ਵੀਅਤਨਾਮ: ਇਸ ਮੁਲਕ ਵਿੱਚ ਅਜਿਹਾ ਕੀ ਹੈ, ਜੋ ਵੱਡੀ ਗਿਣਤੀ ਵਿੱਚ ਭਾਰਤੀ ਇੱਥੇ ਘੁੰਮਣ ਜਾ ਰਹੇ ਹਨ

ਤਸਵੀਰ ਸਰੋਤ, Andy Soloman/UCG/Universal Images Group via Getty Images
- ਲੇਖਕ, ਅਮਰੇਂਦਰ ਯਾਰਲਾਗੱਡਾ
- ਰੋਲ, ਬੀਬੀਸੀ ਪੱਤਰਕਾਰ
- ਪ੍ਰਕਾਸ਼ਿਤ
- ਪੜ੍ਹਨ ਦਾ ਸਮਾਂ: 8 ਮਿੰਟ
ਪਿਛਲੇ ਕੁਝ ਸਾਲਾਂ ਵਿੱਚ ਵੀਅਤਨਾਮ ਭਾਰਤੀ ਸੈਲਾਨੀਆਂ ਵਿੱਚ ਤੇਜ਼ੀ ਨਾਲ ਹਰਮਨ ਪਿਆਰਾ ਹੋਇਆ ਹੈ।
ਘੱਟ ਖ਼ਰਚ, ਆਸਾਨ ਈ-ਵੀਜ਼ਾ, ਭਾਰਤ ਤੋਂ ਸਿੱਧੀਆਂ ਉਡਾਣਾਂ ਅਤੇ ਸਮੁੰਦਰੀ ਤੱਟਾਂ ਤੋਂ ਲੈ ਕੇ ਇਤਿਹਾਸਕ ਸ਼ਹਿਰਾਂ ਤੱਕ ਫੈਲੇ ਸੈਰ-ਸਪਾਟੇ ਦੇ ਸਥਾਨਾਂ ਨੇ ਵੱਡੀ ਗਿਣਤੀ ਵਿੱਚ ਭਾਰਤੀਆਂ ਨੂੰ ਆਪਣੇ ਵੱਲ ਖਿੱਚਿਆ ਹੈ।
ਸਰਕਾਰੀ ਅੰਕੜਿਆਂ ਮੁਤਾਬਕ, 2019 ਦੇ ਮੁਕਾਬਲੇ 2024 ਤੱਕ ਵੀਅਤਨਾਮ ਜਾਣ ਵਾਲੇ ਭਾਰਤੀ ਯਾਤਰੀਆਂ ਦੀ ਗਿਣਤੀ ਚਾਰ ਗੁਣਾ ਤੋਂ ਵੀ ਵੱਧ ਗਈ ਹੈ। ਇਸ ਕਾਰਨ ਇਹ ਭਾਰਤੀਆਂ ਦੇ ਪਸੰਦੀਦਾ ਵਿਦੇਸ਼ੀ ਸੈਰ-ਸਪਾਟਾ ਸਥਾਨਾਂ ਵਿੱਚ ਸ਼ਾਮਲ ਹੋ ਗਿਆ ਹੈ।
ਵੀਅਤਨਾਮ ਦੱਖਣ-ਪੂਰਬੀ ਏਸ਼ੀਆ ਦਾ ਇੱਕ ਦੇਸ਼ ਹੈ। ਇੱਕ ਪਾਸੇ ਇਸ ਦਾ ਲੰਮਾ ਸਮੁੰਦਰੀ ਤੱਟ ਹੈ, ਤਾਂ ਦੂਜੇ ਪਾਸੇ ਘਣੇ ਜੰਗਲ ਹਨ।
ਲਗਭਗ 10 ਕਰੋੜ ਦੀ ਆਬਾਦੀ ਵਾਲਾ ਇਹ ਦੇਸ਼ ਕਰੀਬ 3.32 ਲੱਖ ਵਰਗ ਕਿਲੋਮੀਟਰ ਖੇਤਰ ਵਿੱਚ ਫੈਲਿਆ ਹੋਇਆ ਹੈ। ਖੇਤਰਫਲ ਦੇ ਹਿਸਾਬ ਨਾਲ ਇਹ ਰਾਜਸਥਾਨ (3.42 ਲੱਖ ਵਰਗ ਕਿਲੋਮੀਟਰ) ਤੋਂ ਵੀ ਛੋਟਾ ਹੈ।
ਵੀਅਤਨਾਮ ਦੇ ਸਮੁੰਦਰੀ ਤੱਟ ਇਸ ਦੇ ਸਭ ਤੋਂ ਵੱਡੇ ਮਨਮੋਹਕ ਹਿੱਸਿਆ ਵਿੱਚ ਸ਼ਾਮਲ ਹਨ। ਦੇਸ਼ ਦੇ ਕਈ ਹਿੱਸਿਆਂ ਵਿੱਚ ਹਰਿਆਲੀ ਨਜ਼ਰ ਆਉਂਦੀ ਹੈ। ਇੱਥੇ ਕਈ ਸੈਰ-ਸਪਾਟਾ ਸਥਾਨ ਹਨ, ਜਿਨ੍ਹਾਂ ਵਿੱਚ ਹਨੋਈ, ਹੋ ਚੀ ਮਿੰਹ ਸਿਟੀ ਅਤੇ ਦਿ ਨਾਂਗ ਮੁੱਖ ਸੈਰ-ਸਪਾਟਾ ਕੇਂਦਰ ਮੰਨੇ ਜਾਂਦੇ ਹਨ।
ਸੈਰ-ਸਪਾਟਾ ਖੇਤਰ ਨਾਲ ਜੁੜੇ ਲੋਕ ਕਹਿੰਦੇ ਹਨ ਕਿ ਇਸ ਦੇਸ਼ ਵਿੱਚ ਭਾਰਤੀ ਸੈਲਾਨੀਆਂ ਦੀ ਗਿਣਤੀ ਵਧਣ ਦੇ ਪਿੱਛੇ ਕਈ ਕਾਰਨ ਹਨ।
ਹੈਦਰਾਬਾਦ ਸਥਿਤ ਇਮਾਦ ਟ੍ਰੈਵਲਜ਼ ਦੇ ਨਿਰਦੇਸ਼ਕ ਹਾਮਿਦ ਅਲੀ ਨੇ ਬੀਬੀਸੀ ਨੂੰ ਕਿਹਾ, "ਭਾਰਤੀ ਨਵੀਆਂ ਥਾਵਾਂ 'ਤੇ ਜਾਣਾ ਪਸੰਦ ਕਰਦੇ ਹਨ। ਵੀਅਤਨਾਮ ਬਹੁਤ ਘੱਟ ਖ਼ਰਚ ਵਾਲਾ ਸੈਰ-ਸਪਾਟਾ ਸਥਾਨ ਬਣ ਗਿਆ ਹੈ।"
ਵੀਅਤਨਾਮ ਜਾਣ ਵਾਲੇ ਭਾਰਤੀ ਚਾਰ ਗੁਣਾ ਵਧੇ
ਟੂਰ ਆਪਰੇਟਰਾਂ ਦਾ ਕਹਿਣਾ ਹੈ ਕਿ ਪਹਿਲਾਂ ਲੋਕ ਸਿੰਗਾਪੁਰ, ਥਾਈਲੈਂਡ, ਮਲੇਸ਼ੀਆ ਅਤੇ ਦੁਬਈ ਵਰਗੇ ਦੇਸ਼ਾਂ ਦੀ ਯਾਤਰਾ ਕਰਦੇ ਸਨ। ਹੁਣ ਸੈਲਾਨੀ ਨਵੇਂ ਸੈਰ-ਸਪਾਟਾ ਸਥਾਨਾਂ ਵੱਲ ਵੀ ਰੁਖ਼ ਕਰ ਰਹੇ ਹਨ।
ਇਸੇ ਕਾਰਨ ਘੱਟ ਖ਼ਰਚ ਵਿੱਚ ਘੁੰਮਣ ਲਈ ਵੀਅਤਨਾਮ ਇੱਕ ਹਰਮਨਪਿਆਰਾ ਸੈਰ-ਸਪਾਟਾ ਸਥਾਨ ਬਣ ਗਿਆ ਹੈ।
ਪਿਛਲੇ ਸਾਲ ਅਗਸਤ ਵਿੱਚ ਪ੍ਰੈੱਸ ਇਨਫ਼ਾਰਮੇਸ਼ਨ ਬਿਊਰੋ (ਪੀਆਈਬੀ) ਨੇ ਦੱਸਿਆ ਸੀ ਕਿ 2019 ਦੇ ਮੁਕਾਬਲੇ 2024 ਤੱਕ ਵੀਅਤਨਾਮ ਜਾਣ ਵਾਲੇ ਭਾਰਤੀ ਯਾਤਰੀਆਂ ਦੀ ਗਿਣਤੀ ਵਿੱਚ ਕਾਫ਼ੀ ਵਾਧਾ ਹੋਇਆ ਹੈ।
ਇਹ ਅੰਕੜੇ ਕੇਂਦਰੀ ਸੈਰ-ਸਪਾਟਾ ਅਤੇ ਸੱਭਿਆਚਾਰ ਮੰਤਰੀ ਗਜੇਂਦਰ ਸਿੰਘ ਸ਼ੇਖਾਵਤ ਨੇ ਰਾਜ ਸਭਾ ਵਿੱਚ ਪੇਸ਼ ਕੀਤੇ ਸਨ।
ਰਿਪੋਰਟ ਮੁਤਾਬਕ, 2019 ਦੇ ਮੁਕਾਬਲੇ 2024 ਵਿੱਚ ਵੀਅਤਨਾਮ ਜਾਣ ਵਾਲੇ ਭਾਰਤੀ ਨਾਗਰਿਕਾਂ ਦੀ ਗਿਣਤੀ ਚਾਰ ਗੁਣਾ ਵਧ ਗਈ।
ਦੂਜੇ ਦੇਸ਼ਾਂ ਵਿੱਚ ਜਾਣ ਵਾਲੇ ਭਾਰਤੀ ਨਾਗਰਿਕਾਂ ਦੀ ਗਿਣਤੀ ਵਿੱਚ ਜਾਂ ਤਾਂ ਥੋੜ੍ਹਾ ਵਾਧਾ ਹੋਇਆ ਹੈ ਜਾਂ ਫਿਰ ਕੋਈ ਵੱਡਾ ਬਦਲਾਅ ਨਹੀਂ ਆਇਆ। ਪਰ ਵੀਅਤਨਾਮ ਜਾਣ ਵਾਲੇ ਯਾਤਰੀਆਂ ਦੀ ਗਿਣਤੀ ਵਿੱਚ ਤੇਜ਼ ਵਾਧਾ ਦਰਜ ਕੀਤਾ ਗਿਆ ਹੈ।

ਤਸਵੀਰ ਸਰੋਤ, Andy Soloman/UCG/Universal Images Group via Getty Images
ਪੀਆਈਬੀ ਅਨੁਸਾਰ, 2019 ਵਿੱਚ ਲਗਭਗ 94 ਹਜ਼ਾਰ ਭਾਰਤੀ ਨਾਗਰਿਕਾਂ ਨੇ ਵੀਅਤਨਾਮ ਦਾ ਦੌਰਾ ਕੀਤਾ ਸੀ। 2024 ਤੱਕ ਇਹ ਗਿਣਤੀ ਵਧ ਕੇ 3.98 ਲੱਖ ਤੋਂ ਵੱਧ ਹੋ ਗਈ।
ਇਸੇ ਦੌਰਾਨ ਯੂਏਈ, ਸਾਊਦੀ ਅਰਬ, ਅਮਰੀਕਾ, ਥਾਈਲੈਂਡ ਅਤੇ ਸਿੰਗਾਪੁਰ ਜਾਣ ਵਾਲੇ ਭਾਰਤੀ ਨਾਗਰਿਕਾਂ ਦੀ ਗਿਣਤੀ ਵਿੱਚ ਸੀਮਤ ਵਾਧਾ ਦੇਖਿਆ ਗਿਆ।
ਰਿਪੋਰਟ ਅਨੁਸਾਰ, ਮਲੇਸ਼ੀਆ, ਬ੍ਰਿਟੇਨ, ਓਮਾਨ, ਕੁਵੈਤ ਅਤੇ ਚੀਨ ਜਾਣ ਵਾਲੇ ਭਾਰਤੀ ਨਾਗਰਿਕਾਂ ਦੀ ਗਿਣਤੀ ਵਿੱਚ ਕਮੀ ਦਰਜ ਕੀਤੀ ਗਈ ਹੈ।
ਦੂਜੇ ਦੇਸ਼ਾਂ ਵਿੱਚ ਜਾਣ ਵਾਲੇ ਭਾਰਤੀ ਨਾਗਰਿਕਾਂ ਦੀ ਗਿਣਤੀ ਵਿੱਚ ਜਾਂ ਤਾਂ ਮਾਮੂਲੀ ਵਾਧਾ ਹੋਇਆ ਹੈ ਜਾਂ ਫਿਰ ਕੋਈ ਵੱਡਾ ਬਦਲਾਅ ਨਹੀਂ ਆਇਆ ਹੈ। ਪਰ ਵੀਅਤਨਾਮ ਜਾਣ ਵਾਲੇ ਯਾਤਰੀਆਂ ਦੀ ਗਿਣਤੀ ਵਿੱਚ ਤੇਜ਼ ਵਾਧਾ ਦਰਜ ਕੀਤਾ ਗਿਆ ਹੈ।
ਇਸੇ ਦੌਰਾਨ ਯੂਏਈ, ਸਾਊਦੀ ਅਰਬ, ਅਮਰੀਕਾ, ਥਾਈਲੈਂਡ ਅਤੇ ਸਿੰਗਾਪੁਰ ਜਾਣ ਵਾਲੇ ਭਾਰਤੀ ਨਾਗਰਿਕਾਂ ਦੀ ਗਿਣਤੀ ਵਿੱਚ ਸੀਮਤ ਵਾਧਾ ਦੇਖਣ ਨੂੰ ਮਿਲਿਆ।
ਰਿਪੋਰਟ ਦੇ ਅਨੁਸਾਰ, ਮਲੇਸ਼ੀਆ, ਬ੍ਰਿਟੇਨ, ਓਮਾਨ, ਕੁਵੈਤ ਅਤੇ ਚੀਨ ਜਾਣ ਵਾਲੇ ਭਾਰਤੀ ਨਾਗਰਿਕਾਂ ਦੀ ਗਿਣਤੀ ਵਿੱਚ ਕਮੀ ਦਰਜ ਕੀਤੀ ਗਈ ਹੈ।
ਕੋਵਿਡ ਤੋਂ ਬਾਅਦ ਸਹੂਲਤਾਂ ਵਧਾਉਣ ਨਾਲ ਵੀਅਤਨਾਮ ਨੂੰ ਲਾਭ ਮਿਲਿਆ
ਇਮਾਦ ਟ੍ਰੈਵਲਜ਼ ਦੇ ਨਿਰਦੇਸ਼ਕ ਹਾਮਿਦ ਅਲੀ ਨੇ ਦੱਸਿਆ ਕਿ ਕੋਵਿਡ-19 ਤੋਂ ਪਹਿਲਾਂ ਭਾਰਤੀ ਸੈਲਾਨੀ ਜ਼ਿਆਦਾਤਰ ਦੁਬਈ, ਥਾਈਲੈਂਡ, ਸਿੰਗਾਪੁਰ ਅਤੇ ਮਲੇਸ਼ੀਆ ਵਰਗੇ ਦੇਸ਼ਾਂ ਦੀ ਯਾਤਰਾ ਕਰਦੇ ਸਨ। ਪਰ ਮਹਾਮਾਰੀ ਤੋਂ ਬਾਅਦ ਸੈਲਾਨੀਆਂ ਦੀ ਸੋਚ ਵਿੱਚ ਬਦਲਾਅ ਆਇਆ ਹੈ।
ਉਨ੍ਹਾਂ ਕਿਹਾ, "ਭਾਰਤੀ ਸੈਲਾਨੀ 1990 ਦੇ ਦਹਾਕੇ ਤੋਂ ਵੱਡੀ ਗਿਣਤੀ ਵਿੱਚ ਵਿਦੇਸ਼ ਯਾਤਰਾਵਾਂ ਕਰ ਰਹੇ ਹਨ। ਉਹ ਸਿੰਗਾਪੁਰ, ਮਲੇਸ਼ੀਆ, ਥਾਈਲੈਂਡ ਅਤੇ ਇੰਡੋਨੇਸ਼ੀਆ ਦੇ ਬਾਲੀ ਵਰਗੇ ਸਥਾਨਾਂ 'ਤੇ ਇੱਕ ਜਾਂ ਕਈ ਵਾਰ ਜਾ ਚੁੱਕੇ ਹਨ।"
"ਇਸੇ ਕਾਰਨ ਹੁਣ ਲੋਕਾਂ ਦਾ ਰੁਝਾਨ ਵੀਅਤਨਾਮ ਵਰਗੇ ਨਵੇਂ ਦੇਸ਼ਾਂ ਵੱਲ ਵੱਧ ਰਿਹਾ ਹੈ।"
ਹਾਮਿਦ ਅਲੀ ਨੇ ਕਿਹਾ, "ਮੈਂ ਕੋਵਿਡ ਤੋਂ ਪਹਿਲਾਂ ਵੀਅਤਨਾਮ ਦਾ ਦੌਰਾ ਕੀਤਾ ਸੀ। ਉਸ ਸਮੇਂ ਉੱਥੇ ਸੈਲਾਨੀਆਂ ਲਈ ਜ਼ਿਆਦਾ ਸਹੂਲਤਾਂ ਨਹੀਂ ਸਨ, ਪਰ ਕੋਵਿਡ ਤੋਂ ਬਾਅਦ ਉੱਥੇ ਦੀ ਸਰਕਾਰ ਨੇ ਸੈਰ-ਸਪਾਟੇ ਦੀਆਂ ਸਹੂਲਤਾਂ ਦਾ ਵੱਡੇ ਪੱਧਰ 'ਤੇ ਵਿਕਾਸ ਕੀਤਾ ਹੈ। ਹੁਣ ਸੈਰ-ਸਪਾਟਾ ਖੇਤਰ ਨੂੰ ਕਾਫ਼ੀ ਮਹੱਤਵ ਦਿੱਤਾ ਜਾ ਰਿਹਾ ਹੈ।"
ਉਨ੍ਹਾਂ ਦੱਸਿਆ, "ਵੀਅਤਨਾਮ ਵਿੱਚ ਬਾਨਾ ਹਿਲਜ਼, ਹਨੋਈ ਅਤੇ ਫੂ ਕਵੋਕ ਵਰਗੇ ਕਈ ਹਰਮਨਪਿਆਰਾ ਸੈਰ-ਸਪਾਟਾ ਸਥਾਨ ਹਨ। ਭਾਰਤੀ ਮੁਦਰਾ ਵਿੱਚ 60 ਹਜ਼ਾਰ ਤੋਂ 80 ਹਜ਼ਾਰ ਰੁਪਏ ਦੇ ਅੰਦਰ ਯਾਤਰਾ ਪੈਕੇਜ ਉਪਲਬਧ ਹਨ। ਸਹੀ ਯੋਜਨਾ ਬਣਾ ਕੇ ਯਾਤਰਾ ਕੀਤੀ ਜਾਵੇ, ਤਾਂ ਬਾਲੀ ਅਤੇ ਸਿੰਗਾਪੁਰ ਦੇ ਮੁਕਾਬਲੇ ਘੱਟ ਖ਼ਰਚ ਵਿੱਚ ਵੀਅਤਨਾਮ ਦੀ ਯਾਤਰਾ ਪੂਰੀ ਕੀਤੀ ਜਾ ਸਕਦੀ ਹੈ।"

ਤਸਵੀਰ ਸਰੋਤ, Michael Nguyen/NurPhoto via Getty Images
ਇਮਾਦ ਟ੍ਰੈਵਲਜ਼ ਦੇ ਨਿਰਦੇਸ਼ਕ ਹਾਮਿਦ ਅਲੀ ਦੇ ਅਨੁਸਾਰ, ਦੱਖਣ-ਪੂਰਬੀ ਏਸ਼ੀਆ ਦੇ ਦੂਜੇ ਦੇਸ਼ਾਂ ਦੇ ਮੁਕਾਬਲੇ ਵੀਅਤਨਾਮ ਵਿੱਚ ਸੈਲਾਨੀਆਂ ਦਾ ਰੋਜ਼ਾਨਾ ਖ਼ਰਚ 40 ਤੋਂ 60 ਫ਼ੀਸਦੀ ਤੱਕ ਘੱਟ ਹੁੰਦਾ ਹੈ।
ਕੰਪਨੀ ਦਾ ਕਹਿਣਾ ਹੈ ਕਿ 2026 ਵਿੱਚ ਵੀਅਤਨਾਮ ਜਾਣ ਵਾਲੇ ਭਾਰਤੀ ਯਾਤਰੀਆਂ ਦੀ ਗਿਣਤੀ ਹੋਰ ਵਧੀ ਹੈ। ਸਾਲ ਦੇ ਪਹਿਲੇ ਦੋ ਮਹੀਨਿਆਂ ਵਿੱਚ ਹੀ 1.58 ਲੱਖ ਭਾਰਤੀ ਸੈਲਾਨੀਆਂ ਨੇ ਵੀਅਤਨਾਮ ਦਾ ਦੌਰਾ ਕੀਤਾ।
ਉਨ੍ਹਾਂ ਦੱਸਿਆ, "ਵੀਅਤਨਾਮ ਨੇ ਆਪਣੀ ਈ-ਵੀਜ਼ਾ ਨੀਤੀ ਨੂੰ ਕਾਫ਼ੀ ਸੌਖਾ ਬਣਾ ਦਿੱਤਾ ਹੈ। ਪਹਿਲਾਂ ਮਲਟੀਪਲ ਐਂਟਰੀ ਵੀਜ਼ਾ ਮਿਲਣ ਵਿੱਚ 7 ਤੋਂ 10 ਦਿਨ ਲੱਗ ਜਾਂਦੇ ਸਨ। ਹੁਣ ਭਾਰਤੀਆਂ ਨੂੰ 24 ਤੋਂ 48 ਘੰਟਿਆਂ ਦੇ ਅੰਦਰ ਵੀਜ਼ਾ ਮਿਲ ਰਿਹਾ ਹੈ।"
ਕੰਪਨੀ ਨੇ ਕਿਹਾ, "ਵੀਅਤਨਾਮ ਅਮੀਰ ਸੈਲਾਨੀਆਂ ਅਤੇ ਵਾਰ-ਵਾਰ ਆਉਣ ਵਾਲੇ ਯਾਤਰੀਆਂ ਲਈ ਲੰਬੇ ਸਮੇਂ ਦੇ ਵੀਜ਼ੇ ਦੀ ਸੰਭਾਵਨਾ 'ਤੇ ਵੀ ਵਿਚਾਰ ਕਰ ਰਿਹਾ ਹੈ।"
ਵੀਅਤਨਾਮ ਜਾਣ ਵਾਲੇ ਭਾਰਤੀ ਸੈਲਾਨੀ ਈ-ਵੀਜ਼ਾ, ਵੀਜ਼ਾ-ਆਨ-ਅਰਾਈਵਲ ਜਾਂ ਵੀਅਤਨਾਮ ਦੂਤਾਵਾਸ ਤੋਂ ਵੀਜ਼ਾ ਸਟਿੱਕਰ ਦੀ ਸਹੂਲਤ ਲੈ ਸਕਦੇ ਹਨ।
ਵੀਅਤਨਾਮ ਸਰਕਾਰ ਨੇ ਸਿੰਗਲ ਐਂਟਰੀ ਵੀਜ਼ਾ ਦੀ ਫੀਸ 25 ਅਮਰੀਕੀ ਡਾਲਰ (ਲਗਭਗ 2,390 ਰੁਪਏ) ਤੈਅ ਕੀਤੀ ਹੈ। ਮਲਟੀਪਲ ਐਂਟਰੀ ਵੀਜ਼ਾ ਲਈ 50 ਅਮਰੀਕੀ ਡਾਲਰ (ਲਗਭਗ 4,784 ਰੁਪਏ) ਫੀਸ ਤੈਅ ਹੈ।
ਇਸ ਤੋਂ ਇਲਾਵਾ, ਵੀਅਤਨਾਮ ਸਰਕਾਰ 90 ਦਿਨਾਂ ਦੀ ਵੈਧਤਾ ਵਾਲਾ ਈ-ਵੀਜ਼ਾ ਵੀ ਜਾਰੀ ਕਰਦੀ ਹੈ।

ਗੋਆ ਦੀ ਥਾਂ ਹੁਣ ਬਾਲੀ ਨਹੀਂ, ਵੀਅਤਨਾਮ ਜਾ ਰਹੇ ਹਨ ਲੋਕ
ਹਾਮਿਦ ਅਲੀ ਨੇ ਕਿਹਾ, "ਭਾਰਤ ਵਿੱਚ ਸਮੁੰਦਰੀ ਤੱਟਾਂ 'ਤੇ ਘੁੰਮਣ ਲਈ ਗੋਆ ਨੂੰ ਮੁੱਖ ਸੈਰ-ਸਪਾਟਾ ਸਥਾਨ ਮੰਨਿਆ ਜਾਂਦਾ ਸੀ। ਵਿਦੇਸ਼ ਯਾਤਰਾ ਲਈ ਲੋਕ ਥਾਈਲੈਂਡ ਅਤੇ ਇੰਡੋਨੇਸ਼ੀਆ ਵਰਗੇ ਦੇਸ਼ਾਂ ਨੂੰ ਚੁਣਦੇ ਸਨ। ਹੁਣ ਭਾਰਤੀਆਂ ਦਾ ਰੁਝਾਨ ਵੀਅਤਨਾਮ ਵੱਲ ਵੱਧ ਰਿਹਾ ਹੈ।"
ਭਾਰਤੀ ਰੁਪਏ ਦੇ ਮੁਕਾਬਲੇ ਵੀਅਤਨਾਮੀ ਡੋਂਗ ਦੀ ਕੀਮਤ ਵੀ ਕਾਫ਼ੀ ਘੱਟ ਹੈ।
ਸੈਲਾਨੀਆਂ ਦਾ ਕਹਿਣਾ ਹੈ ਕਿ ਹਵਾਈ ਯਾਤਰਾ ਦੇ ਖ਼ਰਚ ਨੂੰ ਛੱਡ ਦਿੱਤਾ ਜਾਵੇ ਤਾਂ ਵੀਅਤਨਾਮ ਵਿੱਚ ਰੋਜ਼ਾਨਾ ਦੇ ਖ਼ਰਚ ਕਾਫ਼ੀ ਘੱਟ ਹਨ।
ਹੈਦਰਾਬਾਦ ਦੇ ਐੱਮ. ਰਮੇਸ਼ ਨੇ ਦੱਸਿਆ, "ਅਸੀਂ ਪਿਛਲੇ ਸਾਲ ਵੀਅਤਨਾਮ ਗਏ ਸੀ। ਭਾਰਤੀ ਮੁਦਰਾ ਵਿੱਚ 2,000 ਰੁਪਏ ਤੋਂ ਘੱਟ ਵਿੱਚ ਚੰਗੇ ਹੋਟਲ ਮਿਲ ਜਾਂਦੇ ਹਨ। ਖਾਣ-ਪੀਣ ਅਤੇ ਸਥਾਨਕ ਯਾਤਰਾ ਦਾ ਖ਼ਰਚ ਵੀ ਜ਼ਿਆਦਾ ਨਹੀਂ ਹੈ।"
"ਜੇਕਰ ਹਵਾਈ ਟਿਕਟ ਪਹਿਲਾਂ ਤੋਂ ਬੁੱਕ ਕਰ ਲਈਆਂ ਜਾਣ, ਤਾਂ ਘੱਟ ਬਜਟ ਵਿੱਚ ਵੀਅਤਨਾਮ ਦੀ ਯਾਤਰਾ ਪੂਰੀ ਕੀਤੀ ਜਾ ਸਕਦੀ ਹੈ।"

ਤਸਵੀਰ ਸਰੋਤ, Mauro Flamini/REDA/Universal Images Group via Getty Images
ਭਾਰਤ ਤੋਂ ਵੀਅਤਨਾਮ ਦੀਆਂ ਸਿੱਧੀਆਂ ਉਡਾਣਾਂ
ਵੀਅਤਨਾਮ ਪਹੁੰਚਣ ਲਈ ਭਾਰਤ ਦੇ ਮੁੱਖ ਸ਼ਹਿਰਾਂ ਤੋਂ ਸਿੱਧੀਆਂ ਉਡਾਣ ਸੇਵਾਵਾਂ ਉਪਲਬਧ ਹਨ।
ਭਾਰਤ ਦੇ ਵੱਖ-ਵੱਖ ਸ਼ਹਿਰਾਂ ਤੋਂ ਵੀਅਤਨਾਮ ਪਹੁੰਚਣ ਵਿੱਚ ਲਗਭਗ 3 ਤੋਂ 5 ਘੰਟਿਆਂ ਦਾ ਸਮਾਂ ਲੱਗਦਾ ਹੈ। ਹਾਲਾਂਕਿ ਇਹ ਸਮਾਂ ਉਸ ਸ਼ਹਿਰ ਦੇ ਅਨੁਸਾਰ ਬਦਲ ਸਕਦਾ ਹੈ, ਜਿੱਥੋਂ ਤੁਸੀਂ ਆਪਣੀ ਯਾਤਰਾ ਸ਼ੁਰੂ ਕਰਨਾ ਚਾਹੁੰਦੇ ਹੋ।
ਹੈਦਰਾਬਾਦ ਤੋਂ ਵੀਅਤਨਾਮ ਲਗਭਗ ਸਾਢੇ ਚਾਰ ਘੰਟਿਆਂ ਵਿੱਚ ਪਹੁੰਚਿਆ ਜਾ ਸਕਦਾ ਹੈ।
ਦਿੱਲੀ, ਮੁੰਬਈ, ਕੋਲਕਾਤਾ, ਹੈਦਰਾਬਾਦ, ਅਹਿਮਦਾਬਾਦ ਅਤੇ ਬੈਂਗਲੁਰੂ ਸਮੇਤ ਕਈ ਸ਼ਹਿਰਾਂ ਤੋਂ ਹਰ ਹਫ਼ਤੇ ਲਗਭਗ 90 ਸਿੱਧੀਆਂ ਉਡਾਣਾਂ ਵੀਅਤਨਾਮ ਦੇ ਹਨੋਈ ਅਤੇ ਹੋ ਚੀ ਮਿੰਹ ਸਿਟੀ ਲਈ ਚਲਾਈਆਂ ਜਾਂਦੀਆਂ ਹਨ।
ਵੀਅਤਨਾਮ ਭਾਰਤੀ ਨਾਗਰਿਕਾਂ ਨੂੰ ਈ-ਵੀਜ਼ਾ ਦੀ ਸਹੂਲਤ ਵੀ ਦਿੰਦਾ ਹੈ। ਟੂਰ ਆਪਰੇਟਰਾਂ ਦਾ ਕਹਿਣਾ ਹੈ ਕਿ ਇਸ ਦੀ ਪ੍ਰਕਿਰਿਆ ਵੀ ਕਾਫ਼ੀ ਤੇਜ਼ੀ ਨਾਲ ਪੂਰੀ ਹੋ ਜਾਂਦੀ ਹੈ।
ਹਾਮਿਦ ਅਲੀ ਨੇ ਕਿਹਾ, "ਸਿੰਗਾਪੁਰ ਦੇ ਵੀਜ਼ੇ ਨੂੰ ਲੈ ਕੇ ਕੁਝ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਦੂਜੇ ਪਾਸੇ, ਦੁਬਈ ਵਰਗੇ ਦੇਸ਼ ਵੀਜ਼ੇ ਦੇ ਮਾਮਲੇ ਵਿੱਚ ਕਾਫ਼ੀ ਸੁਵਿਧਾਜਨਕ ਹਨ, ਪਰ ਜੂਨ ਤੋਂ ਅਗਸਤ ਅਤੇ ਸਤੰਬਰ ਤੱਕ ਉੱਥੇ ਬਹੁਤ ਜ਼ਿਆਦਾ ਗਰਮੀ ਰਹਿੰਦੀ ਹੈ।"
ਉਨ੍ਹਾਂ ਕਿਹਾ, "ਜੋ ਲੋਕ ਬੈਂਕਾਕ ਤੋਂ ਇਲਾਵਾ ਕਿਸੇ ਨਵੇਂ ਸਮੁੰਦਰੀ ਤੱਟ ਵਾਲੇ ਸੈਰ-ਸਪਾਟਾ ਸਥਾਨ 'ਤੇ ਛੁੱਟੀਆਂ ਬਿਤਾਉਣਾ ਚਾਹੁੰਦੇ ਹਨ, ਉਨ੍ਹਾਂ ਲਈ ਵੀਅਤਨਾਮ ਇੱਕ ਪਸੰਦੀਦਾ ਮੰਜ਼ਿਲ ਬਣ ਗਿਆ ਹੈ।"
ਦੱਸ ਦੇਈਏ ਕਿ ਭਾਰਤ ਅਤੇ ਵੀਅਤਨਾਮ ਵਿਚਕਾਰ 1972 ਤੋਂ ਪੂਰੇ ਰਾਜਨਾਇਕ ਸਬੰਧ ਹਨ। ਵੀਅਤਨਾਮ ਵਿੱਚ ਸਥਿਤ ਭਾਰਤੀ ਦੂਤਾਵਾਸ ਦੇ ਅਨੁਸਾਰ, ਪਿਛਲੇ ਕੁਝ ਸਾਲਾਂ ਵਿੱਚ ਦੋਵੇਂ ਦੇਸ਼ਾਂ ਦੇ ਸਬੰਧ ਹੋਰ ਮਜ਼ਬੂਤ ਹੋਏ ਹਨ।
ਦੂਤਾਵਾਸ ਦੇ ਅਨੁਸਾਰ, ਵੀਅਤਨਾਮ ਵਿੱਚ ਲਗਭਗ 8,000 ਭਾਰਤੀ ਰਹਿੰਦੇ ਹਨ। ਉਹ ਆਈਟੀ, ਹੋਟਲ, ਖਣਨ, ਯੋਗਾ ਸੰਸਥਾਵਾਂ, ਨਾਗਰਿਕ ਹਵਾਬਾਜ਼ੀ ਉਪਰਾਲਿਆਂ ਅਤੇ ਸਿੱਖਿਆ ਸੰਸਥਾਵਾਂ ਵਰਗੇ ਖੇਤਰਾਂ ਵਿੱਚ ਕੰਮ ਕਰਦੇ ਹਨ।
ਭਾਰਤ ਅਤੇ ਵੀਅਤਨਾਮ ਵਿਚਕਾਰ ਵਪਾਰ, ਸੱਭਿਆਚਾਰ, ਸਿੱਖਿਆ, ਰੱਖਿਆ ਅਤੇ ਸੈਰ-ਸਪਾਟੇ ਵਰਗੇ ਕਈ ਖੇਤਰਾਂ ਵਿੱਚ ਸਹਿਯੋਗ ਜਾਰੀ ਹੈ।

ਤਸਵੀਰ ਸਰੋਤ, Allison Joyce/Getty Images
ਵੀਅਤਨਾਮ ਦੇ ਸੈਰ-ਸਪਾਟੇ ਸਾਹਮਣੇ ਸੁਰੱਖਿਆ ਦੀ ਚੁਣੌਤੀ
ਹਾਲ ਹੀ ਵਿੱਚ ਵੀਅਤਨਾਮ ਵਿੱਚ ਹੋਏ ਇੱਕ ਕਿਸ਼ਤੀ ਹਾਦਸੇ ਵਿੱਚ 15 ਭਾਰਤੀ ਸੈਲਾਨੀਆਂ ਦੀ ਮੌਤ ਨੇ ਸੈਰ-ਸਪਾਟੇ ਦੀ ਸੁਰੱਖਿਆ ਨੂੰ ਲੈ ਕੇ ਗੰਭੀਰ ਸਵਾਲ ਖੜ੍ਹੇ ਕਰ ਦਿੱਤੇ ਹਨ।
ਹਾਦਸੇ ਦਾ ਸ਼ਿਕਾਰ ਹੋਏ ਸਾਰੇ ਲੋਕ ਇੱਕ ਕਾਰਪੋਰੇਟ ਬਿਜ਼ਨਸ ਯਾਤਰਾ ਦੇ ਤਹਿਤ ਵੀਅਤਨਾਮ ਗਏ ਸਨ। ਭਾਰਤੀ ਦੂਤਾਵਾਸ ਦੇ ਅਨੁਸਾਰ, ਮ੍ਰਿਤਕਾਂ ਵਿੱਚ ਤਾਮਿਲਨਾਡੂ, ਆਂਧਰਾ ਪ੍ਰਦੇਸ਼ ਅਤੇ ਕੇਰਲ ਦੇ ਰਹਿਣ ਵਾਲੇ ਲੋਕ ਸ਼ਾਮਲ ਸਨ। ਜਦਕਿ ਲਾਵਾ ਮੋਬਾਈਲਜ਼ ਨੇ ਦੱਸਿਆ ਕਿ ਸਮੂਹ ਦੇ 86 ਹੋਰ ਮੈਂਬਰ ਸੁਰੱਖਿਅਤ ਭਾਰਤ ਵਾਪਸ ਆ ਗਏ ਹਨ।
ਇਹ ਘਟਨਾ ਉਸ ਸਮੇਂ ਹੋਈ ਹੈ, ਜਦੋਂ ਵੀਅਤਨਾਮ ਭਾਰਤੀ ਸੈਲਾਨੀਆਂ ਵਿੱਚ ਤੇਜ਼ੀ ਨਾਲ ਹਰਮਨਪਿਆਰਾ ਹੋ ਰਿਹਾ ਹੈ। ਮਾਹਰਾਂ ਦਾ ਮੰਨਣਾ ਹੈ ਕਿ ਦੇਸ਼ ਵਿੱਚ ਸੈਰ-ਸਪਾਟੇ ਦੀਆਂ ਗਤੀਵਿਧੀਆਂ, ਖ਼ਾਸ ਕਰਕੇ ਬੋਟਿੰਗ ਅਤੇ ਸਮੁੰਦਰੀ ਸੈਰ-ਸਪਾਟੇ ਦੌਰਾਨ ਸੁਰੱਖਿਆ ਮਾਪਦੰਡਾਂ ਦੀ ਸਖ਼ਤੀ ਨਾਲ ਪਾਲਣਾ ਕਰਨ ਦੀ ਲੋੜ ਹੈ।
ਹਾਦਸੇ ਤੋਂ ਬਾਅਦ ਵੀਅਤਨਾਮ ਸਰਕਾਰ ਨੇ ਤੁਰੰਤ ਜਾਂਚ ਦੇ ਹੁਕਮ ਦਿੱਤੇ ਹਨ। ਉਪ ਪ੍ਰਧਾਨ ਮੰਤਰੀ ਫਾਮ ਜਿਆ ਡੁਕ ਦੇ ਅਨੁਸਾਰ, ਪ੍ਰਭਾਵਿਤ ਲੋਕਾਂ ਲਈ ਰਾਹਤ ਉਪਾਅ ਸ਼ੁਰੂ ਕੀਤੇ ਗਏ ਹਨ ਅਤੇ ਹਾਦਸੇ ਦੇ ਕਾਰਨਾਂ ਦੀ ਵਿਸਥਾਰ ਨਾਲ ਜਾਂਚ ਕਰਵਾਈ ਜਾ ਰਹੀ ਹੈ।
ਤੇਜ਼ੀ ਨਾਲ ਵਧ ਰਹੇ ਸੈਰ-ਸਪਾਟੇ ਦੇ ਵਿਚਕਾਰ ਸੈਲਾਨੀਆਂ ਦੀ ਸੁਰੱਖਿਆ ਯਕੀਨੀ ਬਣਾਉਣਾ ਵੀਅਤਨਾਮ ਦੇ ਸੈਰ-ਸਪਾਟਾ ਖੇਤਰ ਸਾਹਮਣੇ ਇੱਕ ਮਹੱਤਵਪੂਰਨ ਚੁਣੌਤੀ ਬਣ ਕੇ ਉਭਰਿਆ ਹੈ।
ਬੀਬੀਸੀ ਲਈ ਕਲੈਕਟਿਵ ਨਿਊਜ਼ਰੂਮ ਵੱਲੋਂ ਪ੍ਰਕਾਸ਼ਿਤ


















