ਸੈਂਡ ਫ਼ਲਾਈ ਕੀ ਹੈ, ਜੋ ਗੁਜਰਾਤ ਵਿੱਚ ਬੱਚਿਆਂ ਲਈ ਘਾਤਕ ਬਣ ਗਈ, ਰੇਤ ਮੱਖੀ ਦੇ ਕੱਟ ਨਾਲ ਫੈਲਣ ਵਾਲੇ ਵਾਇਰਸ ਬਾਰੇ ਜਾਣੋ

ਤਸਵੀਰ ਸਰੋਤ, Pavan Jaishwal
- ਲੇਖਕ, ਰੌਕਸੀ ਗਾਗਡੇਕਰ ਛਾਰਾ
- ਰੋਲ, ਬੀਬੀਸੀ ਪੱਤਰਕਾਰ
- ਪ੍ਰਕਾਸ਼ਿਤ
- ਪੜ੍ਹਨ ਦਾ ਸਮਾਂ: 8 ਮਿੰਟ
ਹਿੰਮਤਨਗਰ ਦੇ ਪੀਆਈਸੀਯੂ ਵਿੱਚ ਸ਼ੱਕੀ ਚਾਂਦੀਪੁਰਾ ਵਾਇਰਸ ਨਾਲ ਪੀੜਤ ਈਸ਼ਾ ਅਸਾਰੀ ਦਾ ਇਲਾਜ ਚੱਲ ਰਿਹਾ ਹੈ। ਉਸ ਦੇ ਬਜ਼ੁਰਗ ਦਾਦਾ-ਦਾਦੀ ਹਸਪਤਾਲ ਦੇ ਬਾਹਰ ਬੇਸਬਰੀ ਨਾਲ ਇੰਤਜ਼ਾਰ ਕਰ ਰਹੇ ਹਨ।
ਇੱਥੇ ਹਸਪਤਾਲ ਦੇ ਜ਼ਿਆਦਾਤਰ ਬਿਸਤਰੇ ਖਾਲੀ ਹਨ, ਪਰ ਜਿਨ੍ਹਾਂ ਬਿਸਤਰਿਆਂ 'ਤੇ ਬੱਚੇ ਦਾਖ਼ਲ ਹਨ, ਉਨ੍ਹਾਂ ਨੂੰ ਵੈਂਟੀਲੇਟਰ ਦੀ ਲੋੜ ਹੈ। ਈਸ਼ਾ ਵਾਂਗ ਹੀ ਹਸਪਤਾਲ ਵਿੱਚ ਦਾਖ਼ਲ ਤਿੰਨ ਸਾਲਾ ਜਾਨਕੀ ਪਰਮਾਰ ਦੀ ਵੀ ਕੁਝ ਇਹੀ ਹਾਲਤ ਹੈ।
ਜਾਨਕੀ ਦੇ ਪਰਿਵਾਰ ਨੂੰ ਉਮੀਦ ਹੈ ਕਿ ਉਨ੍ਹਾਂ ਦੀ ਬੱਚੀ ਫਿਰ ਤੋਂ ਹੱਸਣ-ਖੇਡਣ ਲੱਗ ਪਵੇਗੀ।
ਇਹ ਦੋਵੇਂ ਬੱਚੀਆਂ ਐਕਿਊਟ ਇਨਸੇਫਲਾਈਟਿਸ ਸਿੰਡਰੋਮ (ਏਈਐਸ) ਨਾਲ ਪੀੜਤ ਹਨ।
ਇਨ੍ਹਾਂ ਵਿੱਚੋਂ ਕੁਝ ਮਾਮਲਿਆਂ ਵਿੱਚ ਚਾਂਦੀਪੁਰਾ ਵਾਇਰਸ ਦੀ ਪੁਸ਼ਟੀ ਹੋਈ ਹੈ। ਇਹ ਵਾਇਰਸ ਸੈਂਡ ਫ਼ਲਾਈ (ਰੇਤ ਮੱਖੀ) ਨਾਮ ਦੇ ਇੱਕ ਛੋਟੇ ਕੀੜੇ ਦੇ ਕੱਟਣ ਨਾਲ ਸਰੀਰ ਵਿੱਚ ਦਾਖ਼ਲ ਹੁੰਦਾ ਹੈ।
ਗੁਜਰਾਤ ਦੇ ਇਨ੍ਹਾਂ ਪਿੰਡਾਂ ਵਿੱਚ ਕੀ ਹੋ ਰਿਹਾ ਹੈ?

ਤਸਵੀਰ ਸਰੋਤ, Pavan Jaishwal
ਇਹ ਵਾਇਰਸ ਫ਼ਿਲਹਾਲ ਗੁਜਰਾਤ ਦੇ ਗਾਂਧੀਨਗਰ, ਸਾਬਰਕਾਂਠਾ, ਖੇੜਾ, ਅਰਾਵਲੀ ਅਤੇ ਪੰਚਮਹਾਲ ਜ਼ਿਲ੍ਹਿਆਂ ਵਿੱਚ ਸ਼ੱਕੀ ਮਾਮਲਿਆਂ ਵਜੋਂ ਸਾਹਮਣੇ ਆਇਆ ਹੈ।
ਇਹ ਵਾਇਰਸ ਮੁੱਖ ਤੌਰ 'ਤੇ 15 ਸਾਲ ਤੋਂ ਘੱਟ ਉਮਰ ਦੇ ਬੱਚਿਆਂ ਵਿੱਚ ਸੈਂਡ ਫ਼ਲਾਈ (ਰੇਤ ਮੱਖੀ) ਦੇ ਕੱਟਣ ਨਾਲ ਫੈਲਦਾ ਹੈ। ਵਾਇਰਸ ਸਰੀਰ ਵਿੱਚ ਦਾਖ਼ਲ ਹੋਣ ਤੋਂ ਬਾਅਦ ਬੱਚੇ ਨੂੰ ਤੇਜ਼ ਬੁਖ਼ਾਰ, ਉਲਟੀਆਂ, ਦਸਤ, ਠੰਢ ਲੱਗਣਾ ਅਤੇ ਸਰੀਰ ਵਿੱਚ ਖਿੱਚ ਪੈਣ ਵਰਗੇ ਲੱਛਣ ਦਿਖਾਈ ਦੇ ਸਕਦੇ ਹਨ।
ਮਾਹਿਰਾਂ ਦੇ ਅਨੁਸਾਰ, ਅਜਿਹੇ ਲੱਛਣ ਦਿਖਾਈ ਦੇਣ 'ਤੇ ਬੱਚੇ ਨੂੰ ਤੁਰੰਤ ਡਾਕਟਰ ਕੋਲ ਲੈਕੇ ਜਾਣਾ ਚਾਹੀਦਾ ਹੈ। ਜੇਕਰ ਇਲਾਜ ਵਿੱਚ ਦੇਰੀ ਹੁੰਦੀ ਹੈ ਤਾਂ ਬੱਚੇ ਦੀ ਹਾਲਤ ਗੰਭੀਰ ਹੋ ਸਕਦੀ ਹੈ।
ਸੂਬੇ ਦੇ ਸਿਹਤ ਮੰਤਰੀ ਪ੍ਰਫੁੱਲ ਪਾਨਸੇਰੀਆ ਨੇ ਦੱਸਿਆ, "ਹੁਣ ਤੱਕ ਗੁਜਰਾਤ ਵਿੱਚ ਸੱਤ ਬੱਚਿਆਂ ਵਿੱਚ ਚਾਂਦੀਪੁਰਾ ਵਾਇਰਸ ਦੀ ਪੁਸ਼ਟੀ ਹੋਈ ਹੈ, ਜਿਨ੍ਹਾਂ ਵਿੱਚੋਂ ਤਿੰਨ ਬੱਚਿਆਂ ਦੀ ਮੌਤ ਹੋ ਚੁੱਕੀ ਹੈ, ਜਦਕਿ ਚਾਰ ਬੱਚਿਆਂ ਦਾ ਇਲਾਜ ਚੱਲ ਰਿਹਾ ਹੈ।"
ਇਹ ਦੇਖਿਆ ਗਿਆ ਕਿ ਪਿੰਡਾਂ ਵਿੱਚ ਕੁਝ ਪਰਿਵਾਰ ਡਾਕਟਰੀ ਇਲਾਜ ਕਰਵਾਉਣ ਤੋਂ ਪਹਿਲਾਂ ਬੱਚਿਆਂ ਨੂੰ ਸਥਾਨਕ ਝਾੜ-ਫੂਕ ਕਰਨ ਵਾਲੇ ਤਾਂਤਰਿਕ ਕੋਲ ਲੈ ਜਾਂਦੇ ਹਨ। ਇਸ ਨਾਲ ਇਲਾਜ ਵਿੱਚ ਦੇਰੀ ਹੋ ਜਾਂਦੀ ਹੈ ਅਤੇ ਬੱਚੇ ਦੀ ਤਬੀਅਤ ਹੋਰ ਵੀ ਵਿਗੜ ਜਾਂਦੀ ਹੈ।
ਇਸੇ ਕਾਰਨ ਈਸ਼ਾ ਅਸਾਰੀ ਨੂੰ ਵੀ ਸਮੇਂ ਸਿਰ ਇਲਾਜ ਨਹੀਂ ਮਿਲ ਸਕਿਆ। ਉਸ ਦੀ ਤਬੀਅਤ ਖ਼ਰਾਬ ਹੋਣ ਤੋਂ ਬਾਅਦ ਪਹਿਲਾਂ ਉਸ ਨੂੰ ਪਿੰਡ ਦੇ ਦੋ ਵੱਖ-ਵੱਖ 'ਭੂਵਾ' ਕੋਲ ਲਿਜਾਇਆ ਗਿਆ। ਜਦੋਂ ਉਸ ਦੀ ਹਾਲਤ ਹੋਰ ਗੰਭੀਰ ਹੋ ਗਈ, ਤਾਂ ਆਖ਼ਰਕਾਰ ਉਸ ਨੂੰ ਹਿੰਮਤਨਗਰ ਦੇ ਸਿਵਲ ਹਸਪਤਾਲ ਵਿੱਚ ਦਾਖ਼ਲ ਕਰਵਾਇਆ ਗਿਆ।

ਤਸਵੀਰ ਸਰੋਤ, Pavan Jaishwal
ਕਲਜੀਭਾਈ ਦੱਸਦੇ ਹਨ ਕਿ ਜਦੋਂ ਉਹ ਖੇਤ ਤੋਂ ਆਪਣੇ ਬਲਦਾਂ ਨਾਲ ਘਰ ਵਾਪਸ ਆਏ, ਤਾਂ ਉਨ੍ਹਾਂ ਨੇ ਦੇਖਿਆ ਕਿ ਈਸ਼ਾ ਬਿਸਤਰੇ 'ਤੇ ਸੁੱਤੀ ਹੋਈ ਸੀ। ਉਹ ਅਜੇ ਬੈਠੇ ਹੀ ਸਨ ਕਿ ਈਸ਼ਾ ਅਚਾਨਕ ਜ਼ੋਰ-ਜ਼ੋਰ ਨਾਲ "ਮੰਮੀ... ਮੰਮੀ... ਮੰਮੀ..." ਕਹਿ ਕੇ ਰੋਣ ਲੱਗ ਪਈ।
ਉਨ੍ਹਾਂ ਕਿਹਾ, "ਪਹਿਲਾਂ ਸਾਨੂੰ ਲੱਗਿਆ ਕਿ ਉਸ 'ਤੇ ਕਿਸੇ ਆਤਮਾ ਦਾ ਸਾਇਆ ਹੈ, ਇਸ ਲਈ ਅਸੀਂ ਉਸ ਨੂੰ ਇੱਕ 'ਭੂਵਾ' ਕੋਲ ਲੈ ਗਏ। ਪਰ ਜਦੋਂ ਉਸ ਦੀ ਤਬੀਅਤ ਵਿਗੜਣ ਲੱਗੀ ਅਤੇ ਉਸ ਨੂੰ ਸਾਹ ਲੈਣ ਵਿੱਚ ਤਕਲੀਫ਼ ਹੋਣ ਲੱਗੀ, ਤਾਂ ਅਸੀਂ ਉਸ ਨੂੰ ਹਸਪਤਾਲ ਲੈ ਗਏ।"
ਹੁਣ ਕਲਜੀਭਾਈ ਆਪਣੀ ਪੋਤੀ ਦੇ ਅੱਖਾਂ ਖੋਲ੍ਹਣ ਅਤੇ ਮੁੜ ਉਨ੍ਹਾਂ ਨਾਲ ਗੱਲ ਕਰਨ ਦਾ ਇੰਤਜ਼ਾਰ ਕਰ ਰਹੇ ਹਨ।
ਦੋ ਸਾਲਾ ਆਕ੍ਰਿਤੀ ਦੀ ਕਹਾਣੀ ਵੀ ਕੁਝ ਅਜਿਹੀ ਹੀ ਹੈ। ਸੱਤ ਜੁਲਾਈ ਨੂੰ ਉਸ ਦੀ ਤਬੀਅਤ ਖ਼ਰਾਬ ਹੋਈ। ਉਸ ਨੂੰ ਤੇਜ਼ ਬੁਖ਼ਾਰ ਆਇਆ ਅਤੇ ਉਲਟੀਆਂ ਹੋਣ ਲੱਗੀਆਂ। ਉਸ ਨੂੰ ਸਾਬਰਕਾਂਠਾ ਤੋਂ ਹਿੰਮਤਨਗਰ ਦੇ ਸਿਵਲ ਹਸਪਤਾਲ ਲਿਜਾਇਆ ਗਿਆ, ਪਰ 24 ਘੰਟਿਆਂ ਦੇ ਅੰਦਰ ਹੀ ਉਸ ਦੀ ਹਾਲਤ ਬਹੁਤ ਗੰਭੀਰ ਹੋ ਗਈ ਅਤੇ ਉਸ ਦੀ ਮੌਤ ਹੋ ਗਈ।
ਆਕ੍ਰਿਤੀ ਦੇ ਪਿਤਾ ਗੋਹਿਲ ਪਰਮਾਰ ਨੇ ਬੀਬੀਸੀ ਗੁਜਰਾਤੀ ਨਾਲ ਕਿਹਾ, "ਮੈਨੂੰ ਉਸ ਦੀ ਬਹੁਤ ਯਾਦ ਆਉਂਦੀ ਹੈ। ਉਹ ਮੇਰੀ ਇਕਲੌਤੀ ਧੀ ਸੀ ਅਤੇ ਹਮੇਸ਼ਾ ਮੇਰੇ ਨਾਲ ਰਹਿੰਦੀ ਸੀ। ਸਾਨੂੰ ਇਹ ਸਮਝਣ ਦਾ ਮੌਕਾ ਵੀ ਨਹੀਂ ਮਿਲਿਆ ਕਿ ਉਸ ਨੂੰ ਕੀ ਹੋਇਆ ਹੈ। ਉਦੋਂ ਤੱਕ ਉਸ ਦੀ ਹਾਲਤ ਇੰਨੀ ਵਿਗੜ ਚੁੱਕੀ ਸੀ ਕਿ ਉਸ ਦੀ ਮੌਤ ਹੋ ਗਈ।"
ਗੋਹਿਲ ਨੇ ਦੱਸਿਆ ਕਿ ਉਨ੍ਹਾਂ ਨੇ ਚਾਂਦੀਪੁਰਾ ਵਾਇਰਸ ਬਾਰੇ ਪਹਿਲੀ ਵਾਰ ਹੁਣ ਸੁਣਿਆ ਹੈ।
ਚਾਂਦੀਪੁਰਾ ਵਾਇਰਸ ਇਸ ਪਿੰਡ ਵਿੱਚ ਕਿਵੇਂ ਫੈਲ ਰਿਹਾ ਹੈ?

ਤਸਵੀਰ ਸਰੋਤ, Pavan Jaishwal
ਹਾਲਾਂਕਿ ਸਿਰਫ਼ ਦਵਾਈ ਜਾਂ ਇਲਾਜ ਹੀ ਕਾਫ਼ੀ ਨਹੀਂ ਹੈ। ਚਾਂਦੀਪੁਰਾ ਵਾਇਰਸ 'ਤੇ ਕਾਬੂ ਪਾਉਣ ਲਈ ਲੋਕਾਂ ਵਿੱਚ ਲੋੜੀਂਦੀ ਜਾਗਰੂਕਤਾ, ਸਫ਼ਾਈ ਬਣਾਈ ਰੱਖਣਾ ਅਤੇ ਮੀਂਹ ਤੋਂ ਬਾਅਦ ਤੁਰੰਤ ਕੀਟਨਾਸ਼ਕਾਂ ਦਾ ਛਿੜਕਾਅ ਕਰਨਾ ਵੀ ਜ਼ਰੂਰੀ ਹੈ।
ਬੀਬੀਸੀ ਦੀ ਟੀਮ ਚਾਰ ਵੱਖ-ਵੱਖ ਪਿੰਡਾਂ ਵਿੱਚ ਗਈ, ਜਿਨ੍ਹਾਂ ਵਿੱਚ ਸਾਬਰਕਾਂਠਾ ਦਾ ਦੇਮਤੀਮੇਰਾ, ਅਰਾਵਲੀ ਦੇ ਮੇਰੀ ਟੀਂਬਾ ਅਤੇ ਜਾਲਮਪੁਰ, ਰਾਜਸਥਾਨ ਦੇ ਖੇਰਵਾੜਾ ਦਾ ਬਾਬਰੀ ਪਿੰਡ ਸ਼ਾਮਲ ਹਨ।
ਇਹ ਚਾਰੇ ਪਿੰਡ ਵੱਖ-ਵੱਖ ਜ਼ਿਲ੍ਹਿਆਂ ਵਿੱਚ ਸਥਿੱਤ ਹਨ, ਪਰ ਇਨ੍ਹਾਂ ਵਿੱਚ ਕਈ ਸਮਾਨਤਾਵਾਂ ਹਨ। ਇੱਥੇ ਮਿੱਟੀ ਦੇ ਘਰ, ਕੰਧਾਂ ਵਿੱਚ ਤਰੇੜਾਂ, ਗਾਂ-ਬੱਕਰੀਆਂ ਦੇ ਵਾੜੇ, ਘਰਾਂ ਨੇੜੇ ਕੱਚੇ ਵਿਹੜੇ ਅਤੇ ਪ੍ਰਾਇਮਰੀ ਹੈਲਥ ਸੈਂਟਰ ਤੋਂ ਕਾਫ਼ੀ ਦੂਰ ਵੱਸੇ ਪਿੰਡ ਹਨ। ਇਨ੍ਹਾਂ ਪਿੰਡਾਂ ਦੇ ਜ਼ਿਆਦਾਤਰ ਪੁਰਸ਼ ਮਜ਼ਦੂਰੀ ਲਈ ਬਾਹਰ ਚਲੇ ਜਾਂਦੇ ਹਨ।
ਜਦੋਂ ਛੇ ਸਾਲਾ ਰਾਜਕੁਮਾਰ ਡਾਮੋਰ ਦੀ ਤਬੀਅਤ ਵਿਗੜੀ, ਤਾਂ ਅੱਧੀ ਰਾਤ ਨੂੰ ਉਸ ਦੀ ਮਾਂ ਪਾਰੁਲਬੇਨ ਉਸ ਨੂੰ ਮੋਢੇ 'ਤੇ ਚੁੱਕ ਕੇ ਕਈ ਕਿਲੋਮੀਟਰ ਪੈਦਲ ਚੱਲੀ। ਇਸ ਤੋਂ ਬਾਅਦ ਹੀ ਉਹ ਐਂਬੂਲੈਂਸ ਤੱਕ ਪਹੁੰਚ ਸਕੇ। ਉਸ ਸਮੇਂ ਰਾਜਕੁਮਾਰ ਦੇ ਪਿਤਾ ਮੁਕੇਸ਼ਭਾਈ ਮਜ਼ਦੂਰੀ ਲਈ ਈਡਰ ਵਿੱਚ ਸਨ।
ਪਾਰੁਲਬੇਨ ਦੱਸਦੇ ਹਨ, "ਰਾਜਕੁਮਾਰ ਸਕੂਲ ਤੋਂ ਘਰ ਆਇਆ। ਇਸ ਤੋਂ ਬਾਅਦ ਉਹ ਬਿਸਤਰੇ 'ਤੇ ਬੈਠਾ ਰਿਹਾ। ਉਸ ਨੇ ਆਪਣਾ ਹੋਮਵਰਕ ਕੀਤਾ, ਉੱਥੇ ਹੀ ਖਾਣਾ ਖਾਧਾ ਅਤੇ ਸੌਂ ਗਿਆ। ਅਚਾਨਕ ਰਾਤ ਨੂੰ ਉਸ ਨੂੰ ਉਲਟੀਆਂ ਹੋਣ ਲੱਗੀਆਂ। ਮੈਨੂੰ ਕੁਝ ਸਮਝ ਆਉਂਦੀ, ਉਸ ਤੋਂ ਪਹਿਲਾਂ ਹੀ ਉਸ ਨੂੰ ਦੌਰੇ ਪੈਣ ਲੱਗ ਪਏ।"

ਤਸਵੀਰ ਸਰੋਤ, Pavan Jaishwal
ਰਾਜਕੁਮਾਰ ਨੂੰ ਪਹਿਲਾਂ ਭੀਲੋਡਾ ਦੇ ਪ੍ਰਾਇਮਰੀ ਹੈਲਥ ਸੈਂਟਰ (ਪੀਐਚਸੀ) ਲਿਜਾਇਆ ਗਿਆ। ਪਰ ਉਹ ਬੇਹੋਸ਼ ਸੀ, ਇਸ ਲਈ ਉੱਥੋਂ ਉਸ ਨੂੰ ਹਿੰਮਤਨਗਰ ਰੈਫਰ ਕਰ ਦਿੱਤਾ ਗਿਆ। ਬਦਕਿਸਮਤੀ ਨਾਲ ਦੁਪਹਿਰ ਕਰੀਬ 12 ਵਜੇ ਤੱਕ ਉਸ ਨੇ ਦਮ ਤੋੜ ਦਿੱਤਾ।
ਇਨ੍ਹਾਂ ਪਿੰਡਾਂ ਵਿੱਚ ਚਾਂਦੀਪੁਰਾ ਵਾਇਰਸ ਪ੍ਰਤੀ ਜਾਗਰੂਕਤਾ ਦੀ ਭਾਰੀ ਕਮੀ ਦੇਖਣ ਨੂੰ ਮਿਲੀ। ਕਈ ਲੋਕਾਂ ਨੇ ਬੀਬੀਸੀ ਗੁਜਰਾਤੀ ਨੂੰ ਕਿਹਾ ਕਿ ਉਨ੍ਹਾਂ ਨੂੰ ਇਹ ਤੱਕ ਨਹੀਂ ਪਤਾ ਕਿ ਸੈਂਡ ਫ਼ਲਾਈ (ਰੇਤ ਮੱਖੀ) ਕੀ ਹੁੰਦੀ ਹੈ ਜਾਂ ਇਹ ਬਿਮਾਰੀ ਕਿਵੇਂ ਫੈਲਦੀ ਹੈ।
ਚਾਹੇ ਆਕ੍ਰਿਤੀ ਦੇ ਪਿਤਾ ਗੋਹਿਲਭਾਈ ਹੋਣ, ਰਾਜਕੁਮਾਰ ਦੇ ਪਿਤਾ ਮੁਕੇਸ਼ਭਾਈ ਹੋਣ ਜਾਂ ਉਨ੍ਹਾਂ ਦੇ ਪਰਿਵਾਰ ਦੇ ਹੋਰ ਮੈਂਬਰ, ਜ਼ਿਆਦਾਤਰ ਲੋਕਾਂ ਨੂੰ ਅਜੇ ਤੱਕ ਇਹ ਜਾਣਕਾਰੀ ਨਹੀਂ ਹੈ ਕਿ ਸੈਂਡ ਫ਼ਲਾਈ ਦੇ ਪ੍ਰਜਨਣ ਨੂੰ ਕਿਵੇਂ ਰੋਕਿਆ ਜਾ ਸਕਦਾ ਹੈ ਜਾਂ ਉਸ ਤੋਂ ਬਚਾਅ ਲਈ ਕੀ ਉਪਾਅ ਕੀਤੇ ਜਾਣੇ ਚਾਹੀਦੇ ਹਨ।
ਸੂਬੇ ਦੇ ਸਿਹਤ ਵਿਭਾਗ ਦੇ ਅਧਿਕਾਰੀਆਂ ਨੇ ਕਈ ਪਿੰਡਾਂ ਤੋਂ ਸੈਂਡ ਫ਼ਲਾਈ ਦੇ ਨਮੂਨੇ ਇਕੱਠੇ ਕੀਤੇ ਹਨ। ਇਸ ਦੇ ਨਾਲ ਹੀ ਉਨ੍ਹਾਂ ਖੇਤਰਾਂ ਵਿੱਚ ਮੌਜੂਦ ਹੋਰ ਪਸ਼ੂਆਂ, ਜਿਵੇਂ ਗਾਂ, ਬਿੱਲੀ ਅਤੇ ਕੁੱਤਿਆਂ ਦੇ ਵੀ ਨਮੂਨੇ ਲਏ ਗਏ ਹਨ।
ਦਰਅਸਲ, ਜਿਨ੍ਹਾਂ ਬੱਚਿਆਂ ਦੀ ਮੌਤ ਹੋਈ, ਉਨ੍ਹਾਂ ਵਿੱਚੋਂ ਸਾਰਿਆਂ ਦੀਆਂ ਜਾਂਚ ਰਿਪੋਰਟਾਂ ਵਿੱਚ ਚਾਂਦੀਪੁਰਾ ਵਾਇਰਸ ਦੀ ਪੁਸ਼ਟੀ ਨਹੀਂ ਹੋਈ ਸੀ। ਉਨ੍ਹਾਂ ਦੀ ਮੌਤ ਦਾ ਕਾਰਨ ਐਕਿਊਟ ਇਨਸੇਫਲਾਈਟਿਸ ਸਿੰਡਰੋਮ (ਏਈਐਸ) ਵੀ ਹੋ ਸਕਦਾ ਹੈ।
ਏਈਐਸ ਇੱਕ ਕਲੀਨਿਕਲ ਸਿੰਡਰੋਮ ਹੈ, ਯਾਨੀ ਦਿਮਾਗ ਵਿੱਚ ਸੋਜ ਨਾਲ ਜੁੜੇ ਲੱਛਣਾਂ ਦਾ ਇੱਕ ਸਮੂਹ। ਇਸ ਦੇ ਕਈ ਕਾਰਨ ਹੋ ਸਕਦੇ ਹਨ, ਜਿਨ੍ਹਾਂ ਵਿੱਚ ਚਾਂਦੀਪੁਰਾ ਵਾਇਰਸ ਵੀ ਇੱਕ ਮੁੱਖ ਕਾਰਨ ਹੈ।
ਸਾਬਰਕਾਂਠਾ ਅਤੇ ਅਰਾਵਲੀ ਜ਼ਿਲ੍ਹਿਆਂ ਦੇ ਕਬਾਇਲੀ ਇਲਾਕਿਆਂ ਵਿੱਚ ਇਸ ਤਰ੍ਹਾਂ ਦੇ ਮਾਮਲੇ ਮੁਕਾਬਲਤਨ ਵੱਧ ਸਾਹਮਣੇ ਆ ਰਹੇ ਹਨ।

ਤਸਵੀਰ ਸਰੋਤ, BBC/Getty Images
ਸਾਬਰਕਾਂਠਾ ਦੇ ਮੁੱਖ ਜ਼ਿਲ੍ਹਾ ਸਿਹਤ ਅਧਿਕਾਰੀ (ਸੀਡੀਐਚਓ) ਡਾਕਟਰ ਰਾਜਕੁਮਾਰ ਸੁਤਰਿਆ ਨੇ ਬੀਬੀਸੀ ਗੁਜਰਾਤੀ ਨਾਲ ਗੱਲਬਾਤ ਵਿੱਚ ਕਿਹਾ, "ਇਸ ਖੇਤਰ ਦੇ ਪਿੰਡਾਂ ਵਿੱਚ ਮਿੱਟੀ ਦੇ ਘਰ ਹੁੰਦੇ ਹਨ, ਜਿਨ੍ਹਾਂ ਦੀਆਂ ਕੰਧਾਂ ਵਿੱਚ ਕੁਦਰਤੀ ਤੌਰ 'ਤੇ ਤਰੇੜਾਂ ਪੈ ਜਾਂਦੀਆਂ ਹਨ। ਇਸ ਤੋਂ ਇਲਾਵਾ ਜਿੱਥੇ ਗਾਂਵਾਂ ਦੇ ਵਾੜੇ ਅਤੇ ਮਿੱਟੀ ਦੇ ਵਿਹੜੇ ਹੁੰਦੇ ਹਨ, ਉੱਥੇ ਵੀ ਸੈਂਡ ਫ਼ਲਾਈ ਆਸਾਨੀ ਨਾਲ ਪ੍ਰਜਨਣ ਕਰ ਸਕਦੀ ਹੈ।"
ਉਨ੍ਹਾਂ ਅੱਗੇ ਕਿਹਾ, "ਮੀਂਹ ਤੋਂ ਬਾਅਦ ਜਦੋਂ ਮਿੱਟੀ ਦੀਆਂ ਕੰਧਾਂ ਵਿੱਚ ਨਮੀ ਆ ਜਾਂਦੀ ਹੈ, ਤਾਂ ਉਨ੍ਹਾਂ ਤਰੇੜਾਂ ਵਿੱਚ ਸੈਂਡ ਫ਼ਲਾਈ ਦੇ ਪ੍ਰਜਨਣ ਲਈ ਅਨੁਕੂਲ ਹਾਲਾਤ ਬਣ ਜਾਂਦੇ ਹਨ। ਇਹ ਮੱਖੀ ਆਮ ਘਰੇਲੂ ਮੱਖੀ ਨਾਲੋਂ ਆਕਾਰ ਵਿੱਚ ਕਾਫ਼ੀ ਛੋਟੀ ਹੁੰਦੀ ਹੈ।"
ਸਾਵਧਾਨੀ ਵਜੋਂ, ਸੂਬਾ ਸਰਕਾਰ ਨੇ ਵਾਇਰਸ ਦੇ ਫੈਲਾਅ ਨੂੰ ਰੋਕਣ ਲਈ ਸੂਬੇ ਦੇ ਲਗਭਗ 61 ਖੇਤਰਾਂ ਵਿੱਚ ਕੰਟਰੋਲ ਮੁਹਿੰਮ ਤੇਜ਼ ਕਰ ਦਿੱਤੀ ਹੈ। ਇਸ ਤਹਿਤ ਨਿਸ਼ਾਨਦੇਹੀ ਵਾਲੇ ਹੌਟਸਪੌਟ ਇਲਾਕਿਆਂ ਵਿੱਚ ਵੱਡੇ ਪੱਧਰ 'ਤੇ ਕੀਟਨਾਸ਼ਕਾਂ ਦਾ ਛਿੜਕਾਅ ਕੀਤਾ ਜਾ ਰਿਹਾ ਹੈ।
ਚਾਂਦੀਪੁਰਾ ਵਾਇਰਸ ਦੀ ਰੋਕਥਾਮ ਲਈ ਕੀ ਕਦਮ ਚੁੱਕੇ ਜਾ ਰਹੇ ਹਨ?

ਤਸਵੀਰ ਸਰੋਤ, Pavan Jaishwal
ਇਸ ਬਿਮਾਰੀ ਬਾਰੇ ਜਾਗਰੂਕਤਾ ਫੈਲਾਉਣ ਲਈ ਇੰਡੀਅਨ ਮੈਡੀਕਲ ਐਸੋਸੀਏਸ਼ਨ ਦੀ ਇੱਕ ਅਪੀਲ ਅਨੁਸਾਰ, ਚਾਂਦੀਪੁਰਾ ਵਾਇਰਸ ਦਾ ਮੁੱਖ ਵਾਹਕ ਸੈਂਡ ਫ਼ਲਾਈ (ਰੇਤ ਮੱਖੀ) ਹੈ।
ਹਾਲਾਂਕਿ, ਕੁਝ ਮਾਮਲਿਆਂ ਵਿੱਚ ਇਹ ਮੱਛਰ ਵਰਗੇ ਖੂਨ ਚੂਸਣ ਵਾਲੇ ਕੀੜਿਆਂ ਦੇ ਕੱਟਣ ਨਾਲ ਵੀ ਫੈਲ ਸਕਦਾ ਹੈ।
ਸਿਹਤ ਮੰਤਰੀ ਪ੍ਰਫੁੱਲ ਪਾਨਸੇਰੀਆ ਨੇ ਅਪੀਲ ਕੀਤੀ ਹੈ ਕਿ ਜੇਕਰ ਕਿਸੇ ਬੱਚੇ ਵਿੱਚ ਬੁਖ਼ਾਰ, ਉਲਟੀ ਜਾਂ ਦੌਰਿਆਂ ਵਰਗੇ ਲੱਛਣ ਦਿਖਾਈ ਦੇਣ, ਤਾਂ ਉਸ ਨੂੰ ਤੁਰੰਤ ਨਜ਼ਦੀਕੀ ਹਸਪਤਾਲ ਲਿਜਾ ਕੇ ਜਾਂਚ ਕਰਵਾਉਣੀ ਚਾਹੀਦੀ ਹੈ।
ਸੂਬੇ ਦੇ ਸਾਰੇ ਪ੍ਰਾਇਮਰੀ ਹੈਲਥ ਸੈਂਟਰਾਂ (ਪੀਐਚਸੀ), ਕਮਿਊਨਿਟੀ ਹੈਲਥ ਸੈਂਟਰਾਂ (ਸੀਐਚਸੀ), ਹਸਪਤਾਲਾਂ ਅਤੇ ਮੈਡੀਕਲ ਕਾਲਜਾਂ ਨੂੰ ਹਦਾਇਤਾਂ ਦਿੱਤੀਆਂ ਗਈਆਂ ਹਨ ਕਿ ਜਿਸ ਬੱਚੇ ਵਿੱਚ ਵੀ ਚਾਂਦੀਪੁਰਾ ਵਾਇਰਸ ਦਾ ਖਦਸ਼ਾ ਹੋਵੇ, ਉਸ ਦੀ ਤੁਰੰਤ ਜਾਂਚ ਕੀਤੀ ਜਾਵੇ।
ਉਨ੍ਹਾਂ ਇਹ ਵੀ ਦੱਸਿਆ, "ਜਿੱਥੇ-ਜਿੱਥੇ ਮਰੀਜ਼ ਮਿਲੇ ਹਨ, ਉੱਥੇ ਸਫ਼ਾਈ ਬਣੀ ਰਹੇ, ਇਸ ਦੇ ਲਈ ਮੁਹਿੰਮ ਚਲਾਈ ਜਾ ਰਹੀ ਹੈ ਅਤੇ ਵਾਇਰਸ ਫੈਲਾਉਣ ਵਾਲੀ ਮੱਖੀ ਨੂੰ ਨਸ਼ਟ ਕਰਨ ਲਈ ਕੀਟਨਾਸ਼ਕ ਦਵਾਈਆਂ ਦਾ ਛਿੜਕਾਅ ਕੀਤਾ ਜਾ ਰਿਹਾ ਹੈ। ਇਸ ਤੋਂ ਇਲਾਵਾ, ਇਲਾਜ ਲਈ ਲੋੜੀਂਦੀਆਂ ਦਵਾਈਆਂ ਦਾ ਕਾਫ਼ੀ ਭੰਡਾਰ ਉਪਲੱਬਧ ਹੈ।"
2024 ਵਿੱਚ ਚਾਂਦੀਪੁਰਾ ਵਾਇਰਸ ਨੇ 28 ਬੱਚਿਆਂ ਦੀ ਜਾਨ ਲੈ ਲਈ ਸੀ

ਤਸਵੀਰ ਸਰੋਤ, Pavan Jaishwal
ਇਹ ਪਹਿਲੀ ਵਾਰ ਨਹੀਂ ਹੈ ਜਦੋਂ ਚਾਂਦੀਪੁਰਾ ਵਾਇਰਸ ਕਾਰਨ ਸੂਬੇ ਵਿੱਚ ਬੱਚਿਆਂ ਦੀ ਮੌਤ ਹੋਈ ਹੋਵੇ। ਸਾਲ 2024 ਵਿੱਚ ਇਸ ਵਾਇਰਸ ਨੇ ਕਾਫ਼ੀ ਕਹਿਰ ਢਾਹਿਆ ਸੀ।
ਅਗਸਤ 2024 ਵਿੱਚ ਸਿਹਤ ਮੰਤਰੀ ਰਿਸ਼ੀਕੇਸ਼ ਪਟੇਲ ਨੇ ਵਿਧਾਨ ਸਭਾ ਵਿੱਚ ਇੱਕ ਸਵਾਲ ਦੇ ਜਵਾਬ ਵਿੱਚ ਦੱਸਿਆ ਸੀ, "ਗੁਜਰਾਤ ਵਿੱਚ ਚਾਂਦੀਪੁਰਾ ਵਾਇਰਸ ਸਮੇਤ ਹੋਰ ਕਾਰਨਾਂ ਨਾਲ ਹੋਣ ਵਾਲੇ ਵਾਇਰਲ ਇਨਸੇਫਲਾਈਟਿਸ ਦੇ 164 ਮਾਮਲੇ ਦਰਜ ਕੀਤੇ ਗਏ ਸਨ, ਜਿਨ੍ਹਾਂ ਵਿੱਚ 101 ਬੱਚਿਆਂ ਦੀ ਮੌਤ ਹੋਈ ਸੀ।''
ਬੀਬੀਸੀ ਲਈ ਕਲੈਕਟਿਵ ਨਿਊਜ਼ਰੂਮ ਵੱਲੋਂ ਪ੍ਰਕਾਸ਼ਿਤ




















