਕ ਇੱਛਾ ਹੈ। ਕਿਤੇ ਇਹ ਹੈ ਕਿ ਚਲੋ ਚੰਗਾ ਕੋਈ ਤਾਂ ਕੁਝ ਕਰੋ, ਇਨ੍ਹਾਂ ਦੇ ਵੱਸ ਦਾ ਨਹੀਂ। ਇਨ੍ਹਾਂ ਦੇ ਵੱਸ ਦਾ ਨਹੀਂ। ਇਸਨੂੰ ਕੇਵਲ ਇਸਦੇ ਨੇਗੇਟਿਵ ਐਕਸਪ੍ਰੈਸ਼ਨ ਵਿੱਚ ਨਾ ਦੇਖੋ। ਉਸ ਕਾਕਰੋਚ ਦੇ ਪਿੱਛੇ ਲੁਕੀ ਹੋਈ ਇੱਛਾ ਨੂੰ, ਉਮੀਦ ਨੂੰ ਕਿ ਕੋਈ ਤਾਂ ਆਕੇ ਹੱਥ ਫੜ੍ਹੇ, ਉਸ ਉਮੀਦ ਨੂੰ ਦੇਖੋ।"
ਬੀਬੀਸੀ ਲਈ ਕਲੈਕਟਿਵ ਨਿਊਜ਼ਰੂਮ ਵੱਲੋਂ ਪ੍ਰਕਾਸ਼ਿਤ