ਪਾਕਿਸਤਾਨ ਦੇ ਪ੍ਰਧਾਨ ਮੰਤਰੀ ਸ਼ਾਹਬਾਜ਼ ਸ਼ਰੀਫ਼ ਭਾਰਤ ਖ਼ਿਲਾਫ਼ ਇੱਕ 'ਗੁੰਮਨਾਮ' ਜਿੱਤ ਦੀ ਵਧਾਈ ਦੇ ਕੇ ਨਿਸ਼ਾਨੇ 'ਤੇ ਕਿਉਂ ਆਏ

ਪਾਕਿਸਤਾਨ ਦੇ ਪ੍ਰਧਾਨ ਮੰਤਰੀ ਸ਼ਹਿਬਾਜ਼ ਸ਼ਰੀਫ਼
ਤਸਵੀਰ ਕੈਪਸ਼ਨ, ਪਾਕਿਸਤਾਨ ਦੇ ਪ੍ਰਧਾਨ ਮੰਤਰੀ ਸ਼ਾਹਬਾਜ਼ ਸ਼ਰੀਫ਼
ਪ੍ਰਕਾਸ਼ਿਤ
ਪੜ੍ਹਨ ਦਾ ਸਮਾਂ: 6 ਮਿੰਟ

ਭਾਰਤ ਅਤੇ ਪਾਕਿਸਤਾਨ ਵਿਚਾਲੇ ਕ੍ਰਿਕਟ ਮੁਕਾਬਲਾ ਆਪਣੇ ਰੋਮਾਂਚ ਅਤੇ ਸਖ਼ਤ ਮੁਕਾਬਲੇਬਾਜ਼ੀ ਲਈ ਜਾਣਿਆ ਜਾਂਦਾ ਹੈ। ਪਰ ਦੋਵਾਂ ਟੀਮਾਂ ਵਿਚਾਲੇ ਹਾਲ ਹੀ ਵਿੱਚ ਹੋਇਆ ਮੁਕਾਬਲਾ ਇੱਕ ਵੱਖਰੇ ਹੀ ਮਾਹੌਲ ਵਿੱਚ ਖੇਡਿਆ ਗਿਆ।

ਇਹ ਮੁਕਾਬਲਾ ਹਾਂਗਕਾਂਗ ਸਿਕਸੇਸ 2026 ਵਿੱਚ ਖੇਡਿਆ ਗਿਆ, ਜੋ ਆਈਸੀਸੀ ਦੇ ਵੱਡੇ ਟੂਰਨਾਮੈਂਟਾਂ ਤੋਂ ਵੱਖ ਛੇ-ਛੇ ਖਿਡਾਰੀਆਂ ਵਾਲੀਆਂ ਟੀਮਾਂ ਵਿਚਾਲੇ ਖੇਡੀ ਜਾਣ ਵਾਲਾ ਇੱਕ ਵਿਸ਼ੇਸ਼ ਟੂਰਨਾਮੈਂਟ ਹੈ।

ਪਾਕਿਸਤਾਨ ਨੇ ਮੋਂਗ ਕੋਕ ਦੇ ਮਿਸ਼ਨ ਰੋਡ ਗਰਾਊਂਡ ਵਿੱਚ ਭਾਰਤ ਨੂੰ ਚਾਰ ਵਿਕਟਾਂ ਨਾਲ ਹਰਾ ਦਿੱਤਾ। ਹਾਲਾਂਕਿ, ਇਹ ਨਤੀਜਾ ਅੰਤਰਰਾਸ਼ਟਰੀ ਕ੍ਰਿਕਟ ਦੇ ਸਿਖਰਲੇ ਪੱਧਰ 'ਤੇ ਦੋਵਾਂ ਟੀਮਾਂ ਵਿਚਾਲੇ ਹੋਣ ਵਾਲੇ ਆਮ ਮੁਕਾਬਲਿਆਂ ਤੋਂ ਕਾਫ਼ੀ ਵੱਖਰਾ ਸੀ।

ਪਾਕਿਸਤਾਨ ਦੀ ਇਸ ਜਿੱਤ 'ਤੇ ਪ੍ਰਧਾਨ ਮੰਤਰੀ ਸ਼ਾਹਬਾਜ਼ ਸ਼ਰੀਫ਼ ਨੇ ਉਤਸ਼ਾਹ ਨਾਲ ਪ੍ਰਤੀਕਿਰਿਆ ਦਿੱਤੀ ਅਤੇ ਸੋਸ਼ਲ ਮੀਡੀਆ ਪਲੇਟਫਾਰਮ ਐਕਸ 'ਤੇ ਟੀਮ ਨੂੰ ਵਧਾਈ ਦਿੱਤੀ।

ਸ਼ਰੀਫ਼ ਨੇ ਐਕਸ 'ਤੇ ਲਿਖਿਆ, "ਹਾਂਗਕਾਂਗ ਸਿਕਸੇਸ 2026 ਦੇ ਪਹਿਲੇ ਮੁਕਾਬਲੇ ਵਿੱਚ ਭਾਰਤ ਖ਼ਿਲਾਫ਼ ਸ਼ਾਨਦਾਰ ਚਾਰ ਵਿਕਟਾਂ ਨਾਲ ਜਿੱਤ ਲਈ ਸਾਡੇ ਖਿਡਾਰੀਆਂ ਨੂੰ ਵਧਾਈ! ਇਹ ਕ੍ਰਿਕਟ ਦਾ ਇੱਕ ਚੰਗਾ ਮੁਕਾਬਲਾ ਸੀ।"

ਉਨ੍ਹਾਂ ਨੇ ਪਾਕਿਸਤਾਨ ਕ੍ਰਿਕਟ ਬੋਰਡ (ਪੀਸੀਬੀ) ਦੇ ਪ੍ਰਧਾਨ ਮੋਹਸਿਨ ਨਕਵੀ ਅਤੇ ਉਨ੍ਹਾਂ ਦੀ ਟੀਮ ਦੀ ਵੀ ਤਾਰੀਫ਼ ਕੀਤੀ। ਉਨ੍ਹਾਂ ਨੇ ਖਿਡਾਰੀਆਂ ਦੀ ਤਿਆਰੀ ਅਤੇ ਉਨ੍ਹਾਂ ਨੂੰ ਸਮਰਥਨ ਦੇਣ ਲਈ ਕੀਤੇ ਗਏ ਯਤਨਾਂ ਦੀ ਸ਼ਲਾਘਾ ਕੀਤੀ।

ਹਾਲਾਂਕਿ, ਪ੍ਰਧਾਨ ਮੰਤਰੀ ਵੱਲੋਂ ਇਸ ਜਿੱਤ ਦਾ ਜਨਤਕ ਤੌਰ 'ਤੇ ਜਸ਼ਨ ਮਨਾਉਣਾ ਸਾਰਿਆਂ ਨੂੰ ਪਸੰਦ ਨਹੀਂ ਆਇਆ। ਕ੍ਰਿਕਟ ਪ੍ਰਸ਼ੰਸਕਾਂ ਨੇ ਉਨ੍ਹਾਂ ਨੂੰ ਯਾਦ ਦਿਵਾਉਣ ਦਾ ਮੌਕਾ ਨਹੀਂ ਛੱਡਿਆ ਕਿ ਇਹ ਸਿਰਫ਼ ਹਾਂਗਕਾਂਗ ਸਿਕਸੇਸ ਸੀ, ਵਿਸ਼ਵ ਕੱਪ ਨਹੀਂ।

ਸ਼ਾਹਬਾਜ਼ ਸ਼ਰੀਫ਼ ਦੀ ਪੋਸਟ 'ਤੇ ਕ੍ਰਿਕਟ ਪ੍ਰਸ਼ੰਸਕਾਂ ਦੀਆਂ ਤੰਜ ਭਰੀਆਂ ਪ੍ਰਤੀਕਿਰਿਆਵਾਂ

ਪਾਕਿਸਤਾਨ ਦੇ ਅਹਿਮਦ ਦਾਨਿਆਲ ਲਤੀਫ਼
ਤਸਵੀਰ ਕੈਪਸ਼ਨ, 30 ਅਕਤੂਬਰ, 2026 ਨੂੰ ਚੀਨ ਦੇ ਹਾਂਗਕਾਂਗ ਵਿੱਚ ਟਿਨ ਕਵੋਂਗ ਰੋਡ ਰਿਕ੍ਰੀਏਸ਼ਨ ਗਰਾਊਂਡ ਵਿਖੇ ਹਾਂਗਕਾਂਗ ਸਿਕਸੇਸ ਟੂਰਨਾਮੈਂਟ ਵਿੱਚ ਭਾਰਤ ਅਤੇ ਪਾਕਿਸਤਾਨ ਵਿਚਾਲੇ ਗਰੁੱਪ ਸੀ ਦੇ ਮੁਕਾਬਲੇ ਦੌਰਾਨ ਪਾਕਿਸਤਾਨ ਦੇ ਅਹਿਮਦ ਦਾਨਿਆਲ ਲਤੀਫ਼

ਸਭ ਤੋਂ ਮਜ਼ੇਦਾਰ ਪ੍ਰਤੀਕਿਰਿਆਵਾਂ ਵਿੱਚੋਂ ਇੱਕ ਸਾਬਕਾ ਭਾਰਤੀ ਕ੍ਰਿਕਟਰ ਅਜੈ ਜਡੇਜਾ ਦੇ ਪੈਰੋਡੀ ਅਕਾਊਂਟ ਵੱਲੋਂ ਆਈ। ਇਸ ਅਕਾਊਂਟ ਨੇ ਵਿਅੰਗਮਈ ਅੰਦਾਜ਼ ਵਿੱਚ ਪਾਕਿਸਤਾਨ ਨੂੰ ਕਥਿਤ "ਹਾਂਗਕਾਂਗ ਸਿਕਸੇਸ ਵਿਸ਼ਵ ਕੱਪ" ਜਿੱਤਣ ਦੀ ਵਧਾਈ ਦਿੱਤੀ।

ਪੈਰੋਡੀ ਅਕਾਊਂਟ ਵੱਲੋਂ ਲਿਖਿਆ ਗਿਆ, "ਭਾਰਤ ਖ਼ਿਲਾਫ਼ ਹਾਂਗਕਾਂਗ ਸਿਕਸੇਸ ਵਿਸ਼ਵ ਕੱਪ ਦਾ ਮੁਕਾਬਲਾ ਜਿੱਤਣ ਲਈ ਵਧਾਈ। ਹੁਣ ਜਿੱਤ ਦੀ ਪਰੇਡ ਦਾ ਸਮਾਂ ਹੈ।"

ਸੀਨੀਅਰ ਖੇਡ ਪੱਤਰਕਾਰ ਵਿਕਰਾਂਤ ਗੁਪਤਾ ਵੀ ਸ਼ਰੀਫ਼ ਦੀ ਪੋਸਟ ਦੇਖ ਕੇ ਹੈਰਾਨ ਰਹਿ ਗਏ। ਉਨ੍ਹਾਂ ਨੇ ਸਿਰਫ਼ ਇੰਨਾ ਪੁੱਛਿਆ, "ਸੱਚਮੁੱਚ??"

ਉੱਥੇ ਹੀ, ਪਾਕਿਸਤਾਨ ਦੇ ਇੱਕ ਪ੍ਰਸ਼ੰਸਕ ਨੇ ਵੀ ਸ਼ਰੀਫ਼ ਦੀ ਵਧਾਈ 'ਤੇ ਤੰਜ ਕੀਤਾ।

ਲਾਹੌਰੀ ਗਾਈ ਨਾਮ ਦੇ ਯੂਜ਼ਰ ਨੇ ਲਿਖਿਆ, "ਕਿਰਪਾ ਕਰਕੇ ਸਾਨੂੰ ਸ਼ਰਮਿੰਦਾ ਕਰਨਾ ਬੰਦ ਕਰੋ।" ਇਸ ਤੋਂ ਬਾਅਦ ਉਨ੍ਹਾਂ ਲਿਖਿਆ, "ਪਿਛਲੇ ਪੰਜ ਸਾਲਾਂ ਵਿੱਚ ਆਈਸੀਸੀ ਦੇ ਹਰ ਮੁਕਾਬਲੇ ਵਿੱਚ ਭਾਰਤ ਖ਼ਿਲਾਫ਼ ਪਾਕਿਸਤਾਨ ਦੀ ਬੁਰੀ ਤਰ੍ਹਾਂ ਹਾਰ ਹੋਈ ਹੈ ਅਤੇ ਤੁਸੀਂ ਹਾਂਗਕਾਂਗ ਸਿਕਸੇਸ ਦੀ ਅਜਿਹੀ ਜਿੱਤ ਦਾ ਜਸ਼ਨ ਮਨਾ ਰਹੇ ਹੋ, ਜਿਸ ਦੀ ਕੋਈ ਅਹਿਮੀਅਤ ਨਹੀਂ ਹੈ।"

ਦਰਅਸਲ, ਪੁਰਸ਼ਾਂ ਦੇ ਦੋ ਪ੍ਰਮੁੱਖ ਵਿਸ਼ਵ ਕੱਪ ਮੁਕਾਬਲਿਆਂ ਵਿੱਚ ਭਾਰਤ ਦਾ ਪਾਕਿਸਤਾਨ ਖ਼ਿਲਾਫ਼ ਰਿਕਾਰਡ ਕਾਫ਼ੀ ਮਜ਼ਬੂਤ ਰਿਹਾ ਹੈ। ਭਾਰਤ ਨੇ ਇੱਕ ਰੋਜ਼ਾ ਵਿਸ਼ਵ ਕੱਪ ਵਿੱਚ ਦੋਵਾਂ ਟੀਮਾਂ ਵਿਚਾਲੇ ਹੋਏ ਸਾਰੇ ਅੱਠ ਮੁਕਾਬਲੇ ਜਿੱਤੇ ਹਨ। ਉੱਥੇ ਹੀ, ਟੀ-20 ਵਿਸ਼ਵ ਕੱਪ ਵਿੱਚ ਭਾਰਤ 8-1 ਨਾਲ ਅੱਗੇ ਹੈ। ਪਾਕਿਸਤਾਨ ਨੂੰ ਇਸ ਟੂਰਨਾਮੈਂਟ ਵਿੱਚ ਇੱਕੋ-ਇੱਕ ਜਿੱਤ 2021 ਵਿੱਚ ਮਿਲੀ ਸੀ।

ਖੇਡ ਪੱਤਰਕਾਰ ਗੌਰਵ ਕਾਲਰਾ ਨੇ ਵੀ ਇਸ 'ਤੇ ਪ੍ਰਤੀਕਿਰਿਆ ਦਿੱਤੀ। ਉਨ੍ਹਾਂ ਨੇ ਇਸ ਪ੍ਰਤੀਕਿਰਿਆ ਦੀ ਤੁਲਨਾ ਪੈਰਿਸ ਓਲੰਪਿਕ 2024 ਵਿੱਚ ਨੀਰਜ ਚੋਪੜਾ ਦੇ ਪਿੱਛੇ ਰਹਿੰਦੇ ਹੋਏ, ਪਾਕਿਸਤਾਨ ਦੇ ਅਰਸ਼ਦ ਨਦੀਮ ਵੱਲੋਂ ਸੋਨ ਤਮਗਾ ਜਿੱਤਣ ਸਮੇਂ ਦਿੱਤੀਆਂ ਗਈਆਂ ਪ੍ਰਤੀਕਿਰਿਆਵਾਂ ਨਾਲ ਕੀਤੀ।

ਕਾਲਰਾ ਨੇ ਲਿਖਿਆ, "ਬਹੁਤ ਵੱਡੀ ਗੱਲ। ਓਨੀ ਹੀ ਵੱਡੀ ਜਿੰਨੀ ਅਰਸ਼ਦ ਦਾ ਨੀਰਜ ਨੂੰ ਹਰਾ ਕੇ ਓਲੰਪਿਕ ਸੋਨ ਤਮਗਾ ਜਿੱਤਣਾ। ਸ਼ਾਇਦ ਉਸ ਤੋਂ ਵੀ ਵੱਡੀ। ਕਈ ਵਾਰ ਲੱਗਦਾ ਹੈ ਕਿ ਅਸੀਂ ਸਾਰੇ ਕਿਸੇ ਸਿਮੂਲੇਸ਼ਨ ਵਿੱਚ ਜੀ ਰਹੇ ਹਾਂ।"

ਇੱਕ ਹੋਰ ਪੱਤਰਕਾਰ ਭਰਤ ਰਾਮਰਾਜ ਨੇ ਪ੍ਰਧਾਨ ਮੰਤਰੀ ਵੱਲੋਂ ਇਸ ਜਿੱਤ ਦਾ ਜਸ਼ਨ ਮਨਾਉਣ 'ਤੇ ਸਵਾਲ ਚੁੱਕਦਿਆਂ ਲਿਖਿਆ, "ਇੱਕ ਪ੍ਰਧਾਨ ਮੰਤਰੀ ਹਾਂਗਕਾਂਗ ਸਿਕਸੇਸ ਬਾਰੇ ਗੱਲ ਕਰ ਰਹੇ ਹਨ।"

ਖੇਡਾਂ ਦੇ ਅੰਕੜਿਆਂ 'ਤੇ ਕੰਮ ਕਰਨ ਵਾਲੇ ਪੱਤਰਕਾਰ ਅਜ਼ੀਮ ਸਿੱਦੀਕੀ ਨੇ ਲਿਖਿਆ, "ਕਿਸੇ ਨੂੰ ਪ੍ਰਧਾਨ ਮੰਤਰੀ ਸ਼ਹਿਬਾਜ਼ ਸ਼ਰੀਫ਼ ਨੂੰ ਦੱਸਣਾ ਚਾਹੀਦਾ ਹੈ ਕਿ ਹਾਂਗਕਾਂਗ ਸੁਪਰ ਸਿਕਸੇਸ ਕੋਈ ਗੰਭੀਰ ਟੂਰਨਾਮੈਂਟ ਨਹੀਂ ਹੈ। ਕਿਰਪਾ ਕਰਕੇ ਟੀਮ ਨੂੰ ਵਧਾਈ ਦੇਣਾ ਬੰਦ ਕਰੋ।"

ਚੇੱਨਈ ਸੁਪਰ ਕਿੰਗਜ਼ (ਸੀਐੱਸਕੇ) ਦੇ ਇੱਕ ਪ੍ਰਸ਼ੰਸਕ ਸ਼੍ਰੀਨੀ ਮਾਮਾ ਨੇ ਲਿਖਿਆ, "ਇਹ ਕਿਹੋ ਜਿਹੀ ਵਧਾਈ ਹੈ!"

ਅਖ਼ੀਰ ਵਿੱਚ, ਇੱਕ ਪ੍ਰਸ਼ੰਸਕ ਨੇ ਮਜ਼ਾਕੀਆ ਅੰਦਾਜ਼ ਵਿੱਚ ਪੁਸ਼ਟੀ ਕੀਤੀ ਕਿ ਪਾਕਿਸਤਾਨ ਦੇ ਪ੍ਰਧਾਨ ਮੰਤਰੀ ਦੀ ਪੋਸਟ ਕੋਈ ਪੈਰੋਡੀ ਨਹੀਂ ਸੀ। ਉਨ੍ਹਾਂ ਨੇ ਲਿਖਿਆ, "ਨਹੀਂ, ਇਹ ਕੋਈ ਪੈਰੋਡੀ ਅਕਾਊਂਟ ਨਹੀਂ ਹੈ।"

ਭਾਰਤ ਦਾ ਪ੍ਰਦਰਸ਼ਨ

ਭਾਰਤ ਦੇ ਕ੍ਰੁਣਾਲ ਪਾਂਡਿਆ ਅਤੇ ਰਾਹੁਲ ਤ੍ਰਿਪਾਠੀ
ਤਸਵੀਰ ਕੈਪਸ਼ਨ, 30 ਅਕਤੂਬਰ, 2026 ਨੂੰ ਚੀਨ ਦੇ ਹਾਂਗਕਾਂਗ ਵਿੱਚ ਟਿਨ ਕਵੋਂਗ ਰੋਡ ਰਿਕ੍ਰੀਏਸ਼ਨ ਗਰਾਊਂਡ ਵਿਖੇ ਹਾਂਗਕਾਂਗ ਸਿਕਸੇਸ ਟੂਰਨਾਮੈਂਟ ਵਿੱਚ ਭਾਰਤ ਅਤੇ ਪਾਕਿਸਤਾਨ ਵਿਚਾਲੇ ਗਰੁੱਪ ਸੀ ਦੇ ਮੁਕਾਬਲੇ ਦੌਰਾਨ ਭਾਰਤ ਦੇ ਕ੍ਰੁਣਾਲ ਪਾਂਡਿਆ ਅਤੇ ਰਾਹੁਲ ਤ੍ਰਿਪਾਠੀ

ਹਾਂਗਕਾਂਗ ਸਿਕਸੇਸ ਕੱਪ ਦੇ ਸੈਮੀਫਾਈਨਲ ਵਿੱਚ ਜਗ੍ਹਾ ਬਣਾਉਣ ਲਈ ਭਾਰਤ ਨੂੰ ਆਪਣੇ ਗਰੁੱਪ ਵਿੱਚ ਪਹਿਲੇ ਸਥਾਨ 'ਤੇ ਰਹਿਣਾ ਪਵੇਗਾ।

ਭਾਰਤ ਦਾ ਗਰੁੱਪ ਪੜਾਅ ਦਾ ਇੱਕ ਮੁਕਾਬਲਾ ਸ਼ਨੀਵਾਰ, 31 ਅਕਤੂਬਰ ਨੂੰ ਸੰਯੁਕਤ ਅਰਬ ਅਮੀਰਾਤ (ਯੂਏਈ) ਖ਼ਿਲਾਫ਼ ਬਾਕੀ ਹੈ।

ਯੂਏਈ ਪਹਿਲਾਂ ਹੀ ਪਾਕਿਸਤਾਨ ਨੂੰ ਇੱਕ ਵਿਕਟ ਨਾਲ ਹਰਾ ਚੁੱਕਾ ਹੈ, ਜਦਕਿ ਪਾਕਿਸਤਾਨ ਨੇ ਇਸ ਹਾਰ ਤੋਂ ਬਾਅਦ ਵਾਪਸੀ ਕਰਦਿਆਂ ਭਾਰਤ ਨੂੰ ਚਾਰ ਵਿਕਟਾਂ ਨਾਲ ਮਾਤ ਦਿੱਤੀ। ਇਸ ਕਾਰਨ ਗਰੁੱਪ ਸੀ ਵਿੱਚ ਤਿੰਨੇ ਟੀਮਾਂ ਵੱਖ-ਵੱਖ ਸਥਾਨਾਂ 'ਤੇ ਪਹੁੰਚਣ ਦੀ ਦੌੜ ਵਿੱਚ ਬਣੀਆਂ ਹੋਈਆਂ ਹਨ।

ਯੂਏਈ ਖ਼ਿਲਾਫ਼ ਜਿੱਤ ਨਾਲ ਭਾਰਤ ਨੂੰ ਦੋ ਅੰਕ ਮਿਲਣਗੇ ਅਤੇ ਤਿੰਨੇ ਟੀਮਾਂ ਅੰਕਾਂ ਦੇ ਮਾਮਲੇ ਵਿੱਚ ਬਰਾਬਰੀ 'ਤੇ ਆ ਜਾਣਗੀਆਂ। ਇਸ ਤੋਂ ਬਾਅਦ ਨੈੱਟ ਰਨ ਰੇਟ ਦੇ ਆਧਾਰ 'ਤੇ ਗਰੁੱਪ ਦੀ ਅੰਤਿਮ ਸਥਿਤੀ ਤੈਅ ਹੋਵੇਗੀ।

ਗਰੁੱਪ ਵਿੱਚ ਸਿਖਰਲਾ ਸਥਾਨ ਹਾਸਿਲ ਕਰਨ ਲਈ ਭਾਰਤੀ ਟੀਮ ਸਾਹਮਣੇ ਇਹ ਸਮੀਕਰਨ ਹਨ:

ਜੇ ਭਾਰਤ ਪਹਿਲਾਂ ਬੱਲੇਬਾਜ਼ੀ ਕਰਦਾ ਹੈ: ਭਾਰਤ ਨੂੰ 104/116/128/140 ਦੌੜਾਂ ਬਣਾਉਣੀਆਂ ਪੈਣਗੀਆਂ ਅਤੇ ਯੂਏਈ ਨੂੰ ਕ੍ਰਮਵਾਰ 30/40/50/60 ਦੌੜਾਂ 'ਤੇ ਰੋਕਣਾ ਹੋਵੇਗਾ।

ਜੇ ਭਾਰਤ ਟੀਚੇ ਦਾ ਪਿੱਛਾ ਕਰਦਾ ਹੈ: ਭਾਰਤ ਨੂੰ 31/41/51/61/71/81 ਦੌੜਾਂ ਦੇ ਟੀਚੇ ਕ੍ਰਮਵਾਰ 1.2/1.3/1.4/1.5/1.5 ਓਵਰਾਂ ਵਿੱਚ ਹਾਸਿਲ ਕਰਨੇ ਪੈਣਗੇ।

ਭਾਰਤ ਲਈ ਯੂਏਈ ਖ਼ਿਲਾਫ਼ ਪਹਿਲਾਂ ਬੱਲੇਬਾਜ਼ੀ ਕਰਨਾ ਜ਼ਰੂਰੀ ਹੈ।

ਧਿਆਨ ਦੇਣ ਵਾਲੀ ਗੱਲ ਇਹ ਹੈ ਕਿ ਯੂਏਈ ਖ਼ਿਲਾਫ਼ ਜਿੱਤ ਦੇ ਬਾਵਜੂਦ ਭਾਰਤ ਤੀਜੇ ਸਥਾਨ 'ਤੇ ਰਹਿ ਸਕਦਾ ਹੈ, ਕਿਉਂਕਿ ਉਸ ਦਾ ਨੈੱਟ ਰਨ ਰੇਟ ਬੇਹੱਦ ਖ਼ਰਾਬ, ਯਾਨੀ -9.072 ਹੈ।

ਸਪਸ਼ਟ ਹੈ ਕਿ ਜੇ ਭਾਰਤ ਇਹ ਮੁਕਾਬਲਾ ਹਾਰ ਜਾਂਦਾ ਹੈ ਤਾਂ ਭਾਰਤ ਤੀਜੇ ਸਥਾਨ 'ਤੇ ਰਹੇਗਾ ਅਤੇ ਉਸ ਨੂੰ ਬਾਊਲ ਸੈਮੀਫਾਈਨਲ ਵਿੱਚ ਖੇਡਣਾ ਪਵੇਗਾ।

ਭਾਰਤ ਅਤੇ ਯੂਏਈ ਵਿਚਾਲੇ ਮੁਕਾਬਲਾ ਸ਼ਨੀਵਾਰ ਨੂੰ ਮੋਂਗ ਕੋਕ ਦੇ ਮਿਸ਼ਨ ਰੋਡ ਗਰਾਊਂਡ ਵਿੱਚ ਸਵੇਰੇ 10:35 ਵਜੇ (ਹਾਂਗਕਾਂਗ ਦੇ ਸਥਾਨਕ ਸਮੇਂ ਮੁਤਾਬਕ) ਜਾਂ ਭਾਰਤੀ ਸਮੇਂ ਅਨੁਸਾਰ ਸਵੇਰੇ 8:05 ਵਜੇ ਸ਼ੁਰੂ ਹੋਵੇਗਾ।

ਬੀਬੀਸੀ ਲਈ ਕਲੈਕਟਿਵ ਨਿਊਜ਼ਰੂਮ ਵੱਲੋਂ ਪ੍ਰਕਾਸ਼ਿਤ

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTER, WhatsApp ਅਤੇ YouTube 'ਤੇ ਜੁੜੋ।)