ਈਰਾਨ-ਅਮਰੀਕਾ ਟਕਰਾਅ: ਇੱਕ ਜੰਗ ਅਤੇ ਜਿੱਤ ਦੇ ਦੋ ਦਾਅਵੇਦਾਰ, ਜਿੱਤਿਆ ਕੌਣ

    • ਲੇਖਕ, ਆਮਿਰ ਅਜ਼ੀਮੀ
    • ਰੋਲ, ਬੀਬੀਸੀ ਨਿਊਜ਼ ਪਰਸ਼ੀਅਨ
  • ਪ੍ਰਕਾਸ਼ਿਤ
  • ਪੜ੍ਹਨ ਦਾ ਸਮਾਂ: 7 ਮਿੰਟ

ਈਰਾਨ ਨਾਲ ਯੂਐਸ-ਇਜ਼ਰਾਈਲ ਜੰਗ ਦਾ ਇਹ ਮੌਜੂਦਾ ਦੌਰ ਸ਼ਾਇਦ ਖ਼ਤਮ ਹੋ ਗਿਆ ਹੈ - ਘੱਟੋ-ਘੱਟ ਵਾਸ਼ਿੰਗਟਨ ਤੋਂ ਤਾਂ ਇਹੋ ਜਿਹਾ ਸੰਦੇਸ਼ ਆ ਰਿਹਾ ਹੈ।

ਮੰਗਲਵਾਰ, 5 ਮਈ ਨੂੰ ਕਈ ਹਫ਼ਤਿਆਂ ਦੇ ਜੰਗ-ਵਿਰਾਮ ਤੋਂ ਬਾਅਦ, ਯੂਐਸ ਵਿਦੇਸ਼ ਮੰਤਰੀ ਮਾਰਕੋ ਰੂਬਿਓ ਨੇ ਕਿਹਾ ਕਿ 'ਆਪ੍ਰੇਸ਼ਨ ਐਪਿਕ ਫਿਊਰੀ' ਅਸਲ ਵਿੱਚ ਖ਼ਤਮ ਹੋ ਗਿਆ ਹੈ - ਹਾਲਾਂਕਿ, ਇਹ ਐਲਾਨ ਇੱਕ ਬਹੁਤ ਵੱਡੇ ਭਾਸ਼ਣ ਦੇ ਵਿਚਕਾਰ ਕਿਤੇ ਦਬ ਕੇ ਰਹਿ ਗਿਆ।

ਤਾਂ, ਸਿੱਧਾ ਸਵਾਲ ਇਹ ਹੈ - ਜਿੱਤਿਆ ਕੌਣ?

ਇਸ ਦਾ ਜਵਾਬ ਇਸ ਗੱਲ 'ਤੇ ਨਿਰਭਰ ਕਰਦਾ ਹੈ ਕਿ ਕਹਾਣੀ ਕੌਣ ਸੁਣਾ ਰਿਹਾ ਹੈ।

ਈਰਾਨ ਵਿੱਚ, ਸਰਕਾਰੀ ਮੀਡੀਆ ਇਸ ਜੰਗ ਨੂੰ ਇਸ ਗੱਲ ਦੇ ਸਬੂਤ ਵਜੋਂ ਪੇਸ਼ ਕਰਦਾ ਹੈ ਕਿ ਦੇਸ਼ ਦੁਨੀਆ ਦੇ ਸਭ ਤੋਂ ਤਾਕਤਵਰ ਫੌਜੀ ਗਠਜੋੜ ਦੇ ਸਾਹਮਣੇ ਉਨ੍ਹਾਂ ਦਾ ਦੇਸ਼ ਕਿਵੇਂ ਡਟ ਕੇ ਖੜ੍ਹਾ ਰਿਹਾ ਅਤੇ ਉਨ੍ਹਾਂ ਨੂੰ ਹਰਾ ਦਿੱਤਾ।

ਵਾਸ਼ਿੰਗਟਨ ਵਿੱਚ, ਰਾਸ਼ਟਰਪਤੀ ਡੌਨਲਡ ਟਰੰਪ ਅਤੇ ਉਨ੍ਹਾਂ ਦਾ ਪ੍ਰਸ਼ਾਸਨ ਵੀ ਜਿੱਤ ਦਾ ਦਾਅਵਾ ਕਰਦਾ ਹੈ ਅਤੇ ਵਾਰ-ਵਾਰ ਕਹਿ ਚੁੱਕਿਆ ਹੈ ਕਿ ਉਨ੍ਹਾਂ ਨੇ ਆਪਣੇ ਟੀਚੇ ਹਾਸਲ ਕਰ ਲਏ ਹਨ।

ਪਰ ਜਨਤਕ ਬਿਆਨਾਂ ਦੇ ਪਿੱਛੇ, ਹੁਣ ਗੱਲਬਾਤ ਲੜਾਈ ਨਾਲੋਂ ਕਿਤੇ ਵੱਧ ਮਹੱਤਵਪੂਰਨ ਬਣਦੀ ਜਾ ਰਹੀ ਹੈ, ਜਿਸ ਨਾਲ ਇਹ ਤੈਅ ਹੋਵੇਗਾ ਕਿ ਅਸਲ ਜਿੱਤ ਕਿਸ ਦੀ ਹੋਈ ਹੈ।

ਐਕਜ਼ਿਓਸ, ਰਾਈਟਰਜ਼ (Axios, Reuters) ਅਤੇ ਹੋਰ ਅਮਰੀਕੀ ਮੀਡੀਆ ਆਉਟਲੈੱਟਾਂ ਦੀਆਂ ਰਿਪੋਰਟਾਂ ਮੁਤਾਬਕ, ਵ੍ਹਾਈਟ ਹਾਊਸ ਦਾ ਮੰਨਣਾ ਹੈ ਕਿ ਉਹ ਈਰਾਨ ਨਾਲ 14-ਸੂਤਰੀ ਸਮਝੌਤਾ ਮੈਮੋਰੈਂਡਮ (ਐਮਓਯੂ) 'ਤੇ ਸਹਿਮਤ ਹੋਣ ਦੇ ਕਰੀਬ ਹੈ। ਇਹ ਦਸਤਾਵੇਜ਼ ਈਰਾਨ ਦੇ ਪਰਮਾਣੂ ਪ੍ਰੋਗਰਾਮ, ਸਟ੍ਰੇਟ ਆਫ਼ ਹੋਰਮੁਜ਼ ਅਤੇ ਵਿਆਪਕ ਖੇਤਰੀ ਤਣਾਅ ਸਥਿਤੀਆਂ 'ਤੇ ਵਿਸਥਾਰਪੂਰਵਕ ਗੱਲਬਾਤ ਲਈ ਇੱਕ ਢਾਂਚਾ ਤਿਆਰ ਕਰੇਗਾ।

ਈਰਾਨ ਦੇ ਵਿਦੇਸ਼ ਮੰਤਰਾਲੇ ਦੇ ਇੱਕ ਬੁਲਾਰੇ ਨੇ ਕਿਹਾ ਹੈ ਕਿ ਦੇਸ਼ ਇਸ ਪ੍ਰਸਤਾਵ ਦੀ ਸਮੀਖਿਆ ਕਰ ਰਿਹਾ ਹੈ ਅਤੇ ਪਾਕਿਸਤਾਨੀ ਵਿਚੋਲਿਆਂ ਰਾਹੀਂ ਆਪਣਾ ਜਵਾਬ ਦੇਵੇਗਾ। ਪਰ ਈਰਾਨ ਦੇ ਕੁਝ ਸੀਨੀਅਰ ਸਿਆਸੀ ਆਗੂਆਂ ਨੇ ਪਹਿਲਾਂ ਹੀ ਜਨਤਕ ਤੌਰ 'ਤੇ ਇਸਨੂੰ ਖਾਰਿਜ ਕਰ ਦਿੱਤਾ ਹੈ।

ਈਰਾਨੀ ਸੰਸਦ ਦੇ ਰਾਸ਼ਟਰੀ ਸੁਰੱਖਿਆ ਅਤੇ ਵਿਦੇਸ਼ ਨੀਤੀ ਕਮਿਸ਼ਨ ਦੇ ਇੱਕ ਬੁਲਾਰੇ ਨੇ ਇਸ ਪ੍ਰਸਤਾਵ ਨੂੰ "ਅਮਰੀਕੀ ਇੱਛਾ-ਸੂਚੀ" ਦੱਸ ਕੇ ਰੱਦ ਕਰਦਿਆਂ ਐਕਸ 'ਤੇ ਲਿਖਿਆ, "ਜਿਸ ਜੰਗ ਵਿੱਚ ਅਮਰੀਕੀ ਹਾਰ ਰਹੇ ਹਨ, ਉਸ ਵਿੱਚ ਉਨ੍ਹਾਂ ਨੂੰ ਕੁਝ ਵੀ ਹਾਸਲ ਨਹੀਂ ਹੋਵੇਗਾ।"

ਹੁਣ ਤੱਕ ਪ੍ਰਕਾਸ਼ਿਤ ਵੇਰਵਿਆਂ ਮੁਤਾਬਕ, ਈਰਾਨ ਨੂੰ 20 ਸਾਲਾਂ ਲਈ ਆਪਣੀਆਂ ਪਰਮਾਣੂ ਗਤੀਵਿਧੀਆਂ ਦੇ ਵੱਡੇ ਹਿੱਸੇ ਨੂੰ ਮੁਅੱਤਲ ਕਰਨਾ ਪਵੇਗਾ, ਬਹੁਤ ਜ਼ਿਆਦਾ ਸੋਧੇ ਹੋਏ ਯੂਰੇਨੀਅਮ ਦਾ ਆਪਣਾ ਭੰਡਾਰ ਸੌਂਪਣਾ ਪਵੇਗਾ ਅਤੇ ਵੱਡੇ ਪੱਧਰ 'ਤੇ ਅੰਤਰਰਾਸ਼ਟਰੀ ਨਿਰੀਖਣ ਦੀ ਇਜਾਜ਼ਤ ਦੇਣੀ ਪਵੇਗੀ।

ਰਿਪੋਰਟਾਂ ਇਹ ਵੀ ਦਰਸਾਉਂਦੀਆਂ ਹਨ ਕਿ ਇਸ ਸਮਝੌਤੇ ਤਹਿਤ ਈਰਾਨ ਨੂੰ ਗਾਰੰਟੀ ਦੇਣ ਪਵੇਗੀ ਕਿ ਉਹ ਸਟ੍ਰੇਟ ਆਫ਼ ਹੋਰਮੁਜ਼ ਨੂੰ ਮੁੜ ਪੂਰੀ ਤਰ੍ਹਾਂ ਖੋਲ੍ਹ ਦੇਵੇਗਾ।

ਇਸ ਦੇ ਬਦਲੇ ਵਿੱਚ, ਯੂਐਸ ਹੌਲੀ-ਹੌਲੀ ਪਾਬੰਦੀਆਂ ਹਟਾਏਗਾ, ਈਰਾਨ ਦੀਆਂ ਫ੍ਰੀਜ਼ ਕੀਤੀਆਂ ਜਾਇਦਾਦਾਂ ਅਨਫ੍ਰੀਜ਼ ਕਰੇਗਾ, ਅਤੇ ਸੰਭਵ ਤੌਰ 'ਤੇ ਸਮਝੌਤੇ ਦੀ ਮਿਆਦ ਖ਼ਤਮ ਹੋਣ ਤੋਂ ਬਾਅਦ ਈਰਾਨ ਨੂੰ ਸੀਮਿਤ ਯੂਰੇਨੀਅਮ ਸੋਧ ਪ੍ਰਕਿਰਿਆ ਮੁੜ ਸ਼ੁਰੂ ਕਰਨ ਦੀ ਇਜਾਜ਼ਤ ਦੇਵੇਗਾ।

ਪਰ ਈਰਾਨ ਦੇ ਅੰਦਰ ਬਹੁਤ ਸਾਰੇ ਲੋਕਾਂ ਲਈ ਇਹ ਸ਼ਰਤਾਂ ਕੋਈ ਸਮਝੌਤਾ ਘੱਟ ਅਤੇ ਆਤਮਸਮਰਪਣ ਵੱਧ ਲੱਗਦੀਆਂ ਹਨ।

ਉਨ੍ਹਾਂ ਦੀ ਦਲੀਲ ਸਿੱਧੀ ਹੈ ਅਤੇ ਉਨ੍ਹਾਂ ਦਾ ਮੰਨਣਾ ਹੈ ਕਿ ਅਮਰੀਕਾ ਨੇ 'ਆਪ੍ਰੇਸ਼ਨ ਐਪਿਕ ਫਿਊਰੀ' ਇਸ ਲਈ ਰੋਕਿਆ ਕਿਉਂਕਿ ਇਸ ਤੋਂ ਕੋਈ ਨਿਰਣਾਇਕ ਨਤੀਜਾ ਨਹੀਂ ਨਿਕਲ ਰਿਹਾ ਸੀ, ਅਤੇ ਅਮਰੀਕਾ ਨੇ ਸਟ੍ਰੇਟ ਆਫ਼ ਹੋਰਮੁਜ਼ ਨੂੰ ਮੁੜ ਖੋਲ੍ਹਣ ਲਈ ਜੋ 'ਆਪ੍ਰੇਸ਼ਨ ਫ੍ਰੀਡਮ' ਸ਼ੁਰੂ ਕੀਤਾ ਸੀ, ਪਰ ਫਿਰ ਅਚਾਨਕ ਬੰਦ ਕਰ ਦਿੱਤਾ, ਖਦਸ਼ਾ ਸੀ ਕਿ ਉਸ ਦੇ ਨਾਲ ਅਰਬ ਖਾੜੀ ਦੇਸ਼ ਵੀ ਇਸ ਵਿਵਾਦ ਵਿੱਚ ਖਿੱਚੇ ਜਾਣਗੇ।

ਹਾਲਾਂਕਿ ਈਰਾਨ ਨੇ ਇਸ ਖੇਤਰ ਵਿੱਚ ਅਮਰੀਕੀ ਠਿਕਾਣਿਆਂ ਅਤੇ ਊਰਜਾ ਢਾਂਚਿਆਂ ਨੂੰ ਨਿਸ਼ਾਨਾ ਬਣਾਇਆ, ਫਿਰ ਵੀ ਇਨ੍ਹਾਂ ਵਿੱਚੋਂ ਕੋਈ ਵੀ ਦੇਸ਼ ਅਧਿਕਾਰਤ ਤੌਰ 'ਤੇ ਸਿੱਧੇ ਤੌਰ 'ਤੇ ਜੰਗ ਵਿੱਚ ਸ਼ਾਮਲ ਨਹੀਂ ਹੋਇਆ।

ਇਸ ਤੋਂ ਵੀ ਵੱਧ ਮਹੱਤਵਪੂਰਨ ਗੱਲ ਇਹ ਹੈ ਕਿ ਇਸਲਾਮਿਕ ਗਣਰਾਜ (ਈਰਾਨ) ਬਚਿਆ ਰਿਹਾ, ਭਾਵੇਂ ਜੰਗ ਦੌਰਾਨ ਉਸਦੇ ਆਗੂ (ਪ੍ਰਮੁੱਖ), ਕਈ ਉੱਚ-ਪੱਧਰੀ ਫੌਜੀ ਕਮਾਂਡਰ ਅਤੇ ਸੀਨੀਅਰ ਸੁਰੱਖਿਆ ਅਧਿਕਾਰੀ ਮਾਰੇ ਗਏ ਸਨ। ਈਰਾਨ ਦੀ ਸਿਆਸੀ ਅਤੇ ਫੌਜੀ ਵਿਵਸਥਾ ਕੰਮ ਕਰਦੀ ਰਹੀ ਅਤੇ ਤੁਰੰਤ ਨਵੀਆਂ ਨਿਯੁਕਤੀਆਂ ਵੀ ਕੀਤੀਆਂ ਗਈਆਂ।

ਜੰਗ ਤੋਂ ਪਹਿਲਾਂ, ਕੁਝ ਪੱਛਮੀ ਅਧਿਕਾਰੀਆਂ ਅਤੇ ਵਿਸ਼ਲੇਸ਼ਕਾਂ ਦਾ ਮੰਨਣਾ ਸੀ ਕਿ ਇੱਕ ਤੇਜ਼ ਫੌਜੀ ਮੁਹਿੰਮ, ਜਿਸਦੇ ਨਾਲ-ਨਾਲ ਸੀਨੀਅਰ ਈਰਾਨੀ ਆਗੂਆਂ ਅਤੇ ਕਮਾਂਡਰਾਂ ਦੀ ਹੱਤਿਆ ਵੀ ਹੋਵੇ, ਸਰਕਾਰ ਵਿਰੋਧੀ ਪ੍ਰਦਰਸ਼ਨਾਂ ਦੀ ਇੱਕ ਨਵੀਂ ਲਹਿਰ ਸ਼ੁਰੂ ਕਰ ਸਕਦੀ ਹੈ ਅਤੇ ਸੰਭਵ ਤੌਰ 'ਤੇ ਸ਼ਾਸਨ ਦੇ ਪਤਨ ਦਾ ਕਾਰਨ ਵੀ ਬਣ ਸਕਦੀ ਹੈ।

ਪਰ ਅਜਿਹਾ ਨਹੀਂ ਹੋਇਆ।

ਜੰਗ ਤੋਂ ਕੁਝ ਮਹੀਨੇ ਪਹਿਲਾਂ ਈਰਾਨ ਨੂੰ ਹਿਲਾ ਦੇਣ ਵਾਲੇ ਪ੍ਰਦਰਸ਼ਨ ਸੜਕਾਂ ਤੋਂ ਲਗਭਗ ਗਾਇਬ ਹੋ ਗਏ। ਸੁਰੱਖਿਆ ਬਲਾਂ ਨੇ ਆਪਣਾ ਨਿਯੰਤਰਣ ਹੋਰ ਸਖ਼ਤ ਕਰ ਲਿਆ, ਗ੍ਰਿਫ਼ਤਾਰੀਆਂ ਵਧ ਗਈਆਂ ਅਤੇ ਕੁਝ ਲੋਕਾਂ ਨੂੰ ਫਾਂਸੀ ਵੀ ਦਿੱਤੀ ਗਈ।

ਇਸਦੇ ਨਾਲ ਹੀ, ਸਰਕਾਰੀ ਮੀਡੀਆ ਨੇ ਕਈ ਸ਼ਹਿਰਾਂ ਵਿੱਚ ਸਰਕਾਰ ਸਮਰਥਕ ਰੈਲੀਆਂ ਵਾਰ-ਵਾਰ ਦਿਖਾਈਆਂ।

ਈਰਾਨੀ ਸੰਸਦ ਦੇ ਸਪੀਕਰ ਅਤੇ ਮੁੱਖ ਵਾਰਤਾਕਾਰ ਮੁਹੰਮਦ ਬਾਘੇਰ ਘਾਲੀਬਾਫ਼ ਨੇ ਹਾਲ ਹੀ ਵਿੱਚ ਲਿਖਿਆ, "ਅਸੀਂ ਚੰਗੀ ਤਰ੍ਹਾਂ ਜਾਣਦੇ ਹਾਂ ਕਿ ਮੌਜੂਦਾ ਸਥਿਤੀ ਦਾ ਜਾਰੀ ਰਹਿਣਾ ਸੰਯੁਕਤ ਰਾਜ ਅਮਰੀਕਾ ਲਈ ਅਸਹਿ ਹੈ, ਜਦਕਿ ਅਸੀਂ ਤਾਂ ਅਜੇ ਸ਼ੁਰੂਆਤ ਵੀ ਨਹੀਂ ਕੀਤੀ।"

ਈਰਾਨ ਦੀ ਲੀਡਰਸ਼ਿਪ ਲਈ, ਸਿਰਫ਼ ਬਚੇ ਰਹਿਣਾ ਸ਼ਾਇਦ ਪਹਿਲਾਂ ਹੀ ਜਿੱਤ ਮੰਨੀ ਜਾ ਸਕਦੀ ਹੈ, ਖ਼ਾਸ ਕਰਕੇ ਇਸ ਲਈ ਵੀ ਕਿਉਂਕਿ ਤਹਿਰਾਨ ਖੇਤਰ ਵਿੱਚ ਅਮਰੀਕੀ ਠਿਕਾਣਿਆਂ ਅਤੇ ਨਾਗਰਿਕ ਬੁਨਿਆਦੀ ਢਾਂਚੇ ਨੂੰ ਹੋਏ ਨੁਕਸਾਨ ਵੱਲ ਵੀ ਇਸ਼ਾਰਾ ਕਰਦਾ ਹੈ ਅਤੇ ਇਜ਼ਰਾਈਲ ਵਿੱਚ ਸੀ।

ਇਹੀ ਕਾਰਨ ਹੈ ਕਿ ਤਹਿਰਾਨ ਲੜਾਈ ਦੇ ਇੱਕ ਹੋਰ ਦੌਰ ਤੋਂ ਬਚਣ ਲਈ ਬੇਤਾਬ ਨਜ਼ਰ ਨਹੀਂ ਆਉਂਦਾ। ਈਰਾਨੀ ਅਧਿਕਾਰੀਆਂ ਦਾ ਮੰਨਣਾ ਹੈ ਕਿ ਉਨ੍ਹਾਂ ਦੇ ਦੇਸ਼ ਵਿੱਚ ਆਰਥਿਕ ਮੁਸ਼ਕਲਾਂ, ਫੌਜੀ ਦਬਾਅ ਅਤੇ ਲੰਬੇ ਸੰਘਰਸ਼ਾਂ ਨੂੰ ਸਹਿਣ ਦੀ ਸਮਰੱਥਾ ਆਪਣੇ ਵਿਰੋਧੀਆਂ ਨਾਲੋਂ ਕਿਤੇ ਵੱਧ ਹੈ।

ਉਨ੍ਹਾਂ ਦਾ ਇਹ ਵੀ ਮੰਨਣਾ ਹੈ ਕਿ ਸਟ੍ਰੇਟ ਆਫ਼ ਹੋਰਮੁਜ਼ ਨੂੰ ਬੰਦ ਕਰਨ ਨਾਲ ਇਹ ਸਾਹਮਣੇ ਆਇਆ ਕਿ ਗਲੋਬਲ ਅਰਥਵਿਵਸਥਾ 'ਤੇ ਅਜੇ ਵੀ ਈਰਾਨ ਦਾ ਕਿੰਨਾ ਪ੍ਰਭਾਵ ਹੈ। ਇਹ ਜਲਮਾਰਗ ਮਹਿਜ਼ ਇੱਕ ਊਰਜਾ-ਸੰਬੰਧੀ ਰੁਕਾਵਟ ਨਾਲੋਂ ਕਿਤੇ ਵੱਧ ਸਾਬਤ ਹੋਇਆ। ਇਸ ਰੁਕਾਵਟ ਦਾ ਅਸਰ ਸ਼ਿਪਿੰਗ, ਖਾਦ ਸਪਲਾਈ, ਬੀਮਾ ਲਾਗਤਾਂ ਅਤੇ ਵਿਆਪਕ ਅੰਤਰਰਾਸ਼ਟਰੀ ਵਪਾਰ 'ਤੇ ਪਿਆ ਹੈ।

ਈਰਾਨ ਹੁਣ ਸਟ੍ਰੇਟ ਆਫ਼ ਹੋਰਮੁਜ਼ ਦੇ ਮੁੜ ਖੁੱਲ੍ਹਣ ਨੂੰ ਇੱਕ ਰਿਆਇਤ ਵਜੋਂ ਨਹੀਂ ਸਗੋਂ ਗੱਲਬਾਤ ਦੇ ਸਾਧਨ ਵਜੋਂ ਦੇਖਦਾ ਹੈ।

ਇਸਦੇ ਖੇਤਰ ਲਈ ਵਿਆਪਕ ਨਤੀਜੇ ਹੋ ਸਕਦੇ ਹਨ। ਈਰਾਨ ਇਸ ਸੰਘਰਸ਼ ਤੋਂ ਹੋਰ ਵੀ ਵੱਧ ਮਜ਼ਬੂਤ ਹੋ ਕੇ ਉੱਭਰ ਸਕਦਾ ਹੈ, ਖ਼ਾਸ ਕਰਕੇ ਉਨ੍ਹਾਂ ਗੁਆਂਢੀ ਦੇਸ਼ਾਂ ਪ੍ਰਤੀ ਜਿਨ੍ਹਾਂ ਨੇ ਜੰਗ ਦੌਰਾਨ ਅਮਰੀਕੀ ਠਿਕਾਣਿਆਂ ਨੂੰ ਆਪਣੇ ਖੇਤਰ ਵਿੱਚ ਜਗ੍ਹਾ ਦਿੱਤੀ ਸੀ ਜਾਂ ਅਮਰੀਕੀ ਅਤੇ ਇਜ਼ਰਾਈਲੀ ਮੁਹਿੰਮਾਂ ਨੂੰ ਅਸਿੱਧੇ ਤੌਰ 'ਤੇ ਸਮਰਥਨ ਦਿੱਤਾ ਸੀ।

ਇਸਦਾ ਇਹ ਮਤਲਬ ਨਹੀਂ ਹੈ ਕਿ ਈਰਾਨ ਨੂੰ ਉਹ ਸਭ ਕੁਝ ਮਿਲ ਗਿਆ ਜੋ ਉਹ ਚਾਹੁੰਦਾ ਸੀ। ਦੇਸ਼ ਨੂੰ ਭਾਰੀ ਨੁਕਸਾਨ ਹੋਇਆ ਹੈ, ਉਸਨੇ ਆਪਣੇ ਸੀਨੀਅਰ ਫੌਜੀ ਅਧਿਕਾਰੀਆਂ ਅਤੇ ਅਹਿਮ ਢਾਂਚੇ ਗੁਆ ਦਿੱਤੇ ਹਨ ਅਤੇ ਉਹ ਅਜੇ ਵੀ ਭਾਰੀ ਆਰਥਿਕ ਦਬਾਅ ਹੇਠ ਹੈ, ਜਿਸ ਕਾਰਨ ਵਿਰੋਧ ਪ੍ਰਦਰਸ਼ਨ ਮੁੜ ਭੜਕ ਸਕਦੇ ਹਨ।

ਅਮਰੀਕਾ ਅਤੇ ਇਜ਼ਰਾਈਲ ਨੇ ਇਹ ਵੀ ਦਿਖਾ ਦਿੱਤਾ ਕਿ ਉਹ ਆਪਣੇ ਆਧੁਨਿਕ ਹਥਿਆਰਾਂ ਅਤੇ ਇੰਟੈਲੀਜੈਂਸ ਸਮਰੱਥਾਵਾਂ ਦੀ ਮਦਦ ਨਾਲ ਈਰਾਨ ਦੇ ਅੰਦਰ ਤੱਕ ਹਮਲਾ ਕਰ ਸਕਦੇ ਹਨ।

ਪਰ ਜੰਗਾਂ ਦਾ ਫ਼ੈਸਲਾ ਹਮੇਸ਼ਾ ਸਿਰਫ਼ ਜੰਗ ਦੇ ਮੈਦਾਨ ਵਿੱਚ ਹੀ ਨਹੀਂ ਹੁੰਦਾ।

ਇਸ ਸੰਘਰਸ਼ ਦਾ ਅੰਤਿਮ ਫ਼ੈਸਲਾ ਸ਼ਾਇਦ ਜੰਗ ਨਾਲ ਨਹੀਂ, ਸਗੋਂ ਇਸਨੂੰ ਖ਼ਤਮ ਕਰਨ ਲਈ ਹੋਣ ਵਾਲੀਆਂ ਗੱਲਬਾਤਾਂ ਦੇ ਨਤੀਜਿਆਂ ਨਾਲ ਹੋਵੇਗਾ।

ਜੇ ਵਾਸ਼ਿੰਗਟਨ ਈਰਾਨ ਨੂੰ ਪਰਮਾਣੂ ਮਾਮਲਿਆਂ ਵਿੱਚ ਵੱਡੀਆਂ ਰਿਆਇਤਾਂ ਦੇਣ ਲਈ ਮਜਬੂਰ ਕਰ ਦਿੰਦਾ ਹੈ, ਤਾਂ ਅਮਰੀਕਾ ਆਪਣੀ ਜਿੱਤ ਦਾ ਦਾਅਵਾ ਕਰੇਗਾ। ਦੂਜੇ ਪਾਸੇ, ਜੇ ਤਹਿਰਾਨ ਆਪਣਾ ਖੇਤਰੀ ਦਬਦਬਾ ਕਾਇਮ ਰੱਖਦਾ ਹੈ ਅਤੇ ਆਪਣੇ ਪਰਮਾਣੂ ਪ੍ਰੋਗਰਾਮ ਨੂੰ ਹਮੇਸ਼ਾ ਲਈ ਰੋਕਣ ਤੋਂ ਬਚ ਜਾਂਦਾ ਹੈ, ਤਾਂ ਈਰਾਨ ਆਪਣੀ ਜਿੱਤ ਦਾ ਦਾਅਵਾ ਕਰੇਗਾ।

ਫ਼ਿਲਹਾਲ, ਦੋਵੇਂ ਪੱਖ ਆਪਣੇ ਲੋਕਾਂ ਨੂੰ ਇਹੀ ਕਹਿ ਰਹੇ ਹਨ ਕਿ ਉਨ੍ਹਾਂ ਦੀ ਜਿੱਤ ਹੋਈ ਹੈ। ਅਸਲ ਜਵਾਬ ਸ਼ਾਇਦ ਗੱਲਬਾਤ ਖ਼ਤਮ ਹੋਣ ਤੋਂ ਬਾਅਦ ਹੀ ਸਾਫ਼ ਹੋ ਸਕੇਗਾ, ਬਸ਼ਰਤੇ ਦੋਵੇਂ ਪੱਖ ਗੱਲਬਾਤ ਦੀ ਮੇਜ਼ 'ਤੇ ਆਉਣ ਅਤੇ ਆਖ਼ਰ ਤੱਕ ਉੱਥੇ ਡਟੇ ਰਹਿਣ।

ਬੀਬੀਸੀ ਲਈ ਕਲੈਕਟਿਵ ਨਿਊਜ਼ਰੂਮ ਵੱਲੋਂ ਪ੍ਰਕਾਸ਼ਿਤ

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTER, WhatsApp ਅਤੇ YouTube 'ਤੇ ਜੁੜੋ।)