ਅਮਰੀਕਾ 'ਚ ਪਰਵਾਸੀਆਂ ਦੀਆਂ ਗ੍ਰਿਫ਼ਤਾਰੀਆਂ 'ਚ ਰਿਕਾਰਡ ਵਾਧਾ, ਕੌਣ ਬਣ ਰਿਹਾ ਹੈ ਨਿਸ਼ਾਨਾ

ਆਈਸੀਈ ਏਜੰਟਾਂ ਦਾ ਇੱਕ ਸਮੂਹ ਹੱਥਕੜੀਆਂ ਲੱਗੇ ਇੱਕ ਵਿਅਕਤੀ ਦੇ ਨਾਲ-ਨਾਲ ਤੁਰ ਰਿਹਾ ਹੈ।

ਤਸਵੀਰ ਸਰੋਤ, Getty/BBC

ਤਸਵੀਰ ਕੈਪਸ਼ਨ, ਮਈ ਅਤੇ ਜੂਨ ਦੇ ਦਰਮਿਆਨ ਆਈਸੀਈ ਵੱਲੋਂ ਬਿਨਾਂ ਦਸਤਾਵੇਜ਼ਾਂ ਵਾਲੇ ਪਰਵਾਸੀਆਂ ਦੀਆਂ ਗ੍ਰਿਫ਼ਤਾਰੀਆਂ ਵਿੱਚ 52% ਦਾ ਵਾਧਾ ਹੋਇਆ। ਹੁਣ ਇਹ ਗਿਣਤੀ ਮਹੀਨੇ ਵਿੱਚ ਲਗਭਗ 50,000 ਦੇ ਕਰੀਬ ਹੈ
    • ਲੇਖਕ, ਸੈਂਟਿਆਗੋ ਵੈਨੇਗਾਸ ਅਤੇ ਲੇਇਰੇ ਸੇਲਸ
    • ਰੋਲ, ਬੀਬੀਸੀ ਮੁੰਡੋ
    • ਲੇਖਕ, ਲਾਇਸ ਅਲੇਗ੍ਰੇਟੀ ਅਤੇ ਕੈਰੋਲਿਨ ਸੂਜ਼ਾ
    • ਰੋਲ, ਵੀਜ਼ੂਅਲ ਜਰਨਲਿਜ਼ਮ ਟੀਮ
  • ਪ੍ਰਕਾਸ਼ਿਤ
  • ਪੜ੍ਹਨ ਦਾ ਸਮਾਂ: 7 ਮਿੰਟ

ਡੌਨਲਡ ਟਰੰਪ ਨੇ ਇਤਿਹਾਸ ਵਿੱਚ ਸਭ ਤੋਂ ਵੱਡੇ ਪੱਧਰ 'ਤੇ ਦੇਸ਼ ਨਿਕਾਲੇ ਕਰਨ ਦਾ ਵਾਅਦਾ ਕੀਤਾ ਸੀ ਅਤੇ ਹਾਲੀਆ ਮਹੀਨਿਆਂ ਵਿੱਚ ਉਹ ਇਸ ਨੂੰ ਅਮਲ ਵਿੱਚ ਲਿਆਉਣ ਲਈ ਤੇਜ਼ੀ ਨਾਲ ਕਦਮ ਚੁੱਕ ਰਹੇ ਹਨ।

ਸਿਰਫ਼ ਅਗਸਤ ਮਹੀਨੇ ਵਿੱਚ ਹੀ, ਆਈਸੀਈ (ਅਮਰੀਕੀ ਇਮੀਗ੍ਰੇਸ਼ਨ ਐਂਡ ਕਸਟਮਜ਼ ਐਨਫੋਰਸਮੈਂਟ ਸਰਵਿਸ) ਨੇ ਪੂਰੇ ਦੇਸ਼ ਵਿੱਚ 50,925 ਪਰਵਾਸੀਆਂ ਨੂੰ ਗ੍ਰਿਫ਼ਤਾਰ ਕੀਤਾ।

ਇਹ ਗਿਣਤੀ ਪਿਛਲੇ ਸਾਲ ਅਗਸਤ ਵਿੱਚ ਹੋਈਆਂ ਗ੍ਰਿਫ਼ਤਾਰੀਆਂ ਨਾਲੋਂ ਲਗਭਗ ਦੁਗਣੀ ਹੈ ਅਤੇ ਅਗਸਤ 2024 ਦੀ ਗਿਣਤੀ ਨਾਲੋਂ ਪੰਜ ਗੁਣਾ ਤੋਂ ਵੀ ਜ਼ਿਆਦਾ ਹੈ, ਜਦੋਂ ਜੋਅ ਬਾਇਡਨ ਰਾਸ਼ਟਰਪਤੀ ਸਨ।

ਵ੍ਹਾਈਟ ਹਾਊਸ ਨੇ ਕਿਹਾ ਹੈ ਕਿ ਉਸ ਦਾ ਟੀਚਾ ਹਰ ਰੋਜ਼ 2,000 ਗ੍ਰਿਫ਼ਤਾਰੀਆਂ ਤੱਕ ਪਹੁੰਚਣਾ ਹੈ।

ਗ੍ਰਿਫ਼ਤਾਰ ਕੀਤੇ ਜਾਣ ਦਾ ਇਹ ਮਤਲਬ ਲਾਜ਼ਮੀ ਤੌਰ 'ਤੇ ਨਹੀਂ ਹੈ ਕਿ ਕਿਸੇ ਵਿਅਕਤੀ ਨੂੰ ਦੇਸ਼ ਨਿਕਾਲਾ ਦੇ ਦਿੱਤਾ ਜਾਵੇਗਾ, ਪਰ ਮੌਜੂਦਾ ਹਾਲਾਤ ਵਿੱਚ ਇਹ ਸਭ ਤੋਂ ਆਮ ਨਤੀਜਾ ਹੈ।

ਡਿਪੋਰਟੇਸ਼ਨ ਡੇਟਾ ਪ੍ਰੋਜੈਕਟ ਦੇ ਅੰਕੜਿਆਂ ਮੁਤਾਬਕ, ਟਰੰਪ ਪ੍ਰਸ਼ਾਸਨ ਦੇ ਅਧੀਨ, ਆਈਸੀਈ ਵੱਲੋਂ ਗ੍ਰਿਫ਼ਤਾਰ ਕੀਤੇ ਗਏ 57% ਲੋਕਾਂ ਨੂੰ 60 ਦਿਨਾਂ ਤੋਂ ਵੀ ਘੱਟ ਸਮੇਂ ਵਿੱਚ ਦੇਸ਼ ਨਿਕਾਲਾ ਦੇ ਦਿੱਤਾ ਜਾਂਦਾ ਹੈ, ਜਦਕਿ ਇਸੇ ਸਮੇਂ ਦੌਰਾਨ ਸਿਰਫ਼ 7% ਲੋਕਾਂ ਨੂੰ ਰਿਹਾਅ ਕੀਤਾ ਜਾਂਦਾ ਹੈ।

ਗ੍ਰਿਫ਼ਤਾਰੀਆਂ ਵਿੱਚ ਇਹ ਵਾਧਾ ਆਈਸੀਈ ਦੇ ਬਜਟ ਵਿੱਚ ਹੋਏ ਤੇਜ਼ ਵਾਧੇ ਦੇ ਨਾਲ ਹੋਇਆ ਹੈ।

ਟਰੰਪ ਵੱਲੋਂ ਆਪਣੇ ਕਾਰਜਕਾਲ ਦੇ ਸ਼ੁਰੂ ਵਿੱਚ ਸਮਰਥਨ ਕੀਤੇ ਗਏ "ਬਿਗ ਬਿਊਟੀਫੁਲ" ਕਾਨੂੰਨ ਤਹਿਤ, ਏਜੰਸੀ ਨੂੰ ਚਾਰ ਸਾਲਾਂ ਵਿੱਚ ਖਰਚ ਕਰਨ ਲਈ 75 ਅਰਬ ਡਾਲਰ ਦੀ ਰਕਮ ਦਿੱਤੀ ਗਈ ਹੈ। ਇਹ ਉਸ ਦੇ ਸਾਲਾਨਾ ਬਜਟ ਤੋਂ ਇਲਾਵਾ ਹੈ, ਜੋ ਲਗਭਗ 10 ਅਰਬ ਡਾਲਰ ਹੈ।

ਕੈਲੀਫੋਰਨੀਆ ਯੂਨੀਵਰਸਿਟੀ ਵਿੱਚ ਸਥਿਤ ਡਿਪੋਰਟੇਸ਼ਨ ਡੇਟਾ ਪ੍ਰੋਜੈਕਟ ਨੇ ਹਾਲ ਹੀ ਵਿੱਚ 6 ਅਗਸਤ, 2026 ਤੱਕ ਆਈਸੀਈ ਵੱਲੋਂ ਕੀਤੀਆਂ ਗ੍ਰਿਫ਼ਤਾਰੀਆਂ ਬਾਰੇ ਜਾਣਿਆ ਜਾਂਦਾ ਸਭ ਤੋਂ ਵਿਸਤ੍ਰਿਤ ਡੇਟਾ ਪ੍ਰਕਾਸ਼ਿਤ ਕੀਤਾ ਹੈ।

ਇਹ ਉਸ ਡੇਟਾ ਦੇ ਆਧਾਰ 'ਤੇ ਤਿਆਰ ਕੀਤੇ ਗਏ 5 ਚਾਰਟ ਹਨ, ਜੋ ਗ੍ਰਿਫ਼ਤਾਰੀਆਂ ਵਿੱਚ ਹੋਏ ਵਾਧੇ ਅਤੇ ਗ੍ਰਿਫ਼ਤਾਰ ਕੀਤੇ ਜਾ ਰਹੇ ਲੋਕਾਂ ਬਾਰੇ ਦੱਸਦੇ ਹਨ।

ਵੱਧ ਪਰਵਾਸੀ ਗ੍ਰਿਫ਼ਤਾਰ, ਘੱਟ ਅਪਰਾਧੀ

ਟਰੰਪ ਦੇ ਦੂਜੇ ਕਾਰਜਕਾਲ ਦੌਰਾਨ ਪਰਵਾਸੀਆਂ ਦੀਆਂ ਗ੍ਰਿਫ਼ਤਾਰੀਆਂ ਦੀ ਗਿਣਤੀ ਲਗਾਤਾਰ ਵਧਦੀ ਰਹੀ ਹੈ।

ਇਸ ਸਾਲ ਜਨਵਰੀ ਅਤੇ ਫਰਵਰੀ ਦੇ ਵਿਚਕਾਰ ਗ੍ਰਿਫ਼ਤਾਰੀਆਂ ਵਿੱਚ ਵੱਡੀ ਗਿਰਾਵਟ ਦਰਜ ਕੀਤੀ ਗਈ ਸੀ। ਇਹ ਮਿਨੀਐਪੋਲਿਸ ਵਿੱਚ ਇਮੀਗ੍ਰੇਸ਼ਨ ਏਜੰਟਾਂ ਦੇ ਹੱਥੋਂ ਦੋ ਅਮਰੀਕੀਆਂ ਦੀ ਮੌਤ ਕਾਰਨ ਪੈਦਾ ਹੋਏ ਰੋਸ ਦੀ ਲਹਿਰ ਦੇ ਨਾਲ ਹੋਇਆ ਸੀ।

ਹਾਲਾਂਕਿ, ਡੇਟਾ ਦਰਸਾਉਂਦਾ ਹੈ ਕਿ ਉਸ ਤੋਂ ਬਾਅਦ ਆਈਸੀਈ ਦੀਆਂ ਕਾਰਵਾਈਆਂ ਦਾ ਦਾਇਰਾ ਲਗਾਤਾਰ ਵਧਦਾ ਗਿਆ ਹੈ।

ਪਿਛਲੇ ਬੁੱਧਵਾਰ, ਹੋਮਲੈਂਡ ਸਕਿਓਰਿਟੀ ਵਿਭਾਗ (ਡੀਐੱਚਐੱਸ) ਨੇ ਆਪਣੇ ਐਕਸ ਅਕਾਊਂਟ ਰਾਹੀਂ ਦੱਸਿਆ ਕਿ ਅਗਸਤ ਵਿੱਚ ਏਜੰਸੀ ਨੇ ਇੱਕ ਨਵਾਂ ਰਿਕਾਰਡ ਕਾਇਮ ਕੀਤਾ।

ਡੀਐੱਚਐੱਸ ਦੀ ਪੋਸਟ ਵਿੱਚ ਅੱਗੇ ਕਿਹਾ ਗਿਆ, "ਜੇ ਤੁਸੀਂ ਦੇਸ਼ ਵਿੱਚ ਗ਼ੈਰ-ਕਾਨੂੰਨੀ ਤੌਰ 'ਤੇ ਰਹਿ ਰਹੇ ਹੋ, ਤਾਂ ਹੁਣੇ ਚਲੇ ਜਾਓ।"

ਹਾਲ ਹੀ ਵਿੱਚ, ਆਈਸੀਈ ਨੇ ਟੈਨੇਸੀ ਦੇ ਮੈਮਫ਼ਿਸ ਵਿੱਚ ਇੱਕ ਹੀ ਛਾਪੇਮਾਰੀ ਦੌਰਾਨ 121 ਲੋਕਾਂ ਨੂੰ ਗ੍ਰਿਫ਼ਤਾਰ ਕਰਨ ਅਤੇ ਇਤਿਹਾਸਕ ਤੌਰ 'ਤੇ 'ਸੈਂਕਚੁਅਰੀ ਸਿਟੀ' ਮੰਨੇ ਜਾਂਦੇ ਨਿਊਯਾਰਕ ਵਿੱਚ ਕਈ ਦਿਨਾਂ ਦੌਰਾਨ 2,100 ਤੋਂ ਵੱਧ ਲੋਕਾਂ ਨੂੰ ਗ੍ਰਿਫ਼ਤਾਰ ਕਰਨ ਦਾ ਜਸ਼ਨ ਮਨਾਇਆ।

ਟਰੰਪ ਪ੍ਰਸ਼ਾਸਨ ਦੇ ਅਧਿਕਾਰੀ ਅਕਸਰ ਕਹਿੰਦੇ ਹਨ ਕਿ ਉਹ ਅਮਰੀਕਾ ਦੀਆਂ ਸੜਕਾਂ ਤੋਂ ਸਭ ਤੋਂ ਖ਼ਤਰਨਾਕ ਅਪਰਾਧੀਆਂ ਨੂੰ ਹਟਾ ਰਹੇ ਹਨ। ਉਨ੍ਹਾਂ ਦੇ ਸ਼ਬਦਾਂ ਵਿੱਚ, "ਸਭ ਤੋਂ ਮਾੜਿਆਂ ਵਿੱਚੋਂ ਸਭ ਤੋਂ ਮਾੜੇ।"

ਚੋਣ ਮੁਹਿੰਮ ਦੌਰਾਨ, ਟਰੰਪ ਨੇ ਵਾਅਦਾ ਕੀਤਾ ਸੀ ਕਿ ਉਹ ਅਜਿਹੇ ਗ਼ੈਰ-ਦਸਤਾਵੇਜ਼ੀ ਪਰਵਾਸੀਆਂ ਨੂੰ ਹਿਰਾਸਤ ਵਿੱਚ ਲੈਣ ਨੂੰ ਤਰਜੀਹ ਦੇਣਗੇ, ਜਿਨ੍ਹਾਂ ਨੂੰ ਅਪਰਾਧਾਂ ਲਈ ਦੋਸ਼ੀ ਠਹਿਰਾਇਆ ਗਿਆ ਹੈ।

ਹਾਲਾਂਕਿ, ਡੇਟਾ ਇੱਕ ਹੋਰ ਵਧ ਰਹੀ ਹਕੀਕਤ ਨੂੰ ਸਾਹਮਣੇ ਲਿਆਉਂਦਾ ਹੈ। ਹਾਲ ਦੇ ਮਹੀਨਿਆਂ ਵਿੱਚ ਗ੍ਰਿਫ਼ਤਾਰ ਕੀਤੇ ਗਏ ਜ਼ਿਆਦਾਤਰ ਪਰਵਾਸੀਆਂ ਨੂੰ ਕਿਸੇ ਵੀ ਅਪਰਾਧ ਲਈ ਦੋਸ਼ੀ ਨਹੀਂ ਠਹਿਰਾਇਆ ਗਿਆ ਸੀ।

ਸਤੰਬਰ 2025 ਤੋਂ, ਬਿਨਾਂ ਕਿਸੇ ਅਪਰਾਧਿਕ ਇਲਜ਼ਾਮ ਦੇ ਗ੍ਰਿਫ਼ਤਾਰ ਕੀਤੇ ਗਏ ਲੋਕਾਂ ਦੀ ਗਿਣਤੀ ਉਨ੍ਹਾਂ ਲੋਕਾਂ ਨਾਲੋਂ ਵੱਧ ਰਹੀ ਹੈ, ਜਿਨ੍ਹਾਂ ਨੂੰ ਅਪਰਾਧਾਂ ਲਈ ਦੋਸ਼ੀ ਠਹਿਰਾਇਆ ਗਿਆ ਹੈ ਜਾਂ ਜਿਨ੍ਹਾਂ ਵਿਰੁੱਧ ਅਪਰਾਧਿਕ ਦੋਸ਼ ਬਕਾਇਆ ਹਨ।

ਉਦਾਹਰਨ ਵਜੋਂ, ਜੁਲਾਈ 2026 ਵਿੱਚ ਗ੍ਰਿਫ਼ਤਾਰ ਕੀਤੇ ਗਏ ਲੋਕਾਂ ਵਿੱਚੋਂ ਸਿਰਫ਼ 25% ਨੂੰ ਕਿਸੇ ਅਪਰਾਧ ਲਈ ਦੋਸ਼ੀ ਠਹਿਰਾਇਆ ਗਿਆ ਸੀ।

ਅਮਰੀਕੀ ਕਾਨੂੰਨ ਤਹਿਤ, ਗ਼ੈਰ-ਦਸਤਾਵੇਜ਼ੀ ਪਰਵਾਸੀ ਹੋਣਾ ਆਪਣੇ ਆਪ ਵਿੱਚ ਕੋਈ ਅਪਰਾਧ ਨਹੀਂ ਹੈ।

ਹਾਲਾਂਕਿ, ਟਰੰਪ ਪ੍ਰਸ਼ਾਸਨ ਦੇ ਸ਼ੁਰੂਆਤੀ ਦਿਨਾਂ ਦੌਰਾਨ ਤਤਕਾਲੀ ਪ੍ਰੈੱਸ ਸਕੱਤਰ ਕੈਰੋਲੀਨ ਲੀਵਿਟ ਨੇ ਕਿਹਾ ਸੀ ਕਿ ਪ੍ਰਸ਼ਾਸਨ ਦੇ ਨਜ਼ਰੀਏ ਵਿੱਚ ਸਾਰੇ ਗ਼ੈਰ-ਦਸਤਾਵੇਜ਼ੀ ਪਰਵਾਸੀ ਪਰਿਭਾਸ਼ਾ ਮੁਤਾਬਕ ਅਪਰਾਧੀ ਹਨ।

ਡੇਟਾ ਇਹ ਵੀ ਦਰਸਾਉਂਦਾ ਹੈ ਕਿ 2022 ਦੇ ਆਖ਼ਰੀ ਮਹੀਨਿਆਂ ਅਤੇ 2023 ਦੇ ਪਹਿਲੇ ਅੱਧ ਦੌਰਾਨ, ਜਦੋਂ ਬਾਇਡਨ ਰਾਸ਼ਟਰਪਤੀ ਸਨ, ਬਿਨਾਂ ਕਿਸੇ ਅਪਰਾਧਿਕ ਦੋਸ਼ ਦੇ ਗ੍ਰਿਫ਼ਤਾਰ ਕੀਤੇ ਗਏ ਲੋਕਾਂ ਦੀ ਗਿਣਤੀ ਵੀ ਅਪਰਾਧੀਆਂ ਨਾਲੋਂ ਕਿਤੇ ਵੱਧ ਸੀ।

ਕੌਣ ਗ੍ਰਿਫ਼ਤਾਰ ਕੀਤਾ ਜਾ ਰਿਹਾ ਹੈ

ਡਿਪੋਰਟੇਸ਼ਨ ਡੇਟਾ ਪ੍ਰੋਜੈਕਟ ਵੱਲੋਂ ਪ੍ਰਕਾਸ਼ਿਤ ਜਾਣਕਾਰੀ ਵਿੱਚ ਗ੍ਰਿਫ਼ਤਾਰ ਕੀਤੇ ਗਏ ਲੋਕਾਂ ਬਾਰੇ ਜਨਸੰਖਿਆ ਸੰਬੰਧੀ ਡੇਟਾ ਵੀ ਸ਼ਾਮਲ ਹੈ, ਜਿਵੇਂ ਉਨ੍ਹਾਂ ਦੀ ਨਾਗਰਿਕਤਾ, ਉਹ ਕਿਹੜੇ ਸੂਬੇ ਵਿੱਚ ਹਿਰਾਸਤ ਵਿੱਚ ਲਏ ਗਏ ਅਤੇ ਉਨ੍ਹਾਂ ਦਾ ਲਿੰਗ।

ਟਰੰਪ ਪ੍ਰਸ਼ਾਸਨ ਦੀ ਸ਼ੁਰੂਆਤ ਤੋਂ ਲੈ ਕੇ ਗ੍ਰਿਫ਼ਤਾਰ ਕੀਤੇ ਗਏ ਲੋਕਾਂ ਵਿੱਚ ਸਭ ਤੋਂ ਵੱਧ ਪਾਈਆਂ ਜਾਣ ਵਾਲੀਆਂ 12 ਨਾਗਰਿਕਤਾਵਾਂ ਲਾਤੀਨੀ ਅਮਰੀਕਾ ਦੇ ਦੇਸ਼ਾਂ ਨਾਲ ਸਬੰਧਤ ਹਨ।

ਮੈਕਸੀਕੋ ਦੇ ਨਾਗਰਿਕ ਸਭ ਤੋਂ ਉੱਪਰ ਹਨ, ਜੋ ਕੁੱਲ ਗਿਣਤੀ ਦਾ 39% ਹਨ। ਇਸ ਤੋਂ ਬਾਅਦ ਗੁਆਟੇਮਾਲਾ ਦੇ ਨਾਗਰਿਕ 14%, ਹੋਂਡੂਰਸ ਦੇ 11% ਅਤੇ ਵੈਨੇਜ਼ੁਏਲਾ ਦੇ 7% ਹਨ।

ਜਿੱਥੋਂ ਤੱਕ ਆਈਸੀਈ ਵੱਲੋਂ ਸਭ ਤੋਂ ਵੱਧ ਗ੍ਰਿਫ਼ਤਾਰੀਆਂ ਕੀਤੇ ਜਾਣ ਵਾਲੇ ਸੂਬਿਆਂ ਦੀ ਗੱਲ ਹੈ, ਟੈਕਸਸ ਅਤੇ ਫਲੋਰੀਡਾ ਸੂਚੀ ਵਿੱਚ ਸਭ ਤੋਂ ਉੱਪਰ ਹਨ।

ਹਾਲਾਂਕਿ ਹਾਲ ਦੇ ਮਹੀਨਿਆਂ ਵਿੱਚ ਸਾਰੇ ਸੂਬਿਆਂ ਵਿੱਚ ਗ੍ਰਿਫ਼ਤਾਰੀਆਂ ਵਧੀਆਂ ਹਨ, ਪਰ ਫਲੋਰੀਡਾ ਵਿੱਚ ਇਹ ਵਾਧਾ ਅਸਧਾਰਨ ਤੌਰ 'ਤੇ ਜ਼ਿਆਦਾ ਰਿਹਾ ਹੈ।

ਮਈ ਵਿੱਚ ਗ੍ਰਿਫ਼ਤਾਰੀਆਂ ਦੀ ਗਿਣਤੀ 3,306 ਤੋਂ ਵਧ ਕੇ ਜੂਨ ਵਿੱਚ 7,170 ਹੋ ਗਈ, ਜੋ 117% ਦਾ ਵਾਧਾ ਹੈ। ਪੂਰੇ ਦੇਸ਼ ਵਿੱਚ ਮਈ ਅਤੇ ਜੂਨ ਦੇ ਵਿਚਕਾਰ ਗ੍ਰਿਫ਼ਤਾਰੀਆਂ ਵਿੱਚ 52% ਦਾ ਵਾਧਾ ਹੋਇਆ।

ਆਈਸੀਈ ਵੱਲੋਂ ਗ੍ਰਿਫ਼ਤਾਰ ਕੀਤੇ ਗਏ ਪਰਵਾਸੀਆਂ ਦੀ ਵੱਡੀ ਬਹੁਗਿਣਤੀ ਪੁਰਸ਼ ਹਨ।

20 ਜਨਵਰੀ, 2025 ਤੋਂ ਲੈ ਕੇ ਡੇਟਾਬੇਸ ਵਿੱਚ ਮੌਜੂਦ 548,645 ਰਿਕਾਰਡਾਂ ਵਿੱਚੋਂ 88% ਪੁਰਸ਼ ਅਤੇ 12% ਔਰਤਾਂ ਸਨ।

ਡਿਪੋਰਟੇਸ਼ਨ ਡੇਟਾ ਪ੍ਰੋਜੈਕਟ ਨੇ ਫ੍ਰੀਡਮ ਆਫ਼ ਇਨਫ਼ਰਮੇਸ਼ਨ ਐਕਟ (ਐੱਫਓਆਈਏ) ਤਹਿਤ ਕੀਤੀ ਗਈ ਬੇਨਤੀ ਰਾਹੀਂ ਆਈਸੀਈ ਦੀ ਜਾਣਕਾਰੀ ਹਾਸਲ ਕੀਤੀ।

ਰਿਕਾਰਡ ਅੰਕੜੇ ਅਤੇ ਨਵੇਂ ਪ੍ਰੋਫਾਈਲ

ਵਿਸ਼ਲੇਸ਼ਣ: ਲੇਇਰੇ ਵੈਂਟਾਸ, ਲਾਸ ਐਂਜਲਸ ਵਿੱਚ ਬੀਬੀਸੀ ਮੁੰਡੋ ਦੀ ਪੱਤਰਕਾਰ

ਉੱਤਰੀ ਗੋਲਾਰਧ ਦੀਆਂ ਗਰਮੀਆਂ ਦੌਰਾਨ ਗ੍ਰਿਫ਼ਤਾਰੀਆਂ ਵਿੱਚ ਹੋਏ ਵਾਧੇ ਨੇ ਹਜ਼ਾਰਾਂ ਲੋਕਾਂ ਨੂੰ ਪ੍ਰਭਾਵਿਤ ਕੀਤਾ ਹੈ, ਜਿਨ੍ਹਾਂ ਨੂੰ ਹੁਣ ਤੱਕ ਟਰੰਪ ਪ੍ਰਸ਼ਾਸਨ ਦੀ ਦੇਸ਼ ਨਿਕਾਲੇ ਦੀ ਮੁਹਿੰਮ ਵਿੱਚ ਨਿਸ਼ਾਨਾ ਨਹੀਂ ਬਣਾਇਆ ਗਿਆ ਸੀ।

ਇਨ੍ਹਾਂ ਵਿੱਚ ਉਹ ਲੋਕ ਸ਼ਾਮਲ ਹਨ ਜੋ ਟੀਪੀਐੱਸ ਵਰਗੇ ਅਸਥਾਈ ਕਾਨੂੰਨੀ ਦਰਜੇ ਤਹਿਤ ਅਮਰੀਕਾ ਆਏ ਸਨ, ਜਿਸ ਨੂੰ ਟਰੰਪ ਪ੍ਰਸ਼ਾਸਨ ਨੇ ਰੱਦ ਕਰਨ ਦਾ ਫ਼ੈਸਲਾ ਕੀਤਾ ਜਾਂ ਉਹ ਪਰਵਾਸੀ ਜੋ ਕਾਨੂੰਨੀ ਤੌਰ 'ਤੇ ਦੇਸ਼ ਵਿੱਚ ਦਾਖ਼ਲ ਹੋਏ ਸਨ, ਉਦਾਹਰਨ ਵਜੋਂ ਵਿਦਿਆਰਥੀ ਵੀਜ਼ੇ 'ਤੇ, ਅਤੇ ਜਿਨ੍ਹਾਂ ਦੀਆਂ ਸ਼ਰਨ ਲਏ ਜਾਣ ਦੀਆਂ ਅਰਜ਼ੀਆਂ ਲੰਬਿਤ ਸਨ।

ਕੁਝ ਹੋਰ ਲੋਕ ਦਹਾਕਿਆਂ ਤੋਂ ਅਮਰੀਕਾ ਵਿੱਚ ਰਹਿ ਰਹੇ ਸਨ, ਉਨ੍ਹਾਂ ਨੇ ਅਮਰੀਕੀ ਨਾਗਰਿਕਾਂ ਨਾਲ ਵਿਆਹ ਕਰਵਾਇਆ ਹੋਇਆ ਸੀ ਅਤੇ ਉਨ੍ਹਾਂ ਦੇ ਬੱਚੇ ਅਮਰੀਕਾ ਵਿੱਚ ਪੈਦਾ ਹੋਏ ਸਨ।

ਜ਼ਿਆਦਾਤਰ ਲੋਕਾਂ 'ਤੇ ਸਿਵਲ ਇਮੀਗ੍ਰੇਸ਼ਨ ਕਾਨੂੰਨਾਂ ਦੀ ਉਲੰਘਣਾ ਦੇ ਇਲਜ਼ਾਮ ਲਗਾਏ ਗਏ ਹਨ, ਪਰ ਉਨ੍ਹਾਂ ਦਾ ਪਹਿਲਾਂ ਕੋਈ ਅਪਰਾਧਿਕ ਰਿਕਾਰਡ ਨਹੀਂ ਸੀ।

ਹੁਣ, ਨਵੰਬਰ ਵਿੱਚ ਹੋਣ ਵਾਲੀਆਂ ਮੱਧਕਾਲੀ ਚੋਣਾਂ ਬਿਲਕੁਲ ਨੇੜੇ ਹੋਣ ਦੇ ਨਾਲ, ਇਮੀਗ੍ਰੇਸ਼ਨ ਐਂਡ ਕਸਟਮਜ਼ ਐਨਫੋਰਸਮੈਂਟ (ਆਈਸੀਈ) ਰੋਜ਼ਾਨਾ 2,000 ਗ੍ਰਿਫ਼ਤਾਰੀਆਂ ਦੇ ਆਪਣੇ ਟੀਚੇ ਤੱਕ ਪਹੁੰਚਣ ਦੇ ਨੇੜੇ ਦਿਖਾਈ ਦੇ ਰਹੀ ਹੈ।

ਹੋਮਲੈਂਡ ਸਕਿਓਰਿਟੀ ਵਿਭਾਗ (ਡੀਐੱਚਐੱਸ), ਜਿਸ ਦੀ ਅਗਵਾਈ ਪਿਛਲੇ ਕੁਝ ਮਹੀਨਿਆਂ ਤੋਂ ਮਾਰਕਵੇਨ ਮਲਿਨ ਕਰ ਰਹੇ ਹਨ, ਕਹਿੰਦਾ ਹੈ, "ਜੋ ਲੋਕ ਇਸ ਦੇਸ਼ ਵਿੱਚ ਗ਼ੈਰ-ਕਾਨੂੰਨੀ ਤੌਰ 'ਤੇ ਰਹਿ ਰਹੇ ਹਨ, ਉਨ੍ਹਾਂ ਕੋਲ ਦੋ ਬਦਲ ਹਨ: ਉਹ ਸੀਬੀਪੀ ਹੋਮ ਐਪ ਦੀ ਵਰਤੋਂ ਕਰ ਸਕਦੇ ਹਨ ਅਤੇ ਮੁਫ਼ਤ ਹਵਾਈ ਯਾਤਰਾ ਦੇ ਨਾਲ 2,600 ਅਮਰੀਕੀ ਡਾਲਰ ਦਾ ਚੈੱਕ ਪ੍ਰਾਪਤ ਕਰ ਸਕਦੇ ਹਨ, ਜਾਂ ਉਨ੍ਹਾਂ ਨੂੰ ਗ੍ਰਿਫ਼ਤਾਰ, ਹਿਰਾਸਤ ਵਿੱਚ ਲੈ ਕੇ ਦੇਸ਼ ਨਿਕਾਲਾ ਦਿੱਤਾ ਜਾ ਸਕਦਾ ਹੈ।"

ਮਾਰਕਵੇਨ ਮਲਿਨ ਨੇ ਅਜਿਹੀ ਆਈਸੀਈ ਦਾ ਵਾਅਦਾ ਕੀਤਾ ਹੈ ਜੋ ਵਧੇਰੇ ਗੁਪਤ ਢੰਗ ਨਾਲ, ਪਰ ਵਧੇਰੇ ਪ੍ਰਭਾਵਸ਼ਾਲੀ ਤਰੀਕੇ ਨਾਲ ਕੰਮ ਕਰੇਗੀ, ਉਸ ਆਈਸੀਈ ਦੇ ਮੁਕਾਬਲੇ ਜੋ ਸਾਲ ਦੀ ਸ਼ੁਰੂਆਤ ਵਿੱਚ ਮਿਨੀਐਪੋਲਿਸ ਵਿੱਚ ਨਜ਼ਰ ਆਈ ਸੀ।

ਅਮਰੀਕਾ ਪਰਵਾਸੀ ਨੀਤੀ

ਤਸਵੀਰ ਸਰੋਤ, Anadolu vía Getty Images

ਤਸਵੀਰ ਕੈਪਸ਼ਨ, ਨਿਊਯਾਰਕ ਦੀ ਇਮੀਗ੍ਰੇਸ਼ਨ ਅਦਾਲਤ ਦੇ ਅੰਦਰ ਆਈਸੀਈ ਦੇ ਏਜੰਟਾਂ ਨੇ ਇੱਕ ਵਿਅਕਤੀ ਨੂੰ ਗ੍ਰਿਫ਼ਤਾਰ ਕਰ ਲਿਆ।

ਜੇਕਰ ਆਈਸੀਈ ਮੌਜੂਦਾ ਰਫ਼ਤਾਰ ਨਾਲ ਕੰਮ ਕਰਦੀ ਰਹੀ ਅਤੇ ਉਸ ਕੋਲ ਹੋਰ ਸਰੋਤ ਉਪਲਬਧ ਹੁੰਦੇ ਰਹੇ, ਤਾਂ ਇਹ ਯਕੀਨੀ ਬਣਾਉਣ ਵੱਲ ਵਧਦੀ ਦਿਖਾਈ ਦੇ ਰਹੀ ਹੈ ਕਿ ਟਰੰਪ ਦੇਸ਼ ਦੇ ਇਤਿਹਾਸ ਵਿੱਚ "ਸਭ ਤੋਂ ਵੱਡਾ ਦੇਸ਼ ਨਿਕਾਲਾ" ਕਰਨ ਦਾ ਆਪਣਾ ਵਾਅਦਾ ਪੂਰਾ ਕਰ ਸਕਣ।

2009 ਵਿੱਚ, ਰਾਸ਼ਟਰਪਤੀ ਬਰਾਕ ਓਬਾਮਾ ਦੇ ਪਹਿਲੇ ਕਾਰਜਕਾਲ ਦੀ ਸ਼ੁਰੂਆਤ ਵਿੱਚ, ਆਈਸੀਈ ਨੇ ਇੱਕ ਰਿਕਾਰਡ ਕਾਇਮ ਕੀਤਾ ਸੀ, ਜੋ ਇੱਕ ਦਹਾਕੇ ਤੋਂ ਵੀ ਵੱਧ ਸਮੇਂ ਤੱਕ ਕਾਇਮ ਰਿਹਾ। ਉਸ ਸਾਲ ਦੇਸ਼ ਭਰ ਵਿੱਚ ਗ੍ਰਿਫ਼ਤਾਰ ਕੀਤੇ ਗਏ 2,38,000 ਲੋਕਾਂ ਨੂੰ ਦੇਸ਼ ਨਿਕਾਲਾ ਦਿੱਤਾ ਗਿਆ ਸੀ।

ਇਮੀਗ੍ਰੇਸ਼ਨ, ਅਰਥਵਿਵਸਥਾ ਦੇ ਨਾਲ, ਉਨ੍ਹਾਂ ਮੁੱਖ ਮੁੱਦਿਆਂ ਵਿੱਚੋਂ ਇੱਕ ਸੀ ਜਿਸ ਨੇ ਨਵੰਬਰ 2024 ਵਿੱਚ ਟਰੰਪ ਦੀ ਚੋਣ ਜਿੱਤਣ ਸਮੇਂ ਵੋਟਰਾਂ ਦੇ ਫ਼ੈਸਲੇ ਨੂੰ ਪ੍ਰਭਾਵਿਤ ਕੀਤਾ ਸੀ।

ਹੁਣ, ਡੈਮੋਕ੍ਰੈਟ ਅਤੇ ਰਿਪਬਲਿਕਨ ਦੋਵਾਂ ਵੱਲੋਂ ਸ਼ਾਸਿਤ ਸੂਬਿਆਂ ਵਿੱਚ ਗ੍ਰਿਫ਼ਤਾਰੀਆਂ ਦਰਜ ਹੋਣ ਅਤੇ ਸਰਵੇਖਣਾਂ ਵਿੱਚ ਕੁਝ ਨਾਗਰਿਕਾਂ ਵੱਲੋਂ ਪਰਵਾਸ ਵਿਰੋਧੀ ਮੁਹਿੰਮ ਨੂੰ "ਬਹੁਤ ਜ਼ਿਆਦਾ ਹਮਲਾਵਰ" ਦੱਸੇ ਜਾਣ ਦੇ ਨਾਲ, ਇਹ ਦੇਖਣਾ ਬਾਕੀ ਹੈ ਕਿ ਇਸ ਦਾ ਉਸ ਚੋਣ 'ਤੇ ਕੀ ਅਸਰ ਪਵੇਗਾ, ਜਿਸ ਵਿੱਚ ਕਾਂਗਰਸ 'ਤੇ ਕੰਟ੍ਰੋਲ ਦਾਅ 'ਤੇ ਹੈ ਅਤੇ ਜਿਸ ਨੂੰ ਟਰੰਪ ਪ੍ਰਸ਼ਾਸਨ ਦੀ ਕਾਰਗੁਜ਼ਾਰੀ ਦੇ ਮੁਲਾਂਕਣ ਵਜੋਂ ਦੇਖਿਆ ਜਾ ਰਿਹਾ ਹੈ।

ਡਿਜ਼ਾਈਨ: ਡੈਨੀਅਲ ਆਰਸੇ-ਲੋਪੇਜ਼, ਬੀਬੀਸੀ ਨਿਊਜ਼ ਮੁੰਡੋ ਦੀ ਵਿਜ਼ੂਅਲ ਜਰਨਲਿਜ਼ਮ ਟੀ

ਬੀਬੀਸੀ ਲਈ ਕਲੈਕਟਿਵ ਨਿਊਜ਼ਰੂਮ ਵੱਲੋਂ ਪ੍ਰਕਾਸ਼ਿਤ

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTER, WhatsApp ਅਤੇ YouTube 'ਤੇ ਜੁੜੋ।)