ਕਲਾਸਰੂਮ ਵਿੱਚ ਦਾਖ਼ਲ ਹੋ ਕੇ ਵਿਦਿਆਰਥਣ 'ਤੇ ਆਰੀ ਨਾਲ ਹਮਲਾ ਕਰਨ ਦਾ ਮਾਮਲਾ ਕੀ ਹੈ, ਆਖ਼ਰ ਹੋਇਆ ਕੀ ਸੀ

ਤਸਵੀਰ ਸਰੋਤ, UGC
- ਲੇਖਕ, ਤੁਲਸੀ ਪ੍ਰਸਾਦ ਰੈੱਡੀ
- ਰੋਲ, ਬੀਬੀਸੀ ਸਹਿਯੋਗੀ
- ਪ੍ਰਕਾਸ਼ਿਤ
- ਪੜ੍ਹਨ ਦਾ ਸਮਾਂ: 8 ਮਿੰਟ
(ਚੇਤਾਵਨੀ- ਇਸ ਖ਼ਬਰ ਦੇ ਕੁਝ ਵੇਰਵੇ ਪਰੇਸ਼ਾਨ ਕਰ ਸਕਦੇ ਹਨ।)
ਆਂਧਰਾ ਪ੍ਰਦੇਸ਼ 'ਚ ਇੱਕ ਵਿਦਿਆਰਥਣ 'ਤੇ ਇਲੈਕਟ੍ਰਿਕ ਆਰੀ ਨਾਲ ਹਮਲਾ ਕੀਤੇ ਜਾਣ ਦੇ ਮਾਮਲੇ 'ਚ ਮੁਲਜ਼ਮ ਪੁਲਿਸ ਦੀ ਗੋਲ਼ੀ ਨਾਲ ਜ਼ਖਮੀ ਹੋ ਗਿਆ ਹੈ। ਇਸ ਦੀ ਜਾਣਕਾਰੀ ਖੁਦ ਪੁਲਿਸ ਅਧਿਕਾਰੀਆਂ ਨੇ ਦਿੱਤੀ ਹੈ।
ਅਨੰਤਪੁਰ ਦੇ ਐੱਸਪੀ ਜਗਦੀਸ਼ ਨੇ ਮੀਡੀਆ ਨੂੰ ਦੱਸਿਆ ਕਿ ਪਹਿਲਾਂ ਮੁਲਜ਼ਮ ਨੇ ਪੁਲਿਸ ਮੁਲਾਜ਼ਮਾਂ 'ਤੇ ਚਾਕੂ ਨਾਲ ਹਮਲਾ ਕਰਨ ਦੀ ਕੋਸ਼ਿਸ਼ ਕੀਤੀ। ਜਿਸ ਦੌਰਾਨ ਇੱਕ ਪੁਲਿਸ ਵਾਲਾ ਜ਼ਖਮੀ ਵੀ ਹੋ ਗਿਆ। 'ਫਿਰ ਆਪਣੀ ਜਾਨ ਬਚਾਉਣ ਲਈ ਪੁਲਿਸ ਨੇ ਸਵੈ-ਰੱਖਿਆ ਵਿੱਚ ਹੇਮੰਤ 'ਤੇ ਗੋਲੀ ਚਲਾਈ।'
ਮਾਮਲਾ ਆਂਧਰਾ ਪ੍ਰਦੇਸ਼ ਦੇ ਅਨੰਤਪੁਰ ਜ਼ਿਲ੍ਹੇ ਦੇ ਰਾਪਤਾਡੂ ਵਿੱਚ ਇੱਕ ਸਰਕਾਰੀ ਸਕੂਲ ਦਾ ਹੈ, ਜਿੱਥੇ ਕਲਾਸ 'ਚ ਬੈਠੀ ਇੱਕ ਵਿਦਿਆਰਥਣ 'ਤੇ ਇੱਕ ਵਿਅਕਤੀ ਨੇ ਇਲੈਕਟ੍ਰਿਕ ਆਰੀ ਨਾਲ ਹਮਲਾ ਕਰ ਦਿੱਤਾ ਸੀ।
ਪੁਲਿਸ ਮੁਤਾਬਕ, ਜਦੋਂ ਕਲਾਸਰੂਮ ਵਿੱਚ ਪੜ੍ਹਾਈ ਚੱਲ ਰਹੀ ਸੀ, ਉਦੋਂ ਇੱਕ ਵਿਅਕਤੀ ਉੱਥੇ ਦਾਖ਼ਲ ਹੋਇਆ ਅਤੇ ਉਸ ਨੇ ਵਿਦਿਆਰਥਣ 'ਤੇ ਹਮਲਾ ਕਰ ਦਿੱਤਾ।
ਉਸ ਨੂੰ ਬਚਾਉਣ ਦੀ ਕੋਸ਼ਿਸ਼ ਕਰਨ ਵਾਲੀ ਇੱਕ ਹੋਰ ਵਿਦਿਆਰਥਣ ਵੀ ਇਸ ਹਮਲੇ ਵਿੱਚ ਜ਼ਖ਼ਮੀ ਹੋ ਗਈ।
ਅਨੰਤਪੁਰ ਦੇ ਜ਼ਿਲ੍ਹਾ ਮੈਜਿਸਟ੍ਰੇਟ ਓ. ਆਨੰਦ ਨੇ ਸਰਕਾਰੀ ਹਸਪਤਾਲ ਦਾ ਦੌਰਾ ਕੀਤਾ, ਜਿੱਥੇ ਵਿਦਿਆਰਥਣ ਦਾ ਇਲਾਜ ਚੱਲ ਰਿਹਾ ਹੈ।
ਜਨਰਲ ਹਸਪਤਾਲ ਦੇ ਸੁਪਰਿਟੇਂਡੈਂਟ ਡਾਕਟਰ ਮੱਲੇਸ਼ਵਰੀ ਨੇ ਬੀਬੀਸੀ ਨੂੰ ਦੱਸਿਆ ਕਿ ਬਿਹਤਰ ਇਲਾਜ ਲਈ ਵਿਦਿਆਰਥਣ ਨੂੰ ਮਾਹਿਰ ਡਾਕਟਰਾਂ ਦੀ ਨਿਗਰਾਨੀ ਹੇਠ ਐਂਬੂਲੈਂਸ ਰਾਹੀਂ ਬੈਂਗਲੁਰੂ ਲਿਜਾਇਆ ਜਾ ਗਿਆ ਹੈ।
ਪੁਲਿਸ ਦੀ ਗੋਲੀ ਨਾਲ ਜ਼ਖ਼ਮੀ ਹੋਇਆ ਮੁਲਜ਼ਮ

ਤਸਵੀਰ ਸਰੋਤ, SCREENSHOT/UGC
ਅਨੰਤਪੁਰ ਦੇ ਐੱਸਪੀ ਜਗਦੀਸ਼ ਨੇ ਮੀਡੀਆ ਨੂੰ ਦੱਸਿਆ ਕਿ ਮਾਮਲੇ ਵਿੱਚ ਮੁੱਖ ਮੁਲਜ਼ਮ ਹੇਮੰਤ 'ਤੇ ਪੁਲਿਸ ਨੇ ਗੋਲੀ ਚਲਾਈ ਹੈ।
ਐੱਸਪੀ ਜਗਦੀਸ਼ ਮੁਤਾਬਕ, ਪੁਲਿਸ ਨੂੰ ਗੁਪਤ ਸੂਚਨਾ ਮਿਲੀ ਸੀ ਕਿ ਮੁਲਜ਼ਮ ਹੇਮੰਤ ਆਤਮਕੂਰ ਦੇ ਜੰਗਲੀ ਇਲਾਕੇ ਵਿੱਚ ਲੁਕਿਆ ਹੋਇਆ ਹੈ। ਸੂਚਨਾ ਮਿਲਦੇ ਹੀ ਪੁਲਿਸ ਦੀਆਂ ਦੋ ਵਿਸ਼ੇਸ਼ ਟੀਮਾਂ ਨੂੰ ਉਸ ਦੀ ਭਾਲ ਲਈ ਮੌਕੇ 'ਤੇ ਭੇਜਿਆ ਗਿਆ।
ਉਨ੍ਹਾਂ ਦੱਸਿਆ ਕਿ ਜਦੋਂ ਪੁਲਿਸ ਟੀਮ ਨੇ ਮੁਲਜ਼ਮ ਨੂੰ ਫੜਨ ਦੀ ਕੋਸ਼ਿਸ਼ ਕੀਤੀ, ਤਾਂ ਉਸ ਨੇ ਸੀਆਈ ਵੈਂਕਟੇਸ਼ਵਰ 'ਤੇ ਚਾਕੂ ਨਾਲ ਹਮਲਾ ਕਰ ਦਿੱਤਾ। ਇਸ ਤੋਂ ਬਾਅਦ ਪੁਲਿਸ ਨੇ ਉਸ ਨੂੰ ਆਤਮ-ਸਮਰਪਣ ਕਰਨ ਦੀ ਚਿਤਾਵਨੀ ਦਿੱਤੀ ਅਤੇ ਪਹਿਲਾਂ ਹਵਾ ਵਿੱਚ ਗੋਲੀਆਂ ਚਲਾਈਆਂ।
ਹਾਲਾਂਕਿ, ਇਸ ਦੇ ਬਾਵਜੂਦ ਮੁਲਜ਼ਮ ਨੇ ਆਤਮ-ਸਮਰਪਣ ਨਹੀਂ ਕੀਤਾ ਅਤੇ ਲਗਾਤਾਰ ਚਾਕੂ ਨਾਲ ਪੁਲਿਸ ਮੁਲਾਜ਼ਮਾਂ 'ਤੇ ਹਮਲਾ ਕਰਨ ਦੀ ਕੋਸ਼ਿਸ਼ ਕਰਦਾ ਰਿਹਾ।
ਐੱਸਪੀ ਮੁਤਾਬਕ, ਮੁਲਜ਼ਮ ਪਿਛਲੇ ਦਿਨ ਤੋਂ ਨਸ਼ੇ ਦੀ ਹਾਲਤ ਵਿੱਚ ਸੀ। ਸਥਿਤੀ ਨੂੰ ਦੇਖਦਿਆਂ ਆਪਣੀ ਜਾਨ ਬਚਾਉਣ ਲਈ ਪੁਲਿਸ ਨੇ ਸਵੈ-ਰੱਖਿਆ ਵਿੱਚ ਹੇਮੰਤ 'ਤੇ ਗੋਲੀ ਚਲਾਈ।
ਮੀਡੀਆ ਨਾਲ ਗੱਲਬਾਤ ਦੌਰਾਨ ਐੱਸਪੀ ਜਗਦੀਸ਼ ਨੇ ਇਹ ਸਪਸ਼ਟ ਨਹੀਂ ਕੀਤਾ ਕਿ ਪੁਲਿਸ ਨੇ ਕੁੱਲ ਕਿੰਨੇ ਰਾਊਂਡ ਫਾਇਰਿੰਗ ਕੀਤੀ।
ਉਨ੍ਹਾਂ ਦੱਸਿਆ, "ਮੁਲਜ਼ਮ ਹੇਮੰਤ ਅਤੇ ਜ਼ਖ਼ਮੀ ਸੀਆਈ ਵੈਂਕਟੇਸ਼ਵਰ ਨੂੰ ਇਲਾਜ ਲਈ ਸਰਕਾਰੀ ਹਸਪਤਾਲ ਵਿੱਚ ਦਾਖ਼ਲ ਕਰਵਾਇਆ ਗਿਆ ਹੈ। ਇਸ ਸਮੇਂ ਦੋਵਾਂ ਦਾ ਹਸਪਤਾਲ ਵਿੱਚ ਇਲਾਜ ਚੱਲ ਰਿਹਾ ਹੈ।"
'ਮੁਲਜ਼ਮ ਇਲੈਕਟ੍ਰਿਕ ਆਰੀ ਲੈ ਕੇ ਕਲਾਸਰੂਮ ਵਿੱਚ ਦਾਖ਼ਲ ਹੋਇਆ ਸੀ'

ਤਸਵੀਰ ਸਰੋਤ, Getty Images
ਘਟਨਾ ਦੀ ਜਾਣਕਾਰੀ ਮਿਲਦਿਆਂ ਹੀ ਰਾਪਤਾਡੂ ਪੁਲਿਸ ਤੁਰੰਤ ਸਕੂਲ ਪਹੁੰਚੀ ਅਤੇ ਮਾਮਲੇ ਬਾਰੇ ਜਾਣਕਾਰੀ ਇਕੱਠੀ ਕੀਤੀ। ਪੁਲਿਸ ਨੇ ਕਤਲ ਦੀ ਕੋਸ਼ਿਸ਼ ਦਾ ਮਾਮਲਾ ਦਰਜ ਕਰਕੇ ਜਾਂਚ ਸ਼ੁਰੂ ਕਰ ਦਿੱਤੀ ਹੈ।
ਪੁਲਿਸ ਮੁਤਾਬਕ, ਸ਼ਨੀਵਾਰ ਸਵੇਰੇ ਕਰੀਬ 10:30 ਵਜੇ ਜਦੋਂ ਦਸਵੀਂ ਜਮਾਤ ਵਿੱਚ ਪੜ੍ਹਾਈ ਚੱਲ ਰਹੀ ਸੀ, ਉਦੋਂ ਇੱਕ ਵਿਅਕਤੀ ਦਰੱਖਤ ਕੱਟਣ ਲਈ ਵਰਤੀ ਜਾਣ ਵਾਲੀ ਇਲੈਕਟ੍ਰਿਕ ਆਰੀ ਲੈ ਕੇ ਸਕੂਲ ਵਿੱਚ ਦਾਖ਼ਲ ਹੋਇਆ ਅਤੇ ਉਸ ਨੇ ਵਿਦਿਆਰਥਣ 'ਤੇ ਹਮਲਾ ਕਰ ਦਿੱਤਾ।
ਪੁਲਿਸ ਨੇ ਦੱਸਿਆ ਕਿ ਇਸ ਹਮਲੇ ਵਿੱਚ ਵਿਦਿਆਰਥਣ ਦੇ ਚਿਹਰੇ, ਗਰਦਨ ਅਤੇ ਪੇਟ ਸਮੇਤ ਸਰੀਰ ਦੇ ਕਈ ਹਿੱਸਿਆਂ 'ਤੇ ਗੰਭੀਰ ਸੱਟਾਂ ਲੱਗੀਆਂ ਹਨ। ਉਸ ਦਾ ਸੱਜਾ ਹੱਥ ਵੀ ਬੁਰੀ ਤਰ੍ਹਾਂ ਨੁਕਸਾਨਿਆ ਗਿਆ ਹੈ।
ਵਿਦਿਆਰਥਣ ਨੂੰ ਬਚਾਉਣ ਦੀ ਕੋਸ਼ਿਸ਼ ਕਰਨ ਵਾਲੀ ਇੱਕ ਹੋਰ ਵਿਦਿਆਰਥਣ ਵੀ ਹਮਲੇ ਵਿੱਚ ਜ਼ਖ਼ਮੀ ਹੋ ਗਈ।
ਹਮਲੇ ਵਿੱਚ ਗੰਭੀਰ ਰੂਪ ਵਿੱਚ ਜ਼ਖ਼ਮੀ ਹੋਈਆਂ ਦੋਵੇਂ ਵਿਦਿਆਰਥਣਾਂ ਨੂੰ ਅਨੰਤਪੁਰ ਦੇ ਸਰਕਾਰੀ ਹਸਪਤਾਲ ਲਿਜਾਇਆ ਗਿਆ। ਵਿਦਿਆਰਥਣ ਦੀ ਹਾਲਤ ਗੰਭੀਰ ਹੋਣ ਕਾਰਨ ਐਮਰਜੈਂਸੀ ਵਿਭਾਗ ਵਿੱਚ ਉਸ ਦਾ ਇਲਾਜ ਕੀਤਾ ਗਿਆ।
ਬਿਹਤਰ ਇਲਾਜ ਲਈ ਹੁਣ ਉਸ ਨੂੰ ਮੰਤਰੀ ਸੱਤਿਆਕੁਮਾਰ ਦੀ ਨਿਗਰਾਨੀ ਹੇਠ ਬੈਂਗਲੁਰੂ ਦੇ ਇੱਕ ਹਸਪਤਾਲ ਲਿਜਾਇਆ ਜਾ ਰਿਹਾ ਹੈ।
ਮੰਤਰੀ ਨਾਰਾ ਲੋਕੇਸ਼ ਨੇ ਉੱਥੇ ਮਣੀਪਾਲ ਹਸਪਤਾਲ ਦੇ ਡਾਕਟਰਾਂ ਨੂੰ ਵਿਦਿਆਰਥਣ ਨੂੰ ਹਰ ਸੰਭਵ ਬਿਹਤਰ ਇਲਾਜ ਮੁਹੱਈਆ ਕਰਵਾਉਣ ਲਈ ਕਿਹਾ ਹੈ।
ਵਿਦਿਆਰਥਣ ਨੂੰ ਜਲਦੀ ਹਸਪਤਾਲ ਪਹੁੰਚਾਉਣ ਲਈ ਉਨ੍ਹਾਂ ਨੇ ਕਰਨਾਟਕ ਸਰਕਾਰ ਨੂੰ ਇੱਕ 'ਗ੍ਰੀਨ ਕੋਰੀਡੋਰ' ਬਣਾਉਣ ਦੀ ਵੀ ਬੇਨਤੀ ਕੀਤੀ ਹੈ।
ਪੁਲਿਸ ਦਾ ਕਹਿਣਾ ਹੈ ਕਿ ਸਕੂਲ ਵਿੱਚ ਮੁਰੰਮਤ ਦਾ ਕੰਮ ਚੱਲ ਰਿਹਾ ਸੀ। ਅਜਿਹੇ ਵਿੱਚ ਕੁਝ ਅਧਿਆਪਕਾਂ ਅਤੇ ਸੁਰੱਖਿਆ ਕਰਮਚਾਰੀਆਂ ਨੇ ਮੁਲਜ਼ਮ ਨੂੰ ਮਜ਼ਦੂਰ ਸਮਝ ਲਿਆ ਅਤੇ ਉਸ ਤੋਂ ਪੁੱਛਗਿੱਛ ਕੀਤੇ ਬਿਨ੍ਹਾਂ ਹੀ ਸਕੂਲ ਦੇ ਅੰਦਰ ਜਾਣ ਦਿੱਤਾ।

ਮੁਲਜ਼ਮ ਕੌਣ ਹੈ?
ਐੱਸਪੀ ਨੇ ਦੱਸਿਆ ਕਿ ਹਮਲਾ ਕਰਨ ਵਾਲੇ ਵਿਅਕਤੀ ਦੀ ਪਛਾਣ ਹੇਮੰਤ ਵਜੋਂ ਹੋਈ ਹੈ। ਉਹ ਸ਼੍ਰੀ ਸੱਤਿਆ ਸਾਈਂ ਜ਼ਿਲ੍ਹੇ ਦੇ ਧਰਮਾਵਰਮ ਮੰਡਲ ਦੇ ਨਾਗੁਲੂ ਇਲਾਕੇ ਦਾ ਰਹਿਣ ਵਾਲਾ ਹੈ।
ਉਨ੍ਹਾਂ ਕਿਹਾ, "ਮੁੱਢਲੀ ਜਾਂਚ ਵਿੱਚ ਪਤਾ ਲੱਗਾ ਹੈ ਕਿ ਉਹ ਪੀੜਤ ਵਿਦਿਆਰਥਣ ਦਾ ਰਿਸ਼ਤੇਦਾਰ ਹੈ। ਹਾਲਾਂਕਿ, ਵਿਦਿਆਰਥਣ ਦੇ ਹੋਸ਼ ਵਿੱਚ ਆਉਣ ਤੋਂ ਬਾਅਦ ਉਸ ਦਾ ਬਿਆਨ ਦਰਜ ਕੀਤਾ ਜਾਵੇਗਾ। ਇਸ ਤੋਂ ਬਾਅਦ ਹੀ ਪਤਾ ਲੱਗ ਸਕੇਗਾ ਕਿ ਦੋਵਾਂ ਵਿਚਾਲੇ ਕੀ ਵਿਵਾਦ ਸੀ।"
ਐੱਸਪੀ ਨੇ ਉਨ੍ਹਾਂ ਖ਼ਬਰਾਂ ਨੂੰ ਵੀ ਗ਼ਲਤ ਦੱਸਿਆ, ਜਿਨ੍ਹਾਂ ਵਿੱਚ ਕਿਹਾ ਗਿਆ ਸੀ ਕਿ ਹਮਲੇ ਤੋਂ ਬਾਅਦ ਸਕੂਲ ਤੋਂ ਫ਼ਰਾਰ ਹੋਏ ਮੁਲਜ਼ਮ ਨੂੰ ਪੁਲਿਸ ਨੇ ਧਰਮਾਵਰਮ ਰੇਲਵੇ ਸਟੇਸ਼ਨ 'ਤੇ ਹਿਰਾਸਤ ਵਿੱਚ ਲੈ ਲਿਆ ਹੈ।
'ਸਾਡੀ ਬੱਚੀ ਬਹੁਤ ਸਿੱਧੀ ਹੈ'
ਜ਼ਖ਼ਮੀ ਵਿਦਿਆਰਥਣ ਦੇ ਪਰਿਵਾਰਕ ਮੈਂਬਰ ਇਸ ਘਟਨਾ ਨਾਲ ਸਦਮੇ 'ਚ ਹਨ।
ਵਿਦਿਆਰਥਣ ਦੀ ਮਾਸੀ ਨੇ ਸਵਾਲ ਚੁੱਕਿਆ ਕਿ ਜਦੋਂ ਇੱਕ ਵਿਅਕਤੀ ਇਲੈਕਟ੍ਰਿਕ ਆਰੀ ਲੈ ਕੇ ਸਕੂਲ ਦੇ ਅੰਦਰ ਦਾਖ਼ਲ ਹੋਇਆ ਅਤੇ ਕਲਾਸਰੂਮ ਵਿੱਚ ਵਿਦਿਆਰਥਣ 'ਤੇ ਹਮਲਾ ਕਰ ਦਿੱਤਾ, ਤਾਂ ਉਸ ਸਮੇਂ ਸਕੂਲ ਦੀ ਸੁਰੱਖਿਆ ਵਿਵਸਥਾ ਕੀ ਕਰ ਰਹੀ ਸੀ।
ਉਨ੍ਹਾਂ ਕਿਹਾ, "ਸਾਨੂੰ ਅਜੇ ਤੱਕ ਨਹੀਂ ਪਤਾ ਕਿ ਬੱਚੀ 'ਤੇ ਕਿਸ ਨੇ ਅਤੇ ਕਿਵੇਂ ਹਮਲਾ ਕੀਤਾ। ਸਾਡੀ ਬੱਚੀ ਬਹੁਤ ਸਿੱਧੀ ਹੈ। ਉਹ ਸਵੇਰੇ ਸਾਢੇ ਅੱਠ ਵਜੇ ਸਕੂਲ ਜਾਂਦੀ ਹੈ। ਇਹ ਘਟਨਾ ਸਕੂਲ ਵਿੱਚ ਵਾਪਰੀ ਹੈ। ਉਸ ਦੀ ਗਰਦਨ ਵੱਢ ਦਿੱਤੀ ਗਈ ਅਤੇ ਲੱਤਾਂ ਤੇ ਬਾਹਾਂ 'ਤੇ ਵੀ ਸੱਟਾਂ ਲੱਗੀਆਂ ਹਨ। ਹੁਣ ਅਸੀਂ ਉਸ ਨੂੰ ਇੱਕ ਵੱਡੇ ਹਸਪਤਾਲ ਵਿੱਚ ਲੈ ਕੇ ਆਏ ਹਾਂ।''
''ਸਾਡੀ ਬੱਚੀ ਰੋਜ਼ ਆਟੋ ਰਾਹੀਂ ਅੱਯਾਵਰਿਪੱਲੀ ਤੋਂ ਸਕੂਲ ਆਉਂਦੀ ਹੈ। ਜੇ ਉਹ ਮੁੰਡਾ ਲੱਕੜ ਕੱਟਣ ਵਾਲੀ ਮਸ਼ੀਨ ਲੈ ਕੇ ਸਕੂਲ ਵਿੱਚ ਦਾਖ਼ਲ ਹੋਇਆ ਸੀ, ਤਾਂ ਕੀ ਉੱਥੇ ਕੋਈ ਸੁਰੱਖਿਆ ਵਿਵਸਥਾ ਨਹੀਂ ਸੀ?"
'ਉਸ ਸਮੇਂ ਸਕੂਲ ਵਿੱਚ ਸਿਰਫ਼ ਪੰਜ ਅਧਿਆਪਕ ਮੌਜੂਦ ਸਨ'

ਤਸਵੀਰ ਸਰੋਤ, UGC
ਕਲਾਸ ਟੀਚਰ ਰਾਜੇਸ਼ਵਰੀ ਨੇ ਦੱਸਿਆ, "ਦੂਜੇ ਪੀਰੀਅਡ ਦੌਰਾਨ ਇੱਕ ਵਿਅਕਤੀ ਕਲਾਸਰੂਮ ਵਿੱਚ ਦਾਖ਼ਲ ਹੋ ਗਿਆ। ਉਹ ਇਕੱਲਾ ਸੀ ਅਤੇ ਉਸ ਨੇ ਅਚਾਨਕ ਹਮਲਾ ਕਰ ਦਿੱਤਾ। ਇਸ ਕਾਰਨ ਬੱਚੇ ਡਰ ਕੇ ਇੱਧਰ-ਉੱਧਰ ਭੱਜਣ ਲੱਗੇ। ਉਨ੍ਹਾਂ ਨੂੰ ਸਮਝ ਨਹੀਂ ਆ ਰਿਹਾ ਸੀ ਕਿ ਕੀ ਕਰਨ।"
ਰਾਪਤਾਡੂ ਹਾਈ ਸਕੂਲ ਦੇ ਪ੍ਰਿੰਸੀਪਲ ਰਾਜੇਸ਼ਵਰੀ ਨੇ ਦੱਸਿਆ ਕਿ ਘਟਨਾ ਦੇ ਸਮੇਂ ਸਕੂਲ ਵਿੱਚ ਸਿਰਫ਼ ਪੰਜ ਅਧਿਆਪਕ ਮੌਜੂਦ ਸਨ।
ਉਨ੍ਹਾਂ ਕਿਹਾ, "ਕਲਾਸ ਚੱਲ ਰਹੀ ਸੀ। ਬੱਚੇ ਚੀਕਦੇ ਹੋਏ ਬਾਹਰ ਆਏ। ਸਾਨੂੰ ਲੱਗਿਆ ਕਿ ਬਾਹਰ ਕੁਝ ਹੋਇਆ ਹੈ ਅਤੇ ਸ਼ਾਇਦ ਕਿਸੇ ਦਾ ਕਤਲ ਕਰ ਦਿੱਤਾ ਗਿਆ ਹੈ। ਜਦੋਂ ਅਸੀਂ ਕਲਾਸਰੂਮ ਵਿੱਚ ਪਹੁੰਚੇ ਤਾਂ ਦੇਖਿਆ ਕਿ ਵਿਦਿਆਰਥਣ ਗੰਭੀਰ ਰੂਪ ਵਿੱਚ ਜ਼ਖ਼ਮੀ ਸੀ। ਹਮਲਾ ਕਰਨ ਵਾਲਾ ਮੁੰਡਾ ਉੱਥੋਂ ਭੱਜ ਚੁੱਕਾ ਸੀ।''
''ਅਸੀਂ ਵਿਦਿਆਰਥਣ ਨੂੰ ਹਸਪਤਾਲ ਲੈ ਗਏ। ਉਹ ਪੜ੍ਹਾਈ ਵਿੱਚ ਚੰਗੀ ਹੈ। ਇੱਕ ਹੋਰ ਵਿਦਿਆਰਥਣ ਨੇ ਹਮਲਾਵਰ ਨੂੰ ਰੋਕਣ ਦੀ ਕੋਸ਼ਿਸ਼ ਕੀਤੀ ਸੀ, ਜਿਸ ਦੀ ਲੱਤ 'ਤੇ ਸੱਟ ਲੱਗੀ। ਅਸੀਂ ਉਸ ਨੂੰ ਵੀ ਹਸਪਤਾਲ ਲੈ ਗਏ।"
ਮੁੱਖ ਮੰਤਰੀ ਚੰਦਰਬਾਬੂ ਨਾਇਡੂ ਨੇ ਵਿਦਿਆਰਥਣ ਦੇ ਪਰਿਵਾਰਕ ਮੈਂਬਰਾਂ ਨਾਲ ਗੱਲ ਕੀਤੀ

ਤਸਵੀਰ ਸਰੋਤ, x/@AndhraPradeshCM
ਮੁੱਖ ਮੰਤਰੀ ਐੱਨ. ਚੰਦਰਬਾਬੂ ਨਾਇਡੂ ਨੇ ਇਸ ਘਟਨਾ 'ਤੇ ਡੂੰਘਾ ਦੁੱਖ ਅਤੇ ਹੈਰਾਨੀ ਪ੍ਰਗਟਾਈ ਹੈ।
ਉਨ੍ਹਾਂ ਨੇ ਅਧਿਕਾਰੀਆਂ ਤੋਂ ਵਿਦਿਆਰਥਣ ਦੀ ਸਿਹਤ ਬਾਰੇ ਜਾਣਕਾਰੀ ਲਈ ਅਤੇ ਮੈਡੀਕਲ ਟੀਮ ਨੂੰ ਬੱਚੀ ਨੂੰ ਹਰ ਸੰਭਵ ਬਿਹਤਰ ਇਲਾਜ ਮੁਹੱਈਆ ਕਰਵਾਉਣ ਦੇ ਨਿਰਦੇਸ਼ ਦਿੱਤੇ।
ਉਨ੍ਹਾਂ ਨੇ ਫ਼ੋਨ 'ਤੇ ਜ਼ਖ਼ਮੀ ਵਿਦਿਆਰਥਣ ਦੀ ਮਾਂ ਨਾਲ ਵੀ ਗੱਲ ਕੀਤੀ। ਮੁੱਖ ਮੰਤਰੀ ਨੇ ਪਰਿਵਾਰ ਨੂੰ ਭਰੋਸਾ ਦਿਵਾਇਆ ਕਿ ਇਸ ਮੁਸ਼ਕਿਲ ਸਮੇਂ ਵਿੱਚ ਸਰਕਾਰ ਉਨ੍ਹਾਂ ਦੇ ਨਾਲ ਖੜ੍ਹੀ ਹੈ।
ਸਿੱਖਿਆ ਮੰਤਰੀ ਨਾਰਾ ਲੋਕੇਸ਼ ਨੇ ਵੀ ਇਸ ਘਟਨਾ 'ਤੇ ਡੂੰਘੀ ਚਿੰਤਾ ਪ੍ਰਗਟਾਈ।
ਉਨ੍ਹਾਂ ਕਿਹਾ, "ਕਲਾਸਰੂਮ ਵਿੱਚ ਖ਼ੂਨ ਨਾਲ ਲੱਥਪੱਥ ਪਈ ਬੱਚੀ ਨੂੰ ਦੇਖ ਕੇ ਹੰਝੂ ਨਹੀਂ ਰੁਕ ਰਹੇ। ਕੁੜੀਆਂ ਅਤੇ ਮਹਿਲਾਵਾਂ ਦੀ ਸੁਰੱਖਿਆ ਦੇ ਮਾਮਲੇ ਵਿੱਚ ਸਰਕਾਰ ਕੋਈ ਸਮਝੌਤਾ ਨਹੀਂ ਕਰੇਗੀ। ਬੱਚਿਆਂ ਦੀ ਸੁਰੱਖਿਆ ਵਿੱਚ ਲਾਪਰਵਾਹੀ ਵਰਤਣ ਵਾਲਿਆਂ ਖ਼ਿਲਾਫ਼ ਵੀ ਕਾਰਵਾਈ ਕੀਤੀ ਜਾਵੇਗੀ।"
ਸਾਬਕਾ ਮੁੱਖ ਮੰਤਰੀ ਅਤੇ ਵਾਈਐੱਸਆਰ ਕਾਂਗਰਸ ਪਾਰਟੀ ਦੇ ਪ੍ਰਧਾਨ ਵਾਈਐੱਸ ਜਗਨਮੋਹਨ ਰੈੱਡੀ ਨੇ ਵੀ ਇਸ ਘਟਨਾ 'ਤੇ ਪ੍ਰਤੀਕਿਰਿਆ ਦਿੱਤੀ।
ਉਨ੍ਹਾਂ ਨੇ ਸੂਬੇ ਵਿੱਚ ਕਾਨੂੰਨ-ਵਿਵਸਥਾ ਦੀ ਸਥਿਤੀ ਨੂੰ ਲੈ ਕੇ ਸਰਕਾਰ 'ਤੇ ਸਵਾਲ ਚੁੱਕੇ।
ਉਨ੍ਹਾਂ ਪੁੱਛਿਆ ਕਿ ਇੱਕ ਵਿਅਕਤੀ ਇਲੈਕਟ੍ਰਿਕ ਆਰੀ ਲੈ ਕੇ ਸਰਕਾਰੀ ਸਕੂਲ ਵਿੱਚ ਕਿਵੇਂ ਦਾਖ਼ਲ ਹੋਇਆ ਅਤੇ ਉਸ ਨੇ ਵਿਦਿਆਰਥਣ 'ਤੇ ਹਮਲਾ ਕਿਵੇਂ ਕਰ ਦਿੱਤਾ।
'ਹੁਣ ਅਸੀਂ ਆਪਣੇ ਬੱਚਿਆਂ ਨੂੰ ਸਕੂਲ ਕਿਵੇਂ ਭੇਜਾਂਗੇ?'
ਸਥਾਨਕ ਲੋਕ ਸਕੂਲਾਂ ਵਿੱਚ ਬੱਚਿਆਂ ਦੀ ਸੁਰੱਖਿਆ ਯਕੀਨੀ ਬਣਾਉਣ ਲਈ ਸਖ਼ਤ ਕਾਰਵਾਈ ਦੀ ਮੰਗ ਕਰ ਰਹੇ ਹਨ।
ਸਥਾਨਕ ਲੋਕਾਂ ਨੇ ਕਿਹਾ, "ਬੱਚੇ ਰੋਜ਼ ਅੱਯਾਵਰਿਪੱਲੀ ਤੋਂ ਆਟੋ ਰਾਹੀਂ ਸਕੂਲ ਜਾਂਦੇ ਹਨ। ਸਕੂਲ ਵਿੱਚ ਸਾਰੇ ਲੋਕ ਮੌਜੂਦ ਹੁੰਦੇ ਹਨ, ਫਿਰ ਵੀ ਜੇ ਅਜਿਹੀ ਘਟਨਾ ਵਾਪਰ ਜਾਂਦੀ ਹੈ, ਤਾਂ ਉਹ ਕੀ ਕਰ ਰਹੇ ਸਨ? ਜਦੋਂ ਸਰਕਾਰੀ ਸਕੂਲ ਵਿੱਚ ਇਸ ਤਰ੍ਹਾਂ ਦੀ ਘਟਨਾ ਵਾਪਰ ਸਕਦੀ ਹੈ, ਤਾਂ ਅਸੀਂ ਕੱਲ੍ਹ ਸਵੇਰੇ ਆਪਣੇ ਬੱਚਿਆਂ ਨੂੰ ਸਕੂਲ ਕਿਵੇਂ ਭੇਜਾਂਗੇ? ਅਸੀਂ ਆਪਣੇ ਬੱਚਿਆਂ ਨੂੰ ਸਕੂਲ ਭੇਜਣ ਦੀ ਹਿੰਮਤ ਕਿਵੇਂ ਜੁਟਾਵਾਂਗੇ?"
ਜ਼ਖ਼ਮੀ ਵਿਦਿਆਰਥਣ ਨੂੰ ਮਿਲਣ ਪਹੁੰਚੇ ਰਾਪਤਾਡੂ ਦੇ ਵਿਧਾਇਕ ਪਰਿਤਾਲਾ ਸੁਨੀਤਾ ਨੇ ਕਿਹਾ ਕਿ ਮੁਲਜ਼ਮ ਨੂੰ ਸਖ਼ਤ ਸਜ਼ਾ ਦਿਵਾਈ ਜਾਵੇਗੀ।
ਉਨ੍ਹਾਂ ਕਿਹਾ, "ਹਾਈ ਸਕੂਲ ਵਿੱਚ ਇਸ ਤਰ੍ਹਾਂ ਦੀ ਘਟਨਾ ਵਾਪਰਨਾ ਬੇਹੱਦ ਦੁਖਦਾਈ ਹੈ। ਕਿਸੇ ਵਿਅਕਤੀ ਦਾ ਆਰੀ ਲੈ ਕੇ ਸਕੂਲ ਵਿੱਚ ਦਾਖ਼ਲ ਹੋਣਾ ਅਤੇ ਵਿਦਿਆਰਥਣ 'ਤੇ ਹਮਲਾ ਕਰਨਾ ਬਹੁਤ ਹੀ ਅਫ਼ਸੋਸਜਨਕ ਹੈ।"
ਬੀਬੀਸੀ ਲਈ ਕਲੈਕਟਿਵ ਨਿਊਜ਼ਰੂਮ ਵੱਲੋਂ ਪ੍ਰਕਾਸ਼ਿਤ































