'ਸੈਕਸ, ਰਣਨੀਤੀ ਅਤੇ ਤਾਕਤ ਦੀ ਕਹਾਣੀ': ਹੋਮਰ ਦੀ ਓਡੀਸੀ ਦੀ ਕਹਾਣੀ ਨੂੰ ਔਰਤਾਂ ਕਿਵੇਂ ਰੂਪ ਦਿੰਦੀਆਂ ਹਨ

ਤਸਵੀਰ ਸਰੋਤ, Alamy
- ਲੇਖਕ, ਡੇਜ਼ੀ ਡਨ
- ਰੋਲ, ਬੀਬੀਸੀ ਨਿਊਜ਼
- ਪ੍ਰਕਾਸ਼ਿਤ
- ਪੜ੍ਹਨ ਦਾ ਸਮਾਂ: 8 ਮਿੰਟ
2,800 ਸਾਲ ਪੁਰਾਣੀ ਇੱਕ ਮਹਾਕਾਵਿ ਕਵਿਤਾ ਨੂੰ ਹੁਣ ਵੱਡੇ ਪਰਦੇ ਲਈ ਰੂਪਾਂਤਰਿਤ ਕੀਤਾ ਗਿਆ ਹੈ।
ਇਹ ਸਿਰਫ਼ ਬਹਾਦਰੀ ਦੀ ਇੱਕ ਸਿੱਧੀ-ਸਾਦੀ ਕਹਾਣੀ ਨਹੀਂ ਹੈ। ਇਸ ਦਾ ਮੁੱਖ ਪਾਤਰ ਓਡੀਸੀਅਸ ਇੱਕ ਬਹਾਦਰ ਮਰਦ ਹੈ, ਪਰ ਕਹਾਣੀ ਉਸ ਦੇ ਸਫ਼ਰ ਦੌਰਾਨ ਮਿਲਣ ਵਾਲੀਆਂ ਔਰਤਾਂ, ਅਪਸਰਾਵਾਂ, ਜਾਦੂਗਰਨੀਆਂ ਅਤੇ ਦੇਵੀਆਂ ਦੀਆਂ ਰਣਨੀਤੀਆਂ, ਚਲਾਕੀਆਂ ਅਤੇ ਆਕਰਸ਼ਣ ਨਾਲ ਅੱਗੇ ਵਧਦੀ ਹੈ।
ਇਹੀ ਗੱਲ ਓਡੀਸੀਅਸ ਨੂੰ ਇੱਕ ਬਹੁਤ ਹੀ ਮਨੁੱਖੀ ਕਿਰਦਾਰ ਬਣਾਉਂਦੀ ਹੈ।
ਮਹਾਕਾਵਿ ਕਵਿਤਾ 'ਦਿ ਓਡੀਸੀ ' ਵਿੱਚ ਯੂਨਾਨ ਦੇ ਮਿਥਿਹਾਸਕ ਸਿਪਾਹੀ ਓਡੀਸੀਅਸ ਦੀ ਕਹਾਣੀ ਦੱਸੀ ਗਈ ਹੈ, ਜੋ ਟਰੌਜਨ ਦੀ ਜੰਗ ਵਿੱਚ ਕਈ ਸਾਲ ਲੜਨ ਤੋਂ ਬਾਅਦ ਆਪਣੇ ਰਾਜ ਇਥਾਕਾ ਵਾਪਸ ਪਰਤਣ ਦੀ ਕੋਸ਼ਿਸ਼ ਕਰਦਾ ਹੈ।
ਘਰ ਵਾਪਸੀ ਦਾ ਉਸ ਦਾ ਇਹ ਖ਼ਤਰਨਾਕ ਸਫ਼ਰ ਦਸ ਸਾਲ ਤੱਕ ਚੱਲਦਾ ਹੈ ਅਤੇ ਇਸ ਦੌਰਾਨ ਉਸ ਨੂੰ ਕਈ ਔਖੀਆਂ ਚੁਣੌਤੀਆਂ ਅਤੇ ਖ਼ਤਰਿਆਂ ਦਾ ਸਾਹਮਣਾ ਕਰਨਾ ਪੈਂਦਾ ਹੈ।
ਇਹ ਕਹਾਣੀ ਕ੍ਰਿਸਟੋਫਰ ਨੋਲਨ ਦੀ ਫ਼ਿਲਮੀ ਰੂਪਾਂਤਰ ਰਾਹੀਂ ਵੱਡੇ ਪਰਦੇ 'ਤੇ ਵੀ ਵੇਖੀ ਜਾ ਰਹੀ ਹੈ, ਜਿਸ ਵਿੱਚ ਮੈਟ ਡੇਮਨ ਸਮੇਤ ਕਈ ਹੋਰ ਮਸ਼ਹੂਰ ਅਦਾਕਾਰ ਹਨ।
ਕਹਾਣੀ ਦਾ ਮੁੱਖ ਪਾਤਰ ਭਾਵੇਂ ਇੱਕ ਮਰਦ ਹੈ, ਪਰ 'ਦਿ ਓਡੀਸੀ' ਅਜਿਹੀ ਕਹਾਣੀ ਹੈ ਜਿਸ ਵਿੱਚ ਔਰਤਾਂ ਦਾ ਪ੍ਰਭਾਵ ਸਭ ਤੋਂ ਵੱਧ ਹੈ।
ਆਪਣੇ ਰਾਜ ਵਿੱਚ ਵਾਪਸ ਆਉਣ ਅਤੇ ਆਪਣਾ ਰਾਜ ਮੁੜ ਹਾਸਲ ਕਰਨ ਦੀ ਓਡੀਸੀਅਸ ਦੀ ਯਾਤਰਾ ਉਸ ਦੇ ਰਸਤੇ ਵਿੱਚ ਮਿਲਣ ਵਾਲੀਆਂ ਔਰਤਾਂ, ਨਿੰਫ਼ਾਂ (ਅਪਸਰਾਵਾਂ) ਅਤੇ ਦੇਵੀਆਂ ਦੀਆਂ ਰਣਨੀਤੀਆਂ ਅਤੇ ਆਕਰਸ਼ਣ ਨਾਲ ਹਰ ਮੋੜ 'ਤੇ ਪ੍ਰਭਾਵਿਤ ਹੁੰਦੀ ਹੈ।
'ਦਿ ਓਡੀਸੀ ' ਸਿਰਫ਼ ਬਹਾਦਰੀ ਦੀ ਸਿੱਧੀ-ਸਾਦੀ ਕਹਾਣੀ ਨਹੀਂ, ਸਗੋਂ ਸੈਕਸ, ਰਣਨੀਤੀ ਅਤੇ ਤਾਕਤ ਦੀ ਕਹਾਣੀ ਹੈ, ਜੋ ਅੱਜ ਵੀ ਲੋਕਾਂ ਨੂੰ ਆਪਣੇ ਨਾਲ ਜੋੜਦੀ ਹੈ।
ਇਹ ਮਹਾਕਾਵਿ 'ਇਨ ਮੀਡੀਆਸ ਰੇਸ ' ਅੰਦਾਜ਼ ਵਿੱਚ ਸ਼ੁਰੂ ਹੁੰਦਾ ਹੈ, ਜਿਸ ਦਾ ਮਤਲਬ ਹੈ ਕਹਾਣੀ ਨੂੰ ਵਿਚਕਾਰੋਂ ਸ਼ੁਰੂ ਕਰਨਾ। ਸ਼ੁਰੂ ਵਿੱਚ ਓਡੀਸੀਅਸ ਓਜੀਜੀਆ ਟਾਪੂ ਦੇ ਸਮੁੰਦਰੀ ਕੰਢੇ 'ਤੇ ਬੈਠਾ ਰੋ ਰਿਹਾ ਹੁੰਦਾ ਹੈ।
ਉਹ ਪਿਛਲੇ ਸੱਤ ਸਾਲਾਂ ਤੋਂ ਨਿੰਫ਼ ਕੈਲਿਪਸੋ ਨਾਲ ਉੱਥੇ ਰਹਿ ਰਿਹਾ ਹੈ। ਟਰੌਜਨ ਦੀ ਜੰਗ ਦੇ ਮੈਦਾਨ ਵਿੱਚ ਆਪਣੀ ਬਹਾਦਰੀ ਸਾਬਤ ਕਰਨ ਦੇ ਬਾਵਜੂਦ, ਇੱਥੇ ਉਹ ਪੂਰੀ ਤਰ੍ਹਾਂ ਬੇਬੱਸ ਨਜ਼ਰ ਆਉਂਦਾ ਹੈ।
ਇਹ ਗੱਲ ਇਸ ਤੱਥ ਨਾਲ ਹੋਰ ਵੀ ਸਪੱਸ਼ਟ ਹੁੰਦੀ ਹੈ ਕਿ ਉਸ ਨੂੰ ਉਸ ਟਾਪੂ ਤੋਂ ਆਜ਼ਾਦ ਕਰਵਾਉਣ ਲਈ ਦੇਵਤਿਆਂ ਦੀ ਸਭਾ ਬੁਲਾਉਣੀ ਪੈਂਦੀ ਹੈ।

ਤਸਵੀਰ ਸਰੋਤ, Alamy
ਪਰ ਓਡੀਸੀਅਸ ਕੈਲਿਪਸੋ ਦਾ ਇੰਨਾ ਕੈਦੀ ਨਹੀਂ ਹੈ, ਜਿੰਨਾ ਉਹ ਆਪਣੇ ਆਪ ਦਾ ਕੈਦੀ ਹੈ।
ਅੱਜ ਦਾ ਪਾਠਕ ਉਸ ਦੀ ਇਸ ਹਾਲਤ ਨੂੰ, ਜਿਸ ਵਿੱਚ ਉਹ ਅੱਗੇ ਨਹੀਂ ਵੱਧ ਸਕਦਾ ਅਤੇ ਆਪਣੇ ਘਰ ਵਾਪਸੀ ਦਾ ਸਫ਼ਰ ਪੂਰਾ ਨਹੀਂ ਕਰ ਪਾ ਰਿਹਾ, ਪੋਸਟ-ਟ੍ਰੌਮੈਟਿਕ ਸਟ੍ਰੈੱਸ ਡਿਸਆਰਡਰ (ਪੀਟੀਐੱਸਡੀ) ਦਾ ਲੱਛਣ ਮੰਨ ਸਕਦਾ ਹੈ।
ਇਸ ਦਾ ਇਹ ਮਤਲਬ ਨਹੀਂ ਕਿ ਕੈਲਿਪਸੋ ਦਾ ਉਸ ਉੱਤੇ ਕੋਈ ਅਸਰ ਨਹੀਂ ਸੀ। ਓਡੀਸੀਅਸ ਖ਼ੁਦ ਕੈਲਿਪਸੋ ਨੂੰ ਕਹਿੰਦਾ ਹੈ ਕਿ ਉਸ ਦੀ ਪਤਨੀ ਪੈਨੇਲੋਪੀ ਸੁੰਦਰਤਾ ਦੇ ਮਾਮਲੇ ਵਿੱਚ ਉਸ ਦੀ ਬਰਾਬਰੀ ਨਹੀਂ ਕਰ ਸਕਦੀ, ਕਿਉਂਕਿ ਉਹ ਤਾਂ ਇੱਕ ਆਮ ਇਨਸਾਨ ਹੈ।
ਓਡੀਸੀਅਸ ਦੀ ਪਤਨੀ ਪੇਨੇਲੋਪ ਨੇ ਆਪਣੇ ਪਤੀ ਦੀ ਲੰਬੀ ਗ਼ੈਰ-ਹਾਜ਼ਰੀ ਦੌਰਾਨ ਆਪਣੀ ਸਰਗਰਮੀ ਨੂੰ ਢਲਣ ਨਹੀਂ ਦਿੱਤਾ।
ਉਸ ਨੇ ਬਹਾਦਰੀ ਅਤੇ ਸਿਆਣਪ ਨਾਲ ਉਨ੍ਹਾਂ 108 ਚਾਹਵਾਨਾਂ ਦਾ ਸਾਹਮਣਾ ਕੀਤਾ, ਜੋ ਉਸ ਨਾਲ ਵਿਆਹ ਕਰਕੇ ਇਥਾਕਾ ਦਾ ਨਵਾਂ ਰਾਜਾ ਬਣਨਾ ਚਾਹੁੰਦੇ ਸਨ ਅਤੇ ਇਸੇ ਇਰਾਦੇ ਨਾਲ ਮਹਿਲ ਵਿੱਚ ਆ ਬੈਠੇ ਸਨ।
ਪੈਨੇਲੋਪੀ ਵੱਲੋਂ ਆਪਣੇ ਸਹੁਰੇ ਲਾਇਰਟੀਜ਼ ਲਈ ਕਫ਼ਨ ਬੁਣਨਾ ਅਤੇ ਫਿਰ ਹਰ ਰਾਤ ਉਸ ਨੂੰ ਉਧੇੜ ਦੇਣਾ ਇਸ ਮਹਾਕਾਵਿ ਦੇ ਸਭ ਤੋਂ ਯਾਦਗਾਰ ਪ੍ਰਸੰਗਾਂ ਵਿੱਚੋਂ ਇੱਕ ਹੈ।
ਇੱਕ ਤਰ੍ਹਾਂ ਨਾਲ ਕਹੀਏ ਤਾਂ ਉਹ ਹਮੇਸ਼ਾ ਬਦਲਦੀ ਰਹਿਣ ਵਾਲੀ ਸਥਿਤੀ ਵਿੱਚ ਹੈ। ਚਾਹਵਾਨਾਂ ਨੂੰ ਆਪਣੇ ਤੋਂ ਦੂਰ ਰੱਖਣ ਵਿੱਚ ਉਸ ਦੀ ਸਫ਼ਲਤਾ ਦਾ ਸਿੱਧਾ ਅਸਰ ਇਸ ਗੱਲ 'ਤੇ ਪੈਂਦਾ ਹੈ ਕਿ ਓਡੀਸੀਅਸ ਆਪਣਾ ਰਾਜ ਮੁੜ ਹਾਸਲ ਕਰ ਸਕੇਗਾ ਜਾਂ ਨਹੀਂ।

ਤਸਵੀਰ ਸਰੋਤ, Getty Images
ਇਹ ਗੱਲ ਮਹੱਤਵਪੂਰਨ ਹੈ ਕਿ ਦੇਵਤਿਆਂ ਵਿੱਚ ਓਡੀਸੀਅਸ ਦੀ ਸਭ ਤੋਂ ਵੱਡੀ ਸਹਾਇਕ ਇੱਕ ਦੇਵੀ ਹੈ। ਰਣਨੀਤੀ ਦੀ ਦੇਵੀ ਐਥੀਨਾ ਨੇ ਟਰੌਜਨ ਦੀ ਜੰਗ ਦੌਰਾਨ ਉਸ ਦੀ ਮਦਦ ਕੀਤੀ ਸੀ ਅਤੇ ਉਸ ਨੂੰ ਘਰ ਵਾਪਸ ਲਿਆਉਣ ਦੀ ਪਹਿਲ ਵੀ ਉਸੇ ਨੇ ਕੀਤੀ ਸੀ।
ਬਾਅਦ ਵਿੱਚ, ਜਦੋਂ ਓਡੀਸੀਅਸ ਕਮਜ਼ੋਰ ਹਾਲਤ ਵਿੱਚ ਫੇਅਕੀਅਨਾਂ ਦੀ ਧਰਤੀ 'ਤੇ ਪਹੁੰਚਦਾ ਹੈ, ਤਾਂ ਐਥੀਨਾ ਬਹੁਤ ਸਿਆਣਪ ਨਾਲ ਉਸ ਦੇ ਬਚਾਅ ਦਾ ਪ੍ਰਬੰਧ ਕਰਦੀ ਹੈ।
ਉਹ ਉਸ ਦੀ ਕਮਜ਼ੋਰੀ ਨੂੰ ਲੁਕਾ ਦਿੰਦੀ ਹੈ ਅਤੇ ਉਸ ਦੀ ਦਿੱਖ ਨੂੰ ਹੋਰ ਪ੍ਰਭਾਵਸ਼ਾਲੀ ਬਣਾ ਦਿੰਦੀ ਹੈ, ਤਾਂ ਜੋ ਉਹ ਕਿਸੇ ਦੇਵਤੇ ਵਰਗਾ ਲੱਗੇ ਅਤੇ ਫੇਅਕੀਅਨਾਂ ਦੀ ਮਸ਼ਹੂਰ ਮਹਿਮਾਨਨਵਾਜ਼ੀ ਦੇ ਯੋਗ ਦਿਖਾਈ ਦੇਵੇ।
ਇਸ ਨਾਲ ਓਡੀਸੀਅਸ ਸਮੁੰਦਰੀ ਯਾਤਰਾਵਾਂ ਲਈ ਮਸ਼ਹੂਰ ਫੇਅਕੀਅਨਾਂ ਦਾ ਭਰੋਸਾ ਜਿੱਤ ਲੈਂਦਾ ਹੈ। ਉਹ ਉਸ ਨੂੰ ਰਹਿਣ ਲਈ ਥਾਂ, ਖ਼ਜ਼ਾਨਾ ਅਤੇ ਇਥਾਕਾ ਤੱਕ ਸੁਰੱਖਿਅਤ ਵਾਪਸੀ ਦਾ ਪ੍ਰਬੰਧ ਕਰਦੇ ਹਨ।
ਧਿਆਨ ਦੇਣ ਵਾਲੀ ਗੱਲ ਇਹ ਹੈ ਕਿ ਜ਼ਿਆਦਾਤਰ ਮੌਕਿਆਂ 'ਤੇ, ਜਦੋਂ ਐਥੀਨਾ ਓਡੀਸੀਅਸ ਅਤੇ ਉਸ ਦੇ ਪੁੱਤਰ ਟੈਲੀਮੈਕਸ ਦੇ ਸਾਹਮਣੇ ਆਉਂਦੀ ਹੈ, ਤਾਂ ਉਹ ਆਪਣੇ ਆਪ ਨੂੰ ਇੱਕ ਮਰਦ ਦੇ ਰੂਪ ਵਿੱਚ ਛੁਪਾਉਂਦੀ ਹੈ।
ਉਦਾਹਰਨ ਲਈ, ਉਹ ਆਪਣੇ ਆਪ ਨੂੰ ਮੈਂਟੀਜ਼ ਦੇ ਰੂਪ ਵਿੱਚ ਪੇਸ਼ ਕਰਦੀ ਹੈ, ਜੋ ਇਥਾਕਾ ਦਾ ਇੱਕ ਦੋਸਤ ਰਾਜਾ ਹੈ ਅਤੇ ਇੱਕ ਹੋਰ ਵਾਰ ਫੇਅਕੀਅਨਾਂ ਦੇ ਇੱਕ ਮਰਦ ਸੰਦੇਸ਼ਵਾਹਕ ਦੇ ਰੂਪ ਵਿੱਚ ਵੀ ਸਾਹਮਣੇ ਆਉਂਦੀ ਹੈ।
ਐਥੀਨਾ ਇਹ ਗੱਲ ਚੰਗੀ ਤਰ੍ਹਾਂ ਜਾਣਦੀ ਹੈ ਕਿ ਧਰਤੀ 'ਤੇ ਤਾਕਤ ਭਾਵੇਂ ਮਰਦਾਂ ਦੇ ਹੱਥ ਵਿੱਚ ਹੁੰਦੀ ਹੈ, ਪਰ ਘਟਨਾਵਾਂ ਦਾ ਰੁਖ ਔਰਤਾਂ ਆਪਣੀ ਚਲਾਕੀ ਅਤੇ ਗੁਪਤ ਤਰੀਕਿਆਂ ਨਾਲ ਮੋੜਦੀਆਂ ਹਨ।
ਇਸ ਗੱਲ ਨੂੰ ਸਮਝਣ ਲਈ ਸਿਰਫ਼ ਉਨ੍ਹਾਂ ਪਾਤਰਾਂ ਨੂੰ ਦੇਖਣਾ ਹੀ ਕਾਫ਼ੀ ਹੈ, ਜਿਨ੍ਹਾਂ ਨੂੰ ਓਡੀਸੀਅਸ ਆਪਣੇ ਸਫ਼ਰ ਦੌਰਾਨ ਮਿਲਦਾ ਹੈ।
ਫੇਅਕੀਅਨਾਂ ਦੀ ਧਰਤੀ 'ਤੇ ਪਹੁੰਚਣ ਤੋਂ ਬਾਅਦ ਉਹ ਆਪਣੇ ਰਾਜਸੀ ਮੇਜ਼ਬਾਨਾਂ ਨੂੰ ਹੁਣ ਤੱਕ ਦੇ ਆਪਣੇ ਤਜਰਬੇ ਸੁਣਾਉਂਦਾ ਹੈ, ਜਿਨ੍ਹਾਂ ਵਿੱਚ ਲੋਟਸ ਖਾਣ ਵਾਲੇ ਲੋਕਾਂ ਤੋਂ ਲੈ ਕੇ ਸਾਈਕਲੋਪਸ ਤੱਕ ਦੀਆਂ ਮੁਲਾਕਾਤਾਂ ਸ਼ਾਮਲ ਹਨ।
ਓਡੀਸੀਅਸ ਵੱਲੋਂ ਦੱਸੀਆਂ ਮਿਥਿਹਾਸਕ ਔਰਤਾਂ ਦੀਆਂ ਕਹਾਣੀਆਂ ਅਕਸਰ ਸਭ ਤੋਂ ਵੱਧ ਡਰਾਉਣੀਆਂ ਲੱਗਦੀਆਂ ਹਨ, ਕਿਉਂਕਿ ਉਨ੍ਹਾਂ ਦੀ ਦਿੱਖ ਪਹਿਲੀ ਨਜ਼ਰ ਵਿੱਚ ਬਿਲਕੁਲ ਵੀ ਖ਼ਤਰਨਾਕ ਨਹੀਂ ਲੱਗਦੀ।
ਮਿੱਠੇ ਚਿਹਰਿਆਂ ਦੇ ਪਿੱਛੇ
ਮਿਸਾਲ ਵਜੋਂ, ਓਡੀਸੀਅਸ ਆਪਣੇ ਮੇਜ਼ਬਾਨਾਂ ਅੱਗੇ ਬਿਨ੍ਹਾਂ ਝਿਜਕ ਇਹ ਮੰਨਦਾ ਹੈ ਕਿ ਉਹ ਸਾਇਰਨਾਂ ਦਾ ਗੀਤ ਸੁਣਨ ਲਈ ਬਹੁਤ ਉਤਸੁਕ ਸੀ।
ਸਾਇਰਨਾਂ ਪੱਛਮੀ ਸਮੁੰਦਰ ਵਿੱਚ ਇੱਕ ਇਕਾਂਤ ਅਤੇ ਖ਼ਤਰਨਾਕ ਚੱਟਾਨਾਂ ਵਾਲੇ ਟਾਪੂ 'ਤੇ ਰਹਿੰਦੀਆਂ ਹਨ।
ਬਾਅਦ ਦੀਆਂ ਪਰੰਪਰਾਵਾਂ ਅਤੇ ਯੂਨਾਨੀ ਕਲਾ ਵਿੱਚ ਸਾਇਰਨਾਂ ਨੂੰ ਪੰਛੀਆਂ ਵਰਗੀਆਂ ਔਰਤਾਂ ਜਾਂ ਜਲਪਰੀਆਂ ਦੇ ਰੂਪ ਵਿੱਚ ਦਰਸਾਇਆ ਗਿਆ, ਪਰ ਓਡੀਸੀਅਸ ਉਨ੍ਹਾਂ ਦੇ ਸ਼ਹਿਦ ਵਰਗੇ ਮਿੱਠੇ ਗੀਤ ਦਾ ਵਰਣਨ ਕਰਦਾ ਹੈ, ਜਿਸ ਵਿੱਚ ਮਰਦਾਂ ਨੂੰ ਆਪਣੇ ਮੋਹ ਵਿੱਚ ਫਸਾ ਕੇ ਮੌਤ ਵੱਲ ਖਿੱਚ ਲੈ ਜਾਣ ਦੀ ਤਾਕਤ ਹੁੰਦੀ ਹੈ।
ਸਾਇਰਨਾਂ ਦੇ ਸਾਹਮਣੇ ਇੱਕ ਘਾਹ ਵਾਲਾ ਮੈਦਾਨ ਪਿਆ ਹੈ, ਜਿੱਥੇ ਉਨ੍ਹਾਂ ਬਹੁਤ ਸਾਰੇ ਲੋਕਾਂ ਦੀਆਂ ਹੱਡੀਆਂ ਖਿਲਰੀਆਂ ਹੋਈਆਂ ਹਨ, ਜੋ ਪਹਿਲਾਂ ਉਨ੍ਹਾਂ ਦਾ ਗੀਤ ਸੁਣਨ ਲਈ ਰੁਕੇ ਸਨ।
ਓਡੀਸੀਅਸ ਇਹ ਖ਼ਤਰਾ ਮੋਲ ਲੈਣ ਲਈ ਤਿਆਰ ਹੋ ਜਾਂਦਾ ਹੈ। ਉਹ ਆਪਣੇ ਸਾਥੀਆਂ ਨੂੰ ਕਹਿੰਦਾ ਹੈ ਕਿ ਉਸ ਨੂੰ ਜਹਾਜ਼ ਦੇ ਮਸਤੂਲ ਨਾਲ ਬੰਨ੍ਹ ਦਿੱਤਾ ਜਾਵੇ, ਤਾਂ ਜੋ ਉਹ ਉਸ ਮੋਹ ਲੈਣ ਵਾਲੇ ਸੰਗੀਤ ਦੇ ਪਿੱਛੇ ਸਮੁੰਦਰ ਵਿੱਚ ਛਾਲ ਨਾ ਮਾਰ ਸਕੇ।
ਸਾਇਰਨਾਂ ਦੀ ਆਵਾਜ਼ ਭਾਵੇਂ ਕਿੰਨੀ ਵੀ ਸੁੰਦਰ ਲੱਗੇ, ਪਰ ਉਹ ਮੌਤ ਦਾ ਕਾਰਨ ਬਣਦੀਆਂ ਹਨ।

ਤਸਵੀਰ ਸਰੋਤ, Alamy
ਸਰਸੀ ਵੀ ਇੱਕ ਹੋਰ ਖ਼ਤਰਨਾਕ ਸੁੰਦਰ ਔਰਤ ਸੀ। ਜਿਹੜਾ ਵੀ ਪਹਿਲੀ ਵਾਰ ਉਸ ਨੂੰ ਮਿਲਦਾ, ਉਹ ਸ਼ਾਇਦ ਉਸ ਨੂੰ ਖ਼ਤਰਨਾਕ ਨਾ ਸਮਝਦਾ, ਪਰ ਸਾਇਰਨਾਂ ਵਾਂਗ ਉਸ ਦੀ ਮਿੱਠੀ ਦਿੱਖ ਦੇ ਪਿੱਛੇ ਜਾਦੂਈ ਤਾਕਤਾਂ ਲੁਕੀਆਂ ਹੋਈਆਂ ਸਨ।
ਹੋਮਰ ਨੇ ਉਸ ਨੂੰ ਇੱਕ ਜਾਦੂਗਰਨੀ ਵਜੋਂ ਦਰਸਾਇਆ ਹੈ। ਉਸ ਕੋਲ ਅਜਿਹੀਆਂ ਜੜੀਆਂ-ਬੂਟੀਆਂ ਅਤੇ ਜਾਦੂਈ ਦਵਾਈਆਂ ਸਨ, ਜਿਨ੍ਹਾਂ ਨਾਲ ਉਹ ਓਡੀਸੀਅਸ ਦੇ ਸਾਥੀਆਂ ਨੂੰ ਸੂਰਾਂ ਵਿੱਚ ਬਦਲ ਦਿੰਦੀ ਸੀ।
ਹਾਲਾਂਕਿ, ਆਪਣੇ ਸਫ਼ਰ ਦੌਰਾਨ ਓਡੀਸੀਅਸ ਨੂੰ ਮਿਲਣ ਵਾਲੇ ਹੋਰ ਕਈ ਅਜੀਬ ਜੀਵਾਂ ਵਾਂਗ, ਸਰਸੀ ਸਿਰਫ਼ ਰੁਕਾਵਟ ਹੀ ਨਹੀਂ ਬਣਦੀ, ਸਗੋਂ ਉਸ ਦੀ ਮਦਦ ਵੀ ਕਰਦੀ ਹੈ।
ਭਾਵੇਂ ਉਹ ਓਡੀਸੀਅਸ ਨੂੰ ਆਪਣਾ ਪ੍ਰੇਮੀ ਬਣਾ ਲੈਂਦੀ ਹੈ, ਪਰ ਉਹ ਉਸ ਨੂੰ ਪਾਤਾਲ ਲੋਕ ਵਿੱਚ ਜਾਣ ਦਾ ਰਾਹ ਵੀ ਦਿਖਾਉਂਦੀ ਹੈ। ਉੱਥੇ ਉਸ ਦੀ ਮੁਲਾਕਾਤ ਪੈਗੰਬਰ ਟਾਇਰੀਸੀਅਸ ਨਾਲ ਹੁੰਦੀ ਹੈ, ਜੋ ਉਸ ਨੂੰ ਇਥਾਕਾ ਵਾਪਸ ਘਰ ਪਹੁੰਚਣ ਲਈ ਲੋੜੀਂਦੀ ਸਲਾਹ ਦਿੰਦਾ ਹੈ।
ਇਸ ਕਹਾਣੀ ਦਾ ਸਥਾਈ ਸੰਦੇਸ਼ ਇਹ ਹੈ ਕਿ ਔਰਤ ਰੂਪ ਵਾਲੇ ਰਾਖਸ਼ਾਂ ਅਤੇ ਮੋਹ ਲੈਣ ਵਾਲੀਆਂ ਨਿੰਫ਼ਾਂ ਨੂੰ ਸਿਰਫ਼ ਨਜ਼ਰਅੰਦਾਜ਼ ਨਹੀਂ ਕੀਤਾ ਜਾ ਸਕਦਾ।
ਕਾਮਯਾਬ ਹੋਣ ਲਈ ਓਡੀਸੀਅਸ ਨੂੰ ਇੱਕ ਹੱਦ ਤੱਕ ਉਨ੍ਹਾਂ ਅੱਗੇ ਝੁਕਣਾ ਪੈਂਦਾ ਹੈ, ਪਰ ਬਹੁਤ ਜ਼ਿਆਦਾ ਨਹੀਂ।
ਉਸ ਦੇ ਸਫ਼ਰ ਦੌਰਾਨ ਮਿਲਣ ਵਾਲੇ ਲੋਕ ਵਾਰ-ਵਾਰ ਉਸ ਦੇ ਇਰਾਦੇ ਅਤੇ ਸੰਜਮ ਬਣਾਈ ਰੱਖਣ ਦੀ ਸਮਰੱਥਾ ਦੀ ਪਰਖ ਕਰਦੇ ਹਨ। ਸੰਜਮ ਉਹ ਗੁਣ ਸੀ ਜਿਸ ਨੂੰ ਪ੍ਰਾਚੀਨ ਯੂਨਾਨੀ ਲੋਕ ਬਹੁਤ ਮਹੱਤਵ ਦਿੰਦੇ ਸਨ।

ਤਸਵੀਰ ਸਰੋਤ, Getty Images
ਜਿਹੜੇ ਪਾਠਕ ਉਸ ਦੇ ਹਿੰਮਤੀ ਤਜਰਬਿਆਂ ਨੂੰ ਸ਼ੱਕ ਦੀ ਨਜ਼ਰ ਨਾਲ ਦੇਖਦੇ ਹਨ ਅਤੇ ਸੋਚਦੇ ਹਨ ਕਿ ਇਹ ਸਭ ਉਸ ਦੀ ਆਪਣੀਆਂ ਬਣਾਈਆਂ ਹੋਈਆਂ ਕਹਾਣੀਆਂ ਹਨ, ਜਿਨ੍ਹਾਂ ਨੂੰ ਉਸ ਨੇ ਫੇਅਕੀਅਨਾਂ ਦਾ ਭਰੋਸਾ ਜਿੱਤਣ ਅਤੇ ਉਨ੍ਹਾਂ ਨੂੰ ਆਪਣੇ ਆਪ ਨੂੰ ਘਰ ਛੱਡਣ ਲਈ ਮਨਾਉਣ ਵਾਸਤੇ ਘੜਿਆ ਸੀ।
ਉਹ ਸਭ ਤੋਂ ਪਹਿਲਾਂ ਇਸ ਕਹਾਣੀ ਦੀ ਇਸ ਪ੍ਰਤੀਕਾਤਮਕ ਵਿਆਖਿਆ ਨੂੰ ਸਵੀਕਾਰ ਕਰਨਗੇ।
ਹੋ ਸਕਦਾ ਹੈ ਕਿ ਓਡੀਸੀਅਸ ਅਸਲ ਵਿੱਚ ਕਿਸੇ ਸਰੀਰਕ ਰਾਖਸ਼ ਨਾਲ ਨਹੀਂ, ਸਗੋਂ ਆਪਣੇ ਹੀ ਅੰਦਰਲੇ ਡਰਾਂ ਅਤੇ ਕਮਜ਼ੋਰੀਆਂ ਨਾਲ ਲੜ ਰਿਹਾ ਸੀ, ਜਿਨ੍ਹਾਂ ਵਿੱਚੋਂ ਬਹੁਤੀਆਂ ਉਨ੍ਹਾਂ ਦੇ ਦਿਖਣ ਨਾਲੋਂ ਕਿਤੇ ਵੱਧ ਖ਼ਤਰਨਾਕ ਸਾਬਤ ਹੁੰਦੀਆਂ ਹਨ।
ਓਡੀਸੀਅਸ ਦੀਆਂ ਕਹਾਣੀਆਂ ਦੀ ਇਹ ਫਿਸਲਣ ਵਾਲੀ ਖ਼ਾਸੀਅਤ, ਉਨ੍ਹਾਂ ਦੀ ਸ਼ਾਨ, ਰੰਗੀਨਤਾ ਅਤੇ ਵਿਸ਼ਵਾਸ ਦੀ ਹੱਦ ਨੂੰ ਵਧਾ ਦੇਣ ਦੀ ਸਮਰੱਥਾ, ਇਸ ਮਹਾਕਾਵਿ ਦੇ ਜਾਦੂ ਦਾ ਇੱਕ ਵੱਡਾ ਹਿੱਸਾ ਹੈ।
ਇਹੀ ਗੱਲ ਓਡੀਸੀਅਸ ਨੂੰ ਇੱਕ ਨਾਇਕ ਵਜੋਂ ਵੀ ਪਰਿਭਾਸ਼ਿਤ ਕਰਦੀ ਹੈ। ਜਿਵੇਂ ਐਮਿਲੀ ਵਿਲਸਨ ਨੇ ਆਪਣੇ ਅਨੁਵਾਦ ਵਿੱਚ ਲਿਖਿਆ ਹੈ, ਉਹ "ਇੱਕ ਗੁੰਝਲਦਾਰ ਆਦਮੀ" ਹੈ।
ਉਹ ਚਲਾਕ ਅਤੇ ਗੁੰਝਲਦਾਰ ਇਸ ਲਈ ਹੈ, ਕਿਉਂਕਿ ਉਹ ਧੋਖਾ ਦੇਣ ਵਿੱਚ ਮਾਹਰ ਹੈ ਅਤੇ ਆਪਣੀ ਸਹੂਲਤ ਅਨੁਸਾਰ ਆਪਣੀ ਕਹਾਣੀ ਅਤੇ ਆਪਣੀ ਪਛਾਣ ਬਦਲ ਲੈਂਦਾ ਹੈ।
ਸਿਆਣਾ, ਕਲਪਨਾਸ਼ੀਲ ਅਤੇ ਕਮੀਆਂ ਵਾਲਾ ਓਡੀਸੀਅਸ, ਆਖ਼ਰਕਾਰ, ਪ੍ਰਾਚੀਨ ਯੂਨਾਨੀ ਦੁਨੀਆ ਦਾ ਸਭ ਤੋਂ ਮਨੁੱਖੀ ਨਾਇਕ ਹੈ।
ਔਰਤਾਂ ਦੇ ਆਕਰਸ਼ਣ ਅਤੇ ਫੇਅਕੀਅਨਾਂ ਵਰਗੀਆਂ ਸ਼ਾਨਦਾਰ ਦੁਨੀਆਂ ਵੱਲ ਉਸ ਦੀ ਖਿੱਚ ਹੀ ਉਸ ਦੀ ਤਾਕਤ ਵੀ ਹੈ ਅਤੇ ਉਸ ਦੀ ਬਰਬਾਦੀ ਦਾ ਕਾਰਨ ਵੀ। ਇਸ ਲਈ ਹੈਰਾਨੀ ਦੀ ਗੱਲ ਨਹੀਂ ਕਿ ਉਹ ਅੱਜ ਵੀ ਸਾਡੇ ਨਾਲ ਗੱਲ ਕਰਦਾ ਮਹਿਸੂਸ ਹੁੰਦਾ ਹੈ।
ਡੇਜ਼ੀ ਡਨ ਇੱਕ ਪੁਰਸਕਾਰ ਜੇਤੂ ਕਲਾਸਿਕ ਸਾਹਿਤ ਦੀ ਵਿਦਵਾਨ ਅਤੇ ਲੇਖਿਕਾ ਹੈ। ਉਸ ਦੀਆਂ ਕਿਤਾਬਾਂ ਵਿੱਚ 'ਦਿ ਮਿਸਿੰਗ ਥ੍ਰੈਡ ' ਅਤੇ 'ਦਿ ਲੇਡੀਬਰਡ ਐਕਸਪਰਟ ਬੁੱਕ ਆਨ ਹੋਮਰ' ਸ਼ਾਮਲ ਹਨ।
ਦਿ ਓਡੀਸੀ 17 ਜੁਲਾਈ ਨੂੰ ਅਮਰੀਕਾ ਅਤੇ ਬ੍ਰਿਟੇਨ ਦੇ ਸਿਨੇਮਾਘਰਾਂ ਵਿੱਚ ਰਿਲੀਜ਼ ਹੋ ਗਈ ਹੈ।
ਬੀਬੀਸੀ ਲਈ ਕਲੈਕਟਿਵ ਨਿਊਜ਼ਰੂਮ ਵੱਲੋਂ ਪ੍ਰਕਾਸ਼ਿਤ


















